ਪ੍ਰਕਾਸ਼ ਬੁੰਦੀਵਾਲ ਆਪਣੀ ਪਾਨਵਾੜੀ ਵਿੱਚ ਖੜ੍ਹੇ ਹਨ ਅਤੇ ਸਾਡੇ ਨਾਲ਼ ਗੱਲ ਕਰ ਰਹੇ ਹਨ। ਪਾਨ ਦੀਆਂ ਇਹ ਵੇਲਾਂ ਜਿੰਨੀਆਂ ਮਲੂਕ ਹੁੰਦੀਆਂ ਹਨ, ਪੱਤੇ ਓਨੇ ਹੀ ਸੰਘਣੇ ਆਉਂਦੇ ਹਨ। ਬਾਗ਼ ਵਿੱਚ ਪਾਨ ਦੇ ਪੱਤਿਆਂ ਨੂੰ ਆਸਰਾ ਦੇਣ ਵਾਸਤੇ ਬਾਂਸ ਦੇ ਖੰਭੇ ਗੱਡੇ ਹੋਏ ਹਨ, ਨਾਲ਼ ਹੀ ਲੂਹ ਸੁੱਟਣ ਵਾਲ਼ੀ ਧੁੱਪ ਅਤੇ ਹਵਾ ਤੋਂ ਬਚਾਉਣ ਲਈ ਸਿੰਥੈਟਿਕ ਜਾਲ਼ ਵੀ ਪਾਇਆ ਹੋਇਆ ਹੈ।
ਖਾਣੇ ਤੋਂ ਬਾਅਦ ਸੁਆਦ ਲਈ ਖਾਧੇ ਜਾਣ ਵਾਲ਼ੇ ਪਾਨ ਵਿੱਚ ਇਸ ਪੱਤੇ ਦੀ ਬੜੀ ਵੱਡੀ ਭੂਮਿਕਾ ਹੈ। ਭਾਰਤ ਅੰਦਰ ਪਾਨ ਖਾਣਾ ਪੁਰਾਣਾ ਸ਼ੌਕ ਰਿਹਾ ਹੈ। ਪਾਨ ਵਿੱਚ ਸਭ ਤੋਂ ਪਹਿਲਾਂ ਪਾਨ ਦੇ ਪੱਤੇ 'ਤੇ ਚੂਨਾ ਅਤੇ ਕੱਥਾ ਲਗਾਇਆ ਜਾਂਦਾ ਹੈ। ਫਿਰ ਕਈ ਕਿਸਮਾਂ ਦੇ ਬੀਜਾਂ, ਸੌਂਫ, ਸੁਪਾਰੀ, ਗੁਲਕੰਦ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੇ ਮਿਲ਼ ਕੇ ਪਾਣ ਨੂੰ ਰਸਾ, ਸਵਾਦ ਅਤੇ ਖੁਸ਼ਬੂ ਪ੍ਰਦਾਨ ਕਰਦੇ ਹਨ।
11,956 ਲੋਕਾਂ ਦੀ ਆਬਾਦੀ ਵਾਲ਼ਾ ਇਹ ਪਿੰਡ ਆਪਣੇ ਉੱਚ ਗੁਣਵੱਤਾ ਵਾਲ਼ੇ ਪਾਨ ਦੇ ਪੱਤਿਆਂ ਲਈ ਜਾਣਿਆ ਜਾਂਦਾ ਹੈ। ਪ੍ਰਕਾਸ਼ ਦਾ ਪਰਿਵਾਰ, ਕੁਕਦੇਸ਼ਵਰ ਦੇ ਕਈ ਹੋਰ ਲੋਕਾਂ ਵਾਂਗ, ਬੜੇ ਚਿਰਾਂ ਤੋਂ ਪਾਨ ਦੀ ਕਾਸ਼ਤ ਵਿੱਚ ਲੱਗੇ ਹੋਏ ਹਨ। ਕਦੋਂ ਤੋਂ... ਉਨ੍ਹਾਂ ਨੂੰ ਯਾਦ ਵੀ ਨਹੀਂ। ਉਹ ਤੰਬੋਲੀ ਭਾਈਚਾਰੇ ਨਾਲ਼ ਸਬੰਧਤ ਹਨ, ਜੋ ਮੱਧ ਪ੍ਰਦੇਸ਼ ਵਿੱਚ ਓਬੀਸੀ (ਹੋਰ ਪੱਛੜੇ ਵਰਗ) ਵਜੋਂ ਸੂਚੀਬੱਧ ਹੈ। ਪ੍ਰਕਾਸ਼, ਜੋ ਹੁਣ ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ ਹਨ, ਨੌਂ ਸਾਲ ਦੀ ਉਮਰ ਤੋਂ ਪਾਨਵਾੜੀ ਵਿੱਚ ਕੰਮ ਕਰ ਰਹੇ ਹਨ।
ਪਰ ਬੁੰਦੀਵਾਲ ਦੇ 0.2 ਏਕੜ ਖੇਤ ਵਿੱਚ ਸਥਿਤੀ ਬਿਲਕੁਲ ਵੀ ਚੰਗੀ ਨਹੀਂ ਹੈ। ਮਈ 2023 'ਚ ਆਏ ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਉਨ੍ਹਾਂ ਦੇ ਬਾਗ਼ 'ਚ ਚੰਗੀ ਤਬਾਹੀ ਮਚਾਈ। "ਸਾਡੇ ਕੋਲ਼ ਕੋਈ ਬੀਮਾ ਕਵਰ ਉਪਲਬਧ ਨਹੀਂ ਹੈ। ਸਰਕਾਰ ਨੇ ਸਾਨੂੰ ਕੋਈ ਮਦਦ ਨਹੀਂ ਦਿੱਤੀ, ਹਾਲਾਂਕਿ ਚੱਕਰਵਾਤ ਕਾਰਨ ਅਸੀਂ ਆਪਣਾ ਸਭ ਕੁਝ ਗੁਆ ਦਿੱਤਾ ਹੈ," ਉਹ ਕਹਿੰਦੇ ਹਨ।
ਕੇਂਦਰ ਸਰਕਾਰ ਰਾਸ਼ਟਰੀ ਖੇਤੀਬਾੜੀ ਬੀਮਾ ਯੋਜਨਾ (ਐੱਨ.ਏ.ਆਈ.ਐੱਸ.) ਦੇ ਤਹਿਤ ਕਈ ਖੇਤੀਬਾੜੀ ਉਤਪਾਦਾਂ ਲਈ ਮੌਸਮ ਨਾਲ਼ ਸਬੰਧਤ ਬੀਮਾ ਪ੍ਰਦਾਨ ਕਰਦੀ ਹੈ, ਪਰ ਪਾਨ ਦੇ ਪੱਤੇ ਇਸ ਯੋਜਨਾ ਦੇ ਦਾਇਰੇ ਵਿੱਚ ਨਹੀਂ ਆਉਂਦੇ।
ਪਾਨ ਦੇ ਪੱਤੇ ਦੀ ਖੇਤੀ ਕਾਫ਼ੀ ਮੁਸ਼ੱਕਤ ਭਰੀ ਹੈ: " ਪਾਨਵਾੜੀ ਵਿੱਚ ਬਹੁਤ ਸਾਰਾ ਕੰਮ ਕਰਨਾ ਪੈਂਦਾ ਹੈ। ਭਾਵੇਂ ਤੁਸੀਂ ਸਾਰਾ ਦਿਨ ਲੱਗੇ ਰਹੋ, ਕੰਮ ਖ਼ਤਮ ਨਹੀਂ ਹੋਣਾ,'' ਪ੍ਰਕਾਸ਼ ਦੀ ਪਤਨੀ ਆਸ਼ਾਬਾਈ ਬੁੰਦੀਵਾਲ ਕਹਿੰਦੀ ਹਨ। ਇਹ ਜੋੜਾ ਹਰ ਤਿੰਨ ਦਿਨਾਂ ਬਾਅਦ ਫ਼ਸਲ ਨੂੰ ਪਾਣੀ ਦਿੰਦਾ ਹੈ। ਪ੍ਰਕਾਸ਼ ਕਹਿੰਦੇ ਹਨ, "ਕੁਝ ਕਿਸਾਨ [ਖੇਤਾਂ ਦੀ ਸਿੰਚਾਈ ਲਈ] ਤਕਨੀਕੀ ਤੌਰ 'ਤੇ ਉੱਨਤ ਮਸ਼ੀਨਾਂ (ਸਿੰਚਾਈ ਲਈ) ਦੀ ਵਰਤੋਂ ਕਰਦੇ ਹਨ, ਪਰ ਸਾਡੇ ਵਿੱਚੋਂ ਜ਼ਿਆਦਾਤਰ ਅਜੇ ਵੀ ਰਵਾਇਤੀ ਘੜਾ-ਸਿੰਚਾਈ 'ਤੇ ਨਿਰਭਰ ਕਰਦੇ ਹਨ।''
ਪਾਨ ਦੀਆਂ ਵੇਲਾਂ ਹਰ ਸਾਲ ਮਾਰਚ ਦੇ ਮਹੀਨੇ ਵਿੱਚ ਲਗਾਈਆਂ ਜਾਂਦੀਆਂ ਹਨ। "ਇਸ ਮਿੱਟੀ ਵਿੱਚ ਘਰੇ ਬਣੀਆਂ ਚੀਜ਼ਾਂ ਜਿਵੇਂ ਲੱਸੀ, ਉੜਦ ਦੀ ਦਾਲ ਅਤੇ ਸੋਇਆਬੀਨ ਦਾ ਆਟਾ ਮਿਲਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਘਿਓ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਪਰ ਹੁਣ ਇਹ ਇੰਨਾ ਮਹਿੰਗਾ ਹੈ ਕਿ ਅਸੀਂ ਇਸ ਦੀ ਵਰਤੋਂ ਕਰਨ ਦੇ ਯੋਗ ਨਹੀਂ ਰਹੇ," ਪ੍ਰਕਾਸ਼ ਕਹਿੰਦੇ ਹਨ।
ਪਾਨਵਾੜੀ ਵਿੱਚ, ਬੇਲ (ਵੇਲਾਂ) ਛਾਂਗਣਾ ਅਤੇ ਰੋਜ਼ਾਨਾ ਲਗਭਗ 5,000 ਪੱਤੇ ਤੋੜਨਾ ਜ਼ਿਆਦਾਤਰ ਔਰਤਾਂ ਦੇ ਹਿੱਸੇ ਆਉਂਦਾ ਕੰਮ ਹੈ। ਇਸ ਤੋਂ ਇਲਾਵਾ, ਉਹ ਵੇਲਾਂ ਦੇ ਆਸਰੇ ਵਾਸਤੇ ਬਾਂਸ ਗੱਡਦੀਆਂ ਤੇ ਨਾਲ਼ ਹੀ ਸਿੰਥੈਟਿਕ ਜਾਲ਼ ਦੀ ਮੁਰੰਮਤ ਵੀ ਕਰਦੀਆਂ ਹਨ।
"ਔਰਤਾਂ ਕੋਲ਼ ਮਰਦਾਂ ਨਾਲ਼ੋਂ ਦੁੱਗਣਾ ਕੰਮ ਹੁੰਦਾ ਹੈ," ਉਨ੍ਹਾਂ ਦੀ ਨੂੰਹ, ਰਾਨੂ ਬੁੰਦੀਵਾਲ ਕਹਿੰਦੀ ਹਨ। 30 ਸਾਲਾ ਰਾਨੂ 11 ਸਾਲ ਦੀ ਉਮਰ ਤੋਂ ਹੀ ਪਾਨਵਾੜੀ 'ਚ ਕੰਮ ਕਰ ਰਹੀ ਹਨ। "ਸਾਨੂੰ ਸਵੇਰੇ 4 ਵਜੇ ਉੱਠਣਾ ਪੈਂਦਾ ਹੈ ਅਤੇ ਘਰ ਦੇ ਕੰਮ ਪੂਰੇ ਕਰਨੇ ਪੈਂਦੇ ਹਨ। ਇਸ ਵਿੱਚ ਘਰ ਦੀ ਸਫਾਈ ਅਤੇ ਖਾਣਾ ਪਕਾਉਣਾ ਸ਼ਾਮਲ ਹੁੰਦਾ ਹੈ।'' ਖੇਤ ਵਿੱਚ ਵੀ ਖਾਣਾ ਨਾਲ਼ ਲਿਜਾਣਾ ਪੈਂਦਾ ਹੈ।
2000 ਦੇ ਦਹਾਕੇ ਦੇ ਸ਼ੁਰੂ ਵਿੱਚ ਪਰਿਵਾਰ ਨੇ ਆਪਣੀ ਪਾਨਵਾੜੀ ਦੀ ਥਾਂ ਬਦਲ ਲਈ, "ਪਾਣੀ ਅਤੇ ਗੁਣਵੱਤਾ ਵਾਲ਼ੀ ਮਿੱਟੀ ਦੀ ਘਾਟ ਕਾਰਨ, ਅਸੀਂ ਘਰ ਤੋਂ 6-7 ਕਿਲੋਮੀਟਰ ਦੂਰ ਕਿਸੇ ਹੋਰ ਥਾਂ 'ਤੇ ਚਲੇ ਗਏ," ਪ੍ਰਕਾਸ਼ ਕਹਿੰਦੇ ਹਨ।
ਉਹ ਬੀਜਾਂ, ਸਿੰਚਾਈ ਅਤੇ ਕਈ ਵਾਰ ਮਜ਼ਦੂਰੀ 'ਤੇ 2 ਲੱਖ ਰੁਪਏ ਤੱਕ ਖਰਚ ਕਰਦੇ ਹਨ। "ਉਸ ਤੋਂ ਬਾਅਦ ਵੀ ਕਈ ਵਾਰ [ਇੱਕ ਸਾਲ ਵਿੱਚ] 50,000 ਰੁਪਏ ਕਮਾਉਣਾ ਮੁਸ਼ਕਲ ਹੋ ਜਾਂਦਾ ਹੈ," ਪ੍ਰਕਾਸ਼ ਕਹਿੰਦੇ ਹਨ। ਉਨ੍ਹਾਂ ਕੋਲ਼ 0.1 ਏਕੜ ਵਾਧੂ ਜ਼ਮੀਨ ਹੈ, ਜਿੱਥੇ ਉਹ ਆਪਣੀ ਆਮਦਨੀ ਨੂੰ ਪੂਰਾ ਕਰਨ ਲਈ ਕਣਕ, ਕੁਝ ਫਲ ਅਤੇ ਸਬਜ਼ੀਆਂ ਉਗਾਉਂਦੇ ਹਨ।
ਰਾਨੂ ਦਾ ਕਹਿਣਾ ਹੈ ਕਿ ਪਰਿਵਾਰ ਮੰਡੀ ਵਿੱਚ ਵੇਚਣ ਲਈ ਨੁਕਸਾਨੇ ਗਏ ਪੱਤਿਆਂ ਦੇ ਢੇਰ ਵਿੱਚੋਂ ਸਭ ਤੋਂ ਵਧੀਆ ਪੱਤਿਆਂ ਨੂੰ ਵੱਖ ਕਰਦਾ ਹੈ ਅਤੇ ਢੇਰੀ ਬਣਾਉਂਦਾ ਹੈ। "ਪੱਤਿਆਂ ਦੀ ਛਾਂਟੀ ਦਾ ਕੰਮ ਆਮ ਤੌਰ 'ਤੇ ਹਰ ਰੋਜ਼ ਅੱਧੀ ਰਾਤ ਤੱਕ ਚੱਲਦਾ ਰਹਿੰਦਾ ਹੈ ਅਤੇ ਕਈ ਵਾਰ ਸਾਨੂੰ ਰਾਤ ਦੇ 2 ਵੱਜ ਜਾਂਦੇ ਹਨ," ਆਸ਼ਾਬਾਈ ਕਹਿੰਦੀ ਹਨ।
ਮੰਡੀ ਵਿੱਚ ਪੱਤੇ 100-100 ਦੇ ਬੰਡਲਾਂ ਵਿੱਚ ਵੇਚੇ ਜਾਂਦੇ ਹਨ, ਮੰਡੀ ਹਰ ਰੋਜ਼ ਸਵੇਰੇ 6:30 ਵਜੇ ਤੋਂ 7:30 ਵਜੇ ਤੱਕ ਚੱਲਦੀ ਰਹਿੰਦੀ ਹੈ। "ਮੰਡੀ ਵਿੱਚ ਲਗਭਗ 100 ਵਿਕਰੇਤਾ ਆਉਂਦੇ ਹਨ। ਪਰ ਖ਼ਰੀਦਦਾਰ ਸਿਰਫ਼ 8-10 ਹੀ ਹੁੰਦੇ ਹਨ," ਸੁਨੀਲ ਮੋਦੀ ਨੇ ਕਿਹਾ, ਜੋ ਪੱਤੇ ਵੇਚਣ ਲਈ ਮੰਡੀ ਆਏ ਹਨ। ਪੱਤੇ ਆਮ ਤੌਰ 'ਤੇ 2-3 ਦਿਨਾਂ ਬਾਅਦ ਮੁਰਝਾਉਣ ਲੱਗਦੇ ਹਨ, ਇਸ ਲਈ "ਸਾਨੂੰ ਉਨ੍ਹਾਂ ਨੂੰ ਤੁਰੰਤ ਹੀ ਵੇਚਣਾ ਪੈਂਦਾ ਹੈ," 32 ਸਾਲਾ ਸੁਨੀਲ ਕਹਿੰਦੇ ਹਨ।
"ਅੱਜ ਦੀ ਕੀਮਤ ਕੋਈ ਬਹੁਤੀ ਮਾੜੀ ਨਹੀਂ ਸੀ। ਇੱਕ ਬੰਡਲ ਦੀ ਕੀਮਤ 50 ਰੁਪਏ ਰਹੀ ਤੇ ਇਹ ਆਮ ਕੀਮਤ ਨਾਲ਼ੋਂ ਵੱਧ ਹੈ," ਸੁਨੀਲ ਕਹਿੰਦੇ ਹਨ। "ਵਿਆਹਾਂ ਦੇ ਸੀਜ਼ਨ ਦੌਰਾਨ ਇਹ ਕਿੱਤਾ ਵਧੇਰੇ ਲਾਭਦਾਇਕ ਹੁੰਦਾ ਹੈ। ਪੂਜਾ ਵਿੱਚ ਵੀ ਇਨ੍ਹਾਂ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਸ਼ੁਭ ਮੰਨੇ ਜਾਂਦੇ ਹਨ। ਇਸ ਸਮੇਂ ਦੌਰਾਨ ਮੰਗ ਬਹੁਤ ਜ਼ਿਆਦਾ ਹੈ ਕਿਉਂਕਿ ਲੋਕ ਵਿਆਹਾਂ ਵਿੱਚ ਪਾਨ ਸਟਾਲਾਂ ਦਾ ਪ੍ਰਬੰਧ ਵੀ ਕਰਦੇ ਹਨ। ਪਰ ਅਜਿਹਾ ਸਬਬ ਵੀ ਕਦੇ-ਕਦਾਈਂ ਹੀ ਬਣਦਾ ਹੈ। ਬਾਕੀ ਦਾ ਸਮਾਂ ਤਾਂ ਕਾਰੋਬਾਰ ਮੱਠਾ ਹੀ ਰਹਿੰਦਾ ਹੈ," ਸੁਨੀਲ ਕਹਿੰਦੇ ਹਨ। ਇਸ ਸਭ ਤੋਂ ਇਲਾਵਾ, ਇਹ ਇੱਕ ਮੌਸਮੀ ਫ਼ਸਲ ਵੀ ਹੈ।
ਹੁਣ ਜਦੋਂ ਤੰਬਾਕੂ ਦੇ ਪੈਕੇਟ ਆਸਾਨੀ ਨਾਲ਼ ਉਪਲਬਧ ਹਨ, "ਕੋਈ ਵੀ ਇੰਨਾ ਪਾਨ ਨਹੀਂ ਖਰੀਦਣਾ ਚਾਹੁੰਦਾ," ਪ੍ਰਕਾਸ਼ ਕਹਿੰਦੇ ਹਨ। ਇੱਕ ਪਾਨ ਦੀ ਕੀਮਤ 25-30 ਰੁਪਏ ਹੈ ਅਤੇ ਇੰਨੇ ਪੈਸਿਆਂ ਨਾਲ਼ ਤੰਬਾਕੂ ਦੇ ਪੰਜ ਪੈਕੇਟ ਖ਼ਰੀਦੇ ਜਾ ਸਕਦੇ ਹਨ। "ਹਾਲਾਂਕਿ ਪਾਨ ਦੇ ਸਿਹਤ ਨਾਲ਼ ਜੁੜੇ ਬਹੁਤ ਸਾਰੇ ਫਾਇਦੇ ਵੀ ਹਨ ਪਰ ਫਿਰ ਵੀ ਲੋਕ ਤੰਬਾਕੂ ਵੱਲ ਵਧੇਰੇ ਆਕਰਸ਼ਿਤ ਹੋ ਰਹੇ ਹਨ," ਉਹ ਕਹਿੰਦੇ ਹਨ।
ਸੌਰਭ ਟੋਡਾਵਾਲ ਪਹਿਲਾਂ ਸੁਪਾਰੀ ਦੀ ਖੇਤੀ ਕਰਦੇ ਸਨ ਪਰ ਆਪਣੀ ਅਸਥਿਰ ਆਮਦਨ ਤੋਂ ਨਿਰਾਸ਼ ਹੋ ਕੇ, ਉਨ੍ਹਾਂ ਨੇ 2011 ਵਿੱਚ ਆਪਣਾ ਪੇਸ਼ਾ ਛੱਡ ਦਿੱਤਾ ਅਤੇ ਹੁਣ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਇਸ ਦੁਕਾਨ ਤੋਂ ਉਹ ਸਾਲ ਦੇ 1.5 ਲੱਖ ਰੁਪਏ ਤੱਕ ਕਮਾ ਲੈਂਦੇ ਹਨ, ਇਹ ਕਮਾਈ ਪਾਨ ਪੱਤੇ ਦੇ ਕਿਸਾਨ ਵਜੋਂ ਹੋਣ ਵਾਲ਼ੀ ਕਮਾਈ ਨਾਲ਼ੋਂ ਦੁਗਣੀ ਤੋਂ ਵੀ ਵੱਧ ਹੈ।
ਵਿਸ਼ਨੂੰ ਪ੍ਰਸਾਦ ਮੋਦੀ ਨੇ 10 ਸਾਲ ਪਹਿਲਾਂ ਪਾਨ ਦੀ ਕਾਸ਼ਤ ਛੱਡ ਦਿੱਤੀ ਸੀ ਅਤੇ ਇੱਕ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਨ ਲੱਗੇ। ਉਹ ਕਹਿੰਦੇ ਹਨ ਕਿ ਪਾਨ ਦੇ ਪੱਤਿਆਂ ਦੀ ਕਾਸ਼ਤ ਲਾਹੇਵੰਦਾ ਸੌਦਾ ਨਹੀਂ: "[ ਪਾਨ ਦੇ ਪੱਤਿਆਂ ਦੀ] ਕਾਸ਼ਤ ਲਈ ਕੋਈ ਸਹੀ ਸਮਾਂ ਨਹੀਂ ਹੈ। ਗਰਮੀਆਂ ਵਿੱਚ, ਪੱਤੇ [ਲੂ] ਤੋਂ ਪੀੜਤ ਰਹਿੰਦੇ ਹਨ ਅਤੇ ਸਰਦੀਆਂ ਵਿੱਚ, ਵੇਲ ਦਾ ਵਿਕਾਸ ਘੱਟ ਹੁੰਦਾ ਹੈ। ਮਾਨਸੂਨ ਦੌਰਾਨ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਪੱਤਿਆਂ ਦੇ ਖਰਾਬ ਹੋਣ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ।''
ਅਪ੍ਰੈਲ 2023 ਵਿੱਚ ਬਨਾਰਸੀ ਪਾਨ ਨੂੰ ਜੀਆਈ (ਭੂਗੋਲਿਕ ਪਛਾਣ) ਟੈਗ ਪ੍ਰਾਪਤ ਹੋਇਆ, ਜਿਹਨੂੰ ਦੇਖ ਕੇ ਪ੍ਰਕਾਸ਼ ਦੇ ਪੁੱਤਰ, ਪ੍ਰਦੀਪ ਜੋ ਖ਼ੁਦ ਵੀ ਪਾਨ ਦੇ ਪੱਤੇ ਉਗਾਉਂਦੇ ਹਨ, ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਜੀਆਈ ਟੈਗ ਦੇਵੇ ਕਿਉਂਕਿ ਇਸ ਨਾਲ਼ ਸਾਡੇ ਕਾਰੋਬਾਰ ਨੂੰ ਕਾਫ਼ੀ ਲਾਭ ਹੋਵੇਗਾ।"
ਤਰਜਮਾ: ਕਮਲਜੀਤ ਕੌਰ