ਸੰਤੋਸ਼ ਕੋਰੀ ਨੂੰ ਨਵਾਂ ਨਵਾਂ ਮਾਲਿਕਾਨਾ ਅਹਿਸਾਸ ਬਹੁਤ ਵਧੀਆ ਲੱਗ ਰਿਹਾ ਹੈ। “ਇਹ ਕਿਸਾਨ ਸਹਿਕਾਰੀ ਅਸੀਂ ਔਰਤਾਂ ਨੇ ਮਿਲ ਕੇ ਬਣਾਈ ਸੀ। ਤੇ ਹੁਣ ਸਾਡੇ ਪਿੰਡ ਦੇ ਆਦਮੀਆਂ ਨੂੰ ਵੀ ਲੱਗਦਾ ਹੈ ਕਿ ਇਹ ਇੱਕ ਚੰਗਾ ਵਿਚਾਰ ਹੈ,” ਉਹ ਹੱਸਦਿਆਂ ਕਹਿੰਦੇ ਹਨ।
ਭੈਰਹਾ ਪੰਚਾਇਤ ਦੀ ਗੁਚਰਾ ਬਸਤੀ ਦੀ ਇੱਕ ਦਲਿਤ ਕਿਸਾਨ ਨੇ ਰੂੰਜ ਮਹਿਲਾ ਸਹਿਕਾਰੀ ਲਿਮਿਟਡ (ਐਮ. ਐਫ. ਪੀ. ਓ.) ਦੀ ਮੈਂਬਰਸ਼ਿਪ 1000 ਰੁਪਏ ਵਿੱਚ ਲਈ ਸੀ ਜੋ ਕਿ ਜਨਵਰੀ 2024 ਵਿੱਚ ਅਜਿਹਾ ਕਰਨ ਵਾਲੀਆਂ ਪੰਨਾ ਜਿਲ੍ਹੇ ਦੀਆਂ 300 ਆਦਿਵਾਸੀ, ਦਲਿਤ ਅਤੇ ਹੋਰ ਪਿਛੜੇ ਵਰਗ ਦੀਆਂ ਔਰਤਾਂ ਵਿੱਚੋਂ ਇੱਕ ਹਨ। ਸੰਤੋਸ਼ੀ ਰੂੰਜ ਦੀਆਂ ਪੰਜ ਬੋਰਡ ਮੈਂਬਰਾਂ ਵਿੱਚੋਂ ਇੱਕ ਹਨ ਅਤੇ ਉਹਨਾਂ ਨੂੰ ਇਕੱਠ ਨੂੰ ਸੰਬੋਧਨ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬੁਲਾਇਆ ਜਾਂਦਾ ਹੈ।
“ਪਹਿਲਾਂ ਵਿਚੋਲੀਏ [ਵਪਾਰੀ] ਆ ਕੇ ਸਾਡੇ ਕੋਲੋਂ ਅਰਹਰ ਦੀ ਦਾਲ ਘੱਟ ਮੁੱਲ ਤੇ ਲੈ ਜਾਂਦੇ ਸਨ ਕਿਉਂਕਿ ਦਲ਼ੀ ਨਹੀਂ ਹੁੰਦੀ ਸੀ। ਫਿਰ ਉਹ ਨਾ ਤਾ ਕਦੀ ਸਮੇਂ ਸਿਰ ਆਉਂਦਾ ਸੀ ਅਤੇ ਨਾ ਹੀ ਕਦੇ ਸਾਡੇ ਪੈਸੇ ਸਮੇਂ ਸਿਰ ਦਿੰਦਾ ਸੀ,” ਉਹ ਪਾਰੀ ਨੂੰ ਦੱਸਦੇ ਹਨ। 45 ਸਾਲਾ ਸੰਤੋਸ਼ੀ ਤਿੰਨ ਬੱਚਿਆਂ ਦੀ ਮਾਂ ਹਨ ਅਤੇ ਆਪਣੇ ਪਰਿਵਾਰ ਦੀ 2 ਏਕੜ ਜ਼ਮੀਨ ਤੇ ਬਿਨਾਂ ਕਿਸੇ ਸਿੰਚਾਈ ਸੁਵਿਧਾ ਦੇ ਅਰਹਰ ਦਾਲ ਦੀ ਖੇਤੀ ਕਰਦੇ ਹਨ, ਅਤੇ ਹਾਲ ਵਿੱਚ ਹੀ ਉਹਨਾਂ ਨੇ ਇੱਕ ਏਕੜ ਜ਼ਮੀਨ ਹੋਰ ਠੇਕੇ ਤੇ ਲਈ ਹੈ। ਸਾਡੇ ਦੇਸ਼ ਵਿੱਚ ਸਿਰਫ਼ 11 ਪ੍ਰਤੀਸ਼ਤ ਔਰਤਾਂ ਕੋਲ ਹੀ ਜ਼ਮੀਨ ਦੀ ਮਲਕੀਅਤ ਹੈ ਅਤੇ ਮੱਧ ਪ੍ਰਦੇਸ਼ ਦੇ ਹਾਲਾਤ ਵੀ ਕੋਈ ਵੱਖਰੇ ਨਹੀਂ ਹਨ।
ਰੂੰਜ ਐਮ. ਐਫ. ਪੀ. ਓ. ਦਾ ਨਾਮ ਰੂੰਜ ਨਦੀ ਤੇ ਪਿਆ ਹੈ ਜੋ ਕਿ ਬਾਗੇਨ ਨਦੀ ਦੀ ਸ਼ਾਖਾ ਹੈ ਜੋ ਯਮੁਨਾ ਵਿੱਚ ਜਾ ਰਲਦੀ ਹੈ। ਅਜੈਗੜ ਐਂਡ ਪੰਨਾ ਬਲਾਕ ਦੇ 28 ਪਿੰਡਾਂ ਦੀਆਂ ਔਰਤਾਂ ਰੂੰਜ ਐਫ. ਪੀ. ਓ. ਦਾ ਹਿੱਸਾ ਹਨ। ਸਾਲ 2024 ਵਿੱਚ ਬਣੇ ਇਸ ਐਫ. ਪੀ. ਓ. ਨੂੰ 40 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ ਜੋ ਕਿ ਅਗਲੇ ਸਾਲ ਵੱਧ ਕੇ ਦੁੱਗਣੀ ਹੋਣ ਦੇ ਆਸਾਰ ਹਨ।
“ਸਾਡੇ ਪਿੰਡ ਵਿੱਚ ਲਗਭਗ ਹਰ ਪਰਿਵਾਰ ਕੋਲ ਘੱਟੋ ਘੱਟ 2-4 ਏਕੜ ਜ਼ਮੀਨ ਹੈ। ਅਸੀਂ ਸੋਚਿਆ ਕਿ ਜਦ ਅਸੀਂ ਸਾਰੇ ਜੈਵਿਕ ਖੇਤੀ ਕਰ ਰਹੇ ਹਾਂ ਤਾਂ ਸਾਰੀ ਮਿਹਨਤ ਅਰਹਰ ਦਾਲ ਤੇ ਲਾ ਕੇ ਅਤੇ ਸਾਂਝੇ ਪੈਸੇ ਪਾ ਕੇ ਦਲਾਈ ਕਰਨ ਵਾਲੀ ਮਸ਼ੀਨ ਖਰੀਦ ਲਈਏ,” ਸੰਤੋਸ਼ੀ ਸਹਿਕਾਰੀ ਸ਼ੁਰੂ ਕਰਨ ਦੀ ਵਜਾਹ ਬਾਰੇ ਵਿਸਥਾਰ ਸਹਿਤ ਦੱਸਦੇ ਹਨ।
ਅਜੈਗੜ ਇਲਾਕੇ ਦੀ ਦਾਲ ਬਹੁਤ ਮਸ਼ਹੂਰ ਹੈ। “ਰੂੰਜ ਨਦੀ ਦੇ ਨਾਲ ਚੱਲਦੀ ਧਰਮਪੁਰ ਪੱਟੀ ਤੇ ਉਗਾਈ ਜਾਂਦੀ ਦਾਲ ਆਪਣੇ ਸਵਾਦ ਅਤੇ ਖੁਸ਼ਬੂ ਲਈ ਮਸ਼ਹੂਰ ਹੈ,” ਪ੍ਰਦਾਨ ਦੇ ਗਰਜਨ ਸਿੰਘ ਦਾ ਕਹਿਣਾ ਹੈ। ਸਥਾਨਕ ਲੋਕਾਂ ਦਾ ਕਹਿਣਾ ਵਿੰਧਿਆਂਚਲ ਪਹਾੜੀਆਂ ਤੋਂ ਵਗਦੀ ਹੈ ਅਤੇ ਖੇਤੀ ਲਈ ਬਹੁਤ ਉਪਜਾਊ ਹੈ। ਪ੍ਰਦਾਨ ਕਿਸਾਨਾਂ ਨਾਲ ਕੰਮ ਕਰਨ ਵਾਲੀ ਇੱਕ ਗੈਰ ਸਰਕਾਰੀ ਸੰਸਥਾ ਹੈ ਜਿਸ ਦਾ ਨਿਰੋਲ ਔਰਤਾਂ ਦੀ ਸੰਸਥਾ ਖੜਾ ਕਰਨ ਵਿੱਚ ਮੁੱਖ ਰੋਲ ਹੈ।
ਸੰਤੋਸ਼ੀ ਵਰਗੇ ਹੋਰ ਕਿਸਾਨਾਂ ਦਾ ਮੁੱਖ ਮਕਸਦ ਜਾਇਜ਼ ਮੁੱਲ ਲੈਣ ਦਾ ਸੀ। “ਹੁਣ ਅਸੀਂ ਆਪਣੀ ਫ਼ਸਲ ਐਫ. ਪੀ. ਓ. ਨੂੰ ਦੇ ਕੇ ਸਮੇਂ ਸਿਰ ਕਮਾਈ ਕਰ ਸਕਦੇ ਹਾਂ,” ਉਹ ਦੱਸਦੇ ਹਨ। ਅਰਹਰ ਦਾਲ ਦਾ ਭਾਅ 10,000 ਰੁਪਏ ਕੁਇੰਟਲ ਹੈ ਅਤੇ ਮਈ 2024 ਵਿੱਚ ਭਾਅ ਘਟ ਕੇ 9,400 ਰਹਿ ਗਿਆ। ਪਰ ਰੂੰਜ ਦੇ ਮੈਂਬਰਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਸੰਸਥਾ ਕਾਰਨ ਫ਼ਸਲ ਦਾ ਚੰਗਾ ਮੁੱਲ ਮਿਲ ਗਿਆ।
ਰਾਕੇਸ਼ ਰਾਜਪੂਤ ਰੂੰਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ (ਇਕੱਲੇ ਕਰਮਚਾਰੀ) ਅਤੇ ਉਹਨਾਂ ਦਾ ਦੱਸਣਾ ਹੈ ਕਿ ਉਹ ਦੇਸੀ ਕਿਸਮਾਂ ਹੀ ਵਰਤਦੇ ਹਨ; ਹਾਈਬ੍ਰਿਡ ਬੀਜਾਂ ਦੀ ਵਰਤੋਂ ਇੱਥੇ ਨਹੀਂ ਕੀਤੀ ਜਾਂਦੀ। ਉਹ 12 ਸੰਗ੍ਰਿਹ ਕੇਂਦਰਾਂ ਦੀ ਨਿਗਰਾਨੀ ਕਰਦੇ ਹਨ ਜਿੱਥੇ ਭਾਰ ਤੋਲਣ ਵਾਲੀਆਂ ਮਸ਼ੀਨਾਂ, ਬੈਗ ਅਤੇ ਹਰ ਬੈਗ ਨੂੰ ਚੈੱਕ ਕਰਨ ਲਈ ਪਾਰਖੀ ਮੌਜੂਦ ਹਨ।
ਪ੍ਰਦਾਨ ਨਾਲ ਕੰਮ ਕਰਨ ਵਾਲੀ ਸੁਗੰਧਾ ਸ਼ਰਮਾ ਦਾ ਕਹਿਣਾ ਹੈ ਕਿ ਰੁੰਜ ਦਾ ਇਰਾਦਾ ਅਗਲੇ ਸਾਲ ਦੌਰਾਨ ਮੈਂਬਰਸ਼ਿਪ ਵਿੱਚ ਪੰਜ ਗੁਣਾ ਵਾਧਾ ਕਰਨ ਦਾ ਹੈ ਅਤੇ ਆਪਣੇ ਉਤਪਾਦ ਵਧਾ ਕੇ ਕਾਬੁਲੀ ਚਨੇ, ਪਸ਼ੂਆਂ ਦਾ ਵਪਾਰ (ਬੁੰਦੇਲਖੰਡੀ ਨਸਲ ਦੀਆਂ ਬੱਕਰੀਆਂ) ਅਤੇ ਜੈਵਿਕ ਖਾਦਾਂ ਬੀਜਾਂ ਦਾ ਕੰਮ ਕਰਨ ਦਾ ਹੈ। “ਅਸੀਂ ਆਪਣੇ ਕਿਸਾਨਾਂ ਦੇ ਘਰ ਤੱਕ ਪਹੁੰਚ ਕਰਨਾ ਚਾਹੁੰਦੇ ਹਾਂ,” ਉਹ ਨਾਲ ਹੀ ਦੱਸਦੇ ਹਨ।
ਆਪਣੇ ਘਰ ਦੇ ਪਿੱਛੇ ਬਣੀ ਜਗ੍ਹਾ ਵਿੱਚ ਸੰਤੋਸ਼ੀ ਲੌਕੀ ਅਤੇ ਹੋਰ ਸਬਜ਼ੀਆਂ ਉਗਾਉਂਦੇ ਹਨ ਜੋ ਉਹਨਾਂ ਨੇ ਸਾਨੂੰ ਦਿਖਾਈਆਂ; ਪਰਿਵਾਰ ਕੋਲ ਦੋ ਮੱਝਾਂ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਤੀ ਚਰਾਉਣ ਲੈ ਕੇ ਗਏ ਹਨ ਅਤੇ ਉਹ ਜਲਦੀ ਹੀ ਵਾਪਿਸ ਆਉਣ ਵਾਲੇ ਸਨ।
“ਮੈਂ ਕਦੇ ਕੋਈ ਹੋਰ ਦਾਲ ਨਹੀਂ ਖਾਧੀ। ਮੇਰੇ ਖੇਤ ਦੀ ਦਾਲ ਚੌਲਾਂ ਵਾਂਗ ਹੀ ਛੇਤੀ ਬਣ ਜਾਂਦੀ ਹੈ ਖਾਣ ਵਿੱਚ ਮਿੱਠੀ ਹੁੰਦੀ ਹੈ,” ਉਹ ਬੜੇ ਮਾਣ ਨਾਲ ਦੱਸਦੇ ਹਨ।
ਤਰਜਮਾ: ਨਵਨੀਤ ਕੌਰ ਧਾਲੀਵਾਲ