“ਪਾਣੀ ਸ਼ੀਸ਼ੇ ਵਾਂਗਰ ਸਾਫ਼ ਹੋਇਆ ਕਰਦਾ ਸੀ ਜਦੋਂ ਨਾਲ਼ੇ ਸਾਫ਼ ਸਨ ਇਹ ਕੋਈ 20 ਸਾਲ ਪਹਿਲਾਂ ਦੀ ਗੱਲ ਹੈ। ਨਦੀ ਦੇ ਤਲ ‘ਤੇ ਪਿਆ ਕੋਈ ਸਿੱਕਾ ਵੀ ਸੁਖ਼ਾਲਿਆਂ ਨਜ਼ਰੀਂ ਚੜ੍ਹ ਜਾਂਦਾ ਹੁੰਦਾ ਸੀ। ਅਸੀਂ ਯਮੁਨਾ ਦਾ ਪਾਣੀ ਵੀ ਪੀ ਜਾਇਆ ਕਰਦੇ,” ਆਪਣੇ ਬੁੱਕ ਵਿੱਚ ਯਮੁਨਾ ਦੇ ਚਿੱਕੜ ਜਿਹੇ ਪਾਣੀ ਨੂੰ ਭਰ ਕੇ ਆਪਣੇ ਮੂੰਹ ਦੇ ਨੇੜੇ ਲਿਆਉਂਦਿਆਂ, ਮਛੇਰੇ ਰਮਨ ਹਲਦਾਰ ਕਹਿੰਦੇ ਹਨ। ਆਪਣੀ ਬੁੱਕ ਵੱਲ ਨੱਕ ਚੜ੍ਹਾਉਂਦੇ ਹਨ ਅਤੇ ਪਾਣੀ ਨੂੰ ਆਪਣੀਆਂ ਉਂਗਲਾਂ ਵਿੱਚੋਂ ਦੀ ਹੇਠਾਂ ਸੁੱਟ ਦਿੰਦੇ ਹਨ।
ਅੱਜ ਵੀ ਯਮੁਨਾ ਵਿੱਚ ਪਲਾਸਟਿਕ, ਪੰਨੀ, ਕੂੜਾ-ਕਰਕਟ, ਅਖ਼ਬਾਰ, ਸੜੀ ਹੋਈ ਬਨਸਪਤੀ, ਬਜਰੀ ਦੇ ਮਲ਼ਬੇ, ਲੀਰਾਂ, ਚਿੱਕੜ, ਸੜਿਆ ਭੋਜਨ, ਵਹਿੰਦੇ ਨਾਰੀਅਲ, ਰਸਾਇਣਕ ਝੱਗ ਅਤੇ ਰਾਜਧਾਨੀ ਦਿੱਲੀ ਦੀ ਭੌਤਿਕਸਮਗੱਰੀ ਅਤੇ ਰਸਮਾਂ-ਰਿਵਾਜਾਂ ਨਾਲ਼ ਜੁੜੀ ਸਮੱਗਰੀਆਂ ਮਿਲ਼ ਕੇ ਇੱਕ ਕਾਲ਼ਾ ਪ੍ਰਤੀਬਿੰਬ ਪੇਸ਼ ਕਰਦੀਆਂ ਹਨ।
ਯਮੁਨਾ ਤੋਂ ਮਹਿਜ 22 ਕਿਲੋਮੀਟਰ (ਬਾਮੁਸ਼ਕਲ 1.6 ਪ੍ਰਤੀਸ਼ਤ) ਲੰਬਾ ਹਿੱਸਾ ਰਾਸ਼ਟਰੀ ਰਾਜਧਾਨੀ ਇਲਾਕੇ ਵਿੱਚੋਂ ਦੀ ਹੋ ਕੇ ਵਹਿੰਦਾ ਹੈ। ਪਰ ਇੰਨੇ ਛੋਟੇ ਜਿਹੇ ਹਿੱਸੇ ਵਿੱਚ ਜਿੰਨਾ ਕੂੜਾ ਅਤੇ ਜ਼ਹਿਰ ਆਣ ਰਲ਼ਦਾ ਹੈ ਉਹ 1,376 ਕਿਲੋਮੀਟਰ ਲੰਬੀ ਇਸ ਨਦੀ ਦਾ ਕੁੱਲ ਪ੍ਰਦੂਸ਼ਣ ਦਾ 80 ਫ਼ੀਸਦ ਹੈ। ਇਹਨੂੰ ਪ੍ਰਵਾਨ ਕਰਦੇ ਹੋਏ, ਨੈਸ਼ਨਲ ਗ੍ਰੀਨ ਟ੍ਰਿਬੂਨਲ (ਐੱਨਜੀਟੀ) ਦੀ ਨਿਗਰਾਨੀ ਕਮੇਟੀ ਦੀ 2018 ਦੀ ਰਿਪੋਰਟ ਵਿੱਚ ਦਿੱਲੀ ਦੀ ਨਦੀ ਨੂੰ 'ਸੀਵਰ ਲਾਈਨ' ਐਲਾਨ ਕਰ ਦਿੱਤਾ ਗਿਆ। ਯਮੁਨਾ ਦੇ ਪਾਣੀ ਵਿੱਚ ਆਕਸੀਜਨ ਦੀ ਭਾਰੀ ਘਾਟ ਕਾਰਨ ਵੱਡੇ ਪੱਧਰ ‘ਤੇ ਮੱਛੀਆਂ ਦੀ ਮੌਤ ਹੋ ਜਾਂਦੀ ਹੈ।
ਪਿਛਲੇ ਸਾਲ, ਦਿੱਲੀ ਵਿੱਚ ਨਦੀ ਦੇ ਦੱਖਣੀ ਹਿੱਸੇ ਦੇ ਕਾਲਿੰਦੀ ਕੁੰਜ ਘਾਟ ਵਿਖੇ ਹਜ਼ਾਰਾਂ ਮੱਛੀਆਂ ਮਰੀਆਂ ਪਾਈਆਂ ਗਈਆਂ ਅਤੇ ਨਦੀ ਦੇ ਦਿੱਲੀ ਵਾਲ਼ੇ ਹਿੱਸੇ ਵਿੱਚ ਹੋਰਨ ਜਲ-ਜੀਵਨ ਦੀ ਤਬਾਹੀ ਇੱਕ ਸਲਾਨਾ ਘਟਨਾ ਬਣ ਗਈ ਹੈ।
''ਨਦੀ ਦੇ ਈਕੋਸਿਸਟਮ ਨੂੰ ਜੀਵਤ ਰੱਖਣ ਲਈ ਘੁਲ਼ੀ ਆਕਸੀਜਨ (ਪਾਣੀ ਵਿੱਚ ਆਕਸੀਜਨ ਦੀ ਮਾਤਰਾ) ਦਾ ਪੱਧਰ 6 ਜਾਂ ਉਸ ਤੋਂ ਵੱਧ ਹੋਣਾ ਚਾਹੀਦਾ ਹੈ। ਮੱਛੀ ਦੇ ਜੀਊਂਦੇ ਰਹਿਣ ਲਈ ਪਾਣੀ ਵਿੱਚ ਘੁਲ਼ੀ ਆਕਸੀਜਨ ਦਾ ਪੱਧਰ ਘੱਟੋ-ਘੱਟ 4-5 ਹੋਣਾ ਚਾਹੀਦਾ ਹੈ। ਯਮੁਨਾ ਦੇ ਦਿੱਲੀ ਵਾਲ਼ੇ ਹਿੱਸੇ ਵਿੱਚ, ਇਹ ਪੱਧਰ 0 ਤੋਂ 0.4 ਵਿਚਾਲੇ ਹੈ,'' ਪ੍ਰਿਯਾਂਕ ਹਿਰਾਨੀ ਕਹਿੰਦੇ ਹਨ, ਜੋ ਸ਼ਿਕਾਗੋ ਯੂਨੀਵਰਸਿਟੀ ਵਿਖੇ ਟਾਟਾ ਸੈਂਟਰ ਫ਼ਾਰ ਡਿਵਲੈਪਮੈਂਟ ਦੇ ਵਾਟਰ-ਟੂ-ਕਲਾਊਡ ਪ੍ਰੋਜੈਕਟ ਦੇ ਨਿਰਦੇਸ਼ਕ ਹਨ। ਇਹ ਪ੍ਰੋਜੈਕਟ ਰੀਅਲ ਟਾਈਮ ਵਿੱਚ ਨਦੀਆਂ ਦੇ ਪ੍ਰਦੂਸ਼ਣ ਦਾ ਪੱਧਰ ਦਰਜ ਕਰਦੀ ਹੈ।
ਦਿੱਲੀ ਵਿਖੇ ਨਦੀ ਦੇ ਉੱਤਰ-ਪੂਰਬੀ ਰਾਮ ਘਾਟ ਵਿਖੇ ਘਾਹ ਵਾਲ਼ੇ ਇੱਕ ਹਿੱਸੇ ਵਿੱਚ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਦੇ ਨਾਲ਼ ਕਰਕੇ ਬੈਠੇ, 52 ਸਾਲਾ ਹਲਦਾਰ ਅਤੇ ਉਨ੍ਹਾਂ ਦੇ ਦੋ ਦੋਸਤ ਮਜ਼ੇ ਨਾਲ਼ ਸਿਗਰਟ ਫੂਕ ਰਹੇ ਹਨ। ''ਤਿੰਨ ਸਾਲ ਪਹਿਲਾਂ ਕਾਲਿੰਦੀ ਕੁੰਜ ਘਾਟ ਤੋਂ ਇੱਥੇ ਆਇਆ ਸਾਂ। ਉੱਥੇ ਕੋਈ ਮੱਛੀ ਨਹੀਂ ਹੈ, ਪਹਿਲਾਂ ਕਾਫ਼ੀ ਹੋਇਆ ਕਰਦੀਆਂ ਸਨ। ਹੁਣ ਸਿਰਫ਼ ਟਾਂਵੀਆਂ-ਟਾਂਵੀਆਂ ਕੈਟਫਿਸ਼ ਹੀ ਬਚੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਮੱਛੀਆਂ ਸਾਫ਼ ਨਹੀਂ ਹਨ ਅਤੇ ਇਹ ਐਲਰਜੀ, ਦਾਣਿਆਂ, ਬੁਖ਼ਾਰ ਅਤੇ ਦਸਤ ਦਾ ਕਾਰਨ ਬਣਦੀਆਂ ਹਨ,'' ਉਹ ਹੱਥੀ-ਬੁਣੇ ਜਾਲ਼ ਨੂੰ ਖੋਲ੍ਹਦਿਆਂ ਕਹਿੰਦੇ ਹਨ, ਜੋ ਦੂਰੋਂ ਕਿਸੇ ਬੱਦਲ ਵਾਂਗ ਜਾਪਦਾ ਹੈ।
ਪਾਣੀ ਦੀਆਂ ਡੂੰਘਾਣਾਂ ਵਿੱਚ ਰਹਿਣ ਵਾਲ਼ੀਆਂ ਹੋਰ ਪ੍ਰਜਾਤੀਆਂ ਦੇ ਉਲਟ, ਕੈਟਫ਼ਿਸ਼ ਸਤ੍ਹਾ 'ਤੇ ਤੈਰਨ ਅਤੇ ਸਾਹ ਲੈਣ ਯੋਗ ਹੈ ਅਤੇ ਇਸਲਈ ਦੂਸਰੀਆਂ ਮੱਛੀਆਂ ਦੇ ਮੁਕਾਬਲੇ ਬਹੁਤਾ ਜੀਵਤ ਰਹਿੰਦੀ ਹੈ। ਦਿੱਲੀ ਸਥਿਤ ਸਮੁੰਦਰੀ ਸੰਰਖਣਵਾਦੀ ਦਿਵਿਯਾ ਕਰਨਾਡ ਦੱਸਦੀ ਹਨ ਕਿ ਇਸ ਈਕੋਸਿਸਟਮ ਵਿੱਚ ਸ਼ਿਕਾਰੀ, ਜ਼ਹਿਰੀਲੇ ਪਾਣੀ ਵਿੱਚ ਰਹਿਣ ਵਾਲ਼ੀਆਂ ਮੱਛੀਆਂ ਨੂੰ ਖਾਣ ਨਾਲ਼ ਆਪਣੇ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਜਮ੍ਹਾਂ ਕਰ ਲੈਂਦੇ ਹਨ। ''ਤਾਂ ਇਹ ਗੱਲ ਸਾਫ਼ ਹੈ ਕਿ ਮੁਰਦਾਖ਼ੋਰ ਕੈਟਫਿਸ਼ ਨੂੰ ਖਾਣ ਵਾਲ਼ੇ ਲੋਕਾਂ 'ਤੇ ਇਹਦਾ ਕਿੰਨਾ ਪ੍ਰਭਾਵ ਪੈਂਦਾ ਹੈ।''
*****
ਇਨ੍ਹਾਂ ਮੁੱਦਿਆਂ 'ਤੇ ਗਤੀਸ਼ੀਲ ਇੱਕ ਗ਼ੈਰ-ਲਾਭਕਾਰੀ ਸਮੂਹ, ਰਿਸਰਚ ਕਲੈਕਟਿਵ ਦੁਆਰਾ ਦਿੱਲੀ ਤੋਂ ਪ੍ਰਕਾਸ਼ਤ ਓਕੂਪੇਸ਼ਨ ਆਫ਼ ਦਿ ਕੋਸਟ: ਦਿ ਬਲੂ ਇਕਾਨਮੀ ਇਨ ਇੰਡੀਆ ਦੇ ਮੁਤਾਬਕ, ਭਾਰਤ ਅੰਦਰ ਕਰੀਬ 87 ਫ਼ੀਸਦ ਮੱਛੀਆਂ ਨੂੰ ਫੜ੍ਹਨ ਦੀ ਸੰਭਾਵਨਾ 100 ਮੀਟਰ ਡੂੰਘੇ ਪਾਣੀ ਵਿੱਚ ਹੁੰਦੀ ਹੈ। ਇਨ੍ਹਾਂ ਵਿੱਚੋਂ ਬਹੁਤੇ ਅਜਿਹੇ ਹਨ ਜਿਨ੍ਹਾਂ ਤੱਕ ਦੇਸ਼ ਦੇ ਮਛੇਰਿਆਂ ਦੀ ਪਹੁੰਚ ਬਣਦੀ ਹੈ। ਇਹ ਸਿਰਫ਼ ਖਾਣੇ ਨੂੰ ਹੀ ਨਹੀਂ ਸਗੋਂ ਦੈਨਿਕ ਜੀਵਨ ਅਤੇ ਸੱਭਿਆਚਾਰਾਂ ਨੂੰ ਵੀ ਹੱਲ੍ਹਾਸ਼ੇਰੀ ਦਿੰਦਾ ਹੈ।
''ਹੁਣ ਤੁਸੀਂ ਮਛੇਰਿਆਂ ਦਾ ਛੋਟਾ ਜਿਹਾ ਅਰਥਚਾਰਾ ਵੀ ਤੋੜ ਰਹੇ ਹੋ,'' ਨੈਸ਼ਨਲ ਪਲੇਟਫ਼ਾਰਮ ਫ਼ਾਰ ਸਮਾਲ-ਸਕੇਲ ਫਿਸ਼ ਵਰਕਸ (ਇਨਲੈਂਡ) (ਐੱਪੀਐੱਸਐੱਸੈੱਫ਼ਡਬਲਿਊਆਈ) ਦੇ ਪ੍ਰਮੁੱਖ ਪ੍ਰਦੀਪ ਚੈਟਰਜੀ ਕਹਿੰਦੇ ਹਨ। ''ਉਹ ਸਥਾਨਕ ਮੱਛੀਆਂ ਦੀ ਸਪਲਾਈ ਸਥਾਨਕ ਬਜ਼ਾਰਾਂ ਵਿੱਚ ਕਰਦੇ ਹਨ ਅਤੇ ਜੇ ਤੁਹਾਨੂੰ ਨਾ ਮਿਲ਼ੇ ਤਾਂ ਤੁਸੀਂ ਕਿਤੋਂ ਦੂਰੋਂ ਮੱਛੀ ਲਿਆਓਗੇ, ਦੋਬਾਰਾ ਕਿਸੇ ਵਾਹਨ ਦੀ ਵਰਤੋਂ ਕਰੋਗੇ ਜੋ ਸੰਕਟ ਨੂੰ ਵਧਾਉਂਦਾ ਹੀ ਹੈ।'' ਭੂਮੀਗਤ ਪਾਣੀ ਵੱਲ ਤਬਦੀਲ ਹੋਣ ਦਾ ਮਤਲਬ ਹੈ ''ਵੱਧ ਊਰਜਾ ਦੀ ਵਰਤੋਂ ਕਰਨਾ, ਜਿਹਦੇ ਨਤੀਜੇ ਵਜੋਂ ਜਲ-ਚੱਕਰ ਦੇ ਨਾਲ਼ ਛੇੜ-ਛਾੜ ਹੁੰਦੀ ਹੈ।''
ਉਹ ਇਹਦਾ ਮਤਲਬ ਦੱਸਦੇ ਹਨ,''ਜਲ ਭੰਡਾਰ ਪ੍ਰਭਾਵਤ ਹੋਣਗੇ ਅਤੇ ਨਦੀਆਂ ਵਿੱਚ ਪਾਣੀ ਦੋਬਾਰਾ ਨਹੀਂ ਭਰ ਪਾਵੇਗਾ। ਫਿਰ ਵੀ ਇਹਨੂੰ ਠੀਕ ਕਰਨ ਅਤੇ ਨਦੀ ਵਿੱਚ ਸਾਫ਼ ਅਤੇ ਪੀਣਯੋਗ ਪਾਣੀ ਪ੍ਰਾਪਤ ਕਰਨ ਲਈ, ਰਵਾਇਤੀ ਸ੍ਰੋਤਾਂ ਤੋਂ ਵੱਧ ਊਰਜਾ ਦੀ ਲੋੜ ਹੋਵੇਗੀ। ਇਸ ਤਰ੍ਹਾਂ, ਅਸੀਂ ਕੁਦਰਤ ਅਧਾਰਤ ਅਰਥਚਾਰਿਆਂ ਨੂੰ ਬਲਪੂਰਵਕ ਤਬਾਹ ਕਰ ਰਹੇ ਹਾਂ ਅਤੇ ਕਿਰਤ, ਭੋਜਨ ਅਤੇ ਉਤਪਾਦਨ ਨੂੰ ਕਾਰਪੋਰੇਟ ਚੱਕਰ ਵਿੱਚ ਸੁੱਟ ਰਹੇ ਹਾਂ ਜਿਸ ਵਿੱਚ ਊਰਜਾ ਅਤੇ ਪੂੰਜੀ ਖੱਪਦੀ ਹੈ... ਇਸ ਵਿਚਾਲੇ ਨਦੀਆਂ ਨੂੰ ਅਜੇ ਵੀ ਕੂੜਾ ਸੁੱਟਣ ਲਈ ਹੀ ਵਰਤਿਆ ਜਾ ਰਿਹਾ ਹੈ।''
ਉਦਯੋਗ-ਕਾਰਖ਼ਾਨੇ ਜਦੋਂ ਨਦੀ ਵਿੱਚ ਆਪਣੀ ਗੰਦਗੀ ਵਹਾਉਂਦੇ ਹਨ ਤਾਂ ਇਹਦਾ ਪਤਾ ਸਭ ਤੋਂ ਪਹਿਲਾਂ ਮਛੇਰਿਆਂ ਨੂੰ ਹੀ ਲੱਗਦਾ ਹੈ। ਹਰਿਆਣਾ-ਦਿੱਲੀ ਸੀਮਾ ਵਿਖੇ, ਜਿੱਥੋਂ ਯਮੁਨਾ ਰਾਜਧਾਨੀ ਵਿੱਚ ਪ੍ਰਵੇਸ਼ ਕਰਦੀ ਹੈ, ਪੱਲਾ ਨਿਵਾਸੀ 45 ਸਾਲਾ ਮੰਗਲ ਸਾਹਨੀ ਕਹਿੰਦੇ ਹਨ,''ਅਸੀਂ ਬੋ ਸੁੰਘ ਕੇ ਦੱਸ ਸਕਦੇ ਹਾਂ ਅਤੇ ਜਦੋਂ ਮੱਛੀਆਂ ਮਰਨੀਆਂ ਸ਼ੁਰੂ ਹੁੰਦੀਆਂ ਹਨ।'' ਸਾਹਨੀ,ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਵਿੱਚ ਆਪਣੇ 15 ਮੈਂਬਰੀ ਪਰਿਵਾਰ ਦਾ ਢਿੱਡ ਭਰਨ ਨੂੰ ਲੈ ਕੇ ਚਿੰਤਤ ਹਨ। ''ਲੋਕ ਸਾਡੇ ਬਾਰੇ ਲਿਖ ਰਹੇ ਹਨ, ਪਰ ਸਾਡੇ ਜੀਵਨ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ, ਸਗੋਂ ਇਹ ਹੋਰ ਬਦਤਰ ਹੋ ਚੁੱਕਿਆ ਹੈ,'' ਇੰਨਾ ਕਹਿ ਕੇ ਉਹ ਸਾਨੂੰ ਖ਼ਾਰਜ ਕਰ ਦਿੰਦੇ ਹਨ।
ਸੈਂਟ੍ਰਲ ਮਰੀਨ ਫ਼ਿਸ਼ਰੀਜ਼ ਰਿਸਰਚ ਇੰਸਟੀਚਿਊਟ ਮੁਤਾਬਕ, ਰਵਾਇਤੀ ਰੂਪ ਨਾਲ਼ ਸਮੁੰਦਰੀ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਦੇ 40 ਲੱਖ ਲੋਕ ਭਾਰਤ ਦੇ ਸਮੁੰਦਰੀ ਤਟਾਂ 'ਤੇ ਫੈਲੇ ਹੋਏ ਹਨ, ਜੋ ਕਰੀਬ 8.4 ਲੱਖ ਪਰਿਵਾਰਾਂ ਵਿੱਚੋਂ ਹੀ ਹਨ। ਪਰ ਇਸ ਤੋਂ ਸ਼ਾਇਦ 7-8 ਗੁਣਾ ਲੋਕਾਂ ਦਾ ਅਰਥਚਾਰਾ ਮੱਛੀ ਫੜ੍ਹਨ ਨਾਲ਼ ਹੀ ਜੁੜਿਆ ਹੋਇਆ ਹੈ ਜਾਂ ਉਸੇ ਕੰਮ 'ਤੇ ਨਿਰਭਰ ਹਨ। ਐੱਨਪੀਐੱਸਐੱਸਐਫ਼ਡਬਲਿਊਆਈ ਦੇ ਚੈਟਰਜੀ ਕਹਿੰਦੇ ਹਨ ਕਿ ਉਹ 40 ਲੱਖ ਲੋਕ ਅੰਤਰ-ਦੇਸ਼ੀ ਮਛੇਰੇ ਹੋ ਸਕਦੇ ਹਨ। ਦਹਾਕਿਆਂ ਤੋਂ, ਲੱਖਾਂ ਲੋਕ ਕੁੱਲਵਕਤੀ ਜਾਂ ਸੰਗਠਤ ਗਤੀਵਿਧੀ ਦੇ ਰੂਪ ਵਿੱਚ ਮੱਛੀ ਫੜ੍ਹਨ ਦਾ ਕੰਮ ਛੱਡ ਰਹੇ ਹਨ। ਚੈਟਰਜੀ ਕਹਿੰਦੇ ਹਨ,''ਕਰੀਬ 60-70 ਫ਼ੀਸਦ ਸਮੁੰਦਰੀ ਮਛੇਰੇ ਦੂਸਰੀਆਂ ਕੰਮਾਂ ਵੱਲ ਜਾ ਰਹੇ ਹਨ, ਕਿਉਂ ਜੋ ਭਾਈਚਾਰੇ ਦਾ ਪਤਨ ਹੋ ਰਿਹਾ ਹੈ।''
ਪਰ ਸ਼ਾਇਦ ਰਾਜਧਾਨੀ ਵਿੱਚ ਮਛੇਰਿਆਂ ਦਾ ਹੋਣਾ ਇੱਕ ਅਜੀਬ ਗੱਲ ਹੈ, ਇਸਲਈ ਯਮੁਨਾ ਦੇ ਦਿੱਲੀ ਵਾਲ਼ੇ ਹਿੱਸੇ ਵਿੱਚ ਕਿੰਨੇ ਮਛੇਰੇ ਹਨ ਇਹਦਾ ਨਾ ਤਾਂ ਕੋਈ ਰਿਕਾਰਡ ਹੈ ਅਤੇ ਨਾ ਹੀ ਕੋਈ ਪ੍ਰਕਾਸ਼ਤ ਅੰਕੜਾ। ਇਸ ਤੋਂ ਇਲਾਵਾ, ਸਾਹਨੀ ਜਿਹੇ ਕਈ ਪ੍ਰਵਾਸੀ ਹਨ ਜਿਨ੍ਹਾਂ ਦੀ ਗਿਣਤੀ ਕਰਨਾ ਹੋਰ ਵੀ ਔਖ਼ਾ ਹੋ ਜਾਂਦਾ ਹੈ। ਜੀਵਤ ਬਚੇ ਮਛੇਰੇ ਇਸ 'ਤੇ ਜ਼ਰੂਰ ਸਹਿਮਤ ਹਨ ਕਿ ਉਨ੍ਹਾਂ ਦੀ ਗਿਣਤੀ ਘੱਟ ਹੋ ਗਈ ਹੈ। ਲਾਂਗ ਲਿਵ ਯਮੁਨਾ ਅੰਦੋਲਨ ਦੀ ਅਗਵਾਈ ਕਰਨ ਵਾਲ਼ੇ ਸੇਵਾ-ਮੁਕਤ ਵਣ ਅਧਿਕਾਰੀ, ਮਨੋਜ ਮਿਸ਼ਰਾ ਨੂੰ ਜਾਪਦਾ ਹੈ ਕਿ ਅਜ਼ਾਦੀ ਤੋਂ ਪਹਿਲਾਂ ਦੇ ਹਜ਼ਾਰਾਂ ਕੁੱਲਵਕਤੀ ਮਛੇਰਿਆਂ ਵਿੱਚੋਂ ਹੁਣ ਸੌ ਵਿੱਚੋਂ ਵੀ ਘੱਟ ਬਚੇ ਹਨ।
''ਯਮੁਨਾ ਤੋਂ ਮਛੇਰਿਆਂ ਦਾ ਗਾਇਬ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਨਦੀ ਮਰ ਚੁੱਕੀ ਹੈ ਜਾਂ ਮਰ ਰਹੀ ਹੈ। ਉਹ ਮੌਜੂਦਾ ਚੀਜ਼ਾਂ ਦੇ ਦਰਸਾਵੇ ਚਿੰਨ੍ਹ ਹਨ। ਜੋ ਚੱਲ ਰਿਹਾ ਹੈ ਉਹ ਜਲਵਾਯੂ ਸੰਕਟ ਨੂੰ ਹੋਰ ਵਧਾ ਰਿਹਾ ਹੈ, ਜਿਸ ਵਿੱਚ ਮਨੁੱਖੀ ਗਤੀਵਿਧੀਆਂ ਦਾ ਵੱਡਾ ਯੋਗਦਾਨ ਹੈ। ਇਹਦਾ ਇਹ ਵੀ ਮਤਲਬ ਹੈ ਕਿ ਵਾਤਾਵਰਣ ਨੂੰ ਮੁੜ ਜੀਵਤ ਕਰਨ ਵਾਲ਼ੀ ਜੀਵ-ਵਿਭਿੰਨਤਾ ਹੁਣ ਤਬਾਹ ਹੋ ਰਹੀ ਹੈ। ਫ਼ਲਸਰੂਰ ਇਹ ਜੀਵ ਚੱਕਰ ਨੂੰ ਪ੍ਰਭਾਵਤ ਕਰ ਰਹੀ ਹੈ, ਇਸ ਹਕੀਕਤ ਨੂੰ ਦੇਖਦੇ ਹੋਏ ਕਿ ਸੰਸਾਰ ਪੱਧਰ 'ਤੇ ਕਾਰਬਨ ਨਿਕਾਸੀ ਦਾ 40 ਪ੍ਰਤੀਸ਼ਤ ਮਹਾਸਾਗਰਾਂ ਦੁਆਰਾ ਜਜ਼ਬ ਕੀਤਾ ਜਾਂਦਾ ਹੈ।''
*****
ਦਿੱਲੀ ਵਿੱਚ 40 ਫ਼ੀਸਦ ਸੀਵਰ ਕਨੈਕਸ਼ਨ ਨਾ ਹੋਣ ਕਾਰਨ, ਅਣਗਿਣਤ ਟਨ ਮਲ਼-ਮੂਤਰ ਅਤੇ ਬਾਕੀ ਦੇ ਫ਼ਾਲਤੂ ਪਦਾਰਥ ਸੈਪਟਿਕ ਟੈਂਕਾਂ ਅਤੇ ਹੋਰਨਾਂ ਸ੍ਰੋਤਾਂ ਰਾਹੀਂ, ਪਾਣੀ ਵਿੱਚ ਵਹਾ ਦਿੱਤੇ ਜਾਂਦੇ ਹਨ। ਐੱਨਜੀਟੀ ਦਾ ਕਹਿਣਾ ਹੈ ਕਿ 1,797 (ਅਣਅਧਿਕਾਰਕ) ਕਲੋਨੀਆਂ ਵਿੱਚੋਂ 20 ਪ੍ਰਤੀਸ਼ਤ ਤੋਂ ਵੀ ਘੱਟ ਹੀ ਸੀਵਰੇਜ ਪਾਈਪ-ਲਾਈਨਾਂ ਸਨ, ''ਰਹਾਇਸ਼ੀ ਇਲਾਕਿਆਂ ਵਿੱਚ 51,837 ਉਦਯੋਗ ਨਜਾਇਜ਼ ਰੂਪ ਨਾਲ਼ ਚੱਲ ਰਹੇ ਹਨ, ਜਿਨ੍ਹਾਂ ਦੀ ਗੰਦਗੀ ਸਿੱਧਿਆਂ ਨਾਲ਼ਿਆਂ ਵਿੱਚ ਡਿੱਗਦੀ ਹੈ ਅਤੇ ਅਖ਼ੀਰ ਨਦੀ ਵਿੱਚ ਚਲੇ ਜਾਂਦੇ ਹਨ।''
ਵਰਤਮਾਨ ਸੰਕਟ ਨੂੰ ਇੱਕ ਨਦੀ ਦੀ ਮੌਤ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਇਸ ਮੌਤ ਮਗਰਲਾ ਕਾਰਨ ਮਾਨਵ ਗਤੀਵਿਧੀ ਦੇ ਪੈਮਾਨੇ, ਪੈਟਰਨ ਅਤੇ ਅਰਥਸ਼ਾਸਤਰ ਨਾਲ਼ ਜੁੜੀਆਂ ਉਹਦੀਆਂ ਗਤੀਵਿਧੀਆਂ ਹੀ ਹਨ।
ਸ਼ਿਕਾਰ ਵਿੱਚ ਘੱਟ ਹੱਥ ਲੱਗਦੀਆਂ ਮੱਛੀਆਂ ਕਾਰਨ, ਮਛੇਰਿਆਂ ਦੀ ਆਮਦਨੀ ਵਿੱਚ ਤੇਜ਼ੀ ਨਾਲ਼ ਗਿਰਾਵਟ ਆਉਣ ਲੱਗੀ ਹੈ। ਪਹਿਲਾਂ, ਮੱਛੀ ਫੜ੍ਹਨ ਕਾਰਨ ਉਨ੍ਹਾਂ ਨੂੰ ਕਾਫ਼ੀ ਕਮਾਈ ਹੋ ਜਾਂਦੀ ਸੀ। ਕੁਸ਼ਲ ਮਛੇਰੇ ਕਦੇ-ਕਦੇ ਇੱਕ ਮਹੀਨੇ ਵਿੱਚ 50,000 ਰੁਪਏ ਤੱਕ ਕਮਾ ਲੈਂਦੇ ਸਨ।
ਰਾਮ ਘਾਟ ਵਿਖੇ ਰਹਿਣ ਵਾਲ਼ੇ 42 ਸਾਲਾ ਅਨੰਦ ਸਾਹਨੀ, ਨੌਜਵਾਨੀ ਵੇਲ਼ੇ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਤੋਂ ਦਿੱਲੀ ਆਏ ਸਨ। ਉਹ ਉਦਾਸੀ ਨਾਲ਼ ਕਹਿੰਦੇ ਹਨ,''ਮੇਰੀ ਕਮਾਈ 20 ਸਾਲ ਵਿੱਚ ਅੱਧੀ ਹੋ ਗਈ ਹੈ। ਹੁਣ ਇੱਕ ਦਿਨ ਵਿੱਚ ਮੈਨੂੰ 100-200 ਰੁਪਏ ਮਿਲ਼ਦੇ ਹਨ। ਮੈਨੂੰ ਆਪਣਾ ਪਰਿਵਾਰ ਪਾਲਣ ਲਈ ਹੋਰ ਤਰੀਕੇ ਖੋਜਣੇ ਪੈਂਦੇ ਹਨ-ਮੱਛੀ ਫੜ੍ਹਨ ਦਾ ਕੰਮ ਹੁਣ ਸਥਾਈ ਨਹੀਂ ਰਿਹਾ।''
ਕਰੀਬ 30-40 ਮਲਾਹ ਪਰਿਵਰ ਜਾਂ ਮਛੇਰੇ ਅਤੇ ਬੇੜੀਆਂ ਚਲਾਉਣ ਵਾਲ਼ੇ ਹੋਰ ਕਈ ਭਾਈਚਾਰੇ ਯਮੁਨਾ ਦੀ ਘੱਟ ਪ੍ਰਦੂਸ਼ਤ ਥਾਂ, ਰਾਮ ਘਾਟ ਵਿਖੇ ਰਹਿੰਦੇ ਹਨ। ਉਹ ਕੁਝ ਮੱਛੀਆਂ ਤਾਂ ਆਪਣੇ ਖਾਣ ਲਈ ਰੱਖ ਲੈਂਦੇ ਹਨ, ਬਾਕੀ ਨੂੰ ਸੋਨੀਆ ਵਿਹਾਰ, ਗੋਪਾਲਪੁਰ ਅਤੇ ਹਨੂਮਾਨ ਚੌਕ ਜਿਹੇ ਨੇੜੇ-ਤੇੜੇ ਦੇ ਬਜ਼ਾਰਾਂ ਵਿੱਚ (ਮੱਛੀਆਂ ਦੀਆਂ ਪ੍ਰਜਾਤੀਆਂ ਦੇ ਅਧਾਰ 'ਤੇ) 50-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚਦੇ ਹਨ।
*****
ਤਿਰੂਵਨੰਤਪੁਰਮ ਸਥਿਤ ਵਾਤਾਵਰਣ ਸਲਾਹਕਾਰ ਡਾਕਟਰ ਰਾਧਾ ਗੋਪਾਲਨ ਕਹਿੰਦੀ ਹਨ ਕਿ ਮੀਂਹ ਅਤੇ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਦੇ ਨਾਲ਼ ਜਲਵਾਯੂ ਸੰਕਟ ਯਮੁਨਾ ਦੀ ਸਮੱਸਿਆ ਨੂੰ ਅਤੇ ਵਧਾਉਂਦਾ ਹੈ। ਪਾਣੀ ਦੀ ਮਾਤਰਾ ਅਤੇ ਗੁਣਵੱਤਾ ਨਾਲ਼ ਸਮਝੌਤਾ ਅਤੇ ਜਲਵਾਯੂ ਤਬਦੀਲੀ ਦੀ ਅਨਸ਼ਿਚਤਤਾ ਸਮੱਸਿਆ ਨੂੰ ਹੋਰ ਵਧਾ ਦਿੰਦੀ ਹੈ, ਜਿਸ ਕਾਰਨ ਫੜ੍ਹੀਆਂ ਜਾਣ ਵਾਲ਼ੀਆਂ ਮੱਛੀਆਂ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਭਾਰੀ ਗਿਰਾਵਟ ਆ ਰਹੀ ਹੈ।
35 ਸਾਲਾ ਸੁਨੀਤਾ ਦੇਵੀ ਕਹਿੰਦੀ ਹਨ,''ਪ੍ਰਦੂਸ਼ਤ ਪਾਣੀ ਕਾਰਨ ਮੱਛੀਆਂ ਮਰ ਜਾਂਦੀਆਂ ਹਨ; ਲੋਕ ਆਉਂਦੇ ਹਨ ਅਤੇ ਨਦੀ ਵਿੱਚ ਕੂੜਾ ਸੁੱਟ ਕੇ ਚਲੇ ਜਾਂਦੇ ਹਨ, ਅੱਜਕੱਲ੍ਹ ਕੂੜੇ ਵਿੱਚ ਪਲਾਸਟਿਕ ਦਾ ਵੱਧ ਜ਼ੋਰ ਹੈ।'' ਉਹ ਦੱਸਦੀ ਹਨ ਕਿ ਧਾਰਮਿਕ ਅਯੋਜਨਾਂ ਦੌਰਾਨ ਲੋਕ ਬਚਿਆ ਹੋਇਆ ਭੋਜਨ ਜਿਵੇਂ ਪੂੜੀ, ਜਲੇਬੀ ਅਤੇ ਲੱਡੂ ਵਗੈਰਾ ਵੀ ਨਦੀ ਵਿੱਚ ਸੁੱਟ ਰਹੇ ਹਨ ਜਿਸ ਕਰਕੇ ਨਦੀ ਦੀ ਸੜਾਂਦ ਵੱਧਦੀ ਜਾਂਦੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੇ ਮਛੇਰੇ ਪਤੀ ਨਰੇਸ਼ ਸਾਹਨੀ ਦਿਹਾੜੀ ਲੱਭਣ ਵਾਸਤੇ ਘਰੋਂ ਬਾਹਰ ਗਏ ਹੋਏ ਸਨ।
ਅਕਤੂਬਰ 2019 ਵਿੱਚ, 100 ਤੋਂ ਵੱਧ ਸਾਲਾਂ ਵਿੱਚ ਪਹਿਲੀ ਦਫ਼ਾ, ਦਿੱਲੀ ਵਿੱਚ ਦੁਰਗਾ ਪੂਜਾ ਦੌਰਾਨ ਮੂਰਤੀ ਵਿਸਰਜਨ 'ਤੇ ਰੋਕ ਲਾ ਦਿੱਤੀ ਗਈ ਸੀ। ਇਹ ਫ਼ੈਸਲਾ ਐੱਨਜੀਟੀ ਦੀ ਉਸ ਰਿਪੋਰਟ ਤੋਂ ਬਾਅਦ ਲਿਆ ਗਿਆ ਸੀ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਦੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾ ਰਹੀਆਂ ਹਨ।
ਮੁਗਲਾਂ ਨੇ 16ਵੀਂ ਅਤੇ 17ਵੀਂ ਸਦੀ ਵਿੱਚ ਦਿੱਲੀ ਨੂੰ ਆਪਣਾ ਸਾਮਰਾਜ ਬਣਾਇਆ ਸੀ, ਇਸ ਪੁਰਾਣੀ ਕਹਾਵਤ ਨੂੰ ਸੱਚ ਕਰਦੇ ਹੋਏ ਕਿ ਸ਼ਹਿਰ ਬਣਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: 'ਦਰਿਆ, ਬੱਦਲ, ਬਾਦਸ਼ਾਹ'। ਉਨ੍ਹਾਂ ਦੀ ਜਲ ਪ੍ਰਣਾਲੀ, ਜਿਹਨੂੰ ਇੱਕ ਤਰ੍ਹਾਂ ਨਾਲ਼ ਕਲਾ ਦਾ ਰੂਪ ਮੰਨਿਆ ਜਾਂਦਾ ਸੀ, ਅੱਜ ਇਤਿਹਾਸਕ ਖੰਡ੍ਹਰ ਦੇ ਰੂਪ ਵਿੱਚ ਮੌਜੂਦ ਹੈ। ਅੰਗਰੇਜ਼ਾਂ ਨੇ 18ਵੀਂ ਸਦੀ ਵਿੱਚ ਪਾਣੀ ਨੂੰ ਸਿਰਫ਼ ਇੱਕ ਵਸੀਲਾ ਮੰਨਿਆ ਅਤੇ ਯਮੁਨਾ ਤੋਂ ਦੂਰੀ ਬਣਾਉਣ ਲਈ ਨਵੀਂ ਦਿੱਲੀ ਦਾ ਨਿਰਮਾਣ ਕੀਤਾ। ਸਮਾਂ ਲੰਘਣ ਦੇ ਨਾਲ਼ ਅਬਾਦੀ ਵਿੱਚ ਅਥਾਹ ਵਾਧਾ ਹੋਇਆ ਅਤੇ ਸ਼ਹਿਰੀਕਰਣ ਹੋ ਗਿਆ।
ਨੈਰੇਟਿਵ ਆਫ਼ ਦਿ ਇਨਵਾਇਰਮੈਂਟ ਆਫ਼ ਹੈਲਦੀ ਨਾਮਕ ਕਿਤਾਬ (ਇੰਡੀਅਨ ਨੈਸ਼ਨਲ ਟ੍ਰਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ ਦੁਆਰਾ ਪ੍ਰਕਾਸ਼ਤ) ਵਿੱਚ ਪੁਰਾਣੇ ਲੋਕ ਚੇਤੇ ਕਰਦੇ ਹੋਏ ਦੱਸਦੇ ਹਨ ਕਿ ਕਿਵੇਂ, 1940 ਤੋਂ 1970 ਦੇ ਦਹਾਕਿਆਂ ਵਿਚਾਲੇ, ਦਿੱਲੀ ਦੇ ਓਖਲਾ ਇਲਾਕੇ ਵਿੱਚ ਮੱਛੀ ਫੜ੍ਹਨਾ, ਬੇੜੀ ਸਵਾਰੀ, ਤੈਰਾਕੀ ਅਤੇ ਪਿਕਨਿਕ ਜੀਵਨ ਦਾ ਇੱਕ ਹਿੱਸਾ ਹੋਇਆ ਕਰਦਾ ਸੀ। ਇੱਥੋਂ ਤੱਕ ਕਿ ਗੰਗਾ ਦੀ ਡਾਲਫ਼ਿਨ ਮੱਛੀ ਨੂੰ ਵੀ ਓਖਲਾ ਬੈਰਾਜ ਹੇਠਲੇ ਪਾਣੀ (ਵਹਾਓ) ਵਿੱਚ ਦੇਖਿਆ ਜਾਂਦਾ ਸੀ, ਨਦੀ ਵਿੱਚ ਪਾਣੀ ਘੱਟ ਹੋਣ ਦੀ ਸੂਰਤ ਵਿੱਚ ਕਛੂਏ ਨਦੀ ਕੰਢੇ ਆ ਕੇ ਧੁੱਪ ਸੇਕਿਆ ਕਰਦੇ।
''ਯਮੁਨਾ ਦਾ ਖ਼ਤਰਨਾਕ ਰੂਪ ਨਾਲ਼ ਪਤਨ ਹੋਇਆ ਹੈ,'' ਆਗਰਾ ਦੇ ਵਾਤਾਵਰਣਵਾਦੀ ਬ੍ਰਿਜ ਖੰਡੇਲਵਾਲ ਕਹਿੰਦੇ ਹਨ। ਉਤਰਾਖੰਡ ਹਾਈ ਕੋਰਟ ਦੁਆਰਾ ਗੰਗਾ ਅਤੇ ਯਮੁਨਾ ਨਦੀਆਂ ਨੂੰ 2017 ਵਿੱਚ ਜੀਵਤ ਹਸਤੀ ਐਲਾਨੇ ਜਾਣ ਤੋਂ ਤੁਰੰਤ ਬਾਅਦ, ਖੰਡੇਲਵਾਲ ਨੇ ਆਪਣੇ ਸ਼ਹਿਰ ਵਿੱਚ ਸਰਕਾਰੀ ਅਧਿਕਾਰੀਆਂ ਦੇ ਖ਼ਿਲਾਫ਼ 'ਇਰਾਦਤਨ ਹੱਤਿਆ' ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਦੋਸ਼ ਹੈ: ਉਹ ਯਮੁਨਾ ਨੂੰ ਮੱਠਾ ਜ਼ਹਿਰ ਦੇ ਦੇ ਕੇ ਮਾਰ ਰਹੇ ਸਨ।
ਇਸੇ ਵਿਚਾਲੇ, ਕੇਂਦਰ ਸਰਕਾਰ ਪੂਰੇ ਦੇਸ਼ ਵਿੱਚ ਜਲਮਾਰਗਾਂ ਨੂੰ ਬੰਦਰਗਾਹਾਂ ਨਾਲ਼ ਜੋੜਨ ਲਈ ਸਾਗਰ ਮਾਲਾ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ। ਪਰ ''ਜੇ ਵੱਡੇ ਮਾਲਵਾਹਕ ਜਹਾਜ਼ਾਂ ਨੂੰ ਨਦੀ ਤਟ ਵਾਲ਼ੇ ਇਲਾਕਿਆਂ ਵਿੱਚ ਲਿਆਂਦਾ ਜਾਂਦਾ ਹੈ ਤਾਂ ਇਹ ਨਦੀਆਂ ਨੂੰ ਦੋਬਾਰਾ ਤੋਂ ਪ੍ਰਦੂਸ਼ਿਤ ਕਰੇਗਾ,'' ਐੱਨਪੀਐੱਸਐੱਸਐੱਫ਼ਡਬਲਿਊਆਈ ਦੇ ਚੈਟਰਜੀ ਚੇਤਾਵਨੀ ਦਿੰਦੇ ਹਨ।
*****
ਹਲਦਰ ਆਪਣੇ ਪਰਿਵਾਰ ਵਿੱਚ ਮਛੇਰਿਆਂ ਦੀ ਅੰਤਮ ਪੀੜ੍ਹੀ 'ਚੋਂ ਹਨ। ਉਹ ਪੱਛਮੀ ਬੰਗਾਲ ਦੇ ਮਾਲਦਾ ਦੇ ਨਿਵਾਸੀ ਹਨ, ਜੋ ਮਹੀਨੇ ਵਿੱਚ 15-20 ਦਿਨ ਰਾਮ ਘਾਟ ਵਿਖੇ ਰਹਿੰਦੇ ਹਨ ਅਤੇ ਬਾਕੀ ਦਿਨ ਨੋਇਡਾ ਵਿੱਚ ਆਪਣੇ 25 ਅਤੇ 27 ਸਾਲਾਂ ਦੇ ਦੋ ਬੇਟਿਆਂ ਦੇ ਨਾਲ਼ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਮੋਬਾਇਲ ਠੀਕ ਕਰਦਾ ਹੈ ਅਤੇ ਦੂਸਰਾ ਅੰਡਾ ਰੋਲ ਅਤੇ ਮੋਮੋਸ ਵੇਚਦਾ ਹੈ। ''ਬੱਚੇ ਕਹਿੰਦੇ ਹਨ ਕਿ ਮੇਰਾ ਪੇਸ਼ਾ ਪੁਰਾਣਾ ਹੋ ਚੁੱਕਿਆ ਹੈ। ਮੇਰਾ ਛੋਟਾ ਭਰਾ ਵੀ ਮਛੇਰਾ ਹੀ ਹੈ। ਉਹ ਇੱਕ ਪਰੰਪਰਾ ਹੈ-ਮੀਂਹ ਹੋਵੇ ਜਾਂ ਧੁੱਪ-ਅਸੀਂ ਸਿਰਫ਼ ਇਹੀ ਕੰਮ ਹੀ ਕਰਦੇ ਹਾਂ। ਮੈਂ ਰੋਜ਼ੀਰੋਟੀ ਕਮਾਉਣ ਦਾ ਕੋਈ ਹੋਰ ਤਰੀਕਾ ਨਹੀਂ ਜਾਣਦਾ...''
''ਹੁਣ ਜਦੋਂਕਿ ਮੱਛੀਆਂ ਫੜ੍ਹਨ ਦਾ ਸ੍ਰੋਤ ਹੀ ਸੁੱਕ ਚੁੱਕਿਆ ਹੈ, ਤਾਂ ਉਹ ਕਰਨਗੇ ਕੀ? ਸਭ ਤੋਂ ਅਹਿਮ ਗੱਲ ਮੱਛੀਆਂ ਉਨ੍ਹਾਂ ਲਈ ਵੀ ਪੋਸ਼ਣ ਦਾ ਇੱਕ ਸ੍ਰੋਤ ਹਨ। ਸਾਨੂੰ ਉਨ੍ਹਾਂ ਨੂੰ ਸਮਾਜਿਕ-ਵਾਤਾਵਰਣਿਕ ਦ੍ਰਿਸ਼ਟੀ ਤੋਂ ਦੇਖਣਾ ਚਾਹੀਦਾ ਹੈ, ਜਿਸ ਵਿੱਚ ਆਰਥਿਕ ਪੱਖ ਵੀ ਸ਼ਾਮਲ ਹੋਣ। ਜਲਵਾਯੂ ਤਬਦੀਲੀ ਅੰਦਰ, ਇਹ ਅੱਡ-ਅੱਡ ਚੀਜ਼ਾਂ ਨਹੀਂ ਹੋ ਸਕਦੀਆਂ ਹਨ: ਤੁਹਾਨੂੰ ਆਮਦਨੀ ਦੀ ਵੰਨ-ਸੁਵੰਨਤਾ ਅਤੇ ਈਕੋ-ਸਿਸਟਮ ਦੀ ਵੰਨ-ਸੁਵੰਨਤਾ ਵੀ ਚਾਹੀਦੀ ਹੈ।''
ਰਿਸਰਚ ਕਲੇਕਟਿਵ ਦੇ ਚੱਕਰਵਰਤੀ ਕਹਿੰਦੇ ਹਨ ਇਸੇ ਦਰਮਿਆਨ, ਸਰਕਾਰ ਸੰਸਾਰ-ਪੱਧਰ 'ਤੇ ਜਲਵਾਯੂ ਸੰਕਟ ਬਾਰੇ ਗੱਲ ਕਰ ਰਹੀ ਹੈ, ਜਿਹਦੇ ਤਹਿਤ ਨਿਰਯਾਤ ਵਾਸਤੇ ਮੱਛੀ ਪਾਲਣ ਦੀਆਂ ਨੀਤੀਆਂ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਹੋ ਰਹੀ ਹੈ।
ਭਾਰਤ ਨੇ 2017-18 ਵਿੱਚ 4.8 ਬਿਲੀਅਨ ਡਾਲਰ ਮੁੱਲ ਦੇ ਝੀਂਗਾ ਦਾ ਨਿਰਯਾਤ ਕੀਤਾ ਸੀ। ਚੱਕਰਵਰਤੀ ਕਹਿੰਦੇ ਹਨ ਕਿ ਇਹ ਇੱਕ ਵਿਦੇਸ਼ੀ ਕਿਸਮ ਦੀ ਮੱਛੀ ਸੀ-ਮੈਕਸੀਕੋ ਦੇ ਪਾਣੀ ਦੀ ਪੈਸੀਫ਼ਿਕ ਵ੍ਹਾਈਟ ਝੀਂਗਾ (ਕਿਸਮ)। ਭਾਰਤ ਇਸ ਇਕਹਿਰਾ-ਸੱਭਿਆਚਾਰ (ਮੋਨੋਕਲਚਰ) ਵਿੱਚ ਜਾ ਰਲ਼ਿਆ ਹੈ, ਕਿਉਂਕਿ ''ਅਮੇਰੀਕਾ ਅੰਦਰ ਮੈਕਸੀਕਨ ਝੀਂਗੇ ਦੀ ਕਾਫ਼ੀ ਮੰਗ ਹੈ।'' ਸਾਡੇ ਝੀਂਗੇ ਦੇ ਨਿਰਯਾਤ ਦਾ ਸਿਰਫ਼ 10 ਫ਼ੀਸਦੀ ਹਿੱਸਾ ਬਲੈਕ ਟਾਈਗਰ ਝੀਂਗੇ ਦਾ ਹੈ, ਜਿਹਨੂੰ ਭਾਰਤੀ ਪਾਣੀ ਵਿੱਚ ਸੌਖ਼ਿਆਂ ਹੀ ਫੜ੍ਹ ਲਿਆ ਜਾਂਦਾ ਹੈ। ਭਾਰਤ ਜੀਵ-ਵਿਭਿੰਨਤਾ ਦੇ ਨੁਕਸਾਨ ਨੂੰ ਗਲ਼ੇ ਲਾ ਰਿਹਾ ਹੈ, ਜੋ ਬਦਲੇ ਵਿੱਚ, ਰੋਜ਼ੀਰੋਟੀ ਨੂੰ ਪ੍ਰਭਾਵਤ ਕਰਦਾ ਹੈ। ''ਜੇ ਨਿਰਯਾਤ ਨੂੰ ਮੁੱਖ ਰੱਖ ਕੇ ਨੀਤੀ ਬਣਾਈ ਜਾਵੇਗੀ ਤਾਂ ਇਹ ਮਹਿੰਗੀ ਹੋਵੇਗੀ ਅਤੇ ਸਥਾਨਕ ਪੋਸ਼ਣ ਅਤੇ ਲੋੜਾਂ ਨੂੰ ਪੂਰਿਆਂ ਨਹੀਂ ਕਰ ਸਕੇਗੀ। ''
ਭਵਿੱਖ ਹਨ੍ਹੇਰੇ ਵਿੱਚ ਹੋਣ ਦੇ ਬਾਵਜੂਦ, ਹਲਦਰ ਨੂੰ ਅਜੇ ਵੀ ਆਪਣੀ ਕਲਾ 'ਤੇ ਫ਼ਖਰ ਹੈ। ਮੱਛੀ ਫੜ੍ਹਨ ਵਾਲ਼ੀ ਬੇੜੀ ਦੀ ਕੀਮਤ 10,000 ਰੁਪਏ ਅਤੇ ਜਾਲ਼ ਦੀ ਕੀਮਤ 3,000-5,000 ਰੁਪਏ ਵਿਚਕਾਰ ਹੈ, ਅਜਿਹੇ ਮੌਕੇ ਉਹ ਸਾਨੂੰ ਮੱਛੀ ਫੜ੍ਹਨ ਲਈ ਫੋਮ, ਮਿੱਟੀ ਅਤੇ ਰੱਸੀ ਦੀ ਵਰਤੋਂ ਨਾਲ਼ ਆਪਣੇ ਦੁਆਰਾ ਬਣਾਏ ਗਏ ਜਾਲ਼ ਦਿਖਾਉਂਦੇ ਹਨ। ਇਸ ਜਾਲ਼ ਨਾਲ਼ ਉਹ ਇੱਕ ਦਿਨ ਵਿੱਚ 50-100 ਰੁਪਏ ਤੱਕ ਦੀ ਮੱਛੀ ਫੜ੍ਹ ਲੈਂਦੇ ਹਨ।
45 ਸਾਲਾ ਰਾਮ ਪਰਵੇਸ਼ ਅੱਜਕੱਲ੍ਹ ਬਾਂਸ ਅਤੇ ਧਾਗੇ ਦੇ ਬਣੇ ਪਿੰਜਰੇਨੁਮਾ ਢਾਂਚੇ ਦੀ ਵਰਤੋਂ ਕਰਦੇ ਹਨ, ਜਿਸ ਨਾਲ਼ ਉਹ 1-2 ਕਿਲੋਗ੍ਰਾਮ ਮੱਛੀ ਫੜ੍ਹ ਸਕਦੇ ਹਨ। ਉਹ ਦੱਸਦੇ ਹਨ,''ਅਸੀਂ ਇਹਨੂੰ (ਢਾਂਚੇ ਨੂੰ) ਆਪਣੇ ਪਿੰਡ ਵਿੱਚ ਬਣਾਉਣਾ ਸਿੱਖਿਆ ਸੀ। ਦੋਵੇਂ ਪਾਸੇ (ਕਣਕ ਦੇ) ਆਟੇ ਦਾ ਚਾਰਾ ਲਮਕਾ ਕੇ ਪਿੰਜਰੇ ਨੂੰ ਪਾਣੀ ਵਿੱਚ ਡੁਬੋਇਆ ਜਾਂਦਾ ਹੈ। ਕੁਝ ਘੰਟਿਆਂ ਦੇ ਅੰਦਰ, ਮੱਛੀਆਂ ਦੀ ਛੋਟੀ ਕਿਸਮ- ਪੁਠੀ , ਫੱਸ ਜਾਂਦੀਆਂ ਹਨ।'' ਸਾਊਥ ਏਸ਼ੀਆ ਨੈਟਵਰਕ ਆ ਡੈਮਸ, ਰਿਵਰਸ ਐਂਡ ਪੀਪਲ ਦੇ ਨਾਲ਼ ਕੰਮ ਕਰਨ ਵਾਲ਼ੇ ਇੱਕ ਸਥਾਨਕ ਕਾਰਕੁੰਨ, ਭੀਮ ਸਿੰਘ ਰਾਵਤ ਕਹਿੰਦੇ ਹਨ ਕਿ ਪੁਠੀ ਇੱਥੋਂ ਦੀ ਸਭ ਤੋਂ ਆਮ ਮੱਛੀ ਹੈ। '' ਚਿਲਵਾ ਅਤੇ ਬਛੂਆ ਦੀ ਗਿਣਤੀ ਕਾਫ਼ੀ ਘੱਟ ਹੋ ਚੁੱਕੀ ਹੈ, ਜਦੋਂਕਿ ਬਾਮ ਅਤੇ ਮੱਲੀ ਕਰੀਬ ਕਰੀਬ ਅਲੋਪ ਹੋ ਚੁੱਕੀਆਂ ਹਨ। ਮਾਂਗੁਰ (ਕੈਟਫ਼ਿਸ਼) ਪ੍ਰਦੂਸ਼ਤ ਹਿੱਸਿਆਂ ਵਿੱਚ ਪਾਈਆਂ ਜਾਂਦੀਆਂ ਹਨ।''
''ਅਸੀਂ ਯਮੁਨਾ ਦੇ ਰੱਖਿਅਕ ਹਨ,'' 75 ਸਾਲਾ ਅਰੁਣ ਸਾਹਨੀ ਮੁਸਕਰਾਉਂਦਿਆਂ ਹੋਏ ਕਹਿੰਦੇ ਹਨ। ਉਹ ਚਾਰ ਦਹਾਕੇ ਪਹਿਲਾਂ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ ਦਿੱਲੀ ਆਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ 1980-90 ਦੇ ਦਹਾਕੇ ਵਿੱਚ ਉਹ ਇੱਕ ਦਿਨ ਵਿੱਚ 50 ਕਿਲੋਗ੍ਰਾਮ ਤੱਕ ਮੱਛੀ ਫੜ੍ਹ ਸਕਦੇ ਸਨ, ਜਿਸ ਵਿੱਚ ਰੋਹੂ, ਚਿੰਗੜੀ, ਸਾਊਲ ਅਤੇ ਮੱਲੀ ਜਿਹੀਆਂ ਪ੍ਰਜਾਤੀਆਂ ਸ਼ਾਮਲ ਸਨ। ਹੁਣ ਇੱਕ ਦਿਨ ਵਿੱਚ ਬਾਮੁਸ਼ਕਲ 10 ਕਿਲੋ ਜਾਂ ਵੱਧ ਤੋਂ ਵੱਧ 20 ਕਿਲੋ ਮੱਛੀ ਹੀ ਮਿਲ਼ ਪਾਉਂਦੀ ਹੈ।
ਸਬੱਬੀ, ਯਮੁਨਾ ਦਾ ਇਤਿਹਾਸਕ ਸਿਗਨੇਚਰ ਬ੍ਰਿਜ-ਜੋ ਕੁਤੁਬ ਮੀਨਾਰ ਤੋਂ ਦੋਗੁਣਾ ਉੱਚਾ ਹੈ- ਜਿਹਨੂੰ ਰਾਮ ਘਾਟ ਤੋਂ ਦੇਖਿਆ ਜਾ ਸਕਦਾ ਹੈ-ਕਰੀਬ 1,518 ਕਰੋੜ ਰੁਪਏ ਦੀ ਲਾਗਤ ਨਾਲ਼ ਬਣਾਇਆ ਗਿਆ ਸੀ। ਦੂਸਰੇ ਪਾਸੇ, 1993 ਤੋਂ ਹੁਣ ਤੱਕ ਯਮੁਨਾ ਦੀ 'ਸਫ਼ਾਈ' ਵਿੱਚ, ਬਿਨਾ ਕਿਸੇ ਸਫ਼ਲਤਾ ਦੇ 1,514 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤਾ ਜਾ ਚੁੱਕੇ ਹਨ।
ਐੱਨਜੀਟੀ ਨੇ ਚੇਤਾਵਨੀ ਦਿੱਤੀ ਹੈ ਕਿ ''... ਅਧਿਕਾਰੀਆਂ ਦੀ ਅਸਫ਼ਲਤਾ ਨਾਗਰਿਕਾਂ ਦੇ ਜੀਵਨ ਅਤੇ ਸਿਹਤ ਨੂੰ ਪ੍ਰਭਾਵਤ ਕਰ ਰਹੀ ਹੈ ਅਤੇ ਨਦੀ ਦੇ ਵਜੂਦ ਨੂੰ ਖ਼ਤਰੇ ਵਿੱਚ ਪਾ ਰਹੀ ਹੈ ਅਤੇ ਗੰਗਾ ਨਦੀ ਨੂੰ ਵੀ ਪ੍ਰਭਾਵਤ ਕਰ ਰਹੀ ਹੈ।''
ਡਾਕਟਰ ਗੋਪਾਲਨ ਕਹਿੰਦੀ ਹਨ,''ਨੀਤੀ ਦੇ ਪੱਧਰ 'ਤੇ ਸਮੱਸਿਆ ਇਹ ਹੈ ਕਿ ਯਮੁਨਾ ਕਾਰਜ ਯੋਜਨਾ (ਜੋ 1993 ਵਿੱਚ ਬਣਾਈ ਗਈ ਸੀ) ਨੂੰ ਸਿਰਫ਼ ਤਕਨੀਕੀ ਦ੍ਰਿਸ਼ਟੀਕੋਣ ਨਾਲ਼ ਦੇਖਿਆ ਜਾਂਦਾ ਹੈ,'' ਨਦੀ ਨੂੰ ਇੱਕ ਇਕਾਈ ਜਾਂ ਈਕੋਸਿਸਟਮ ਦੇ ਰੂਪ ਵਿੱਚ ਦੇਖੇ ਬਿਨਾ। ''ਨਦੀ, ਜਲ ਗ੍ਰਹਿਣ ਦੀ ਇੱਕ ਕਾਰਜ-ਪ੍ਰਣਾਲੀ ਹੁੰਦੀ ਹੈ। ਦਿੱਲੀ ਯਮੁਨਾ ਦੇ ਲਈ ਇੱਕ ਜਲ-ਗ੍ਰਹਿਣ ਹੈ। ਤੁਸੀਂ ਜਲਗ੍ਰਹਿਣ ਨੂੰ ਸਾਫ਼ ਕੀਤੇ ਬਗ਼ੈਰ ਨਦੀ ਨੂੰ ਸਾਫ਼ ਨਹੀਂ ਕਰ ਸਕਦੇ।''
ਸਮੁੰਦਰੀ ਸੰਰਖਣਵਾਦੀ ਦਿਵਿਯਾ ਕਰਨਾਡ ਕਹਿੰਦੀ ਹਨ ਕਿ ਮਛੇਰੇ ਸਾਡੇ ਕੋਇਲਾ-ਖੰਦਕ ਦੇ ਭੇਦੀਏ (ਮੁਖ਼ਬਰ) ਹਨ। ''ਅਸੀਂ ਇਹ ਕਿਵੇਂ ਨਹੀਂ ਦੇਖ ਪਾਉਂਦੇ ਕਿ ਭਾਰੀ ਧਾਤੂ, ਕੇਂਦਰੀ ਤੰਤੂ ਸਿਸਟਮ ਦੇ ਟੁੱਟਣ ਕਾਰਨ ਬਣਦੀ ਹੈ? ਅਤੇ ਫਿਰ ਇਹ ਨਹੀਂ ਦੇਖ ਪਾਉਂਦੇ ਕਿ ਸਭ ਤੋਂ ਪ੍ਰਦੂਸ਼ਤ ਨਦੀਆਂ ਵਿੱਚੋਂ ਇੱਕ ਦੇ ਆਸਪਾਸ ਦੇ ਇਲਾਕਿਆਂ ਤੋਂ ਭੂਮੀਗਤ ਖਿੱਚੇ ਜਾਣ ਕਾਰਨ ਸਾਡੀ ਮਾਨਸਿਕ ਸਿਹਤ 'ਤੇ ਅਸਰ ਪੈ ਰਿਹਾ ਹੈ? ਮਛੇਰੇ, ਜੋ ਇਹਦੇ ਕਿਨਾਰੇ ਹਨ, ਇਸ ਤਾਅਲੁਕ ਨੂੰ ਹੋਰ ਸਭ ਤੋਂ ਤਤਕਾਲਕ ਪ੍ਰਭਾਵ ਨੂੰ ਦੇਖ ਰਹੇ ਹਨ।''
''ਮੇਰੇ ਸਕੂਨ ਦਾ ਇੱਕ ਅਖ਼ੀਰਲਾ ਪਲ ਹੈ,'' ਸੂਰਜ ਛੁੱਪਣ ਤੋਂ ਕਾਫ਼ੀ ਦੇਰ ਬਾਅਦ ਆਪਣਾ ਜਾਲ਼ ਪਾਉਣ ਲਈ ਤਿਆਰ, ਹਲਦਰ ਮੁਸਕਰਾਉਂਦੇ ਹਨ ਅਤੇ ਅੱਗੇ ਕਹਿੰਦੇ ਹਨ,''ਆਖ਼ਰੀ ਜਾਲ਼ ਪਾਉਣ ਦਾ ਬਿਹਤਰਨੀ ਸਮਾਂ ਰਾਤੀਂ 9 ਵਜੇ ਦੇ ਆਸਪਾਸ ਅਤੇ ਉਸ ਵਿੱਚ ਫਸੀਆਂ ਮੱਛੀਆਂ ਨੂੰ ਕੱਢਣ ਦਾ ਸਮਾਂ ਸੂਰਜ ਚੜ੍ਹਨ ਵੇਲ਼ੇ ਹੈ। ਇਸ ਤਰੀਕੇ ਨਾਲ਼ ''ਮਰੀਆਂ ਹੋਈਆਂ ਮੱਛੀਆਂ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ।''
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ (PARI) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਨਿਰਮਲਜੀਤ ਕੌਰ