70 ਸਾਲਾ ਬਲਦੇਵ ਕੌਰ ਭਾਰੀ ਕਦਮੀਂ ਆਪਣੇ ਘਰ ਦੇ ਬਚੇ-ਖੁਚੇ ਹਿੱਸਿਆਂ ਵਿੱਚੋਂ ਦੀ ਰਾਹ ਬਣਾਉਂਦੀ ਤੁਰਦੀ ਜਾ ਰਹੀ ਹਨ। ਮਲ਼ਬੇ ਦਾ ਇਹ ਢੇਰ ਕਦੇ ਉਨ੍ਹਾਂ ਦਾ ਘਰ ਹੁੰਦਾ ਸੀ, ਜੋ ਪਰਿਵਾਰ ਨੇ ਆਪਣੇ ਖੇਤਾਂ ਦੇ ਐਨ ਵਿਚਕਾਰ ਕਰਕੇ ਉਸਾਰਿਆ ਸੀ। ਸ਼ਾਂਤ ਖੜ੍ਹੀਆਂ ਕੰਧਾਂ ਆਪਣੀ ਕਹਾਣੀ ਕਹਿ ਰਹੀਆਂ ਹਨ।
''ਜਦੋਂ ਮੀਂਹ ਤੇ ਗੜ੍ਹੇਮਾਰੀ ਹੋਣ ਲੱਗੀ, ਅਸੀਂ ਪੂਰੀ ਰਾਤ ਜਾਗਦਿਆਂ ਕੱਟੀ। ਸਾਨੂੰ ਪਤਾ ਈ ਨਹੀਂ ਸੀ ਬਾਹਰ ਕੀ ਬਣ ਰਿਹੈ,'' ਬਲਦੇਵ ਕਹਿੰਦੀ ਹਨ। ਉਨ੍ਹਾਂ ਦਾ ਧੌਲ਼ਾ ਸਿਰ ਸੂਤੀ ਚੁੰਨ੍ਹੀ ਨਾਲ਼ ਢੱਕਿਆ ਹੋਇਆ ਹੈ, ਸੂਤੀ ਸੂਟ ਪਾਈ ਬਲਦੇਵ ਦੇ ਚਿਹਰੇ 'ਤੇ ਫ਼ਿਕਰਾਂ ਆਪਣੇ ਨਿਸ਼ਾਨ ਛੱਡ ਗਈਆਂ ਹਨ। ''ਸਵੇਰੇ ਜਦੋਂ ਛੱਤ ਚੋਣ ਲੱਗੀ ਤਾਂ ਅਸੀਂ ਸਾਰੇ ਬਾਹਰ ਵੱਲ ਨੂੰ ਭੱਜੇ।''
ਜਿਓਂ ਧੁੱਪਾਂ ਲੱਗਣ ਲੱਗੀਆਂ, ਘਰ ਵੀ ਤਿੜਕਣ ਲੱਗੇ, ਬਲਦੇਵ ਦੀ ਛੋਟੀ ਨੂੰਹ, 26 ਸਾਲਾ ਅਮਨਦੀਪ ਕੌਰ ਕਹਿਣ ਲੱਗੀ। ''ਘਰ ਤਾਂ ਸਾਰੇ ਪਾਸਿਓਂ ਪਾਟ ਗਿਐ,'' ਬਲਦੇਵ ਕੌਰ ਦੇ ਵੱਡੇ ਬੇਟੇ, 35 ਸਾਲਾ ਬਲਜਿੰਦਰ ਸਿੰਘ ਨੇ ਕਿਹਾ।
ਬਲਦੇਵ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਕਦੇ ਵੀ ਅਜਿਹਾ ਮੀਂਹ ਨਹੀਂ ਦੇਖਿਆ। ਮਾਰਚ 2023 ਨੂੰ ਪਿਆ ਪਿਛੇਤਾ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਨੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਦੇ ਪਿੰਡ ਭਲਾਈਆਣਾ ਵਿਖੇ ਨਾ ਸਿਰਫ਼ ਉਨ੍ਹਾਂ ਦੀ ਫ਼ਸਲ ਤਬਾਹ ਕੀਤੀ ਸਗੋਂ ਘਰ ਵੀ ਮਲ਼ਬੇ ਦਾ ਢੇਰ ਬਣਾ ਸੁੱਟਿਆ। ਪੰਜਾਬ ਦੇ ਦੱਖਣੀ-ਪੱਛਮੀ ਪਾਸੇ ਸਥਿਤ ਇਹ ਖਿੱਤਾ ਦੱਖਣ ਵੱਲੋਂ ਰਾਜਸਥਾਨ ਤੇ ਪੂਰਬ ਵੱਲੋਂ ਹਰਿਆਣੇ ਨਾਲ਼ ਆਪਣੀ ਸਰਹੱਦ ਸਾਂਝੀ ਕਰਦਾ ਹੈ।
ਜਦੋਂ ਮੀਂਹ ਤੇ ਗੜ੍ਹੇਮਾਰੀ ਅਗਲੇ ਤਿੰਨ ਦਿਨ ਜਾਰੀ ਰਹੀ ਤਾਂ ਬਲਜਿੰਦਰ ਦੀ ਚਿੰਤਾ ਦਾ ਕੋਈ ਹੱਦ-ਬੰਨਾ ਨਾ ਰਿਹਾ। ਪਰਿਵਾਰ ਨੇ ਆਪਣੀ ਪੰਜ ਏਕੜ (ਕਿੱਲੇ) ਪੈਲ਼ੀ ਤੋਂ ਇਲਾਵਾ ਠੇਕੇ 'ਤੇ 10 ਕਿੱਲੇ ਪੈਲ਼ੀ ਹੋਰ ਲੈਣ ਲਈ ਆੜ੍ਹਤੀਏ ਕੋਲ਼ੋਂ 6.5 ਲੱਖ ਰੁਪਏ ਵਿਆਜੀ ਚੁੱਕੇ ਸਨ। ਬਰਬਾਦ ਹੋਈ ਕਣਕ ਨੇ ਕੋਈ ਚਾਰਾ ਨਾ ਛੱਡਿਆ, ਨਾ ਪਰਿਵਾਰ ਦਾ ਗੁਜ਼ਾਰਾ ਹੋ ਸਕਿਆ ਤੇ ਨਾ ਹੀ ਕਰਜੇ ਦੀ ਕਿਸ਼ਤ ਲੱਥ ਸਕੀ।
''ਪੱਕਣ ਨੂੰ ਹੋਈ ਫ਼ਸਲ ਪਹਿਲਾਂ ਗੜ੍ਹੇਮਾਰੀ ਦੀ ਭੇਂਟ ਚੜ੍ਹੀ ਤੇ ਫਿਰ ਰਹਿੰਦੀ-ਖੂੰਹਦੀ ਕਸਰ ਮੀਂਹਾਂ ਦੀ ਝੜੀ ਨੇ ਪੂਰੀ ਕਰ ਦਿੱਤੀ। ਖੇਤ ਕਈ-ਕਈ ਦਿਨ ਪਾਣੀ ਵਿੱਚ ਡੁੱਬੇ ਰਹੇ। ਖੇਤੀਂ ਖੜ੍ਹਾ ਪਾਣੀ ਨਾ ਨਿਕਲ਼ਿਆ ਤਾਂ ਫ਼ਸਲ ਵੀ ਸੜਨ ਲੱਗੀ,'' ਲੰਬਾ ਹਊਕਾ ਲੈਂਦਿਆਂ ਬਲਜਿੰਦਰ ਨੇ ਕਿਹਾ। ''ਹਾਲ ਇਹ ਸੀ ਕਿ 15 ਦੀ 15 ਕਿੱਲੇ ਕਣਕ ਵਿਛ ਗਈ,'' ਅੱਧ-ਅਪ੍ਰੈਲ ਵਿੱਚ ਹੋਈ ਗੱਲਬਾਤ ਦੌਰਾਨ ਬਲਜਿੰਦਰ ਨੇ ਦੱਸਿਆ ਸੀ।
ਇਨ੍ਹਾਂ ਥਾਵਾਂ 'ਤੇ ਕਣਕ ਹਾੜ੍ਹੀ ਦੀ ਫ਼ਸਲ ਹੈ, ਜੋ ਅਕਤੂਬਰ ਅਤੇ ਦਸੰਬਰ ਵਿਚਕਾਰ ਬੀਜੀ ਜਾਂਦੀ ਹੈ। ਫ਼ਰਵਰੀ ਤੇ ਮਾਰਚ ਮਹੀਨੇ ਇਸ ਅਨਾਜ ਵਾਸਤੇ ਬੜੇ ਅਹਿਮ ਹੁੰਦੇ ਹਨ ਇਸੇ ਸਮੇਂ ਦਾਣਿਆਂ ਵਿੱਚ ਸਟਾਰਚ ਅਤੇ ਪ੍ਰੋਟੀਨ ਜਮ੍ਹਾ ਹੋਣ ਲੱਗਦਾ ਹੈ।
ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਮੁਤਾਬਕ 24 ਤੋਂ 30 ਮਾਰਚ ਤੱਕ ਪੰਜਾਬ ਵਿੱਚ 33.8 ਮਿ.ਮੀ ਮੀਂਹ ਪਿਆ ਜਦੋਂ ਕਿ ਮਾਰਚ ਮਹੀਨੇ ਆਮ ਤੌਰ 'ਤੇ ਔਸਤਨ 22.2 ਮਿ.ਮੀ ਹੀ ਮੀਂਹ ਪੈਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਕੱਲੇ 24 ਮਾਰਚ ਨੂੰ ਹੀ 30 ਮਿ.ਮੀ ਮੀਂਹ ਦਰਜ ਕੀਤਾ ਗਿਆ ।
ਹਾਲਾਂਕਿ ਬਲਜਿੰਦਰ ਇਹ ਜਾਣਦੇ ਸਨ ਕਿ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਉਨ੍ਹਾਂ ਦੀ ਫ਼ਸਲ ਦੀ ਬਰਬਾਦੀ ਦਾ ਕਾਰਨ ਸੀ ਪਰ ਸਾਲਾਂਬੱਧੀ ਮਿਹਨਤ ਕਰਕੇ ਬਣਾਏ ਮਕਾਨ ਦਾ ਇੰਝ ਤਬਾਹ ਹੋਣਾ ਪਰਿਵਾਰ ਲਈ ਦੋਹਰੀ ਮਾਰ ਸੀ।
''ਜਦੋਂ ਵੀ ਮੈਂ ਬਾਹਰੋਂ ਆਪਣਾ ਘਰ ਦੇਖਣ ਆਉਂਦੀ ਆਂ ਤਾਂ ਇਹਦੀ ਹਾਲਤ ਦੇਖ ਮਨ ਮਰ-ਮਰ ਜਾਂਦਾ ਏ। ਜੀ ਘਬਰਾਉਂਦਾ ਏ,'' ਬਲਦੇਵ ਕੌਰ ਬੁਝੇ ਮਨ ਨਾਲ਼ ਕਹਿੰਦੀ ਹਨ।
ਪਰਿਵਾਰ ਦੇ ਅੰਦਾਜ਼ੇ ਮੁਤਾਬਕ ਉਨ੍ਹਾਂ ਨੂੰ 6 ਲੱਖ ਦਾ ਫ਼ਸਲੀ ਨੁਕਸਾਨ ਹੋਇਆ ਹੈ। ਜਿੱਥੇ ਇੱਕ ਕਿੱਲੇ ਵਿੱਚੋਂ 60 ਮਣ (37 ਕਿੱਲੋ ਦਾ ਇੱਕ ਮਣ) ਕਣਕ ਦਾ ਝਾੜ ਨਿਕਲ਼ਦਾ ਹੈ, ਉੱਥੇ ਹੀ ਇੱਕ ਕਿੱਲੇ ਵਿੱਚੋਂ 20 ਮਣ ਹੀ ਝਾੜ ਮਿਲ਼ਣਾ ਹੈ। ਘਰ ਦੀ ਮੁੜ ਉਸਾਰੀ ਵੀ ਇੱਕ ਵਾਧੂ ਦਾ ਖਰਚਾ ਹੈ ਤੇ ਗਰਮੀਆਂ ਦੇ ਸ਼ੁਰੂ ਹੁੰਦਿਆਂ ਇਹ ਕੰਮ ਕਰਨਾ ਵੀ ਪੈਣਾ ਹੈ।
''ਕੁਦਰਤ ਕਰਕੇ,'' ਬਲਜਿੰਦਰ ਨੇ ਕਿਹਾ।
ਭਲਾਈਆਣਾ ਪਿੰਡ ਵਾਸੀ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਕਾਰਕੁੰਨ, ਗੁਰਬਖਤ ਸਿੰਘ ਨੇ ਕਿਹਾ, ਜਲਵਾਯੂ ਦੇ ਬਦਲਦੇ ਮਿਜ਼ਾਜ ਤੇ ਖ਼ਾਸੇ ਨੇ ਕਿਸਾਨਾਂ ਅੰਦਰ ਡਰ ਭਰ ਦਿੱਤਾ। ''ਇਹ ਸਭ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਦੇਣ ਹੈ। ਜੇਕਰ ਸਰਕਾਰ ਹੋਰਨਾਂ ਫ਼ਸਲਾਂ ਦੇ ਭਾਅ ਤੈਅ ਕਰ ਦੇਵੇ ਤਾਂ ਅਸੀਂ ਭਲ਼ਾ ਝੋਨੇ ਜਿਹੀਆਂ ਫ਼ਸਲਾਂ ਬੀਜੀਏ ਹੀ ਕਿਉਂ,'' ਉਨ੍ਹਾਂ ਕਿਹਾ।
ਸੰਯੁਕਤ ਕਿਸਾਨ ਮੋਰਚਾ, ਕਈ ਕਿਸਾਨ ਯੂਨੀਅਨਾਂ ਦਾ ਸਾਂਝਾ ਮੰਚ, ਸਾਰੀਆਂ ਹੀ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਭਰੋਸਾ ਦਵਾਉਣ ਵਾਲ਼ੇ ਕਨੂੰਨ ਦੇ ਬਣਾਏ ਜਾਣ ਦੀ ਮੰਗ ਕਰਦਾ ਰਿਹਾ ਹੈ। ਪੰਜਾਬ ਦੀਆਂ ਕਿਸਾਨ ਯੂਨੀਅਨਾਂ ਸਰਕਾਰ 'ਤੇ ਦਬਾਅ (ਇਸੇ ਕਨੂੰਨ ਦੇ ਬਣਾਏ ਜਾਣ ਖ਼ਾਤਰ) ਪਾਉਣ ਲਈ ਮਾਰਚ 2023 ਵਿੱਚ ਦਿੱਲੀ ਵਿਖੇ ਧਰਨੇ 'ਤੇ ਵੀ ਬੈਠੀਆਂ।
ਗੁਰਬਖਤ ਦੇ ਛੋਟੇ ਪੁੱਤ, ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋਣ ਕਾਰਨ ਤੂੜੀ (ਕਣਕ ਦੀ ਨਾੜ) ਵੀ ਨਾ ਬਣ ਸਕੀ। ਗੁਰਬਖਤ ਸਿੰਘ ਦੇ ਪਰਿਵਾਰ ਨੂੰ 6 ਤੋਂ 7 ਲੱਖ ਦਾ ਘਾਟਾ ਪਿਆ। ਉਨ੍ਹਾਂ ਨੇ ਵੀ ਫ਼ਸਲਾਂ ਵਾਸਤੇ 1.5 ਰੁਪਏ (100 ਰੁਪਏ ਮਗਰ) ਵਿਆਜ ਦਰ ਦੇ ਹਿਸਾਬ ਨਾਲ਼ ਆੜ੍ਹਤੀਏ ਕੋਲ਼ੋਂ 7 ਲੱਖ ਦਾ ਕਰਜਾ ਚੁੱਕਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਰਿਵਾਰ ਨੇ ਆਪਣੀ ਜ਼ਮੀਨ ਗਹਿਣੇ ਪਾ ਕੇ ਬੈਂਕ ਤੋਂ 9 ਫ਼ੀਸਦ ਵਿਆਜ ਦਰ ਦੇ ਹਿਸਾਬ ਨਾਲ਼ 12 ਲੱਖ ਦਾ ਕਰਜਾ ਵੀ ਲਿਆ ਸੀ।
ਉਨ੍ਹਾਂ ਨੂੰ ਉਮੀਦ ਸੀ ਜੇਕਰ ਹਾੜ੍ਹੀ ਦਾ ਝਾੜ ਚੰਗਾ ਰਿਹਾ ਤਾਂ ਕੁਝ ਕੁ ਪੈਸਾ ਤਾਂ ਮੋੜ ਹੀ ਦੇਣਗੇ, ਪਰ ਇਹ ਵੀ ਸੰਭਵ ਨਾ ਹੋ ਸਕਿਆ। ''ਗੜ੍ਹਿਆਂ ਦਾ ਅਕਾਰ ਤਾਂ ਪੇਂਦੂ ਬੇਰ ਜਿੱਡਾ ਸੀ,'' ਗੁਰਬਖਤ ਸਿੰਘ ਨੇ ਕਿਹਾ।
*****
ਅਪ੍ਰੈਲ 2023 ਨੂੰ ਪਾਰੀ (PARI) ਜਦੋਂ ਬੁੱਟਰ ਬਖੂਆ ਪਿੰਡ ਵਾਸੀ, 28 ਸਾਲਾ ਬੂਟਾ ਸਿੰਘ ਨੂੰ ਮਿਲ਼ੀ ਤਾਂ ਉਹ ਬੇਮੌਸਮੀ ਤੇ ਵਿਤੋਂਵੱਧ ਪਏ ਮੀਂਹ ਕਾਰਨ ਉਪਜੀ ਅਨੀਂਦਰੇ ਦੀ ਗੰਭੀਰ ਸਮੱਸਿਆਂ ਨਾਲ਼ ਜੂਝ ਰਹੇ ਸਨ।
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਦੇ ਇਸ ਕਿਸਾਨ ਕੋਲ਼ 7 ਕਿੱਲੇ ਆਪਣੀ ਪੈਲ਼ੀ ਹੈ ਅਤੇ ਕਣਕ ਬੀਜਣ ਵਾਸਤੇ ਹੋਰ 38 ਕਿੱਲੇ ਜ਼ਮੀਨ ਠੇਕੇ 'ਤੇ ਵੀ ਲਈ ਹੋਈ ਹੈ। ਪਿੰਡ ਦੀ 200 ਕਿੱਲੇ ਭੋਇੰ ਦੇ ਨਾਲ਼-ਨਾਲ਼ ਉਨ੍ਹਾਂ ਦੀ 45 ਕਿੱਲੇ ਫ਼ਸਲ ਵੀ ਡੁੱਬ ਗਈ। ਬੂਟਾ ਸਿੰਘ ਸਿਰ 18 ਲੱਖ ਦਾ ਕਰਜਾ ਬੋਲਦਾ ਹੈ ਜੋ ਉਨ੍ਹਾਂ ਨੇ ਆੜ੍ਹਤੀਏ ਕੋਲ਼ੋਂ 1.5 ਰੁਪਏ ਵਿਆਜ ਦਰ ਦੇ ਹਿਸਾਬ ਨਾਲ਼ ਲਿਆ ਸੀ।
ਪਰਿਵਾਰ ਵਿੱਚ ਉਨ੍ਹਾਂ ਦੇ ਮਾਪੇ, ਪਤਨੀ ਤੇ ਦੋ ਬੱਚੇ ਹਨ ਜਿਨ੍ਹਾਂ ਦਾ ਗੁਜ਼ਾਰਾ ਖੇਤੀ ਤੋਂ ਹੋਣ ਵਾਲ਼ੀ ਕਮਾਈ ਨਾਲ਼ ਹੀ ਚੱਲਦਾ ਹੈ।
''ਅਸੀਂ ਸੋਚਿਆ ਸੀ ਜਿਓਂ ਜਿਓਂ ਤਪਸ਼ ਵਧੂਗੀ, ਖੇਤ ਵੀ ਸੁੱਕ ਜਾਣਗੇ ਤੇ ਇੰਝ ਅਸੀਂ ਵਾਢੀ ਕਰ ਹੀ ਲਵਾਂਗੇ,'' ਉਨ੍ਹਾਂ ਕਿਹਾ। ਵਾਢੀ ਦੀ ਇਹ ਮਸ਼ੀਨ ਗਿੱਲੀ ਭੋਇੰ 'ਤੇ ਨਹੀਂ ਚੱਲ ਪਾਉਂਦੀ। ਭਾਵੇਂਕਿ, ਸਮੇਂ ਦੇ ਨਾਲ਼ ਖੇਤ ਸੁੱਕ ਗਏ ਪਰ ਬਹੁਤੀ ਫ਼ਸਲ ਗਰਕ ਹੋ ਗਈ।
ਵਿਛੀ ਫ਼ਸਲ ਦੀ ਵਾਢੀ ਹੋਰ ਵੀ ਮਹਿੰਗੀ ਪੈਂਦੀ ਹੈ। ਮਕੈਨੀਕਲ ਹਾਰਵੈਸਟਰ ਨਾਲ਼ ਖੜ੍ਹੀ ਫ਼ਸਲ ਦੀ ਵਾਢੀ ਦਾ ਕਿੱਲੇ ਮਗਰ 1300 ਰੁਪਏ ਤੇ ਵਿਛੀ ਫ਼ਸਲ ਦਾ 2,000 ਰੁਪਏ ਖ਼ਰਚਾ ਆਉਂਦਾ ਹੈ।
ਬੱਸ ਇਹੀ ਚਿੰਤਾਵਾਂ ਸਨ ਜੋ ਬੂਟੇ ਨੂੰ ਰਾਤ ਰਾਤ ਭਰ ਜਗਾਈ ਰੱਖਦੀਆਂ। 17 ਅਪ੍ਰੈਲ ਨੂੰ ਉਹ ਗਿੱਦੜਬਾਹਾ ਦੇ ਡਾਕਟਰ ਕੋਲ਼ ਗਏ ਜਿੱਥੇ ਉਨ੍ਹਾਂ ਨੂੰ ਹਾਈ-ਬਲੱਡ ਪ੍ਰੈਸ਼ਰ ਤਸ਼ਖ਼ੀਸ ਹੋਇਆ ਤੇ ਡਾਕਟਰ ਨੇ ਉਨ੍ਹਾਂ ਨੂੰ ਦਵਾਈ ਦਿੱਤੀ।
'ਚਿੰਤਾ' ਅਤੇ 'ਅਵਸਾਦ' ਅਜਿਹੇ ਸ਼ਬਦ ਹਨ ਜੋ ਕਿਸਾਨੀ ਦਾ ਖਹਿੜਾ ਨਹੀਂ ਛੱਡਦੇ।
ਬੁੱਟਰ ਬਖੂਆ ਪਿੰਡ ਵਿਖੇ ਆਪਣੇ ਛੇ ਕਿੱਲੇ ਖੇਤ ਵਿੱਚੋਂ ਪੰਪ ਰਾਹੀਂ ਮੀਂਹ ਦਾ ਪਾਣੀ ਬਾਹਰ ਕੱਢਣ ਵਿੱਚ ਰੁੱਝੇ 40 ਸਾਲਾ ਗੁਰਪਾਲ ਸਿੰਘ ਨੇ ਕਿਹਾ,''ਡਿਪ੍ਰੈਸ਼ਨ ਤਾਂ ਪੈਂਦਾ ਈ ਆ। ਅਪਸੈਟ ਹੋਣ ਵਾਲ਼ਾ ਈ ਕੰਮ ਆ।'' ਛੇ ਮਹੀਨੇ ਮਿੱਟੀ ਨਾਲ਼ ਮਿੱਟੀ ਹੋ ਕੇ ਵੀ ਜੇ ਬੰਦਾ ਕੁਝ ਨਾ ਬਚਾ ਸਕਿਆ ਤਾਂ ਦਿਮਾਗ਼ੀ ਸਿਹਤ 'ਤੇ ਅਸਰ ਹੋਣਾ ਤਾਂ ਸੁਭੈਂਕੀ ਹੈ।
ਪੰਜਾਬ ਅੰਦਰ ਕਿਸਾਨ ਖ਼ੁਦਕੁਸ਼ੀ ਪੀੜਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸੰਗਠਨ, ਕਿਸਾਨ ਮਜ਼ਬੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਸੰਸਥਾਪਕ ਕਾਰਕੁੰਨ 27 ਸਾਲਾ ਕਿਰਨਜੀਤ ਕੌਰ ਨੇ ਕਿਹਾ ਕਿ ਕਿਸਾਨਾਂ ਦੀ ਵੱਡੀ ਗਿਣਤੀ ਤਣਾਓ ਦਾ ਸ਼ਿਕਾਰ ਹੈ। ''ਛੋਟੀ-ਕਿਸਾਨੀ ਲਈ ਇਹ ਘਾਟਾ ਝੱਲ ਪਾਉਣਾ ਬੇਹੱਦ ਮੁਸ਼ਕਲ ਆ, ਜਿਹਦੇ ਕੋਲ਼ 5 ਕਿੱਲੇ ਤੋਂ ਵੱਧ ਭੋਇੰ ਨਹੀਂ ਹੁੰਦੀ ਤੇ ਜੇ ਫ਼ਸਲ ਤਬਾਹ ਹੋ ਜਾਵੇ ਤਾਂ ਤੁਸੀਂ ਖ਼ੁਦ ਹੀ ਸਮਝ ਸਕਦੇ ਓ ਕਿ ਅਜਿਹੇ ਪਰਿਵਾਰਾਂ ਦੇ ਸਿਰਾਂ 'ਤੇ ਚੁੱਕੀ ਕਰਜੇ ਦੀ ਪੰਡ ਹੋਰ ਭਾਰੀ ਹੁੰਦੀ ਚਲੀ ਜਾਂਦੀ ਏ ਤੇ ਅਖ਼ੀਰ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਖ਼ਾਸਾ ਅਸਰ ਪੈਂਦਾ ਏ। ਇਨ੍ਹਾਂ ਹਾਲਾਤਾਂ ਦੇ ਸਤਾਏ ਕਿਸਾਨ ਖ਼ੁਦਕੁਸ਼ੀ ਦੇ ਰਾਹ ਪੈਂਦੇ ਨੇ।'' ਕਿਰਨਜੀਤ ਨੇ ਕਿਹਾ ਕਿ ਜੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕਿਸਾਨ ਪੀੜ੍ਹੀ ਪਰੇਸ਼ਾਨ ਹੋ ਕੇ ਨਸ਼ਿਆਂ ਦੇ ਰਾਹ ਪਵੇ ਤਾਂ ਉਸ ਵਰਤਾਰੇ ਨੂੰ ਰੋਕਣ ਲਈ ਉਨ੍ਹਾਂ ਨੂੰ ਮਾਨਸਿਕ ਸਿਹਤ ਸਹਾਇਤਾ ਦਿੱਤੇ ਜਾਣ ਦੀ ਲੋੜ ਹੈ।
ਕੁਝ ਕਿਸਾਨਾਂ ਨੇ ਵਾਢੀ ਦੌਰਾਨ ਵੀ ਮੌਸਮ ਦੀਆਂ ਬੇਯਕੀਨੀਆਂ ਨੂੰ ਅਨੁਭਵ ਕੀਤਾ ਸੀ। ਬੂਟਾ ਸਿੰਘ ਨੇ ਦੱਸਿਆ ਕਿ ਸਤੰਬਰ 2022 ਨੂੰ ਪਏ ਬੇਵਕਤੀ ਮੀਂਹ ਨੇ ਝੋਨੇ ਦੀ ਕਟਾਈ ਨੂੰ ਮੁਸ਼ਕਲ ਬਣਾ ਛੱਡਿਆ। ਉਸ ਤੋਂ ਪਹਿਲਾਂ ਵੀ ਹਾੜ੍ਹੀ ਦਾ ਮੌਸਮ ਬਹੁਤਾ ਗਰਮ (ਅਗੇਤੀ ਗਰਮੀ ਪੈਣ ਕਾਰਨ) ਰਹਿਣ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਸੀ।
ਇਸ ਵਾਰ ਲਈ ਵੀ ਉਨ੍ਹਾਂ ਦਾ ਕਹਿਣਾ ਹੈ,''ਵਾਢੀ ਦੀ ਆਸ ਘੱਟ ਈ ਆ। ਜੇ ਆਉਂਦੇ ਦਿਨੀਂ ਅਸੀਂ ਜਿਵੇਂ-ਕਿਵੇਂ ਕਰਕੇ ਵਾਢੀ ਕਰ ਵੀ ਲੈਂਨੇ ਆਂ ਤਾਂ ਵੀ ਇਹਨੂੰ ਕੋਈ ਨਹੀਂ ਖ਼ਰੀਦੂਗਾ ਕਿਉਂਕਿ ਉਦੋਂ ਤੱਕ ਦਾਣਾ ਈ ਕਾਲ਼ਾ ਫਿਰ ਜਾਣਾ ਏ।''
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪ੍ਰਮੁੱਖ ਵਿਗਿਆਨਕ (ਖੇਤੀ ਮੌਸਮ ਵਿਗਿਆਨ) ਡਾ. ਪ੍ਰਭੈਜੋਤ ਕੌਰ ਸਿੱਧੂ ਨੇ ਕਿਹਾ ਕਿ ਫ਼ਰਵਰੀ ਅਤੇ ਮਾਰਚ ਵਿੱਚ ਆਮ ਤੌਰ 'ਤੇ ਸਧਾਰਣ ਜਾਂ ਸਧਾਰਣ ਤੋਂ ਘੱਟ ਤਾਪਮਾਨ ਹੀ ਕਣਕ ਦੇ ਦਾਣੇ ਲਈ ਉੱਤਮ ਮੰਨਿਆ ਜਾਂਦਾ ਹੈ।
ਹਾਲਾਂਕਿ 2022 ਨੂੰ ਹਾੜ੍ਹੀ ਦੇ ਮਹੀਨਿਆਂ ਦੌਰਾਨ ਗਰਮੀ ਵੱਧ ਪੈਣ ਕਾਰਨ ਕਣਕ ਦੀ ਪੈਦਾਵਾਰ ਘੱਟ ਹੋਈ, ਮਾਰਚ ਤੇ ਅਪ੍ਰੈਲ 2023 ਨੂੰ 30 ਕਿ:ਮੀ/ਪ੍ਰਤੀ ਘੰਟੇ ਤੋਂ ਲੈ ਕੇ 40 ਕਿ:ਮੀ/ਪ੍ਰਤੀ ਘੰਟੇ ਦੀ ਰਫ਼ਤਾਰ ਚੱਲੀਆਂ ਹਵਾਵਾਂ ਤੇ ਨਾਲ਼ ਪਏ ਮੀਂਹ ਨੇ ਇੱਕ ਵਾਰ ਫਿਰ ਤੋਂ ਪੈਦਾਵਾਰ ਘਟਾ ਦਿੱਤੀ। ''ਜਦੋਂ ਇੰਝ ਤੇਜ਼ ਹਵਾਵਾਂ ਨਾਲ਼ ਮੀਂਹ ਪੈਂਦਾ ਏ ਤਾਂ ਕਣਕ ਦੇ ਬੂਟੇ ਡਿੱਗ ਜਾਂਦੇ ਨੇ, ਜਿਹਨੂੰ ਅਸੀਂ ਫ਼ਸਲ ਵਿਛਣਾ ਕਹਿੰਦੇ ਆਂ। ਫਿਰ ਵੱਧਦੇ ਤਾਪਮਾਨ ਨਾਲ਼ ਬੂਟਾ ਮੁੜ ਖਲ੍ਹੋ ਜਾਂਦਾ ਏ, ਪਰ ਇਸ ਵਾਰ (ਅਪ੍ਰੈਲ ਵਿੱਚ) ਇੰਝ ਨਾ ਹੋ ਸਕਿਆ,'' ਡਾ, ਸਿੱਧੂ ਨੇ ਕਿਹਾ। ''ਇਹੀ ਕਾਰਨ ਆ ਕਿ ਦਾਣਿਆਂ ਦਾ ਵਾਧਾ ਨਾ ਹੋ ਸਕਿਆ ਅਤੇ ਅਪ੍ਰੈਲ ਵਿੱਚ ਵਾਢੀ ਵੀ ਨਾ ਹੋ ਸਕੀ। ਇਸ ਸਭ ਦਾ ਨਤੀਜਾ ਘੱਟ ਪੈਦਾਵਾਰ ਦੇ ਰੂਪ ਵਿੱਚ ਸਾਹਮਣੇ ਆਇਆ। ਪੰਜਾਬ ਦੇ ਕੁਝ ਜ਼ਿਲ੍ਹਿਆਂ, ਜਿੱਥੇ ਮੀਂਹ ਤਾਂ ਪਿਆ ਪਰ ਤੇਜ਼ ਹਵਾਵਾਂ ਨਾ ਚੱਲੀਆਂ, ਉੱਥੇ ਪੈਦਾਵਾਰ ਬਿਹਤਰ ਰਹੀ।''
ਡਾ. ਸਿੱਧੂ ਦੀ ਮੰਨੀਏ ਤਾਂ ਮਾਰਚ ਦੇ ਅਖ਼ੀਰ ਵਿੱਚ ਪੈਣ ਵਾਲ਼ੇ ਬੇਮੌਸਮੀ ਮੀਂਹ ਨੂੰ ਮੌਸਮ ਦੇ ਬਦਲਦੇ ਵਰਤਾਰੇ ਦੀ ਅੱਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਮਈ ਤੱਕ, ਬੂਟਾ ਸਿੰਘ ਨੂੰ ਕਿੱਲੇ ਮਗਰ 20 ਮਣ (7.4 ਕੁਇੰਟਲ) ਝਾੜ ਮਿਲ਼ਿਆ, ਉਮੀਦ ਸੀ 20-25 ਕੁਇੰਟਲ ਦੀ। ਗੁਰਬਖਤ ਸਿੰਘ ਨੂੰ ਕਿੱਲੇ ਮਗਰ 20 ਮਣ ਅਤੇ 40 ਮਣ ਝਾੜ ਮਿਲਿਆ, ਜਦੋਂਕਿ ਬਲਜਿੰਦਰ ਸਿੰਘ ਨੂੰ 25 ਮਣ ਤੋਂ 28 ਮਣ ਹੀ ਝਾੜ ਪ੍ਰਾਪਤ ਹੋਇਆ।
ਅਨਾਜ ਦੀ ਗੁਣਵੱਤਾ ਨੂੰ ਦੇਖਦੇ ਹੋਏ, ਬੂਟਾ ਸਿੰਘ ਨੂੰ 1,400 ਰੁਪਏ/ਕੁਇੰਟਲ ਤੋਂ 2,000 ਰੁਪਏ/ਕੁਇੰਟਲ ਪ੍ਰਾਪਤ ਹੋਏ, ਜਦੋਂਕਿ ਭਾਰਤੀ ਖ਼ੁਰਾਕ ਨਿਗਮ ਅਨੁਸਾਰ ਸਾਲ 2023 ਵਿੱਚ ਕਣਕ ਲਈ ਘੱਟਘੱਟ ਸਮਰਥਨ ਮੁੱਲ ਸੀ 2,125 ਰੁਪਏ/ਕੁਇੰਟਲ। ਗੁਰਬਖਤ ਤੇ ਬਲਜਿੰਦਰ ਨੇ ਐੱਮਐੱਸਪੀ 'ਤੇ ਆਪਣੀ ਕਣਕ ਵੇਚੀ।
ਇਹ ਵੀ ਖ਼ਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਮੀਂਹ ਨਾਲ਼ ਨੁਕਸਾਨੀਆਂ ਫ਼ਸਲਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਲਾਏ 'ਵੈਲਿਊ ਕੱਟ' ਤੋਂ ਬਾਅਦ ਹੀ ਨਿਰਧਾਰਤ ਕੀਤਾ ਗਿਆ। ਇਹ ਵੈਲਿਊ ਕੱਟ ਸੁੰਗੜੇ ਤੇ ਟੁੱਟੇ ਦਾਣੇ (ਅਨਾਜ) ਦੇ ਕੁਇੰਟਲ ਮਗਰ 5.31 ਰੁਪਏ ਤੋਂ ਲੈ ਕੇ 31.87 ਰੁਪਏ ਤੱਕ ਦਾ ਰਿਹਾ। ਇਸ ਤੋਂ ਇਲਾਵਾ ਆਪਣੀ ਚਮਕ ਗੁਆ ਚੁੱਕੇ ਅਨਾਜ ਦੇ ਮੁੱਲ ਵਿੱਚ ਕੁਇੰਟਲ ਮਗਰ 5.31 ਰੁਪਏ ਦੀ ਕੈਂਚੀ ਫੇਰੀ ਗਈ।
ਜਿਨ੍ਹਾਂ ਕਿਸਾਨਾਂ ਨੂੰ 75 ਫ਼ੀਸਦ ਫ਼ਸਲੀ ਨੁਕਸਾਨ ਹੋਇਆ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕਿੱਲੇ ਮਗਰ 15,000 ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। 33 ਤੋਂ 75 ਫ਼ੀਸਦੀ ਫ਼ਸਲੀ ਨੁਕਸਾਨ ਵਾਲ਼ੇ ਕਿਸਾਨਾਂ ਨੂੰ ਕਿੱਲੇ ਮਗਰ 6,800 ਰੁਪਏ ਦਿੱਤੇ ਗਏ।
ਬੂਟਾ ਸਿੰਘ ਨੂੰ ਸਰਕਾਰ ਵੱਲੋਂ ਮੁਆਵਜ਼ੇ ਵਿੱਚ 2 ਲੱਖ ਰੁਪਏ ਮਿਲ਼ਣੇ ਹਨ। ਉਨ੍ਹਾਂ ਨੇ ਕਿਹਾ, ''ਇਹ ਪ੍ਰਕਿਰਿਆ ਬੜੀ ਮੱਠੀ ਹੁੰਦੀ ਆ। ਮੈਨੂੰ ਅਜੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲ਼ਿਆ।'' ਇਸ ਕਿਸਾਨ ਦੀ ਮੰਨੀਏ ਤਾਂ ਉਨ੍ਹਾਂ ਨੂੰ 7 ਲੱਖ ਮੁਆਵਜ਼ਾ ਮਿਲ਼ਣਾ ਚਾਹੀਦਾ ਸੀ ਤਾਂ ਕਿ ਉਹ ਆਪਣਾ ਕਰਜ਼ਾ ਲਾਹ ਪਾਉਂਦੇ।
ਗੁਰਬਖਤ ਤੇ ਬਲਜਿੰਦਰ ਹਾਲੇ ਵੀ ਮੁਆਵਜਾ ਮਿਲ਼ਣ ਦੀ ਰਾਹ ਤੱਕ ਰਹੇ ਹਨ।
ਬੁੱਟਰ ਬਖੂਆ ਪਿੰਡ ਦੇ 15 ਕਿੱਲੇ ਜ਼ਮੀਨ ਦੇ ਮਾਲਕ 64 ਸਾਲਾ ਕਿਸਾਨ, ਬਲਦੇਵ ਸਿੰਘ ਨੇ ਵੀ 9 ਕਿੱਲੇ ਜ਼ਮੀਨ ਠੇਕੇ 'ਤੇ ਲੈਣ ਲਈ ਆੜ੍ਹਤੀਏ ਕੋਲੋਂ 5 ਲੱਖ ਦਾ ਕਰਜਾ ਚੁੱਕਿਆ ਸੀ। ਉਹ ਇੱਕ ਮਹੀਨਾ ਪੰਪ ਚਲਾ ਕੇ ਖੇਤਾਂ 'ਚੋਂ ਪਾਣੀ ਕੱਢਦੇ ਰਹੇ ਤੇ ਹਰ ਰੋਜ਼ ਦਾ 15 ਲੀਟਰ ਡੀਜ਼ਲ ਵੀ ਫ਼ੂਕਦੇ ਰਹੇ।
ਬਹੁਤ ਲੰਬਾ ਸਮਾਂ ਖੇਤੀਂ ਪਾਣੀ ਖੜ੍ਹੇ ਰਹਿਣ ਨਾਲ਼ ਬਲਦਵੇ ਸਿੰਘ ਦੀ ਵਿਛੀ ਫ਼ਸਲ ਨੂੰ ਉੱਲੀ ਲੱਗ ਗਈ ਤੇ ਉਹ ਕਾਲ਼਼ੀ ਪੈ ਗਈ। ਅਜਿਹੇ ਖੇਤਾਂ ਨੂੰ ਜਦੋਂ ਵਾਹਿਆ ਗਿਆ ਤਾਂ ਨਿਕਲ਼ਣ ਵਾਲ਼ੀ ਹਵਾੜ ਨਾਲ਼ ਲੋਕੀਂ ਬੀਮਾਰ ਪੈ ਜਾਣਗੇ ਹਨ, ਉਨ੍ਹਾਂ ਕਿਹਾ।
''ਘਰ ਅੰਦਰ ਮਾਤਮ ਵਰਗਾ ਮਾਹੌਲ ਸੀ,'' ਬਲਦੇਵ ਸਿੰਘ ਕਹਿੰਦੇ ਹਨ। ਵਿਸਾਖੀ, ਜੋ ਆਉਣ ਵਾਲ਼ੇ ਸਾਲ ਦੇ ਜਸ਼ਨ ਲੈ ਕੇ ਆਉਂਦੀ ਹੈ, ਇਸ ਸਾਲ ਕਦੋਂ ਆਈ ਕਦੋਂ ਗਈ, ਕੁਝ ਪਤਾ ਨਹੀਂ।
ਫ਼ਸਲੀ ਨੁਕਸਾਨ ਦੇਖ ਬਲਦੇਵ ਦੀਆਂ ਆਪਣੀਆਂ ਜੜ੍ਹਾਂ ਵੀ ਹਿੱਲ ਗਈਆਂ। ''ਮੈਂ ਇਓਂ ਹੱਥ 'ਤੇ ਹੱਥ ਧਰ ਨਹੀਂ ਬਹਿ ਸਕਦਾ। ਸਾਡੇ ਜੁਆਕਾਂ ਲਈ ਕਿਹੜੀਆਂ ਨੌਕਰੀਆਂ ਧਰੀਆਂ ਪਈਆਂ ਨੇ,'' ਅੰਦਰੋਂ ਟੁੱਟ ਚੁੱਕੇ ਬਲਦੇਵ ਸਿੰਘ ਨੇ ਕਿਹਾ। ਇਹੀ ਹਾਲਾਤ ਹੀ ਤਾਂ ਹੁੰਦੇ ਹਨ ਜੋ ਕਿਸਾਨਾਂ ਨੂੰ ਆਪਣੀਆਂ ਜਾਨਾਂ ਲੈਣ ਜਾਂ ਫਿਰ ਮੁਲਕ ਛੱਡਣ ਨੂੰ ਮਜ਼ਬੂਰ ਕਰਦੇ ਹਨ।
ਹਾਲ ਦੀ ਘੜੀ, ਬਲਦੇਵ ਸਿੰਘ ਨੇ ਆਪਣੇ ਕਿਸਾਨ ਚਾਚੇ-ਤਾਇਆਂ ਤੇ ਭਰਾਵਾਂ ਨੂੰ ਆਪਣੀ ਬਾਂਹ ਫੜ੍ਹਨ ਲਈ ਕਿਹਾ ਹੈ। ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ਼ੋਂ ਡੰਗਰਾਂ ਲਈ ਤੂੜੀ ਤੇ ਪਰਿਵਾਰ ਦਾ ਢਿੱਡ ਭਰਨ ਜੋਗਾ ਦਾਣਾ ਮਿਲ਼ ਗਿਆ ਹੈ।
''ਅਸੀਂ ਕਾਹਦੇ ਜ਼ਿਮੀਂਦਾਰ ਰਹਿ ਗਏ ਹੁਣ... ਬੱਸ ਨਾਮ ਈ ਬਾਕੀ ਆ।''
ਤਰਜਮਾ: ਕਮਲਜੀਤ ਕੌਰ