"ਮੈਂ ਨਹੀਂ ਜਾਣਦੀ ਕਿ ਇਹ ਸਭ ਕਾਹਦੇ ਬਾਰੇ ਹੈ, ਮੈਨੂੰ ਜਾਪਦਾ ਹੈ ਕਿ ਜੋ ਵੀ ਹੋਵੇ ਇਹ ਮੋਦੀ ਨਾਲ਼ ਸਬੰਧਤ ਹੈ। ਮੈਂ ਤਾਂ ਇੱਥੇ ਖਾਣੇ ਵਾਸਤੇ ਆਉਂਦੀ ਹਾਂ। ਸਾਨੂੰ ਹੁਣ ਭੁੱਖੇ ਢਿੱਡ ਸੌਣ ਦੀ ਚਿੰਤਾ ਨਹੀਂ ਰਹੀ," 16 ਸਾਲ ਦੀ ਰੇਖਾ (ਇਸ ਕਹਾਣੀ ਅੰਦਰਲੇ ਕਈ ਲੋਕਾਂ ਵਾਂਗ ਉਹ ਵੀ ਆਪਣਾ ਛੋਟਾ ਨਾਮ ਹੀ ਵਰਤਣਾ ਪਸੰਦ ਕਰਦੀ ਹੈ) ਕਹਿੰਦੀ ਹੈ। ਉਹ ਕੂੜਾ ਚੁਗਣ ਦਾ ਕੰਮ ਕਰਦੀ ਹੈ, ਅਤੇ ਕੂੜੇ ਵਿੱਚੋਂ ਦੋਬਾਰਾ ਇਸਤੇਮਾਲ ਹੋਣ ਵਾਲੀਆਂ ਚੀਜਾਂ ਚੁੱਗਦੀ ਹੈ, ਰੇਖਾ ਉੱਤਰੀ ਦਿੱਲੀ ਦੇ ਅਲੀਪੁਰ ਵਿੱਚ ਰਹਿੰਦੀ ਹੈ ਜੋ ਕਿ ਧਰਨਾ-ਸਥਲ ਤੋਂ ਲਗਭਗ 8 ਕਿਲੋਮੀਟਰ ਦੂਰ ਹੈ।
ਉਹ ਦਿੱਲੀ-ਹਰਿਆਣਾ ਸੀਮਾ ਸਥਿਤ ਸਿੰਘੂ ਨਾਕੇਬੰਦੀ 'ਤੇ ਮੌਜੂਦ ਹੈ, ਜਿੱਥੇ ਕਿਸਾਨ ਬੀਤੀ 26 ਨਵੰਬਰ ਤੋਂ ਸਰਕਾਰ ਵੱਲੋਂ ਸਤੰਬਰ ਮਹੀਨੇ ਵਿੱਚ ਪਾਸ ਕੀਤੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਧਰਨੇ ਨੇ ਕਈ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਸਮਰਥਕਾਂ, ਕੁਝ ਉਤਸੁਕ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ ਅਤੇ ਇਨ੍ਹਾਂ ਵਿੱਚ ਕੁਝ ਭੁੱਖ ਨਾਲ਼ ਵਿਲ਼ਕਦੇ ਲੋਕ ਵੀ ਸ਼ਾਮਲ ਹਨ ਜੋ ਕਿਸਾਨਾਂ ਅਤੇ ਗੁਰੂਦੁਆਰਿਆਂ ਦੁਆਰਾ ਚਲਾਏ ਜਾ ਰਹੇ ਲੰਗਰਾਂ ਵਿੱਚ ਖਾਣਾ ਖਾਂਦੇ ਹਨ। ਇਨ੍ਹਾਂ ਭਾਚੀਚਾਰਕ ਰਸੋਈਆਂ ਵਿੱਚ ਕੰਮ ਕਰਨ ਵਾਲੇ ਲੋਕ ਲੰਗਰ ਛਕਣ ਆਏ ਹਰੇਕ ਵਿਅਕਤੀ ਦਾ ਸੁਆਗਤ ਕਰਦੇ ਹਨ।
ਇਨ੍ਹਾਂ ਵਿੱਚੋਂ ਬਹੁਤੇਰੇ ਕਈ ਪਰਿਵਾਰ ਨੇੜਲੇ ਫੁੱਟਪਾਥਾਂ ਅਤੇ ਝੁੱਗੀ ਬਸਤੀਆਂ ਵਿੱਚ ਰਹਿਣ ਵਾਲੇ ਹਨ, ਜੋ ਧਰਨਾ-ਸਥਲ 'ਤੇ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਪੂਰਾ ਦਿਨ ਛਕਾਏ ਜਾਣ ਵਾਲੇ ਲੰਗਰ (ਮੁਫ਼ਤ ਖਾਣੇ), ਚੌਲ, ਦਾਲ, ਪਕੌੜੇ, ਲੱਡੂ, ਸਾਗ, ਮੱਕੀ ਦੀ ਰੋਟੀ, ਪਾਣੀ, ਜੂਸ ਆਦਿ ਵਾਸਤੇ ਆਉਂਦੇ ਹਨ। ਵਲੰਟੀਅਰ (ਸਵੈ-ਸੇਵਕ) ਵੱਡੀ ਗਿਣਤੀ ਵਿੱਚ ਵਰਤੋਂ ਦੀਆਂ ਬਹੁਤ ਸਾਰੀਆਂ ਚੀਜਾਂ ਜਿਵੇਂ ਦਵਾਈਆਂ, ਕੰਬਲ, ਸਾਬਣ, ਸਲੀਪਰ, ਕੱਪੜੇ ਅਤੇ ਹੋਰ ਵੀ ਸਮਾਨ ਮੁਫ਼ਤ ਹੀ ਵੰਡ ਰਹੇ ਹਨ।
ਇਨ੍ਹਾਂ ਵਲੰਟੀਅਰਾਂ ਵਿੱਚ 23 ਸਾਲ ਦਾ ਕਿਸਾਨ ਹਰਪ੍ਰੀਤ ਸਿੰਘ ਵੀ ਹੈ ਜੋ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਦਾ ਵਾਸੀ ਹੈ ਅਤੇ ਬੀਐੱਸੀ ਡਿਗਰੀ ਦੀ ਪੜ੍ਹਾਈ ਵੀ ਕਰ ਰਿਹਾ ਹੈ। "ਸਾਡਾ ਮੰਨਣਾ ਹੈ ਕਿ ਇਹ ਕਾਨੂੰਨ ਗ਼ਲਤ ਹਨ," ਉਹ ਕਹਿੰਦਾ ਹੈ। "ਇਹ ਜ਼ਮੀਨਾਂ ਸਾਡੇ ਪੁਰਖਿਆਂ ਦੁਆਰਾ ਜੋਤੀਆਂ ਗਈਆਂ ਅਤੇ ਉਨ੍ਹਾਂ ਦੀ ਮਲਕੀਅਤ ਹਨ ਅਤੇ ਹੁਣ ਸਰਕਾਰ ਸਾਨੂੰ ਸਾਡੀਆਂ ਹੀ ਜ਼ਮੀਨਾਂ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਨਹੀਂ ਕਰਦੇ। ਜੇਕਰ ਅਸੀਂ ਰੋਟੀ ਖਾਣਾ ਹੀ ਨਹੀਂ ਚਾਹੁੰਦੇ ਤਾਂ ਕੋਈ ਸਾਨੂੰ ਧੱਕੇ ਨਾਲ਼ ਕਿਵੇਂ ਖਵਾ ਸਕਦਾ ਹੈ? ਇਨ੍ਹਾਂ ਕਾਨੂੰਨਾਂ ਨੇ ਵਾਪਸ ਜਾਣਾ ਹੀ ਜਾਣਾ ਹੈ।"
ਤਰਜਮਾ: ਕਮਲਜੀਤ ਕੌਰ