ਜਸਦੀਪ ਨੂੰ ਜਦੋਂ ਬਿਹਤਰ ਤਰੀਕੇ ਨਾਲ਼ ਪੜ੍ਹਾਈ ਕਰਨ ਵਾਸਤੇ ਸਮਾਰਟ ਫ਼ੋਨ ਦੀ ਲੋੜ ਪਈ ਤਾਂ ਉਨ੍ਹਾਂ ਦੇ ਮਾਪਿਆਂ ਨੇ ਆਪਣੀ ਧੀ ਨੂੰ 10,000 ਰੁਪਏ ਉਧਾਰ ਦੇ ਦਿੱਤੇ। ਉਧਾਰ ਦੀ ਚੁਕਾਈ ਵਾਸਤੇ ਇਸ 18 ਸਾਲਾ ਮੁਟਿਆਰ ਨੇ ਆਪਣੀਆਂ ਗਰਮੀ ਦੀਆਂ ਛੁੱਟੀਆਂ (2023 ਦੀਆਂ) ਜੀਰੀ (ਝੋਨਾ) ਲਾਉਂਦਿਆਂ ਬਿਤਾਈਆਂ।

ਜੇ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਜਸਦੀਪ ਕੋਈ ਪਹਿਲੀ ਦਲਿਤ ਵਿਦਿਆਰਥੀ ਨਹੀਂ ਜੋ ਆਪਣੇ ਪਰਿਵਾਰ ਦੀ ਬਾਂਹ ਫੜ੍ਹਨ ਲਈ ਖੇਤ ਮਜ਼ਦੂਰੀ ਕਰਦੀ ਹੈ, ਇੱਥੇ ਇੰਝ ਬੱਚਿਆਂ ਨੂੰ ਕੰਮ ਕਰਦੇ ਦੇਖਣਾ ਆਮ ਗੱਲ ਹੈ।

''ਅਸੀਂ ਸ਼ੌਕ ਨਾਲ਼ ਨਈ ਲਾਉਂਦੇ ਝੋਨਾ। ਮਜ਼ਬੂਰੀ ਨਾਲ਼ ਲਾਉਂਦੇ ਆਂ,'' ਜਸਦੀਪ ਕਹਿੰਦੀ ਹਨ। ਉਨ੍ਹਾਂ ਦਾ ਪਰਿਵਾਰ ਮਜ੍ਹਬੀ ਸਿੱਖ ਹੈ ਜੋ ਪੰਜਾਬ ਦੀ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ; ਉਨ੍ਹਾਂ ਦੇ ਇਸ ਭਾਈਚਾਰੇ ਦੇ ਬਹੁਤੇਰੇ ਲੋਕੀਂ ਬੇਜ਼ਮੀਨੇ ਹੁੰਦੇ ਹਨ ਜੋ ਢਿੱਡ ਭਰਨ ਵਾਸਤੇ ਉੱਚੀਆਂ ਜਾਤਾਂ ਦੇ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਦੇ ਹਨ।

ਜਿਹੜੇ ਪੈਸੇ ਜਸਦੀਪ ਦੇ ਮਾਪਿਆਂ ਨੇ ਉਨ੍ਹਾਂ ਨੂੰ ਉਧਾਰ ਦਿੱਤੇ ਉਹ ਦਰਅਸਲ 38,000 ਰੁਪਏ ਦੇ ਚੁੱਕੇ ਕਰਜੇ ਦਾ ਹਿੱਸਾ ਸਨ। ਪਰਿਵਾਰ ਨੇ ਇਹ ਕਰਜਾ ਮਾਈਕ੍ਰੋਫਾਈਨਾਂਸ ਕੰਪਨੀ ਪਾਸੋਂ ਗਾਂ ਖਰੀਦਣ ਲਈ ਲਿਆ ਸੀ। 40 ਰੁਪਏ/ਕਿੱਲੋ ਦੇ ਹਿਸਾਬ ਨਾਲ਼ ਵਿਕਣ ਵਾਲ਼ੇ ਦੁੱਧ ਨਾਲ਼ ਪਰਿਵਾਰ ਦਾ ਗੁਜਾਰਾ ਚੱਲ ਜਾਂਦਾ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਵਿਖੇ ਕਮਾਈ ਦੇ ਮੌਕੇ ਤੇ ਵਸੀਲੇ ਬੜੇ ਥੋੜ੍ਹੇ ਹਨ। ਇੱਥੋਂ ਦੀ 33 ਫੀਸਦ ਅਬਾਦੀ ਖੇਤ ਮਜ਼ਦੂਰੀ ਕਰਦੀ ਹੈ।

ਜਸਦੀਪ ਦਾ ਸਮਾਰਟ ਫ਼ੋਨ ਉਦੋਂ ਹੋਰ ਕੀਮਤੀ ਜਾਪਣ ਲੱਗਿਆ ਜਦੋਂ ਜੂਨ ਵਿੱਚ ਉਨ੍ਹਾਂ ਨੇ ਕਾਲਜ ਜਾਣਾ ਸੀ। ਝੋਨੇ ਦੇ ਖੇਤਾਂ ਵਿੱਚ ਦੋ-ਘੰਟੇ ਦੀ ਛੁੱਟੀ ਲੈਂਦਿਆਂ ਉਨ੍ਹਾਂ ਨੇ ਇਸ 'ਤੇ ਆਨਲਾਈਨ ਕੋਸ਼ਿਸ਼ ਜਾਰੀ ਰੱਖੀ। ''ਕੰਮ ਕਰਕੇ ਨਈਂ ਗਈ। ਜੇ ਕਾਲਜ ਚਲੀ ਜਾਵਾਂ, ਤੇ ਜੇੜਾ ਓ ਕਰਨਗੇ ਕੰਮ ਓਸਦੇ ਵਿੱਚ ਮੈਂ ਸ਼ਾਮਲ ਨਈਂ ਹੋਵਾਂਗੀ ਤੇ ਓਨਾ ਦੀ ਦਿਹਾੜੀ ਕੱਟੀ ਜਾਊਗੀ ਨਾ,'' ਉਨ੍ਹਾਂ ਕਿਹਾ।

Dalit student Jasdeep Kaur, a resident of Khunde Halal in Punjab, transplanting paddy during the holidays. This summer, she had to repay a loan of Rs. 10,000 to her parents which she had taken to buy a smartphone to help with college work
PHOTO • Sanskriti Talwar

ਪੰਜਾਬ ਦੇ ਪਿੰਡ ਖੁੰਡੇ ਹਲਾਲ ਦੀ ਦਲਿਤ ਵਿਦਿਆਰਥਣ, ਜਸਦੀਪ ਕੌਰ ਗਰਮੀ ਦੀਆਂ ਛੁੱਟੀਆਂ ਦੌਰਾਨ ਝੋਨਾ ਲਾਉਂਦੀ ਹੋਈ। ਇਨ੍ਹਾਂ ਗਰਮੀਆਂ ਵਿੱਚ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਫੜ੍ਹੇ 10,000 ਰੁਪਏ ਮੋੜਨੇ ਪਏ ਜੋ ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਜਾਰੀ ਰੱਖਣ ਲਈ ਸਮਾਟਰ ਫ਼ੋਨ ਖਰੀਦਣ ਲਈ ਲਏ ਸਨ

'We don’t labour in the fields out of joy, but out of the helplessness of our families ,' says Jasdeep. Her family are Mazhabi Sikhs, listed as Scheduled Caste in Punjab; most people in her community do not own land but work in the fields of upper caste farmers
PHOTO • Sanskriti Talwar
'We don’t labour in the fields out of joy, but out of the helplessness of our families ,' says Jasdeep. Her family are Mazhabi Sikhs, listed as Scheduled Caste in Punjab; most people in her community do not own land but work in the fields of upper caste farmers
PHOTO • Sanskriti Talwar

'ਅਸੀਂ ਸ਼ੌਕ ਨਾਲ਼ ਨਈਂ ਲਾਉਂਦੇ ਝੋਨਾ। ਮਜ਼ਬੂਰੀ ਨਾਲ਼ ਲਾਉਂਦੇ ਆਂ, ' ਜਸਦੀਪ ਦਾ ਕਹਿਣਾ ਹੈ। ਉਨ੍ਹਾਂ ਦਾ ਪਰਿਵਾਰ ਮਜ੍ਹਬੀ ਸਿੱਖ ਹੈ ਜੋ ਪੰਜਾਬ ਵਿਖੇ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਇਸ ਭਾਈਚਾਰੇ ਦੇ ਬਹੁਤੇਰੇ ਲੋਕੀਂ ਬੇਜ਼ਮੀਨੇ ਹਨ ਤੇ ਉੱਚੀ ਜਾਤ ਦੇ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ

ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਕਾਲਜ ਵਿਖੇ ਕਾਮਰਸ ਦੇ ਦੂਜੇ ਵਰ੍ਹੇ ਦੀ ਵਿਦਿਆਰਥਣ ਜਸਦੀਪ ਵਾਸਤੇ ਖੇਤ ਮਜ਼ਦੂਰੀ ਕਰਨਾ ਕੋਈ ਨਵੀਂ ਗੱਲ ਨਹੀਂ। ਉਹ ਤਾਂ 15 ਸਾਲ ਦੀ ਉਮਰ ਤੋਂ ਹੀ ਆਪਣੇ ਮਾਪਿਆਂ ਨਾਲ਼ ਖੇਤਾਂ ਵਿੱਚ ਕੰਮ ਕਰਨ ਜਾਂਦੀ ਰਹੀ ਹੈ।

''ਜਿਵੇਂ ਜੁਆਕ ਕਹਿ ਈ ਦੇਂਦੇ ਨੇ ਬਈ ਅਸੀਂ ਨਾਨੀ ਪਿੰਡ ਜਾਣਾ ਏ, ਜਿੰਨੀਆਂ ਛੁੱਟੀਆਂ ਹੁੰਦੀਆਂ ਨੇ ਸਾਡੀ ਕੋਸ਼ਿਸ਼ ਹੁੰਦੀ ਏ ਬਈ ਜਿੰਨਾ ਝੋਨਾ ਲਾ ਸਕੀਏ ਸਾਰਾ ਹੀ ਲਾ ਦਿੰਨੇ ਆਂ,'' ਫਿੱਕਾ ਫਿੱਕਾ ਮੁਸਕਰਾਉਂਦਿਆਂ ਜਸਦੀਪ ਕਹਿੰਦੀ ਹਨ।

ਜਸਦੀਪ ਦੇ ਝੋਨਾ ਲਾਉਣ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਉਨ੍ਹਾਂ ਨੇ ਪਰਿਵਾਰ ਵੱਲੋਂ ਚੁੱਕੇ ਇੱਕ ਲੱਖ ਰੁਪਏ ਦੇ ਦੋ ਕਰਜੇ ਲਾਹੁਣੇ ਸਨ। ਇਹ ਕਰਜੇ ਉਨ੍ਹਾਂ ਦੇ ਪਿਤਾ ਨੇ 2019 ਵਿੱਚ ਖਰੀਦੇ ਮੋਟਰਸਾਈਕਲ ਵਾਸਤੇ ਲਏ ਸਨ। ਪਰਿਵਾਰ ਨੇ ਇੱਕ ਕਰਜੇ ਬਦਲੇ 17,000 ਰੁਪਏ ਤੇ ਦੂਜੇ ਬਦਲੇ 12,000 ਰੁਪਏ ਦਾ ਵਿਆਜ ਚੁਕਾਇਆ।

ਜਸਦੀਪ ਦੇ ਛੋਟੇ ਭੈਣ-ਭਰਾ- ਮੰਗਲ (ਭਰਾ) ਤੇ ਜਗਦੀਪ (ਭੈਣ), ਦੋਵੇਂ 17 ਸਾਲਾਂ ਦੇ ਹਨ। ਉਨ੍ਹਾਂ ਨੇ ਵੀ 15 ਸਾਲ ਦੀ ਉਮਰ ਤੋਂ ਹੀ ਖੇਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਮਾਂ 38 ਸਾਲਾ ਰਾਜਵੀਰ ਕੌਰ ਸਾਨੂੰ ਦੱਸਦੀ ਹਨ ਕਿ ਇਸ ਪਿੰਡ ਦੇ ਜਿੰਨੇ ਵੀ ਮਾਪੇ ਹਨ ਉਹ ਆਪਣੇ ਬੱਚਿਆਂ ਨੂੰ ਛੋਟੇ (7-8 ਸਾਲ) ਹੁੰਦਿਆਂ ਹੀ ਆਪਣੇ ਨਾਲ਼ ਖੇਤੀਂ ਲੈ ਜਾਂਦੇ ਹਨ ਤਾਂ ਕਿ ਉਹ ਕੰਮ ਕਰਨਾ ਸਿੱਖਦੇ ਰਹਿਣ, ''ਛੋਟੇ ਛੋਟੇ ਸੀਗੇ ਤਦੋਂ ਦੇ ਹੀ ਜਾਨ ਲੱਗ ਗਏ ਸੀ। ਮੁੰਡਾ ਤੇ ਮੇਰੇ ਮਗਰ ਮਗਰ ਰਹਿੰਦਾ ਸੀ। ਮਾੜੇ ਮੋਟੇ ਕੰਮ ਤਾਂ ਕਰ ਈ ਲੈਂਦਾ ਏ। ਨਈਂ ਤੇ ਜੇੜਾ ਬੰਦਾ ਪਹਿਲੀ ਵਾਰ ਜਾਂਦਾ ਹੈ ਤੇ ਬੱਸ ਓ ਤੇ ਬਹਿ ਈ ਜਾਂਦਾ ਏ ਵਿਚਾਰਾ।''

Rajveer Kaur (in red) says families of farm labourers in the village start taking children to the fields when they are seven or eight years old to watch their parents at work.
PHOTO • Sanskriti Talwar
Jasdeep’s brother Mangal Singh (black turban) started working in the fields when he turned 15
PHOTO • Sanskriti Talwar

ਖੱਬੇ: ਰਾਜਵੀਰ ਕੌਰ (ਲਾਲ ਕੱਪੜਿਆਂ ਵਿੱਚ) ਦਾ ਕਹਿਣਾ ਹੈ ਕਿ ਪਿੰਡ ਦੇ ਖੇਤ ਮਜ਼ਦੂਰ ਮਾਪੇ ਆਪਣੇ 7-8 ਸਾਲ ਦੇ ਬੱਚਿਆਂ ਨੂੰ ਕੰਮ 'ਤੇ ਆਪਣੇ ਨਾਲ਼ ਲਿਜਾਂਦੇ ਹਨ ਤਾਂਕਿ ਉਹ ਕੰਮ ਕਰਨਾ ਸਿੱਖ ਜਾਣ। ਸੱਜੇ: ਜਸਦੀਪ ਦੇ ਭਰਾ ਮੰਗਲ ਸਿੰਘ (ਕਾਲ਼ਾ ਪਰਨਾ ਬੰਨ੍ਹੀ) ਨੇ 15 ਸਾਲ ਦੀ ਉਮਰ ਤੋਂ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ

ਇਹੀ ਹਾਲ ਉਨ੍ਹਾਂ ਦੇ ਗੁਆਂਢ ਦੀ ਨੀਰੂ ਦੇ ਪਰਿਵਾਰ ਦਾ ਵੀ ਹੈ। ਪਰਿਵਾਰ ਵਿੱਚ ਉਨ੍ਹਾਂ ਦੀਆਂ ਤਿੰਨ ਭੈਣਾਂ ਤੇ ਇੱਕ ਵਿਧਵਾ ਮਾਂ ਹੈ। ਪਿੰਡੋਂ ਬਾਹਰ ਜਾ ਕੇ ਝੋਨਾ ਨਾ ਲਾ ਸਕਣ ਦੀ ਆਪਣੀ ਮਜ਼ਬੂਰੀ ਨੂੰ ਬਿਆਨ ਕਰਦਿਆਂ ਨੀਰੂ (22 ਸਾਲਾ) ਕਹਿੰਦੀ ਹਨ,''ਮੰਮੀ ਤੋਂ ਲੱਗਦਾ ਨਈਂ ਹੁਣ। ਬੀਮਾਰ ਰਹਿੰਦੀ ਏ। ਥੋੜ੍ਹੀ ਜਿਹੀ ਕਾਲ਼ੇ ਪੀਲ਼ੀਏ ਦੀ ਪ੍ਰੋਬਲਮ ਏ ਓਨਾਂ ਨੂੰ।'' 40 ਸਾਲਾ ਸੁਰਿੰਦਰ ਕੌਰ ਨੂੰ 2022 ਵਿੱਚ ਇਸ ਬੀਮਾਰੀ ਨੇ ਜਕੜਿਆ ਤੇ ਹੁਣ ਉਨ੍ਹਾਂ ਨੂੰ ਗਰਮੀ ਕਾਰਨ ਬੁਖਾਰ ਚੜ੍ਹਨ ਤੇ ਟਾਈਫਾਈਡ ਹੋਣ ਦਾ ਖ਼ਤਰਾ ਬਣਿਆ ਹੀ ਰਹਿੰਦਾ ਹੈ। ਉਨ੍ਹਾਂ ਨੂੰ ਹਰ ਮਹੀਨੇ 1,500 ਰੁਪਏ ਵਿਧਵਾ ਪੈਨਸ਼ਨ ਤਾਂ ਮਿਲ਼ਦੀ ਹੈ ਪਰ ਇੰਨੇ ਪੈਸੇ ਨਾਲ਼ ਘਰ ਦਾ ਗੁਜਾਰਾ ਨਹੀਂ ਚੱਲ ਸਕਦਾ।

ਇਸਲਈ 15 ਸਾਲਾਂ ਦੀਆਂ ਹੁੰਦੇ-ਹੁੰਦੇ ਨੀਰੂ ਤੇ ਉਨ੍ਹਾਂ ਦੀਆਂ ਭੈਣਾਂ ਨੇ ਝੋਨਾ ਲਾਉਣਾ, ਨਦੀਨ ਪੁੱਟਣੇ ਤੇ ਨਰਮਾ ਚੁੱਗਣਾ ਸ਼ੁਰੂ ਕਰ ਦਿੱਤਾ ਸੀ। ਬੱਸ ਇਹੀ ਕੁਝ ਸੀ ਇਸ ਮਜ੍ਹਬੀ ਸਿੱਖ ਪਰਿਵਾਰ ਦੀ ਕਮਾਈ ਦਾ ਵਸੀਲਾ। ''ਪਹਿਲਾਂ ਤਾਂ ਅਸੀਂ ਜ਼ਿਆਦਾ ਝੋਨਾ ਲਾਉਂਦੇ ਸੀ, ਲਗਭਗ ਸਾਰਾ ਮੰਥ ਈ ਲਾਉਂਦੇ ਸੀ ਛੁੱਟੀਆਂ ਛੁੱਟੀਆਂ 'ਚ। ਪੂਰੇ ਮਹੀਨੇ 'ਚੋਂ ਸਿਰਫ਼ ਹਫ਼ਤਾ ਹੀ ਘਰੇ ਹੁੰਦੇ ਸੀ ਓਸਦੇ ਵਿੱਚ ਹੀ ਸਾਰਾ ਸਕੂਲ ਦਾ ਕੰਮ ਕਰਦੇ ਸੀ,'' ਨੀਰੂ ਕਹਿੰਦੀ ਹਨ।

ਪਰ ਹੁੰਮਸ ਭਰੀ ਗਰਮੀ ਵਿੱਚ ਇੰਨਾ ਚਿਰ ਝੁਕੇ ਰਹਿ ਕੇ ਕੰਮ ਕਰਨਾ ਅਸਹਿ ਹੁੰਦਾ ਹੈ ਕਿਉਂਕਿ ਧੁੱਪ ਕਾਰਨ ਖੇਤਾਂ ਵਿੱਚ ਲੱਗਿਆ ਪਾਣੀ ਵੀ ਰਿੱਝਣ ਲੱਗਦਾ ਹੈ, ਸੋ ਔਰਤਾਂ ਤੇ ਬੱਚੀਆਂ ਨੂੰ ਦੁਪਹਿਰ ਵੇਲ਼ੇ ਮਾੜੀ-ਮੋਟੀ ਛਾਂ ਦਾ ਹੀ ਆਸਰਾ ਰਹਿੰਦਾ ਹੈ। ਇਹ ਕੰਮ ਥਕਾ ਸੁੱਟਣ ਵਾਲ਼ਾ ਹੈ ਪਰ ਜੇਕਰ ਗੱਲ ਕਮਾਈ ਦੀ ਕਰੀਏ ਤਾਂ ਜਸਦੀਪ ਤੇ ਨੀਰੂ ਦੇ ਪਰਿਵਾਰਾਂ ਕੋਲ਼ ਹੋਰ ਕੋਈ ਵਸੀਲਾ ਹੀ ਨਹੀਂ।

ਰਾਜਵੀਰ ਹਰ ਆਉਂਦੇ ਸਾਲ ਆਪਣੇ ਬੱਚਿਆਂ ਦੀ ਫ਼ੀਸ, ਨਵੀਂ ਕਿਤਾਬਾਂ ਤੇ ਵਰਦੀ 'ਤੇ ਹੋਣ ਵਾਲ਼ੇ ਖਰਚੇ ਨੂੰ ਲੈ ਕੇ ਕਹਿੰਦੀ ਹਨ,''ਅਸੀਂ ਘਰ ਦਾ ਡੰਗ ਕਿਵੇਂ ਤੋਰਾਂਗੇ ਜੇ ਇਓਂ ਹੀ ਸਾਰੀ ਕਮਾਈ ਉਨ੍ਹਾਂ ਦੇ ਖਰਚਿਆਂ 'ਤੇ ਖੱਪਦੀ ਰਹੀ ਤਾਂ।''

ਆਪਣੇ ਪੱਕੇ ਘਰ ਦੇ ਵਿਹੜੇ ਵਿੱਚ ਡੱਠੀ ਮੰਜੀ 'ਤੇ ਬੈਠੀ ਰਾਜਵੀਰ ਲੰਬਾ ਸਾਹ ਖਿੱਚਦਿਆਂ ਕਹਿੰਦੀ ਹਨ,''ਹੁਣ ਏਨਾ ਦੋਨਾਂ ਨੇ ਸਕੂਲ ਤੇ ਜਾਣਾ ਈ ਆ!'' ਜਗਦੀਪ ਆਪਣੇ ਪਿੰਡੋਂ 13 ਕਿਲੋਮੀਟਰ ਦੂਰ ਪੈਂਦੇ ਲੱਖੇਵਾਲੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਪੜ੍ਹਦੀ ਹਨ।

Jasdeep drinking water to cool down. Working conditions in the hot summer months are hard and the labourers have to take breaks
PHOTO • Sanskriti Talwar
Rajveer drinking water to cool down. Working conditions in the hot summer months are hard and the labourers have to take breaks
PHOTO • Sanskriti Talwar

ਜਸਦੀਪ (ਖੱਬੇ) ਅਤੇ ਰਾਜਵੀਰ (ਸੱਜੇ) ਗਰਮੀ ਤੋਂ ਥੋੜ੍ਹ-ਚਿਰੀ ਰਾਹਤ ਲਈ ਠੰਡਾ ਪਾਣੀ ਪੀਂਦੀਆਂ ਹੋਈਆਂ। ਹੁੰਮਸ ਭਰੇ ਗਰਮੀ ਦੇ ਇਨ੍ਹਾਂ ਮਹੀਨਿਆਂ ਵਿੱਚ ਕੰਮ ਕਰਨਾ ਬੜਾ ਮੁਸ਼ਕਲਾਂ ਭਰਿਆ ਰਹਿੰਦਾ ਹੈ ਇਸਲਈ ਮਜ਼ਦੂਰਾਂ ਨੂੰ ਥੋੜ੍ਹੇ-ਥੋੜ੍ਹੇ ਚਿਰ ਬਾਅਦ ਬੈਠਣਾ ਪੈਂਦਾ ਹੈ

''ਹਰ ਮਹੀਨੇ ਵੈਨ ਵਾਲ਼ਾ 1,200 ਰੁਪਈਏ ਲੈ ਲੈਂਦਾ ਏ। ਬਾਕੀ ਥੋੜ੍ਹਾ ਸਕੂਲ ਦਾ ਵੀ ਹੁੰਦਾ ਏ। ਟੀਚਰ ਬੜਾ ਕੁਝ ਬਣਾਉਣ ਨੂੰ ਦਿੰਦੇ ਰਹਿੰਦੇ, ਅਸਾਈਨਮੈਂਟ ਵਗੈਰਾ,'' ਨਿਰਾਸ਼ਾਵੱਸ ਪੈਂਦਿਆਂ ਜਸਦੀਪ ਕਹਿੰਦੀ ਹਨ,''ਹੋਰ ਵੀ ਤਾਂ ਖਰਚੇ ਹੁੰਦੇ ਈ ਨੇ।''

ਗਰਮੀਆਂ ਦੀਆਂ ਛੁੱਟੀਆਂ ਤੋਂ ਐਨ ਮਗਰੋਂ ਜੁਲਾਈ ਵਿੱਚ, ਮੰਗਲ ਤੇ ਜਗਦੀਪ ਦੇ ਪੇਪਰ  ਵੀ ਹੋਣੇ ਹਨ। ਇਸਲਈ ਪਰਿਵਾਰ ਨੇ ਉਨ੍ਹਾਂ ਨੂੰ ਛੁੱਟੀਆਂ ਮੁੱਕਣ ਤੋਂ ਪਹਿਲਾਂ ਦੋ-ਤਿੰਨ ਦਿਨ ਦਿਹਾੜੀਆਂ ਨਾ ਲਾਉਣ ਲਈ ਕਿਹਾ ਤਾਂਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇ ਸਕਣ।

ਜਸਦੀਪ ਨੂੰ ਆਪਣੇ ਛੋਟੇ ਭੈਣ-ਭਰਾਵਾਂ ਦੀ ਕਾਬਲੀਅਤ 'ਤੇ ਪੂਰਾ ਭਰੋਸਾ ਹੈ। ਹਾਲਾਂਕਿ ਪਿੰਡ ਦੇ ਬਾਕੀ ਬੱਚਿਆਂ ਨੂੰ ਇੰਨਾ ਸਭ ਵੀ ਨਹੀਂ ਮਿਲ਼ਦਾ। ਆਪਣੀ ਮਾਂ ਦੇ ਨਾਲ਼ ਮੰਜੀ 'ਤੇ ਬੈਠੀ ਉਹ ਕਹਿੰਦੀ ਹਨ,''ਉਹ ਘਾਲ਼ਣਾ ਘਾਲ਼ਦੇ ਨੇ ਤੇ ਫਿਕਰਾਂ ਵੱਸ ਪਏ ਰਹਿੰਦੇ ਨੇ,'' ਉਹ ਕਹਿੰਦੀ ਹਨ। ਇਸ ਮੁਟਿਆਰ ਦੇ ਵੱਸ ਜਿੰਨਾ ਹੁੰਦਾ ਹੈ ਉਹ ਕਰਦੀ ਹੈ, ਦਰਅਸਲ ਪਿੰਡ ਵਿੱਚ ਕਾਲਜ ਜਾਣ ਵਾਲ਼ੇ ਦਲਿਤ ਬੱਚਿਆਂ ਨੇ ਇੱਕ ਸਮੂਹ ਬਣਾਇਆ ਹੈ, ਜੋ ਹਰ ਸ਼ਾਮੀਂ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਮੁਫ਼ਤ ਵਿੱਚ ਟਿਊਸ਼ਨ ਪੜ੍ਹਾਉਂਦੇ ਹਨ, ਜਸਦੀਪ ਵੀ ਉਸੇ ਸਮੂਹ ਦਾ ਹਿੱਸਾ ਹਨ।

*****

ਇਨ੍ਹਾਂ ਬੇਜ਼ਮੀਨੇ ਖੇਤ ਮਜ਼ਦੂਰ ਪਰਿਵਾਰਾਂ ਲਈ ਝੋਨੇ ਦੀ ਪਨੀਰੀ ਲਾਉਣਾ ਇੱਕ ਮੌਸਮੀ ਪੇਸ਼ਾ ਹੈ। ਇੱਕ ਕਿੱਲੇ ਖੇਤ ਵਿੱਚ ਪਨੀਰੀ ਲਾਉਣ ਬਦਲੇ ਹਰੇਕ ਪਰਿਵਾਰ ਨੂੰ 3,500 ਰੁਪਏ ਮਿਲ਼ਦੇ ਹਨ ਤੇ ਜੇਕਰ ਨਰਸਰੀਆਂ (ਜਿੱਥੇ ਪਨੀਰੀ ਉਗਾਈ ਜਾਂਦੀ ਹੈ) ਖੇਤਾਂ ਤੋਂ ਦੋ ਕਿਲੋਮੀਟਰ ਤੋਂ ਵੱਧ ਦੂਰ ਹੋਣ ਤਾਂ ਉਨ੍ਹਾਂ ਨੂੰ 300 ਰੁਪਏ ਵੱਖਰੇ ਦਿੱਤੇ ਜਾਂਦੇ ਹਨ। ਜੇਕਰ ਦੋ ਜਾਂ ਵੱਧ ਪਰਿਵਾਰ ਇਕੱਠੇ ਮਿਲ਼ ਕੇ ਝੋਨਾ ਲਾਉਣ ਤਾਂ ਉਨ੍ਹਾਂ ਵਿੱਚੋਂ ਹਰੇਕ ਵਿਅਕਤੀ ਨੂੰ 400-500 ਰੁਪਏ ਦਿਹਾੜੀ ਬਹਿੰਦੀ ਹੈ।

ਹਾਲਾਂਕਿ, ਖੁੰਡੇ ਹਲਾਲ ਦੇ ਕਈ ਪਰਿਵਾਰਾਂ ਨੇ ਖ਼ਰੀਫ਼ ਸੀਜ਼ਨ ਦੌਰਾਨ ਘੱਟਦੇ ਜਾਂਦੇ ਕੰਮ ਦੀ ਗੱਲ ਚੁੱਕੀ ਹੈ। ਮਿਸਾਲ ਦੇ ਤੌਰ 'ਤੇ, ਜਸਦੀਪ ਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਸਾਲ 25 ਕਿੱਲੇ ਵਿੱਚ ਝੋਨਾ ਲਾਇਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5 ਕਿੱਲੇ ਘੱਟ ਹੀ ਰਿਹਾ। ਇਸ ਸੀਜ਼ਨ ਦੌਰਾਨ ਪਰਿਵਾਰ ਦੇ ਤਿੰਨ ਜੀਆਂ ਵਿੱਚੋਂ ਹਰੇਕ ਨੇ 15,000 ਰੁਪਏ ਕਮਾਏ ਤੇ ਛੋਟੇ ਭੈਣ-ਭਰਾਵਾਂ ਵਿੱਚੋਂ ਹਰੇਕ ਨੇ 10,000 ਰੁਪਏ ਕਮਾਏ।

Transplanting paddy is one of the few seasonal occupations available to labourers in this village. As they step barefoot into the field to transplant paddy, they leave their slippers at the boundary
PHOTO • Sanskriti Talwar
Transplanting paddy is one of the few seasonal occupations available to labourers in this village. As they step barefoot into the field to transplant paddy, they leave their slippers at the boundary
PHOTO • Sanskriti Talwar

ਇਸ ਪਿੰਡ ਦੇ ਖੇਤ ਮਜ਼ਦੂਰਾਂ ਲਈ ਝੋਨਾ (ਸੱਜੇ) ਲਾਉਣਾ ਇੱਕ ਮੌਸਮੀ ਪੇਸ਼ਾ ਹੈ। ਕੱਦੂ ਕੀਤੇ ਖੇਤ ਵਿੱਚ ਪਨੀਰੀ ਲਾਉਣ ਜਾਣ ਤੋਂ ਪਹਿਲਾਂ ਖੇਤ ਦੇ ਬਾਹਰ ਲਾਹੀਆਂ ਚੱਪਲਾਂ

Jasdeep’s father Jasvinder Singh loading paddy from the nurseries for transplanting.
PHOTO • Sanskriti Talwar
Each family of farm labourers is paid around Rs. 3,500 for transplanting paddy on an acre of land. They earn an additional Rs. 300 if the nursery is located at a distance of about two kilometres from the field
PHOTO • Sanskriti Talwar

ਖੱਬੇ: ਜਸਦੀਪ ਦੇ ਪਿਤਾ ਜਸਵਿੰਦਰ ਸਿੰਘ ਝੋਨਾ ਲਾਉਣ ਲਈ ਨਰਸਰੀਆਂ ਤੋਂ ਪਨੀਰੀ ਲੱਦਦੇ ਵੇਲ਼ੇ। ਸੱਜੇ: ਖੇਤ ਮਜ਼ਦੂਰਾਂ ਦੇ ਹਰੇਕ ਪਰਿਵਾਰ ਨੂੰ ਇੱਕ ਕਿੱਲੇ ਵਿੱਚ ਝੋਨਾ ਲਾਉਣ ਬਦਲੇ ਕਰੀਬ 3,500 ਰੁਪਏ ਦਿੱਤੇ ਜਾਂਦੇ ਹਨ। ਜੇਕਰ ਨਰਸਰੀ ਖੇਤ ਤੋਂ 2 ਕਿਲੋਮੀਟਰ ਤੋਂ ਵੱਧ ਦੂਰ ਹੋਵੇ ਤਾਂ ਉਨ੍ਹਾਂ ਨੂੰ 300 ਰੁਪਏ ਅੱਡ ਤੋਂ ਮਿਲ਼ਦੇ ਹਨ

ਸਰਦੀਆਂ ਵਿੱਚ ਦੂਜਾ ਕੰਮ ਨਰਮਾ ਚੁੱਗਣ ਦਾ ਰਹਿੰਦਾ ਹੈ। ਉਹ ਕੰਮ ਵੀ ਹੁਣ ਬਹੁਤਾ ਕਰਕੇ ਨਹੀਂ ਹੀ ਮਿਲ਼ਦਾ, ਜਿਵੇਂ ਕਿ ਜਸਦੀਪ ਦਾ ਕਹਿਣਾ ਹੈ,''ਲਗਭਗ 10 ਸਾਲਾਂ ਤੋਂ ਹੀ ਘੱਟ ਏ ਨਰਮਾ। ਇਹ ਕੁਝ ਤਾਂ ਕੀੜਿਆਂ ਕਰਕੇ ਤੇ ਕੁਝ ਪਾਣੀ ਦੀ ਵੀ ਕਮੀ ਕਰਕੇ ਘੱਟ ਗਿਐ।''

ਖੇਤ ਸਬੰਧੀ ਇਨ੍ਹਾਂ ਕੰਮਾਂ ਦੇ ਘੱਟਦੇ ਜਾਣ ਦਾ ਸਿੱਧਾ ਮਤਲਬ ਇਹੀ ਹੋਇਆ ਕਿ ਇਨ੍ਹਾਂ ਖੇਤ ਮਜ਼ਦੂਰਾਂ ਨੂੰ ਕੋਈ ਹੋਰ ਕੰਮ ਵੇਖਣਾ ਪੈਣਾ ਹੈ। ਜਸਦੀਪ ਦੇ ਪਿਤਾ ਜਸਵਿੰਦਰ ਰਾਜਗਿਰੀ ਦਾ ਕੰਮ ਕਰਿਆ ਕਰਦੇ, ਪਰ ਉਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਰਹਿਣ ਵਾਲ਼ੇ ਦਰਦ ਕਾਰਨ ਉਨ੍ਹਾਂ ਨੂੰ ਉਹ ਕੰਮ ਵੀ ਛੱਡਣਾ ਪਿਆ। 40 ਸਾਲਾ ਜਸਵਿੰਦਰ ਸਿੰਘ ਨੇ ਜੁਲਾਈ 2023 ਵਿੱਚ ਇੱਕ ਨਿੱਜੀ ਬੈਂਕ ਕੋਲ਼ੋਂ ਕਰਜਾ ਚੁੱਕਿਆ ਤੇ ਮਹਿੰਦਰਾ ਬੋਲੇਰੋ ਕਾਰ ਲਈ, ਜਿਸ ਗੱਡੀ 'ਤੇ ਉਹ ਪਿੰਡ ਦੀਆਂ ਸਵਾਰੀਆਂ ਢੋਂਹਦੇ ਹਨ। ਉਹ ਨਾਲ਼ੋਂ-ਨਾਲ਼ ਖੇਤ ਮਜ਼ਦੂਰੀ ਵੀ ਕਰਦੇ ਹਨ। ਪਰਿਵਾਰ ਨੂੰ ਕਰਜੇ ਦੀਆਂ ਕਿਸ਼ਤਾਂ ਮੋੜਨ ਵਿੱਚ ਪੰਜ ਸਾਲ ਲੱਗਣਗੇ।

ਦੋ ਸਾਲ ਪਹਿਲਾਂ ਤੀਕਰ ਨੀਰੂ ਦਾ ਪਰਿਵਾਰ ਗਰਮੀ ਦੀਆਂ ਛੁੱਟੀਆਂ ਦੌਰਾਨ 15 ਕਿੱਲੇ ਭੋਇੰ 'ਤੇ ਝੋਨਾ ਲਾਉਂਦਾ ਰਿਹਾ। ਇਸ ਸਾਲ, ਉਨ੍ਹਾਂ ਨੇ ਸਿਰਫ਼ ਦੋ ਕਿੱਲੇ ਭੋਇੰ 'ਤੇ ਹੀ ਕੰਮ ਕੀਤਾ ਤੇ ਉਸ ਪੈਸੇ ਬਦਲੇ ਵੀ ਆਪਣੇ ਡੰਗਰਾਂ ਵਾਸਤੇ ਪੱਠੇ (ਚਾਰਾ) ਖਰੀਦੇ।

2022 ਵਿੱਚ, ਨੀਰੂ ਦੀ ਵੱਡੀ ਭੈਣ, 25 ਸਾਲਾ ਸ਼ਿਖਾਸ਼ ਨੇ ਪਿੰਡੋਂ 26 ਕਿਲੋਮੀਟਰ ਦੂਰ ਡੋਡਾ ਵਿਖੇ ਮੈਡੀਕਲ ਲੈਬੋਰਟਰੀ ਦੀ ਸਹਾਇਕ ਵਜੋਂ ਕੰਮ ਸ਼ੁਰੂ ਕੀਤਾ। ਉਨ੍ਹਾਂ ਨੂੰ ਮਹੀਨੇ ਦੀ 24,000 ਰੁਪਏ ਤਨਖਾਹ ਮਿਲ਼ਦੀ ਹੈ ਜਿਸ ਨਾਲ਼ ਪਰਿਵਾਰ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ ਤੇ ਉਨ੍ਹਾਂ ਨੇ ਇੱਕ ਗਾਂ ਤੇ ਮੱਝ ਖਰੀਦੀ। ਕੁੜੀਆਂ ਨੇ ਨੇੜੇ-ਤੇੜੇ ਜਾਣ-ਆਉਣ ਵਾਸਤੇ ਪੁਰਾਣੀ ਮੋਟਰ-ਬਾਈਕ ਵੀ ਖਰੀਦ ਲਈ। ਨੀਰੂ ਵੀ ਆਪਣੀ ਭੈਣ ਵਾਂਗਰ ਲੈਬ-ਸਹਾਇਕ ਬਣਨ ਦੀ ਸਿਖਲਾਈ ਲੈ ਰਹੀ ਹਨ। ਉਨ੍ਹਾਂ ਦੀ ਫੀਸ ਪਿੰਡ ਦੀ ਕਲਿਆਣ ਸੋਸਾਇਟੀ ਵੱਲੋਂ ਦਿੱਤੀ ਜਾਂਦੀ ਹੈ।

ਉਨ੍ਹਾਂ ਦੀ ਛੋਟੀ ਭੈਣ, 14 ਸਾਲਾ ਕਮਲ ਪਰਿਵਾਰ ਨਾਲ਼ ਖੇਤਾਂ ਵਿੱਚ ਕੰਮ ਕਰਨ ਜਾਂਦੀ ਹੈ। ਜਗਦੀਪ ਦੇ ਹੀ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਨ ਵਾਲ਼ੀ ਇਹ ਬੱਚੀ ਖੇਤ ਮਜ਼ਦੂਰੀ ਤੇ ਪੜ੍ਹਾਈ ਵਿਚਾਲੇ ਲਗਾਤਾਰ ਪਿਸ ਰਹੀ ਹੈ।

Sukhvinder Kaur and her daughters Neeru and Kamal (left to right)
PHOTO • Sanskriti Talwar
After Neeru’s elder sister Shikhash began working as a medical lab assistant in 2022, the family bought a cow and a buffalo to support their household expenses by selling milk
PHOTO • Sanskriti Talwar

ਖੱਬੇ: ਸੁਖਵਿੰਦਰ ਕੌਰ ਤੇ ਉਨ੍ਹਾਂ ਦੀਆਂ ਧੀਆਂ ਨੀਰੂ ਤੇ ਕਮਲ (ਖੱਬਿਓਂ ਸੱਜੇ) ਨੇ ਪਿੰਡ ਦੀ ਹੀ ਦੋ ਕਿੱਲੇ ਭੋਇੰ 'ਤੇ ਪਨੀਰੀ ਲਾਈ ਤੇ ਮਿਲ਼ਣ ਵਾਲ਼ੇ ਪੈਸੇ ਬਦਲੇ ਆਪਣੇ ਡੰਗਰਾਂ ਜੋਗੇ ਪੱਠੇ ਲਏ। ਸੱਜੇ: ਨੀਰੂ ਦੀ ਵੱਡੀ ਭੈਣ ਸ਼ਿਖਾਸ਼ ਦੀ ਲੈਬ-ਸਹਾਇਕ ਵਜੋਂ ਨੌਕਰੀ ਲੱਗਣ ਤੋਂ ਬਾਅਦ ਪਰਿਵਾਰ ਨੇ ਇੱਕ ਗਾਂ ਤੇ ਮੱਝ ਖਰੀਦੀ ਤੇ ਦੁੱਧ ਵੇਚ ਕੇ ਘਰ ਦੇ ਖਰਚੇ ਪੂਰੇ ਕੀਤੇ ਜਾਂਦੇ ਹਨ

*****

''ਹੁਣ ਇਹ ਜ਼ਿਆਦਾ ਕਰਕੇ ਮਸ਼ੀਨਾਂ ਨਾਲ਼ ਸਿੱਧੀ ਬਿਜਾਈ ਕਰਕੇ ਮਸਾਂ ਹੀ 15 ਦਿਨ ਦਾ ਕੰਮ ਈ ਰਹਿ ਗਿਆ ਹੈ ਮਜ਼ਦੂਰਾਂ ਕੋਲ਼, '' ਤਰਸੇਮ ਸਿੰਘ ਕਹਿੰਦੇ ਹਨ ਜੋ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਿੱਚ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਗੱਲ ਨਾਲ਼ ਸਹਿਮਤ ਹੁੰਦਿਆਂ ਜਸਦੀਪ ਉਸ ਵੇਲ਼ੇ ਨੂੰ ਚੇਤੇ ਕਰਦੀ ਹਨ ਜਦੋਂ ਉਨ੍ਹਾਂ ਦੇ ਪਰਿਵਾਰ ਦਾ ਹਰੇਕ ਮੈਂਬਰ ਝੋਨਾ ਲਾ ਕੇ 25,000 ਰੁਪਏ ਤੱਕ ਕਮਾ ਲਿਆ ਕਰਦਾ ਸੀ।

ਪਰ ਹੁਣ, ''ਇਨ੍ਹਾਂ ਨੇ (ਕਿਸਾਨਾਂ ਨੇ) ਤੇ ਮਸ਼ੀਨਾਂ ਨਾਲ਼ ਸਿੱਧੀ ਬਿਜਾਈ ਕਰ ਦਿੱਤੀ ਏ। ਸਾਨੂੰ ਕੁਝ ਨਈਓਂ ਮਿਲ਼ਣਾ ਓਸ  ਵਿੱਚ। ਅਸਰ ਤੇ ਪੂਰਾ ਈ ਪੈਂਦਾ ਏ ਕਿਉਂਕਿ ਏ ਮਸ਼ੀਨਾਂ ਕਰਕੇ ਸਾਡੀ ਮਜ਼ਦੂਰੀ ਹੱਥੋਂ ਜਾਂਦੀ ਏ,'' ਜਸਦੀਪ ਦੀ ਮਾਂ ਰਾਜਵੀਰ ਹਿਰਖੇ ਮਨ ਨਾਲ਼ ਕਹਿੰਦੀ ਹਨ।

''ਇਸੇ ਲਈ ਪਿੰਡ ਦੇ ਕਈ ਮਜ਼ਦੂਰ ਹੋਰ ਪਿੰਡਾਂ ਵਿੱਚ ਕੰਮ ਲੱਭਣ ਜਾਂਦੇ ਨੇ, '' ਨੀਰੂ ਕਹਿੰਦੀ ਹਨ। ਕਈਆਂ ਦਾ ਇਹ ਮੰਨਣਾ ਹੈ ਕਿ ਜਦੋਂ ਤੋਂ ਸੂਬਾ ਸਰਕਾਰ ਨੇ ਹਰ ਕਿੱਲੇ ਮਗਰ 1,500 ਰੁਪਏ ਦੀ ਮਾਲੀ ਮਦਦ ਦੇਣ ਦੀ ਗੱਲ ਕਹੀ ਹੈ ਉਦੋਂ ਤੋਂ ਹੀ ਡੀਐੱਸਆਰ ਤਕਨੀਕ ਦੀ ਵਰਤੋਂ ਵੱਧ ਗਈ ਹੈ।

ਖੁੰਡੇ ਹਲਾਲ ਵਿਖੇ 43 ਕਿੱਲਿਆਂ ਦੇ ਮਾਲਕ ਗੁਰਪਿੰਦਰ ਸਿੰਘ ਨੇ ਪਿਛਲੇ ਦੋ ਗੇੜਾਂ ਤੋਂ ਡੀਐੱਸਆਰ ਤਰੀਕੇ ਨਾਲ਼ ਬਿਜਾਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ,''ਨਈਂ ਬਰਾਬਰ ਈ ਆ ਕੋਈ ਫ਼ਾਇਦਾ ਨਈਂ ਏ। ਨੋ ਪਰੌਫਿਟ ਨੋ ਲੌਸ। ਭਾਵੇਂ ਲੇਬਰ ਨਾਲ਼ ਲਗਾਲੋ ਤਾਂ ਵੀ ਇੱਕੋ ਗੱਲ ਆ ਤੇ ਭਾਵੇਂ ਸਿੱਧੀ ਬਿਜਾਈ ਕਰਲੋ। ਕੋਈ ਫ਼ਕਰ ਨਹੀਂ ਏ ਖਾਸ। ਪਾਣੀ ਦੀ ਈ ਬੱਚਤ ਹੈਗੀ ਏ। ਬਾਕੀ ਖਰਚਾ ਤਾਂ ਸੇਮ (ਇੱਕੋ) ਈ ਆ।''

Gurpinder Singh
PHOTO • Sanskriti Talwar
Gurpinder Singh owns 43 acres of land in Khunde Halal and has been using the DSR method for two years. But he still has to hire farm labourers for tasks such as weeding
PHOTO • Sanskriti Talwar

ਖੁੰਡੇ ਹਲਾਲ ਵਿਖੇ 43 ਕਿੱਲਿਆਂ ਦੇ ਮਾਲਕ ਗੁਰਪਿੰਦਰ ਸਿੰਘ ਨੇ ਪਿਛਲੇ ਦੋ ਗੇੜਾਂ ਤੋਂ ਡੀਐੱਸਆਰ ਤਰੀਕੇ ਨਾਲ਼ ਬਿਜਾਈ ਕੀਤੀ ਹੈ। ਪਰ ਫਿਰ ਵੀ ਨਦੀਨ ਪੁੱਟਣੇ ਹੋਣ ਤਾਂ ਬੰਦੇ ਹੀ ਲਾਉਣੇ ਪੈਂਦੇ ਨੇ

Mangal, Jasdeep and Rajveer transplanting paddy in the fields of upper caste farmers
PHOTO • Sanskriti Talwar
Mangal, Jasdeep and Rajveer transplanting paddy in the fields of upper caste farmers
PHOTO • Sanskriti Talwar

ਖੱਬੇ: ਮੰਗਲ, ਜਸਦੀਪ ਤੇ ਰਾਜਵੀਰ ਉੱਚ ਜਾਤੀ ਦੇ ਲੋਕਾਂ ਦੇ ਖੇਤਾਂ ਵਿੱਚ ਝੋਨਾ ਲਾਉਂਦਿਆਂ

53 ਸਾਲਾ ਗੁਰਪਿੰਦਰ ਸਿੰਘ ਦਾ ਇਸ ਗੱਲ ਵੱਲ ਧਿਆਨ ਜਾਂਦਾ ਹੈ ਕਿ ਡੀਐੱਸਆਰ ਦੀ ਵਰਤੋਂ ਕਰਕੇ ਭਾਵੇਂ ਅਸੀਂ ਦੋਗੁਣੇ ਬੀਜ ਲਈਏ। ਪਰ ਉਹ ਗੱਲ ਵੀ ਮੰਨਣੀ ਪੈਣੀ ਹੈ ਕੇ ਇਹ ਵਿਧੀ ਖੇਤਾਂ ਨੂੰ ਸੁੱਕਾ ਛੱਡਦੀ ਹੈ, ਜਿਸ ਕਰਕੇ ਚੂਹਿਆਂ ਦਾ ਘੁੰਮਣਾ ਫਿਰਨਾ ਤੇ ਫ਼ਸਲ ਤਬਾਹ ਕਰਨਾ ਸੌਖਾ ਵੀ ਹੋ ਜਾਂਦਾ ਹੈ। ''ਸਿੱਧੀ ਬਿਜਾਈ ਵਾਲ਼ੇ ਖੇਤਾਂ 'ਚ ਤਾਂ ਓਹੋ ਈ ਸਪਰੇਆਂ ਹੋ ਜਾਂਦੀਆਂ ਨੇ ਨਦੀਨਾਂ ਵਾਲ਼ੀਆਂ। ਜੇਹੜਾ ਦੂਜਾ, ਲੇਬਰ ਤੋਂ ਲਵਾਉਂਦੇ ਆਂ, ਉਸ ਵਿੱਚ ਘੱਟ ਹੁੰਦੇ ਨੇ ਨਦੀਨ,'' ਉਨ੍ਹਾਂ ਕਿਹਾ।

ਇੰਝ, ਗੁਰਪਿੰਦਰ ਸਿੰਘ ਨੂੰ ਵੀ ਨਦੀਨਾਂ ਤੋਂ ਛੁਟਕਾਰੇ ਵਾਸਤੇ ਅਖੀਰ ਬੰਦੇ ਹੀ ਲਾਉਣੇ ਪੈਂਦੇ ਹਨ।

''ਜੇ ਨਵੀਂ ਤਕਨੀਕ ਅਪਣਾਉਣ 'ਚ ਕੋਈ ਫਾਇਦਾ ਈ ਨਈਂ ਤਾਂ ਭਲ਼ਾ ਕਿਸਾਨ ਬੰਦੇ ਕਿਉਂ ਨਈਂ ਲਾਉਂਦੇ?'' ਤਰਸੇਮ ਸਵਾਲ ਕਰਦੇ ਹਨ। ਉਨ੍ਹਾਂ ਮੁਤਾਬਕ ਕਿਸਾਨਾਂ ਨੂੰ ਕੀਟਨਾਸ਼ਕ ਵੇਚਣ ਵਾਲ਼ੀਆਂ ਕੰਪਨੀਆਂ ਦੀਆਂ ਜੇਬ੍ਹਾਂ ਭਰਨੀਆਂ ਪਸੰਦ ਨੇ ਪਰ, '' ਮਜ਼ਦੂਰਾਂ ਦੇ ਤਾਂ ਕੱਲੇ ਹੱਥ ਹੀ ਨੇ, ਓ ਵੀ ਏ ਖਾਲੀ ਕਰਾਣ ' ਚ ਲੱਗੇ ਨੇ, '' ਉਨ੍ਹਾਂ ਗੱਲ ਪੂਰੀ ਕੀਤੀ।

ਤਰਜਮਾ: ਕਮਲਜੀਤ ਕੌਰ

Sanskriti Talwar

সংস্কৃতি তলওয়ার নয়া দিল্লি-ভিত্তিক স্বতন্ত্র সাংবাদিক এবং ২০২৩ সালের পারি-এমএমএফ ফেলোশিপ প্রাপক রিপোর্টার।

Other stories by Sanskriti Talwar
Editor : Sarbajaya Bhattacharya

সর্বজয়া ভট্টাচার্য বরিষ্ঠ সহকারী সম্পাদক হিসেবে পিপলস আর্কাইভ অফ রুরাল ইন্ডিয়ায় কর্মরত আছেন। দীর্ঘদিন যাবত বাংলা অনুবাদক হিসেবে কাজের অভিজ্ঞতাও আছে তাঁর। কলকাতা নিবাসী সর্ববজয়া শহরের ইতিহাস এবং ভ্রমণ সাহিত্যে সবিশেষ আগ্রহী।

Other stories by Sarbajaya Bhattacharya
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur