“ਅਸੀਂ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਹਾਂ। ਪਰ ਹੁਣ ਜਦ ਕਿਤੇ ਕੋਈ ਕੰਮ ਨਹੀਂ ਮਿਲ ਰਿਹਾ ਤਾਂ ਪੈਸੇ ਕਿਥੋਂ ਆਓਣਗੇ?” ਪੁਣੇ ਸ਼ਹਿਰ ਵਿੱਚ ਕੋਠਰੁਡ ਪੁਲਿਸ ਚੌਂਕੀ ਨੇੜੇ ਲਕਸ਼ਮੀ ਨਗਰ ਦੀ ਵਸਨੀਕ ਅਬੋਲੀ ਕਾਂਬਲੇ ਦਾ ਕਹਿਣਾ ਹੈ। “ਸਾਡੇ ਕੋਲ ਬਿਲਕੁਲ ਰਾਸ਼ਨ ਨਹੀਂ ਹੈ। ਜੇ ਛੇਤੀ ਪ੍ਰਬੰਧ ਨਾ ਹੋਇਆ ਤਾਂ ਬੱਚੇ ਕਿਸ ਤਰ੍ਹਾਂ ਰਹਿਣਗੇ?”
ਕੋਵਿਡ-19 ਤਾਲਾਬੰਦੀ ਦੇ ਐਲਾਨ ਦੇ ਪੰਜ ਦਿਨਾਂ ਬਾਦ ਜਦ 30 ਮਾਰਚ ਨੂੰ ਮੈਂ ਝੁੱਗੀਆਂ ਦਾ ਦੌਰਾ ਕੀਤਾ ਤਾਂ ਅਬੋਲੀ ਦਾ ਗੁੱਸਾ ਅਤੇ ਲਾਚਾਰੀ ਉਸ ਦੀ ਆਵਾਜ਼ ਵਿੱਚ ਸਾਫ ਝਲਕ ਰਿਹਾ ਸੀ। “ਘੱਟੋ ਘੱਟ ਅਜਿਹੇ ਸਮੇਂ ਤਾਂ ਸਾਨੂੰ ਦੁਕਾਨ ਤੋਂ ਰਾਸ਼ਨ ਮਿਲਣਾ ਚਾਹੀਦਾ ਹੈ,” 23 ਸਾਲ ਅਬੋਲੀ ਦਾ ਕਹਿਣਾ ਹੈ। “ਸਾਰੀਆਂ ਔਰਤਾਂ ਘਰੇ ਬੈਠੀਆਂ ਹਨ। ਪੁਲਿਸ ਸਾਨੂੰ ਬਾਹਰ ਨਹੀਂ ਨਿਕਲਣ ਦਿੰਦੀ। ਜੇ ਅਸੀਂ ਕੰਮ ਕਰਨ ਬਾਹਰ ਨਹੀਂ ਜਾਵਾਂਗੇ ਤਾਂ ਰਾਸ਼ਨ ਕਿੱਥੋਂ ਆਵੇਗਾ? ਜੇ ਅਜਿਹੇ ਮੁਸ਼ਕਿਲ ਸਮੇਂ ਵਿੱਚ ਸਾਨੂੰ ਰਾਸ਼ਨ ਨਹੀਂ ਮਿਲੇਗਾ ਤਾਂ ਅਸੀਂ ਕਿੱਥੇ ਜਾਵਾਂਗੇ? ਜੇ ਅਸੀਂ ਹੁਣ ਆਵਦਾ ਢਿੱਡ ਵੀ ਨਹੀਂ ਭਰ ਸਕਦੇ ਤਾਂ ਕੀ ਹੁਣ ਫਾਹਾ ਲੈ ਲਈਏ?” ਅਬੋਲੀ ਦਾ ਪਰਿਵਾਰ 1995 ਵਿੱਚ ਸੋਲਾਪੁਰ ਜਿਲ੍ਹੇ ਦੇ ਪਿੰਡ ਅਕੋਲੇਕਟੀ ਤੋਂ ਪੁਣੇ ਸ਼ਹਿਰ ਆਇਆ ਸੀ। ਅਬੋਲੀ ਦਾ ਵਿਆਹ 16 ਅਪ੍ਰੈਲ ਨੂੰ ਹੋਣਾ ਸੀ ਪਰ ਹੁਣ ਵਿਆਹ ਦੀ ਤਰੀਕ ਟਾਲ ਦਿੱਤੀ ਗਈ ਹੈ।
ਜਦ ਮੈਂ ਕਲੋਨੀ ਦਾ ਦੌਰਾ ਕੀਤਾ ਸੀ ਤਾਂ 7 ਚੌਲਾਂ (ਵਿਹੜੇਨੁਮਾ ਘਰ) ਵਿੱਚ ਲਗਭਗ 850 ਲੋਕ ਰਹਿੰਦੇ ਸਨ (ਐਨ ਜੀ ਓ ਦੇ ਸਰਵੇ ਮੁਤਾਬਿਕ)। ਇੱਥੋਂ ਦੀਆਂ ਔਰਤਾਂ ਨੇ, ਜੋ ਜਿਆਦਾਤਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ, ਪੈਸੇ ਅਤੇ ਰਾਸ਼ਨ ਦੀ ਤੰਗੀ ਦੇ ਚੱਲਦਿਆਂ ਮੀਟਿੰਗ ਰੱਖੀ ਹੋਈ ਸੀ। ਲਕਸ਼ਮੀ ਨਗਰ ਦੇ 190 ਪਰਿਵਾਰਾਂ ਵਿੱਚੋਂ ਜਿਆਦਾਤਰ ਪਰਵਾਸ ਕਰ ਕੇ ਮਹਾਰਾਸ਼ਟਰ ਦੇ ਅਹਿਮਦਨਗਰ, ਬੀੜ, ਸੋਲਾਪੁਰ ਅਤੇ ਲਾਤੂਰ ਜਿਲ੍ਹਿਆਂ ਤੋਂ ਆਏ ਹਨ, ਅਤੇ ਕੁਝ ਗੁਆਂਢੀ ਰਾਜ ਕਰਨਾਟਕਾ ਤੋਂ ਵੀ ਹਨ। ਜਿਆਦਾਤਰ ਲੋਕ ਦਲਿਤ ਜਾਤੀ ਮਤਾਂਗ ਨਾਲ ਸਬੰਧ ਰੱਖਦੇ ਹਨ।
ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਨਵੇਂ ਸਾਲ ਗੁੜੀ ਪੜਵਾ ਤੋਂ ਇੱਕ ਰਾਤ ਪਹਿਲਾਂ 21 ਦਿਨਾ ਤਾਲਾਬੰਦੀ ਦਾ ਐਲਾਨ ਕੀਤਾ ਤਾਂ ਇਹ ਵੀ ਪਤਾ ਨਹੀਂ ਸੀ ਕੀ ਅਗਲੇ ਦਿਨ ਜ਼ਰੂਰੀ ਵਸਤਾਂ ਮਿਲਦੀਆਂ ਰਹਿਣਗੀਆਂ ਜਾਂ ਨਹੀਂ। ਲੋਕਾਂ ਵਿੱਚ ਦੁਕਾਨਾਂ ਤੋਂ ਜੋ ਵੀ ਮਿਲਦਾ ਸੀ ਖਰੀਦਣ ਲਈ ਹਫੜਾ ਦਫੜੀ ਮੱਚ ਗਈ ਪਰ ਤਦ ਤੱਕ ਕੀਮਤਾਂ ਵਿੱਚ ਕਾਫ਼ੀ ਵਾਧਾ ਹੋ ਚੁੱਕਿਆ ਸੀ।
ਹਾਲਾਂਕਿ ਸਰਕਾਰ ਨੇ ਬਾਦ ਵਿੱਚ ਇਹ ਐਲਾਨ ਕਰ ਦਿੱਤਾ ਸੀ ਕਿ ਖੁਰਾਕ ਅਤੇ ਹੋਰ ਜ਼ਰੂਰੀ ਵਸਤਾਂ ਦੀ ਵਿਕਰੀ ਜਾਰੀ ਰਹੇਗੀ। ਨਾਲ ਹੀ ਜੋ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ (ਬੀ ਪੀ ਐਲ) ਹਨ ਉਹਨਾਂ ਨੂੰ ਤਿੰਨ ਮਹੀਨਿਆਂ ਲਈ ਜਨਤਕ ਵੰਡ ਪ੍ਰਣਾਲੀ (ਪੀ ਡੀ ਐਸ) ਤਹਿਤ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਲਕਸ਼ਮੀ ਨਗਰ ਦੇ ਵਸਨੀਕਾਂ ਨੂੰ ਮੁਫ਼ਤ ਰਾਸ਼ਨ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਓਂਕਿ ਪਹਿਲਾਂ ਵੀ ਕਦੇ ਉਨ੍ਹਾਂ ਨੂੰ ਵਾਅਦੇ ਅਨੁਸਾਰ ਨਿਯਮਿਤ ਰਾਸ਼ਨ ਨਹੀਂ ਮਿਲਿਆ
ਲਕਸ਼ਮੀ ਨਗਰ ਦੇ ਵਸਨੀਕਾਂ ਨੂੰ ਮੁਫ਼ਤ ਰਾਸ਼ਨ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਓਂਕਿ ਪਹਿਲਾਂ ਵੀ ਕਦੇ ਉਨ੍ਹਾਂ ਨੂੰ ਵਾਅਦੇ ਅਨੁਸਾਰ ਨਿਯਮਿਤ ਰਾਸ਼ਨ ਨਹੀਂ ਮਿਲਿਆ। “ਪੀਲੇ ਕਾਰਡ ਵਾਲੇ ਪਰਿਵਾਰਾਂ ਨੂੰ ਵੀ ਮੁਫ਼ਤ ਰਾਸ਼ਨ ਨਹੀਂ ਮਿਲਦਾ,” ਇੱਕ ਔਰਤ ਨੇ ਸਰਕਾਰ ਵੱਲੋਂ ਬੀ ਪੀ ਐਲ ਪਰਿਵਾਰਾਂ ਨੂੰ ਜਾਰੀ ਕੀਤੇ ਹੋਏ ਰਾਸ਼ਨ ਕਾਰਡ ਦਿਖਾਉਂਦਿਆਂ ਕਿਹਾ।
ਰਾਸ਼ਨ ਕਾਰਡ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਪੀ ਡੀ ਐਸ ਦੁਕਾਨਾਂ ਤੋਂ ਸਸਤਾ ਰਾਸ਼ਨ ਲੈਣ ਵਿੱਚ ਦਿੱਕਤ ਆਓਂਦੀ ਹੈ। “ਮੇਰੇ ਕੋਲ ਕਾਰਡ ਤਾਂ ਹੈ ਪਰ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਵਿੱਚ ਮੇਰਾ ਨਾਮ ਹੀ ਨਹੀਂ ਹੈ। ਮੈਨੂੰ ਅੱਜ ਤੀਕ ਕਦੇ ਰਾਸ਼ਨ ਨਹੀਂ ਮਿਲਿਆ,” ਸੁਨੀਤਾ ਸ਼ਿੰਦੇ ਦਾ ਕਹਿਣਾ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਦ ਪੁਣੇ ਤੋਂ ਮੁੰਬਈ ਰਹਿਣ ਆ ਗਈ ਸੀ।
ਇੱਕ ਔਰਤ ਨੇ ਆਪਣਾ ਰਾਸ਼ਨ ਕਾਰਡ ਦਿਖਾਇਆ ਜਿਸ ਉੱਤੇ ਮੁਹਰ ਲੱਗੀ ਹੈ ਕਿ ਉਹ ਸਸਤੇ ਮੁੱਲ ਤੇ ਚੌਲ ਅਤੇ ਕਣਕ ਲੈਣ ਦੇ ਯੋਗ ਹੈ। “ਪਰ ਦੁਕਾਨਦਾਰ ਦਾ ਕਹਿਣਾ ਹੈ ਕਿ ਮੇਰੇ ਕਾਰਡ ਤੇ ਰਾਸ਼ਨ ਰੋਕ ਦਿੱਤਾ ਗਿਆ ਹੈ,” ਉਸ ਦਾ ਦੱਸਣਾ ਹੈ। ਇੱਕ ਹੋਰ ਵੱਡੀ ਉਮਰ ਦੀ ਔਰਤ ਦਾ ਕਹਿਣਾ ਹੈ, “ਮੈਨੂੰ ਰਾਸ਼ਨ ਨਹੀਂ ਮਿਲਦਾ ਕਿਓਂਕਿ ਮੇਰੇ ਅੰਗੂਠੇ ਦਾ ਨਿਸ਼ਾਨ ਇਨ੍ਹਾਂ ਦੇ ਰਿਕਾਰਡ ਨਾਲ ਮੇਲ ਨਹੀਂ ਖਾਂਦਾ (ਆਧਾਰ ਰਿਕਾਰਡ)”।
ਬਿਨਾਂ ਰਾਸ਼ਨ, ਕੰਮ ਅਤੇ ਤਨਖਾਹ ਦੇ ਲਕਸ਼ਮੀ ਨਗਰ ਦੀਆਂ ਔਰਤਾਂ ਤੇ ਉਨ੍ਹਾਂ ਦੇ ਪਰਿਵਾਰ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਨੰਦਾ ਸ਼ਿੰਦੇ ਜੋ ਇੱਕ ਵਿਧਵਾ ਹੈ, ਦਾ ਕਹਿਣਾ ਹੈ, “ਮੈਂ ਪਹਿਲਾਂ ਕੰਮ ਤੇ ਜਾਂਦੀ ਸੀ ਪਰ ਹੁਣ ਕੋਰੋਨਾ ਕਾਰਨ ਸਭ ਕੰਮ ਬੰਦ ਹੈ। ਇਸ ਲਈ ਖਾਣਾ ਜੁਟਾਓਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਮੈਂ ਜਦ ਵੀ ਦੁਕਾਨ ਤੇ ਜਾਂਦੀ ਹਨ ਤਾਂ ਦੁਕਾਨਦਾਰ ਮੇਰਾ ਰਾਸ਼ਨ ਕਾਰਡ ਪਰਾਂ ਸੁੱਟ ਦਿੰਦਾ ਹੈ”। ਨੰਦਾ ਵਾਘਮਾਰੇ, ਜੋ ਇੱਕ ਰੈਸਟੋਰੈਂਟ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ ਦਾ ਵੀ ਕਹਿਣਾ ਹੈ, “ਹੁਣ ਮੇਰੇ ਕੋਲ ਕੋਈ ਕੰਮ ਨਹੀਂ ਹੈ। ਮੈਂ ਰਾਸ਼ਨ ਕਾਰਡ ਲੈ ਕੇ ਦੁਕਾਨ ਤੇ ਜਾਂਦੀ ਹਾਂ ਤਾਂ ਸਾਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੈ”।
ਜੇ ਕਿਸੇ ਪਰਿਵਾਰ ਕੋਲ ਰਾਸ਼ਨ ਕਾਰਡ ਨਹੀਂ ਹੈ- ਇੱਥੇ ਅਜਿਹੇ 12 ਪਰਿਵਾਰ ਹਨ- ਤਾਂ ਰੋਟੀ ਦਾ ਜੁਗਾੜ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕੋਲ ਰਾਸ਼ਨ ਲੈਣ ਦਾ ਹੋਰ ਕੋਈ ਰਾਹ ਨਹੀਂ- ਇੱਥੋਂ ਤੱਕ ਕਿ ਸਰਕਾਰੀ ਰਾਹਤ ਪੈਕੇਜ ਵਿੱਚ ਮਿਲਣ ਵਾਲਾ ਮੁਫ਼ਤ ਅਨਾਜ ਵੀ ਨਹੀਂ। “ਮੋਦੀ ਨੇ ਐਲਾਨ ਕੀਤਾ ਸੀ ਕਿ ਸਭ ਨੂੰ ਮੁਫ਼ਤ ਅਨਾਜ ਮਿਲੇਗਾ। ਪਰ ਸਾਡੇ ਕੋਲ ਰਾਸ਼ਨ ਕਾਰਡ ਹੀ ਨਹੀਂ ਹੈ, ਤਾਂ ਅਸੀਂ ਕੀ ਕਰੀਏ?” ਰਾਧਾ ਕਾਂਬਲੇ ਦਾ ਪੁੱਛਣਾ ਹੈ।
ਜੋ ਲੋਕ ਪੀ ਡੀ ਐਸ ਦੁਕਾਨਾਂ ਤੋਂ ਰਾਸ਼ਨ ਖਰੀਦ ਸਕਦੇ ਹਨ ਉਨ੍ਹਾਂ ਨੂੰ ਵੀ ਪੂਰੀ ਮਾਤਰਾ ਨਹੀਂ ਮਿਲਦੀ। “ਸਾਡਾ ਪਰਿਵਾਰ ਚਾਰ ਜਣਿਆਂ ਦਾ ਹੈ ਅਤੇ ਸਾਨੂੰ 5 ਕਿਲੋ ਕਣਕ ਤੇ 4 ਕਿਲੋ ਚੌਲ ਮਿਲਦੇ ਹਨ ਜੋ ਸਾਡੇ ਲਈ ਕਾਫ਼ੀ ਨਹੀਂ ਹੈ। ਸਾਨੂੰ ਹਰ ਮਹੀਨੇ 10 ਕਿਲੋ ਕਣਕ ਤੇ 10 ਕਿਲੋ ਚੌਲ ਮਿਲਣੇ ਚਾਹੀਦੇ ਹਨ। ਰਾਸ਼ਨ ਪੂਰਾ ਨਾ ਪੈਣ ਕਾਰਨ ਸਾਨੂੰ ਵੱਧ ਰੇਟ ਤੇ ਬਜਾਰੋਂ ਰਾਸ਼ਨ ਖਰੀਦਣਾ ਪੈਂਦਾ ਹੈ,” ਲਕਸ਼ਮੀ ਭੰਡਾਰੇ ਦਾ ਕਹਿਣਾ ਹੈ।
ਯੋਗੇਸ਼ ਪਟੋਲੇ, ਜਿਨ੍ਹਾਂ ਦੀ ਸ਼ਾਸਤਰੀ ਨਗਰ ਵਿੱਚ ਰਾਸ਼ਨ ਦੀ ਦੁਕਾਨ ਹੈ, ਦਾ ਕਹਿਣਾ ਹੈ, “ਇਸ ਵਕਤ ਮੈਂ ਰਾਸ਼ਨ ਕਾਰਡ ਧਾਰਕਾਂ ਨੂੰ 3 ਕਿਲੋ ਕਣਕ ਤੇ 2 ਕਿਲੋ ਚੌਲ ਪ੍ਰਤੀ ਵਿਅਕਤੀ ਦੇ ਰਿਹਾ ਹਾਂ। ਜੋ ਰਾਸ਼ਨ ਤਿਨ ਮਹੀਨਿਆਂ ਲਈ ਮੁਫ਼ਤ ਦਿੱਤਾ ਜਾਣਾ ਸੀ ਉਹ ਹਾਲੇ ਤੱਕ ਸਾਨੂੰ ਮਿਲਿਆ ਹੀ ਨਹੀਂ”। ਸਥਾਨਕ ਮਿਊਂਸੀਪਲ ਕਾਰਪੋਰੇਟਰ ਵੱਲੋਂ 10 ਅਪ੍ਰੈਲ ਤੱਕ ਮੁਫ਼ਤ ਰਾਸ਼ਨ ਵੰਡਣ ਦੇ ਫੋਨ ਤੇ ਭੇਜੇ ਗਏ ਮੈਸੇਜ ਤੋਂ ਲਕਸ਼ਮੀ ਨਗਰ ਨਿਵਾਸੀ ਸੰਤੁਸ਼ਟ ਨਹੀਂ ਹਨ। “ਤਦ ਤੱਕ ਲੋਕ ਕਿਵੇਂ ਗੁਜ਼ਰ ਕਰਨਗੇ? ਕੀ ਸਾਡੇ ਫੋਨ ਵਿੱਚ ਤਦ ਤੱਕ ਪੈਸੇ ਵੀ ਹੋਣਗੇ?,” ਇੱਕ ਨੇ ਮੈਸੇਜ ਦਿਖਾਉਂਦਿਆ ਪੁੱਛਿਆ।
ਉਨ੍ਹਾਂ ਦੇ ਘਰ ਬਹੁਤ ਛੋਟੇ ਤੇ ਭੀੜੇ ਹਨ, ਅਤੇ ਰਾਸ਼ਨ ਸੰਭਾਲ ਕੇ ਰੱਖਣ ਲਈ ਵੀ ਕੋਈ ਥਾਂ ਨਹੀਂ ਹੈ। ਕਈਆਂ ਕੋਲ ਤਾਂ ਢੰਗ ਦੀ ਰਸੋਈ ਤੱਕ ਨਹੀਂ ਹੈ
ਲਕਸ਼ਮੀ ਨਗਰ ਦੇ ਨਾਲ ਲੱਗਦੀ ਲੋਕਮਾਨਯਾ ਕਲੋਨੀ ਵਿੱਚ ਰਹਿੰਦੇ 810 ਪਰਿਵਾਰ ਵਿੱਚੋਂ 200 ਦਾ ਕਹਿਣਾ ਹੈ ਕਿ ਰਾਸ਼ਨ ਕਾਰਡ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲਦਾ। ਕਲੋਨੀ ਦੇ 3000 ਵਸਨੀਕਾਂ ਵਿੱਚੋਂ ਜਿਆਦਾਤਰ ਲੋਕ ਸਫਾਈ ਕਰਮਚਾਰੀ, ਕਬਾੜ ਇਕੱਠਾ ਕਰ ਕੇ, ਦਿਹਾੜੀ ਕਰ ਕੇ, ਉਸਾਰੀ ਦਾ, ਘਰਾਂ ਵਿੱਚ ਕੰਮ ਕਰ ਕੇ ਜਾਂ ਸਕਿਊਰਿਟੀ ਗਾਰਡ ਦਾ ਕੰਮ ਕਰ ਕੇ ਗੁਜ਼ਰ ਬਸਰ ਕਰਦੇ ਹਨ।
ਉਨ੍ਹਾਂ ਦੇ ਘਰ ਬਹੁਤ ਛੋਟੇ ਤੇ ਭੀੜੇ ਹਨ, ਅਤੇ ਰਾਸ਼ਨ ਜਮਾਂ ਕਰਨ ਲਈ ਕੋਈ ਥਾਂ ਨਹੀਂ। ਕਈਆਂ ਦੇ ਘਰ ਵਿੱਚ ਰਸੋਈ ਤੱਕ ਨਹੀਂ ਇਸ ਲਈ ਉਹ ਰੈਸਟੋਰੈਂਟਾਂ ਤੋਂ ਬਚੇ ਖੁਚੇ ਖਾਣੇ, ਅਤੇ ਮੁਹੱਲੇ ਦੇ ਲੋਕਾਂ ਵੱਲੋਂ ਦਿੱਤੇ ਗਏ ਖਾਣੇ ਤੇ ਨਿਰਭਰ ਹਨ। ਜੋ ਰੋਜ਼ਾਨਾ ਕੰਮ ਲਈ ਘਰੋਂ ਬਾਹਰ ਜਾਂਦੇ ਹਨ, ਉਹ ਵਾਪਿਸ ਆ ਕੇ ਆਪਣੇ ਘਰ ਦੇ ਬਾਹਰ ਬੈਠ ਜਾਂਦੇ ਹਨ। ਇਨ੍ਹਾਂ ਲੋਕਾਂ ਲਈ ਮਾਸਕ ਵੀ ਇੱਕ ਪਹੁੰਚ ਤੋਂ ਬਾਹਰ ਦੀ ਚੀਜ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਜੋ ਪੁਣੇ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਠੇਕੇ ਤੇ ਕੰਮ ਕਰਦੇ ਹਨ, ਨੂੰ ਇੱਕ ਗੈਰ ਸਰਕਾਰੀ ਸੰਸਥਾ ਨੇ ਮਾਸਕ ਦਿੱਤੇ ਸਨ ਜਿਨ੍ਹਾਂ ਨੂੰ ਉਹ ਧੋ ਧੋ ਕੇ ਵਰਤਦੇ ਰਹਿੰਦੇ ਹਨ।
ਵੈਜਨਾਥ ਗਾਇਕਵਾੜ ਦੱਸਦੇ ਹਨ ਕਿ ਵਰਜੇ, ਤਿਲਕ ਰੋਡ ਅਤੇ ਹਦਸਪੁਰ ਇਲਾਕੇ ਦੇ ਤਕਰੀਬਨ 1000 ਪੀ ਐਮ ਸੀ ਕਾਮਿਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਵੈਜਨਾਥ ਨਗਰ ਕਾਰਪੋਰੇਸ਼ਨ ਵਿੱਚ ਮੁਕੱਦਮ (ਸੁਪਰਵਾਈਜ਼ਰ) ਹਨ ਅਤੇ ਮਹਾਪਾਲਿਕਾ ਕਾਮਗਰ ਯੂਨੀਅਨ ਦੇ ਮੈਂਬਰ ਹਨ। ਨਾਲ ਹੀ ਕਹਿੰਦੇ ਹਨ ਕਿ ਹੁਣ ਤਨਖਾਹ ਮਿਲਣਾ ਹੋਰ ਵੀ ਮੁਸ਼ਕਿਲ ਲੱਗ ਰਿਹਾ ਹੈ।
ਪੀ ਐਮ ਸੀ ਦੇ ਸਿਹਤ ਅਤੇ ਸਫਾਈ ਵਿਭਾਗ ਵਿੱਚ ਠੇਕੇ ਤੇ ਕੰਮ ਕਰਦੇ ਇੱਕ ਕਰਮਚਾਰੀ, ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਆਪਣੇ ਪਰਿਵਾਰ ਦੀ ਰਸੋਈ ਵਿੱਚ ਖਾਲੀ ਭਾਂਡੇ ਦਿਖਾਏ (ਵੀਡਿਉ ਦੇਖੋ)। “ ਸਾਡੀ ਸਾਰੀ ਜਮਾਂ ਪੂੰਜੀ ਖਰਚ ਹੋ ਚੁੱਕੀ ਹੈ ਅਤੇ ਜੇ ਮਿਊਂਸੀਪਲ ਕਾਰਪੋਰੇਸ਼ਨ ਸਾਡਾ ਬਕਾਇਆ ਅਦਾ ਨਹੀਂ ਕਰਦੀ ਤਾਂ ਹਾਲਾਤ ਹੋਰ ਮੁਸ਼ਕਿਲ ਹੋ ਜਾਣਗੇ,” ਉਹ ਕਹਿੰਦੇ ਹਨ। “ਅਸੀਂ ਜਬਰਨ ਘਰੇ ਬੈਠੇ ਬੈਠੇ ਹੀ ਭੁੱਖੇ ਮਰ ਜਾਵਾਂਗੇ।”
ਤਰਜਮਾ: ਨਵਨੀਤ ਕੌਰ ਧਾਲੀਵਾਲ