ਪਹਿਲਾਂ ਮੀਂਹ ਦੀ ਕਮੀ, ਅਤੇ ਫਿਰ ਬੇਮੌਸਮੀ ਬਰਸਾਤ ਨੇ ਚਤਰਾ ਦੇਵੀ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੱਤਾ ਹੈ। “ਅਸੀਂ ਬਾਜਰੇ ਦੀ ਖੇਤੀ ਕੀਤੀ ਸੀ ਅਤੇ ਇਹ ਵਧੀਆ ਹੋ ਰਹੀ ਸੀ। ਪਰ ਜਦੋਂ ਅਸੀਂ ਇਸ ਨੂੰ ਪਾਣੀ ਲਾਉਣਾ ਸੀ, ਮੀਂਹ ਨਹੀਂ ਪਿਆ। ਫਿਰ ਵਾਢੀ ਸਮੇਂ ਮੀਂਹ ਪੈ ਗਿਆ ਅਤੇ ਫ਼ਸਲ ਖਰਾਬ ਹੋ ਗਈ,” 45 ਸਾਲਾ ਕਿਸਾਨ ਦਾ ਕਹਿਣਾ ਹੈ ਜੋ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਖੀਰਖਿੜੀ ਪਿੰਡ ਵਿੱਚ ਰਹਿੰਦੇ ਹਨ।
ਕਰੌਲੀ ਦੀ ਖੇਤੀਬਾੜੀ ਮੀਂਹ ‘ਤੇ ਨਿਰਭਰ ਕਰਦੀ ਹੈ ਅਤੇ ਜ਼ਿਆਦਾਤਰ ਸਥਾਨਕ ਲੋਕ ਜਾਂ ਤਾਂ ਕਿਸਾਨ ਹਨ ਜਾਂ ਫਿਰ ਖੇਤੀ ਮਜ਼ਦੂਰ ਹਨ (ਜਨਗਣਨਾ 2011) । ਇਤਿਹਾਸਿਕ ਤੌਰ ‘ਤੇ ਇਹ ਰਾਜ ਪਾਣੀ ਤੋਂ ਸੱਖਣਾ ਰਿਹਾ ਹੈ ਅਤੇ ਜ਼ਿਆਦਾਤਰ ਖੇਤੀ ਬਾਰਿਸ਼ ‘ਤੇ ਨਿਰਭਰ ਰਹਿੰਦੀ ਹੈ।
ਮੀਨਾ ਸਮੁਦਾਇ (ਜਿਸ ਨੂੰ ਰਾਜ ਵਿਚ ਪਛੜੀਆਂ ਜਾਤੀਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ) ਦੀ ਇਕ ਮੈਂਬਰ, ਚਤਰਾ ਦੇਵੀ ਦਾ ਕਹਿਣਾ ਹੈ ਕਿ ਓਹਨਾਂ ਨੇ ਪਿਛਲੇ 10 ਸਾਲਾਂ ਵਿੱਚ ਬਾਰਿਸ਼ ਦੇ ਪੈਟਰਨ ਵਿੱਚ ਬਦਲਾਅ ਦੇਖਿਆ ਹੈ। ਰਾਜਸਥਾਨ ਭਾਰਤ ਦਾ (ਖੇਤਰਫਲ ਅਨੁਸਾਰ) ਸਭ ਤੋਂ ਵੱਡਾ ਰਾਜ ਹੈ ਅਤੇ 70 ਫੀਸਦੀ ਅਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਅਤੇ ਪਸ਼ੂ-ਪਾਲਣ ‘ਤੇ ਨਿਰਭਰ ਹੈ।
ਬਾਰਿਸ਼ ਦੇ ਬਦਲਦੇ ਪੈਟਰਨ ਨੇ ਖੀਰਖਿੜੀ ਦੇ ਕਿਸਾਨਾਂ ਨੂੰ ਗੁਜ਼ਾਰੇ ਲਈ ਦੁੱਧ ਦੀ ਵਿਕਰੀ ‘ਤੇ ਨਿਰਭਰ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ। ਪਰ ਮੌਸਮ ਵਿੱਚ ਬਦਲਾਅ ਨਾਲ ਪਸ਼ੂਆਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਜੋ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। “ਪਿਛਲੇ 5- 10 ਦਿਨਾਂ ਤੋਂ ਮੇਰੀ ਗਾਂ ਨੇ ਚੰਗੀ ਤਰ੍ਹਾਂ ਕੁਝ ਨਹੀਂ ਖਾਧਾ,” ਚਤਰਾ ਦੇਵੀ ਕਹਿੰਦੀ ਹਨ।
ਖੀਰਖਿੜੀ ਵਿੱਚ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ, ਅਨੂਪ ਸਿੰਘ ਮੀਨਾ, 48, ਭਵਿੱਖ ਲਈ ਚਿੰਤਤ ਹਨ। “ਜਦੋਂ ਮੈਂ ਆਪਣੇ ਪਿੰਡ ਦੇ ਭਵਿੱਖ ਬਾਰੇ ਸੋਚਦੀ ਹਾਂ, ਖੇਤੀਬਾੜੀ ਜੋ ਮਾਨਸੂਨ ‘ਤੇ ਨਿਰਭਰ ਹੈ, ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਦੇ ਹਨ। ਮੈਨੂੰ ਭਵਿੱਖ ਹਨ੍ਹੇਰੇ ਵਿੱਚ ਦਿਖਾਈ ਦਿੰਦਾ ਹੈ।”
ਖੀਰਖਿੜੀ ਵਿੱਚ ਬਣੀ ਇਹ ਫਿਲਮ ਖੇਤਾਂ ‘ਤੇ ਨਿਰਭਰ ਲੋਕਾਂ ਦੀ ਕਹਾਣੀ ਅਤੇ ਬਦਲਦੇ ਮੌਸਮ ਕਾਰਨ ਉਹਨਾਂ ਦੁਆਰਾ ਝੱਲੀਆਂ ਜਾਂਦੀਆਂ ਚੁਣੌਤੀਆਂ ਨੂੰ ਦਰਸਾਉਂਦੀ ਹੈ।
ਤਰਜਮਾ: ਇੰਦਰਜੀਤ ਸਿੰਘ