ਬੇਲਡਾਂਗਾ ਸ਼ਹਿਰ ਤੋਂ ਕੋਲਕਾਤਾ ਨੂੰ ਜਾਣ ਵਾਲ਼ੀ ਹਜ਼ਾਰੀਦਵਾਰੀ ਐਕਸਪ੍ਰੈੱਸ ਅਜੇ ਹੁਣੇ ਪਲਾਸੀ ਵਿੱਚੋਂ ਦੀ ਹੋ ਕੇ ਲੰਘੀ ਅਤੇ ਅਚਾਨਕ ਹੀ ਇੱਕਤਾਰਾ ਦੀ ਅਵਾਜ਼ ਡੱਬੇ ਵਿੱਚ ਤੈਰਨ ਲੱਗੀ। ਅਚਾਨਕ ਸੰਜੈ ਬਿਸ਼ਵਾਸ ਸਾਹਮਣੇ ਆਉਂਦੇ ਹਨ ਅਤੇ ਉਨ੍ਹਾਂ ਦੇ ਕੋਲ਼ ਲੱਕੜ ਦੇ ਸਾਜੋ-ਸਮਾਨ- ਇੱਕ ਚਰਖਾ , ਟੇਬਲ - ਲੈਂਪ , ਕਾਰ , ਬੱਸ - ਨਾਲ਼ ਭਰੀ ਵੱਡੀ ਸਾਰੀ ਟੋਕਰੀ ਹੈ ਅਤੇ ਉਨ੍ਹਾਂ ਨੇ ਇੱਕਤਾਰਾ ਫੜ੍ਹਿਆ ਹੋਇਆ ਹੈ।
ਇੱਕ ਪਾਸੇ ਭਾਵੇਂ ਚੀਨ ਦਾ ਬਣਿਆ ਰੰਗ-ਬਿਰੰਗਾ ਸਮਾਨ (ਖਿਡੌਣੇ, ਚਾਬੀ ਦੇ ਛੱਲੇ, ਛੱਤਰੀਆਂ, ਟੋਰਚਾਂ, ਲਾਈਟਰ) ਹੈ ਪਰ ਫਿਰ ਵੀ ਲੱਕੜ ਦੇ ਸਮਾਨ 'ਤੇ ਹੱਥੀਂ ਕੀਤੀ ਇਸ ਸੂਖ਼ਮ ਕਲਾਕਾਰੀ ਦੀ ਤਾਂ ਗੱਲ ਹੀ ਅਲੱਗ ਹੈ। ਡੱਬੇ ਵਿੱਚ ਹੋਰ ਵੀ ਕਈ ਫੇਰੀ ਵਾਲ਼ੇ ਰੁਮਾਲ, ਪੰਚਾਂਗ, ਮਹਿੰਦੀ ਦੀ ਕਿਤਾਬ, ਝਾਲ਼-ਮੁੜੀ , ਉਬਲ਼ੇ ਆਂਡੇ, ਚਾਹ, ਮੂੰਗਫਲੀ, ਸਮੋਸੇ ਅਤੇ ਮਿਨਰਲ ਵਾਟਰ ਵਗੈਰਾ ਵੇਚ ਰਹੇ ਹਨ। ਇਨ੍ਹਾਂ ਰੇਲਾਂ ਵਿੱਚ ਹਰੇਕ ਸਮਾਨ ਵੇਚਣ ਵਾਲ਼ੇ ਵੈਂਡਰ ਲਈ ਰੂਟ ਅਤੇ ਡੱਬੇ ਤੈਅ ਕੀਤੇ ਗਏ ਹੁੰਦੇ ਹਨ।
ਯਾਤਰੀ ਸੌਦੇਬਾਜ਼ੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਫ਼ੇਰੀਵਾਲ਼ੇ, ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਹਰਾਮਪੁਰ ਸਬ-ਡਿਵੀਜ਼ਨ ਦੇ ਬੇਲਡਾਂਗਾ ਅਤੇ ਰਾਨਾਘਾਟ ਦਰਮਿਆਨ 100 ਕਿਲੋਮੀਟਰ ਦੀ ਦੂਰੀ ਨੂੰ ਰੇਲ ਰਾਹੀਂ ਦੋ ਘੰਟਿਆਂ ਵਿੱਚ ਤੈਅ ਕਰਦਿਆਂ, ਫੁਰਤੀ ਨਾਲ਼ ਵਪਾਰ ਕਰ ਲੈਂਦੇ ਹਨ। ਬਹੁਤੇਰੇ ਫੇਰੀਵਾਲ਼ੇ ਰਾਨਾਘਾਟ ਉੱਤਰ ਜਾਂਦੇ ਹਨ ਅਤੇ ਕੁਝ ਕੁ ਕ੍ਰਿਸ਼ਨਾਨਗਰ ਉੱਤਰਦੇ ਹਨ। ਇਹ ਦੋਵੇਂ ਥਾਵਾਂ ਹੀ ਇਸ ਸਫ਼ਰ ਦੇ ਮੁੱਖ ਰੇਲਵੇ ਜੰਕਸ਼ਨ ਹਨ। ਇੱਥੋਂ ਸਾਰੇ ਲੋਕ ਆਪਣੇ ਪਿੰਡਾਂ ਅਤੇ ਕਸਬਿਆਂ ਤੱਕ ਜਾਣ ਲਈ ਲੋਕਲ ਰੇਲਾਂ ਫੜ੍ਹਦੇ ਹਨ।
ਕਿਸੇ ਨੇ ਸੰਜੈ ਕੋਲ਼ੋਂ ਇੱਕਤਾਰਾ ਦਾ ਭਾਅ ਪੁੱਛਿਆ। ਉਹ ਕਹਿੰਦੇ ਹਨ 300 ਰੁਪਏ। ਸੰਭਾਵਤ ਖਰੀਦਦਾਰ ਲੈਣ ਤੋਂ ਮਨ੍ਹਾ ਕਰਦਾ ਹੈ। ਸੰਜੈ ਕਹਿੰਦੇ ਹਨ,''ਇਹ ਸਸਤਾ ਖਿਡੌਣਾ ਨਹੀਂ ਹੈ, ਮੈਂ ਇਹਨੂੰ ਬੜੀ ਬਰੀਕੀ ਤੇ ਸਾਂਭ-ਸੰਭਾਲ਼ ਨਾਲ਼ ਬਣਾਉਂਦਾ ਹਾਂ। ਇਸ ਵਿੱਚ ਇਸਤੇਮਾਲ ਹੋਏ ਕੱਚੇ ਮਾਲ਼ ਦੀ ਕੁਆਲਿਟੀ ਬੇਹੱਦ ਸ਼ਾਨਦਾਰ ਹੈ। ਤੁਸੀਂ ਇੱਕਤਾਰੇ ਦੇ ਹੇਠਾਂ ਜੋ ਹਿੱਸੇ ਦੇਖ ਰਹੇ ਹੋ, ਉਹ ਅਸਲੀ ਚਮੜਾ ਹੈ।'' ਇੱਕ ਹੋਰ ਯਾਤਰੀ ਤਰਕ ਦਿੰਦਾ ਹੈ: ''ਲੋਕਲ ਮੇਲਿਆਂ 'ਤੇ ਇਹ ਬੜਾ ਸਸਤਾ ਮਿਲ਼ ਜਾਂਦਾ ਹੈ।'' ਜਵਾਬ ਵਿੱਚ ਸੰਜੈ ਕਹਿੰਦੇ ਹਨ,''ਇਹ ਓਹ ਸਸਤਾ ਵਾਲ਼ਾ ਇੱਕਤਾਰਾ ਨਹੀਂ ਜੋ ਤੁਹਾਨੂੰ ਲੋਕਲ ਮੇਲਿਆਂ 'ਤੇ ਮਿਲ਼ਦਾ ਹੈ। ਮੇਰਾ ਕੰਮ ਲੋਕਾਂ ਨੂੰ ਧੋਖਾ ਦੇਣਾ ਨਹੀਂ ਹੈ।''
ਉਹ ਡੱਬੇ ਦੇ ਗਲਿਆਰੇ ਵਿੱਚ ਰਤਾ ਅੱਗੇ ਵੱਧਦੇ ਹਨ, ਆਪਣੀਆਂ ਕਲਾਕ੍ਰਿਤੀਆਂ ਦਿਖਾਉਂਦੇ ਹੋਏ ਅਤੇ ਛੋਟੀ-ਛੋਟੀਆਂ ਚੀਜ਼ਾਂ ਵੇਚਦੇ ਹੋਏ। ''ਤੁਸੀਂ ਇਨ੍ਹਾਂ ਨੂੰ ਛੂਹ ਕੇ ਫੜ੍ਹ ਕੇ ਦੇਖੋ, ਇਨ੍ਹਾਂ ਨੂੰ ਫੜ੍ਹ ਕੇ ਦੇਖਣ ਦੀ ਕੋਈ ਕੀਮਤ ਨਹੀਂ।'' ਇਸੇ ਦਰਮਿਆਨ ਇੱਕ ਜੋਸ਼ ਨਾਲ਼ ਭਰਿਆ ਜੋੜਾ ਬਗ਼ੈਰ ਸੌਦੇਬਾਜ਼ੀ ਕੀਤਿਆਂ ਇੱਕਤਾਰਾ ਖਰੀਦ ਲੈਂਦਾ ਹੈ। ਸੰਜੈ ਦਾ ਚਿਹਰਾ ਚਮਕ ਉੱਠਦਾ ਹੈ। ''ਇਹਨੂੰ ਬਣਾਉਣ ਲਈ ਬੜੀ ਮਿਹਨਤ ਲੱਗੀ ਹੈ- ਇਹਦੀ ਧੁਨ ਸੁਣ ਕੇ ਦੇਖੋ।''
ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਸਾਂ ਇਹ ਸ਼ਿਲਪ ਕਲਾ ਕਿੱਥੋਂ ਸਿੱਖੀ। 47 ਸਾਲਾ ਸੰਜੈ ਇਸ ਸਵਾਲ ਦੇ ਜਵਾਬ ਵਿੱਚ ਕਹਿੰਦੇ ਹਨ,''ਮੈਂ ਇਹ ਆਪੇ ਹੀ ਸਿੱਖੀ ਹੈ। 8ਵੀਂ ਦੀ ਪੜ੍ਹਾਈ ਛੁੱਟਣ ਤੋਂ ਬਾਅਦ ਮੈਂ ਅੱਗੇ ਪੜ੍ਹਾਈ ਜਾਰੀ ਨਾ ਰੱਖ ਸਕਿਆ। ਪੰਜੀ ਸਾਲਾਂ ਤੱਕ ਮੈਂ ਹਰਮੋਨੀਅਮ ਦੀ ਮੁਰੰਮਤ ਦਾ ਕੰਮ ਕੀਤਾ। ਫਿਰ ਮੈਂ ਉਸ ਕੰਮ ਤੋਂ ਅੱਕ ਗਿਆ। ਪਿਛਲੇ ਡੇਢ ਸਾਲ ਤੋਂ ਮੈਨੂੰ ਇਸ ਕੰਮ ਦਾ ਚਸਕਾ ਪੈ ਗਿਆ ਹੈ। ਕਦੇ-ਕਦੇ, ਜਦੋਂ ਲੋਕ ਆਪਣਾ ਹਰਮੋਨੀਅਮ ਲੈ ਕੇ ਆਉਂਦੇ ਹਨ ਤਾਂ ਮੈਂ ਮੁਰੰਮਤ ਕਰ ਦਿੰਦਾ ਹਾਂ ਪਰ ਹੁਣ ਇਹੀ ਮੇਰਾ ਕਾਰੋਬਾਰ ਹੈ। ਮੈਂ ਇਸ ਕੰਮ ਲਈ ਲੋੜੀਂਦੇ ਸਾਰੇ ਟੂਲ ਵੀ ਆਪਣੇ ਹੱਥੀਂ ਬਣਾਉਂਦਾ ਹਾਂ। ਜੇ ਕਦੇ ਤੁਸੀਂ ਮੇਰੇ ਘਰ ਆਓ ਤਾਂ ਮੇਰੀ ਹਸਤਕਲਾ ਨੂੰ ਦੇਖ ਕੇ ਹੈਰਾਨ ਰਹਿ ਜਾਓਗੀ, ਬੜੇ ਫ਼ਖ਼ਰ ਨਾਲ ਸੰਜੈ ਕਹਿੰਦੇ ਹਨ।
ਆਮ ਤੌਰ 'ਤੇ ਸੰਜੈ ਦਾ ਰੇਲ ਦਾ ਰੂਟ ਪਲਾਸੀ (ਜਾਂ ਪਾਲਾਸ਼ੀ) ਅਤੇ ਕ੍ਰਿਸ਼ਨਾਨਗਰ ਵਿਚਾਲੇ ਹੀ ਰਹਿੰਦਾ ਹੈ। ''ਮੈਂ ਹਫ਼ਤੇ ਵਿੱਚ ਤਿੰਨ ਦਿਨ ਸਮਾਨ ਵੇਚਦਾ ਹਾਂ ਅਤੇ ਬਾਕੀ ਦਿਨ ਸਮਾਨ ਬਣਾਉਂਦਾ ਹਾਂ। ਇਹ ਬੜੀ ਸੂਖ਼ਮ ਕਲਾ ਹੈ ਅਤੇ ਇਸ ਵਿੱਚ ਕਾਹਲੀ ਨਹੀਂ ਦਿਖਾਈ ਜਾ ਸਕਦੀ ਹੁੰਦੀ। ਲੱਕੜ ਦੀ ਇਸ ਬੱਸ ਨੂੰ ਬਣਾਉਣ ਵਿੱਚ ਬੜਾ ਸਮਾਂ ਖੱਪ ਗਿਆ ਸੀ। ਤੁਸੀਂ ਇਹਨੂੰ ਫੜ੍ਹ ਕੇ ਦੇਖੋ।'' ਉਹ ਮੈਨੂੰ ਲੱਕੜੀ ਦੀ ਇੱਕ ਛੋਟੀ-ਜਿਹੀ ਬੱਸ ਫੜ੍ਹਾਉਂਦੇ ਹਨ।
ਤੁਸੀਂ ਕਮਾ ਕਿੰਨਾ ਕੁ ਲੈਂਦੇ ਹੋ? ''ਅੱਜ ਅੱਜ ਮੈਂ 800 ਰੁਪਏ ਦਾ ਸਮਾਨ ਵੇਚ ਸਕਦਾ ਹਾਂ। ਜਿਸ ਵਿੱਚ ਮੁਨਾਫ਼ਾ ਤਾਂ ਨਿਗੂਣਾ ਹੀ ਬੱਚਦਾ ਹੈ। ਕਿਉਂਕਿ ਕੱਚਾ ਮਾਲ ਕਾਫ਼ੀ ਮਹਿੰਗਾ ਆਉਂਦਾ ਹੈ ਅਤੇ ਮੈਂ ਸਸਤੀ ਲੱਕੜ ਨਹੀਂ ਲਾਉਂਦਾ। ਇਸ ਵਿੱਚ ਬਰਮਾ ਦੀ ਸਾਗੌਨ ਜਾਂ ਸ਼ਿਰਿਸ਼ ਦੀ ਲੱਕੜ ਦੀ ਲੋੜ ਹੁੰਦੀ ਹੈ। ਮੈਂ ਇਹ ਲੱਕੜਾਂ, ਲੱਕੜ ਦੇ ਵਪਾਰੀਆਂ ਕੋਲ਼ੋਂ ਖਰੀਦਦਾ ਹਾਂ। ਮੈਨੂੰ ਕੋਲਕਾਤਾ ਦੇ ਬੁਰਾਬਜ਼ਾਰ ਜਾਂ ਚਾਈਨਾ ਬਜ਼ਾਰੋਂ ਚੰਗੀ ਗੁਣਵੱਤਾ ਵਾਲ਼ਾ ਪੇਂਟ ਅਤੇ ਸਪਰਿਟ ਮਿਲ਼ ਜਾਂਦੀ ਹੈ। ਮੈਂ ਧੋਖਾ ਦੇਣਾ ਜਾਂ ਚਲਾਕੀ ਕਰਨੀ ਨਹੀਂ ਸਿੱਖੀ... ਮੈਂ ਕਰੀਬ ਕਰੀਬ ਹਰ ਸਮੇਂ ਕੰਮ ਹੀ ਕਰਦਾ ਰਹਿੰਦਾ ਹਾਂ। ਜੇ ਤੁਸੀਂ ਮੇਰੇ ਘਰ ਆਓ ਤਾਂ ਮੈਨੂੰ ਦਿਨ-ਰਾਤ ਕੰਮੇ ਲੱਗਿਓ ਦੇਖੋਗੀ। ਮੈਂ ਲੱਕੜ ਨੂੰ ਪਾਲਸ਼ ਕਰਨ ਲਈ ਕਿਸੇ ਮਸ਼ੀਨ ਦੀ ਵਰਤੋਂ ਨਹੀਂ ਕਰਦਾ ਸਗੋਂ ਆਪਣੇ ਹੱਥੀਂ ਪਾਲਸ਼ ਕਰਦਾ ਹਾਂ। ਇਸੇ ਕਾਰਨ ਕਰਕੇ ਇਹ ਚੀਜ਼ਾਂ ਇੰਨੀਆਂ ਚਮਕ ਰਹੀਆਂ ਹਨ।''
ਸੰਜੈ ਆਪਣੀਆਂ ਬਣਾਈਆਂ ਗਈਆਂ ਇਨ੍ਹਾਂ ਵਸਤਾਂ ਨੂੰ 40 ਰੁਪਏ (ਇੱਕ ਸ਼ਿਵ-ਲਿੰਗ ਲਈ) ਤੋਂ ਲੈ ਕੇ 500 ਰੁਪਏ (ਇੱਕ ਛੋਟੀ ਬੱਸ) ਤੱਕ ਵੇਚਦੇ ਹਨ। ''ਮੈਨੂੰ ਦੱਸੋ, ਇਹ ਬੱਸ ਤੁਹਾਨੂੰ ਇੱਕ ਸ਼ਾਪਿੰਗ ਮਾਲ ਵਿੱਚ ਕਿੰਨੇ ਕੁ ਦੀ ਮਿਲ਼ੇਗੀ?'' ਉਹ ਪੁੱਛਦੇ ਹਨ। ''ਬਹੁਤੇ ਯਾਤਰੀ ਅਜਿਹੇ ਹਨ ਜੋ ਇੰਨੇ ਪਿਆਰ ਨਾਲ਼ ਕੀਤੀ ਗਈ ਮੇਰੀ ਕਲਾ ਦੀ ਕਦਰ ਨਹੀਂ ਕਰਦੇ ਅਤੇ ਬੜੀ ਸੌਦੇਬਾਜ਼ੀ ਕਰਦੇ ਹਨ। ਮੈਂ ਬੜਾ ਮੁਸ਼ਕਲ ਹੀ ਆਪਣਾ ਜੀਵਨ ਬਸਰ ਕਰ ਰਿਹਾ ਹਾਂ। ਸ਼ਾਇਦ ਇੱਕ ਦਿਨ ਆਵੇਗਾ ਜਦੋਂ ਮੇਰੇ ਕੰਮ ਦੀ ਕਦਰ ਪਵੇਗੀ।''
ਰੇਲ ਜਿਓਂ ਹੀ ਕ੍ਰਿਸ਼ਨਾਨਗਰ ਪਹੁੰਚਦੀ ਹੈ, ਸੰਜੈ ਆਪਣੀ ਟੋਕਰੀ ਚੁੱਕਦੇ ਹਨ ਅਤੇ ਉਤਰਨ ਦੀ ਤਿਆਰੀ ਕੱਸ ਲੈਂਦੇ ਹਨ। ਉਹ ਨਦਿਆ ਜ਼ਿਲ੍ਹੇ ਦੇ ਬਡਕੁਲਾ ਨਗਰ ਦੀ ਘੋਸ਼ਪਾਰਾ ਬਸਤੀ ਵਿਖੇ ਸਥਿਤ ਆਪਣੇ ਘਰ ਜਾਣਗੇ। ਕਿਉਂਕਿ ਉਹ ਅਜੇ ਵੀ ਹਰਮੋਨੀਅਮ ਦੀ ਮੁਰੰਮਤ ਕਰਦੇ ਹਨ ਅਤੇ ਉਨ੍ਹਾਂ ਨੇ ਅਜਿਹੇ ਹੀ ਹੋਰ ਕਿੰਨੇ ਹੀ ਖ਼ੂਬਸੂਰਤ ਇੱਕਤਾਰੇ ਵੀ ਘੜ੍ਹਨੇ ਹਨ। ਸਹਿਜ ਸੁਭਾਅ ਮੈਂ ਪੁੱਛ ਬੈਠੀ ਕਿ ਉਹ ਗਾਉਂਦੇ ਵੀ ਹਨ। ਉਹ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ,''ਕਦੇ-ਕਦਾਈਂ, ਆਪਣੇ ਪਿੰਡਾਂ ਦੇ ਗੀਤ ਛੋਹ ਲੈਂਦਾ ਹਾਂ।''
ਤਰਜਮਾ: ਨਿਰਮਲਜੀਤ ਕੌਰ