ਫ਼ਾਤਿਮਾ ਬਾਨੋ ਹਿੰਦੀ ਵਿੱਚ ਇੱਕ ਕਵਿਤਾ ਪੜ੍ਹ ਰਹੀ ਸਨ: ''ਓਪਰ ਪੰਖਾ ਚੱਲਤਾ ਹੈ ਨੀਚੇ ਬੱਚਾ ਸੋਤਾ ਹੈ... ਸੋ ਜਾ ਬੱਚੇ ਸੋ ਜਾ, ਲਾਲ ਪਲੰਘ ਪਰ ਸੋ ਜਾ...,'' ਇਹ ਇੱਕ ਸਕੂਲ ਹੈ ਜੋ ਰਾਜਾਜੀ ਟਾਈਗਰ ਰਿਜ਼ਰਵ ਦੇ ਅੰਦਰ ਵਣ ਗੁੱਜਰ ਬਸਤੀ ਵਿਖੇ ਚੱਲ ਰਿਹਾ ਹੈ ਜਿੱਥੇ ਇਸ ਨੌ ਸਾਲਾਂ ਬੱਚੀ ਵੱਲ ਸਾਰੇ ਆਪਣੀਆਂ ਨਜ਼ਰਾਂ ਗੱਡੀ ਬਿਟਰ-ਬਿਟਰ ਦੇਖੀ ਜਾ ਰਹੇ ਸਨ ਪਰ ਉਹ ਹੈ ਕਿ ਬਾਕੀ ਬੱਚਿਆਂ ਦੇ ਧਿਆਨ ਵਿੱਚ ਆਉਣ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਰਹੀ ਸੀ।
ਉਸ ਦਿਨ ਉਨ੍ਹਾਂ ਦਾ 'ਸਕੂਲ' ਤਬੱਸੁਮ ਬੀਵੀ ਦੇ ਘਰ ਦੇ ਐਨ ਸਾਹਮਣੇ ਵਿਹੜੇ ਵਿੱਚ ਚੱਲ ਰਿਹਾ ਸੀ। ਬੱਚਿਆਂ ਦਾ ਇੱਕ ਪੂਰਾ ਸਮੂਹ ਦਰੀ 'ਤੇ ਬੈਠਾ ਸੀ ਜਿਸ ਵਿੱਚ 5 ਸਾਲ ਤੋਂ 13 ਸਾਲ ਦੀ ਉਮਰ ਦੇ ਬੱਚੇ ਸਨ। ਕੁਝ ਕੁ ਦੇ ਹੱਥਾਂ ਵਿੱਚ ਕਾਪੀਆਂ ਫੜ੍ਹੀਆਂ ਸਨ। ਉਨ੍ਹਾਂ ਬੱਚਿਆਂ ਵਿੱਚ ਹੀ ਤਬੱਸੁਮ ਬੀਵੀ ਦੇ ਦੋ ਬੱਚੇ ਵੀ ਸਨ ਇੱਕ ਕੁੜੀ ਅਤੇ ਇੱਕ ਮੁੰਡਾ। ਉਨ੍ਹਾਂ ਦਾ ਪਰਿਵਾਰ ਵੀ ਇਸੇ ਬਸਤੀ ਵਿੱਚ ਰਹਿੰਦਾ ਹੈ ਅਤੇ ਮੱਝਾਂ ਪਾਲ਼ਦਾ ਹੈ ਅਤੇ ਜਿਊਣ ਵਾਸਤੇ ਦੁੱਧ ਵੇਚਦਾ ਹੈ।
ਕੁਨਾਊ ਚੌੜ ਬਸਤੀ ਵਿਖੇ ਇਹ ਸਕੂਲ ਸਾਲ 2015 ਤੋਂ ਕੰਮ ਕਰਦਾ ਆ ਰਿਹਾ ਹੈ ਜੋ ਵੱਖ ਵੱਖ ਥਾਵਾਂ 'ਤੇ ਲਾਇਆ ਜਾਂਦਾ ਹੈ-ਕਦੇ ਕਿਸੇ ਘਰ ਦੇ ਵਿਹੜੇ ਵਿੱਚ ਅਤੇ ਕਦੇ ਕਿਸੇ ਵੱਡੇ ਕਮਰੇ ਵਿੱਚ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਣ ਵਾਲ਼ੇ ਇਸ ਸਕੂਲ ਅੰਦਰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਕਲਾਸਾਂ ਲੱਗਦੀਆਂ ਹਨ। ਦਸੰਬਰ 2020 ਨੂੰ ਮੇਰੀ ਇੱਕ ਫ਼ੇਰੀ ਦੌਰਾਨ ਫ਼ਾਤਿਮਾ ਬਾਨੋ ਕਵਿਤਾ ਪੜ੍ਹ ਰਹੀ ਸੀ ਅਤੇ ਜਮਾਤ ਵਿੱਚ 11 ਕੁੜੀਆਂ ਅਤੇ 16 ਮੁੰਡੇ ਮੌਜੂਦ ਸਨ।
ਵਣ ਗੁੱਜਰ ਨੌਜਵਾਨਾਂ ਦਾ ਇੱਕ ਸਮੂਹ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਂਦਾ ਹੈ। ਇਹ ਨੌਜਵਾਨ ਅਧਿਆਪਕ ਉਤਰਾਖੰਡ ਦੇ ਪੌੜੀ ਗੜਵਾਲ਼ ਜ਼ਿਲ੍ਹੇ ਦੇ ਯਮਕੇਸ਼ਵਰ ਬਲਾਕ ਵਿਖੇ ਪੈਂਦੀ ਇਸ 200 ਪਰਿਵਾਰਾਂ ਵਾਲ਼ੀ ਕੁਨਾਊ ਬਸਤੀ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਇਸਲਈ ਕਰਦੇ ਹਨ ਤਾਂ ਕਿ ਵਿੱਦਿਆ ਦੀ ਇਸ ਖਾਈ ਨੂੰ ਪੂਰਿਆ ਜਾ ਸਕੇ। (ਭਾਈਚਾਰਕ ਕਾਰਕੁੰਨ ਮੁਤਾਬਕ, ਰਾਜ ਦੇ ਕੁਮਾਊਂ ਅਤੇ ਗੜਵਾਲ਼ ਇਲਾਕਿਆਂ ਵਿੱਚ 70,000 ਤੋਂ 1,00,000 ਗੁੱਜਰ ਰਹਿੰਦੇ ਹਨ ਪਰ ਵਣ ਗੁੱਜਰ ਪਿਛੜੇ ਕਬੀਲੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰਦੇ ਆਏ ਹਨ।) ਟਾਈਗਰ ਰਿਜ਼ਰਵ ਵਿਖੇ ਸਥਿਤ ਇਸ ਬਸਤੀ ਵਿੱਚ ਬਣੀਆਂ ਝੌਂਪੜੀਆਂ, ਆਮ ਤੌਰ 'ਤੇ ਗਾਰੇ ਅਤੇ ਤੂੜੀ ਨਾਲ਼ ਬਣਾਈਆਂ ਗਈਆਂ ਹਨ। ਜੰਗਲ ਵਿਭਾਗ ਨੇ ਪੱਕਾ ਘਰ ਬਣਾਉਣ 'ਤੇ ਰੋਕ ਲਾਈ ਹੋਈ ਹੈ। ਇੱਥੇ ਪਖ਼ਾਨੇ ਦੀ ਕੋਈ ਸੁਵਿਧਾ ਨਹੀਂ ਹੈ ਅਤੇ ਪਾਣੀ ਦੀ ਪੂਰਤੀ ਵਾਸਤੇ ਸਥਾਨਕ ਲੋਕ ਜੰਗਲ ਦੇ ਝਰਨਿਆਂ ਤੋਂ ਮਿਲ਼ਣ ਵਾਲ਼ੇ ਪਾਣੀ 'ਤੇ ਹੀ ਨਿਰਭਰ ਕਰਦੇ ਹਨ।
ਕੁਨਾਊ ਚੌੜ, ਰਿਜ਼ਰਵ ਦੇ ਅੰਦਰ ਸਥਿਤ ਹੈ ਅਤੇ ਪੱਕੀ ਸੜਕ ਤੋਂ ਕਾਫ਼ੀ ਦੂਰ ਹੈ ਜਿਸ ਕਾਰਨ ਉਤਪੰਨ ਕਈ ਸਮੱਸਿਆਵਾਂ ਸਕੂਲੀ ਸਿੱਖਿਆ ਵਿੱਚ ਅਨਿਸ਼ਚਤਤਾ ਅਤੇ ਦਿੱਕਤਾਂ ਬਣਦੀਆਂ ਹੀ ਰਹੀਆਂ ਹਨ। ਸਰਕਾਰੀ ਮਾਡਲ ਪ੍ਰਾਇਮਰੀ ਸਕੂਲ (5ਵੀਂ ਜਮਾਤ ਤੱਕ) ਅਤੇ ਸਰਕਾਰੀ ਇੰਟਰ-ਕਾਲਜ (ਜਮਾਤ 12 ਤੱਕ) ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਸਥਿਤ ਹਨ। ਰਿਜ਼ਰਵ ਇਲਾਕਾ ਹੋਣ ਕਾਰਨ ਇੱਥੇ ਤੇਂਦੂਏ, ਹਾਥੀ ਅਤੇ ਹਿਰਨ ਜਿਹੇ ਜੰਗਲੀ ਜਾਨਵਰ ਆਮ ਹੀ ਘੁੰਮਦੇ ਨਜ਼ਰੀਂ ਪੈ ਜਾਂਦੇ ਹਨ। ਸਕੂਲਾਂ ਤੱਕ ਪਹੁੰਚਣ ਵਾਸਤੇ ਬੀਨ ਨਦੀ (ਗੰਗਾ ਦੀ ਸਹਾਇਕ ਨਦੀ) ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ। ਮਾਨਸੂਨ ਰੁੱਤੇ (ਜੁਲਾਈ ਅਤੇ ਅਗਸਤ) ਵਿੱਚ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਬੱਚੇ ਜਾਂ ਤਾਂ ਸਕੂਲ ਆਉਣਾ ਬੰਦ ਕਰ ਦਿੰਦੇ ਹਨ ਜਾਂ ਆਪਣੇ ਮਾਪਿਆਂ ਦੀ ਮਦਦ ਨਾਲ਼ ਸਕੂਲ ਤੱਕ ਪਹੁੰਚਦੇ ਹਨ।
ਕਈ ਬੱਚਿਆਂ ਦਾ ਤਾਂ ਸਕੂਲੇ ਦਾਖ਼ਲਾ ਤੱਕ ਨਹੀਂ ਹੋਇਆ। ਕਾਗ਼ਜ਼ਾਤ ਪੂਰੇ ਨਾ ਹੋਣਾ ਵੀ ਦਾਖ਼ਲਾ ਨਾ ਹੋਣ ਦਾ ਵੱਡਾ ਕਾਰਨ ਬਣਦਾ ਹੈ। ਬੀਹੜ ਵਣ ਬਸਤੀਆਂ ਵਿੱਚ ਰਹਿਣ ਵਾਲ਼ੇ ਗੁੱਜਰ ਪਰਿਵਾਰਾਂ ਵਾਸਤੇ ਅਧਿਕਾਰਕ ਕਾਗ਼ਜ਼ਾਤ ਲਈ ਬਿਨੈ ਕਰਨਾ ਅਤੇ ਫਿਰ ਹਾਸਲ ਕਰਨ ਤੱਕ ਦਾ ਲੰਬਾ ਕੰਮ ਹੈ। ਕੁਨਾਊ ਚੌੜ ਵਿਖੇ ਬੱਚਿਆਂ ਦੇ ਮਾਤਾ-ਪਿਤਾ ਕਹਿੰਦੇ ਹਨ ਕਿ ਉਨ੍ਹਾਂ ਬਹੁਤੇਰੇ ਬੱਚਿਆਂ ਕੋਲ਼ ਜਨਮ ਸਰਟੀਫ਼ਿਕੇਟ (ਜੋ ਬਸਤੀ ਵਿੱਚ ਹੀ ਪੈਦਾ ਹੋਏ ਹਨ) ਜਾਂ ਅਧਾਰ ਕਾਰਡ ਨਹੀਂ ਹੈ। (ਮਈ 2021 ਵਿੱਚ, ਉਤਰਾਖੰਡ ਹਾਈਕੋਰਟ ਨੇ ਵਣ ਗੁੱਜਰਾਂ ਦੇ ਸਾਹਮਣੇ ਆਉਣ ਵਾਲ਼ੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ, ਇੱਕ ਕਮੇਟੀ ਬਣਾਉਣ ਦਾ ਹੁਕਮ ਦਿੱਤਾ ਸੀ)
ਕਈ ਪਰਿਵਾਰਾਂ ਦੇ ਵੱਡੇ ਬੱਚੇ ਆਪਣਾ ਬਹੁਤੇਰਾ ਸਮਾਂ ਡੰਗਰਾਂ ਨੂੰ ਸਾਂਭਣ ਵਿੱਚ ਬਿਤਾ ਦਿੰਦੇ ਹਨ। ਇਨ੍ਹਾਂ ਬੱਚਿਆਂ ਵਿੱਚੋਂ ਇੱਕ ਹੈ ਜ਼ੈਤੂਨ ਬੀਬੀ ਦਾ 10 ਸਾਲਾ ਬੇਟਾ ਇਮਰਾਨ ਅਲੀ, ਜੋ ਆਪਣੇ ਪਰਿਵਾਰ ਦੀਆਂ ਛੇ ਮੱਝਾਂ ਦੀ ਦੇਖਭਾਲ਼ ਕਰਦਾ ਹੈ। ਹਾਲਾਂਕਿ, ਉਹਦਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਦਾਖਲਾ ਤਾਂ ਹੋ ਗਿਆ ਸੀ ਅਤੇ ਬਾਅਦ ਵਿੱਚ ਅਗਸਤ 2021 ਵਿੱਚ ਉਹਨੂੰ ਜਮਾਤ ਛੇਵੀਂ ਵਿੱਚ ਕਰ ਦਿੱਤਾ ਗਿਆ ਸੀ, ਡੰਗਰਾਂ ਦੀ ਸਾਂਭ-ਸੰਭਾਲ਼ ਕਾਰਨ ਉਹਦੀ ਪੜ੍ਹਾਈ ਇੱਕ ਚੁਣੌਤੀ ਬਣੀ ਹੋਈ ਹੈ। ''ਮੈਂ ਸਵੇਰੇ 6 ਵਜੇ ਉੱਠ ਕੇ ਜਾਨਵਰਾਂ ਨੂੰ ਪੱਠੇ ਪਾਉਂਦਾ ਹਾਂ ਅਤੇ ਫਿਰ ਦੁੱਧ ਚੌਂਦਾ ਹਾਂ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਪਾਣੀ ਪਿਆਉਣ ਲੈ ਜਾਂਦਾ ਹਾਂ ਤੇ ਫਿਰ ਚਰਾਉਣ ਲਈ ਬਾਹਰ ਲੈ ਜਾਂਦਾ ਹਾਂ,'' ਇਮਰਾਨ ਕਹਿੰਦਾ ਹੈ। ਉਹਦੇ ਪਿਤਾ ਦੁੱਧ ਵੇਚਦੇ ਹਨ ਅਤੇ ਮਾਂ ਘਰ ਵੀ ਸਾਂਭਦੀ ਹਨ ਅਤੇ ਡੰਗਰ ਵੀ।
ਇਮਰਾਨ ਵਾਂਗਰ ਇੱਥੋਂ ਦੇ ਬਹੁਤੇ ਬੱਚੇ ਦਿਨ ਦਾ ਜ਼ਿਆਦਾਤਰ ਸਮਾਂ ਘਰ ਦੇ ਕੰਮਾਂ ਵਿੱਚ ਹੀ ਰੁੱਝੇ ਰਹਿੰਦੇ ਹਨ ਫ਼ਲਸਰੂਪ ਉਨ੍ਹਾਂ ਦੀ ਸਕੂਲੀ ਸਿੱਖਿਆ 'ਤੇ ਅਸਰ ਪੈਂਦਾ ਹੈ। ਇਨ੍ਹਾਂ ਵਿੱਚ ਬਾਨੋ ਬੀਬੀ ਦੇ ਬੱਚੇ ਵੀ ਸ਼ਾਮਲ ਹਨ। ਬਾਨੋ ਬੀਬੀ ਕਹਿੰਦੀ ਹਨ,''ਸਾਡੇ ਬੱਚੇ ਡੰਗਰਾਂ ਨੂੰ ਪਾਣੀ ਪਿਆਉਣ ਅਤੇ ਚਰਾਉਣ ਲੈ ਜਾਂਦੇ ਹਨ। ਉਹ ਖਾਣਾ ਪਕਾਉਣ ਵਾਸਤੇ ਬਾਲਣ ਦਾ ਜੁਗਾੜ ਵੀ ਕਰਦੇ ਹਨ।'' ਉਨ੍ਹਾਂ ਦਾ ਸਭ ਤੋਂ ਵੱਡਾ ਬੇਟਾ ਯਾਕੂਬ 10 ਸਾਲਾਂ ਦਾ ਹੈ ਅਤੇ ਜੋ ਇੰਟਰ-ਕਾਲਜ ਵਿਖੇ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ, ਪਰ ਦੋ ਬੇਟੀਆਂ ਅਤੇ ਇੱਕ ਬੇਟਾ ਜਿਨ੍ਹਾਂ ਦੀ ਉਮਰ 5 ਤੋਂ 9 ਸਾਲ ਹੈ, ਬਸਤੀ ਦੇ 'ਗ਼ੈਰ-ਰਸਮੀ' ਸਕੂਲ ਵਿੱਚ ਹੀ ਪੜ੍ਹਦੇ ਹਨ। ''ਜੇ ਸਾਡੇ ਬੱਚੇ ਪੜ੍ਹ ਲਿਖ ਲੈਣ ਤਾਂ ਇਸ ਤੋਂ ਚੰਗਾ ਹੋਰ ਕੀ ਹੋਵੇਗਾ। ਪਰ ਜੋ ਵੀ ਹੈ ਆਖ਼ਰ ਅਸੀਂ ਰਹਿਣਾ ਤਾਂ ਜੰਗਲ ਵਿੱਚ ਹੀ ਹੈ ਅਤੇ ਇਹੋ ਜਿਹੇ ਸਾਰੇ ਕੰਮ ਕਰਨੇ ਹੀ ਪੈਣੇ ਹਨ।''
ਲੰਬੇ ਸਮੇਂ ਤੱਕ ਗੁੱਜਰ ਭਾਈਚਾਰੇ ਦਾ ਖ਼ਾਨਾਬਦੋਸ਼ ਰਹਿਣ-ਸਹਿਣ ਹੀ ਬੱਚਿਆਂ ਦੀ ਸਿੱਖਿਆ ਦੇ ਰਸਤੇ ਵਿੱਚ ਰੁਕਾਵਟ ਬਣ ਕੇ ਆਉਂਦਾ ਰਿਹਾ। ਸਥਾਨਕ ਵਣ ਅਧਿਕਾਰ ਕਮੇਟੀ ਦੇ ਮੈਂਬਰ ਸ਼ਰਾਫ਼ਤ ਅਲੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਣ ਗੁੱਜਰ ਹੁਣ ਗਰਮੀਆਂ ਦੇ ਦਿਨੀਂ ਉੱਚੇ ਇਲਾਕਿਆਂ ਵਿੱਚ ਜਾਣ ਦੀ ਬਜਾਇ ਪੂਰਾ ਸਾਲ ਇੱਕੋ ਬਸਤੀ ਵਿੱਚ ਹੀ ਰਹਿੰਦੇ ਹਨ। ਉਹ ਮੋਟਾ-ਮੋਟੀ ਅੰਦਾਜ਼ਾ ਲਾ ਕੇ ਦੱਸਦੇ ਹੈ ਕਿ ਕੁਨਾਊ ਚੌੜ ਦੇ ਕਰੀਬ 200 ਪਰਿਵਾਰਾਂ ਵਿੱਚੋਂ ਸਿਰਫ਼ 4-5 ਪਰਿਵਾਰ ਹੀ ਹੁਣ ਪਹਾੜਾਂ (ਉੱਤਰਕਾਸ਼ੀ ਜਾਂ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ) ਵੱਲ ਜਾਂਦੇ ਹਨ।
ਮਹਾਂਮਾਰੀ ਕਾਰਨ 2020 ਵਿੱਚ ਲੰਬੀ ਚੱਲੀ ਤਾਲਾਬੰਦੀ ਅਤੇ ਮੁੜ 2021 ਵਿੱਚ ਲੱਗੀ ਤਾਲਾਬੰਦੀ ਕਾਰਨ, ਸਿੱਖਿਆ ਨੂੰ ਜਾਰੀ ਰੱਖਣ ਦੀਆਂ ਕੋਸ਼ਿਸ਼ਾਂ ਵੀ ਪ੍ਰਭਾਵਤ ਹੁੰਦੀਆਂ ਰਹੀਆਂ। ਸਾਲ 2020 ਵਿੱਚ ਜਦੋਂ ਮੈਂ ਇਮਰਾਨ ਨਾਲ਼ ਮਿਲ਼ੀ ਤਾਂ ਉਹਨੇ ਕਿਹਾ,''ਸਾਡਾ ਸਕੂਲ (ਸਰਕਾਰੀ ਪ੍ਰਾਇਮਰੀ ਸਕੂਲ) ਤਾਲਾਬੰਦੀ ਕਾਰਨ ਬੰਦ ਹੈ। ਹੁਣ ਅਸੀਂ ਆਪੇ ਹੀ ਪੜ੍ਹਦੇ ਹਾਂ (ਅਤੇ ਬਸਤੀ ਦੇ 'ਸਕੂਲ' ਜਾਂਦੇ ਹਾਂ)।''
ਮਾਰਚ 2020 ਦੀ ਤਾਲਾਬੰਦੀ ਦੌਰਾਨ ਘਰੋਂ ਹੀ ਕਲਾਸਾਂ ਚੱਲਦੀਆਂ ਰਹੀਆਂ ਸਨ। 33 ਸਾਲਾ ਅਧਿਆਪਕ ਮੁਹੰਮਦ ਸ਼ਮਸ਼ਾਦ ਕਹਿੰਦੇ ਹਨ,''ਅਸੀਂ ਬੱਚਿਆਂ ਨੂੰ ਕਾਪੀ ਵਿੱਚ ਘਰੋਂ ਕਰਨ ਲਈ ਕੁਝ ਕੰਮ ਦਿੰਦੇ ਅਤੇ ਫਿਰ 3-4 ਦਿਨਾਂ ਬਾਅਦ ਚੈੱਕ ਕਰਦੇ ਅਤੇ ਇੱਕ ਘਰ ਵਿੱਚ 3-4 ਬੱਚਿਆਂ ਨੂੰ ਇਕੱਠਾ ਕਰਕੇ ਨਵਾਂ ਪਾਠ ਪੜ੍ਹਾਉਂਦੇ ਸਾਂ। ਸ਼ਮਸ਼ਾਦ ਦੇ ਨਾਲ਼ 26 ਸਾਲਾ ਮੁਹੰਮਦ ਮੀਰ ਹਮਜ਼ਾ ਅਤੇ 20 ਸਾਲਾ ਆਫ਼ਤਾਬ ਅਲੀ ਰਲ਼ ਕੇ ਸਥਾਨਕ ਸਕੂਲ ਚਲਾਉਂਦੇ ਹਨ।
2017 ਵਿੱਚ ਉਨ੍ਹਾਂ ਨੇ ਅਤੇ ਹੋਰ ਨੌਜਵਾਨਾਂ ਨੇ ਵਣ ਗੁੱਜਰ ਆਦਿਵਾਸੀ ਯੁਵਾ ਸੰਗਠਨ ਦਾ ਗਠਨ ਕੀਤਾ। ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਗਤੀਸ਼ੀਲ ਇਸ ਸੰਗਠਨ ਵਿੱਚ 177 ਮੈਂਬਰ ਹਨ ਜਿਨ੍ਹਾਂ ਵਿੱਚ ਛੇ ਔਰਤਾਂ ਹਨ। ਸੰਗਠਨ, ਭਾਈਚਾਰੇ ਦੇ ਬੱਚਿਆਂ ਦੀ ਸਿੱਖਿਆ ਅਤੇ ਵਣ ਅਧਿਕਾਰਾਂ ਵਾਸਤੇ ਕੰਮ ਕਰਦਾ ਹੈ। ਹਮਜ਼ਾ ਸਮਾਜਿਕ ਕਾਰਜ ਵਿੱਚ ਐੱਮ.ਏ. ਦੀ ਪੜ੍ਹਾਈ (ਪੱਤਰ-ਵਿਹਾਰ ਜ਼ਰੀਏ) ਕਰ ਰਹੇ ਹਨ। ਬਸਤੀ ਦੇ ਹੋਰਨਾਂ ਲੋਕਾਂ ਵਾਂਗਰ, ਉਨ੍ਹਾਂ ਦੇ ਪਰਿਵਾਰ ਵੀ ਗੁਜ਼ਾਰੇ ਵਾਸਤੇ ਮੱਝਾਂ 'ਤੇ ਹੀ ਨਿਰਭਰ ਹਨ।
ਇੱਥੋਂ ਦੇ ਪਥਰੀਲੇ ਰਸਤਿਆਂ ਵਾਂਗਰ ਸਿੱਖਿਆ ਦਾ ਰਾਹ ਵੀ ਪਥਰੀਲਾ ਹੀ ਰਿਹਾ ਕਿਉਂਕਿ ਉਨ੍ਹਾਂ ਮਾਪਿਆਂ ਨੂੰ ਪੜ੍ਹਾਈ ਦਾ ਮਹੱਤਵ ਸਮਝਾਉਣ ਵਿੱਚ ਲੰਬਾ ਸਮਾਂ ਲੱਗਿਆ ਜੋ ਖ਼ੁਦ ਕਦੇ ਸਕੂਲ ਨਹੀਂ ਗਏ। ਇਸਲਈ ਉਨ੍ਹਾਂ ਨੂੰ ਪੜ੍ਹਾਈ ਦੇ ਲਾਭਾਂ ਬਾਰੇ ਸਮਝਾ ਸਕਣਾ ਕਾਫ਼ੀ ਔਖ਼ਾ ਕੰਮ ਸੀ ਅਤੇ ਸਾਨੂੰ ਇਸ ਕੰਮ ਵਿੱਚ ਕਾਫ਼ੀ ਮਿਹਨਤ ਕਰਨੀ ਪਈ, ਅਧਿਆਪਕ ਦੱਸਦੇ ਹਨ।
ਹਾਲਾਂਕਿ ਪੜ੍ਹਿਆਂ-ਲਿਖਿਆਂ ਵਾਸਤੇ ਵੀ ਨੌਕਰੀ ਮਿਲ਼ ਸਕਣਾ ਮੁਸ਼ਕਲ ਹੈ ਅਤੇ ਰੋਜ਼ੀਰੋਟੀ ਦੇ ਦੂਸਰੇ ਵਿਕਲਪ ਵੀ ਸੀਮਤ ਹਨ। ਦੂਸਰੇ ਪਾਸੇ, ਵਣ ਵਿਭਾਗ ਨੇ ਵਣ ਗੁੱਜਰਾਂ ਨੂੰ ਵਣ ਭੂਮੀ 'ਤੇ ਖੇਤੀ ਕਰਨ 'ਤੇ ਰੋਕ ਲਾਈ ਹੋਈ ਹੈ। ਬਹੁਤੇਰੇ ਪਰਿਵਾਰਾਂ ਦੇ ਕੋਲ਼ ਮੱਝਾਂ ਅਤੇ ਕੁਝ ਗਾਵਾਂ ਹਨ ਜਿਨ੍ਹਾਂ ਦੀ ਗਿਣਤੀ 5 ਤੋਂ ਲੈ ਕੇ 25 ਤੱਕ ਹੋ ਜਾਂਦੀ ਹੈ ਅਤੇ ਜਿਨ੍ਹਾਂ ਆਸਰੇ ਉਹ ਦੁੱਧ ਦਾ ਕਾਰੋਬਾਰ ਚਲਾਉਂਦੇ ਹਨ। ਰਿਸ਼ੀਕੇਸ਼ (ਇਸ ਬਸਤੀ ਤੋਂ ਕਰੀਬ 10 ਕਿਲੋਮੀਟਰ ਦੂਰ) ਰਹਿਣ ਵਾਲ਼ੇ ਵਪਾਰੀ, ਗੁੱਜਰ ਪਰਿਵਾਰਾਂ ਪਾਸੋਂ ਦੁੱਧ ਖ਼ਰੀਦਦੇ ਹਨ। ਉਨ੍ਹਾਂ ਦੁਆਰਾ ਪਾਲ਼ੇ ਜਾਣ ਵਾਲ਼ੇ ਡੰਗਰਾਂ ਦੀ ਗਿਣਤੀ ਦੇ ਅਧਾਰ 'ਤੇ ਇੱਕ ਪਰਿਵਾਰ ਦੁੱਧ ਵੇਚ ਕੇ ਮਹੀਨੇ ਦਾ 20,000-25,000 ਰੁਪਏ ਤੱਕ ਕਮਾ ਸਕਦਾ ਹੈ। ਪਰ ਇਸ ਆਮਦਨੀ ਦਾ ਇੱਕ ਵੱਡਾ ਹਿੱਸਾ ਡੰਗਰਾਂ ਲਈ ਪੱਠੇ ਅਤੇ ਖਲ਼ ਵਗੈਰਾ ਖਰੀਦਣ ਅਤੇ ਵਪਾਰੀਆਂ ਦੇ ਪੁਰਾਣੇ ਕਰਜ਼ੇ (ਉਨ੍ਹਾਂ ਦੇ ਕਰਜ਼ੇ ਖ਼ਾਸ ਕਰਕੇ ਅਪ੍ਰੈਲ ਤੋਂ ਸਤੰਬਰ ਮਹੀਨਿਆਂ ਵਿੱਚ ਵੱਧ ਜਾਂਦੇ ਹਨ ਜੋ ਪ੍ਰਵਾਸ ਦਾ ਸਮਾਂ ਹੁੰਦਾ ਹੈ) ਲਾਹੁਣ ਵਿੱਚ ਚਲਾ ਜਾਂਦਾ ਹੈ।
ਨੌਜਵਾਨ ਸੰਗਠਨ ਦੇ ਨਿਰਦੇਸ਼ਕ ਮੀਰ ਹਮਜ਼ਾ ਮੁਤਾਬਕ, ਹੁਣ ਤੱਕ ਕੁਨਾਊ ਚੌੜ ਬਸਤੀ ਦੇ 10 ਫ਼ੀਸਦੀ ਬੱਚੇ ਵੀ ਆਪਣੀ ਰਸਮੀ ਸਿੱਖਿਆ ਲਗਾਤਾਰ ਜਾਰੀ ਨਹੀਂ ਰੱਖ ਪਾਏ। ਉਹ ਦੱਸਦੇ ਹਨ,''ਸਿੱਖਿਆ ਦੇ ਅਧਿਕਾਰ ਨਾਲ਼ ਜੁੜੇ ਕਨੂੰਨਾਂ ਦੇ ਬਾਵਜੂਦ ਵੀ ਉਹ ਆਪਣੀ ਸਿੱਖਿਆ ਪੂਰੀ ਨਹੀਂ ਕਰ ਪਾਉਂਦੇ। ਸਰਕਾਰ ਦੀਆਂ ਸਿੱਖਿਆਂ ਨਾਲ਼ ਜੁੜੀਆਂ ਵੰਨ-ਸੁਵੰਨੀਆਂ ਯੋਜਨਾਵਾਂ ਇਸ ਭਾਈਚਾਰੇ ਤੱਕ ਪਹੁੰਚ ਨਹੀਂ ਪਾਉਂਦੀਆਂ, ਕਿਉਂਕਿ ਸਾਡੀ ਬਸਤੀ ਗ੍ਰਾਮ ਪੰਚਾਇਤ ਨਾਲ਼ ਜੁੜੀ ਹੋਈ ਨਹੀਂ ਹੈ ਜਿਸ ਕਾਰਨ ਬਸਤੀ ਨਿਵਾਸੀ ਯੋਜਨਾ ਸਬੰਧੀ ਲਾਭ ਪ੍ਰਾਪਤ ਕਰਨ ਦੇ ਹੱਕਦਾਰ ਨਹੀਂ ਬਣ ਪਾਉਂਦੇ।'' ਇਸਲਈ, ਇੱਥੋਂ ਦੇ ਨਿਵਾਸੀ ਮੰਗ ਕਰ ਰਹੇ ਹਨ ਕਿ ਕੁਨਾਊ ਚੌੜ ਨੂੰ ਮਾਲੀਆ ਗ੍ਰਾਮ (ਪਿੰਡ) ਦਾ ਦਰਜਾ ਦਿੱਤਾ ਜਾਵੇ।
2015-16 ਵਿੱਚ, ਮੁਫ਼ਤ ਅਤੇ ਲਾਜ਼ਮੀ ਬਾਲ ਸਿੱਖਿਆ ਦਾ ਅਧਿਕਾਰ ਐਕਟ, 2009 ਦੇ ਪ੍ਰੋਵੀਜ਼ਨਾਂ ਤਹਿਤ, ਕੁਨਾਊ ਚੌੜ ਸਣੇ ਕੁਝ ਬਸਤੀਆਂ ਵਿੱਚ ਗ਼ੈਰ-ਅਵਾਸੀ ਵਿਸ਼ੇਸ਼ ਸਿਖਲਾਈ ਕੇਂਦਰ (ਐੱਨਆਰਐੱਸਟੀਸੀ) ਸ਼ੁਰੂ ਕੀਤੀ ਗਏ ਸਨ ਤਾਂਕਿ ਬੀਹੜ ਇਲਾਕਿਆਂ ਵਿੱਚ ਰਹਿਣ ਵਾਲ਼ੇ ਗੁੱਜਰ ਬੱਚਿਆਂ ਤੱਕ ਘੱਟੋਘੱਟ ਰਸਮੀ ਸਿੱਖਿਆ ਤਾਂ ਪਹੁੰਚ ਸਕੇ।
ਯਮਕੇਸ਼ਵਰ ਬਲਾਕ ਦੇ ਸਿੱਖਿਆ ਅਧਿਕਾਰੀ ਸ਼ੈਲੇਂਦਰ ਅਮੋਲੀ ਦੱਸਦੇ ਹਨ ਕਿ ਉਸ ਅਕਾਦਮਿਕ ਵਰ੍ਹੇ ਵਿੱਚ ਕੁਨਾਊ ਚੌੜ ਦੇ 38 ਬੱਚਿਆਂ ਨੇ ਇਨ੍ਹਾਂ ਸਥਾਨਕ ਕਲਾਸਾਂ ਵਿੱਚ ਹਿੱਸਾ ਲਿਆ ਸੀ। ਸਾਲ 2019 ਵਿੱਚ ਇੱਕ ਹੋਰ ਮਨਜ਼ੂਰੀ ਮਿਲ਼ਣ ਤੋਂ ਬਾਅਦ, ਉਸ ਸਾਲ ਜੂਨ ਤੋਂ ਲੈ ਕੇ 2020 ਦੇ ਮਾਰਚ ਮਹੀਨੇ ਵਿੱਚ ਤਾਲਾਬੰਦੀ ਲਾਗੂ ਹੋਣ ਤੀਕਰ, 92 ਬੱਚਿਆਂ ਦੇ ਨਾਲ਼ ਦੋਬਾਰਾ ਤੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਸ਼ੈਲੇਂਦਰ ਕਹਿੰਦੇ ਹਨ ਕਿ 2021-22 ਦੇ ਅਕਾਦਮਿਕ ਵਰ੍ਹੇ ਲਈ ਵੀ ਕੁਨਾਊ ਚੌੜ ਦੇ 6-12 ਸਾਲ ਦੇ 63 ਬੱਚਿਆਂ ਲਈ ਐੱਨਆਈਐੱਸਟੀਸੀ ਜਮਾਤਾਂ ਦੀ ਮਨਜ਼ੂਰੀ ਦਿੱਤੀ ਗਈ ਹੈ।
ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਵਣ ਗੁੱਜਰਾਂ ਨੂੰ ਅਜੇ ਵੀ ਰਸਮੀ ਸਿੱਖਿਆ ਵਿੱਚ ਬਹੁਤਾ ਯਕੀਨ ਨਹੀਂ ਹੈ। ਸਾਲ 2015-16 ਵਿੱਚ, ਐੱਨਆਰਐੱਸਟੀਸੀ ਦੇ ਤਹਿਤ ਪੰਜੀਕ੍ਰਿਤ ਹੋਏ ਕਈ ਬੱਚਿਆਂ ਨੂੰ 2021-22 ਵਿੱਚ ਦੋਬਾਰਾ ਪੰਜੀਕ੍ਰਿਤ ਕੀਤਾ ਗਿਆ ਹੈ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਉਸ ਸਮੇਂ-ਅੰਤਰਾਲ ਨੂੰ ਭਰਨ ਲਈ ਕੀਤਾ ਗਿਆ ਹੈ।
ਹਾਲਾਂਕਿ, ਹਮਜ਼ਾ ਅਤੇ ਹੋਰ ਸਥਾਨਕ ਅਧਿਆਪਕਾਂ ਦਾ ਕਹਿਣਾ ਹੈ ਕਿ ਐੱਨਆਰਐੱਸਟੀਸੀ ਦੀਆਂ ਕਲਾਸਾਂ (2015-16 ਅਤੇ 2019) ਰੋਜ਼ ਨਹੀਂ ਨਿਰੰਤਰ ਨਹੀਂ ਲੱਗਦੀਆਂ ਸਨ ਅਤੇ ਉਨ੍ਹਾਂ ਦੇ ਕਿਸੇ ਦੀ ਕੋਈ ਨਿਗਰਾਨੀ ਵੀ ਨਹੀਂ ਸੀ। ਅਧਿਆਪਕ ਅਕਸਰ ਗ਼ੈਰ-ਹਾਜ਼ਰ ਹੁੰਦੇ ਦਰਅਸਲ ਉਹ ਦੂਸਰੇ ਪਿੰਡਾਂ ਅਤੇ ਹੋਰਨਾਂ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੇ ਸਨ ਅਤੇ ਇੱਥੋਂ ਦੀ ਬਾਰੀਕੀਆਂ ਤੋਂ ਅਣਜਾਣ ਵੀ ਸਨ।
ਅਮੋਲੀ ਦਾ ਕਹਿਣਾ ਹੈ ਕਿ ਐੱਨਆਰਐੱਸਟੀਸੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਜਿਨ੍ਹਾਂ ਬਸਤੀਆਂ ਜਾਂ ਪਿੰਡਾਂ ਵਿੱਚ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉੱਥੋਂ ਦੇ ਪੜ੍ਹੇਲਿਖੇ ਸਥਾਨਕ ਨੌਜਵਾਨਾਂ ਨੂੰ ਹੀ ਪੜ੍ਹਾਉਣ ਦਾ ਕੰਮ ਦਿੱਤਾ ਜਾਣਾ ਹੈ ਅਤੇ ਬਦਲੇ ਵਿੱਚ 7,000 ਰੁਪਿਆ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਪਰ ਹੁਣ 2015-16 ਵਿੱਚ ਕੁਨਾਊ ਚੌੜ ਵਿੱਚ ਕਲਾਸਾਂ ਸ਼ੁਰੂ ਹੋਈਆਂ ਤਾਂ ਬਸਤੀ ਵਿੱਚ ਕੋਈ ਵੀ ਗ੍ਰੈਜੁਏਟ ਨਹੀਂ ਸੀ ਅਤੇ ਇਸ ਕਾਰਨ ਕਰਕੇ ਦੂਸਰੇ ਪਿੰਡ ਦੇ ਇੱਕ ਵਿਅਕਤੀ ਨੂੰ ਬਤੌਰ ਅਧਿਆਪਕ ਨਿਯੁਕਤ ਕੀਤਾ ਗਿਆ। ਮੀਰ ਹਮਜ਼ਾ, ਜੋ ਹੁਣ ਮਾਸਟਰ ਦੀ ਪੜ੍ਹਾਈ ਕਰ ਰਹੇ ਹਨ ਅਤੇ ਸ਼ਮਸ਼ਾਦ ਜਿਨ੍ਹਾਂ ਕੋਲ਼ ਬੀਕਾਮ ਦੀ ਡਿਗਰੀ ਹੈ, ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਨੌਕਰੀ ਨਹੀਂ ਦਿੱਤੀ ਗਈ।
ਪਰ, ਐੱਨਆਰਐੱਸਟੀਸੀ ਸੈਸ਼ਨਾਂ ਵਿੱਚ ਪੈਣ ਵਾਲ਼ੇ ਅੰਤਰਾਲ ਨੂੰ ਭਰਨ ਲਈ ਉਹ ਜੋ 'ਗ਼ੈਰ-ਰਸਮੀ' ਕਲਾਸਾਂ ਲਾਉਂਦੇ ਹਨ, ਉਹ ਕਲਾਸਾਂ ਸਰਕਾਰੀ ਇੰਟਰ-ਕਾਲਜ ਜਾਣ ਵਾਲ਼ੇ ਪੁਰਾਣੇ ਵਿਦਿਆਰਥੀਆਂ ਵਾਸਤੇ, ਵਾਧੂ (ਐਡ-ਆਨ) ਟਿਊਸ਼ਨ ਵਾਂਗਰ ਹੀ ਹੁੰਦੀਆਂ ਹਨ। ਇਹਦੇ ਨਾਲ਼ ਹੀ ਸਰਕਾਰੀ ਪ੍ਰਾਇਮਰੀ ਸਕੂਲ ਜਾਣ ਵਾਲ਼ੇ ਛੋਟੇ ਬੱਚਿਆਂ (ਜਿਨ੍ਹਾਂ ਦਾ ਕਦੇ ਦਾਖਲਾ ਨਹੀਂ ਹੋਇਆ) ਨੂੰ ਪੰਜਵੀਂ ਦੀ ਪ੍ਰੀਖਿਆ ਲਈ ਤਿਆਰ ਕਰਦੇ ਹਨ ਤਾਂਕਿ ਉਹ ਰਸਮੀ ਤੌਰ 'ਤੇ 6ਵੀਂ ਵਿੱਚ ਦਾਖਲਾ ਲੈ ਸਕਣ। ਸਥਾਨਕ ਅਧਿਆਪਕ ਆਪਣਾ ਗੁਜ਼ਾਰਾ ਚਲਾਉਣ ਲਈ ਹਰੇਕ ਬੱਚੇ ਕੋਲ਼ੋਂ 30-35 ਰੁਪਏ ਲੈਂਦੇ ਹਨ। ਭਾਵੇਂ ਇਹ ਪੈਸੇ ਘੱਟ ਵੱਧ ਜ਼ਰੂਰ ਹੋ ਸਕਦੇ ਹਨ ਪਰ ਲਾਜ਼ਮੀ ਨਹੀਂ ਹਨ।
ਆਪਣੇ ਭਾਈਚਾਰੇ ਦੇ ਮੈਂਬਰਾਂ ਦੇ ਨਾਲ਼ ਲੰਬੇ ਸਮੇਂ ਤੀਕਰ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੂੰ ਸਿੱਖਿਆ ਦੇ ਲਾਭਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਅਧਿਆਪਕ ਦੱਸਦੇ ਹਨ ਕਿ ਸਮੇਂ ਦੇ ਨਾਲ਼ ਬਦਲਾਅ ਦਿੱਸ ਰਿਹਾ ਹੈ।
''ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੜ੍ਹਨ-ਲਿਖਣ ਦੇ ਯੋਗ ਹੋ ਜਾਣ। ਜੰਗਲ ਦਾ ਜੀਵਨ ਬਹੁਤ ਔਖ਼ਾ ਹੈ। ਉਹ ਓਨੀ ਮਿਹਨਤ ਨਹੀਂ ਕਰ ਪਾਉਣਗੇ ਜਿੰਨੀ ਕਿ ਅਸੀਂ ਕਰਦੇ ਰਹੇ ਹਾਂ। ਸਾਡੇ ਵਿੱਚੋਂ ਕੋਈ ਵੀ ਪੜ੍ਹਿਆ-ਲਿਖਿਆ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵੀ ਸਾਡੇ ਵਾਂਗਰ ਹੀ ਬਣਨ,'' ਜੈਤੂਨ ਬੀਬੀ ਕਹਿੰਦੀ ਹਨ।
ਮੁਹੰਮਦ ਰਫ਼ੀ ਚਾਹੁੰਦੇ ਹਨ ਕਿ ਉਨ੍ਹਾਂ ਦੇ 5 ਤੋਂ 11 ਸਾਲ ਦੀ ਉਮਰ ਦੇ ਤਿੰਨੋਂ ਬੱਚੇ ਪੜ੍ਹਾਈ ਕਰਨ। ਉਨ੍ਹਾਂ ਦਾ 11 ਸਾਲ ਦਾ ਬੇਟਾ ਯਾਕੂਬ, ਸਰਕਾਰੀ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ, ਜਦੋਂਕਿ ਛੋਟੇ ਦੋਵੇਂ ਬੱਚੇ ਬਸਤੀ ਦੀਆਂ ਕਲਾਸਾਂ ਵਿੱਚ ਹੀ ਪੜ੍ਹਦੇ ਹਨ। ਰਫ਼ੀ ਕਹਿੰਦੇ ਹਨ,''ਜਦੋਂ ਬਾਹਰਲੀ ਦੁਨੀਆ ਨੂੰ ਦੇਖੀਦਾ ਹੈ ਤਾਂ ਲੱਗਦਾ ਹੈ ਕਿ ਸਾਡੇ ਬੱਚਿਆਂ ਦਾ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ।''
ਸ਼ਰਾਫ਼ਤ ਅਲੀ ਦੇ ਦੋ ਬੱਚੇ, ਸੱਤ ਸਾਲਾ ਨੌਸ਼ਾਦ ਅਤੇ ਪੰਜ ਸਾਲਾ ਬੇਟੀ ਆਸ਼ਾ ਵੀ ਬਸਤੀ ਦੇ ਸਕੂਲ ਵਿਖੇ ਹੀ ਪੜ੍ਹਦੇ ਹਨ। ਉਹ ਦੱਸਦੇ ਹਨ,''ਪਿਛਲੇ ਪੰਜ ਸਾਲਾਂ ਤੋਂ ਮੈਂ ਗਰਮੀ ਰੁੱਤੇ ਆਪਣੇ ਡੰਗਰਾਂ ਦੇ ਨਾਲ਼ ਉੱਚੇ ਪਹਾੜੀਂ ਜਾਣਾ ਬੰਦ ਕਰ ਦਿੱਤਾ ਹੈ। ਹੁਣ ਅਸੀਂ ਇੱਕ ਹੀ ਥਾਂ 'ਤੇ ਰਹਿੰਦੇ ਹਾਂ ਤਾਂਕਿ ਸਾਡੇ ਬੱਚੇ ਵੀ ਪੜ੍ਹ-ਲਿਖ ਸਕਣ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲ਼ੇ। ਉਨ੍ਹਾਂ ਨੂੰ ਵੀ ਸਮਾਜ ਦੇ ਹੋਰਨਾਂ ਲੋਕਾਂ ਵਾਂਗ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਨੌਕਰੀ ਮਿਲ਼ਣੀ ਚਾਹੀਦੀ ਹੈ।''
ਸ਼ਮਸ਼ਾਦ ਕਹਿੰਦੇ ਹਨ ਕਿ ਵਣ ਗੁੱਜਰਾਂ ਦੀਆਂ ਅੱਡੋ-ਅੱਡ ਬਸਤੀਆਂ ਵਿਖੇ ਸਾਡੀ ਕੀਤੀ ਸਖ਼ਤ ਮਿਹਨਤ ਨੂੰ ਬੂਰ ਪੈ ਰਿਹਾ ਹੈ। ''2019 ਵਿੱਚ, ਪੰਜ ਵਣ ਗੁੱਜਰ ਬਸਤੀਆਂ ਦੇ ਕਰੀਬ 40 ਬੱਚਿਆਂ ਨੂੰ ਸਾਡੇ ਸੰਗਠਨ ਦੇ ਜ਼ਰੀਏ ਛੇਵੀਂ ਜਮਾਤ ਵਿੱਚ ਦਾਖ਼ਲਾ ਮਿਲ਼ਿਆ। ਕੁਝ ਮੁੰਡੇ ਅਤੇ ਕੁਝ ਕੁੜੀਆਂ (ਕੁਨਾਊ ਚੌੜ ਦੀ ਕੋਈ ਕੁੜੀ ਇੰਨੀ ਅੱਗੇ ਤੱਕ ਨਹੀਂ ਗਈ ਸੀ) 10ਵੀਂ ਤੱਕ ਪਹੁੰਚਣ ਲੱਗੇ ਹਨ ਅਤੇ ਕੁਝ ਕੁ ਤਾਂ 12ਵੀਂ ਦੀ ਪੜ੍ਹਾਈ ਕਰ ਰਹੇ ਹਨ।''
ਉਹ ਅੱਗੇ ਕਹਿੰਦੀ ਹਨ ਕਿ ਸ਼ੁਰੂਆਤ ਵਿੱਚ ਕੁਝ ਹੀ ਕੁੜੀਆਂ ਬਸਤੀ ਦੀਆਂ ਕਲਾਸਾਂ ਵਿੱਚ ਆਉਂਦੀਆਂ ਸਨ। ''ਸਾਨੂੰ ਬੱਚਿਆਂ ਦੇ ਮਾਪਿਆਂ ਨਾਲ਼ ਗੱਲ ਕਰਨੀ ਪੈਂਦੀ ਸੀ। ਪਰ ਪਿਛਲੇ 3-4 ਸਾਲਾਂ ਵਿੱਚ ਹਾਲਾਤ ਕੁਝ ਕੁਝ ਬਦਲ ਗਏ ਹਨ।'' 12 ਸਾਲਾ ਰਮਜ਼ਾਨੋ, ਕੁਨਾਊ ਚੌੜ ਦੇ ਉਨ੍ਹਾਂ ਵਿਦਿਆਰਥੀਆਂ ਵਿੱਚੋਂ ਇੱਕ ਹੈ, ਜਿਹਨੂੰ ਇਸ ਅਕਾਦਮਿਕ ਵਰ੍ਹੇ ਵਿੱਚ ਛੇਵੀਂ ਜਮਾਤ ਵਿੱਚ ਦਾਖ਼ਲਾ ਮਿਲ਼ਿਆ ਹੈ। ਰਮਜ਼ਾਨੋ ਰਸਮੀ ਸਕੂਲ ਜਾਣ ਵਾਲ਼ੀ, ਆਪਣੇ ਪਰਿਵਾਰ ਦੀ ਪਹਿਲੀ ਕੁੜੀ ਹੋਵੇਗੀ ਅਤੇ ਉਹਦਾ ਸੁਪਨਾ 10ਵੀਂ ਪਾਸ ਕਰਨ ਦਾ ਹੈ।
ਕੁਝ ਸਮੇਂ ਬਾਅਦ ਕਵਿਤਾ ਪਾਠ ਕਰ ਰਹੀ ਇਹ ਨੌ ਸਾਲਾ ਫ਼ਾਤਿਮਾ ਬਾਨੋ ਵੀ ਉਨ੍ਹਾਂ ਬੱਚੀਆਂ ਵਿੱਚੋਂ ਹੀ ਇੱਕ ਹੋਵੇਗੀ। ਉਹ ਵੀ ਆਪਣੇ ਭਾਈਚਾਰੇ ਦੇ ਅਣਕਿਆਸੀ ਪੈਂਡੇ ਨੂੰ ਤੈਅ ਕਰਕੇ ਸਰਕਾਰੀ ਸਕੂਲ ਤੱਕ ਪਹੁੰਚ ਸਕਦੀ ਹੈ।
ਤਰਜਮਾ: ਕਮਲਜੀਤ ਕੌਰ