ਮਾਨਸੂਨ ਖਤਮ ਹੋਣ ਤੋਂ ਬਾਅਦ ਇੱਕ ਸਾਲ ਵਿੱਚ ਲਗਭਗ ਛੇ ਮਹੀਨੇ, ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਕਿਸਾਨ ਗੰਨੇ ਦੀ ਕਟਾਈ ਦੇ ਕੰਮ ਦੀ ਭਾਲ਼ ਵਿੱਚ ਘਰੋਂ ਬਾਹਰ ਨਿਕਲ਼ਦੇ ਹਨ। "ਮੇਰੇ ਪਿਤਾ ਨੇ ਇਹ ਕੰਮ ਕੀਤਾ, ਹੁਣ ਮੈਂ ਕਰ ਰਿਹਾ ਹਾਂ ਤੇ ਕੱਲ੍ਹ ਨੂੰ ਮੇਰੇ ਬੇਟੇ ਨੂੰ ਵੀ ਇਹ ਕਰਨਾ ਪਵੇਗਾ," ਅਸ਼ੋਕ ਰਾਠੌੜ ਕਹਿੰਦੇ ਹਨ, ਅਡਗਾਓਂ ਦੇ ਵਾਸੀ ਅਸ਼ੋਕ ਇਸ ਸਮੇਂ ਔਰੰਗਾਬਾਦ ਵਿੱਚ ਰਹਿੰਦੇ ਹਨ। ਉਹ ਬੰਜਾਰਾ ਭਾਈਚਾਰੇ ਨਾਲ਼ ਸਬੰਧਤ ਹਨ (ਜੋ ਰਾਜ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਅਧੀਨ ਸੂਚੀਬੱਧ ਹੈ)। ਖੇਤਰ ਦੀ ਗੰਨਾ ਕੱਟਣ ਵਾਲ਼ੀ ਬਹੁਤੇਰੀ ਅਬਾਦੀ ਅਜਿਹੇ ਹੀ ਹਾਸ਼ੀਆਗਤ ਸਮੂਹਾਂ ਨਾਲ਼ ਸਬੰਧਤ ਹੈ।
ਇਹ ਲੋਕ ਅਸਥਾਈ ਤੌਰ 'ਤੇ ਪਰਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਕੰਮ ਨਹੀਂ ਮਿਲ਼ਦਾ। ਜਦੋਂ ਪੂਰਾ ਪਰਿਵਾਰ ਪ੍ਰਵਾਸ ਕਰਦਾ ਹੈ ਤਾਂ ਬੱਚਿਆਂ ਨੂੰ ਵੀ ਉਨ੍ਹਾਂ ਦੇ ਨਾਲ਼ ਹੀ ਪ੍ਰਵਾਸ ਕਰਨਾ ਪੈਂਦਾ ਹੈ। ਅਜਿਹੇ ਮਾਮਲਿਆਂ ਵਿੱਚ ਉਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ।
ਮਹਾਰਾਸ਼ਟਰ ਵਿੱਚ ਖੰਡ ਅਤੇ ਰਾਜਨੀਤੀ ਦਾ ਨੇੜਲਾ ਸਬੰਧ ਹੈ। ਲਗਭਗ ਹਰੇਕ ਖੰਡ ਮਿੱਲ ਦਾ ਮਾਲਕ ਸਿੱਧੇ ਤੌਰ 'ਤੇ ਰਾਜਨੀਤੀ ਵਿੱਚ ਸ਼ਾਮਲ ਹੈ, ਉਹ ਵੀ ਆਪਣੀਆਂ ਮਿੱਲਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੋਟ ਬੈਂਕ ਵਜੋਂ ਵਰਤ ਕੇ, ਉਹ ਮਜ਼ਦੂਰ ਜੋ ਆਪਣੀ ਰੋਜ਼ੀ-ਰੋਟੀ ਲਈ ਉਨ੍ਹਾਂ 'ਤੇ ਨਿਰਭਰ ਕਰਦੇ ਹਨ।
"ਉਹ ਨਾ ਸਿਰਫ਼ ਫੈਕਟਰੀਆਂ ਦੇ ਮਾਲਕ ਹਨ ਸਗੋਂ ਸਰਕਾਰ ਵੀ ਉਹੀ ਚਲਾਉਂਦੇ ਹਨ, ਸਭ ਕੁਝ ਉਨ੍ਹਾਂ ਦੇ ਹੱਥ ਵਿੱਚ ਹੈ," ਅਸ਼ੋਕ ਕਹਿੰਦੇ ਹਨ।
ਪਰ ਮਜ਼ਦੂਰਾਂ ਦੇ ਰਹਿਣ-ਸਹਿਣ ਦੀਆਂ ਹਾਲਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। "ਉਹ ਚਾਹੁੰਣ ਤਾਂ ਹਸਪਤਾਲ ਬਣਵਾ ਸਕਦੇ ਹਨ [...] ਮਜ਼ਦੂਰਾਂ ਨੂੰ ਅੱਧਾ ਸੀਜ਼ਨ ਤਾਂ ਵਿਹਲੇ ਹੀ ਰਹਿਣਾ ਪੈਂਦਾ ਹੈ, ਉਸਾਰੀ ਦੇ ਕੰਮ ਵਿੱਚ ਉਹ 500 ਲੋਕਾਂ ਨੂੰ ਰੁਜ਼ਗਾਰ ਦੇ ਸਕਦੇ ਹਨ[...] ਪਰ ਨਹੀਂ। ਉਹ ਇੰਝ ਨਹੀਂ ਕਰਨ ਲੱਗੇ," ਉਹ ਕਹਿੰਦੇ ਹਨ।
ਇਹ ਫ਼ਿਲਮ ਸਾਨੂੰ ਕਹਾਣੀ ਦੱਸਦੀ ਹੈ ਕਿਸਾਨਾਂ ਦੀ ਅਤੇ ਉਹਨਾਂ ਖੇਤ ਮਜ਼ਦੂਰਾਂ ਦੀ ਜੋ ਗੰਨਾ ਕੱਟਣ ਲਈ ਪ੍ਰਵਾਸ ਕਰਦੇ ਹਨ, ਇਹ ਫ਼ਿਲਮ ਸਾਨੂੰ ਇਹਨਾਂ ਪ੍ਰਵਾਸੀਆਂ ਦਰਪੇਸ਼ ਚੁਣੌਤੀਆਂ ਨਾਲ਼ ਵੀ ਰੂਬਰੂ ਕਰਾਉਂਦੀ ਹੈ।
ਫਿਲਮ ਦਾ ਨਿਰਮਾਣ ਐਡਿਨਬਰਗ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਗਲੋਬਲ ਚੈਲੇਂਜ ਰਿਸਰਚ ਫੰਡ ਗ੍ਰਾਂਟ ਦੀ ਮਦਦ ਨਾਲ਼ ਕੀਤਾ ਗਿਆ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ