ਜਦੋਂ ਮੈਂ ਤਾਰਪਾ ਵਜਾਉਂਦਾ ਹਾਂ ਤਾਂ ਸਾਡੇ ਵਰਲੀ ਲੋਕਾਂ ਦੇ ਸਰੀਰ ਅੰਦਰ ਜਿਓਂ ਹਵਾ ਵਗਣ ਲੱਗਦੀ ਹੋਵੇ, ਉਨ੍ਹਾਂ ਦੇ ਸਰੀਰ ਇੰਝ ਲਹਿਰਾਉਣ ਲੱਗਦੇ ਹਨ ਜਿਓਂ ਹਵਾ ਨਾਲ਼ ਲਹਿਰਾਉਂਦੇ ਰੁੱਖ ਹੋਣ।
ਜਦੋਂ ਮੈਂ ਤਾਰਪਾ ਵਜਾਉਂਦਾ ਹਾਂ, ਮੈਂ ਆਪਣੀ ਸਵਾਰੀ ਦੇਵੀ ਤੇ ਉਹਦੇ ਸਾਥੀਆਂ ਨੂੰ ਬੁਲਾਉਂਦਾ ਹਾਂ ਤੇ ਮੇਰੇ ਲੋਕੀਂ ਉਸ ਵੇਗ ਨਾਲ਼ ਝੂਮਣ ਲੱਗਦੇ ਹਨ।
ਇਹ ਸਾਰੀ ਆਸਥਾ ਦੀ ਗੱਲ ਹੈ। ' ਮਾਨਲ ਤਯਾਚਾ ਦੇਵ , ਨਾਹੀ ਤਯਾਚਾ ਨਾਹੀ '। (ਇੱਕ ਭਗਤ ਕੋਲ਼ ਪਰਮਾਤਮਾ ਹੁੰਦਾ ਹੈ ਤੇ ਨਾਸਤਿਕ ਕੋਲ਼ ਕੁਝ ਵੀ ਨਹੀਂ।) ਮੇਰੇ ਲਈ, ਮੇਰਾ ਤਾਰਪਾ ਹੀ ਮੇਰਾ ਸਭ ਕੁਝ ਹੈ। ਇਸਲਈ, ਮੈਂ ਆਪਣੇ ਹੱਥ ਜੋੜਦਾ ਤੇ ਇਹਦੀ ਪੂਜਾ ਕਰਦਾ ਹਾਂ।
ਨਵਸ਼ਿਆ, ਮੇਰੇ ਪੜਦਾਦਾ, ਤਾਰਪਾ ਵਜਾਇਆ ਕਰਦੇ ਸਨ।
ਉਨ੍ਹਾਂ ਦਾ ਬੇਟਾ, ਧਾਕਲਿਆ ਵੀ ਤਾਰਪਾ ਵਜਾਉਂਦਾ।
ਧਾਕਲਿਆ ਦਾ ਬੇਟਾ ਲਾਡਕੀਆ ਵੀ ਤਪਵਾ ਵਜਾਇਆ ਕਰਦਾ।
ਤੇ ਲਾਡਕੀਆ ਮੇਰੇ ਪਿਤਾ ਸਨ।
ਬ੍ਰਿਟਿਸ਼ ਕਾਲ ਦਾ ਦੌਰ ਸੀ। ਅਸੀਂ ਗ਼ੁਲਾਮ ਸਾਂ। ਸਾਡੇ ਪਿੰਡ, ਵਾਲਵਾਂਡੇ ਵਿਖੇ, ਸਿਰਫ਼ ਇੱਕੋ ਸਕੂਲ ਹੁੰਦਾ ਸੀ ਉਹ ਵੀ 'ਵੱਡੇ' ਲੋਕਾਂ (ਉੱਚੀ ਜਾਤ ਵਾਲ਼ਿਆਂ) ਲਈ। ਗ਼ਰੀਬਾਂ ਲਈ ਕੋਈ ਸਕੂਲ ਨਹੀਂ ਸੀ। ਉਸ ਵੇਲ਼ੇ ਮੇਰੀ ਉਮਰ 10-12 ਸਾਲ ਦੀ ਸੀ। ਮੈਂ ਡੰਗਰ ਚਰਾਉਂਦਾ। ਮੇਰੇ ਮਾਪੇ ਸੋਚਦੇ ' ਗਾਈ ਮਾਗੇ ਗੇਲਾ ਤਾਰ ਰੋਟੀ ਮਿਲਾਲ। ਸ਼ਾਲੇਤ ਗੇਲਾ ਤਾਰ ਉਪਾਸ਼ਿਰਾਹਾਲ (ਜੇ ਮੈਂ ਡੰਗਰ ਚਾਰੇ ਫਿਰ ਹੀ ਮੈਨੂੰ ਰੋਟੀ ਮਿਲ਼ੇਗੀ। ਜੇ ਮੈਂ ਸਕੂਲ ਗਿਆ ਤਾਂ ਭੁੱਖਾ ਮਰ ਜਾਊਂਗਾ)।' ਮੇਰੇ ਸੱਤ ਭੈਣ-ਭਰਾ ਸਨ ਜਿਨ੍ਹਾਂ ਦਾ ਢਿੱਡ ਮਾਂ ਨੇ ਭਰਨਾ ਹੁੰਦਾ ਸੀ।
ਮੇਰੇ ਪਿਤਾ ਕਿਹਾ ਕਰਦੇ,'ਜਦੋਂ ਡੰਗਰ ਚਰਦੇ ਹੁੰਦੇ ਹਨ ਤੂੰ ਤਾਂ ਵਿਹਲਾ ਹੀ ਬੈਠਾ ਰਹਿੰਦਾ ਏਂ। ਤੂੰ ਤਾਰਪਾ ਕਿਉਂ ਨਹੀਂ ਵਜਾਉਂਦਾ? ਇਹ ਨਾ ਸਿਰਫ਼ ਤੈਨੂੰ ਤੰਦਰੁਸਤੀ ਬਖ਼ਸ਼ੇਗਾ ਸਗੋਂ ਤੇਰਾ ਮਨ ਵੀ ਲੱਗਿਆ ਰਹੇਗਾ।' ਨਾਲ਼ੇ ਨਿਕਲ਼ਣ ਵਾਲ਼ੀ ਧੁਨੀ ਕਾਰਨ ਕੋਈ ਕੀੜਾ-ਮਕੌੜਾ ਵੀ ਡੰਗਰਾਂ ਲਾਗੇ ਨਹੀਂ ਲੱਗੇਗਾ।
ਜਦੋਂ ਮੈਂ ਡੰਗਰਾਂ ਦੇ ਨਾਲ਼ ਜੰਗਲਾਂ ਵਿੱਚ ਜਾਂ ਚਰਾਂਦਾਂ ਵਿੱਚ ਹੁੰਦਾ, ਮੈਂ ਤਾਰਪਾ ਵਜਾਉਣਾ ਸ਼ੁਰੂ ਕਰ ਦਿੱਤਾ। ਲੋਕੀਂ ਸ਼ਿਕਾਇਤ ਕਰਿਆ ਕਰਦੇ,'ਇੱਕ ਤਾਂ ਧਿਨਦਿਆ ਦਾ ਮੁੰਡਾ ਸਾਰਾ ਦਿਨ- ਕਯਾਵ ਕਯਾਵ ਕਰਦਾ ਰਹਿੰਦਾ ਏ।' ਇੱਕ ਦਿਨ ਮੇਰੇ ਪਿਤਾ ਨੇ ਕਿਹਾ,'ਜਦੋਂ ਤੱਕ ਮੈਂ ਜਿਊਂਦਾ ਹਾਂ, ਮੈਂ ਤੇਰੇ ਲਈ ਤਾਰਪਾ ਬਣਾਉਂਦਾ ਰਹਾਂਗਾ। ਜਦੋਂ ਮੈਂ ਜਹਾਨੋਂ ਤੁਰ ਗਿਆ, ਫਿਰ ਕੌਣ ਬਣਾਵੇਗਾ?' ਇਸਲਈ, ਮੈਂ ਇਹਨੂੰ ਬਣਾਉਣ ਦੀ ਕਲਾ ਵੀ ਸਿੱਖਣ ਲੱਗਿਆ।
ਤਾਰਪਾ ਬਣਾਉਣ ਲਈ ਤਿੰਨ ਸਮੱਗਰੀਆਂ ਦੀ ਲੋੜ ਹੁੰਦੀ ਹੈ। ਮਾੜ (ਤੋੜੀ ਖ਼ਜੂਰ) ਦੇ ਪੱਤੇ 'ਧੁਨੀ' (ਗੂੰਜਣ ਵਾਲ਼ਾ ਸਿੰਘ-ਰੂਪੀ ਅਕਾਰ) ਬਣਾਉਣ ਲਈ। ਬਾਂਸ (ਬੈਂਤ) ਦੇ ਦੋ ਟੁਕੜੇ ਲੱਗਦੇ ਸਨ, ਇੱਕ ਨਰ ਤੇ ਇੱਕ ਮਾਦਾ। ਨਰ ਵਾਲ਼ੇ ਟੁਕੜੇ ਨੂੰ ਲੈਅ ਕੱਢਣ ਲਈ ਥਾਪੜਨਾ ਪੈਂਦਾ ਹੈ। ਤੀਜੀ ਚੀਜ਼ ਜੋ ਤੁਹਾਨੂੰ ਚਾਹੀਦੀ ਹੈ ਉਹ ਹੈ ਹਵਾ ਨੂੰ ਭਰਨ ਲਈ ਲੌਕੀ। ਜਦੋਂ ਮੈਂ ਫੂਕ ਮਾਰਦਾ ਹਾਂ, ਤਾਂ ਦੋਵੇਂ ਨਰ-ਮਾਦਾ ਟੁਕੜੇ ਇਕੱਠੇ ਰਲ਼ ਜਾਂਦੇ ਹਨ ਤੇ ਸਭ ਤੋਂ ਆਕਰਸ਼ਕਤੇ ਮਿੱਠੀ ਧੁਨੀ ਕੱਢਦੇ ਹਨ।
ਤਾਰਪਾ ਇੱਕ ਪਰਿਵਾਰ ਵਾਂਗ ਹੈ। ਇਸ ਵਿੱਚ ਇੱਕ ਔਰਤ ਵੀ ਹੁੰਦੀ ਹੈ ਅਤੇ ਇੱਕ ਮਰਦ ਵੀ। ਜਦੋਂ ਮੈਂ ਇਸ ਵਿੱਚ ਫੂਕ ਮਾਰਦਾ ਹਾਂ, ਤਾਂ ਉਹ ਦੋਵੇਂ ਇਕੱਠੇ ਹੋ ਕੇ ਜਾਦੂਈ ਆਵਾਜ਼ (ਗੂੰਜ) ਕੱਢਦੇ ਹਨ। ਪੱਥਰ ਵਾਂਗ ਬੇਜਾਨ ਜਿਹਾ ਜਾਪਣ ਵਾਲ਼ਾ ਇਹ ਸਾਜ਼ ਮੇਰੇ ਹਵਾ ਫੂਕਦਿਆਂ ਹੀ ਜੀਵੰਤ ਹੋ ਉੱਠਦਾ ਹੈ। ਇੱਕ ਸੁਰ ਨਿਕਲ਼ਦਾ ਹੈ ਤੇ ਪੂਰਾ ਰੋਮ-ਰੋਮ ਚਹਿਕ ਉੱਠਦਾ ਹੈ। ਬੱਸ, ਇਸ ਵਾਸਤੇ ਛਾਤੀ ਅੰਦਰ ਹਵਾ ਹੋਣੀ ਚਾਹੀਦੀ ਹੈ। ਯੰਤਰ ਨੂੰ ਫੂਕਦੇ ਸਮੇਂ, ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਸਾਹ ਲੈਣ ਲਈ ਵੀ ਛਾਤੀ ਦੇ ਅੰਦਰ ਕਾਫ਼ੀ ਹਵਾ ਹੋਵੇ।
ਅਸੀਂ ਕੇਵਲ ਪਰਮਾਤਮਾ ਦੁਆਰਾ ਦਿੱਤੇ ਗਿਆਨ ਨਾਲ਼ ਹੀ ਇਹ ਸਾਜ ਬਣਾ ਸਕਦੇ ਹਾਂ। ਇਹ ਸਭ ਪਰਮੇਸ਼ੁਰ ਦਾ ਹੀ ਤਾਂ ਹੈ।
ਮੇਰੇ ਪਿਤਾ ਕਹਿੰਦੇ, 'ਜਦੋਂ ਡੰਗਰ ਚਰਦੇ ਹੁੰਦੇ ਹਨ ਤੂੰ ਤਾਂ ਵਿਹਲਾ ਹੀ ਬੈਠਾ ਰਹਿੰਦਾ ਏਂ। ਤੂੰ ਤਾਰਪਾ ਕਿਉਂ ਨਹੀਂ ਵਜਾਉਂਦਾ? ਇਹ ਨਾ ਸਿਰਫ਼ ਤੈਨੂੰ ਤੰਦਰੁਸਤੀ ਬਖ਼ਸ਼ੇਗਾ ਸਗੋਂ ਤੇਰਾ ਮਨ ਵੀ ਲੱਗਿਆ ਰਹੇਗਾ'
*****
ਮੇਰੇ ਮਾਪਿਆਂ ਅਤੇ ਬਜ਼ੁਰਗਾਂ ਨੇ ਸਾਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਹਨ। ਅੱਜ, ਜੇ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਲੋਕਾਂ ਦੇ ਸਾਹਮਣੇ ਦੱਸਦੇ ਹੋ, ਤਾਂ ਲੋਕ ਮਜਾਕ ਉਡਾ ਸਕਦੇ ਹੁੰਦੇ ਹਨ। ਪਰ ਉਹ ਸਾਰੇ ਸਾਡੇ ਪੁਰਖਿਆਂ ਦੀਆਂ ਕਹਾਣੀਆਂ ਹਨ।
ਬ੍ਰਹਿਮੰਡ ਦੀ ਸਿਰਜਣਾ ਤੋਂ ਬਾਅਦ, ਦੇਵਤੇ ਚਲੇ ਗਏ। ਤਾਂ ਫਿਰ ਵਾਰਲੀ ਕਿੱਥੋਂ ਆਏ?
ਕੰਦਰਮ ਡੇਹਲੀਆ ਤੋਂ।
ਦੇਵਤਿਆਂ ਨੇ ਕੰਦਰਾਮ ਦੇਹਲਯਾਨ ਲਈ ਆਪਣੀ ਮਾਂ ਕੋਲ਼ ਕੁਝ ਦਹੀਂ ਛੱਡ ਦਿੱਤੀ ਸੀ। ਉਸਨੇ ਦਹੀਂ ਖਾਧੀ ਪਰ ਬਾਅਦ ਵਿੱਚ ਇੱਕ ਮੱਝ ਵੀ ਖਾਧੀ। ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਮਾਂ ਨੇ ਉਸ ਨੂੰ ਘਰੋਂ ਚੁੱਕ ਕੇ ਬਾਹਰ ਸੁੱਟ ਦਿੱਤਾ।
ਇਸ ਤਰ੍ਹਾਂ ਸਾਡੇ ਬਜ਼ੁਰਗ ਸਮਝਾਉਂਦੇ ਹਨ ਕਿ ਵਾਰਲੀ ਦਾ ਮੂਲ ਪੁਰਸ਼ ਕੰਦਰਾਮ ਦੇਹਲਿਆ ਇੱਥੇ ਕਿਵੇਂ ਆਇਆ।
ਕੰਦਰਮ ਦੇਹਲਿਆਲਾਹੁਨ
ਪਾਲਸੋਨਦਿਆਲਾ ਪਰਸਾਂਗ ਝਾਲਾ
ਨਟਵਾਚੋਡੇਲਾ ਨਤਾਲਾ
ਖਰਾਵਣਦਿਆਲਾ ਖਾਰਾ ਝਾਲਾ
ਸ਼ਿੰਗਾਰਾਪਡਿਆਲਾ ਸ਼ਿੰਗਾਰਾਲਾ
ਆਦਾਖਾਦਕਲਾ ਅਦ ਝਾਲਾ
ਕਾਟਾ ਕੋਚਾਈ ਕਸਤਾਵਦੀ ਝਾਲਾ
ਕੈਸੇਲੀਨਾ ਯੇਵੁਨ ਹਸਲਾ
ਇੱਕ ਵਲਵੰਦਿਆਲਾ ਯੇਵੁਨ ਬਸਾਲਾ
ਗੋਰਿਆਲਾ ਜਾਨ ਖਾਰਾ ਝਾਲਾ
ਗੋਰਿਆਲਾ ਰਾਹਲਾ ਗੋਂਡਿਆ
ਚੰਦਿਆ ਅਲਾ ਗੰਭੀਰਾਗਦਾ ਆਲਾ
Kandram Dehlyalahun
Palsondyala parsang jhala
Natavchondila Natala
Kharvandyala khara jhala
Shingarpadyala shingarala
Aadkhadakala aad jhala
Kata khochay Kasatwadi jhala
Kaselila yeun hasala
Aan Walwandyala yeun basala.
Goryala jaan khara jaala
Goryala rahala Gondya
Chandya aala, Gambhirgada aala
*ਕਵਿਤਾ ਪਾਲਘਰ ਜ਼ਿਲ੍ਹੇ ਦੇ ਜਵਾਹਰ ਬਲਾਕ ਦੇ ਪਿੰਡਾਂ ਅਤੇ ਬਸਤੀਆਂ ਦੇ ਨਾਵਾਂ ਦੀ ਵਰਤੋਂ ਕਰਦੀ ਹੋਈ ਤੁਕਬੰਦੀ ਕਰਦੀ ਹੈ।
ਵਾਰਲੀਆਂ ਵਾਂਗ, ਇੱਥੇ ਕੁਝ ਹੋਰ ਭਾਈਚਾਰੇ ਰਹਿੰਦੇ ਹਨ। ਰਾਜਕੋਲੀ, ਕੋਕਨਾ, ਕਾਤਕਾਰੀ, ਠਾਕੁਰ, ਮਹਾਰ, ਚੰਬਰ ...। ਮੈਨੂੰ ਯਾਦ ਹੈ ਕਿ ਮੈਂ ਮਹਾਰਾਜਾ (ਜਵਾਹਰ ਦੇ ਰਾਜੇ ਦੇ) ਦਰਬਾਰ (ਦਰਬਾਰ ਵਿਚ) ਵਿੱਚ ਕੰਮ ਕਰ ਰਿਹਾ ਸਾਂ। ਉਹ ਦਰਬਾਰ ਵਿੱਚ ਸੁਸਾਇਟੀ ਦੇ ਲੋਕਾਂ ਨਾਲ਼ ਕਰਾਵਲ ਦੇ ਪੱਤੇ 'ਤੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਮੈਂ ਉਨ੍ਹਾਂ ਦੇ ਖਾਧੇ ਪੱਤਿਆਂ ਨੂੰ ਸੁੱਟ ਦਿੰਦਾ ਸੀ। ਸਾਰੇ ਭਾਈਚਾਰਿਆਂ ਦੇ ਲੋਕ ਉੱਥੇ ਖਾਣਾ ਖਾਂਦੇ ਸਨ। ਕੋਈ ਭੇਦਭਾਵ ਨਹੀਂ ਸੀ। ਮੈਂ ਵੀ ਉੱਥੇ ਇਹ ਸਮਾਨਤਾ ਸਿੱਖੀ ਤੇ ਉਦੋਂ ਤੋਂ, ਕਾਤਕਾਰੀ ਜਾਂ ਮੁਸਲਮਾਨਾਂ ਦੇ ਹੱਥਾਂ ਤੋਂ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ। ਰਾਜਕੋਲੀ ਉਹ ਪਾਣੀ ਨਾ ਪੀਂਦੇ ਜੋ ਵਾਰਲੀਆਂ ਨੇ ਛੂਹਿਆ ਹੁੰਦਾ। ਸਾਡੇ ਲੋਕ ਕਾਤਕਾਰੀ, ਚੰਬਰ ਜਾਂ ਧੋਰ ਕੋਲੀ ਲੋਕਾਂ ਦੁਆਰਾ ਛੂਹਿਆ ਪਾਣੀ ਨਾ ਪੀਂਦੇ। ਪਰ ਮੈਂ ਕਦੇ ਵੀ ਅਜਿਹੇ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਕਰਦਾ।
ਉਹ ਸਾਰੇ ਜੋ ਹੀਰਵਾ ਦੇਵ ਅਤੇ ਤਾਰਪਾ ਦੀ ਪੂਜਾ ਕਰਦੇ ਹਨ ਉਹ ਵਾਰਲੀ ਹਨ।
ਅਸੀਂ ਇਕੱਠੇ ਤਿਉਹਾਰ ਮਨਾਉਂਦੇ ਹਾਂ। ਨਵੇਂ ਝੋਨੇ ਦੀ ਵਾਢੀ ਤੋਂ ਬਾਅਦ, ਇਸ ਨੂੰ ਆਪਣੇ ਪਰਿਵਾਰ ਅਤੇ ਗੁਆਂਢੀਆਂ ਨਾਲ਼ ਸਾਂਝਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਪਿੰਡ ਦੀ ਦੇਵੀ, ਗਾਓਂਦੇਵੀ ਨੂੰ ਭੇਟ ਕਰਦੇ ਹਾਂ। ਉਸ ਨੂੰ ਪਹਿਲਾ ਨਿਵਾਲ਼ਾ ਦੇਣ ਤੋਂ ਬਾਅਦ ਹੀ ਅਸੀਂ ਖਾਂਦੇ ਹਾਂ। ਤੁਸੀਂ ਇਸ ਨੂੰ ਅੰਧੀ-ਸ਼ਰਧਾ (ਅੰਨ੍ਹਾ ਵਿਸ਼ਵਾਸ) ਸਮਝ ਸਕਦੇ ਹੋ। ਪਰ ਇੰਝ ਨਹੀਂ ਹੈ। ਇਹ ਸਾਡੀ ਸ਼ਰਧਾ ਹੈ, ਸਾਡਾ ਵਿਸ਼ਵਾਸ ਹੈ।
ਨਵੀਂ ਕੱਟੀ ਗਈ ਫ਼ਸਲ ਦੇ ਨਾਲ਼ ਅਸੀਂ ਆਪਣੇ ਸਥਾਨਕ ਦੇਵਤੇ, ਦੇਵੀ ਗਾਓਂ ਦੇ ਮੰਦਰ ਜਾਂਦੇ ਹਾਂ। ਫਿਰ ਅਸੀਂ ਉਸ ਨੂੰ ਇੱਥੇ ਕਿਉਂ ਲੈ ਕੇ ਆਏ? ਅਸੀਂ ਉਸ ਲਈ ਮੰਦਰ ਕਿਉਂ ਬਣਾਇਆ? "ਸਾਨੂੰ ਆਪਣੇ ਖੇਤਾਂ ਅਤੇ ਬਾਗਾਂ ਦੇ ਵਿਕਾਸ ਦਾ ਆਸ਼ੀਰਵਾਦ ਦੇਣ ਲਈ, ਸਾਨੂੰ ਆਪਣੇ ਪੇਸ਼ੇ ਵਿੱਚ ਸਫਲਤਾ ਦੇਣ ਲਈ। ਅਸੀਂ ਆਦਿਵਾਸੀ ਉਸ ਦੇ ਮੰਦਰ ਜਾਂਦੇ ਹਾਂ ਅਤੇ ਆਪਣੇ ਹੱਥ ਜੋੜਦੇ ਹਾਂ ਤਾਂ ਜੋ ਸਾਡੇ ਪਰਿਵਾਰਾਂ ਅਤੇ ਸਾਡੀ ਜ਼ਿੰਦਗੀ ਦੇ ਬਿਹਤਰ ਦਿਨ ਆ ਸਕਣ। ਅਸੀਂ ਉਸ ਦਾ ਨਾਮ ਜਪਦੇ ਹਾਂ ਤੇ ਕਾਮਨਾਵਾਂ ਕਰਦੇ ਹਾਂ।
ਤਾਰਪਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਅਸੀਂ ਵਾਘਬਰਸ ਦੇ ਦਿਨ ਦੇਵੀ ਸਾਵਰੀ ਦਾ ਤਿਉਹਾਰ ਮਨਾਉਂਦੇ ਹਾਂ। ਤੁਸੀਂ ਉਸ ਨੂੰ ਸ਼ਾਬਰੀ ਕਹਿੰਦੇ ਹੋ। ਇਹ ਉਹੀ ਸੀ ਜਿਸ ਨੇ ਭਗਵਾਨ ਰਾਮ ਨੂੰ ਉਹ ਫਲ ਦਿੱਤਾ ਜੋ ਉਸਨੇ ਖੁਦ ਖਾਧਾ ਹੋਇਆ ਸੀ। ਸਾਡੇ ਇੱਥੇ ਥੋੜ੍ਹੀ ਵੱਖਰੀ ਕਹਾਣੀ ਹੈ। ਸਾਵਰੀ ਦੇਵੀ ਦਰਅਸਲ ਜੰਗਲ ਵਿੱਚ ਰਾਮ ਦੀ ਉਡੀਕ ਕਰਦੀ ਰਹੀ ਸੀ। ਉਹ ਸੀਤਾ ਦੇ ਨਾਲ਼ ਉੱਥੇ ਆਏ। ਸਾਵਰੀ ਨੇ ਜਦੋਂ ਉਨ੍ਹਾਂ ਨੂੰ ਵੇਖਿਆ, ਤਾਂ ਕਿਹਾ ਕਿ ਉਹ ਤਾਂ ਸਦਾ ਤੋਂ ਉਨ੍ਹਾਂ ਦੀ ਉਡੀਕ ਵਿੱਚ ਰਹੀ ਹੈ ਤੇ ਹੁਣ ਜਦੋਂ ਉਹ ਉਸਦੇ ਸਾਹਮਣੇ ਆ ਗਏ ਹਨ ਤਾਂ ਉਸ ਕੋਲ਼ ਰਾਮ ਜੀ ਨੂੰ ਖੁਆਉਣ ਲਈ ਕੁਝ ਨਹੀਂ ਤਾਂ ਉਸਨੇ ਆਪਣਾ ਜੀਵਾਧਾ (ਦਿਲ) ਕੱਢਿਆ ਅਤੇ ਉਨ੍ਹਾਂ ਦੇ ਹੱਥ ਵਿੱਚ ਰੱਖ ਦਿੱਤਾ ਅਤੇ ਇਹ ਕਹਿੰਦੇ ਹੋਏ ਚਲੀ ਗਈ ਤੇ ਕਦੇ ਵਾਪਸ ਨਹੀਂ ਆਈ।
ਅਸੀਂ ਤਾਰਪਾ ਨੂੰ ਉਸ ਦੇ ਪਿਆਰ ਅਤੇ ਸਮਰਪਣ ਦਾ ਜਸ਼ਨ ਮਨਾਉਣ ਲਈ ਜੰਗਲ ਅਤੇ ਪਹਾੜੀਆਂ 'ਤੇ ਲੈ ਜਾਂਦੇ ਹਾਂ। ਉੱਥੇ, ਜੰਗਲ ਵਿੱਚ ਬਹੁਤ ਸਾਰੇ ਦੇਵਤੇ ਹਨ। ਤੰਗੜਾ ਸਾਵਰੀ, ਗੋਹਰਾ ਸਾਵਰੀ, ਬਹੁਤ ਜ਼ਿਆਦਾ ਸਾਵਰੀ, ਅਤੇ ਘੁੰਗਾ ਸਾਵਰੀ। ਅਤੇ ਉਹ ਅਜੇ ਵੀ ਉੱਥੇ ਹਨ। ਅਸੀਂ ਉਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਨ੍ਹਾਂ ਨੂੰ ਤਾਰਪਾ ਵਜਾ ਕੇ ਤਿਉਹਾਰ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ। ਜਿਵੇਂ ਅਸੀਂ ਇੱਕ ਦੂਜੇ ਨੂੰ ਵੱਖਰੇ ਨਾਮ ਨਾਲ਼ ਬੁਲਾਉਂਦੇ ਹਾਂ, ਮੈਂ ਉਨ੍ਹਾਂ ਵਿੱਚੋਂ ਹਰੇਕ ਨੂੰ ਇੱਕ ਵੱਖਰੀ ਆਵਾਜ਼ ਨਾਲ਼ ਬੁਲਾਉਂਦਾ ਹਾਂ।
*****
ਇਹ 2022 ਦੀ ਗੱਲ ਹੈ ਅਤੇ ਮੈਂ ਨੰਦੂਰਬਾਰ, ਧੁਲੇ, ਬੜੌਦਾ ਅਤੇ ਹੋਰ ਥਾਵਾਂ ਤੋਂ ਆਏ ਆਦਿਵਾਸੀਆਂ ਨਾਲ਼ ਬੈਠਾ ਸੀ। ਸਾਹਮਣੇ ਬੈਠੇ ਲੋਕਾਂ ਨੇ ਮੈਨੂੰ ਇਹ ਸਾਬਤ ਕਰਨ ਲਈ ਕਿਹਾ ਕਿ ਮੈਂ ਆਦਿਵਾਸੀ ਹਾਂ।
ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਧਰਤੀ 'ਤੇ ਉਤਰਨ ਅਤੇ ਇਸ ਦੀ ਮਿੱਟੀ ਦੀ ਪਰਖ ਕਰਨ ਵਾਲ਼ਾ ਪਹਿਲਾ ਵਿਅਕਤੀ ਇੱਕ ਆਦਿਵਾਸੀ ਸੀ ਅਤੇ ਉਹ ਆਦਮੀ ਮੇਰਾ ਪੂਰਵਜ ਸੀ। ਸਾਡਾ ਸਭਿਆਚਾਰ ਉਹ ਆਵਾਜ਼ ਹੈ ਜੋ ਅਸੀਂ ਆਪਣੇ ਸਾਹ ਨਾਲ਼ ਕੱਢਦੇ ਹਾਂ। ਪੇਂਟਿੰਗ ਉਹ ਹੈ ਜੋ ਅਸੀਂ ਆਪਣੇ ਹੱਥਾਂ ਨਾਲ਼ ਬਣਾਉਂਦੇ ਹਾਂ। ਪੇਂਟਿੰਗ ਬਾਅਦ ਵਿੱਚ ਆਈ। ਸਾਹ ਅਤੇ ਸੰਗੀਤ ਆਂਤਰਿਕ ਹਨ। ਧੁਨੀ ਸੰਸਾਰ ਦੀ ਸਿਰਜਣਾ ਤੋਂ ਹੀ ਮੌਜੂਦ ਰਹੀ ਹੈ।
ਇਹ ਤਾਰਪਾ ਪਤੀ-ਪਤਨੀ ਦੀ ਨੁਮਾਇੰਦਗੀ ਕਰਦਾ ਹੈ। ਜੇ ਔਰਤ ਮਰਦ ਦੀ ਮਦਦ ਕਰਦੀ ਹੈ, ਤਾਂ ਮਰਦ ਔਰਤ ਦੀ ਮਦਦ ਕਰਦਾ ਹੈ। ਮੈਂ ਆਪਣੇ ਸ਼ਬਦ ਪੂਰੇ ਕਰ ਲਏ। ਇਸ ਤਰ੍ਹਾਂ ਤਾਰਪਾ ਕੰਮ ਕਰਦਾ ਹੈ। ਸਾਹ ਉਨ੍ਹਾਂ ਦੋਵਾਂ ਨੂੰ ਜੋੜ ਕੇ ਸਭ ਤੋਂ ਜਾਦੂਈ ਆਵਾਜ਼ ਕੱਢਦਾ ਹੈ।
ਮੈਨੂੰ ਆਪਣੇ ਜਵਾਬ ਕਾਰਨ ਪਹਿਲਾ ਸਥਾਨ ਮਿਲਿਆ। ਮੈਨੂੰ ਰਾਜ ਵਿੱਚ ਪਹਿਲਾ ਸਥਾਨ ਮਿਲਿਆ।
ਮੈਂ ਆਪਣੇ ਹੱਥ ਜੋੜ ਕੇ ਆਪਣੇ ਪਿਤਾ ਨੂੰ ਕਹਿੰਦਾ, 'ਪਿਆਰੇ ਪਰਮੇਸ਼ੁਰ, ਮੈਂ ਤੇਰੀ ਸੇਵਾ ਕਰਾਂਗਾ, ਮੈਂ ਤੇਰੀ ਭਗਤੀ ਕਰਾਂਗਾ। ਹੁਣ ਬਦਲੇ ਵਿੱਚ ਤੈਨੂੰ ਮੇਰਾ ਖਿਆਲ ਰੱਖਣਾ ਪਵੇਗਾ। ਮੈਂ ਉੱਡਣਾ ਚਾਹੁੰਦਾ ਹਾਂ। ਮੈਨੂੰ ਜਹਾਜ਼ ਵਿੱਚ ਬਿਠਾ ਦਿਓ।' ਮੈਂ ਬੇਨਤੀ ਕੀਤੀ। ਮੰਨੋ ਜਾਂ ਨਾ ਮੰਨੋ, ਮੇਰਾ ਤਾਰਪਾ ਮੈਨੂੰ ਜਹਾਜ਼ ਵਿੱਚ ਲੈ ਗਿਆ। ਭਿਕਲਿਆ ਲਾਡਕਿਆ ਨੇ ਢੀਂਡਾ ਦੀ ਉਡਾਣ ਰਾਹੀਂ ਯਾਤਰਾ ਕੀਤੀ। ਮੈਂ ਕਈ ਥਾਵਾਂ ਦਾ ਦੌਰਾ ਕੀਤਾ ਹੈ। ਮੈਂ ਅਲੰਦੀ, ਜੇਜੂਰੀ, ਬਾਰਾਮਤੀ, ਸਾਨਿਆ (ਸ਼ਨੀ) ਸ਼ਿੰਗਨਾਪੁਰ ਗਿਆ... ਮੈਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ। ਇੱਥੋਂ ਕੋਈ ਵੀ 'ਗੋਮਾ' (ਗੋਆ) ਦੀ ਰਾਜਧਾਨੀ ਪਣਜੀ ਨਹੀਂ ਗਿਆ ਹੈ। ਪਰ ਮੈਂ ਉੱਥੇ ਗਿਆ। ਮੈਨੂੰ ਉੱਥੋਂ ਇੱਕ ਸਰਟੀਫਿਕੇਟ ਮਿਲਿਆ।
ਸਾਂਝਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ ਪਰ ਮੈਂ ਸਾਂਝਾ ਨਹੀਂ ਕਰਦਾ। ਮੈਂ ਹੁਣ 89 ਸਾਲਾਂ ਦਾ ਹਾਂ। ਮੇਰੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਹਨ। ਪਰ ਮੈਂ ਉਨ੍ਹਾਂ ਨੂੰ ਕਿਸੇ ਨੂੰ ਨਹੀਂ ਦੱਸਦਾ। ਮੈਂ ਉਨ੍ਹਾਂ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ। ਬਹੁਤ ਸਾਰੇ ਪੱਤਰਕਾਰ ਅਤੇ ਪੱਤਰਕਾਰ ਆਉਂਦੇ ਹਨ ਅਤੇ ਮੇਰੀ ਕਹਾਣੀ ਲਿਖਦੇ ਹਨ। ਉਹ ਕਿਤਾਬਾਂ ਪ੍ਰਕਾਸ਼ਤ ਕਰਦੇ ਹਨ ਅਤੇ ਦੁਨੀਆ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਮੈਨੂੰ ਮਸ਼ਹੂਰ ਕੀਤਾ ਹੈ। ਬਹੁਤ ਸਾਰੇ ਸੰਗੀਤਕਾਰ ਆਉਂਦੇ ਹਨ ਅਤੇ ਮੇਰਾ ਸੰਗੀਤ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੈਂ ਹਰ ਕਿਸੇ ਨੂੰ ਨਹੀਂ ਮਿਲ਼ਦਾ। ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਮੈਨੂੰ ਮਿਲੇ ਹੋ।
ਮੈਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ। ਇਹ ਸਮਾਰੋਹ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ਼ ਭਰ ਗਈਆਂ। ਮੇਰੇ ਪਿਤਾ ਜੀ ਨੇ ਮੈਨੂੰ ਸਕੂਲ ਨਹੀਂ ਭੇਜਿਆ ਸੀ। ਉਸਨੇ ਸੋਚਿਆ ਕਿ ਮੈਨੂੰ ਉਸ ਸਿੱਖਿਆ ਨਾਲ਼ ਨੌਕਰੀ ਮਿਲ ਸਕਦੀ ਹੈ ਜਾਂ ਨਹੀਂ। ਪਰ ਉਸਨੇ ਕਿਹਾ 'ਇਹ ਸਾਜ ਹੀ ਸਾਡੀ ਦੇਵੀ ਹੈ'। ਇਹ ਸੱਚਮੁੱਚ ਇੱਕ ਦੇਵੀ ਹੈ। ਇਸ ਨੇ ਮੈਨੂੰ ਸਭ ਕੁਝ ਦਿੱਤਾ। ਇਸ ਨੇ ਮੈਨੂੰ ਮਨੁੱਖਤਾ ਸਿਖਾਈ। ਦੁਨੀਆ ਭਰ ਦੇ ਲੋਕ ਮੇਰਾ ਨਾਮ ਜਾਣਦੇ ਹਨ। ਮੇਰਾ ਤਾਰਪਾ ਡਾਕ ਲਿਫਾਫੇ (ਡਾਕ ਟਿਕਟ) 'ਤੇ ਛਾਪਿਆ ਗਿਆ ਹੈ। ਜੇ ਤੁਸੀਂ ਆਪਣੇ ਫੋਨ 'ਤੇ ਮੇਰੇ ਨਾਮ ਦਾ ਬਟਨ ਦਬਾਉਂਦੇ ਹੋ, ਤਾਂ ਤੁਹਾਨੂੰ ਮੇਰੀ ਵੀਡੀਓ ਦਿਖਾਈ ਦੇਵੇਗੀ ... ਤੁਸੀਂ ਹੋਰ ਕੀ ਚਾਹੁੰਦੇ ਹੋ? ਖੂਹ ਦਾ ਡੱਡੂ ਨਹੀਂ ਜਾਣਦਾ ਕਿ ਇਸਦੇ ਬਾਹਰ ਕੀ ਹੈ। ਪਰ ਮੈਂ ਉਸ ਖੂਹ ਤੋਂ ਬਾਹਰ ਆਇਆ ... ਮੈਂ ਦੁਨੀਆਂ ਨੂੰ ਦੇਖਿਆ।
ਅੱਜ ਦੇ ਨੌਜਵਾਨ ਤਾਰਪਾ ਦੀ ਧੁਨ 'ਤੇ ਨਾਚ ਨਹੀਂ ਕਰਦੇ। ਉਨ੍ਹਾਂ ਨੂੰ ਡੀਜੇ ਦੀ ਲੋੜ ਹੈ। ਉਨ੍ਹਾਂ ਨੂੰ ਇੰਝ ਕਰਨ ਦਿਓ। ਪਰ ਮੈਨੂੰ ਇੱਕ ਗੱਲ ਦੱਸੋ, ਜਦੋਂ ਅਸੀਂ ਖੇਤ ਤੋਂ ਫ਼ਸਲ ਲਿਆਉਂਦੇ ਹਾਂ, ਜਦੋਂ ਅਸੀਂ ਦੇਵੀ ਗਾਓਂ ਨੂੰ ਭੋਗ ਲਵਾਉਣ ਜਾਂਦੇ ਹਾਂ, ਅਸੀਂ ਉਹਦਾ ਨਾਮ ਜਪਦੇ ਹਾਂ ਉਹਦੇ ਅੱਗੇ ਅਰਦਾਸ ਕਰਦੇ ਹਾਂ, ਕੀ ਉਦੋਂ ਅਸੀਂ ਡੀਜੀ ਲਾਵਾਂਗੇ? ਉਨ੍ਹਾਂ ਪਲਾਂ ਵਿੱਚ ਸਿਰਫ਼ ਇੱਕ ਤਰਪੇ ਦੀ ਲੋੜ ਹੁੰਦੀ ਹੈ। ਉੱਥੇ ਹੋਰ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ ਹੈ।
ਇਸ ਦਸਤਾਵੇਜ ਵਿੱਚ ਆਪਣੀ ਮਦਦ ਦੇਣ ਵਾਸਤੇ ਪਾਰੀ (PARI) ਅਰੋਏਹਨ ਦੀ ਮਾਧੁਰੀ ਮੁਕਾਨੇ ਦਾ ਸ਼ੁਕਰੀਆ ਅਦਾ ਕਰਦੀ ਹੈ।
ਇੰਟਰਵਿਊ
,
ਟ੍ਰਾਂਸਕ੍ਰਿਪਸ਼ਨ
ਅਤੇ
ਅੰਗਰੇਜ਼ੀ
ਅਨੁਵਾਦ
:
ਮੇਧਾ
ਕਾਲੇ
ਤਸਵੀਰਾਂ
ਅਤੇ
ਵੀਡੀਓ
:
ਸਿਧੀਤਾ
ਸੋਨਵਾਨੇ
ਇਹ ਲੇਖ ਪਾਰੀ ਦੇ ਅਲੋਪ ਹੋ ਰਹੀਆਂ ਭਾਸ਼ਾਵਾਂ ਦੇ ਪ੍ਰੋਜੈਕਟ ਦਾ ਹਿੱਸਾ ਹੈ , ਜਿਸਦਾ ਉਦੇਸ਼ ਦੇਸ਼ ਦੀਆਂ ਕਮਜ਼ੋਰ ਅਤੇ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦਾ ਦਸਤਾਵੇਜ਼ ਬਣਾਉਣਾ ਹੈ।
ਵਾਰਲੀ ਇੱਕ ਇੰਡੋ - ਆਰੀਅਨ ਭਾਸ਼ਾ ਹੈ ਜੋ ਗੁਜਰਾਤ , ਦਮਨ ਅਤੇ ਦੀਵ , ਦਾਦਰਾ ਅਤੇ ਨਗਰ ਹਵੇਲੀ , ਮਹਾਰਾਸ਼ਟਰ , ਕਰਨਾਟਕ ਅਤੇ ਗੋਆ ਵਿੱਚ ਰਹਿਣ ਵਾਲ਼ੇ ਭਾਰਤ ਦੇ ਵਾਰਲੀ ਜਾਂ ਵਰਲੀ ਆਦਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ। ਯੂਨੈਸਕੋ ਦੀ ਐਟਲਸ ਆਫ ਲੈਂਗੂਏਜ ਵਰਲੀ ਨੂੰ ਭਾਰਤ ਦੀਆਂ ਸਭ ਤੋਂ ਖ਼ਤਰੇ ਹੇਠਲੀਆਂ ਭਾਸ਼ਾਵਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕਰਦੀ ਹੈ।
ਸਾਡਾ ਉਦੇਸ਼ ਵਰਲੀ ਨੂੰ ਮਹਾਰਾਸ਼ਟਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਦਸਤਾਵੇਜ਼ਬੱਧ ਕਰਨਾ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ