ਮੁੱਖ ਸਟੇਜ ਦੇ ਸਾਹਮਣੇ ਬੈਠੀ ਭੀੜ ਸ਼ਾਂਤ ਹੋ ਗਈ। ਇਕਲੌਤੀ ਸੁਣੀਂਦੀ ਅਵਾਜ਼ ਜੋ ਹਵਾ ਵਿੱਚ ਗੂੰਜਦੀ ਰਹੀ ਸੀ, ਉਹ ਇੱਥੋਂ ਦੇ ਲੱਖਾਂ ਲੋਕਾਂ ਅਤੇ ਸੈਂਕੜੇ ਕਿਲੋਮੀਟਰ ਦੂਰ ਹਰੇਕ ਵਿਅਕਤੀ ਦੀ ਹੋਮ ਸਟੇਟ (ਗ੍ਰਹਿ ਸੂਬਾ) ਵਿੱਚ ਉਨ੍ਹਾਂ ਦੇ ਦਿਲਾਂ ਦੀ ਧੜਕਨ ਸੀ। ਨੇਤਾਵਾਂ ਨੇ ਅਦਬ ਵਿੱਚ ਆਪਣਾ ਸਿਰ ਝੁਕਾਇਆ ਹੋਇਆ ਸੀ, ਉਨ੍ਹਾਂ ਦਾ ਹੌਂਸਲਾ ਕਾਫੀ ਬੁਲੰਦ ਸੀ। ਇਸ ਭਾਵਨਾਤਮਕ ਮਾਹੌਲ ਵਿੱਚ, ਸਾਰਿਆਂ ਦੀਆਂ ਅੱਖਾਂ ਉਡੀਕ ਰਹੀਆਂ ਸਨ ਜਿਓਂ ਹੀ ਸਿੰਘੂ ਵਿਖੇ ਅੱਠੋ ਨੌਜਵਾਨ ਆਪਣੇ ਸਿਰਾਂ 'ਤੇ ਮਿੱਟੀ ਨਾਲ਼ ਭਰੇ ਮਟਕੇ ਚੁੱਕੀ ਸੰਯੁਕਤ ਕਿਸਾਨ ਮੋਰਚਾ ਦੇ ਮੰਚ 'ਤੇ ਚੜ੍ਹੇ।
ਯਾਦਾਂ ਅਤੇ ਪਵਿੱਤਰ ਮਿੱਟੀ ਨਾਲ਼ ਭਰਿਆ ਹਰ ਮਟਕਾ ਮੀਲਾਂ ਦਾ ਪੈਂਡਾ ਤੈਅ ਕਰਕੇ 23 ਮਾਰਚ, 2021 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 90ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੋਲ਼ ਅਪੜਿਆ ਸੀ।
"ਪੰਜਾਬ ਦੇ ਇਹ ਨੌਜਵਾਨ ਅੱਠ ਇਤਿਹਾਸਕ ਥਾਵਾਂ ਤੋਂ ਮਿੱਟੀ ਲੈ ਕੇ ਆਏ ਸਨ। ਉਹ ਥਾਵਾਂ ਜੋ ਸਾਡੇ ਲਈ ਵਿਸ਼ੇਸ਼ ਹਨ, ਸਾਡੀ ਦਿਲਾਂ ਵਿੱਚ ਹਨ- ਅਤੇ ਅਸੀਂ ਉਨ੍ਹਾਂ ਦਾ ਸੁਆਗਤ ਕਰਦੇ ਹਾਂ," ਮੰਚ ਤੋਂ ਇੱਕ ਕਿਸਾਨ ਆਗੂ, ਜਤਿੰਦਰ ਸਿੰਘ ਛੀਨਾ ਨੇ ਐਲਾਨ ਕੀਤਾ।
ਮਿੱਟੀ, ਜੋ ਕਿਸਾਨਾਂ ਦੇ ਜੀਵਨ ਵਿੱਚ ਸਦਾ ਤੋਂ ਹੀ ਭੌਤਿਕ ਅਤੇ ਸੱਭਿਆਚਾਰਕ ਮਹੱਤਵ ਰੱਖਦੀ ਆਈ ਹੈ ਨੇ ਇਸ ਸਹੀਦੀ ਦਿਹਾੜੇ 'ਤੇ ਨਵੇਂ ਸਿਆਸੀ, ਇਤਿਹਾਸਕ ਅਤੇ ਰੂਪਕ ਅਰਥ ਪ੍ਰਾਪਤ ਕੀਤੇ। ਜਿਸ ਮਿੱਟੀ ਨੂੰ ਉਹ ਪਵਿੱਤਰ ਸਮਝਦੇ ਹਨ ਉਹਨੂੰ ਵੱਖ ਵੱਖ ਸ਼ਹੀਦਾਂ ਦੇ ਪਿੰਡਾਂ ਤੋਂ ਲਿਆਉਣਾ, ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਊਰਜਾਮਈ ਅਤੇ ਪ੍ਰੇਰਿਤ ਕਰਨ ਦਾ ਇੱਕ ਤਰੀਕਾ ਸੀ ਅਤੇ ਇਹ ਵਿਚਾਰ ਕਿਸਾਨ ਸੰਘ ਅਤੇ ਕਾਰਕੁੰਨਾਂ ਦੀਆਂ ਜਿਲ੍ਹਾ ਪੱਧਰੀ ਬੈਠਕਾਂ ਵਿੱਚ ਆਮ ਲੋਕਾਂ ਦੇ ਦਿਮਾਗ਼ ਵਿੱਚ ਆਇਆ।
"ਫਿਲਹਾਲ, ਮੈਂ ਭਾਵੁਕ ਹਾਂ। ਅਸੀਂ ਸਾਰੇ ਹੀ ਭਾਵੁਕ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸ਼ਹੀਦ ਕਿਸ ਲਹੂ ਅਤੇ ਹੱਡੀਆਂ ਦੇ ਬਣੇ ਸਨ," ਮਿੱਟੀ ਲਿਆਉਣ ਵਾਲ਼ਿਆਂ ਵਿੱਚੋਂ ਇੱਕ, ਪੰਜਾਬ ਦੇ ਸੰਗਰੂਰ ਜਿਲ੍ਹੇ ਦੇ 35 ਸਾਲਾ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ। "ਅਸੀਂ ਮਿੱਟੀ ਇਸਲਈ ਇਕੱਠੀ ਕੀਤੀ ਹੈ ਕਿਉਂਕਿ ਇਹ ਸਾਨੂੰ ਜਾਲਮਾਂ ਖਿਲਾਫ਼ ਲੜਨ ਦੀ ਹਿੰਮਤ ਅਤੇ ਹੌਂਸਲਾ ਦਿੰਦੀ ਹੈ।"
23 ਮਾਰਚ ਦਾ ਸ਼ਹੀਦੀ ਦਿਹਾੜਾ, ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਹੁਣ ਤੱਕ ਦਾ ਸਭ ਤੋਂ ਵੱਡਾ ਗੈਰ-ਹਿੰਸਕ ਅਤੇ ਇਤਿਹਾਸਕ ਪ੍ਰਦਰਸ਼ਨ ਦਾ 117ਵਾਂ ਦਿਨ ਵੀ ਸੀ।
ਨਵੇਂ ਖੇਤੀ ਕਨੂੰਨ ਜਿਨ੍ਹਾਂ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਦੇ ਰੂਪ ਵਿੱਚ ਨਵੇਂ ਕਨੂੰਨੀ 'ਸੁਧਾਰ' ਦਾ ਵਿਰੋਧ ਕਰ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (ਏਪੀਐੱਮਸੀ), ਰਾਜ ਦੁਆਰ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਲੜਾਈ ਖੇਤੀ 'ਤੇ ਕਾਰਪੋਰੇਟ ਦੇ ਸੰਪੂਰਣ ਨਿਯੰਤਰਣ ਦੇ ਖਿਲਾਫ਼ ਹੈ ਜੋ ਨਾ ਤਾਂ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਿਆ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਅਧਿਕਾਰਾਂ ਦੀ ਪਰਵਾਹ ਕਰਦੇ ਹਨ। ਉਹ ਆਪਣੇ ਸੰਘਰਸ਼ ਨੂੰ ਨਿਆ ਅਤੇ ਲੋਕਤੰਤਰ ਦੇ ਨਾਲ਼-ਨਾਲ਼ ਆਪਣੀ ਜ਼ਮੀਨ ਅਤੇ ਅਧਿਕਾਰਾਂ ਦੀ ਲੜਾਈ ਦੇ ਰੂਪ ਵਿੱਚ ਵੀ ਦੇਖਦੇ ਹਨ। ਉਨ੍ਹਾਂ ਲਈ ਇਹ ਅਜ਼ਾਦੀ ਦੀ ਲੜਾਈ ਵੀ ਹੈ, ਪਰ ਇਸ ਵਾਰ ਜ਼ਾਲਮ ਕੋਈ ਬਾਹਰੀ ਵਿਅਕਤੀ ਨਹੀਂ ਹੈ।
"ਇਨਕਲਾਬੀਆਂ ਨੇ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਲੜੀ," ਪੰਜਾਬ ਦੇ ਫ਼ਰੀਦਕੋਟ ਜਿਲ੍ਹੇ ਦੇ ਕੋਟ ਕਪੂਰਾ ਬਲਾਕ ਦੇ ਔਲਖ ਪਿੰਡ ਦੇ 23 ਸਾਲਾ ਮੋਹਨ ਸਿੰਘ ਔਲਖ ਨੇ ਕਿਹਾ। "ਉਹ ਇੱਕ ਜ਼ਾਬਰ ਅਤੇ ਕਰੂਰ ਸ਼ਾਸਨ ਕਾਲ ਸੀ। ਗੱਲ ਇਹ ਨਹੀਂ ਹੈ ਕਿ ਅੰਗਰੇਜ਼ ਚਲੇ ਗਏ ਹਨ। ਅਸਲ ਸਮੱਸਿਆ ਇਹ ਹੈ ਕਿ ਅੱਤਿਆਚਾਰੀ ਸ਼ਾਸਨ ਅੱਜ ਤੀਕਰ ਕਾਇਮ ਹੈ।" ਇਸਲਈ ਉਨ੍ਹਾਂ ਲਈ ਅਤੇ ਉਸ ਦਿਨ ਉੱਥੇ ਮੌਜੂਦ ਹੋਰਨਾਂ ਲੋਕਾਂ ਲਈ, ਅਜ਼ਾਦੀ ਘੁਲਾਟੀਆਂ ਦੇ ਬਲੀਦਾਨ ਨਾਲ਼ ਖੁਸ਼ਹਾਲ ਹੋਈ ਮਿੱਟੀ ਨੂੰ ਮੁੜ ਪ੍ਰਾਪਤ ਕਰਨਾ ਸੰਵਿਧਾਨਕ ਅਧਿਕਾਰਾਂ ਦਾ ਦਾਅਵਾ ਕਰਨ ਦਾ ਇੱਕ ਪ੍ਰਤੀਕਾਤਮਕ ਰਾਜਨੀਤਕ ਕਾਰਜ ਬਣ ਗਿਆ।
ਉਹ 23 ਮਾਰਚ ਦੀ ਸਵੇਰ ਸਿੰਘੂ ਅੱਪੜੇ- ਜਿੱਥੇ ਉਸ ਦਿਨ ਪੂਰੇ ਦੇਸ਼ ਦੇ 2,000 ਤੋਂ ਵੱਧ ਕਿਸਾਨ ਪਹੁੰਚੇ ਸਨ। ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਹਰੀ ਰਾਜਗੁਰੂ ਦੀਆਂ ਤਸਵੀਰਾਂ ਮੰਚ 'ਤੇ ਪ੍ਰਮੁਖਤਾ ਨਾਲ਼ ਲੱਗੀਆਂ ਸਨ, ਜਿੱਥੇ ਮਿੱਟੀ ਨਾਲ਼ ਭਰੇ ਮਟਕੇ ਰੱਖੇ ਗਏ ਸਨ।
ਜਦੋਂ ਉਨ੍ਹਾਂ ਨੂੰ 23 ਮਾਰਚ 1931 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਅੰਗਰੇਜਾਂ ਦੁਆਰਾ ਫਾਹੇ ਟੰਗਿਆ ਗਿਆ ਸੀ ਤਾਂ ਇਨ੍ਹਾਂ ਮਹਾਨ ਅਜ਼ਾਦੀ ਘੁਲਾਟੀਆਂ ਵਿੱਚੋਂ ਹਰ ਇੱਕ ਦੀ ਉਮਰ 20 ਸਾਲਾਂ ਦੇ ਕਰੀਬ ਸੀ । ਉਨ੍ਹਾਂ ਦੀਆਂ ਲੋਥਾਂ ਨੂੰ ਮਲ੍ਹਕੜੇ ਜਿਹੇ ਹਨ੍ਹੇਰੀ ਰਾਤ ਨੂੰ ਹੁਸੈਨੀਵਾਲਾ ਪਿੰਡ ਲਿਆਂਦਾ ਗਿਆ ਅਤੇ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਦੇ ਇਸ ਪਿੰਡ ਵਿੱਚ, ਸਤਲੁਜ ਕੰਢੇ ਹੁਸੈਨੀਵਾਲਾ ਰਾਸ਼ਟਰੀ ਸ਼ਹੀਦੀ ਸਮਾਰਕ 1968 ਵਿੱਚ ਬਣਾਇਆ ਗਿਆ ਸੀ। ਇਸ ਥਾਂ 'ਤੇ ਉਨ੍ਹਾਂ ਦੇ ਇਨਕਲਾਬੀ ਸਹਿਯੋਗੀ ਬੁਟਕੇਸ਼ਵਰ ਦੱਤ ਅਤੇ ਭਗਤ ਸਿੰਘ ਦੀ ਮਾਂ ਵਿਦਿਆਵਤੀ ਦਾ ਵੀ ਅੰਤਮ ਸਸਕਾਰ ਕੀਤਾ ਗਿਆ ਸੀ। ਸਿੰਘੂ ਦੇ ਮੰਚ 'ਤੇ ਪਏ ਇਨ੍ਹਾਂ ਮਟਕਿਆਂ ਵਿੱਚ ਪਹਿਲੇ ਮਟਕੇ ਵਿੱਚ ਉਸੇ ਥਾਂ ਦੀ ਮਿੱਟੀ ਸੀ।
ਭਗਤ ਸਿੰਘ ਨੂੰ ਜਦੋਂ ਫਾਹੇ ਟੰਗਿਆ ਗਿਆ ਤਦ ਉਨ੍ਹਾਂ ਦੀ ਜੇਬ੍ਹ ਅੰਦਰ 1915 ਵਿੱਚ ਅੰਗਰੇਜਾਂ ਦੁਆਰਾ ਫਾਹੇ ਟੰਗੇ ਗਏ ਇੱਕ ਹੋਰ ਵੀਰ ਅਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਸੀ, ਫਾਹੇ ਟੰਗਣ ਸਮੇਂ ਜਿਨ੍ਹਾਂ ਦੀ ਉਮਰ ਸਿਰਫ਼ 19 ਸਾਲ ਸੀ। ਦੂਸਰੇ ਮਟਕੇ ਦੀ ਮਿੱਟੀ ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਉਨ੍ਹਾਂ ਦੇ ਪਿੰਡ, ਸਰਾਭਾ ਤੋਂ ਲਿਆਂਦੀ ਗਈ ਸੀ। ਜਿਵੇਂ ਕਿ ਭਾਗਤ ਸਿੰਘ ਦੀ ਮਾਂ ਵਿਦਿਆਵਤੀ ਨੇ ਨੌਜਵਾਨ ਭਾਰਤੀ ਇਨਕਲਾਬੀ ਬਾਰੇ ਵਿੱਚ ਕਿਹਾ ਸੀ, ਜੋ ਇੱਕ ਪੱਤਰਕਾਰ ਅਤੇ ਗਦਰ ਪਾਰਟੀ ਦੇ ਪ੍ਰਮੁੱਖ ਮੈਂਬਰ ਸਨ ਕਿ ਉਹ ਉਨ੍ਹਾਂ ਦੇ ਬੇਟੇ ਦੇ "ਨਾਇਕ, ਦੋਸਤ ਅਤੇ ਸਾਥੀ" ਸਨ।
ਪਰ ਭਗਤ ਸਿੰਘ ਦੀ ਕਹਾਣੀ 12 ਸਾਲ ਦੀ ਉਮਰ ਵਿੱਚ ਸ਼ੁਰੂ ਹੋਈ, ਜਦੋਂ ਉਨ੍ਹਾਂ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਜਲ੍ਹਿਆਂਵਾਲਾ ਬਾਗ ਦੀ ਯਾਤਰਾ ਕੀਤੀ। ਬ੍ਰਿਟਿਸ਼ ਸੈਨਾ ਦੇ ਬ੍ਰਿਗੇਡੀਅਰ ਜਨਰਲ ਰੇਡੀਨਾਲਡ ਡਾਇਰ ਦੇ ਹੁਕਮ 'ਤੇ 13 ਅਪ੍ਰੈਲ 1919 ਨੂੰ 1,000 ਤੋਂ ਵੱਧ ਨਿਹੱਥੇ ਲੋਕਾਂ ਦਾ ਉੱਥੇ ਕਤਲੋਗਾਰਤ ਕੀਤਾ ਗਿਆ ਸੀ। ਭਗਤ ਸਿੰਘ ਨੇ ਜਲ੍ਹਿਆਂਵਾਲੇ ਬਾਗ ਤੋਂ ਲਹੂ ਲਿਬੜੀ ਮਿੱਟੀ ਦੇ ਢੇਰ ਇਕੱਠੇ ਕੀਤੇ ਅਤੇ ਉਹਨੂੰ ਆਪਣੇ ਨਾਲ਼ ਵਾਪਸ ਪਿੰਡ ਲੈ ਆਏ। ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਬਗੀਚੇ ਦੇ ਇੱਕ ਹਿੱਸੇ ਵਿੱਚ ਮਿੱਟੀ ਟਿਕਾ ਦਿੱਤੀ ਅਤੇ ਉਸ ਮਿੱਟੀ ਵਿੱਚੋਂ ਉਗਦੇ ਫੁੱਲਾਂ ਨੂੰ ਦੇਖਿਆ। ਤੀਸਰਾ ਮਟਕਾ ਜੋ ਸਿੰਘੂ ਲਿਆਂਦਾ ਗਿਆ ਸੀ, ਉਸ ਵਿੱਚ ਇਸੇ ਬਾਗ਼ ਦੀ ਮਿੱਟੀ ਸੀ।
ਮਿੱਟੀ ਦਾ ਚੌਥਾ ਮਟਕਾ ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਸੁਨਾਮ ਤੋਂ ਲਿਆਂਦਾ ਗਿਆ ਸੀ। ਇਹ ਊਧਮ ਸਿੰਘ ਦਾ ਪਿੰਡ ਹੈ- ਜਿਨ੍ਹਾਂ ਨੇ 13 ਮਾਰਚ, 1940 ਨੂੰ ਲੰਦਨ ਵਿੱਚ ਮਾਈਕਲ ਫਰਾਂਸਿਸ ਓਡਵਾਇਰ ਨੂੰ ਗੋਲ਼ੀ ਮਾਰ ਕੇ ਮਾਰਨ ਸੁੱਟਣ ਦੇ ਦੋਸ਼ ਵਿੱਚ ਇੱਕ ਬ੍ਰਿਟਿਸ਼ ਅਦਾਲਤ ਵਿੱਚ ਮੁਕੱਦਮੇ ਦੌਰਾਨ ਆਪਣਾ ਨਾਂਅ ਬਦਲ ਕੇ ਮੁਹੰਮਦ ਸਿੰਘ ਅਜ਼ਾਦ ਕਰ ਲਿਆ ਸੀ। ਓਡਵਾਇਰ ਨੇ, ਪੰਜਾਬ ਦੇ ਉਪ-ਰਾਜਪਾਲ ਦੇ ਰੂਪ ਵਿੱਚ, ਜਲ੍ਹਿਆਵਾਲੇ ਬਾਗ਼ ਵਿੱਚ ਜਨਰਲ ਡਾਇਰ ਦੀ ਕਾਰਵਾਈ ਦੀ ਹਮਾਇਤ ਕੀਤੀ ਸੀ। ਊਧਮ ਸਿੰਘ ਨੂੰ ਮੌਤ ਦੀ ਸਜਾ ਸੁਣਾਈ ਗਈ ਅਤੇ 31 ਜੁਲਾਈ, 1940 ਨੂੰ ਲੰਦਨ ਦੇ ਪੇਂਟੋਨਵਿਲੇ ਜੇਲ੍ਹ ਵਿੱਚ ਫਾਹੇ ਟੰਗ ਦਿੱਤਾ ਸੀ। 1974 ਵਿੱਚ, ਉਨ੍ਹਾਂ ਦੇ ਅਵਸ਼ੇਸ਼ਾਂ ਨੂੰ ਭਾਰਤ ਲਿਆਂਦਾ ਗਿਆ ਅਤੇ ਸੁਨਾਮ ਵਿੱਚ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
"ਜਿਸ ਤਰ੍ਹਾਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚਾਚਾ ਅਜੀਤ ਸਿੰਘ, ਊਧਮ ਸਿੰਘ ਅਤੇ ਸਾਡੇ ਗੁਰੂਆਂ ਨੇ ਜ਼ਾਲਮਾਂ ਖਿਲਾਫ਼ ਲੜਾਈ ਲੜੀ, ਅਸੀਂ ਵੀ ਆਪਣੇ ਆਗੂਆਂ ਵੱਲੋਂ ਦਰਸਾਏ ਰਾਹ 'ਤੇ ਚੱਲਣ ਲਈ ਦ੍ਰਿੜ ਸੰਕਲਪ ਹਾਂ," ਭੁਪਿੰਦਰ ਲੌਂਗੋਵਾਲ ਨੇ ਕਿਹਾ। ਸਿੰਘੂ ਦੇ ਕਈ ਹੋਰ ਕਿਸਾਨਾਂ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਹੁਰਾਇਆ।
"ਅਸੀਂ ਸ਼ੁਰੂ ਤੋਂ ਹੀ ਤਾਕਤ-ਵਿਹੂਣੇ ਲੋਕਾਂ 'ਤੇ ਤਾਕਤਵਰ ਲੋਕਾਂ ਦੀ ਮਨਮਾਨੀ ਥੋਪੇ ਜਾਣ ਦਾ ਵਿਰੋਧ ਕਰਦੇ ਰਹੇ ਹਾਂ," ਭਗਤ ਸਿੰਘ ਦੇ 64 ਸਾਲਾ ਭਤੀਜੇ, ਅਭੈ ਸਿੰਘ ਨੇ ਖੇਤੀ ਕਨੂੰਨਾਂ ਦੇ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਾਨ ਗੁਆਉਣ ਵਾਲੇ ਕਰੀਬ 300 ਕਿਸਾਨਾਂ ਨੂੰ ਚੇਤੇ ਕਰਦਿਆਂ ਕਿਹਾ।
ਪੰਜਵਾਂ ਮਟਕਾ ਫਤਿਹਗੜ੍ਹ ਸਾਹਬ ਤੋਂ ਲਿਆਂਦਾ ਗਿਆ ਸੀ, ਪੰਜਾਬ ਅੰਦਰ ਹੁਣ ਇਹ ਇਸੇ ਜਿਲ੍ਹੇ ਦੇ ਨਾਮ ਦਾ ਇੱਕ ਸ਼ਹਿਰ ਹੈ। ਇਹ ਉਹ ਅਸਥਾਨ ਹੈ, ਜਿੱਥੇ ਸਰਹਿੰਦ ਦੇ ਮੁਗ਼ਲ ਗਵਰਨਰ ਵਜੀਰ ਖਾਨ ਦੇ ਹੁਕਮ 'ਤੇ 26 ਦਸੰਬਰ, 1704 ਨੂੰ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜਾਦਿਆਂ, ਪੰਜ ਸਾਲਾ ਬਾਬਾ ਫਤਿਹ ਸਿੰਘ ਅਤੇ ਸੱਤ ਸਾਲਾ ਬਾਬਾ ਜੋਰਾਵਰ ਸਿੰਘ ਨੂੰ ਜਿਊਂਦੇ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ।
ਛੇਵੇਂ ਮਟਕੇ ਦੀ ਮਿੱਟੀ ਗੁਰੂਦੁਆਰਾ ਕਤਲਗੜ੍ਹ ਸਾਹਬ ਤੋਂ ਲਿਆਂਦੀ ਗਈ ਸੀ, ਜੋ ਪੰਜਾਬ ਦੇ ਰੂਪਨਗਰ ਜਿਲ੍ਹੇ ਵਿੱਚ ਪੈਂਦੇ ਚਮਕੌਰ ਸਾਹਿਬ ਵਿੱਚ ਸਥਿਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਦੋ ਸਾਹਿਬਜਾਦੇ-17 ਸਾਲਾ ਅਜੀਤ ਸਿੰਘ ਅਤੇ 14 ਸਾਲਾ ਜੁਝਾਰ ਸਿੰਘ-ਮੁਗਲਾਂ ਖਿਲਾਫ਼ ਲੜਦਿਆਂ ਸ਼ਹੀਦ ਹੋਏ ਸਨ। ਇਹ ਮਟਕਾ ਰੂਪਨਗਰ ਜਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਰਣਬੀਰ ਸਿੰਘ ਲਿਆਏ ਸਨ। ਚਾਰੋ ਸਾਹਿਬਜਾਦਿਆਂ ਦੀਆਂ ਲਾਸਾਨੀ ਜ਼ੁਰੱਅਤ ਅਤੇ ਸ਼ਹਾਦਤ ਦੀਆਂ ਕਹਾਣੀਆਂ ਖੇਤੀ ਕਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਬਹੁਤ ਸਾਰੇ ਕਿਸਾਨਾਂ ਦੇ ਡੂੰਘੇ ਮਨੀਂ ਬੈਠੀਆਂ ਹਨ।
ਸੱਤਵਾਂ ਮਟਕਾ ਪੰਜਾਬ ਦੇ ਰੂਪਨਗਰ ਜਿਲ੍ਹੇ ਵਿੱਚ ਖਾਲਸਾ ਦੇ ਜਨਮ ਅਸਥਾਨ, ਸ਼੍ਰੀ ਅਨੰਦਪੁਰ ਸਾਹਬ ਤੋਂ ਲਿਆਂਦਾ ਗਿਆ ਸੀ। ਖਾਲਸਾ ਦਾ ਅਰਥ ਹੈ 'ਸ਼ੁੱਧ', ਅਤੇ 1699 ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਤ ਸਿੱਖ ਧਰਮ ਦੇ ਅੰਦਰ ਯੋਧਿਆਂ ਦੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦਾ ਕਰਤੱਵ ਬੇਕਸੂਰਾਂ ਨੂੰ ਜ਼ੁਲਮ ਅਤੇ ਦਾਬੇ ਤੋਂ ਬਚਾਉਣਾ ਹੈ। "ਖਾਲਸਾ ਦੇ ਗਠਨ ਨਾਲ ਸਾਨੂੰ ਲੜਨ ਦੀ ਭਾਵਨਾ ਮਿਲੀ ਅਤੇ ਖੇਤੀ ਕਨੂੰਨਾਂ ਖਿਲਾਫ਼ ਵਿਰੋਧ ਵੀ ਪੰਜਾਬ ਤੋਂ ਹੀ ਸ਼ੁਰੂ ਹੋਇਆ। ਸਾਡਾ ਦੇਸ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਸ਼ਹੀਦਾਂ ਦਾ ਸਨਮਾਨ ਕਰਦੇ ਹਨ। ਭਾਰਤੀਆਂ ਦਾ ਸਬੰਧ ਉਸ ਪਰੰਪਰਾ ਨਾਲ਼ ਹੈ ਜਿੱਥੇ ਅਸੀਂ ਆਪਣੇ ਪਿਆਰਿਆਂ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਨੂੰ ਸ਼ਰਧਾਂਜਲੀ ਦਿੰਦੇ ਹਾਂ," ਰਣਬੀਰ ਸਿੰਘ ਨੇ ਕਿਹਾ।
ਵੱਖੋ-ਵੱਖ ਥਾਵਾਂ ਤੋਂ ਮਿੱਟੀ ਲਿਆਉਣ ਵਾਲ਼ੇ ਤਿੰਨੋਂ ਨੌਜਵਾਨ- ਭੁਪਿੰਦਰ, ਮੋਹਨ ਅਤੇ ਰਣਬੀਰ ਨੇ ਕਿਹਾ ਕਿ ਦਿੱਲੀ ਸੀਮਾਵਾਂ 'ਤੇ ਵਿਰੋਧ ਕਰ ਰਹੇ ਕਿਸਾਨ ਖੁਦ ਇਨ੍ਹਾਂ ਥਾਵਾਂ 'ਤੇ ਨਹੀਂ ਜਾ ਸਕਦੇ ਪਰ ਉੱਥੋਂ ਦੀ ਮਿੱਟੀ ''ਲੜਨ ਲਈ ਉਨ੍ਹਾਂ ਦਾ ਹੌਂਸਲਾ ਵਧਾਵੇਗੀ, ਅਤੇ ਉਨ੍ਹਾਂ ਦੇ ਜੋਸ਼ ਅਤੇ ਮਨੋਬਲ ਨੂੰ ਵਧਾਵੇਗੀ।''
ਕਤਾਰ ਵਿੱਚ ਅੱਠਵੀਂ ਥਾਵੇਂ ਰੱਖਿਆ ਮਟਕਾ, ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਬੰਗਾ ਸ਼ਹਿਰ ਦੇ ਬਾਹਰ ਭਗਤ ਸਿੰਘ ਦੇ ਜੱਦੀ ਪਿੰਡ, ਖਟਕੜ ਕਲਾਂ ਤੋਂ ਲਿਆਂਦਾ ਗਿਆ ਸੀ। ''ਭਗਤ ਸਿੰਘ ਦੇ ਵਿਚਾਰਾਂ ਦਾ ਕੇਂਦਰ ਬਿੰਦੂ ਇਹ ਸੀ ਕਿ ਮਨੁੱਖ ਦੁਆਰਾ ਮਨੁੱਖ ਦਾ ਅਤੇ ਰਾਸ਼ਟਰ ਦੁਆਰਾ ਰਾਸ਼ਟਰ ਦਾ ਸ਼ੋਸ਼ਣ ਖ਼ਤਮ ਹੋਣਾ ਚਾਹੀਦਾ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਇਹ ਲੜਾਈ ਉਨ੍ਹਾਂ ਦੇ ਆਦਰਸ਼ਾਂ ਦੀ ਪ੍ਰਾਪਤੀ ਦੀ ਦਿਸ਼ਾ ਵੱਲ ਇੱਕ ਕਦਮ ਹੈ,'' ਭਗਤ ਸਿੰਘ ਦੇ ਭਤੀਜੇ, ਅਭੈ ਸਿੰਘ ਨੇ ਕਿਹਾ।
''ਭਗਤ ਸਿੰਘ ਨੂੰ ਉਨ੍ਹਾਂ ਦੇ ਵਿਚਾਰਾਂ ਦੇ ਕਾਰਨ ਸ਼ਹੀਦ-ਏ-ਆਜਮ ਕਿਹਾ ਜਾਂਦਾ ਹੈ। ਵਿਚਾਰ ਇਹ ਹੈ ਕਿ ਤੁਹਾਨੂੰ ਆਪਣਾ ਇਤਿਹਾਸ ਖੁਦ ਲਿਖਣਾ ਹੋਵੇਗਾ ਅਤੇ ਅਸੀਂ, ਔਰਤਾਂ ਦੇ ਰੂਪ ਵਿੱਚ, ਕਿਸਾਨਾਂ ਦੇ ਰੂਪ ਵਿੱਚ, ਲਤਾੜਿਆਂ ਦੇ ਰੂਪ ਵਿੱਚ, ਆਪਣਾ ਇਤਿਹਾਸ ਲਿਖ ਰਹੇ ਹਾਂ,'' 38 ਸਾਲਾ ਕਿਸਾਨ ਅਤੇ ਕਾਰਕੁੰਨ ਸਵਿਤਾ ਨੇ ਕਿਹਾ, ਜਿਨ੍ਹਾਂ ਦੇ ਕੋਲ਼ ਹਰਿਆਣਾ ਦੇ ਹਿਸਾਰ ਜਿਲ੍ਹੇ ਦੀ ਹਾਂਸੀ ਤਹਿਸੀਲ ਦੇ ਸੋਰਖੀ ਪਿੰਡ ਵਿੱਚ ਪੰਜ ਏਕੜ ਜ਼ਮੀਨ ਹੈ।
"ਇਹ ਸਰਕਾਰ ਸਾਡੀ ਭੂਮੀ ਤੱਕ ਵੱਡੇ ਕਾਰਪੋਰੇਟਾਂ ਦੀ ਪਹੁੰਚ ਨੂੰ ਅਸਾਨ ਬਣਾਉਣ ਦੇ ਮੱਦੇਨਜ਼ਰ ਇਨ੍ਹਾਂ ਕਨੂੰਨਾਂ ਨੂੰ ਲਿਆ ਰਹੀ ਹੈ। ਜੋ ਲੋਕ ਕੇਂਦਰ ਦੇ ਫੁਰਮਾਨ ਦੀ ਹੁਕਮ ਅਦੂਲੀ ਕਰਦੇ ਹਨ, ਕਾਰਜਪਾਲਿਕਾ ਉਨ੍ਹਾਂ ਨੂੰ ਸਲਾਖਾਂ ਮਗਰ ਭੇਜ ਦਿੰਦੀ ਹੈ। ਅਸੀਂ ਨਾ ਸਿਰਫ਼ ਤਿੰਨੋਂ ਖੇਤੀ ਕਨੂੰਨਾਂ, ਸਗੋਂ ਕਾਰਪੋਰੇਟਾਂ ਦੇ ਖਿਲਾਫ਼ ਵੀ ਲੜ ਰਹੇ ਹਾਂ। ਅਸੀਂ ਅਤੀਤ ਵਿੱਚ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਲੜੀ ਹੈ। ਹੁਣ ਅਸੀਂ ਉਨ੍ਹਾਂ ਦੇ ਲੰਗੋਟੀਏ ਸਹਿਯੋਗੀਆਂ ਦੇ ਨਾਲ਼ ਵੀ ਇੰਝ ਹੀ ਕਰਾਂਗੇ।"
ਤਰਜਮਾ: ਕਮਲਜੀਤ ਕੌਰ