“ਮੈਨੂੰ ਸਵੀਕਾਰ ਕਰਨ ਵਿੱਚ ਸਿਰਫ਼ ਮੇਰੇ ਪਰਿਵਾਰ ਨੂੰ ਝਿਜਕ ਹੋਈ, ਮਛੇਰਿਆਂ ਨੂੰ ਨਹੀਂ। ਕਿਸ਼ਤੀ ਮਾਲਕ ਮੈਨੂੰ ਕੈਰਾਸੀ (ਕਿਸਮਤ ਵਾਲਾ ਹੱਥ) ਵਾਂਗ ਵੇਖਦੇ ਹਨ,” ਮਨੀਸ਼ਾ ਨੇ ਕਿਹਾ ਜੋ ਮੱਛੀ ਦੀ ਨੀਲਾਮੀ ਕਰਨ ਵਾਲੀ ਇੱਕ ਟ੍ਰਾਂਸ ਮਹਿਲਾ ਹੈ। “ਉਹਨਾਂ ਨੇ ਮੈਨੂੰ ਅਸਵੀਕਾਰ ਨਹੀਂ ਕੀਤਾ। ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕੌਣ ਹਾਂ। ਉਹ ਤਾਂ ਬੱਸ ਇਹ ਚਾਹੁੰਦੇ ਹਨ ਕਿ ਮੈਂ ਉਹਨਾਂ ਦੀ ਮੱਛੀ ਵੇਚਾਂ।”
37 ਸਾਲਾ ਮਨੀਸ਼ਾ ਕੱਡਲੋਰ ਦੇ ਪੁਰਾਣੇ ਕਸਬੇ ਦੀ ਬੰਦਰਗਾਹ ’ਤੇ ਨੀਲਾਮੀ ਕਰਨ ਵਾਲੀਆਂ ਤਕਰੀਬਨ 30 ਮਹਿਲਾਵਾਂ ਵਿੱਚੋਂ ਇੱਕ ਹੈ। “ਮੇਰੀ ਆਵਾਜ਼ ਉੱਚੀ ਹੋਣ ਕਰਕੇ ਮੈਂ ਜ਼ਿਆਦਾ ਪੈਸੇ ਕਮਾ ਸਕਦੀ ਹਾਂ। ਬਹੁਤ ਸਾਰੇ ਲੋਕ ਮੇਰੇ ਤੋਂ ਮੱਛੀ ਖਰੀਦਣਾ ਚਾਹੁੰਦੇ ਹਨ,” ਹੋਰਨਾਂ ਵਿਕਰੇਤਾਵਾਂ ਤੋਂ ਉੱਚੀ ਆਵਾਜ਼ ਵਿੱਚ ਖਰੀਦਦਾਰਾਂ ਨੂੰ ਆਵਾਜ਼ ਦਿੰਦਿਆਂ ਉਸਨੇ ਕਿਹਾ।
ਲਿੰਗ ਬਦਲਣ ਦੇ ਆਪਰੇਸ਼ਨ ਤੋਂ ਬਹੁਤ ਪਹਿਲਾਂ ਤੋਂ ਮਨੀਸ਼ਾ ਮੱਛੀ ਦੀ ਬੋਲੀ ਲਾਉਣ ਅਤੇ ਸੁੱਕੀ ਮੱਛੀ ਦੇ ਵਪਾਰ ਦਾ ਕੰਮ ਕਰ ਰਹੀ ਹੈ। ਇਸ ਰੁਜ਼ਗਾਰ ਵਿੱਚ ਉਸਦਾ ਹਰ ਦਿਨ ਕਿਸ਼ਤੀ ਮਾਲਕਾਂ ਅਤੇ ਮਛੇਰਿਆਂ ਨਾਲ ਵਾਹ ਪੈਂਦਾ ਹੈ। “ਉਹਨਾਂ ਨੂੰ ਕੋਈ ਦਿੱਕਤ ਨਹੀਂ। ਮੈਂ ਮੱਛੀ ਦੀ ਬੋਲੀ ਬਾਕੀਆਂ ਨਾਲੋਂ ਬਿਹਤਰ ਲਾਉਂਦੀ ਹਾਂ।”
ਉਹ ਦੱਸਦੀ ਹੈ ਕਿ ਕਿਸ਼ਤੀ ਮਾਲਕਾਂ ਦੇ ਸਾਥ ਤੋਂ ਬਿਨ੍ਹਾ ਉਹ 2012 ’ਚ ਆਪਰੇਸ਼ਨ ਨਾ ਕਰਵਾ ਪਾਉਂਦੀ। ਇਹਨਾਂ ਵਿੱਚੋਂ ਹੀ ਇੱਕ ਉਸਦਾ ਨੇੜਲਾ ਦੋਸਤ ਤੇ ਹਮਰਾਜ਼ ਹੈ ਜਿਸ ਨਾਲ ਆਪਰੇਸ਼ਨ ਤੋਂ ਕੁਝ ਸਮੇਂ ਬਾਅਦ ਹੀ ਉਸਨੇ ਨਜ਼ਦੀਕੀ ਮੰਦਿਰ ਵਿੱਚ ਵਿਆਹ ਕਰਵਾ ਲਿਆ ਸੀ।
17 ਸਾਲ ਦੀ ਉਮਰ ਵਿੱਚ ਮਨੀਸ਼ਾ ਨੇ ਸੁੱਕੀ ਮੱਛੀ ਦਾ ਚੰਗਾ ਧੰਦਾ ਕਰ ਰਹੇ ਇੱਕ ਵਿਕਰੇਤਾ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ, ਅਤੇ ਕੰਮ ਸਿੱਖਣ ਤੋਂ ਬਾਅਦ ਅਗਲੇ ਦਹਾਕੇ ਵਿੱਚ ਆਪਣਾ ਕੰਮ ਖੜ੍ਹਾ ਕਰ ਲਿਆ। “ਇਸ ਕੰਮ ਦੇ ਜ਼ਰੀਏ ਮੇਰਾ ਬੜੇ ਲੋਕਾਂ ਨਾਲ ਸੰਪਰਕ ਹੋਇਆ। ਉਹਨਾਂ ਵਿੱਚੋਂ ਕੁਝ ਨੇ ਮੈਨੂੰ ਧੁੱਪ ਵਿੱਚ ਮੱਛੀਆਂ ਸੁਕਾਉਣ ਦੀ ਥਾਂ ਨੀਲਾਮੀ ਕਰਨ ਦੀ ਸ਼ੁਰੂਆਤ ਕਰਨ ਲਈ ਕਿਹਾ। ਹੌਲੀ-ਹੌਲੀ ਮੈਂ ਇਸ ਕੰਮ ਵਿੱਚ ਪੈ ਗਈ।”
ਮੱਛੀ ਦੀ ਨੀਲਾਮੀ ਦਾ ਅਧਿਕਾਰ ਹਾਸਲ ਕਰਨ ਲਈ ਨੀਲਾਮੀ ਕਰਨ ਵਾਲਿਆਂ, ਜਿਹਨਾਂ ਵਿੱਚੋਂ ਲਗਭਗ 90 ਫੀਸਦ ਮਹਿਲਾਵਾਂ ਹਨ, ਨੂੰ ਕਿਸ਼ਤੀ ਮਾਲਕਾਂ ਨੂੰ ਪਹਿਲਾਂ ਹੀ ਪੈਸੇ ਦੇਣੇ ਪੈਂਦੇ ਹਨ। “ਮੈਂ ਰਿੰਗ-ਸੀਨ ਜਾਲਾਂ ਦੀ ਵਰਤੋਂ ਕਰਨ ਵਾਲੀਆਂ ਚਾਰ ਕਿਸ਼ਤੀਆਂ ਦੇ ਲਈ ਨੀਲਾਮੀ ਕਰਦੀ ਹਾਂ। ਮੈਂ ਹਰ ਕਿਸ਼ਤੀ ਦੇ ਲਈ ਤਿੰਨ-ਚਾਰ ਲੱਖ ਰੁਪਏ ਦੇ ਕੇ ਸ਼ੁਰੂਆਤ ਕੀਤੀ ਸੀ। ਮੇਰੇ ਕੋਲ ਕੁਝ ਬੱਚਤ ਸੀ ਪਰ ਮੈਨੂੰ ਦੋਸਤਾਂ ਕੋਲੋਂ ਉਧਾਰ ਵੀ ਲੈਣਾ ਪਿਆ,” ਮਨੀਸ਼ਾ ਨੇ ਦੱਸਿਆ। “ਸੁੱਕੀ ਮੱਛੀ ਦੇ ਧੰਦੇ ਅਤੇ ਨੀਲਾਮੀ ਦੋਵਾਂ ਤੋਂ ਹੋਣ ਵਾਲੇ ਲਾਭ ਨੂੰ ਮੈਂ ਕਰਜ਼ਾ ਲਾਹੁਣ ਲਈ ਵਰਤਿਆ,” ਉਸਨੇ ਕਿਹਾ।
ਮਨੀਸ਼ਾ ਵਰਗੇ ਨੀਲਾਮੀਕਾਰਾਂ ਦਾ ਕੰਮ ਉਦੋਂ ਸ਼ੁਰੂ ਹੁੰਦਾ ਹੈ ਜਦ ਰਿੰਗ-ਸੀਨ ਜਾਲਾਂ (ਸੁਰੁਕੁਵਲਾਈ, ਜਾਂ ਡਾਊਨਸਾਈਜ਼ ਪਰਸ-ਸੀਨ ਜਾਲ) ਦੀ ਵਰਤੋਂ ਕਰਨ ਵਾਲੀਆਂ ਵੱਡੀਆਂ ਕਿਸ਼ਤੀਆਂ ਦੁਆਰਾ ਫੜੀਆਂ ਗਈਆਂ ਮੱਛੀਆਂ ਬੰਦਰਗਾਹ ਵਿੱਚ ਪਹੁੰਚਦੀਆਂ ਹਨ; ਕਈ ਵਾਰ ਪਰਿਵਾਰਾਂ ਦੁਆਰਾ ਹੀ ਚਲਾਈਆਂ ਜਾਂਦੀਆਂ ਤੰਦਾਂ ਵਾਲੀਆਂ ਛੋਟੀਆਂ ਕਿਸ਼ਤੀਆਂ ਦੇ ਸਮੂਹ ਵੀ ਮੱਛੀਆਂ ਲੈ ਆਉਂਦੇ ਹਨ।
“ਜੇ ਮੱਛੀ ਖਰਾਬ ਹੋ ਜਾਂਦੀ ਤਾਂ ਮੈਂ ਉਸਨੂੰ ਮੁਰਗੀਆਂ ਦੀ ਫੀਡ ਲਈ ਸੁਕਾ ਲੈਂਦੀ, ਨਹੀਂ ਤਾਂ ਮੈਂ ਖਾਣਯੋਗ ਸੁੱਕੀ ਮੱਛੀ ਬਣਾ ਲੈਂਦੀ,” ਉਸਨੇ ਦੱਸਿਆ। ਆਪਣੇ ਲਾਭ ਨੂੰ ਮੁੜ ਕੰਮ ਵਿੱਚ ਲਾਉਂਦਿਆਂ ਮਨੀਸ਼ਾ ਦਾ ਧੰਦਾ ਕਾਫੀ ਵਧਣ ਲੱਗਿਆ।
ਉਸ ਵੇਲੇ ਕਾਫੀ ਕੁਝ ਬਦਲ ਗਿਆ ਜਦ ਪੰਜ ਸਾਲ ਪਹਿਲਾਂ ਜਿਸ ਜ਼ਮੀਨ ’ਤੇ ਮਨੀਸ਼ਾ ਮੱਛੀ ਸੁਕਾਉਂਦੀ ਸੀ, ਉਹ ਨਵੀਂ ਬਣ ਰਹੀ ਬੰਦਰਗਾਹ ’ਤੇ ਕਿਸ਼ਤੀ ਘਰ ਦੀ ਉਸਾਰੀ ਲਈ ਲੈ ਲਈ ਗਈ। ਉਸਦਾ ਧੰਦਾ ਇਸ ਤੋਂ ਪਹਿਲੇ ਖ਼ਤਰਿਆਂ ਦੌਰਾਨ ਵੀ ਚਲਦਾ ਰਿਹਾ ਸੀ, ਉਦੋਂ ਵੀ ਜਦ ਕੁਝ ਲੋਕਾਂ ਨੇ ਉਹਨਾਂ ਦੇ ਘਰਾਂ ਕੋਲ ਗੰਦਗੀ ਅਤੇ ਬਦਬੂ ਦਾ ਕਹਿੰਦਿਆਂ ਪਟੀਸ਼ਨ ਪਾਈ ਸੀ। ਹੁਣ ਧੰਦੇ ਨੂੰ ਚਲਾਉਣ ਲਈ ਕਿਸੇ ਜਗ੍ਹਾ ਦੇ ਨਾ ਹੋਣ ਅਤੇ ਮੱਛੀ ਫੜਨ ਦੀਆਂ ਮੁਸ਼ਕਿਲਾਂ ਕਰਕੇ ਉਸਨੇ ਇਹ ਕੰਮ ਬੰਦ ਕਰ ਦਿੱਤਾ।
*****
2020 ਵਿੱਚ ਕੋਵਿਡ-19 ਕਾਰਨ ਢੋਆ-ਢੁਆਈ ਅਤੇ ਸਪਲਾਈ ਚੇਨਾਂ ਵਿੱਚ ਆਈਆਂ ਦਿੱਕਤਾਂ ਦੀ ਵਜ੍ਹਾ ਕਾਰਨ ਬਹੁਤ ਘੱਟ ਕਿਸ਼ਤੀਆਂ ਮੱਛੀ ਫੜਨ ਲਈ ਜਾਂਦੀਆਂ ਸਨ ਅਤੇ ਬੰਦਰਗਾਹ ’ਤੇ ਵਾਪਸ ਪਹੁੰਚਦੀਆਂ ਸਨ। ਤਮਿਲਨਾਡੂ ਮਰੀਨ ਫਿਸ਼ਰੀਜ਼ ਰੈਗੂਲੇਸ਼ਨ ਰੂਲਜ਼ ਵਿੱਚ ਸੋਧ ਤੋਂ ਬਾਅਦ 2021 ਵਿੱਚ ਪਰਸ-ਸੀਨ ਜਾਲਾਂ ’ਤੇ ਲੱਗਿਆ ਬੈਨ ਦੂਜਾ ਝਟਕਾ ਸੀ। ਪੜ੍ਹੋ: ਸੁੱਕੀ ਮੱਛੀ, ਸੁੱਕਦਾ ਨਸੀਬ
ਮਨੀਸ਼ਾ ਨੇ ਅਜੇ 2019 ਵਿੱਚ ਹੀ ਆਪਣੇ ਪਤੀ ਦੀ ਸਟੀਲ ਦੀ ਕਿਸ਼ਤੀ ਵਿੱਚ ਨਿਵੇਸ਼ ਕੀਤਾ ਸੀ। “ਸਾਨੂੰ ਕਈ ਲੋਕਾਂ ਨੇ ਇਹਨਾਂ ਕਿਸ਼ਤੀਆਂ ਵਿੱਚ ਨਿਵੇਸ਼ ਲਈ ਕਰਜ਼ਾ ਦਿੱਤਾ,” ਉਸਨੇ ਕਿਹਾ। “ਸਾਡੇ ਕੋਲ ਕਿਸ਼ਤੀਆਂ ਹਨ, ਮੈਂ ਚਾਰਾਂ ਕਿਸ਼ਤੀਆਂ ਵਿੱਚ ਪ੍ਰਤੀ ਕਿਸ਼ਤੀ 20 ਲੱਖ ਦਾ ਨਿਵੇਸ਼ ਕੀਤਾ ਹੈ, ਪਰ ਹੁਣ ਸਰਕਾਰੀ ਬੈਨ ਦੇ ਚੱਲਦਿਆਂ ਕੋਈ ਵੀ ਸਾਡੇ ਤੋਂ ਇਹ ਕਿਸ਼ਤੀਆਂ ਨਹੀਂ ਖਰੀਦੇਗਾ। ਤੇ ਜਦ ਕਿਸ਼ਤੀਆਂ ਮੱਛੀ ਫੜਨ ਲਈ ਨਹੀਂ ਜਾਂਦੀਆਂ, ਤਾਂ ਸਾਨੂੰ ਕੋਈ ਕਮਾਈ ਵੀ ਨਹੀਂ ਹੁੰਦੀ। ਤਾਂ ਅਸੀਂ ਕਰਜਾ ਕਿਵੇਂ ਉਤਾਰਾਂਗੇ?”
ਹਾਲਾਂਕਿ ਜਨਵਰੀ 2023 ਵਿੱਚ ਸੁਪਰੀਮ ਕੋਰਟ ਨੇ ਤਮਿਲਨਾਡੂ ਦੀ ਸਮੁੰਦਰੀ ਸੀਮਾ ਤੋਂ ਬਾਹਰ ਪਰਸ-ਸੀਨ ਜਾਲਾਂ ਰਾਹੀਂ ਮੱਛੀ ਫੜਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਇਹ ਇਜਾਜ਼ਤ ਕੇਵਲ ਵਿਸ਼ੇਸ਼ ਆਰਥਿਕ ਖੇਤਰ ਵਿੱਚ ਹੀ ਕੁਝ ਸ਼ਰਤਾਂ ਮੁਤਾਬਕ ਦਿੱਤੀ ਗਈ ਹੈ। ਕੱਡਲੋਰ ਵਿੱਚ ਰਿੰਗ-ਸੀਨ ਤਕਨਾਲੋਜੀ ਨਾਲ ਮੱਛੀ ਫੜਨ ਬਾਰੇ ਅਪਵਾਦ ਕਾਰਨ ਜਿਹਨਾਂ ਕਿਸ਼ਤੀਆਂ ਲਈ ਮਨੀਸ਼ਾ ਬੋਲੀ ਲਗਾਉਂਦੀ ਹੈ, ਉਹਨਾਂ ਨੂੰ ਹੁਣ ਪੁਡੂਚੇਰੀ ਵਿੱਚ ਖੜ੍ਹਾਉਣਾ ਪੈ ਰਿਹਾ ਹੈ। ਆਪਣੇ ਗਹਿਣੇ (105 ਸੋਨੇ ਦੇ ਗਹਿਣੇ) ਵੇਚਣ ਅਤੇ ਆਪਣਾ ਤਿੰਨ ਕਮਰੇ ਦਾ ਘਰ ਬੈਂਕ ਕੋਲ ਗਿਰਵੀ ਰੱਖਣ ਦੇ ਬਾਅਦ ਵੀ ਉਸਦੇ ਸਿਰ 25 ਲੱਖ ਰੁਪਏ ਦਾ ਕਰਜ਼ਾ ਖੜ੍ਹਾ ਹੈ।
ਕੱਡਲੋਰ ਦੇ ਪੁਰਾਣੇ ਕਸਬੇ ਦੇ ਵਾਰਡ ਵਿੱਚ 20 ਸੈਲਫ ਹੈਲਪ ਸੰਸਥਾਵਾਂ ਹੋਣ ਅਤੇ ਮਨੀਸ਼ਾ ਵੱਲੋਂ ਉਹਨਾਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ ਦੇਣ ਲਈ ਤਿਆਰ ਹੋਣ ਦੇ ਬਾਵਜੂਦ ਉਸਦਾ ਸਾਰਾ ਨਿਵੇਸ਼ ਪ੍ਰਾਈਵੇਟ ਕਰਜ਼ਿਆਂ ਜ਼ਰੀਏ ਹੈ। “ਉਹ ਮੈਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ,” ਉਸਨੇ ਕਿਹਾ। “ਮੈਨੂੰ ਇਸ ਲਈ ਕਿਸੇ ਬੈਂਕ ਨੇ ਕਰਜ਼ਾ ਨਹੀਂ ਦਿੱਤਾ ਕਿਉਂਕਿ ਮੈਂ ਟ੍ਰਾਂਸਜੈਂਡਰ ਹਾਂ; ਉਹ ਮੇਰੇ ’ਤੇ ਭਰੋਸਾ ਨਹੀਂ ਕਰਦੇ।”
ਉਸਨੂੰ ਲਗਦਾ ਹੈ ਕਿ ਬੈਂਕ ਤੋਂ ਕਰਜ਼ਾ ਅਤੇ ਸਰਕਾਰ ਤੋਂ ਕਿਸੇ ਕਿਸਮ ਦੀ ਮਦਦ ਨਾਲ ਉਸਦੀ ਸਹਾਇਤਾ ਹੋ ਜਾਂਦੀ। “ਸਰਕਾਰ ਨੇ ਕਰੀਬ 70 ਟ੍ਰਾਂਸਜੈਂਡਰ ਲੋਕਾਂ ਨੂੰ ਤਿਰੂਮਣੀਕੁੜੀ ਵਿੱਚ ਇੱਕ ਕਮਰੇ ਦੇ ਘਰ ਦਿੱਤੇ ਸੀ, ਪਰ ਉਹ ਇੱਕ ਜੰਗਲ ਵਿੱਚ ਸਨ ਜਿੱਥੇ ਨਾ ਤਾਂ ਪਾਣੀ ਸੀ ਤੇ ਨਾ ਹੀ ਆਉਣ-ਜਾਣ ਦੀ ਕੋਈ ਸੁਵਿਧਾ। ਉੱਥੇ ਕੌਣ ਜਾਵੇਗਾ? ਘਰ ਬਹੁਤ ਛੋਟੇ ਅਤੇ ਬਹੁਤ ਇਕਾਂਤ ਵਿੱਚ ਸਨ, ਜੇ ਕੋਈ ਸਾਨੂੰ ਮਾਰ ਵੀ ਦਿੰਦਾ ਤਾਂ ਕਿਸੇ ਨੂੰ ਪਤਾ ਨਾ ਲਗਦਾ; ਕਿਸੇ ਨੂੰ ਸਾਡੀ ਚੀਕ ਵੀ ਸੁਣਾਈ ਨਾ ਦਿੰਦੀ। ਅਸੀਂ ਘਰਾਂ ਦੇ ਪੱਟੇ ਸਰਕਾਰ ਨੂੰ ਮੋੜ ਦਿੱਤੇ।”
*****
ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਮਨੀਸ਼ਾ ਦੀ ਬਚਪਨ ਦੇ ਸਮੇਂ ਪਛਾਣ ਇੱਕ ਪੁਰਸ਼ ਦੇ ਰੂਪ ਵਿੱਚ ਸੀ, ਜਿਸ ਨੇ 15 ਸਾਲ ਦੀ ਉਮਰ ਵਿੱਚ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਸਨ। ਉਸਦੇ ਪਿਤਾ ਇੱਕ ਕਸਟਮ ਅਧਿਕਾਰੀ ਸਨ ਜੋ ਮੂਲ ਰੂਪ ਵਿੱਚ ਪੁਡੂਚੇਰੀ ਨੇੜਲੇ ਪਿੰਡ ਪਿਲਈਚਾਵੜੀ ਦੇ ਰਹਿਣ ਵਾਲੇ ਸਨ, ਪਰ ਉਹਨਾਂ ਦੀ ਡਿਊਟੀ ਕੱਡਲੋਰ ਦੇ ਪੁਰਾਣੇ ਕਸਬੇ ਦੀ ਬੰਦਰਗਾਹ ’ਤੇ ਸੀ। ਉਸਦੀ ਮਾਂ ਉਸਦੇ ਪਿਤਾ ਦੀ ਦੂਜੀ ਪਤਨੀ ਸੀ। ਉਹ (ਉਸਦੀ ਮਾਂ) ਇੱਕ ਪਛੜੀ ਜਾਤੀ ਭਾਈਚਾਰੇ ਨਾਲ ਸਬੰਧ ਰੱਖਦੀ ਸੀ ਅਤੇ ਨੇੜੇ ਹੀ ਚਾਹ ਦੀ ਦੁਕਾਨ ਚਲਾਉਂਦੀ ਸੀ।
ਮਨੀਸ਼ਾ ਦੇ ਪਿਤਾ ਦੀ ਪਹਿਲੀ ਪਤਨੀ ਅਤੇ ਬੱਚੇ ਉਸਦੇ ਪਿੰਡ ਵਿੱਚ ਰਹਿੰਦੇ ਸਨ। ਉਹ ਇੱਕ ਸ਼ਰਾਬੀ ਸੀ, ਕਦੇ ਆਸ-ਪਾਸ ਨਹੀਂ ਰਿਹਾ ਅਤੇ ਕੱਡਲੋਰ ਵਿੱਚ ਰਹਿੰਦੇ ਆਪਣੇ ਦੂਸਰੇ ਪਰਿਵਾਰ ਦੀ ਸੰਭਾਲ ਲਈ ਉਸਨੇ ਕਦੇ ਹੀ ਕੋਈ ਪੈਸਾ ਦਿੱਤਾ। ਮਨੀਸ਼ਾ ਦਾ ਸਭ ਤੋਂ ਵੱਡਾ ਭਰਾ ਸੁੰਦਰਾਰਾਜਨ, ਜੋ ਹੁਣ 50 ਸਾਲ ਦਾ ਹੈ, ਨੇ ਆਪਣੀ ਮਾਂ ਅਤੇ ਭੈਣ-ਭਰਾਵਾਂ ਦੇ ਗੁਜਾਰੇ ਲਈ 15 ਸਾਲ ਦੀ ਉਮਰ ਵਿੱਚ ਮੱਛੀ ਫੜਨੀ ਸ਼ੁਰੂ ਕਰ ਦਿੱਤੀ ਸੀ। ਉਸਦੀਆਂ ਤਿੰਨ ਭੈਣਾਂ ਹਨ, 45 ਸਾਲਾ ਸ਼ਕੁੰਤਲਾ, 43 ਸਾਲਾ ਸ਼ਕੀਲਾ, ਅਤੇ 40 ਸਾਲਾ ਆਨੰਦੀ; ਸ਼ਕੀਲਾ ਇੱਕ ਮੱਛੀ ਵਿਕਰੇਤਾ ਹੈ ਜਦ ਕਿ ਬਾਕੀ ਦੋਵੇਂ ਵਿਆਹੀਆਂ ਹੋਈਆਂ ਹਨ ਅਤੇ ਆਪਣੇ ਘਰ ਸਾਂਭਦੀਆਂ ਹਨ।
ਸਾਰੇ ਭੈਣ-ਭਰਾਵਾਂ ਨੇ 15 ਸਾਲ ਦੀ ਉਮਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਨੀਸ਼ਾ ਦੀ ਮਾਂ ਅਤੇ ਭੈਣ ਬੰਦਰਗਾਹ ’ਤੇ ਚਾਹ ਅਤੇ ਖਾਣ ਦਾ ਸਮਾਨ ਵੇਚਦੀਆਂ ਸਨ। ਸਭ ਤੋਂ ਛੋਟੀ ਹੋਣ ਕਰਕੇ ਮਨੀਸ਼ਾ ਜੋ ਵੀ ਉਸਦੀ ਮਾਂ ਕਹਿੰਦੀ, ਉਹੀ ਕੰਮ ਕਰਦੀ। 2002 ਵਿੱਚ, ਜਦ ਉਹ 16 ਸਾਲ ਦੀ ਸੀ, ਮਨੀਸ਼ਾ ਨੇ ਕੱਡਲੋਰ ਵਿੱਚ ਭਾਰਤੀ ਤਕਨੀਕੀ ਸਿਖਲਾਈ ਸੰਸਥਾ (ITI) ਵਿੱਚ ਦਾਖਲਾ ਲਿਆ ਅਤੇ ਵੈਲਡਿੰਗ ਦਾ ਇੱਕ ਸਾਲ ਦਾ ਕੋਰਸ ਕੀਤਾ। ਉਸਨੇ ਇੱਕ ਮਹੀਨਾ ਇੱਕ ਵੈਲਡਿੰਗ ਦੀ ਵਰਕਸ਼ਾਪ ਵਿੱਚ ਵੀ ਕੰਮ ਕੀਤਾ, ਪਰ ਉਸਨੂੰ ਇਹ ਪਸੰਦ ਨਹੀਂ ਆਇਆ।
ਜਦ ਉਸਨੇ ਸੁੱਕੀ ਮੱਛੀ ਦੇ ਕਾਰੋਬਾਰ ਵਿੱਚ ਕਦਮ ਰੱਖਿਆ ਤਾਂ ਉਹ – ਮੱਛੀ ਨੂੰ ਇਕੱਠਾ ਕਰਨ, ਸਾਫ਼ ਕਰਨ, ਨਮਕ ਲਾਉਣ ਅਤੇ ਸੁਕਾਉਣ ਦੇ ਕੰਮ ਤੋਂ – 75 ਰੁਪਏ ਪ੍ਰਤੀ ਦਿਨ ਕਮਾ ਰਹੀ ਸੀ।
ਸੁੱਕੀ ਮੱਛੀ ਦੇ ਕਾਰੋਬਾਰ ਲਈ ਲੋੜੀਂਦੇ ਗੁਰ ਸਿੱਖਣ ਤੋਂ ਬਾਅਦ ਉਸਨੇ 2006 ਦੇ ਕਰੀਬ, 20 ਸਾਲ ਦੀ ਉਮਰ ਵਿੱਚ ਖੁੱਲ੍ਹੀ ਜ਼ਮੀਨ ਦੇ ਇੱਕ ਟੁਕੜੇ ’ਤੇ ਮੱਛੀ ਸੁਕਾਉਣੀ ਸ਼ੁਰੂ ਕਰ ਦਿੱਤੀ, ਜਿਸਨੂੰ ਉਸਨੇ ਇਸੇ ਕੰਮ ਲਈ ਸਾਫ਼ ਕੀਤਾ ਸੀ। ਉਸਦੀਆਂ ਦੋਵੇਂ ਭੈਣਾਂ ਦੇ ਵਿਆਹ ਤੋਂ ਬਾਅਦ ਕਰਜ਼ਾ ਵਧ ਗਿਆ। ਤੇ ਉਸ ਵੇਲੇ ਮਨੀਸ਼ਾ ਨੇ ਦੋ ਗਾਵਾਂ ਖਰੀਦ ਲਈਆਂ ਅਤੇ ਮੱਛੀ ਦੇ ਕਾਰੋਬਾਰ ਦੇ ਨਾਲ-ਨਾਲ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਉਸ ਕੋਲ ਮੱਛੀ ਵੇਚਣ ਅਤੇ ਬੋਲੀ ਲਾਉਣ ਦੇ ਕੰਮ ਤੋਂ ਇਲਾਵਾ 5 ਗਾਵਾਂ, ਸੱਤ ਬੱਕਰੀਆਂ ਅਤੇ 30 ਮੁਰਗੀਆਂ ਹਨ।
*****
ਭਾਵੇਂ ਕਿ ਮਨੀਸ਼ਾ ਨੂੰ 10 ਸਾਲ ਦੀ ਉਮਰ ਤੋਂ ਹੀ ਆਪਣੇ ਜਨਮ ਤੋਂ ਨਿਰਧਾਰਤ ਲਿੰਗ ਤੋਂ ਦਿੱਕਤ ਸੀ, ਪਰ ਉਸਨੇ ਇਸ ਬਾਰੇ ਗੱਲ ਕਰਨੀ ਉਦੋਂ ਸ਼ੁਰੂ ਕੀਤੀ ਜਦ ਉਸਨੇ ਕਿਸ਼ੋਰ ਉਮਰ ਵਿੱਚ ਕਮਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਮਾਂ ਅਤੇ ਭੈਣਾਂ ਲਈ ਗਹਿਣੇ ਅਤੇ ਸਾੜ੍ਹੀਆਂ ਖਰੀਦਦੀ, ਅਤੇ ਉਹਨਾਂ ਵਿੱਚੋਂ ਕੁਝ ਆਪਣੇ ਲਈ ਰੱਖ ਲੈਂਦੀ। 20 ਸਾਲ ਦੀ ਉਮਰ ਤੱਕ ਆ ਕੇ ਉਸਨੇ ਲਿੰਗ ਬਦਲਣ ਲਈ ਆਪਰੇਸ਼ਨ ਕਰਾਉਣ ਦਾ ਫੈਸਲਾ ਕਰ ਲਿਆ ਸੀ।
ਉਸਨੇ ਹੋਰ ਟ੍ਰਾਂਸਜੈਂਡਰ ਲੋਕਾਂ ਨਾਲ ਘੁਲਣਾ-ਮਿਲਣਾ ਸ਼ੁਰੂ ਕਰ ਦਿੱਤਾ। ਉਸਦੀ ਇੱਕ ਸਹੇਲੀ ਆਪਣਾ ਆਪਰੇਸ਼ਨ ਕਰਾਉਣ ਲਈ ਮੁੰਬਈ ਗਈ ਸੀ। ਉਹ ਕੱਡਲੋਰ ਵਾਪਸ ਆਉਣ ਤੋਂ ਪਹਿਲਾਂ 15 ਸਾਲ ਉੱਥੇ ਹੀ ਰਹੀ। ਉਸਨੇ ਮਦਦ ਕਰਨ ਦੀ ਪੇਸ਼ਕਸ਼ ਕੀਤੀ ਪਰ ਮਨੀਸ਼ਾ ਆਪਣੇ ਪਰਿਵਾਰ ਨੂੰ ਛੱਡ ਕੇ ਮੁੰਬਈ ਨਹੀਂ ਜਾਣਾ ਚਾਹੁੰਦੀ ਸੀ।
ਸਗੋਂ ਉਹ ਕੱਡਲੋਰ ਦੇ ਇੱਕ ਨਿਜੀ ਹਸਪਤਾਲ ਵਿੱਚ ਗਈ ਜਿੱਥੇ ਉਸਨੂੰ ਇੱਕ ਮਨੋਵਿਗਿਆਨਕ ਅਤੇ ਇੱਕ ਵਕੀਲ ਤੋਂ ਸਰਟੀਫਿਕੇਟਾਂ ਦੇ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਸਮਝਾਉਣਾ ਪਿਆ ਕਿ ਉਹ ਆਪਰੇਸ਼ਨ ਕਿਉਂ ਕਰਵਾਉਣਾ ਚਾਹੁੰਦੀ ਹੈ। ਉਸਨੇ ਆਪਣੇ ਕਾਰੋਬਾਰ ਤੋਂ ਕਮਾਏ ਪੈਸੇ ਨਾਲ ਆਪਰੇਸ਼ਨ ਦਾ ਖਰਚਾ ਦਿੱਤਾ ਅਤੇ ਇਸ ਅਮਲ ਦੌਰਾਨ ਆਪਣਾ ਖਰਚਾ ਆਪ ਚੁੱਕਿਆ।
ਜਦ ਮਨੀਸ਼ਾ ਬਦਲਾਅ ਵਿੱਚੋਂ ਲੰਘ ਰਹੀ ਸੀ, ਉਹਨਾਂ ਸਾਲਾਂ ਦੌਰਾਨ ਉਸਦੇ ਪਰਿਵਾਰ ਨਾਲ ਉਸਦਾ ਰਿਸ਼ਤਾ ਨਾਜ਼ੁਕ ਬਣ ਗਿਆ। ਭਾਵੇਂ ਕਿ ਉਹ ਉਹਨਾਂ ਦੇ ਘਰ ਦੇ ਬਿਲਕੁਲ ਕੋਲ ਆਪਣੇ ਬਣਾਏ ਘਰ ਵਿੱਚ ਰਹਿੰਦੀ ਸੀ, ਪਰ ਉਸਦੀ ਮਾਂ ਅਤੇ ਭੈਣਾਂ ਨੇ ਆਪਰੇਸ਼ਨ ਦੇ ਕਈ ਸਾਲ ਬਾਅਦ ਤੱਕ ਉਸ ਨਾਲ ਕਦੇ ਗੱਲ ਵੀ ਨਹੀਂ ਕੀਤੀ। ਉਸਦੀ ਮਾਂ ਬਹੁਤ ਪਰੇਸ਼ਾਨ ਸੀ ਅਤੇ ਉਸਨੇ ਠੀਕ ਤਰ੍ਹਾਂ ਖਾਣਾ-ਪੀਣਾ ਵੀ ਛੱਡ ਦਿੱਤਾ ਸੀ। ਉਸਨੇ ਇਹ ਗੱਲ ਮਨੀਸ਼ਾ ਦੇ ਕੰਨੀਂ ਪਹੁੰਚਾਉਣ ਨੂੰ ਯਕੀਨੀ ਬਣਾਇਆ ਕਿ ਉਹ (ਮਨੀਸ਼ਾ) ਕਦੇ ਵੀ ਹੋਰਨਾਂ ਟ੍ਰਾਂਸਜੈਂਡਰ ਲੋਕਾਂ ਵਾਂਗੂੰ ਗਲੀਆਂ ਵਿੱਚ ਭੀਖ ਨਹੀਂ ਮੰਗੇਗੀ।
ਕੁਝ ਸਾਲ ਪਹਿਲਾਂ ਮਨੀਸ਼ਾ ਦੀ ਮਾਂ ਨੂੰ ਅੰਤੜੀਆਂ ਦਾ ਕੈਂਸਰ ਹੋ ਗਿਆ। ਉਸਨੇ ਉਸਦੇ ਆਪਰੇਸ਼ਨ ਅਤੇ ਇਲਾਜ ਲਈ 3 ਲੱਖ ਰੁਪਏ ਖਰਚੇ, ਅਤੇ ਉਦੋਂ ਜਾ ਕੇ ਉਹਨਾਂ ਵਿੱਚ ਸੁਲ੍ਹਾ ਹੋਈ। ਇੱਕ ਸਾਲ ਬਾਅਦ ਉਸਦੀ ਮਾਂ ਦੀ ਮੌਤ ਹੋ ਗਈ, ਪਰ ਮਨੀਸ਼ਾ ਨੇ ਜਿਵੇਂ ਆਪਣੀ ਮਾਂ ਦਾ ਖਿਆਲ ਰੱਖਿਆ, ਉਸਨੇ ਉਸਦੇ ਭੈਣ-ਭਰਾਵਾਂ ਨਾਲ ਉਸਦਾ ਰਿਸ਼ਤਾ ਠੀਕ ਕਰਨ ਵਿੱਚ ਮਦਦ ਕੀਤੀ।
ਮਨੀਸ਼ਾ ਦਾ ਕਹਿਣਾ ਹੈ ਕਿ ਟ੍ਰਾਂਸਜੈਂਡਰ ਲੋਕ ਕਿਸੇ ਵੀ ਹੋਰ ਵਿਅਕਤੀ ਦੀ ਤਰ੍ਹਾਂ ਮਿਹਨਤ ਕਰਨ ਲਈ ਰਾਜ਼ੀ ਹਨ, ਪਰ ਸਰਕਾਰ ਦੇ ਸਾਥ ਦੀ ਘਾਟ ਕਾਰਨ ਅਕਸਰ ਉਹਨਾਂ ਨਾਲ ਦੁਰਵਿਹਾਰ ਦਾ ਡਰ ਬਣਿਆ ਰਹਿੰਦਾ ਹੈ। “ਕਈ ਵਾਰ ਜਦ ਮੈਂ ਘਰ ਵਿੱਚ ਇਕੱਲੀ ਹੁੰਦੀ ਹਾਂ ਤਾਂ ਦਰਵਾਜ਼ਾ ਖੋਲ੍ਹਣ ਤੋਂ ਵੀ ਡਰਦੀ ਹਾਂ,” ਉਸਨੇ ਕਿਹਾ। “ਮੇਰੀਆਂ ਭੈਣਾਂ ਨੇੜੇ ਹੀ, ਪਰ ਅਲੱਗ ਰਹਿੰਦੀਆਂ ਹਨ। ਜੇ ਮੈਂ ਉਹਨਾਂ ਨੂੰ ਆਵਾਜ਼ ਦਵਾਂ, ਤਾਂ ਉਹ ਉਸੇ ਵੇਲੇ ਆ ਜਾਣਗੀਆਂ।''
ਤਰਜਮਾ: ਅਰਸ਼ਦੀਪ ਅਰਸ਼ੀ