''ਮੈਂ ਕਰੀਬ 450 ਪੰਛੀਆਂ ਦੀਆਂ ਅਵਾਜਾਂ ਪਛਾਣ ਸਕਦਾ ਹਾਂ।''
ਮੀਕਾਹ ਰਾਏ ਨੂੰ ਇਹ ਰੱਬੀ ਬਖ਼ਸ਼ ਹੈ। ਜੰਗਲੀ ਜੀਵਾਂ ਦੇ ਫ਼ੋਟੋਗ੍ਰਾਫ਼ਰ ਹੋਣ ਦੇ ਨਾਤੇ ਮੀਕਾਹ ਦਾ ਪੰਛੀਆਂ ਤੇ ਜਾਨਵਰਾਂ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਘੰਟਿਆਂ-ਬੱਧੀ ਉਡੀਕਣਾ ਸਬਰ ਦੀ ਮੰਗ ਕਰਦਾ ਹੈ ਪਰ ਜੇਕਰ ਪੰਛੀਆਂ ਦੀ ਅਵਾਜ਼ ਦੀ ਪਛਾਣ ਹੋਵੇ ਤਾਂ ਕੰਮ ਥੋੜ੍ਹਾ ਸੌਖਾ ਜ਼ਰੂਰ ਹੋ ਜਾਂਦਾ ਹੈ।
ਖੰਭਾਂ ਵਾਲ਼ੇ ਜੀਵਾਂ ਤੋਂ ਲੈ ਕੇ ਸਮੂਰ ਵਾਲ਼ੇ ਜੀਵਾਂ ਨੂੰ ਮਿਲ਼ਾ ਕੇ ਮੀਕਾਹ ਨੇ ਬੀਤੇ ਸਾਲਾਂ ਵਿੱਚ 300 ਦੇ ਕਰੀਬ ਤਸਵੀਰਾਂ ਖਿੱਚੀਆਂ ਹਨ। ਉਨ੍ਹਾਂ ਦੇ ਚੇਤਿਆਂ ਵਿੱਚ ਸਭ ਤੋਂ ਮੁਸ਼ਕਲ ਤਿੱਤਰ ਪਰਿਵਾਰ ਦੀ ਇੱਕ ਪ੍ਰਜਾਤੀ- ਬਲਾਇਥਸ ਟ੍ਰਾਗੋਪਨ (ਟ੍ਰਾਗੋਪਨ ਬਲਾਇਥੀ) ਦੀ ਤਸਵੀਰ ਲੈਣ ਵਿੱਚ ਆਈ ਸੀ, ਜਿਹਦਾ ਦਿੱਸਣਾ ਆਪਣੇ-ਆਪ ਵਿੱਚ ਕਾਫੀ ਦੁਰਲਭ ਘੜੀ ਮੰਨੀ ਜਾਂਦੀ ਹੈ।
ਗੱਲ ਅਕਤੂਬਰ 2020 ਦੀ ਹੈ ਜਦੋਂ ਮੀਕਾਹ ਆਪਣੇ ਸਿਗਮਾ 150mm-600mm ਟੈਲੀਫ਼ੋਟੋ ਜ਼ੂਮ ਲੈਂਜ ਕੈਮਰੇ ਨਾਲ਼ ਜੰਗਲ ਅੰਦਰ ਜਾਂਦੇ ਹਨ। ਇਸ ਬਹੁਤ ਹੀ ਵਧੀਆ ਲੈਂਜ ਦੀ ਸਹਾਇਤਾ ਨਾਲ਼ ਉਨ੍ਹਾਂ ਨੇ ਟ੍ਰਾਗੋਪਨ ਦੀ ਤਸਵੀਰ ਲੈਣ ਦਾ ਫ਼ੈਸਲਾ ਕੀਤਾ। ਉਹ ਤਿੱਤਰ ਦੀਆਂ ਅਵਾਜ਼ਾਂ ਦੀ ਪਿੱਛਾ ਕਰਦੇ ਬੇਚੈਨ ਕਦਮਾਂ ਨਾਲ਼ ਭਾਲ਼ ਕਰਦੇ ਰਹੇ। '' ਕਾਫੀ ਦਿਨ ਸੇ ਅਵਾਜ਼ ਤੋ ਸੁਣਾਈ ਦੇ ਰਹਾ ਥਾ। '' ਦਿਨ ਮਹੀਨਿਆਂ ਵਿੱਚ ਬੀਤ ਗਏ, ਪਰ ਮੀਕਾਹ ਇੱਕ ਵੀ ਤਸਵੀਰ ਨਾਲ਼ ਖਿੱਚ ਸਕੇ।
ਮਈ 2021 ਨੂੰ ਉਡੀਕ ਦੀ ਘੜੀ ਉਦੋਂ ਮੁੱਕੀ ਜਦੋਂ ਮੀਕਾਹ ਨੂੰ ਅਰੁਣਾਚਲ ਪ੍ਰਦੇਸ਼ ਦੇ ਈਗਲਨੈੱਸਟ ਵਾਈਡਲਾਈਫ਼ ਸੈਂਚੁਰੀ ਦੇ ਅੰਦਰੋਂ ਕਿਤੋਂ ਬਲਾਇਥਸ ਟ੍ਰਾਗੋਪਨ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ, ਇਹੀ ਉਹ ਸਮਾਂ ਸੀ ਜਦੋਂ ਇਹ ਜੀਵ ਸਪੱਸ਼ਟ ਦਿਖਾਈ ਦਿੱਤਾ। ਮੀਕਾਹ ਆਪਣੇ ਨਿਕੋਨ D7200 ਕੈਮਰੇ ਦਾ 150mm-600mm ਟੈਲੀਫ਼ੋਟੋ ਜ਼ੂਮ ਲੈਂਜ ਨੂੰ ਸੈੱਟ ਕਰਦਿਆਂ ਆਪਣੀ ਪੁਜੀਸ਼ਨ ਸੰਭਾਲ਼ੀ। ਪਰ ਹੜਬੜੀ ਵਿੱਚ ਉਨ੍ਹਾਂ ਨੇ ਹੱਥ-ਪੈਰ ਜਿਵੇਂ ਫੁੱਲਣ ਲੱਗੇ। ''ਤਸਵੀਰ ਧੁੰਦਲੀ ਆਈ ਜਿਸਦਾ ਕੋਈ ਫ਼ਾਇਦਾ ਨਾ ਹੋਇਆ,'' ਉਹ ਚੇਤੇ ਕਰਦੇ ਹਨ।
ਦੋ ਸਾਲ ਬਾਅਦ, ਵੈਸਟ ਕਾਮੇਂਗ ਦੇ ਬੋਂਪੂ ਕੈਂਪ ਨੇੜੇ, ਗੂੜ੍ਹਾ ਜਰ ਰੰਗਾ ਪੰਛੀ ਜਿਹਦੀ ਪਿੱਠ ਤੇ ਚਿੱਟੇ-ਚਿੱਟੇ ਟਿਮਕਣੇ ਸਨ, ਪੱਤਿਆਂ ਦੇ ਮਗਰ ਨਜ਼ਰੀਂ ਪਿਆ। ਉਹ ਘੜੀ ਮੀਕਾਹ ਗੁਆ ਹੀ ਕਿਵੇਂ ਸਕਦੇ ਸਨ। 30-40 ਤਸਵੀਰਾਂ ਵਿੱਚ ਉਹ ਜਿਵੇਂ-ਕਿਵੇਂ 1-2 ਚੰਗੀਆਂ ਤਸਵੀਰਾਂ ਲੈਣ ਵਿੱਚ ਕਾਮਯਾਬ ਹੋ ਹੀ ਗਏ। ਇਹ ਤਸਵੀਰ ਪਹਿਲੀ ਵਾਰ ਪਾਰੀ ਦੀ ਸਟੋਰੀ , ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ ਵਿੱਚ ਛਪੀ ਸੀ।
ਦਰਅਸਲ ਮੀਕਾਹ ਉਸ ਸਥਾਨਕ ਟੀਮ ਦਾ ਹਿੱਸਾ ਹਨ ਜੋ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (IISc), ਬੰਗਲੁਰੂ ਦੇ ਵਿਗਿਆਨਕਾਂ ਦੀ ਸਹਾਇਤਾ ਕਰਦੀ ਹੈ, ਵਿਗਿਆਨੀ ਜੋ ਅਰੁਣਾਚਲ ਪ੍ਰਦੇਸ਼ ਦੇ ਵੈਸਟ ਕਾਮੇਗ ਜ਼ਿਲ੍ਹੇ ਦੇ ਹਿਮਾਲਿਅਨ ਪਹਾੜੀਆਂ ਵਿੱਚ ਰਹਿੰਦੇ ਪੰਛੀਆਂ 'ਤੇ ਜਲਵਾਯੂ ਤਬਦੀਲੀ ਨਾਲ਼ ਪੈਣ ਵਾਲ਼ੇ ਪ੍ਰਭਾਵਾਂ ਦਾ ਅਧਿਐਨ ਕਰਦੇ ਹਨ।
''ਮੀਕਾਹ ਜਿਹੇ ਲੋਕ ਹੀ ਸਾਡੇ ਕੰਮ ਦੀ ਰੀੜ੍ਹ ਹਨ ਜੋ ਕੰਮ ਅਸੀਂ ਈਗਲਨੈੱਸਟ ਵਿਖੇ ਕਰਦੇ ਹਾਂ। ਇਸ ਖਿੱਤੇ ਵਿੱਚ ਕੰਮ ਕਰਨਾ ਤੇ ਹਰ ਕਿਸਮ ਦਾ ਡਾਟਾ ਇਕੱਤਰ ਕਰਨਾ ਸੱਚਿਓ ਅਸੰਭਵ (ਉਨ੍ਹਾਂ ਬਗੈਰ) ਹੁੰਦਾ,'' ਪੰਛੀ ਵਿਗਿਆਨ ਡਾ. ਉਮੇਸ਼ ਸ਼੍ਰੀਨਿਵਾਸਨ ਕਹਿੰਦੇ ਹਨ।
ਪੰਛੀਆਂ ਨੂੰ ਲੈ ਕੇ ਮੀਕਾਹ ਦਾ ਪ੍ਰੇਮ ਹਰ ਵਿਗਿਆਨਕ ਲੀਹ ਨੂੰ ਪਾਰ ਕਰ ਜਾਂਦਾ ਹੈ। ਉਹ ਬਲੈਸਿੰਗ ਬਰਡ ਬਾਰੇ ਇੱਕ ਨੇਪਾਲੀ ਕਹਾਣੀ ਸੁਣਾਉਂਦੇ ਹਨ। ''ਜੰਗਲ ਵਿੱਚ ਰਹਿੰਦਿਆਂ ਇੱਕ ਆਦਮੀ ਆਪਣੀ ਮਤਰੇਈ ਮਾਂ ਦੀ ਬੇਰਹਿਮੀ ਹੱਥੋਂ ਪਰੇਸ਼ਾਨ ਹੋ ਜੰਗਲੀ ਕੇਲਿਆਂ ਦੇ ਬੂਟਿਆਂ ਵਿੱਚ ਠਾਰ੍ਹ ਲੈਂਦਾ ਹੈ ਤੇ ਆਪਣਾ ਢਿੱਡ ਭਰਦਾ ਹੈ। ਅਚਾਨਕ ਉਹ ਪੰਛੀ ਬਣ ਜਾਂਦਾ ਹੈ। ਇਹ ਰਾਤਰੀ ਰੰਗੀਨ ਜੀਵ ਨੇਪਾਲੀ ਪਰੰਪਰਾ ਵਿੱਚ ਮਨੁੱਖਾਂ ਅਤੇ ਕੁਦਰਤੀ ਸੰਸਾਰ ਦੇ ਵਿਚਕਾਰ ਸਥਾਈ ਅਤੇ ਰਹੱਸਮਈ ਬੰਧਨ ਦਾ ਪ੍ਰਤੀਕ ਹੈ।'' ਮੀਕਾਹ ਖ਼ੁਲਾਸਾ ਕਰਦਿਆਂ ਦੱਸਦੇ ਹਨ ਕਿ ਇਹ ਪੰਛੀ ਹੋਰ ਕੋਈ ਨਹੀਂ ਦਰਅਸਲ ਮਾਊਂਟੇਨ ਸਕੂਪਸ ਆਊਲ (ਪਹਾੜੀ ਸਕੂਪ ਉੱਲੂ) ਹੈ, ਜਿਹਨੂੰ ਕੁਝ ਲੋਕ ਬਲੈਸਿੰਗ ਬਰਡ ਦਾ ਅਵਤਾਰ ਮੰਨਦੇ ਹਨ। ਇਸ ਪੰਛੀ ਦੀ ਦੁਰਲਭਤਾ ਹੀ ਕਹਾਣੀ ਦਾ ਰਹੱਸਮਈ ਸਾਰ ਹੈ।
ਪੰਛੀਆਂ ਦਾ ਪਿੱਛਾ ਕਰਦਿਆਂ ਮੀਕਾਹ ਤੇ ਹੋਰਨਾਂ ਦਾ ਟਾਕਰਾ ਕਈ ਤਰ੍ਹਾਂ ਦੇ ਡੰਗਰਾਂ ਨਾਲ਼ ਵੀ ਹੋ ਜਾਂਦਾ ਹੈ, ਖ਼ਾਸ ਕਰਕੇ ਦੁਨੀਆ ਦੇ ਸਭ ਤੋਂ ਵੱਡੇ, ਲੰਬੇ ਤੇ ਭਾਰੇ ਜੰਗਲੀ ਸਾਂਡ (ਬੋਸ ਗਾਊਰਸ) ਨਾਲ਼ ਜਿਹਨੂੰ ਇੰਡੀਅਨ ਬਾਈਸਨ ਵੀ ਕਹਿੰਦੇ ਹਨ।
ਰਾਤ ਭਰ ਮੀਂਹ ਪੈਣ ਤੋਂ ਬਾਅਦ ਮੀਕਾਹ ਤੇ ਦੋ ਦੋਸਤ ਸੜਕ ਤੋਂ ਮਲ਼ਬਾ ਸਾਫ਼ ਕਰਨ ਆਏ ਸਨ। ਤਿੰਨਾਂ ਦੋਸਤਾਂ ਨੇ ਦੇਖਿਆ ਮਹਿਜ 20 ਮੀਟਰ ਦੂਰ ਇੱਕ ਬਾਈਸਨ ਖੜ੍ਹਾ ਸੀ। ''ਮੈਂ ਚੀਕਿਆ ਤੇ ਮਿਥੁਨ (ਸਾਂਡ) ਪੂਰੀ ਰਫ਼ਤਾਰ ਨਾਲ਼ ਸਾਡੇ ਵੱਲ ਵਧਣ ਲੱਗਾ!'' ਮੀਕਾਹ ਦਾ ਹਾਸਾ ਨਹੀਂ ਰੁੱਕਦਾ ਜਿਓਂ ਹੀ ਉਨ੍ਹਾਂ ਨੂੰ ਆਪਣੇ ਉਸ ਦੋਸਤ ਦੀ ਯਾਦ ਆਉਂਦੀ ਹੈ ਜੋ ਸਾਂਡ ਨੂੰ ਦੇਖ ਹੱਥ-ਪੈਰ ਮਾਰਦਾ ਹੋਇਆ ਰੁੱਖ 'ਤੇ ਚੜ੍ਹਨ ਲੱਗਿਆ; ਉਹ ਤੇ ਉਨ੍ਹਾਂ ਦਾ ਦੂਜਾ ਦੋਸਤ ਜਿਵੇਂ ਕਿਵੇਂ ਜਾਨ ਬਚਾ ਨਿਕਲ਼ ਗਏ।
ਮੀਕਾਹ ਦੱਸਦੇ ਹਨ ਕਿ ਈਗਲਨੈੱਸਟ ਦੇ ਜੰਗਲ ਵਿੱਚ ਇੱਕ ਬਿੱਲੀ ਹੈ ਜੋ ਉਨ੍ਹਾਂ ਨੂੰ ਬੜੀ ਪਸੰਦ ਹੈ ਜਿਹਨੂੰ ਏਸ਼ੀਅਨ ਗੋਲਡਨ ਕੈਟ (ਕਾਡੋਪੂਮਾ ਤਿੱਮੀਨਕੀ) ਕਿਹਾ ਜਾਂਦਾ ਹੈ। ਅਚਾਨਕ ਇਹ ਬਿੱਲੀ ਮੀਕਾਹ ਨੂੰ ਦਿੱਸੀ ਜਦੋਂ ਉਹ ਬੋਂਪੂ ਕੈਂਪ ਵਾਪਸ ਜਾ ਰਹੇ ਸਨ। ''ਮੈਂ ਆਪਣਾ ਕੈਮਰਾ (ਨਿਕੋਨ D7200) ਸੈੱਟ ਕੀਤਾ ਤੇ ਫ਼ੋਟੋ ਖਿੱਚ ਲਈ,'' ਉਹ ਖੁਸ਼ੀ-ਖ਼ੁਸ਼ੀ ਦੱਸਦੇ ਹਨ,''ਪਰ ਉਹ ਦੋਬਾਰਾ ਕਦੇ ਨਾ ਦਿੱਸੀ।''
*****
ਮੀਕਾਹ ਦਾ ਜਨਮ ਵੈਸਟ ਕਾਮੇਂਗ ਦੇ ਦਿਰਾਂਗ ਵਿਖੇ ਹੋਇਆ ਤੇ ਉਹ ਪਰਿਵਾਰ ਦੇ ਨਾਲ਼ ਰਾਮਾਲਿੰਗਮ ਪਿੰਡ (ਉਸੇ ਜ਼ਿਲ੍ਹੇ ਵਿੱਚ) ਰਹਿਣ ਚਲੇ ਗਏ। ''ਹਰ ਕੋਈ ਮੈਨੂੰ ਮੀਕਾਹ ਰਾਏ ਕਹਿੰਦਾ। ਇੰਸਟਾਗ੍ਰਾਮ ਤੇ ਫੇਸਬੁੱਕ 'ਤੇ ਵੀ ਮੇਰੀ ਆਈਡੀ ਮੀਕਾਹ ਰਾਏ ਹੀ ਹੈ। ਦਸਤਾਵੇਜ਼ਾਂ ਵਿੱਚ 'ਸ਼ੰਭੂ ਰਾਏ' ਹੈ,'' 29 ਸਾਲਾ ਨੌਜਵਾਨ ਕਹਿੰਦਾ ਹੈ ਜਿਹਨੇ 5ਵੀਂ ਵਿੱਚ ਸਕੂਲ ਛੱਡ ਦਿੱਤਾ ਕਿਉਂਕਿ, ''ਪੈਸੇ ਦੀ ਤੰਗੀ ਕਾਰਨ ਬਾਕੀ, ਉਨ੍ਹਾਂ ਦੇ ਛੋਟੇ ਭੈਣ-ਭਰਾਵਾਂ ਨੇ ਵੀ ਪੜ੍ਹਨਾ ਸੀ।''
ਅਗਲੇ ਕੁਝ ਵਰ੍ਹੇ ਸਖ਼ਤ ਮਿਹਨਤ ਵਿੱਚ ਲੰਘਦੇ ਚਲੇ ਗਏ, ਜਿਸ ਵਿੱਚ ਦਿਰਾਂਗ ਵਿਖੇ ਸੜਕ ਨਿਰਮਾਣ ਅਤੇ ਈਗਲੇਨੈੱਸਟ ਸੈਂਚੂਰੀ ਦੇ ਬੋਂਪੂ ਕੈਂਪ ਵਿੱਚ ਰਸੋਈ ਦੇ ਸਟਾਫ ਵਜੋਂ ਕੰਮ ਕਰਨਾ ਅਤੇ ਲਿੰਗਚੁੰਗ ਬੁਗੁਨ ਵਿਲੇਜ ਕਮਿਊਨਿਟੀ ਰਿਜ਼ਰਵ (ਐੱਸਬੀਵੀਸੀਆਰ) ਵਿੱਚ ਲਾਮਾ ਕੈਂਪ ਵਿੱਚ ਕੰਮ ਕਰਨਾ ਵੀ ਸ਼ਾਮਲ ਰਿਹਾ।
ਗਭਰੇਟ ਉਮਰੇ ਮੀਕਾਹ ਅਖੀਰ ਰਾਮਾਲਿੰਗਮ ਪਰਤ ਆਏ। ''ਮੈਂ ਮਾਪਿਆਂ ਨਾਲ਼ ਰਹਿੰਦਾ ਤੇ ਖੇਤਾਂ ਵਿੱਚ ਉਨ੍ਹਾਂ ਦੀ ਮਦਦ ਕਰਿਆ ਕਰਦਾ।'' ਉਨ੍ਹਾਂ ਦਾ ਪਰਿਵਾਰ ਨੇਪਾਲੀ ਮੂਲ਼ ਦਾ ਹੈ ਤੇ ਬੁਗੁਨ ਭਾਈਚਾਰੇ ਕੋਲ਼ੋਂ 4-5 ਬਿਘਾ ਜ਼ਮੀਨ ਪਟੇ 'ਤੇ ਲੈ ਬੰਦਗੋਭੀ ਤੇ ਆਲੂਆਂ ਦੀ ਕਾਸ਼ਤ ਕਰਦਾ ਹੈ। ਪੈਦਾਵਾਰ ਨੂੰ ਵੇਚਣ ਲਈ ਉਹ ਇੱਥੋਂ 4 ਘੰਟੇ ਦੂਰ ਅਸਾਮ ਦੇ ਤੇਜ਼ਪੁਰ ਜਾਂਦੇ ਹਨ।
ਜਦੋਂ ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਦੇ ਸੈਂਟਰ ਫਾਰ ਇਕੋਲੋਜੀਕਲ ਸਾਇੰਸਜ਼ ਵਿੱਚ ਪੰਛੀ ਵਿਗਿਆਨੀ ਅਤੇ ਵਾਤਾਵਰਣ ਦੇ ਸਹਾਇਕ ਪ੍ਰੋਫੈਸਰ, ਡਾ ਉਮੇਸ਼ ਸ਼੍ਰੀਨਿਵਾਸਨ ਪੰਛੀਆਂ 'ਤੇ ਪੈਣ ਵਾਲ਼ੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਰਾਮਲਿੰਗਮ ਆਏ, ਤਾਂ ਉਨ੍ਹਾਂ ਨੇ 2-3 ਨੌਜਵਾਨ ਮੁੰਡਿਆਂ ਨੂੰ ਫੀਲਡ ਸਟਾਫ ਵਜੋਂ ਕੰਮ ਕਰਨ ਲਈ ਕਿਹਾ। ਮੀਕਾਹ ਲਈ ਇਹ ਟਿਕਾਊ ਕਮਾਈ ਦਾ ਵਧੀਆ ਮੌਕਾ ਸੀ। ਜਨਵਰੀ 2011 ਤੋਂ 16 ਸਾਲਾ ਮੀਕਾਹ ਨੇ ਸ਼੍ਰੀਨਿਵਾਸਨ ਟੀਮ ਲਈ ਬਤੌਰ ਫੀਲਡ ਸਟਾਫ਼ ਕੰਮ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਨੂੰ ਇਹ ਪ੍ਰਵਾਨ ਕਰਨ ਵਿੱਚ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਦੀ ਅਸਲੀ ਪੜ੍ਹਾਈ ਅਰੁਣਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ ਸ਼ੁਰੂ ਹੋਈ। ''ਮੈਂ ਵੈਸਟ ਕਾਮੇਂਗ ਵਿਖੇ ਵੱਸਦੇ ਪੰਛੀਆਂ ਦੀ ਅਵਾਜਾਂ ਸੌਖਿਆਂ ਹੀ ਪਛਾਣ ਲੈਂਦਾ ਹਾਂ,'' ਉਹ ਕਹਿੰਦੇ ਹਨ। ਉਨ੍ਹਾਂ ਦਾ ਪਸੰਦੀਦਾ ਪੰਛੀ ''ਸਿਕਮ ਵੇਜ-ਬਿਲਡ-ਬੈਬਲਰ ਹੈ। ਮੈਂ ਸਿਰਫ਼ ਦਿੱਖ ਤੋਂ ਪ੍ਰਭਾਵਤ ਨਹੀਂ, ਮੈਨੂੰ ਇਹਦਾ ਸਟਾਇਲ ਬੜਾ ਪਸੰਦ ਹੈ,'' ਉਹ ਪੰਛੀ ਦੀ ਵਿਲੱਖਣ ਚੁੰਝ ਤੇ ਅੱਖਾਂ ਦੁਆਲ਼ੇ ਚਿੱਟੇ ਘੇਰੇ ਬਾਰੇ ਗੱਲ ਕਰਦਿਆਂ ਕਹਿੰਦੇ ਹਨ। ਇਹ ਦੁਰਲੱਭ ਪ੍ਰਜਾਤੀ ਟਾਂਵੀਆਂ ਥਾਵਾਂ 'ਤੇ ਹੀ ਮਿਲ਼ਦੀ ਹੈ, ਜਿਵੇਂ ਇੱਥੇ ਅਰੁਣਾਚਲ ਪ੍ਰਦੇਸ਼, ਪੂਰਬੀ ਨੇਪਾਲ, ਸਿੱਕਮ ਤੇ ਪੂਰਬੀ ਭੂਟਾਨ ਵਿਖੇ।
''ਹਾਲ ਹੀ ਵਿੱਚ ਮੈਂ 2,000 ਮੀਟਰ ਤੋਂ ਵੱਧ ਦੀ ਉਚਾਈ 'ਤੇ ਬੈਠੇ ਵਾਈਟ੍ਹ-ਰੰਪਡ ਸਾਮਾ (ਕੋਪਸਿਕਸ ਮਾਲਾਬੈਰਿਕਸ) ਦੀ ਤਸਵੀਰ ਖਿੱਚੀ। ਇਹ ਗੱਲ ਅਜੀਬ ਹੈ ਕਿਉਂਕਿ ਪੰਛੀ ਆਮ ਤੌਰ 'ਤੇ 900 ਮੀਟਰ ਜਾਂ ਇਸ ਤੋਂ ਵੀ ਘੱਟ ਉਚਾਈ 'ਤੇ ਰਹਿੰਦੇ ਹਨ। ਗਰਮੀ ਕਾਰਨ, ਇਹ ਪੰਛੀ ਆਪਣਾ ਟਿਕਾਣਾ ਬਦਲ ਰਿਹਾ ਹੈ," ਮੀਕਾਹ ਕਹਿੰਦੇ ਹਨ।
ਵਿਗਿਆਨੀ ਸ਼੍ਰੀਨਿਵਾਸਨ ਕਹਿੰਦੇ ਹਨ, "ਪੂਰਬੀ ਹਿਮਾਲਿਆ ਧਰਤੀ ਦਾ ਦੂਜਾ ਸਭ ਤੋਂ ਵੱਧ ਜੈਵਿਕ ਵਿਭਿੰਨਤਾ ਵਾਲ਼ਾ ਖੇਤਰ ਹੈ ਅਤੇ ਇੱਥੇ ਪਾਈਆਂ ਜਾਣ ਵਾਲ਼ੀਆਂ ਬਹੁਤੇਰੀਆਂ ਪ੍ਰਜਾਤੀਆਂ ਤਾਪਮਾਨ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਇਸ ਲਈ ਇੱਥੇ ਜਲਵਾਯੂ ਤਬਦੀਲੀ ਧਰਤੀ ਦੀਆਂ ਪ੍ਰਜਾਤੀਆਂ ਦੇ ਇੱਕ ਮਹੱਤਵਪੂਰਣ ਹਿੱਸੇ ਨੂੰ ਖ਼ਤਰੇ ਵਿੱਚ ਪਾਉਣ ਦੀ ਸਮਰੱਥਾ ਰੱਖਦਾ ਹੈ।'' ਉਹ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦਾ ਕੰਮ ਇੱਥੇ ਵੱਸਦੇ ਪੰਛੀ ਜੋ ਕਦੇ ਖ਼ਾਸ ਉੱਚਾਈ 'ਤੇ ਵੱਸਦੇ ਸਨ ਹੁਣ ਹੌਲ਼ੀ-ਹੌਲ਼ੀ ਵੱਧ ਉੱਚਾਈ ਵੱਲ ਨੂੰ ਖਿਸਕਦੇ ਜਾ ਰਹੇ ਹਨ, ਨੂੰ ਦਰਸਾਉਂਦਾ ਹੈ। ਪੜ੍ਹੋ: ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ ।
ਜਲਵਾਯੂ ਤਬਦੀਲੀ ਵਿੱਚ ਦਿਲਚਸਪੀ ਰੱਖਣ ਵਾਲ਼ੇ ਸਾਥੀ ਫ਼ੋਟੋਗ੍ਰਾਫ਼ਰ ਵਜੋਂ, ਮੈਂ ਬੜੀ ਰੁਚੀ ਨਾਲ਼ ਮੀਕਾਹ ਨੂੰ ਫ਼ੋਨ 'ਤੇ ਤਸਵੀਰਾਂ ਸਵਾਈਪ ਕਰਦਿਆਂ ਦੇਖਦੀ ਹਾਂ, ਉਹ ਮੈਨੂੰ ਸਾਲਾਂ ਦੌਰਾਨ ਪੰਛੀਆਂ ਦੀਆਂ ਖਿੱਚੀਆਂ ਤਸਵੀਰਾਂ ਦਿਖਾਉਂਦੇ ਹਨ। ਇਓਂ ਜਾਪਦਾ ਹੈ ਜਿਵੇਂ ਉਨ੍ਹਾਂ ਲਈ ਇਹ ਕੰਮ ਸੁਖਾਲਾ ਰਿਹਾ ਹੋਵੇ, ਪਰ ਮੇਰਾ ਆਪਣਾ ਤਜ਼ਰਬਾ ਮੈਨੂੰ ਦੱਸਦਾ ਹੈ ਕਿ ਸਹੀ ਦ੍ਰਿਸ਼ 'ਤੇ ਕੈਮਰਾ ਸੈੱਟ ਕਰਨ ਲਈ ਸਖ਼ਤ ਮਿਹਨਤ, ਸਬਰ ਤੇ ਸਮਰਪਣ ਦੀ ਅਥਾਹ ਲੋੜ ਹੁੰਦੀ ਹੈ।
*****
ਈਗਲਨੈੱਸਟ ਸੈਂਚੁਰੀ ਦੇ ਅੰਦਰ ਸਥਿਤ ਬੋਂਪੂ ਕੈਂਪ ਵਿੱਚ ਟੀਮ ਦਾ ਕੈਂਪਸਾਈਟ ਵਿਸ਼ਵ ਪੱਧਰ 'ਤੇ ਪੰਛੀਆਂ ਨੂੰ ਦੇਖਣ ਆਉਣ ਵਾਲ਼ਿਆਂ ਲਈ ਇੱਕ ਹੌਟਸਪੌਟ ਹੈ। ਇਹ ਇੱਕ ਅਸਥਾਈ ਮਕਾਨ ਹੈ ਜੋ ਲੱਕੜ ਦੇ ਜਾਲ਼ ਅਤੇ ਤਰਪਾਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਇੱਥੇ ਕੰਕਰੀਟ ਦਾ ਇੱਕ ਟੁੱਟਿਆ-ਭੱਜਿਆ ਢਾਂਚਾ ਹੈ ਜਿਹਦੇ ਦੁਆਲ਼ੇ ਕੱਸ ਕੇ ਤਰਪਾਲ ਬੰਨ੍ਹੀ ਹੋਈ ਹੈ। ਖੋਜ ਟੀਮ ਵਿੱਚ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਵਿਗਿਆਨੀ, ਇੰਟਰਨ ਅਤੇ ਫੀਲਡ ਸਟਾਫ ਸ਼ਾਮਲ ਹਨ। ਮੀਕਾਹ ਡਾ. ਉਮੇਸ਼ ਸ਼੍ਰੀਨਿਵਾਸਨ ਦੀ ਅਗਵਾਈ ਵਾਲ਼ੀ ਇਸ ਟੀਮ ਦਾ ਅਨਿੱਖੜਵਾਂ ਹਿੱਸਾ ਹਨ।
ਖੋਜ ਝੌਂਪੜੀ ਦੇ ਬਾਹਰ ਖੜ੍ਹਿਆਂ ਹਵਾ ਲਗਾਤਾਰ ਮੈਨੂੰ ਤੇ ਮੀਕਾਹ ਨੂੰ ਛੂੰਹਦੀ ਹੋਈ ਵਗ ਰਹੀ ਸੀ। ਆਲ਼ੇ-ਦੁਆਲ਼ੇ ਪਹਾੜਾਂ ਦੀਆਂ ਟੀਸੀਆਂ ਸਲੇਟੀ ਬੱਦਲਾਂ ਹੇਠੋਂ ਇਓਂ ਝਾਕ ਰਹੀਆਂ ਸਨ ਜਿਵੇਂ ਮੋਤੀ ਦੀਆਂ ਮਾਲਾਵਾਂ ਹੋਣ। ਮੈਂ ਬਦਲਦੇ ਜਲਵਾਯੂ ਪੈਟਰਨ ਸਬੰਧੀ ਉਨ੍ਹਾਂ ਦੇ ਤਜ਼ਰਬਿਆਂ ਨੂੰ ਸੁਣਨ ਲਈ ਬੜੀ ਉਤਾਵਲ਼ੀ ਹੋ ਰਹੀ ਸਾਂ।
"ਜੇ ਘੱਟ ਉੱਚਾਈ 'ਤੇ ਤਾਪਮਾਨ ਵੱਧ ਹੋਵੇ ਤਾਂ ਇਹ ਤੇਜੀ ਨਾਲ਼ ਪਹਾੜੀ ਇਲਾਕਿਆਂ ਵੱਲ ਨੂੰ ਫੈਲਦਾ ਹੈ। ਇੱਥੇ ਪਹਾੜਾਂ ਵਿੱਚ ਗਰਮੀ ਵੱਧ ਰਹੀ ਹੈ। ਅਸੀਂ ਜਾਣਦੇ ਹਾਂ ਕਿ ਜਲਵਾਯੂ ਤਬਦੀਲੀ ਕਾਰਨ ਮਾਨਸੂਨ ਉਲਟ ਗਿਆ ਹੈ," ਉਹ ਮੈਨੂੰ ਦੱਸਦੇ ਹਨ। "ਪਹਿਲਾਂ, ਲੋਕ ਮੌਸਮ ਦੇ ਪੈਟਰਨ ਤੋਂ ਬਾਖੂਬੀ ਜਾਣੂ ਸਨ। ਬਜ਼ੁਰਗਾਂ ਨੂੰ ਯਾਦ ਹੈ ਕਿ ਫਰਵਰੀ ਇੱਕ ਠੰਡਾ ਅਤੇ ਬੱਦਲਵਾਈ ਵਾਲ਼ਾ ਮਹੀਨਾ ਹੋਇਆ ਕਰਦਾ ਸੀ।'' ਹੁਣ ਫਰਵਰੀ ਵਿੱਚ ਬੇਮੌਸਮੀ ਬਾਰਸ਼ ਕਿਸਾਨਾਂ ਅਤੇ ਉਨ੍ਹਾਂ ਦੀਆਂ ਫ਼ਸਲਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਦੀ ਹੈ।
ਈਗਲਨੈੱਸਟ ਅਸਥਾਨ ਦੇ ਹਰੇ-ਭਰੇ ਜੰਗਲਾਂ ਵਿੱਚ ਜਲਵਾਯੂ ਤਬਦੀਲੀ ਦੇ ਗੰਭੀਰ ਪ੍ਰਭਾਵਾਂ ਦੀ ਭਵਿੱਖਬਾਣੀ ਕਰਨਾ ਮੁਸ਼ਕਲ ਹੈ, ਜੋ ਪੰਛੀਆਂ ਦੇ ਸਮੂਹਾਂ, ਲੰਬੇ ਐਲਡਰ, ਮੈਪਲ ਅਤੇ ਓਕ ਦੇ ਰੁੱਖਾਂ ਨਾਲ਼ ਘਿਰਿਆ ਹੋਇਆ ਹੈ। ਭਾਰਤ ਦੇ ਇਸ ਪੂਰਬੀ ਕਿਨਾਰੇ 'ਤੇ ਸੂਰਜ ਜਲਦੀ ਚੜ੍ਹਦਾ ਹੈ ਅਤੇ ਚਾਲਕ ਦਲ ਸਵੇਰੇ 3:30 ਵਜੇ ਉੱਠਦਾ ਹੈ ਅਤੇ ਚਮਕਦਾਰ ਨੀਲੇ ਅਸਮਾਨ ਹੇਠ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਵੱਡੇ ਚਿੱਟੇ ਬੱਦਲ ਆਕਾਸ਼ ਵਿੱਚ ਹੌਲ਼ੀ-ਹੌਲ਼ੀ ਤੈਰਦੇ ਹਨ।
ਸ਼੍ਰੀਨਿਵਾਸਨ ਦੀ ਅਗਵਾਈ ਹੇਠ, ਮੀਕਾਹ ਨੇ 'ਧੁੰਦਲਾ/ਭੁਲੇਖਾਪਾਊ ਜਾਲ਼' ਵਿਛਾਉਣਾ ਸਿੱਖ ਲਿਆ ਹੈ - ਮਿੱਟੀ ਵਿੱਚ ਸਥਾਪਤ ਦੋ ਬਾਂਸ ਦੇ ਖੰਭਿਆਂ ਦੇ ਵਿਚਕਾਰ ਨਾਈਲੋਨ ਜਾਂ ਪੋਲੀਏਸਟਰ ਦੀ ਵਰਤੋਂ ਕਰਕੇ ਬਣਾਏ ਗਏ ਨਾਜ਼ੁਕ ਜਾਲ਼ ਨੂੰ ਫੈਲਾ ਕੇ ਪੰਛੀਆਂ ਨੂੰ ਫੜ੍ਹਨ ਦੀ ਪ੍ਰਕਿਰਿਆ। ਫਸੇ ਪੰਛੀਆਂ ਨੂੰ ਧਿਆਨ ਨਾਲ਼ ਕੱਢ ਕੇ ਬੈਗ ਦੇ ਅੰਦਰ ਰੱਖਿਆ ਜਾਂਦਾ ਹੈ। ਮੀਕਾਹ ਹੌਲ਼ੀ-ਹੌਲ਼ੀ ਪੰਛੀ ਨੂੰ ਇੱਕ ਛੋਟੇ ਹਰੇ ਬੈਗ ਵਿੱਚੋਂ ਬਾਹਰ ਕੱਢਦੇ ਹਨ ਅਤੇ ਸ਼੍ਰੀਨਿਵਾਸਨ ਦੇ ਹਵਾਲੇ ਕਰ ਦਿੰਦੇ ਹਨ।
ਫੁਰਤੀ ਤੋਂ ਕੰਮ ਲੈਂਦਿਆਂ ਪੰਛੀ ਦਾ ਭਾਰ, ਉਸ ਦੇ ਖੰਭਾਂ ਦੀ ਚੌੜਾਈ, ਲੱਤਾਂ ਦੀ ਲੰਬਾਈ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਮਾਪਿਆ ਜਾਂਦਾ ਹੈ। ਪੰਛੀ ਦੀ ਲੱਤ 'ਤੇ ਪਛਾਣ ਛੱਲੇ ਨੂੰ ਟੈਗ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ। ਜਾਲ਼ ਵਿੱਚ ਫਸੇ ਪੰਛੀ ਨੂੰ ਫੜ੍ਹਨ, ਉਸਨੂੰ ਇੱਕ ਅਸਥਾਈ ਮੇਜ਼ 'ਤੇ ਲਿਆਉਣ, ਮਾਪ ਲੈਣ ਅਤੇ ਫਿਰ ਉਸਨੂੰ ਮੁਕਤ ਕਰਨ ਦੀ ਇਸ ਪੂਰੀ ਪ੍ਰਕਿਰਿਆ ਵਿੱਚ ਲਗਭਗ 15-20 ਮਿੰਟ ਲੱਗਦੇ ਹਨ। ਟੀਮ ਮੌਸਮ ਦੇ ਅਧਾਰ ਅਗਲੇ ਘੱਟੋਘੱਟ 8 ਘੰਟਿਆਂ ਤੀਕਰ ਹਰ 20 ਮਿੰਟ ਤੋਂ ਅੱਧੇ ਘੰਟੇ ਤੱਕ ਇਸੇ ਗਤੀਵਿਧੀ ਨੂੰ ਦਹੁਰਾਉਂਦੀ ਰਹਿੰਦੀ ਹੈ ਅਤੇ ਮੀਕਾਹ ਲਗਭਗ 12 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਨ।
"ਜਦੋਂ ਅਸੀਂ ਪੰਛੀਆਂ ਨੂੰ ਫੜ੍ਹਨਾ ਸ਼ੁਰੂ ਕੀਤਾ ਤਾਂ ਵਾਈਟ੍ਹ-ਸਪੈਕਟੇਕਲਡ ਵਾਰਬਲਰ/ਚਿੱਟ-ਚਸ਼ਮੇ ਵਾਲ਼ੇ ਵਾਰਬਲਰ (ਸਿਸਰਕਸ ਅਫਿਨਿਸ) ਵਰਗੇ ਨਾਵਾਂ ਨੂੰ ਉਚਾਰਨਾ ਮੁਸ਼ਕਲ ਸੀ। ਇਹ ਮੁਸ਼ਕਲ ਸੀ ਕਿਉਂਕਿ ਸਾਨੂੰ ਅੰਗਰੇਜ਼ੀ ਵਿੱਚ ਬੋਲਣ ਦੀ ਆਦਤ ਨਹੀਂ ਸੀ। ਅਸੀਂ ਪਹਿਲਾਂ ਕਦੇ ਵੀ ਅਜਿਹੇ ਸ਼ਬਦ ਨਹੀਂ ਸੁਣੇ," ਮੀਕਾਹ ਕਹਿੰਦੇ ਹਨ।
ਮੀਕਾਹ, ਜਿਨ੍ਹਾਂ ਨੇ ਈਗਲਨੈੱਸਟ ਸੈਂਚੂਰੀ ਵਿਖੇ ਪੰਛੀ ਦੀ ਪਛਾਣ ਦੇ ਆਪਣੇ ਹੁਨਰ ਨੂੰ ਹੋਰ ਤੇਜ਼ ਕੀਤਾ, ਨੂੰ ਗੁਆਂਢੀ ਮੇਘਾਲਿਆ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ, ਜਿੱਥੇ ਉਹ ਕਹਿੰਦੇ ਹਨ ਕਿ ਜੰਗਲੀ ਖੇਤਰ ਤਬਾਹ ਹੋ ਗਏ ਹਨ। "ਅਸੀਂ [2012 ਵਿੱਚ] ਚੇਰਾਪੁੰਜੀ ਵਿੱਚ 10 ਦਿਨ ਘੁੰਮਦੇ ਰਹੇ ਪਰ ਪੰਛੀਆਂ ਦੀਆਂ 20 ਕਿਸਮਾਂ ਤੱਕ ਨਾ ਦੇਖ ਸਕੇ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਈਗਲਨੈੱਸਟ ਹੀ ਮੁੜਨਾ ਚਾਹੀਦਾ ਹੈ, ਜਿੱਥੇ ਕਈ ਪ੍ਰਜਾਤੀਆਂ ਹਨ। ਬੋਂਪੂ ਵਿਖੇ ਬੈਠਿਆਂ ਹੀ ਅਸੀਂ ਮੇਘਾਲਿਆ ਤੋਂ ਵੱਧ ਪ੍ਰਜਾਤੀਆਂ ਦੇਖ ਲੈਂਦੇ ਸਾਂ।
ਮੀਕਾਹ ਕਹਿੰਦੇ ਹਨ, " ਕੈਮਰਾ ਕਾ ਇੰਟਰਸਟ 2012 ਸੇ ਸ਼ੁਰੂ ਹੁਆ। '' ਪਹਿਲਾਂ ਉਹ ਇੱਕ ਵਿਜ਼ਿਟਿੰਗ ਵਿਗਿਆਨੀ ਨੰਦਿਨੀ ਵੇਲਹੋ ਤੋਂ ਇੱਕ ਕੈਮਰਾ ਉਧਾਰ ਲੈਂਦੇ ਸਨ: "ਹਰੇ ਪੂਛ ਵਾਲ਼ਾ ਸ਼ੱਕਰਖੋਰਾ/ਸਨਬਰਡ (ਐਥੋਪੀਗਾ ਨਿਪਾਲੇਂਸਿਸ) ਉਹ ਪੰਛੀ ਹੈ ਜੋ ਇੱਥੇ ਸਭ ਤੋਂ ਵੱਧ ਪਾਇਆ ਜਾਂਦਾ ਹੈ। ਇਸ ਲਈ ਮੈਂ ਫ਼ੋਟੋਗ੍ਰਾਫੀ ਸਿੱਖਣੀ ਸ਼ੁਰੂ ਕੀਤੀ।''
ਕੁਝ ਸਾਲਾਂ ਬਾਅਦ, ਮੀਕਾਹ ਨੇ ਸੈਲਾਨੀਆਂ ਦਾ ਮਾਰਗ ਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਪੰਛੀਆਂ ਨੂੰ ਦੇਖਣ ਲਈ ਲਿਜਾਣਾ ਸ਼ੁਰੂ ਕਰ ਦਿੱਤਾ। 2018 ਵਿੱਚ, ਬੀਐੱਨਐੱਚਐੱਸ (ਬੰਬੇ ਨੈਚੁਰਲ ਹਿਸਟਰੀ ਸੋਸਾਇਟੀ) ਦਾ ਇੱਕ ਸਮੂਹ ਮੁੰਬਈ ਤੋਂ ਆਇਆ ਸੀ। ਕਹਿਣ 'ਤੇ ਮੀਕਾਹ ਉਨ੍ਹਾਂ ਲਈ ਫ਼ੋਟੋ ਖਿੱਚ ਦਿਆ ਕਰਦੇ। ਫ਼ੋਟੋ ਖਿੱਚਣ ਤੋਂ ਬਾਅਦ, ਟੀਮ ਦੇ ਇੱਕ ਮੈਂਬਰ ਨੇ ਮੀਕਾਹ ਦੀ ਫ਼ੋਟੋਗ੍ਰਾਫੀ ਵਿੱਚ ਦਿਲਚਸਪੀ ਵੇਖੀ ਅਤੇ ਉਨ੍ਹਾਂ ਨੂੰ ਨਿਕੋਨ P9000 ਕੈਮਰਾ ਦਿੱਤਾ। "ਸਰ, ਮੈਂ ਡੀਐੱਸਐੱਲਆਰ (ਡਿਜੀਟਲ ਸਿੰਗਲ ਲੈਂਸ ਰਿਫਲੈਕਸ) ਮਾਡਲ ਖਰੀਦਣਾ ਚਾਹੁੰਦਾ ਹਾਂ। ਮੈਨੂੰ ਇਹ ਵਾਲ਼ਾ ਕੈਮਰਾ ਨਹੀਂ ਚਾਹੀਦਾ ਜਿਹੜਾ ਤੁਸੀਂ ਮੈਨੂੰ ਦੇ ਰਹੇ ਹੋ," ਉਹ ਯਾਦ ਕਰਦੇ ਹਨ।
ਉਸੇ ਗਰੁੱਪ ਦੇ ਚਾਰ ਮੈਂਬਰਾਂ ਵੱਲੋਂ ਦਿੱਤੇ ਗਏ ਦਾਨ, ਫੀਲਡਵਰਕ ਅਤੇ ਬਰਡ ਗਾਈਡੈਂਸ ਤੋਂ ਮਿਲੇ ਪੈਸੇ ਦੀ ਬੱਚਤ ਕਰਦਿਆਂ, "ਮੈਂ 50,000 ਰੁਪਏ ਇਕੱਠੇ ਕੀਤੇ ਪਰ ਕੈਮਰੇ ਦੀ ਕੀਮਤ 55,000 ਰੁਪਏ ਸੀ। ਫਿਰ, ਮੇਰੇ ਬੌਸ (ਉਮੇਸ਼) ਨੇ ਕਿਹਾ ਕਿ ਬਾਕੀ ਦੇ ਪੈਸੇ ਉਹ ਦੇ ਦੇਣਗੇ।'' ਆਖ਼ਰਕਾਰ 2018 ਵਿੱਚ, ਮੀਕਾਹ ਨੇ ਆਪਣਾ ਪਹਿਲਾ ਡੀਐੱਸਐੱਲਆਰ, ਨਿਕੋਨ ਡੀ 7200 ਕੈਮਰਾ ਖਰੀਦਿਆ ਜਿਸ ਵਿੱਚ 18-55 ਮਿਲੀਮੀਟਰ ਜ਼ੂਮ ਲੈਂਸ ਸੀ।
"2-3 ਸਾਲ, ਮੈਂ ਇੱਕ ਛੋਟੇ ਜਿਹੇ 18-55 ਮਿਲੀਮੀਟਰ ਜ਼ੂਮ ਲੈਂਸ ਦੀ ਵਰਤੋਂ ਕਰਕੇ ਘਰ ਦੇ ਆਲ਼ੇ-ਦੁਆਲ਼ੇ ਫੁੱਲਾਂ ਦੀਆਂ ਫ਼ੋਟੋਆਂ ਖਿੱਚਦਾ ਰਿਹਾ ਸਾਂ।" ਕਲੋਜ਼-ਅਪ ਫੋਟੋ ਖਿੱਚਣ ਲਈ ਤੁਹਾਨੂੰ ਲੌਂਗ ਤੇ ਪਾਵਰਫੁੱਲ ਟੈਲੀਫੋਟੋ ਲੈਂਜਾਂ ਦੀ ਲੋੜ ਹੁੰਦੀ ਹੈ। ''ਕੁਝ ਸਾਲਾਂ ਬਾਅਦ ਮੈਂ 150-600 ਮਿਲੀਮੀਟਰ ਸਿਗਮਾ ਲੈਂਜ਼ ਖਰੀਦਣ ਬਾਰੇ ਸੋਚਿਆ।'' ਪਰ ਲੈਂਜ਼ ਦੀ ਵਰਤੋਂ ਕਰਨਾ ਮੀਕਾਹ ਲਈ ਮੁਸ਼ਕਲ ਹੋ ਗਿਆ। ਉਹ ਕੈਮਰੇ 'ਤੇ ਅਪਰਚਰ, ਸ਼ਟਰ ਸਪੀਡ ਅਤੇ ਆਈਐੱਸਓ ਦੇ ਵਿਚਕਾਰ ਸਬੰਧ ਦਾ ਪਤਾ ਲਗਾਉਣ ਦਾ ਪ੍ਰਬੰਧ ਨਾ ਕਰ ਸਕੇ। "ਮੈਂ ਅਜਿਹੀਆਂ ਮਾੜੀਆਂ ਤਸਵੀਰਾਂ ਖਿੱਚੀਆਂ," ਉਹ ਯਾਦ ਕਰਦੇ ਹਨ। ਇਹ ਰਾਮ ਅਲੂਰੀ ਸੀ, ਜੋ ਇੱਕ ਸਿਨੇਮੈਟੋਗ੍ਰਾਫਰ ਅਤੇ ਮੀਕਾਹ ਦਾ ਚੰਗਾ ਦੋਸਤ ਸਨ, ਜਿਨ੍ਹਾਂ ਨੇ ਮੀਕਾਹ ਨੂੰ ਡੀਐੱਸਐੱਲਆਰ ਕੈਮਰੇ ਦੀ ਵਰਤੋਂ ਕਰਨ ਦੀਆਂ ਤਕਨੀਕਾਂ ਸਿਖਾਈਆਂ। "ਉਸਨੇ ਮੈਨੂੰ ਸਿਖਾਇਆ ਕਿ ਸੈਟਿੰਗਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਹੁਣ ਮੈਂ ਸਿਰਫ਼ ਮੈਨੂਅਲ [ਸੈਟਿੰਗਾਂ] ਦੀ ਵਰਤੋਂ ਕਰਦਾ ਹਾਂ," ਉਹ ਅੱਗੇ ਕਹਿੰਦੇ ਹਨ।
ਪਰ ਸਿਰਫ਼ ਪੰਛੀਆਂ ਦੀਆਂ ਹੈਰਾਨੀਜਨਕ ਤਸਵੀਰਾਂ ਲੈਣਾ ਕਾਫ਼ੀ ਨਹੀਂ ਹੈ। ਅਗਲਾ ਕਦਮ ਇਹ ਸਿੱਖਣਾ ਹੈ ਕਿ ਫ਼ੋਟੋਸ਼ਾਪ ਸਾੱਫਟਵੇਅਰ ਦੀ ਵਰਤੋਂ ਕਰਕੇ ਚਿੱਤਰਾਂ ਨੂੰ ਕਿਵੇਂ ਸੰਪਾਦਿਤ ਕਰਨਾ ਹੈ। 2021 ਵਿੱਚ, ਮੀਕਾਹ ਨੇ ਪੋਸਟ ਗ੍ਰੈਜੂਏਟ ਵਿਦਿਆਰਥੀ ਸਿਧਾਰਥ ਸ਼੍ਰੀਨਿਵਾਸਨ ਨਾਲ਼ ਬੈਠ ਕੇ ਫ਼ੋਟੋਸ਼ਾਪ ਦੀ ਵਰਤੋਂ ਕਰਕੇ ਚਿੱਤਰਾਂ ਨੂੰ ਸੰਪਾਦਿਤ ਕਰਨਾ ਸਿੱਖਿਆ।
ਬਹੁਤ ਜਲਦੀ ਹੀ ਇੱਕ ਫ਼ੋਟੋਗ੍ਰਾਫਰ ਵਜੋਂ ਉਨ੍ਹਾਂ ਦੇ ਹੁਨਰ ਬਾਰੇ ਚਾਰੇ ਪਾਸੇ ਖ਼ਬਰਾਂ ਆਈਆਂ। ਹਿਮਾਲਿਆ 'ਤੇ ਰਿਪੋਰਟਾਂ ਨੂੰ ਸਮਰਪਿਤ ਵੈੱਬਸਾਈਟ ਦਿ ਥਰਡ ਪੋਲ 'ਚ 'ਲੌਕਡਾਊਨ ਬ੍ਰਿੰਗਸ ਹਾਰਡਸ਼ਿਪ ਟੂ ਬਰਡਰਸ ਪੈਰਾਡਾਈਜ਼ ਇੰਨ ਇੰਡੀਆ' ਸਿਰਲੇਖ ਵਾਲ਼ੇ ਲੇਖ 'ਚ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ। "ਉਨ੍ਹਾਂ ਨੇ ਸੱਤ ਤਸਵੀਰਾਂ ਵਰਤੀਆਂ ਜੋ ਮੈਂ ਲਈਆਂ ਸਨ (ਲੇਖ ਵਿੱਚ ਵਰਤਣ ਲਈ) ਅਤੇ ਹਰੇਕ ਤਸਵੀਰ ਬਦਲੇ ਮੈਨੂੰ ਪੈਸਾ ਮਿਲਿਆ, ਜਿਸ ਨੇ ਮੈਨੂੰ ਖੁਸ਼ ਕੀਤਾ," ਉਹ ਕਹਿੰਦੇ ਹਨ। ਫੀਲਡਵਰਕ ਵਿੱਚ ਉਨ੍ਹਾਂ ਦੇ ਮਜ਼ਬੂਤ ਯੋਗਦਾਨ ਕਾਰਨ ਉਨ੍ਹਾਂ ਨੂੰ ਕਈ ਵਿਗਿਆਨਕ ਪੇਪਰਾਂ ਵਿੱਚ ਸਹਿ-ਲੇਖਕ ਵਜੋਂ ਮਾਨਤਾ ਦਿੱਤੀ ਗਈ ਹੈ।
ਮੀਕਾਹ ਬਹੁਤ ਸਾਰੀਆਂ ਪ੍ਰਤਿਭਾਵਾਂ ਦਾ ਸੰਗਮ ਹੈ। ਇੱਕ ਸਹੀ ਜਾਣਕਾਰੀ ਵਾਲ਼ੇ ਫੀਲਡ ਸਟਾਫ, ਇੱਕ ਸਮਰਪਿਤ ਫ਼ੋਟੋਗ੍ਰਾਫਰ ਅਤੇ ਇੱਕ ਪੰਛੀ ਗਾਈਡ ਹੋਣ ਤੋਂ ਇਲਾਵਾ, ਉਹ ਇੱਕ ਗਿਟਾਰਿਸਟ ਵੀ ਹਨ। ਮੈਂ ਮੀਕਾਹ ਨੂੰ ਚਿੱਤਰੇ ਬਸਤੀ (ਜਿਸ ਨੂੰ ਸੇਰਿੰਗ ਪਾਮ ਵੀ ਕਿਹਾ ਜਾਂਦਾ ਹੈ) ਦੇ ਚਰਚ ਵਿੱਚ ਇੱਕ ਸੰਗੀਤਕਾਰ ਦੇ ਅਵਤਾਰ ਵਿੱਚ ਦੇਖਿਆ। ਉਨ੍ਹਾਂ ਨੇ ਤਿੰਨ ਝੂਮ-ਝੂਮ ਗਾਉਂਦੀਆਂ ਔਰਤਾਂ ਵਿਚਕਾਰ ਬੈਠ ਕੇ ਸ਼ਾਂਤੀ ਨਾਲ਼ ਗਿਟਾਰ ਵਜਾਇਆ। ਉਸ ਦਿਨ ਉਹ ਆਪਣੇ ਦੋਸਤ, ਇੱਕ ਸਥਾਨਕ ਪੁਜਾਰੀ ਦੀ ਧੀ ਦੇ ਵਿਆਹ ਸਮਾਰੋਹ ਲਈ ਗਾਣੇ ਦੀ ਰਿਹਰਸਲ ਕਰ ਰਹੇ ਸਨ। ਜਿਵੇਂ-ਜਿਵੇਂ ਉਨ੍ਹਾਂ ਦੀਆਂ ਉਂਗਲਾਂ ਗਿਟਾਰ ਦੀਆਂ ਤਾਰਾਂ 'ਤੇ ਘੁੰਮ ਰਹੀਆਂ ਸਨ, ਮੈਨੂੰ ਜੰਗਲ ਦੇ ਉਸ ਜਾਲ਼ ਵਿੱਚੋਂ ਮਲ਼ੂਕ ਹੱਥਾਂ ਨਾਲ਼ ਹੌਲ਼ੀ-ਹੌਲ਼ੀ ਫਸੇ ਪੰਛੀਆਂ ਨੂੰ ਛੁਡਾਉਂਦੇ ਮੀਕਾਹ ਦੀ ਯਾਦ ਆ ਗਈ।
ਪਿਛਲੇ ਚਾਰ ਦਿਨਾਂ ਵਿੱਚ ਮੀਕਾਹ ਨੇ ਜਾਲ਼ ਵਿੱਚ ਫਸੇ ਜਿੰਨੇ ਪੰਛੀਆਂ ਨੂੰ ਛੁਡਾਇਆ, ਮਾਪਿਆ ਤੇ ਮੁੜ ਅਜ਼ਾਦ ਕੀਤਾ, ਉਹ ਮੌਸਮ ਦੀ ਤਬਦੀਲੀ ਦੇ ਦੁਖੋਂ ਆਪਣੀ ਉੱਚਾਈ ਬਦਲ ਬੈਠੇ ਹਨ।
ਤਰਜਮਾ: ਕਮਲਜੀਤ ਕੌਰ