ਛੱਤੀਸਗੜ੍ਹ ਦੇ ਆਦਿਵਾਸੀ ਭਾਈਚਾਰਿਆਂ ਦਾ ਸੰਗੀਤ ਤਬਦੀਲੀ ਦਾ ਸੰਗੀਤ ਹੈ- ਦਹਾਕਿਆਂ ਦੇ ਹਿੰਸਕ ਸੰਘਰਸ਼ ਵਿੱਚ ਫਸੇ ਲੋਕਾਂ ਦਾ ਸੰਗੀਤ, ਸੰਗੀਤ ਜੋ ਢੋਲ਼ ਦੀ ਥਾਪ ਬਗ਼ੈਰ ਅਧੂਰਾ, ਸੰਗੀਤ ਕੈਸਾ ਜੋ ਧਰਤੀ ਦੀ ਸੁੰਦਰਤਾ ਦੀ ਗੱਲ ਨਾ ਕਰੇ, ਉਨ੍ਹਾਂ ਦੇ ਜੰਗਲਾਂ ਬਾਰੇ, ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਤਰੰਗ ਨਾ ਛੇੜੇ। ਹੋਰ ਤਾਂ ਹੋਰ ਜੋ ਕੁਦਰਤ ਦੀ ਪੂਜਾ ਦੀ ਗੱਲ ਨਾ ਕਰੇ। ਬੱਚਿਆਂ ਨੂੰ ਵੀ ਛੋਟੀ ਉਮਰੇ ਹੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਹ ਗੀਤ ਵੀ ਸਿਖਾ ਦਿੱਤੇ ਜਾਂਦੇ ਹਨ।
ਅਸੀਂ ਅਗਸਤ 2016 ਵਿੱਚ ਦੱਖਣੀ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ ਭਾਈਰਾਮਗੜ੍ਹ ਤਹਿਸੀਲ ਦੇ ਫਰਸੇਗੜ੍ਹ ਪਿੰਡ ਦਾ ਦੌਰਾ ਕੀਤਾ ਸੀ। ਬੀਜਾਪੁਰ ਦੀ ਲਗਭਗ 255,000 ਦੀ ਆਬਾਦੀ (ਮਰਦਮਸ਼ੁਮਾਰੀ 2011) ਵਿੱਚੋਂ, 80 ਪ੍ਰਤੀਸ਼ਤ ਲੋਕ ਅਨੁਸੂਚਿਤ ਕਬੀਲਿਆਂ ਨਾਲ਼ ਸਬੰਧਤ ਹਨ। ਫਰਸੇਗੜ੍ਹ ਦੇ 1,400 ਵਸਨੀਕ ਅਤੇ ਗੁਆਂਢੀ ਪਿੰਡਾਂ ਦੇ ਲੋਕ ਜ਼ਿਆਦਾਤਰ ਮੁਰੀਆ ਗੋਂਡ ਹਨ। ਇਹ ਪਿੰਡ ਨਕਸਲੀ ਅੱਤਵਾਦੀਆਂ, ਰਾਜ ਅਤੇ ਰਾਜ ਸਮਰਥਿਤ ਸਲਵਾ ਜੁਡਮ ਸਮੇਤ ਕਈ ਝੜਪਾਂ ਨਾਲ਼ ਪ੍ਰਭਾਵਿਤ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਹਿੰਸਾ ਦੇ ਚੱਕਰ ਵਿੱਚ ਫਸੇ ਹੋਏ ਹਨ।
ਫਰਸੇਗੜ੍ਹ ਦੀ ਇੱਕ ਔਰਤ, ਜਿਸ ਨੇ ਝਗੜੇ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ, ਪੁੱਛਦੀ ਹੈ, "ਜੇ ਇੱਕ ਪੁੱਤਰ ਨਕਸਲੀ ਹੋਵੇ ਅਤੇ ਦੂਜੇ ਨੂੰ ਪੁਲਿਸ ਦਾ ਮੁਖ਼ਬਰ ਬਣਾਇਆ ਜਾਵੇ ਤਾਂ ਕੀ ਹੋਵੇਗਾ? ਜੇ ਉਹ ਇੱਕ ਦੂਜੇ ਨੂੰ ਮਾਰਨ ਲਈ ਬਾਹਰ ਚਲੇ ਜਾਣ ਤਾਂ ਪਰਿਵਾਰ ਕੀ ਕਰੇਗਾ? ਇਹ ਉਹ ਹਕੀਕਤ ਹੈ ਜਿਸ ਵਿੱਚ ਅਸੀਂ ਫਸੇ ਰਹਿੰਦੇ ਹਾਂ," 50 ਸਾਲਾ ਕਿਸਾਨ ਔਰਤ ਨੇ ਕਿਹਾ, ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਸੀ। "ਅਸੀਂ ਜ਼ਿਆਦਾ ਕਮਾਈ ਨਹੀਂ ਕਰਦੇ। ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੱਲ੍ਹ ਨੂੰ ਜ਼ਿੰਦਾ ਹੋਵਾਂਗੇ ਜਾਂ ਨਹੀਂ। ਅਸੀਂ ਅੱਜ ਜ਼ਿੰਦਾ ਹਾਂ ਅਤੇ ਅਸੀਂ ਸਿਰਫ਼ ਇਸ ਬਾਰੇ ਹੀ ਸੋਚਦੇ ਹਾਂ।''
ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਫਰਸੇਗੜ੍ਹ ਤੱਕ ਨਹੀਂ ਪਹੁੰਚਦੀਆਂ - ਰਾਜ ਦੀ ਇੱਥੇ ਮੌਜੂਦਗੀ ਸਿਰਫ਼ ਰਿਹਾਇਸ਼ੀ ਸਕੂਲ, ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਕੈਂਪਾਂ ਦੇ ਰੂਪ ਵਿੱਚ ਹੈ।
ਫਰਸੇਗੜ੍ਹ ਦੇ ਕਿਨਾਰੇ ਸਥਿਤ ਆਦਿਵਾਸੀ ਬੱਚਿਆਂ ਲਈ ਰਿਹਾਇਸ਼ੀ ਸਕੂਲ ਚੰਗੀ ਹਾਲਤ ਵਿੱਚ ਨਹੀਂ ਹੈ – ਬਿਜਲੀ ਰੁਕ-ਰੁਕ ਕੇ ਆਉਂਦੀ ਹੈ, ਮਾਨਸੂਨ ਦੌਰਾਨ ਇਮਾਰਤ ਵਿੱਚ ਪਾਣੀ ਆ ਜਾਂਦਾ ਹੈ। ਵਿਦਿਆਰਥੀਆਂ ਨੂੰ ਹੋਸਟਲ ਵਿੱਚ ਖਾਣਾ ਬਣਾਉਣਾ ਅਤੇ ਸਾਫ਼ ਕਰਨਾ ਪੈਂਦਾ ਹੈ। ਇੱਥੇ ਲਗਭਗ 50 ਆਦਿਵਾਸੀ ਵਿਦਿਆਰਥੀ ਹਨ (ਉਮਰ 6-15 ਸਾਲ, ਸਾਰੀਆਂ ਕੁੜੀਆਂ, ਨੇੜਲੇ ਵੱਖ-ਵੱਖ ਪਿੰਡਾਂ ਦੀਆਂ), ਇੱਕ ਅਧਿਆਪਕ-ਦੇਖਭਾਲ ਕਰਨ ਵਾਲ਼ਾ ਅਤੇ ਇੱਕ ਰਸੋਈਆ।
ਸਾਡੀ ਫੇਰੀ ਦੌਰਾਨ, ਵਿਦਿਆਰਥੀਆਂ ਨੇ ਗੋਂਡੀ ਭਾਸ਼ਾ ਵਿੱਚ ਆਪਣੇ ਭਾਈਚਾਰਿਆਂ ਦੇ ਗੀਤ ਗਾਏ, ਅਤੇ ਉਨ੍ਹਾਂ ਵਿੱਚੋਂ ਕੁਝ ਨੇ ਸਾਡੇ ਲਈ ਹਿੰਦੀ ਲਈ ਗੀਤਾਂ ਦਾ ਅਨੁਵਾਦ ਕੀਤਾ।
ਗੀਤ 1
ਓ ਮਹੂਏ ਦੇ ਰੁੱਖਾ,
ਓ ਮਹੂਏ ਦੇ ਰੁੱਖਾ,
ਤੂੰ ਕਿੰਨਾ ਸੋਹਣਾ ਜਾਪੇਂ,
ਓ! ਮਹੂਏ ਦੇ ਰੁੱਖਾ
ਮਹੂਏ ਦੇ ਫੁੱਲ ਧਰਤ ‘ਤੇ ਕਿਰਦੇ
ਲਾਲ, ਸੁਰਖ ਫੁੱਲ
ਜਿਓਂ ਮੀਂ ਦੀਆਂ ਲਾਲ ਬੂੰਦਾਂ
ਓ ਮਹੂਏ ਦੇ ਰੁੱਖਾ,
ਓ ਮਹੂਏ ਦੇ ਰੁੱਖਾ,
ਤੂੰ ਕਿੰਨਾ ਸੋਹਣਾ ਜਾਪੇਂ,
ਓ! ਮਹੂਏ ਦੇ ਰੁੱਖਾ
ਗਾਇਕਾਵਾਂ
ਸੁਸ਼ੀਲਾ ਮਨਰਾ, ਫਰੇਸਗੜ੍ਹ ਪਿੰਡ
ਗਾਇਤਰੀ ਟੇੱਲਮ, ਧਨੋਰਾ ਪਿੰਡ
ਕਮਲਾ ਓੜੇ, ਸਗਮੇਤਾ ਪਿੰਡ
ਗੀਤ 2
ਮੇਰੇ ਪਿਆਰੇ ਕਜ਼ਨ,
ਤੂੰ ਕਿੰਨਾ ਸੋਹਣੇ ਏਂ...
ਦੱਸੀਂ, ਤੈਨੂੰ ਪਸੰਦ ਕੀ-ਕੀ ਏ?
ਕਾਂ ਰੌਲ਼ਾ ਪਾਵਣ ਲੱਗਦਾ,
ਉੱਡਦਾ ਪਿੰਡ ਦੇ ਚੱਕਰ ਲਾਉਂਦਾ
ਕਾਓ ਕਾਓ ਕਾਓ
ਦੱਸੀਂ ਜ਼ਰਾ ਕਿਵੇਂ,
ਦੱਸੀਂ ਕਿਵੇਂ?
ਗਾਇਕਾ
ਗਾਇਤਰੀ ਟੇੱਲਮ, ਧਨੋਰਾ ਪਿੰਡ
ਗੀਤ 3
ਕੁੜੀਓ ਚੱਲੋ ਝੁਮਕੇ ਪਾਓ ਤੇ ਆਓ
ਨੱਚੋ ਸਾਡੇ ਨਾਲ਼!
ਰੇਲਾ ਰੇਲਾ ਰੇਲਾ... (ਕੋਰਸ)
ਕੁੜੀਓ ਆਪਣੇ ਲਿਸ਼ਕਵੇਂ ਕੱਪੜੇ ਪਾਓ, ਤੇ ਆਓ ਨੱਚੋ ਸਾਡੇ ਨਾਲ਼!
ਰੇਲਾ ਰੇਲਾ ਰੇਲਾ... (ਕੋਰਸ)
ਕੁੜੀਓ ਨਵੀਂਆਂ ਜੁੱਤੀਆਂ ਪਾਓ, ਤੇ ਆਓ ਨੱਚੋ ਸਾਡੇ ਨਾਲ਼!
ਰੇਲਾ ਰੇਲਾ ਰੇਲਾ... (ਕੋਰਸ)
ਗਾਇਕਾ
ਅਵੰਤਿਕਾ ਬਰਸੇ, ਫਰੇਸਗੜ੍ਹ ਪਿੰਡ
ਗੀਤ 4
ਰਿਰੇਲਾ ਰੇਲਾ ਰੇਲਾ ਰੇਲਾ...
(ਕੋਰਸ)
ਕੀ ਤੈਨੂੰ ਉਸ ਗਿਰਗਿਟ ਦੀ ਪੂਛ ਦਿੱਸ ਰਹੀ ਏ? ਫੜ੍ਹ ਲੈ!
ਓ ਦੀਦੀ, ਮੇਰੇ ਲਈ ਗਾਣਾ ਗਾ, ਗਾਵੇਂਗੀ ਨਾ?
ਓ ਦੀਦੀ, ਲਾ ਲਾ ਲਾ
ਓ ਜੀਜਾ ਜੀ, ਮੇਰੇ ਸਾਹਮਣੇ ਆਇਓ
ਗਿਰਗਿਟ ਦੀ ਪੂਛ ਹਰੀ ਏ
ਕੀ ਤੁਹਾਨੂੰ ਦਿੱਸ ਰਹੀ, ਓ ਜੀਜਾ ਜੀ?
ਗਾਇਕਾ
ਗਾਇਤਰੀਰ ਟੇੱਲਮ, ਧਨੋਰਾ ਪਿੰਡ
ਗੀਤ 5
ਰਿਰੇਲਾ ਰੇਲਾ ਰੇ ਰੇਲਾ
ਰੇਲਾ... (ਕੋਰਸ)
ਇਹ ਕੇਸਰੀ ਹੈ ਝੰਡਾ, ਨੀ ਸਹੇਲੀਏ!
ਇਹ ਚਿੱਟਾ ਹੈ ਝੰਡਾ, ਨੀ ਸਹੇਲੀਏ!
ਇਹ ਹਰਾ ਹੈ ਝੰਡਾ, ਨੀ ਸਹੇਲੀਏ!
ਝੰਡੇ ਵਿਚਾਲੇ 24 ਰੇਖਾਵਾਂ।
ਰਿਰੇਲਾ ਰੇਲਾ ਰੇ ਰੇਲਾ ਰੇਲਾ... (ਕੋਰਸ)
ਗਾਇਕਾਵਾਂ
ਸੁਸ਼ੀਲਾ ਮਨਰਾ, ਫਰੇਸਗੜ੍ਹ ਪਿੰਡ
ਸਰਸਵਤੀ ਗੋਟਾ, ਬੜੇ ਕਕਲੇਰ ਪਿੰਡ
ਕਮਲਾ ਗੁੱਡੇ, ਸਗਮੇਤਾ ਪਿੰਡ
ਗੀਤ 6
ਰੇਲਾਰੇ ਰੇਲਾ (ਕੋਰਸ)
ਤੂੰ ਤੇ ਮੈਂ, ਚੱਲ ਰਲ਼ ਬਣਾਈਏ ਪਿਆਰੀ ਜੋੜੀ।
ਓ! ਪਿਆਰੇ ਮੁੰਡੇ, ਸਾਡੀ ਬਣੂੰਗੀ ਪਿਆਰੀ ਜੋੜੀ...
ਗਾਇਕਾ
ਅਵੰਤਿਕਾ ਬਰਸੇ, ਫਰੇਸਗੜ੍ਹ ਪਿੰਡ
ਗੀਤ 7
ਰੇਲਾਰੇ ਰੇਲਾ... (ਕੋਰਸ)
ਤਾੜੀ ਰੁੱਖ ਦੇ ਪੱਤੇ ਹੌਲ਼ੀ-ਹੌਲ਼ੀ ਝੂਮਣ
ਹਾਏ! ਸਾਡੀ ਜ਼ਮੀਨ 'ਤੇ ਆਓ
ਅਸੀਂ ਤਾੜੀ ਕੱਢਾਂਗੇ, ਹਾਏ! ਸਾਡੀ ਜ਼ਮੀਨ 'ਤੇ ਆਓ
ਅਸੀਂ ਤਾੜੀ ਕੱਢਾਂਗੇ, ਹਾਏ! ਸਾਡੀ ਜ਼ਮੀਨ 'ਤੇ ਆਓ
ਆਓ, ਲੰਬਾ ਘਾਹ ਕੱਟੀਏ
ਹੌਲ਼ੀ-ਹੌਲ਼ੀ ਘਾਹ ਲਹਿਰਾ ਰਿਹਾ,
ਇੱਧਰ ਕਦੇ ਓਧਰ,
ਇੱਥੇ ਕਦੇ ਉੱਥੇ
ਹਾਏ! ਸਾਡੀ ਜ਼ਮੀਨ 'ਤੇ ਆਓ,
ਨਾਲ਼-ਨਾਲ਼ ਘਾਹ ਕੱਟ ਸਕਦੇ ਆਂ
ਸਾਡੀ ਜ਼ਮੀਨ 'ਤੇ ਆਓ,
ਨਾਲ਼-ਨਾਲ਼ ਝੋਨਾ ਕੱਟ ਸਕਦੇ ਆਂ
ਝੋਨੇ ਦੀਆਂ ਬੱਲੀਆਂ ਝੂਮਣ,
ਇੱਧਰ ਕਦੇ ਓਧਰ
ਇੱਥੇ ਕਦੇ ਉੱਥੇ
ਗਾਇਕਾਵਾਂ
ਸਰਿਤਾ ਕੁਸਰਾਮ, ਸਗਮੇਤਾ ਪਿੰਡ
ਸਰਸਵਤੀ ਗੋਟਾ, ਬੜੇ ਕਕਲੇਰ ਪਿੰਡ
ਸੁਸ਼ੀਲਾ ਮਨਰਾ, ਫਰੇਸਗੜ੍ਹ ਪਿੰਡ
ਤਰਜਮਾ: ਕਮਲਜੀਤ ਕੌਰ