ਪਹਾੜਾਂ ਨੂੰ ਸੂਰਜ ਦੀ ਪਹਿਲੀ ਕਿਰਨ ਛੂਹੇ ਇਸ ਤੋਂ ਪਹਿਲਾਂ ਹੀ ਇਹ ਪਹਾੜੀ ਔਰਤਾਂ ਉੱਠ ਖੜ੍ਹਦੀਆਂ ਹਨ ਤੇ ਫਿਰ ਆਪਣੇ ਘਰਾਂ ਦੇ ਕੰਮ ਨਿਪਟਾਉਂਦੇ ਸਾਰ ਹੀ ਖੇਤਾਂ ਦੇ ਰਾਹ ਪੈਂਦੀਆਂ ਹਨ। ਉੱਥੋਂ ਕੁਝ ਵਹਿਲੀਆਂ ਹੋ ਕੇ ਆਪਣੇ ਬੱਚਿਆਂ ਤੇ ਪਤੀਆਂ ਤੇ ਬਾਕੀ ਪਰਿਵਾਰ ਦੀ ਦੇਖਭਾਲ਼ ਕਰਨ ਲੱਗਦੀਆਂ ਹਨ। ਘਰਾਂ ਵਿੱਚ ਪਾਲ਼ੇ ਡੰਗਰ ਵੀ ਉਨ੍ਹਾਂ ਦਾ ਰਾਹ ਤੱਕਦੇ ਹਨ। ਉਹ ਹਿਮਾਲਿਆਂ ਦੀਆਂ ਟੀਸੀਆਂ 'ਤੇ ਮੌਜੂਦ ਆਪਣੇ ਘਰਾਂ ਤੇ ਖੇਤਾਂ ਵਿੱਚ ਖੁਆਰ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਪਥਰੀਲੀਆਂ ਪਗਡੰਡੀਆਂ ਤੋਂ ਤੁਰਦੀਆਂ ਡੰਗਰਾਂ ਲਈ ਪੱਠਿਆਂ ਦੀਆਂ ਭਾਰੀਆਂ ਪੰਡਾਂ ਸਿਰਾਂ 'ਤੇ ਲੱਦੀ ਵਾਪਸ ਮੁੜਦੀਆਂ ਹਨ। ਆਓ ਇਸ ਤੁਹਾਨੂੰ ਪਹਾੜੀ ਔਰਤਾਂ ਨਾਲ਼ ਮਿਲਾਉਣ ਚੱਲੀਏ।
ਦੀਵਾਲੀ ਤੋਂ ਠੀਕ ਦੋ ਦਿਨ ਪਹਿਲਾਂ ਸੁਭੱਦਰਾ ਠਾਕੁਰ (ਹੇਠਲੀ ਸੱਜੇ ਪਾਸੇ ਦੀ ਤਸਵੀਰ ਵਿੱਚ) ਆਪਣੇ ਘਰ ਦੇ ਰੰਗ-ਰੋਗਣ ਦਾ ਕੰਮ ਕਰ ਰਹੇ ਹਨ। ਘਰ ਦੀਆਂ ਕੰਧਾਂ ਨੀਲੀਆਂ ਹਨ ਤੇ ਦਸਤਾਨੇ ਪਾਈ ਨੀਲੀਆਂ ਕੰਧਾਂ 'ਤੇ ਚਿੱਟਾ ਰੋਗਣ ਫੇਰ ਰਹੇ ਹਨ। ਕਿਚਨ ਕਾਊਂਟਰ ਬੜੇ ਸਲੀਕੇ ਨਾਲ਼ ਸਜਾਈ ਹੋਈ ਹੈ। ਖਾਣਾ ਬਣਾਉਣ ਦਾ ਕੰਮ ਕਰ ਲਿਆ ਗਿਆ ਹੈ। ਤਕਰੀਬਨ 11:30 ਵਜੇ ਕੁਝ ਪਲਾਂ ਦੇ ਅਰਾਮ ਦੀ ਤਲਾਸ਼ ਵਿੱਚ ਉਹ ਘਰੋਂ ਬਾਹਰ ਨਿਕਲ਼ਦੇ ਹਨ; ਉਨ੍ਹਾਂ ਦੇ ਪੋਤੇ-ਪੋਤੀਆਂ, ਜੋ ਉਨ੍ਹਾਂ ਕੋਲ਼ ਆਏ ਹੋਏ ਹਨ, ਧੁੱਪੇ ਖੇਡ ਰਹੇ ਹਨ। ਬੱਚਿਆਂ ਨੂੰ ਖੇਡਦੇ ਦੇਖਣ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਤੈਰਨ ਲੱਗਦੀ ਹੈ। ਗਰਮੀਆਂ ਦੇ ਦਿਨੀਂ ਇਨ੍ਹਾਂ ਦਾ ਪੂਰਾ ਦਿਨ ਆਪਣੇ ਖੇਤਾਂ ਵਿੱਚ ਹੀ ਬੀਤਦਾ ਹੈ। ਪਰ, ਹੁਣ ਠੰਡ ਨੇ ਦਸਤਕ ਦੇ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲ਼ੇਗੀ...
ਪਿਤੰਗਲੀ ਪਿੰਡ ਵਿੱਚ ਆਪਣੇ ਘਰ ਤੋਂ ਲੈ ਕੇ ਮਸ਼ੋਬਰਾ (ਹਿਮਾਚਲ ਪ੍ਰਦੇਸ਼) ਵਿੱਚ ਪਹਾੜੀ ਢਲਾਨ 'ਤੇ ਆਪਣੇ ਖੇਤਾਂ ਤੱਕ, ਸੁਭਦਰਾ ਅਤੇ ਉਨ੍ਹਾਂ ਦੀ ਨੂੰਹ ਉਰਮਿਲ ਇੱਕ ਤੰਗ ਅਤੇ ਪਥਰੀਲੇ ਰਸਤੇ ਵਿੱਚੋਂ ਲੰਘਦੀਆਂ ਹਨ। ਲਗਭਗ ਡੇਢ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਇਹ ਰਸਤਾ ਪਹਾੜ ਦੇ ਕਿਨਾਰੇ ਨਾਲ ਮਿਲ ਜਾਂਦਾ ਹੈ, ਘਾਟੀ ਦੇ ਆਲੇ-ਦੁਆਲੇ ਲੰਘਣਾ ਸ਼ੁਰੂ ਕਰਦਾ ਹੈ, ਜੰਗਲਾਂ ਵਿੱਚੋਂ ਲੰਘਦਾ ਹੈ ਅਤੇ ਨਿਰੰਤਰ ਚੜ੍ਹਾਈ ਵੱਲ ਜਾਂਦਾ ਦਿਖਾਈ ਦਿੰਦਾ ਹੈ।
ਔਰਤਾਂ ਸਵੇਰੇ-ਸਵੇਰੇ ਖੇਤਾਂ ਲਈ ਰਵਾਨਾ ਹੋ ਜਾਂਦੀਆਂ ਹਨ। ਉਹ ਆਪਣੇ ਨਾਲ ਖਾਣ ਲਈ ਕੁਝ ਹਲਕਾ ਅਤੇ ਇੱਕ ਮਜ਼ਬੂਤ ਟੋਕਰੀ ਲੈ ਕੇ ਜਾਂਦੇ ਹਨ ਤਾਂ ਜੋ ਉਹ ਦਿਨ ਦੀ ਉਪਜ ਨੂੰ ਆਪਣੇ ਵਿੱਚ ਲੈ ਜਾ ਸਕਣ ਅਤੇ ਸ਼ਾਮ ਨੂੰ ਘਰ ਲੈ ਕੇ ਆ ਸਕਣ। ਇੱਕ ਲੰਬੇ ਅਤੇ ਥਕਾਵਟ ਭਰੇ ਦਿਨ ਤੋਂ ਬਾਅਦ, ਉਹ ਆਪਣੀ ਪਿੱਠ ਜਾਂ ਮੱਥੇ 'ਤੇ ਟੋਕਰੀਆਂ ਵਿੱਚ ਦਸਾਂ ਕਿਲੋ ਸਾਮਾਨ ਲੈ ਕੇ ਘਰ ਵਾਪਸ ਆਉਂਦੇ ਹਨ।
ਲਗਭਗ ਸਾਰੇ ਪਹਾੜੀ ਪਰਿਵਾਰ ਪਸ਼ੂ ਪਾਲਦੇ ਹਨ। ਪਹਿਲਾਂ ਉਹ ਸਿਰਫ ਪਹਾੜੀ ਨਸਲ ਦੇ ਪਸ਼ੂ ਪਾਲਦੇ ਸਨ, ਜੋ ਉਨ੍ਹਾਂ ਦਿਨਾਂ ਵਿੱਚ ਆਮ ਸੀ। ਇਹ ਪਾਲਤੂ ਜਾਨਵਰ ਆਕਾਰ ਵਿੱਚ ਛੋਟੇ ਅਤੇ ਫਿੱਟ ਹੁੰਦੇ ਸਨ ਅਤੇ ਪਹਾੜ 'ਤੇ ਰਹਿੰਦੇ ਹੋਏ ਇਸ ਜਗ੍ਹਾ ਦੇ ਅਨੁਕੂਲ ਹੋ ਗਏ ਸਨ। ਪਰ, ਫਿਰ ਪਸ਼ੂਆਂ ਦੀਆਂ ਵਿਦੇਸ਼ੀ ਨਸਲਾਂ ਵੱਲ ਰੁਝਾਨ ਵਧਣਾ ਸ਼ੁਰੂ ਹੋ ਗਿਆ ਅਤੇ ਹੁਣ ਉਹ ਲਗਭਗ ਹਰ ਜਗ੍ਹਾ ਪਾਏ ਜਾਂਦੇ ਹਨ. ਜਰਸੀ ਦੀਆਂ ਗਊਆਂ ਨੂੰ ਵਧੇਰੇ ਚਾਰਾ ਖੁਆਉਣਾ ਪੈਂਦਾ ਹੈ, ਪਰ ਉਹ ਪਹਾੜੀ ਗਾਵਾਂ ਨਾਲੋਂ ਕਿਤੇ ਜ਼ਿਆਦਾ ਦੁੱਧ ਵੀ ਦਿੰਦੀਆਂ ਹਨ। ਗਊਆਂ ਦੇ ਰਹਿਣ ਦੀ ਜਗ੍ਹਾ ਨੂੰ ਸਾਫ਼ ਕਰਨਾ, ਦੁੱਧ ਕੱਢਣਾ ਅਤੇ ਚਾਰਾ ਇਕੱਠਾ ਕਰਨਾ; ਇਹ ਕੰਮ ਇੱਥੇ ਔਰਤਾਂ ਦੇ ਹਿੱਸੇ ਵਿੱਚ ਵੀ ਕੀਤਾ ਜਾਂਦਾ ਹੈ।
ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਇੰਨੀਆਂ ਖੂਬਸੂਰਤ ਹਨ ਕਿ ਇਹ ਸੁੰਦਰਤਾ ਵਿਅਕਤੀ ਦੇ ਅੰਦਰ ਹਲਚਲ ਪੈਦਾ ਕਰਦੀ ਹੈ। ਇਨ੍ਹਾਂ ਪਹਾੜੀਆਂ 'ਤੇ ਚੜ੍ਹਨਾ ਵੀ ਓਨਾ ਹੀ ਮੁਸ਼ਕਲ ਮੁੱਦਾ ਹੈ। ਪਰ ਇੱਥੇ ਪੈਦਲ ਚੱਲ ਰਹੀਆਂ ਸਥਾਨਕ ਔਰਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਚੜ੍ਹਾਈ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ ਹੈ। ਚਮਕਦਾਰ ਰੰਗ ਦੀ ਸਲਵਾਰ-ਕਮੀਜ਼ ਅਤੇ ਸਿਰਾਂ ਨੂੰ ਸਕਾਰਫ ਨਾਲ਼ ਢੱਕੀ, ਇਹ ਔਰਤਾਂ ਨਿੱਕੇ-ਨਿੱਕੇ ਪੱਬ ਟਿਕਾਈ ਪਹਾੜੀਆਂ ਨੂੰ ਪਾਰ ਕਰਦੀਆਂ ਰਹਿੰਦੀਆਂ ਹਨ, ਅਜਿਹੇ ਮੌਕੇ ਉਹ ਅਦੁੱਤੀ ਜੋਸ਼ ਤੋਂ ਕੰਮ ਲੈਂਦੀਆਂ ਹਨ। ਆਉਣ ਵਾਲ਼ੇ ਸਿਆਲ ਰੁੱਤ ਲਈ ਉਹ ਘਾਹ ਦੀ ਕਟਾਈ ਕਰਨ, ਪੰਡਾਂ ਬੰਨ੍ਹਣ ਭਾਵ ਚਾਰਾ ਇਕੱਠਾ ਕਰਨ ਲਈ ਅਣਥੱਕ ਮਿਹਨਤ ਕਰਦੀਆਂ ਹਨ। ਫਿਰ ਘਾਹ ਨੂੰ ਵਿਹੜੇ ਦੀ ਧੁੱਪ ਵਿੱਚ ਸੁਕਾਇਆ ਜਾਂਦਾ ਹੈ, ਲਗਭਗ 10 ਫੁੱਟ ਉੱਚਾ ਢੇਰ ਬਣਾ ਕੇ ਇੱਕ ਖੁੱਲ੍ਹੀ ਜਗ੍ਹਾ ਵਿੱਚ ਇਕੱਠਾ ਕੀਤਾ ਜਾਂਦਾ ਹੈ।
ਖੇਤਾਂ ਤੋਂ ਪ੍ਰਾਪਤ ਉਪਜ ਇੱਥੋਂ ਦੇ ਪਰਿਵਾਰਾਂ ਦਾ ਪੇਟ ਵੀ ਭਰਦੀ ਹੈ। ਬਾਜਰਾ, ਰਾਜਮਾ ਅਤੇ ਮੱਕੀ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਉਨ੍ਹਾਂ ਤੋਂ ਆਟਾ ਵੀ ਬਣਾਇਆ ਜਾਂਦਾ ਹੈ। ਠੰਡੇ ਮਹੀਨਿਆਂ ਵਿੱਚ, ਖੇਤਾਂ ਵਿੱਚ ਗੋਭੀ ਅਤੇ ਫੁੱਲਗੋਭੀ ਦੀ ਪੈਦਾਵਾਰ ਖੇਤਾਂ ਨੂੰ ਹੋਰ ਹਰਿਆ-ਭਰਿਆ ਬਣਾ ਦਿੰਦੀ ਹੈ। ਸੇਬ ਦਾ ਮੌਸਮ ਵੀ ਉਦੋਂ ਖਤਮ ਹੁੰਦਾ ਹੈ, ਨਾਸ਼ਪਤੀ ਦਾ ਆਖਰੀ ਫਲ ਵੀ ਜ਼ਮੀਨ 'ਤੇ ਡਿੱਗ ਚੁੱਕ ਹੁੰਦਾ ਹੈ ਇੰਝ ਹੌਲ਼ੀ ਹੌਲ਼ੀ ਸਭ ਮੁੱਕਣ ਲੱਗਦਾ ਹੈ।
ਬਸੰਤ ਰੁੱਤ ਵਿੱਚ, ਸੁਭਦਰਾ ਦਾ ਪਤੀ ਪਹਾੜੀ ਬਲਦਾਂ ਦੀ ਮਦਦ ਨਾਲ਼ ਪਹਾੜੀ ਦੇ ਕਿਨਾਰਿਆਂ 'ਤੇ ਛੱਤ ਵਾਲੇ ਖੇਤਾਂ ਵਿੱਚ ਵਾਹੀ ਕਰਦਾ ਹੈ। (ਉਨ੍ਹਾਂ ਦਾ ਬੇਟਾ, ਜੋ ਸਪਾਂਡਿਲਾਈਟਿਸ ਤੋਂ ਪੀੜਤ ਹੈ, ਹੁਣ ਸੈਲਾਨੀਆਂ ਨੂੰ ਕੈਬ ਦੀ ਸਵਾਰੀ ਪ੍ਰਦਾਨ ਕਰਕੇ ਰੋਜ਼ੀ-ਰੋਟੀ ਕਮਾਉਂਦਾ ਹੈ।
ਦੋ ਫਸਲੀ ਚੱਕਰ ਖਤਮ ਹੋਣ ਤੋਂ ਬਾਅਦ, ਸੁਭਦਰਾ ਵਰਗੇ ਜ਼ਮੀਨ ਮਾਲਕ ਪਰਿਵਾਰਾਂ ਨੂੰ ਕਾਫ਼ੀ ਆਮਦਨੀ ਮਿਲਦੀ ਹੈ। ਇਸ ਲੜੀ ਵਿੱਚ, ਉਹ ਠੰਡੇ ਮਹੀਨੇ ਵਿੱਚ ਖਾਣ-ਪੀਣ ਦਾ ਪ੍ਰਬੰਧ ਵੀ ਕਰਦੇ ਹਨ। ਇਹ ਸਭ ਬਰਫ ਪੈਣ ਤੋਂ ਪਹਿਲਾਂ ਕੀਤਾ ਜਾਂਦਾ ਹੈ ਜੋ ਹਫਤਿਆਂ ਤੱਕ ਜ਼ਮੀਨ 'ਤੇ ਪਈ ਹੀ ਰਹਿੰਦ ਹੈ। ਪਹਾੜਾਂ 'ਤੇ ਬਰਫ ਇਕ ਬਿਨ-ਬੁਲਾਏ ਮਹਿਮਾਨ ਵਾਂਗ ਆਉਂਦੀ ਹੈ, ਜਿਸ ਦੀ ਰਵਾਨਗੀ ਮੇਜ਼ਬਾਨ ਦੇ ਹੱਥ ਵਿਚ ਨਹੀਂ ਹੁੰਦੀ. ਇਸ ਲਈ, ਜਦੋਂ ਵੀ ਸੰਭਵ ਹੋਵੇ, ਔਰਤਾਂ ਆਪਣੀ ਜ਼ਰੂਰਤ ਦੀ ਹਰ ਚੀਜ਼ ਇਕੱਠੀ ਕਰਦੀਆਂ ਰਹਿੰਦੀਆਂ ਹਨ। ਉਦਾਹਰਨ ਲਈ, ਸਟੋਵ ਲਈ ਲੱਕੜ. ਪਾਈਨ ਦੇ ਫਲ ਜੰਗਲ ਦੇ ਰਸਤਿਆਂ ਤੋਂ ਇਕੱਠੇ ਕੀਤੇ ਜਾਂਦੇ ਹਨ, ਅਤੇ ਉਨ੍ਹਾਂ ਨੂੰ ਸਾੜਿਆ ਜਾਂਦਾ ਹੈ ਤਾਂ ਜੋ ਸਰੀਰ ਨੂੰ ਗਰਮੀ ਮਿਲੇ।
ਠੰਢ ਦੇ ਮਹੀਨਿਆਂ ਵਿੱਚ, ਜ਼ਿਆਦਾਤਰ ਕੰਮ ਘਰ ਦੇ ਅੰਦਰ ਕੀਤਾ ਜਾਂਦਾ ਹੈ। ਔਰਤਾਂ ਬੁਣਦੀਆਂ ਹਨ, ਨਾਲ ਹੀ ਸਫਾਈ ਅਤੇ ਬੱਚਿਆਂ ਦੀ ਦੇਖਭਾਲ ਵੀ ਕਰਦੀਆਂ ਹਨ। ਪਹਾੜੀ ਔਰਤਾਂ ਲਈ ਅਰਾਮ ਸਿਰਫ਼ ਇੱਕ ਸ਼ਬਦ ਹੀ ਹੈ। ਆਮ ਦਿਨੀਂ ਵੀ, ਪਹਾੜੀ ਮਾਰਗਾਂ 'ਤੇ ਜਾਂਦਿਆਂ ਆਪਣੀਆਂ ਪਿੱਠਾਂ ਤੇ ਬੰਨ੍ਹੀਆਂ ਟੋਕਰੀਆਂ ਨਾਲ਼ ਇਹ ਔਰਤਾਂ ਬੜੇ ਧਿਆਨ ਨਾਲ਼ ਪਹਾੜੀਆਂ ਪਾਰ ਕੀਤੀਆਂ ਜਾਂਦੀਆਂ ਹਨ।
ਤਰਜਮਾ: ਕਮਲਜੀਤ ਕੌਰ