ਅੰਜਨ ਪਿੰਡ ਦੇ ਨਾਲ਼ ਹੀ ਇੱਕ ਪਵਿੱਤਰ ਪਹਾੜੀ, ਕੇਸਰੀ (ਭਗਵਾ) ਤੇ ਚਿੱਟੇ ਝੰਡਿਆਂ ਨਾਲ਼ ਭਰੀ ਹੋਈ ਹੈ। ਚਿੱਟੇ ਝੰਡੇ ਕੁਦਰਤ ਦੀ ਪੂਜਾ ਕਰਨ ਵਾਲ਼ੇ ਸਰਨਾ ਆਦਿਵਾਸੀ ਭਾਈਚਾਰਿਆਂ ਦੇ ਹਨ। ਇਹ ਝਾਰਖੰਡ ਦੇ ਗੁਮਲਾ ਜਿਲ੍ਹੇ ਦੇ ਓਰਾਓਂ ਆਦਿਵਾਸੀਆਂ ਦੇ ਝੰਡੇ ਹਨ। ਭਗਵਾ ਝੰਡੇ ਉਨ੍ਹਾਂ ਹਿੰਦੂਆਂ ਦੇ ਹਨ ਜਿਨ੍ਹਾਂ ਨੇ 1985 ਵਿੱਚ ਪਹਾੜੀ ਦੀ ਟੀਸੀ 'ਤੇ ਹਨੂੰਮਾਨ ਦਾ ਇੱਕ ਮੰਦਰ ਬਣਵਾਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਹਿੰਦੂ ਭਗਵਾਨ ਹਨੂੰਮਾਨ ਦਾ ਜਨਮ-ਅਸਥਾਨ ਹੈ।
ਬਾਂਸ ਦੇ ਬੂਹੇ 'ਤੇ ਲੱਗੇ ਦੋ ਵੱਡੇ ਸਾਰੇ ਬੈਨਰ ਭਗਤਾਂ ਦਾ ਸੁਆਗਤ ਕਰਦੇ ਹਨ। ਇਨ੍ਹਾਂ 'ਤੇ ਦੋ ਕਮੇਟੀਆਂ ਦੇ ਨਾਮ ਝਰੀਟੇ ਹੋਏ ਹਨ। ਜੰਗਲਾਤ ਵਿਭਾਗ ਤੇ ਅੰਜਨ ਪਿੰਡ ਦੇ ਲੋਕਾਂ ਦੁਆਰਾ ਸਾਂਝੇ ਤੌਰ 'ਤੇ ਸੰਚਾਲਤ ਗੁਮਲਾ ਜੰਗਲ ਪ੍ਰਬੰਧਕੀ ਮੰਡਲ (ਸੰਯੁਕਤ ਗ੍ਰਾਮ ਵਣ ਪ੍ਰਬੰਧਨ ਕਮੇਟੀ)। ਇਹ ਕਮੇਟੀ ਇਕੱਠਿਆਂ ਰਲ਼ ਕੇ 2016 ਤੋਂ ਤੀਰਥ-ਅਸਥਾਨ ਅਤੇ ਪਾਰਕਿੰਗ ਦਾ ਪ੍ਰਬੰਧਨ ਸੰਭਾਲ਼ਦੀ ਹੈ। ਸਾਲ 2019 ਵਿੱਚ ਸਥਾਪਤ ਹਿੰਦੂਆਂ ਦੀ ਕਮੇਟੀ ''ਅੰਜਨ ਧਾਮ ਮੰਦਰ ਵਿਕਾਸ ਸਮਿਤੀ'' ਮੰਦਰ ਦਾ ਪ੍ਰਬੰਧਨ ਦੇਖਦੀ ਹੈ।
ਸੁਆਗਤੀ ਬੂਹੇ ਦੇ ਨਾਲ਼ ਅੰਦਰਲੇ ਪਾਸੇ ਸਾਹਮਣੇ ਉਪਰ ਜਾਣ ਵਾਲ਼ੀਆਂ ਦੋ ਪੌੜੀਆਂ ਹਨ। ਦੋਵੇਂ ਅੱਡੋ-ਅੱਡ ਪੂਜਾ ਸਥਲਾਂ ਨੂੰ ਜਾਂਦੀਆਂ ਹਨ। ਇੱਕ ਪੌੜੀ ਤੁਹਾਨੂੰ ਸਿੱਧਿਆਂ ਪਹਾੜੀ ਦੀ ਟੀਸੀ 'ਤੇ ਬਣੇ ਹਨੂੰਮਾਨ ਮੰਦਰ ਵੱਲ ਲੈ ਜਾਂਦੀ ਹੈ। ਦੂਸਰੀ ਪੌੜੀ ਦੋ ਗੁਫ਼ਾਵਾਂ ਵੱਲ ਜਾਂਦੀ ਹੈ, ਜਿਨ੍ਹਾਂ ਵਿੱਚ ਆਦਿਵਾਸੀ ਪਾਹਨ ਹਿੰਦੂ ਮੰਦਰ ਦੇ ਵਜੂਦ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਪੂਜਾ ਕਰਦੇ ਆਏ ਹਨ।
ਦੋ ਅੱਡ-ਅੱਡ ਪੂਜਾ ਸਥਲਾਂ ਦੇ ਨੇੜੇ ਦੋਵਾਂ ਦੇਵਤਿਆਂ ਦੀ ਸੇਵਾ ਕਰਨ ਵਾਲ਼ੇ ਲੋਕਾਂ ਵੱਲੋਂ ਆਪੋ-ਆਪਣੇ ਉਦੇਸ਼ਾਂ ਲਈ ਗੋਲਕਾਂ ਰੱਖੀਆਂ ਗਈਆਂ ਹਨ। ਇੱਕ ਗੁਫ਼ਾ ਦੇ ਸਾਹਮਣੇ, ਇੱਕ ਮੰਦਰ ਦੇ ਅੰਦਰ। ਤੀਜੀ ਗੋਲਕ ਵਿਹੜੇ ਵਿੱਚ ਹੈ, ਜੋ ਬਜਰੰਗ ਦਲ ਦੀ ਹੈ। ਇਸ ਗੋਲਕ ਦੇ ਪੈਸੇ ਦੀ ਵਰਤੋਂ ਮੰਗਲਵਾਰ ਦੇ ਲੰਗਰ ਵਾਸਤੇ ਕੀਤੀ ਜਾਂਦੀ ਹੈ, ਜਿਸ ਅੰਦਰ ਸੰਗਤਾਂ ਲਈ ਖਾਣ-ਪੀਣ ਦਾ ਬੰਦੋਬਸਤ ਕੀਤਾ ਜਾਂਦਾ ਹੈ ਤੇ ਅੰਜਨ ਪਿੰਡ ਨੇੜੇ, ਪਹਾੜੀ ਦੀ ਤਲਹਟੀ ਵਿੱਚ ਇੱਕ ਹੋਰ ਗੋਲਕ ਹੈ, ਜਿਸ ਅੰਦਰਲੇ ਪੈਸੇ ਨਾਲ਼ ਆਦਿਵਾਸੀਆਂ ਨੂੰ ਪੂਜਾ ਸਮੱਗਰੀ ਜਾਂ ਪ੍ਰਸ਼ਾਦ ਖਰੀਦਣ ਵਿੱਚ ਮਦਦ ਮਿਲ਼ਦੀ ਹੈ।
''ਇਸ ਇਲਾਕੇ ਵਿੱਚ ਸਾਰੇ ਆਦਿਵਾਸੀ ਹਨ। ਅੰਜਨ ਪਿੰਡ ਵਿੱਚ ਪਹਿਲਾਂ ਕੋਈ ਪੰਡਤ ਨਹੀਂ ਸਨ।'' ਸਾਬਕਾ ਗ੍ਰਾਮ ਪ੍ਰਧਾਨ ਰੰਜੈ ਓਰਾਓਂ (42) ਇਸ ਧਾਰਮਿਕ ਸਥਲ ਵਿੱਚ ਪੂਜਾ ਵਿਵਸਥਾ ਬਾਰੇ ਮੈਨੂੰ ਦੱਸ ਰਹੇ ਹਨ। ਹਾਲ ਦੇ ਸਮੇਂ ਬਨਾਰਸ ਤੋਂ ਪੰਡਤ ਇਸ ਇਲਾਕੇ ਵਿੱਚ ਆਏ ਹਨ। ਇੱਥੋਂ ਦੇ ਉਰਾਂਵ ਆਦਿਵਾਸੀ ਸਾਲਾਂ ਤੋਂ ਕੁਦਰਤੀ ਦੇਵੀ ਅੰਜਨੀ ਦੀ ਪੂਜਾ ਕਰਦੇ ਆ ਰਹੇ ਹਨ, ਪਰ ਅਸੀਂ ਕਦੇ ਨਹੀਂ ਜਾਣਦੇ ਸਾਂ ਕਿ ਅੰਜਨੀ ਦਾ ਸਬੰਧ ਹਨੂੰਮਾਨ ਨਾਲ਼ ਸੀ, '' ਉਹ ਕਹਿੰਦੇ ਹਨ।
ਰੰਜੈ ਮੁਤਾਬਕ, ''ਪੰਡਤ ਆਏ ਤੇ ਉਨ੍ਹਾਂ ਨੇ ਇਹ ਕਹਾਣੀ ਉਡਾ ਦਿੱਤੀ ਕਿ ਅੰਜਨੀ ਅਸਲ ਵਿੱਚ ਹਨੂੰਮਾਨ ਦੀ ਮਾਂ ਸਨ। ਅੰਜਨ ਨੂੰ ਹਨੂੰਮਾਨ ਦਾ ਪਵਿੱਤਰ ਜਨਮ-ਅਸਥਾਨ ਐਲਾਨ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਪਹਾੜੀ ਦੇ ਠੀਕ ਉੱਪਰ ਹਨੂੰਮਾਨ ਦਾ ਇੱਕ ਮੰਦਰ ਬਣ ਗਿਆ ਤੇ ਉਸ ਥਾਂ ਨੂੰ ਅੰਜਨ ਧਾਮ ਐਲਾਨ ਦਿੱਤਾ ਗਿਆ।''
ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੇ ਕਦੇ ਵੀ ਮੰਦਰ ਦੀ ਮੰਗ ਨਹੀਂ ਕੀਤੀ। ਇਹ ਸਾਰਾ ਕੁਝ ਉਸ ਵੇਲ਼ੇ ਦੇ ਸਬ-ਡਿਵੀਜ਼ਨਲ ਅਧਿਕਾਰੀ ਦੀ ਪਹਿਲ 'ਤੇ ਹੋਇਆ। ਝਾਰਖੰਡ ਉਸ ਸਮੇਂ ਬਿਹਾਰ ਦਾ ਹਿੱਸਾ ਸੀ।
ਅੰਜਨ ਦੇ ਹਨੂੰਮਾਨ ਮੰਦਰ ਦੇ ਪੰਡਿਤ ਕੇਦਾਰਨਾਥ ਪਾਂਡੇ ਕੋਲ਼ ਮੰਦਰ ਦੇ ਨਿਰਮਾਣ ਨਾਲ਼ ਜੁੜੀ ਇੱਕ ਦਿਲਚਸਪ ਕਹਾਣੀ ਹੈ। ਮੰਦਰ ਦੀ ਦੇਖਭਾਲ਼ ਕਰਨ ਵਾਲ਼ੇ ਦੋ ਪੰਡਿਤ ਪਰਿਵਾਰਾਂ ਵਿੱਚੋਂ ਇੱਕ ਕੇਦਾਰਨਾਥ (46) ਕਹਿੰਦੇ ਹਨ, "ਮੇਰੇ ਦਾਦਾ ਮਨੀਕਨਾਥ ਪਾਂਡੇ ਨੇ ਇੱਕ ਵਾਰ ਸੁਪਨਾ ਵੇਖਿਆ ਸੀ ਕਿ ਹਨੂੰਮਾਨ ਦਾ ਜਨਮ ਇਸ ਪਹਾੜੀ 'ਤੇ ਇੱਕ ਗੁਫ਼ਾ ਵਿੱਚ ਹੋਇਆ ਸੀ।
ਉਹ ਕਹਿੰਦੇ ਹਨ ਕਿ ਉਸ ਸੁਪਨੇ ਤੋਂ ਬਾਅਦ, ਉਨ੍ਹਾਂ ਦੇ ਦਾਦਾ ਜੀ ਪਹਾੜੀ 'ਤੇ ਚੜ੍ਹ ਕੇ ਪ੍ਰਾਰਥਨਾ ਕਰਨ ਲੱਗੇ ਤੇ ਰਾਮਾਇਣ ਪਾਠ ਕਰਨ ਲੱਗੇ। "ਅੰਜਨਾ ਰਿਸ਼ੀ ਗੌਤਮ ਅਤੇ ਉਨ੍ਹਾਂ ਦੀ ਪਤਨੀ ਅਹਿਲਿਆ ਦੀ ਧੀ ਸੀ," ਉਹ ਸਾਨੂੰ ਆਪਣੇ ਦਾਦਾ ਜੀ ਦੇ ਮੂੰਹੋਂ ਸੁਣੀ ਕਹਾਣੀ ਦੱਸ ਰਹੇ ਸਨ। "ਉਸ ਨੂੰ ਸਰਾਪ ਦਿੱਤਾ ਗਿਆ ਅਤੇ ਉਹ ਇਸ ਅਣਜਾਣ ਪਹਾੜ 'ਤੇ ਆ ਗਈ। ਉਸ ਦੇ ਨਾਮ ਤੋਂ ਬਾਅਦ, ਇਸ ਜਗ੍ਹਾ ਦਾ ਨਾਮ ਅੰਜਨਾ ਪਹਾੜੀ ਰੱਖਿਆ ਗਿਆ ਸੀ। ਉਹ ਸ਼ਿਵ ਦੀ ਭਗਤ ਸੀ। ਇੱਕ ਦਿਨ ਸ਼ਿਵ ਇੱਕ ਸਾਧੂ ਦੇ ਰੂਪ ਵਿੱਚ ਉਸ ਦੇ ਸਾਹਮਣੇ ਪ੍ਰਗਟ ਹੋਏ ਅਤੇ ਉਸ ਨੂੰ ਸਰਾਪ ਤੋਂ ਮੁਕਤ ਕਰਨ ਲਈ ਉਸ ਦੇ ਕੰਨ ਵਿੱਚ ਇੱਕ ਮੰਤਰ ਫੂਕ ਦਿੱਤਾ। ਮੰਤਰ ਦੀ ਸ਼ਕਤੀ ਦੇ ਕਾਰਨ, ਹਨੂੰਮਾਨ ਦਾ ਜਨਮ ਉਨ੍ਹਾਂ ਦੀ ਕੁੱਖੋਂ ਨਹੀਂ, ਬਲਕਿ ਉਨ੍ਹਾਂ ਦੇ ਪੱਟ ਤੋਂ ਹੋਇਆ ਸੀ।
‘‘ਉਨ੍ਹੀਂ ਦਿਨੀਂ ਰਘੂਨਾਥ ਸਿੰਘ ਗੁਮਲਾ ਦੇ ਐੱਸਡੀਓ ਸਨ। ਅਤੇ ਉਹ ਮੇਰੇ ਪਿਤਾ ਦੇ ਕਰੀਬੀ ਦੋਸਤ ਸਨ। ਉਨ੍ਹਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਪਹਾੜੀ 'ਤੇ ਇੱਕ ਹਨੂੰਮਾਨ ਮੰਦਰ ਬਣਾਇਆ ਜਾਣਾ ਚਾਹੀਦਾ ਹੈ। ਸ਼ੁਰੂ ਵਿੱਚ, ਆਦਿਵਾਸੀਆਂ ਨੇ ਵਿਰੋਧ ਕੀਤਾ ਅਤੇ ਪਹਾੜੀ 'ਤੇ ਜਾ ਕੇ ਬੱਕਰੀ ਦੀ ਬਲੀ ਦਿੱਤੀ। ਪਰ ਆਖਰਕਾਰ ਮੰਦਰ ਬਣਾਇਆ ਗਿਆ ਅਤੇ ਇਹਨੂੰ ਅੰਜਨ ਧਾਮ ਐਲਾਨ ਦਿੱਤਾ ਗਿਆ," ਉਹ ਲਾਪਰਵਾਹੀ ਨਾਲ਼ ਕਹਿੰਦੇ ਹਨ।
ਅੰਜਨ ਪਿੰਡ ਦਾ ਨਾਮ ਅੰਜਨੀ ਮਾਂ ਦੇ ਨਾਮ 'ਤੇ ਰੱਖਿਆ ਗਿਆ ਹੈ - ਇੱਕ ਕਬਾਇਲੀ ਦੇਵੀ, ਕੁਦਰਤ ਦੀ ਇੱਕ ਸ਼ਕਤੀ, ਜਿਸ ਬਾਰੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਉਹ ਪਿੰਡ ਦੇ ਆਲ਼ੇ-ਦੁਆਲ਼ੇ ਦੀਆਂ ਪਹਾੜੀਆਂ ਵਿੱਚ ਰਹਿੰਦੀ ਹੈ। ਸੈਂਕੜੇ ਸਾਲਾਂ ਤੋਂ, ਉਹ ਗੁਫਾਵਾਂ ਵਿੱਚ ਦੇਵੀ ਦੀ ਰਸਮੀ ਪ੍ਰਾਰਥਨਾ ਕਰਦੇ ਆ ਰਹੇ ਹਨ।
"ਕਈ ਸਾਲਾਂ ਤੋਂ, ਲੋਕ ਪਹਾੜ 'ਤੇ ਪੱਥਰਾਂ ਦੀ ਪੂਜਾ ਕਰਦੇ ਰਹੇ ਹਨ," ਇੱਕ ਪਿੰਡ ਵਾਸੀ, 50 ਸਾਲਾ ਮਹੇਸ਼ਵਰ ਓਰਾਓਂ ਕਹਿੰਦੇ ਹਨ। ਹਨੂੰਮਾਨ ਜੀ ਦੇ ਇਸ ਪਹਾੜ 'ਤੇ ਪੈਦਾ ਹੋਣ ਦੀ ਕਹਾਣੀ ਬਹੁਤ ਬਾਅਦ ਵਿੱਚ ਫੈਲਾਈ ਗਈ ਸੀ।
ਪਿੰਡ ਦੇ ਮੁਖੀ ਬਿਰਸਾ ਓਰਾਓਂ (60) ਨੇ ਆਪਣੇ ਜੀਵਨ ਕਾਲ ਵਿੱਚ ਅੰਜਨ ਵਿੱਚ ਹਨੂੰਮਾਨ ਮੰਦਰ ਦੀ ਉਸਾਰੀ ਵੇਖੀ ਹੈ। ਉਹ ਸਪੱਸ਼ਟ ਤੌਰ 'ਤੇ ਕਹਿੰਦੇ ਹਨ ਕਿ ਆਦਿਵਾਸੀ ਕੁਦਰਤ ਪੂਜਕ ਹਨ, "ਆਦਿਵਾਸੀ ਹਿੰਦੂ ਨਹੀਂ ਹਨ। ਅੰਜਨ ਪਿੰਡ ਇੱਕ ਕਬਾਇਲੀ ਬਹੁਲ ਪਿੰਡ ਹੈ ਅਤੇ ਓਰਾਓਂ ਆਦਿਵਾਸੀ ਸਰਨਾ ਧਰਮ ਦੀ ਪਾਲਣਾ ਕਰਦੇ ਹਨ। ਸਰਨਾ ਧਰਮ ਵਿੱਚ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ - ਰੁੱਖ, ਪਹਾੜ, ਨਦੀਆਂ, ਝਰਨੇ, ਸਭ ਕੁਝ।''
ਇਸੇ ਪਿੰਡ ਦੀ 32 ਸਾਲਾ ਔਰਤ ਰਮਾਨੀ ਓਰਾਓਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕ ਅਸਲ ਵਿੱਚ ਸਰਨਾ ਧਰਮ ਦੇ ਪੈਰੋਕਾਰ ਹਨ। ਇਹ ਪੂਰੀ ਤਰ੍ਹਾਂ ਕੁਦਰਤ ਦੀ ਪੂਜਾ ਹੈ। "ਸਾਡੇ ਲੋਕ ਅਜੇ ਵੀ ਕੁਦਰਤ ਨਾਲ਼ ਜੁੜੇ ਤਿਉਹਾਰ ਜਿਵੇਂ ਕਿ ਸਰਹੁਲ (ਬਸੰਤ ਦਾ ਤਿਉਹਾਰ), ਕਰਮ (ਫਸਲ ਦਾ ਤਿਉਹਾਰ) ਧੂਮਧਾਮ ਨਾਲ਼ ਮਨਾਉਂਦੇ ਹਨ। ਮੰਦਰ ਬਣਨ ਤੋਂ ਪਹਿਲਾਂ, ਅਸੀਂ ਹਨੂੰਮਾਨ ਦੇ ਪਹਾੜੀ 'ਤੇ ਪੈਦਾ ਹੋਣ ਬਾਰੇ ਨਹੀਂ ਸੁਣਿਆ ਸੀ। ਅਸੀਂ ਪਹਾੜ ਦੀ ਪੂਜਾ ਕਰਦੇ ਸੀ। ਪਹਾੜ ਦੀ ਗੁਫ਼ਾ 'ਤੇ ਕੁਝ ਪੱਥਰ ਸਨ, ਅਸੀਂ ਉਸ ਦੀ ਪੂਜਾ ਕਰਦੇ ਸੀ। ਬਾਅਦ ਵਿੱਚ ਹਨੂੰਮਾਨ ਪ੍ਰਸਿੱਧ ਹੋ ਗਏ। ਮੰਦਰ ਬਣਾਇਆ ਗਿਆ ਸੀ। ਆਲ਼ੇ-ਦੁਆਲ਼ਿਓਂ ਲੋਕ ਇੱਥੇ ਪੂਜਾ ਕਰਨ ਲਈ ਆਉਣ ਲੱਗੇ। ਫਿਰ ਕੁਝ ਆਦਿਵਾਸੀ ਵੀ ਪੂਜਾ ਕਰਨ ਲਈ ਉੱਥੇ ਜਾਣ ਲੱਗੇ।''
ਝਾਰਖੰਡ ਦੇ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਰਣੇਂਦਰ ਕੁਮਾਰ (63) ਮੁਤਾਬਕ ਅੰਜਨ ਦੇ ਇੱਕ ਕਬਾਇਲੀ ਪੂਜਾ ਸਥਾਨ 'ਤੇ ਇੱਕ ਹਿੰਦੂ ਮੰਦਰ 'ਤੇ ਕਬਜ਼ਾ ਕਰਨ ਦੀ ਕਹਾਣੀ ਨਾ ਤਾਂ ਨਵੀਂ ਹੈ ਅਤੇ ਨਾ ਹੀ ਹੈਰਾਨ ਕਰਨ ਵਾਲ਼ੀ। ਉਦਾਹਰਣ ਵਜੋਂ, ਉਹ ਦੱਸਦਾ ਹੈ, "ਬਹੁਤ ਸਾਰੀਆਂ ਕਬਾਇਲੀ ਔਰਤ ਦੇਵੀ-ਦੇਵਤਿਆਂ ਨੂੰ ਸ਼ੁਰੂ ਤੋਂ ਹੀ ਵੈਦਿਕ ਸਮਾਜ ਦਾ ਹਿੱਸਾ ਬਣਾਇਆ ਗਿਆ ਸੀ।''
"ਸ਼ੁਰੂ ਵਿੱਚ ਬੋਧੀਆਂ ਨੇ ਆਦਿਵਾਸੀਆਂ ਦੀਆਂ ਔਰਤ ਦੇਵੀ-ਦੇਵਤਿਆਂ 'ਤੇ ਕਬਜ਼ਾ ਕਰ ਲਿਆ ਅਤੇ ਬਾਅਦ ਵਿੱਚ ਉਹ ਸਾਰੇ ਹਿੰਦੂ ਧਰਮ ਦਾ ਹਿੱਸਾ ਬਣ ਗਏ। ਛੱਤੀਸਗੜ੍ਹ ਦੀਆਂ ਦੇਵੀਆਂ ਜਿਵੇਂ ਤਾਰਾ, ਵਜਰਾ ਡਾਕਿਨੀ, ਦੰਤੇਸ਼ਵਰੀ ਸਾਰੀਆਂ ਆਦਿਵਾਸੀ ਦੇਵੀਆਂ ਸਨ," ਉਹ ਕਹਿੰਦੇ ਹਨ। "ਆਦਿਵਾਸੀਆਂ ਨੂੰ ਹੁਣ ਝੂਠੀਆਂ ਸਮਾਨਤਾਵਾਂ ਦੇ ਪ੍ਰਚਾਰਾਂ ਰਾਹੀਂ ਹਿੰਦੂ ਧਰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।''
ਝਾਰਖੰਡ ਵਿੱਚ ਕੁਰੁਖ ਭਾਸ਼ਾ ਦੇ ਪ੍ਰੋਫੈਸਰ ਡਾ. ਨਾਰਾਇਣ ਓਰਾਓਂ ਦਾ ਕਹਿਣਾ ਹੈ ਕਿ ਜ਼ਬਰਦਸਤੀ ਸ਼ਮੂਲੀਅਤ ਤੇ ਸੱਭਿਆਚਾਰਕ ਤੋੜ-ਵਿਛੋੜੀ ਦੀ ਪ੍ਰਕਿਰਿਆ ਅੱਜ ਵੀ ਜਾਰੀ ਹੈ। ਉਹ ਕਹਿੰਦੇ ਹਨ, "ਮਿੱਟੀ ਦੀਆਂ ਛੋਟੀਆਂ ਮੂਰਤੀਆਂ ਅਤੇ ਮਰਾਏ, ਧਾਰਮਿਕ ਤਿਉਹਾਰਾਂ ਲਈ ਖੁੱਲ੍ਹੀਆਂ ਥਾਵਾਂ ਨੂੰ ਦੇਵੀ ਮੰਡਪਾਂ ਜਾਂ ਹਿੰਦੂਆਂ ਲਈ ਮੰਦਰਾਂ ਵਿੱਚ ਬਦਲ ਦਿੱਤਾ ਗਿਆ ਸੀ। ਇੱਕ ਵਾਰ ਮੰਦਰ ਬਣਨ ਤੋਂ ਬਾਅਦ, ਸ਼ਰਧਾਲੂਆਂ ਦੀ ਭੀੜ ਘਟਣ ਲੱਗਦੀ ਹੈ ਅਤੇ ਫਿਰ ਆਦਿਵਾਸੀਆਂ ਲਈ ਆਪਣੀਆਂ ਧਾਰਮਿਕ ਰਵਾਇਤਾਂ ਨੂੰ ਜਾਰੀ ਰੱਖਣਾ ਅਸੰਭਵ ਹੋ ਜਾਂਦਾ ਹੈ।
"ਅਕਸਰ ਉਹ ਮੰਦਰਾਂ ਵਿੱਚ ਜਾਂਦੇ ਹਨ। ਪਹਾੜੀ ਮੰਦਰ, ਹਰਮੂ ਮੰਦਰ, ਅਰਗੋਡਾ ਮੰਦਰ, ਕਾਂਕੇ ਮੰਦਰ, ਰਾਂਚੀ ਦਾ ਮੋਰਹਾਬਾਦੀ ਮੰਦਰ ਇਸ ਦੀਆਂ ਉਦਾਹਰਣਾਂ ਹਨ।'' ਉਹ ਕਹਿੰਦੇ ਹਨ। ''ਇੱਥੋਂ ਤੱਕ ਕਿ ਅੱਜ ਵੀ ਇਨ੍ਹਾਂ ਮੰਦਰਾਂ ਦੇ ਨਾਲ਼-ਨਾਲ਼ ਕਬਾਇਲੀ ਪੂਜਾ ਸਥਾਨਾਂ ਦੇ ਅਵਸ਼ੇਸ਼ ਵੀ ਵੇਖੇ ਜਾ ਸਕਦੇ ਹਨ। ਉਹ ਮੈਦਾਨ ਜਿੱਥੇ ਆਦਿਵਾਸੀਆਂ ਦੁਆਰਾ ਭਾਈਚਾਰਕ ਤਿਉਹਾਰ ਅਤੇ ਪ੍ਰਾਰਥਨਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਦੀ ਵਰਤੋਂ ਹੁਣ ਦੁਰਗਾ ਪੂਜਾ ਜਾਂ ਕਾਰੋਬਾਰੀ ਮੰਡੀਆਂ ਲਈ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਰਾਂਚੀ ਵਿੱਚ ਅਰਗੋਡਾ ਦੇ ਨੇੜੇ ਦਾ ਮੈਦਾਨ, ਜਿੱਥੇ ਓਰਾਓਂ-ਮੁੰਡਾ ਲੋਕ ਪੂਜਾ ਕਰਦੇ ਸਨ ਅਤੇ ਆਪਣੇ ਤਿਉਹਾਰ ਮਨਾਉਂਦੇ ਸਨ।''
ਗੁੰਜਲ ਇਕੀਰ ਮੁੰਡਾ ਸਾਨੂੰ ਰਾਂਚੀ ਦੇ ਨੇੜੇ ਬੁੰਡੂ ਵਿੱਚ ਇੱਕ ਦਿਓੜੀ ਮੰਦਰ ਬਾਰੇ ਵੀ ਦੱਸਦੇ ਹਨ, ਜਿੱਥੇ ਪਹਿਲਾਂ ਕੋਈ ਮੰਦਰ ਨਹੀਂ ਸੀ ਪਰ ਉਨ੍ਹਾਂ ਦੇ ਰਿਸ਼ਤੇਦਾਰ ਲੰਬੇ ਸਮੇਂ ਤੋਂ ਆਦਿਵਾਸੀਆਂ ਲਈ ਪਾਹਨ ਵਜੋਂ ਪੂਜਾ ਕਰਦੇ ਸਨ। "ਇੱਥੇ ਸਿਰਫ਼ ਇੱਕ ਪੱਥਰ ਹੁੰਦਾ ਸੀ ਅਤੇ ਸਾਲਾਂ ਤੋਂ ਮੁੰਡਾ ਆਦਿਵਾਸੀ ਉੱਥੇ ਪੂਜਾ ਕਰਦੇ ਆਏ ਸਨ। ਮੰਦਰ ਦੇ ਨਿਰਮਾਣ ਤੋਂ ਬਾਅਦ, ਵੱਡੀ ਗਿਣਤੀ ਵਿੱਚ ਹਿੰਦੂ ਪੂਜਾ ਕਰਨ ਲਈ ਆਉਣੇ ਸ਼ੁਰੂ ਹੋ ਗਏ ਅਤੇ ਉਸ ਜਗ੍ਹਾ 'ਤੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਅਦਾਲਤ 'ਚ ਗਿਆ ਅਤੇ ਹੁਣ ਅਦਾਲਤ ਦੇ ਆਦੇਸ਼ ਮੁਤਾਬਕ ਦੋਵਾਂ ਮਾਨਤਾਵਾਂ ਦਾ ਪਾਲਣ ਇੱਕੋ ਥਾਂ 'ਤੇ ਕੀਤਾ ਜਾ ਰਿਹਾ ਹੈ। ਹਫ਼ਤੇ ਵਿੱਚ ਕੁਝ ਦਿਨ, ਉਹ ਆਦਿਵਾਸੀਆਂ ਲਈ ਪਾਹਨ ਪੂਜਾ ਕਰਦੇ ਹਨ ਅਤੇ ਦੂਜੇ ਦਿਨ ਪੰਡਿਤ ਹਿੰਦੂਆਂ ਲਈ ਪੂਜਾ ਕਰਦੇ ਹਨ।
ਪਹਾੜੀ 'ਤੇ ਦੋ ਵੱਖ-ਵੱਖ ਪੂਜਾ ਸਥਾਨ ਹਨ। ਆਦਿਵਾਸੀ ਪਹਾਨ ਦੋ ਗੁਫ਼ਾਵਾਂ ਵਿੱਚ ਪੂਜਾ ਕਰਦੇ ਹਨ ਅਤੇ ਹਿੰਦੂ ਪੰਡਿਤ ਪਹਾੜੀ ਦੀ ਟੀਸੀ 'ਤੇ ਸਥਿਤ ਹਨੂੰਮਾਨ ਮੰਦਰ ਵਿੱਚ ਪੂਜਾ ਕਰਦੇ ਹਨ
ਹਾਲਾਂਕਿ, ਅਸੀਂ ਇੱਥੇ ਜੋ ਵੇਖਦੇ ਹਾਂ ਹਕੀਕਤ ਉਸ ਤੋਂ ਕਾਫ਼ੀ ਅੱਡ ਹੈ।
ਜੇ ਕੋਈ ਇਤਿਹਾਸ ਦੀ ਡੂੰਘਾਈ ਵਿੱਚ ਜਾਂਦਾ ਹੈ, ਤਾਂ ਕੋਈ ਵੀ ਦੇਖੇਗਾ ਕਿ ਆਦਿਵਾਸੀਆਂ ਨੂੰ ਮੁੱਖ ਹਿੰਦੂ ਸਮੂਹ ਵਿੱਚ ਲਿਆਉਣ ਦੀ ਇਹ ਪ੍ਰਕਿਰਿਆ ਬਹੁਤ ਗੁਪਤ ਤਰੀਕੇ ਨਾਲ਼ ਜਾਰੀ ਹੈ। ਦੇਵੀ ਪ੍ਰਸਾਦ ਚਟੋਪਾਧਿਆਏ ਨੇ ਆਪਣੀ ਕਿਤਾਬ ਲੋਕਾਯਤ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਪੁੱਛਿਆ ਹੈ - ਜੇ 1874 ਵਿੱਚ ਵੈਦਿਕ ਧਰਮ ਦੇ ਪੈਰੋਕਾਰਾਂ ਦੀ ਆਬਾਦੀ ਕੁੱਲ ਆਬਾਦੀ ਦਾ ਸਿਰਫ 10٪ ਸੀ, ਤਾਂ ਇਸ ਦੇਸ਼ ਵਿੱਚ ਹਿੰਦੂਆਂ ਨੂੰ ਬਹੁਗਿਣਤੀ ਦਾ ਦਰਜਾ ਕਿਵੇਂ ਮਿਲ਼ਦਾ ਰਿਹਾ? ਇਸ ਦਾ ਜਵਾਬ ਜਨਗਣਨਾ ਵਿੱਚ ਹੀ ਸਮੋਇਆ ਹੈ।
1871 ਅਤੇ 1941 ਵਿਚਕਾਰ ਭਾਰਤ ਦੀ ਅਬਾਦੀ ਜਨਗਣਨਾ ਨੇ ਆਦਿਵਾਸੀਆਂ ਦੇ ਧਰਮ ਦੀ ਪਛਾਣ ਵੱਖ-ਵੱਖ ਸਿਰਲੇਖਾਂ ਹੇਠ ਕੀਤੀ, ਉਦਾਹਰਨ ਲਈ, ਆਦਿਵਾਸੀ, ਕਬਾਇਲੀ, ਦੇਸੀ (ਦੇਸੀ), ਐਨੀਮਿਸਟ (ਜੀਵ)। ਪਰ 1951 ਵਿੱਚ ਆਜ਼ਾਦ ਭਾਰਤ ਦੀ ਪਹਿਲੀ ਜਨਗਣਨਾ ਨੇ ਸਾਰੀਆਂ ਵਿਭਿੰਨ ਪਰੰਪਰਾਵਾਂ ਨੂੰ ਇੱਕ ਨਵੀਂ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਜਿਸਨੂੰ ਕਬਾਇਲੀ ਧਰਮ ਕਿਹਾ ਜਾਂਦਾ ਹੈ। 1961 ਵਿੱਚ, ਇਸ ਨੂੰ ਵੀ ਹਟਾ ਦਿੱਤਾ ਗਿਆ ਅਤੇ ਹਿੰਦੂ, ਈਸਾਈ, ਜੈਨ, ਸਿੱਖ, ਮੁਸਲਿਮ ਅਤੇ ਬੋਧੀ ਦੇ ਨਾਲ਼ 'ਹੋਰ' ਕਾਲਮ ਸ਼ਾਮਲ ਕੀਤਾ ਗਿਆ।
ਨਤੀਜੇ ਵਜੋਂ, 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 0.7 ਫੀਸਦ ਭਾਰਤੀਆਂ ਨੇ ਆਪਣੇ ਆਪ ਨੂੰ "ਹੋਰ ਧਰਮਾਂ ਅਤੇ ਮਤਾਂ" ਦੇ ਅਧੀਨ ਘੋਸ਼ਿਤ ਕੀਤਾ, ਜੋ ਦੇਸ਼ ਵਿੱਚ ਅਧਿਕਾਰਤ ਤੌਰ 'ਤੇ ਸ਼੍ਰੇਣੀਬੱਧ ਅਨੁਸੂਚਿਤ ਕਬੀਲਿਆਂ ਦਾ ਛੋਟਾ ਜਿਹਾ ਹਿੱਸਾ ਹੈ, ਜਿਹਨੂੰ ਦੇਸ਼ ਦਾ 8.6 ਫੀਸਦ ਆਬਾਦੀ ਅਨੁਪਾਤ ਮੰਨਿਆ ਜਾਂਦਾ ਹੈ।
ਬਹੁਤ ਪਹਿਲਾਂ, 1931 ਦੀ ਮਰਦਮਸ਼ੁਮਾਰੀ ਰਿਪੋਰਟ ਵਿੱਚ, ਭਾਰਤ ਦੇ ਜਨਗਣਨਾ ਕਮਿਸ਼ਨਰ, ਜੇ.ਐੱਚ. ਹਟਨ ਕਬਾਇਲੀ ਧਰਮਾਂ ਦੇ ਅਧੀਨ ਅੰਕੜਿਆਂ ਬਾਰੇ ਆਪਣੀ ਚਿੰਤਾ ਬਾਰੇ ਲਿਖਦੇ ਹਨ। ਉਹ ਲਿਖਦੇ ਹਨ, ''ਜਦੋਂ ਵੀ ਕੋਈ ਵਿਅਕਤੀ ਕਿਸੇ ਮਾਨਤਾ ਪ੍ਰਾਪਤ ਧਰਮ ਦੀ ਮੈਂਬਰਸ਼ਿਪ ਤੋਂ ਇਨਕਾਰ ਕਰਦਾ ਹੈ, ਤਾਂ ਬਿਨਾਂ ਕਿਸੇ ਪੁੱਛਗਿੱਛ ਦੇ ਹਿੰਦੂ ਧਰਮ ਵਿੱਚ ਦਾਖਲ ਹੋਣ ਦਾ ਰੁਝਾਨ ਵੱਧ ਜਾਂਦਾ ਹੈ। ਸੋਚਣ ਦੀ ਪ੍ਰਕਿਰਿਆ ਕੁਝ ਇਸ ਤਰ੍ਹਾਂ ਹੈ: ਇਸ ਧਰਤੀ ਨੂੰ ਹਿੰਦੁਸਤਾਨ ਕਿਹਾ ਜਾਂਦਾ ਹੈ ਅਤੇ ਇਹ ਹਿੰਦੂਆਂ ਦਾ ਦੇਸ਼ ਹੈ, ਅਤੇ ਇਸ ਵਿੱਚ ਰਹਿਣ ਵਾਲ਼ੇ ਸਾਰੇ ਲੋਕ ਹਿੰਦੂ ਹੋਣੇ ਚਾਹੀਦੇ ਹਨ, ਜਦੋਂ ਤੱਕ ਕਿ ਉਹ ਕਿਸੇ ਹੋਰ ਮਾਨਤਾ ਪ੍ਰਾਪਤ ਧਰਮ ਦਾ ਦਾਅਵਾ ਨਹੀਂ ਕਰਦੇ।''
*****
"ਮਰਦਮਸ਼ੁਮਾਰੀ ਵਿੱਚ ਅਸੀਂ ਆਦਿਵਾਸੀ ਆਪਣੇ ਆਪ ਨੂੰ ਕਿੱਥੇ ਰਜਿਸਟਰ ਕਰਦੇ ਹਾਂ?"
ਅੰਜਨ ਪਿੰਡ ਦੇ 40 ਸਾਲਾ ਪ੍ਰਮੋਦ ਓਰਾਓਂ ਪੁੱਛਦੇ ਹਨ। ਉਹ ਕਹਿੰਦੇ ਹਨ, "ਅਸੀਂ ਕੁਦਰਤ ਦੇ ਪੂਜਕ ਹਾਂ। ਸਾਡਾ ਵਿਸ਼ਵ-ਦ੍ਰਿਸ਼ਟੀਕੋਣ ਵਧੇਰੇ ਖੁੱਲ੍ਹਾ ਅਤੇ ਸਵੀਕਾਰਯੋਗ ਹੈ। ਇਸ ਵਿੱਚ ਕੱਟੜਤਾ ਲਈ ਕੋਈ ਥਾਂ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਸਾਡੇ ਵਿੱਚੋਂ ਕੁਝ ਲੋਕ ਹਿੰਦੂ ਧਰਮ ਜਾਂ ਇਸਲਾਮ ਜਾਂ ਈਸਾਈ ਧਰਮ ਅਪਣਾ ਲੈਂਦੇ ਹਨ, ਤਾਂ ਵੀ ਅਸੀਂ ਕਦੇ ਵੀ ਧਰਮ ਦੇ ਨਾਮ 'ਤੇ ਕਤਲ ਨਹੀਂ ਕਰਦੇ। ਜੇ ਸਾਡੇ ਲੋਕ ਪਹਾੜੀ 'ਤੇ ਜਾ ਕੇ ਹਨੂੰਮਾਨ ਦੀ ਪੂਜਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਹਿੰਦੂ ਨਹੀਂ ਕਹਿੰਦੇ।''
"ਕਾਲਮ ਖਤਮ ਹੋ ਗਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਮਰਦਮਸ਼ੁਮਾਰੀ ਵਿੱਚ ਆਪਣੇ ਆਪ ਨੂੰ ਹਿੰਦੂ ਵਜੋਂ ਰਜਿਸਟਰ ਕਰਦੇ ਹਨ। ਪਰ ਅਸੀਂ ਹਿੰਦੂ ਨਹੀਂ ਹਾਂ। ਜਾਤੀ ਪ੍ਰਣਾਲੀ ਹਿੰਦੂ ਧਰਮ ਦੇ ਮੂਲ ਵਿੱਚ ਹੈ, ਪਰ ਅਸੀਂ ਆਪਣੇ ਆਪ ਨੂੰ ਇਸ ਵਿੱਚ ਸ਼ਾਮਲ ਨਹੀਂ ਮੰਨਦੇ।''
ਅੰਜਨ ਪਿੰਡ ਦੇ ਬਿਰਸਾ ਓਰਾਓਂ ਕਹਿੰਦੇ ਹਨ, "ਆਦਿਵਾਸੀ ਬਹੁਤ ਲਚਕਦਾਰ ਅਤੇ ਖੁੱਲ੍ਹੇ ਵਿਚਾਰਾਂ ਵਾਲ਼ੇ ਹਨ। ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਉਨ੍ਹਾਂ ਦੇ ਵਿਸ਼ਵਾਸਾਂ ਅਤੇ ਦਰਸ਼ਨ ਨੂੰ ਲੈਣਾ ਚਾਹੁੰਦਾ ਹੈ। ਇਸ ਨਾਲ਼ ਕੋਈ ਜੁੜੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਲੋਕ ਉਨ੍ਹਾਂ ਦਾ ਸਤਿਕਾਰ ਕਰਨਗੇ। ਹੁਣ ਬਹੁਤ ਸਾਰੇ ਹਿੰਦੂ ਅੰਜਨ ਧਾਮ ਵਿੱਚ ਹਨੂੰਮਾਨ ਦੀ ਪੂਜਾ ਕਰਨ ਆਉਂਦੇ ਹਨ, ਮੁਸਲਮਾਨ ਵੀ ਧਾਮ ਦੇ ਦਰਸ਼ਨ ਕਰਨ ਆਉਂਦੇ ਹਨ, ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਬਹੁਤ ਸਾਰੇ ਆਦਿਵਾਸੀ ਹੁਣ ਪਹਾੜ 'ਤੇ ਸਥਿਤ ਗੁਫ਼ਾ ਅਤੇ ਹਨੂੰਮਾਨ ਮੰਦਰ ਦੋਵਾਂ ਦੀ ਪੂਜਾ ਕਰਦੇ ਹਨ। ਪਰ ਉਹ ਹੁਣ ਵੀ ਖੁਦ ਨੂੰ ਆਦਿਵਾਸੀ ਮੰਨਦੇ ਹਨ, ਹਿੰਦੂ ਨਹੀਂ।''
ਹਨੂੰਮਾਨ ਪੂਜਾ ਦਾ ਸਵਾਲ ਮੁਸ਼ਕਲ ਹੈ।
ਪਿੰਡ ਦੇ ਮਹੇਸ਼ਵਰ ਓਰਾਓਂ ਕਹਿੰਦੇ ਹਨ, "ਆਦਿਵਾਸੀ ਇੱਥੇ ਰਾਮ ਅਤੇ ਲਕਸ਼ਮਣ ਦੀ ਪੂਜਾ ਨਹੀਂ ਕਰਦੇ, ਪਰ ਲੋਕਾਂ ਦਾ ਮੰਨਣਾ ਹੈ ਕਿ ਹਨੂੰਮਾਨ ਉੱਚ ਜਾਤੀ ਭਾਈਚਾਰੇ ਨਾਲ਼ ਸਬੰਧਤ ਨਹੀਂ ਸਨ। ਉਹ ਕਬਾਇਲੀ ਭਾਈਚਾਰੇ ਨਾਲ਼ ਸਬੰਧਤ ਸਨ। ਉਨ੍ਹਾਂ ਨੂੰ ਇੱਕ ਤਰ੍ਹਾਂ ਦਾ ਮਨੁੱਖੀ ਚਿਹਰਾ ਦੇ ਕੇ, ਪਰ ਨਾਲ਼ ਹੀ ਉਨ੍ਹਾਂ ਨੂੰ ਜਾਨਵਰਾਂ ਵਜੋਂ ਦਿਖਾ ਕੇ, ਉੱਚ ਜਾਤੀਆਂ ਆਦਿਵਾਸੀਆਂ ਦਾ ਮਜ਼ਾਕ ਉਡਾ ਰਹੀਆਂ ਸਨ, ਜਿਵੇਂ ਕਿ ਉਨ੍ਹਾਂ ਨੇ ਹਨੂੰਮਾਨ ਦਾ ਮਜ਼ਾਕ ਉਡਾਇਆ।''
ਰੰਜੈ ਓਰਾਓਂ ਦੇ ਅਨੁਸਾਰ, ਲੋਕਾਂ ਨੇ ਪੰਡਤਾਂ ਦੇ ਦਾਅਵੇ ਨੂੰ ਸਵੀਕਾਰ ਕੀਤਾ ਕਿਉਂਕਿ ਆਦਿਵਾਸੀਆਂ ਲਈ ਹਨੂੰਮਾਨ ਸਵਰਣ ਭਾਈਚਾਰੇ ਨਾਲ਼ ਸਬੰਧਤ ਨਹੀਂ ਸਨ। "ਜੇ ਉਹ ਉਨ੍ਹਾਂ ਵਿੱਚੋਂ ਇੱਕ ਹੁੰਦੇ, ਤਾਂ ਉਨ੍ਹਾਂ ਦੀ ਪੂਛ ਨਾ ਹੁੰਦੀ। ਉਨ੍ਹਾਂ ਨੂੰ ਇੱਕ ਜਾਨਵਰ ਵਜੋਂ ਦਰਸਾਇਆ ਗਿਆ ਹੈ, ਕਿਉਂਕਿ ਉਹ ਆਦਿਵਾਸੀ ਹਨ ਅਤੇ ਇਸ ਲਈ ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਅੰਜਨੀ ਮਾਂ ਦਾ ਸਬੰਧ ਹਨੂੰਮਾਨ ਨਾਲ਼ ਸੀ, ਤਾਂ ਇਲਾਕੇ ਦੇ ਲੋਕਾਂ ਨੇ ਇਸ ਨੂੰ ਸਵੀਕਾਰ ਕਰ ਲਿਆ।''
ਪਿੰਡ ਦੇ 38 ਸਾਲਾ ਮੁਖੀ ਕਰਮੀ ਓਰਾਓਂ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਪੂਰਾ ਪਿੰਡ ਸਾਲ ਵਿੱਚ ਇੱਕ ਵਾਰ ਪਹਾੜੀ ਪੂਜਾ ਲਈ ਜਾਂਦਾ ਸੀ। "ਉਸ ਸਮੇਂ ਇੱਥੇ ਸਿਰਫ਼ ਇੱਕ ਗੁਫਾ ਸੀ। ਲੋਕ ਉੱਥੇ ਜਾਂਦੇ ਸਨ ਅਤੇ ਮੀਂਹ ਲਈ ਪ੍ਰਾਰਥਨਾ ਕਰਦੇ ਸਨ। ਅੱਜ ਵੀ ਅਸੀਂ ਉਸੇ ਪਰੰਪਰਾ ਦਾ ਪਾਲਣ ਕਰਦੇ ਹਾਂ। ਅਤੇ ਦੇਖੋ ਕਿ ਭਾਈਚਾਰਕ ਪੂਜਾ ਕਰਨ ਤੋਂ ਬਾਅਦ ਇਸ ਖੇਤਰ ਵਿੱਚ ਹਮੇਸ਼ਾ ਮੀਂਹ ਪੈਂਦਾ ਹੈ।
''ਅੱਜ ਕੱਲ੍ਹ ਲੋਕ ਮੰਦਰ ਦੀ ਚੱਕਰ ਵੀ ਲਗਾਉਂਦੇ ਹਨ ਕਿਉਂਕਿ ਇਹ ਉਸੇ ਪਹਾੜੀ 'ਤੇ ਸਥਿਤ ਹੈ। ਕੁਝ ਆਦਿਵਾਸੀ ਮੰਦਰ ਦੇ ਅੰਦਰ ਪੂਜਾ ਵੀ ਕਰਦੇ ਹਨ। ਹਰ ਕੋਈ ਉੱਥੇ ਜਾਣ ਲਈ ਸੁਤੰਤਰ ਹੈ ਜਿੱਥੇ ਉਨ੍ਹਾਂ ਨੂੰ ਸ਼ਾਂਤੀ ਮਿਲ਼ਦੀ ਹੈ," ਉਹ ਅੱਗੇ ਕਹਿੰਦੀ ਹਨ।
ਪਿੰਡ ਦੀਆਂ ਹੋਰ ਔਰਤਾਂ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਮੰਨਦੀਆਂ। ਪਰ ਉਨ੍ਹਾਂ ਵਿੱਚੋਂ ਕੁਝ ਮੰਦਰ ਵਿੱਚ ਪਰਮੇਸ਼ਰ ਦੀ ਪੂਜਾ ਵੀ ਕਰਦੇ ਹਨ। "ਜਦੋਂ ਕੋਈ ਮੰਦਰ ਕਿਸੇ ਪਹਾੜੀ 'ਤੇ ਹੁੰਦਾ ਹੈ, ਤਾਂ ਉਹ ਵੀ ਉਸ ਪਹਾੜ ਦਾ ਹਿੱਸਾ ਬਣ ਜਾਂਦਾ ਹੈ। ਪਹਾੜ ਦੀ ਪੂਜਾ ਕਰਨ ਵਾਲ਼ੇ ਲੋਕ ਹਨੂੰਮਾਨ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ? ਜੇ ਦੋ ਦੇਵਤੇ ਮਿਲ਼ ਕੇ ਕੰਮ ਕਰਦੇ ਹਨ ਅਤੇ ਸਾਡੇ ਲਈ ਚੰਗੀ ਵਰਖਾ ਲਿਆਉਂਦੇ ਹਨ, ਤਾਂ ਇਸ ਵਿੱਚ ਕੀ ਨੁਕਸਾਨ ਹੈ?"
ਤਰਜਮਾ: ਕਮਲਜੀਤ ਕੌਰ