ਉਸ ਰਾਤ ਪਹਾੜੀ ਦਾ ਇੱਕ ਪੂਰਾ ਹਿੱਸਾ ਖਿਸਕ ਕੇ ਹੇਠਾਂ ਆ ਗਿਆ।
ਰਾਤ ਦੇ ਕਰੀਬ 11 ਵੱਜੇ ਸਨ ਅਤੇ ਅਨੀਤਾ ਬਾਕੜੇ ਸੌਂ ਰਹੀ ਸਨ ਅਤੇ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ 17 ਮੈਂਬਰ ਵੀ ਨਾਲ਼ ਲੱਗਦੇ 4-5 ਘਰਾਂ ਵਿੱਚ ਆਪੋ-ਆਪਣੇ ਬਿਸਤਰਿਆਂ ਵਿੱਚ ਗੂੜ੍ਹੀ ਨੀਂਦੇ ਸੁੱਤੇ ਪਏ ਸਨ। ਉਹ ਕਹਿੰਦੀ ਹਨ,''ਕੰਨ ਪਾੜ੍ਹਵੀਂ ਗੜਗੜ ਦਾ ਅਵਾਜ਼ ਨਾਲ਼ ਅਸੀਂ ਤ੍ਰਭਕ ਕੇ ਉੱਠ ਖਲ੍ਹੋਤੇ ਅਤੇ ਛੇਤੀ ਹੀ ਸਾਨੂੰ ਸਮਝ ਆ ਗਿਆ ਕੀ ਕਿ ਹੋ ਰਿਹਾ ਸੀ। ਅਸੀਂ ਘੋਰ ਹਨ੍ਹੇਰੇ ਵਿੱਚ ਇੱਧਰ ਉੱਧਰ ਭੱਜਣ ਲੱਗੇ। ਅੱਖ ਦੇ ਫ਼ਰੱਕੇ ਨਾਲ਼ ਸਾਡੇ ਘਰਾਂ ਦੇ ਨਾਲ਼ ਲੱਗਦੇ ਸਾਰੇ ਦੇ ਸਾਰੇ ਘਰ ਮਲ਼ਿਆਮੇਟ ਹੋ ਗਏ।''
ਮੀਰਗਾਓਂ, ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਪਾਟਣ ਤਾਲੁਕਾ ਵਿੱਚ ਸਹਯਾਦਰੀ ਪਰਬਤ ਮਾਲ਼ਾ ਦੇ ਐਨ ਵਿਚਕਾਰ ਕਰਕੇ ਸਥਿਤ ਇੱਕ ਪਿੰਡ ਹੈ। ਮੀਰਗਾਓਂ ਵਿੱਚ ਜਦੋਂ ਭੂ-ਫਿਸਲਣ ਦੀ ਘਟਨਾ ਘਟੀ ਤਾਂ ਅਨੀਤਾ ਦਾ ਘਰ ਕਿਸੇ ਨਾ ਕਿਸੇ ਤਰ੍ਹਾਂ ਬਚ ਗਿਆ। ਪਰ 22 ਜੁਲਾਈ ਦੀ ਇਸ ਘਟਨਾ ਵਿੱਚ ਖੇਤੀਬਾੜੀ ਕਰਨ ਵਾਲ਼ੇ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ। ਮਰਨ ਵਾਲ਼ਿਆਂ ਵਿੱਚੋਂ ਸਭ ਤੋਂ ਛੋਟਾ ਉਨ੍ਹਾਂ ਦਾ 7 ਸਾਲਾ ਭਤੀਜਾ ਯੁਵਰਾਜ ਸੀ ਅਤੇ ਸਭ ਤੋਂ ਬਜ਼ੁਰਗ ਉਨ੍ਹਾਂ ਦੀ ਦੂਰ ਦੀ ਇੱਕ ਰਿਸ਼ਤੇਦਾਰ 80 ਸਾਲਾ ਯਸ਼ੋਦਾ ਬਾਕੜੇ ਸਨ।
ਅਗਲੀ ਸਵੇਰ ਬਚਾਅ ਦਲ ਉੱਥੇ ਪਹੁੰਚਿਆ ਅਤੇ ਦੁਪਹਿਰ ਤੀਕਰ ਅਨੀਤਾ ਅਤੇ ਪਿੰਡ ਦੇ ਹੋਰਨਾਂ ਲੋਕਾਂ ਨੂੰ ਤਕਰੀਬਨ 6 ਕਿਲੋਮੀਟਰ ਦੂਰ ਸਥਿਤ ਕੋਇਨਾਨਗਰ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਸਥਾਨਾਂਤਰਿਤ ਕਰ ਦਿੱਤਾ ਗਿਆ ਸੀ। ਮੀਰਗਾਓਂ ਵਿਸ਼ਾਲ ਕੋਇਨਾ ਡੈਮ ਅਤੇ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਤੋਂ ਬਾਮੁਸ਼ਕਲ 5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਪਿੰਡ ਦੇ ਪੁਲਿਸ ਕਾਂਸਟੇਬਲ ਸੁਨੀਲ ਸ਼ੇਲਰ ਕਹਿੰਦੇ ਹਨ,''ਸ਼ਾਮੀਂ 4 ਵਜੇ ਦੇ ਆਸਪਾਸ ਮਾਮੂਲੀ ਭੂ-ਫਿਸਲਣ ਤੋਂ ਬਾਅਦ ਅਸੀਂ ਸ਼ਾਮੀਂ 7 ਵਜੇ ਦੇ ਕਰੀਬ ਲੋਕਾਂ ਨੂੰ ਪਿੰਡੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਾਨੂੰ ਜਾਪਿਆ ਬੱਸ ਅੱਗੇ ਸ਼ਾਂਤੀ ਰਹੇਗੀ। ਪਰ ਰਾਤੀਂ 11 ਵਜੇ ਦੇ ਕਰੀਬ ਭਿਆਨਕ (ਦਿਲ ਦਹਿਲਾ ਦੇਣ ਵਾਲ਼ੀ) ਘਟਨਾ ਵਾਪਰੀ ਅਤੇ ਅੱਖ ਦੇ ਫਰੱਕੇ ਨਾਲ਼ ਪੂਰੇ ਦੇ ਪੂਰੇ ਪਿੰਡ 'ਤੇ ਜਿਵੇਂ ਸੁਹਾਗਾ ਹੀ ਫਿਰ ਗਿਆ ਹੋਵੇ।''
ਮੀਰਗਾਓਂ ਦੇ 285 ਨਿਵਾਸੀਆਂ (2011 ਮਰਦਮਸ਼ੁਮਾਰੀ ਮੁਤਾਬਕ) ਜਿਨ੍ਹਾਂ ਵਿੱਚੋਂ 11 ਲੋਕਾਂ ਦੀ ਭੂ-ਫਿਸਲਣ ਦੌਰਾਨ ਮੌਤ ਹੋ ਗਈ, ਨੂੰ ਮੂਸਲਾਧਾਰ ਮੀਂਹ ਅਤੇ ਮਾੜੇ-ਮੋਟੇ ਭੂ-ਫਿਸਲਣ ਨੂੰ ਝੱਲਣ ਦੀ ਆਦਤ ਤਾਂ ਹੋ ਗਈ ਹੈ। ਪਰ 22 ਜੁਲਾਈ ਨੂੰ ਹੋਇਆ ਭੂ-ਫਿਸਲਣ ਤਾਂ ਅਣਕਿਆਸਿਆਂ ਸੀ, ਉਹ ਕਹਿੰਦੇ ਹਨ। ਬਹੁਤ ਸਾਰੀਆਂ ਨਿਊਜ ਰਿਪੋਰਟਾਂ ਵਿੱਚ ਇਹ ਗੱਲ ਦਰਜ ਹੈ ਕਿ ਉਸ ਦਿਨ ਕੋਇਨਾ ਜਲਗ੍ਰਹਿ ਇਲਾਕੇ ਵਿੱਚ 746 ਮਿਲੀਮੀਟਰ ਦੀ ਰਿਕਾਰਡ ਮੀਂਹ ਵਰ੍ਹਿਆ ਅਤੇ ਉਸੇ ਹਫ਼ਤੇ ਮਹਾਰਾਸ਼ਟਰ ਦੇ ਕਾਫ਼ੀ ਇਲਾਕਿਆਂ ਵਿੱਚ ਹੜ੍ਹ ਕਾਰਨ ਭਿਆਨਕ ਤਬਾਹੀ ਮੱਚੀ ਹੋਈ ਸੀ।
''21 ਜੁਲਾਈ ਦੀ ਦੁਪਹਿਰ ਨੂੰ ਮੀਂਹ ਸ਼ੁਰੂ ਹੋਇਆ,'' ਜ਼ਿਲ੍ਹਾ ਪਰਿਸ਼ਦ ਸਕੂਲ ਵਿਖੇ ਗੱਲਬਾਤ ਦੌਰਾਨ 45 ਸਾਲਾ ਜਯਾਸ਼੍ਰੀ ਸਪਕਾਲ ਨੇ ਕਿਹਾ। ''ਅਸੀਂ ਬਹੁਤੇ ਚਿੰਤਤ ਨਹੀਂ ਹੋਏ, ਕਿਉਂਕਿ ਹਰ ਸਾਲ ਇਸ ਮੌਸਮ ਵਿੱਚ ਭਾਰੀ ਮੀਂਹ ਪੈਣਾ ਆਮ ਗੱਲ ਹੈ। ਪਰ ਅਗਲੀ ਰਾਤ 11 ਵਜੇ ਦੇ ਕਰੀਬ ਕੰਨ-ਪਾੜ੍ਹਵੀਂ ਅਵਾਜ਼ ਨਾਲ ਸਾਡੀ ਅੱਖ ਖੁੱਲ੍ਹੀ। ਗੜਗੜਾਹਟ ਕਰਦੀ ਹੋਈ ਇੱਕ ਪਹਾੜੀ (ਕੁਝ ਹਿੱਸਾ) ਖਿਸਲਦਿਆਂ ਹੇਠਾਂ ਆਈ ਅਤੇ ਚੰਦ ਪਲਾਂ ਵਿੱਚ ਸਾਡੇ ਪਿੰਡ ਨੂੰ ਤਬਾਹ ਕਰ ਗਈ। ਇਹ ਸਾਡਾ ਵਢਭਾਗ ਸੀ ਜੋ ਅਸੀਂ ਭੱਜ ਕੇ ਨੇੜਲੇ ਮੰਦਰ ਜਾ ਸਕੇ।''
21 ਸਾਲਾ ਕਮੋਲ ਸ਼ੇਲਰ ਨੇ ਆਪਣੀ ਗੱਲ ਜੋੜਦਿਆਂ ਕਿਹਾ,''ਸਾਡੇ ਘਰ ਭੱਜ ਕੇ ਪਹੁੰਚੇ ਪਿੰਡ ਵਾਸੀਆਂ ਨੇ ਕਿਹਾ ਕਿ ਪਹਾੜ ਖਿਸਕ ਗਿਆ ਹੈ। ਅਸੀਂ ਸੋਚਣ ਵਿੱਚ ਪਲ ਵੀ ਨਾ ਲਾਇਆ ਅਤੇ ਘਰੋਂ ਬਾਹਰ ਭੱਜੇ। ਬਾਹਰ ਬਹੁਤ ਹਨ੍ਹੇਰਾ ਸੀ ਅਤੇ ਅਸੀਂ ਲੱਕ ਤੱਕ ਪਾਣੀ ਵਿੱਚ ਡੁੱਬੇ ਸਾਂ, ਸਾਡੇ ਪੈਰਾਂ ਹੇਠ ਆਉਂਦੇ ਚਿੱਕੜ ਵਿੱਚੋਂ ਦੀ ਲੰਘਦੇ ਵੇਲ਼ੇ ਸਾਨੂੰ ਕੁਝ ਵੀ ਨਹੀਂ ਦਿੱਸ ਰਿਹਾ ਸੀ। ਫਿਰ ਵੀ ਜਿਵੇਂ-ਕਿਵੇਂ ਕਰਕੇ ਅਸੀਂ ਮੰਦਰ ਪਹੁੰਚੇ ਅਤੇ ਰਾਤ ਕੱਟੀ।''
ਘਰਾਂ ਦੇ ਢੱਠਣ ਅਤੇ ਲੋਕਾਂ ਦੀਆਂ ਹੋਈਆਂ ਮੌਤਾਂ ਦੇ ਨਾਲ਼-ਨਾਲ਼ ਭਾਰੀ ਮੀਂਹ ਅਤੇ ਭੂ-ਫਿਸਲਣ ਕਾਰਨ ਨਾ ਸਿਰਫ਼ ਖੇਤਾਂ ਨੂੰ ਭਿਆਨਕ ਨੁਕਸਾਨ ਪੁੱਜਿਆ ਸਗੋਂ ਫ਼ਸਲਾਂ ਵੀ ਬਰਬਾਦ ਹੋ ਗਈਆਂ। 46 ਸਾਲਾ ਰਵਿੰਦਰ ਸਪਕਾਲ, ਜਿਨ੍ਹਾਂ ਦੇ ਸਾਂਝੇ ਪਰਿਵਾਰ ਦੇ 12 ਘਰ ਖੇਰੂੰ-ਖੇਰੂੰ ਹੋ ਗਏ, ਕਹਿੰਦੇ ਹਨ,''ਅਜੇ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਝੋਨਾ ਬੀਜਿਆ ਸੀ ਅਤੇ ਇਸ ਵਾਰ ਵਧੀਆ ਝਾੜ ਮਿਲ਼ਣ ਦੀ ਉਮੀਦ ਵੀ ਸੀ। ਪਰ ਮੇਰਾ ਤਾਂ ਪੂਰਾ ਖੇਤ ਹੀ ਵਹਿ ਗਿਆ। ਹੁਣ ਪਿੱਛੇ ਬੱਸ ਕੁਝ ਬਚਿਆ ਹੈ ਤਾਂ ਸਿਰਫ਼ ਚਿੱਕੜ...ਹੀ ਚਿੱਕੜ। ਹੁਣ ਮੇਰੀ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਮੇਰਾ ਪੂਰਾ ਪਰਿਵਾਰ ਝੋਨੇ ਦੀ ਫ਼ਸਲ ਤੋਂ ਹੀ ਉਮੀਦਾਂ ਲਾਈ ਬੈਠਾ ਸੀ।''
ਮੀਰਗਾਓਂ ਦੇ ਬਜ਼ੁਰਗਾਂ ਵਾਸਤੇ ਸਥਾਨਾਂਤਰਿਤ ਹੋ ਕੇ ਜ਼ਿਲ੍ਹਾ ਪਰਿਸ਼ਦ ਸਕੂਲ ਡੇਰਾ ਲਾਉਣਾ ਵਿਸਥਾਪਨ ਦਾ ਤੀਜਾ ਦੌਰ ਹੈ। 1960 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਕੋਇਨਾ ਡੈਮ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੌਰਾਨ ਉਨ੍ਹਾਂ ਨੂੰ ਪਹਿਲੀ ਵਾਰ ਆਪਣੇ ਘਰਾਂ ਨੂੰ ਛੱਡ ਕੇ ਟੋਲੀਆਂ ਬੰਨ੍ਹ-ਬੰਨ੍ਹ ਕੇ ਆਪਣੇ ਸਿਰ ਲਈ ਨਵੀਂ ਛੱਤ ਦੀ ਤਲਾਸ਼ ਲਈ ਉਜੜਨਾ ਪਿਆ ਸੀ। ਪਰਿਵਾਰਾਂ ਨੂੰ ਆਸਰੇ ਦੀ ਤਲਾਸ਼ ਵਿੱਚ ਵੱਧ ਉੱਚਾਈ 'ਤੇ ਜਾਣਾ ਪਿਆ ਸੀ ਅਤੇ ਜੋ ਅਸਲੀ ਮੀਰਗਾਓਂ ਸੀ ਉਹ ਛੇਤੀ ਹੀ ਪਾਣੀ ਵਿੱਚ ਡੁੱਬ ਗਿਆ ਸੀ। ਫਿਰ 11 ਦਸੰਬਰ 1967 ਨੂੰ ਕੋਇਨਾ ਡੈਮ ਦੇ ਆਸਪਾਸ ਦੇ ਇਲਾਕੇ ਵਿੱਚ ਖ਼ਤਰਨਾਕ ਭੂਚਾਲ ਆਇਆ ਸੀ ਅਤੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬਚਾਅ ਕੈਂਪਾਂ ਵਿੱਚ ਲਿਆਂਦਾ ਗਿਆ ਅਤੇ ਨਾਲ਼ ਹੀ ਉਹ ਲੋਕ ਵੀ ਸਨ ਜਿਨ੍ਹਾਂ ਨੇ ਅਜੇ 'ਸੱਜਰਾ' ਮੀਰਗਾਓਂ ਵਸਾਇਆ ਸੀ। ਉਹਦੇ ਬਾਅਦ ਮੀਰਗਾਓਂ ਦੇ ਵਾਸੀਆਂ ਨੂੰ ਉਸੇ ਥਾਵੇਂ ਵਸਾਇਆ ਗਿਆ ਜਿੱਥੇ ਇਸ ਸਾਲ 22 ਜੁਲਾਈ ਨੂੰ ਹਾਦਸਾ ਵਾਪਰਿਆ।
''ਜਦੋਂ ਬੰਨ੍ਹ ਬਣਾਇਆ ਜਾ ਰਿਹਾ ਸੀ ਤਦ ਸਰਕਾਰ ਨੇ ਖੇਤੀ ਲਈ ਜ਼ਮੀਨ ਦੇਣ ਅਤੇ ਨੌਕਰੀਆਂ ਦੇਣ ਦਾ ਭਰੋਸਾ ਦਵਾਇਆ ਸੀ,'' 42 ਸਾਲਾ ਉੱਤਮ ਸ਼ੇਲਰ ਦੱਸਦੇ ਹਨ। ''ਹੁਣ 40 ਸਾਲ ਤੋਂ ਵੀ ਵਧਾ ਸਮਾਂ ਬੀਤ ਚੁੱਕਿਆ ਹੈ ਪਰ ਸਾਨੂੰ ਕੁਝ ਵੀ ਨਹੀਂ ਮਿਲਿਆ। ਜੇ ਤੁਸੀਂ ਕੋਇਨਾ ਡੈਮ ਦੇ ਇਲਾਕੇ ਵਿੱਚੋਂ ਦੀ ਲੰਘੋ ਤਾਂ ਤੁਹਾਨੂੰ ਪਹਾੜਾਂ ਵਿੱਚ ਵੱਡੀਆਂ-ਵੱਡੀਆਂ ਤ੍ਰੇੜਾਂ ਨਜ਼ਰ ਆਉਣਗੀਆਂ ਅਤੇ ਫਿਰ ਕੀ... ਅਗਲੇ ਮੀਂਹ ਵਿੱਚ ਉਹ ਪਹਾੜ ਵੀ ਖ਼ਿਸਕ ਜਾਣਗੇ ਅਤੇ ਸਾਡੇ ਵਾਂਗ ਕਈ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਸੁਹਾਗਾ ਫਿਰ ਜਾਵੇਗਾ। ਅਸੀਂ ਲਗਾਤਾਰ ਡਰ ਦੇ ਸਾਏ ਹੇਠ ਜਿਓਂ ਰਹੇ ਹਾਂ।''
ਨਿਊਜ ਰਿਪੋਰਟ ਦੇ ਮੁਤਾਬਕ, 23 ਜੁਲਾਈ ਨੂੰ ਰਾਜ ਸਰਕਾਰ ਨੇ ਮਹਾਰਾਸ਼ਟਰ ਦੇ ਵੱਖੋ-ਵੱਖ ਇਲਾਕਿਆਂ ਵਿੱਚ ਭੂ-ਫਿਸਲਣ ਦੌਰਾਨ ਜਾਨ ਗੁਆ ਚੁੱਕੇ ਹਰ ਵਿਅਕਤੀ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਰਾਸ਼ੀ ਬਤੌਰ ਮੁਆਵਜ਼ਾ ਦੇਣੀ ਐਲਾਨੀ ਗਈ ਸੀ। ਅਨੀਤਾ ਬਾਕੜੇ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਇਹ ਰਾਸ਼ੀ ਮਿਲ਼ ਗਈ ਹੈ। ਕੇਂਦਰ ਸਕਾਰ ਨੇ ਵੀ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਬਾਕੜੇ ਪਰਿਵਾਰ ਨੂੰ ਮੁਆਵਜ਼ੇ ਦੀ ਉਸ ਰਾਸ਼ੀ ਦੇ ਮਿਲ਼ਣ ਦੀ ਉਡੀਕ ਬਰਕਰਾਰ ਹੈ।
ਪਰ, ਭੂ-ਫਿਸਲਣ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਜਾਂ ਘਰ ਤਬਾਹ ਹੋ ਗਏ ਸਨ, ਅਜੇ ਤੱਕ ਉਨ੍ਹਾਂ ਲੋਕਾਂ ਵਾਸਤੇ ਕਿਸੇ ਵੀ ਤਰ੍ਹਾਂ ਦੇ ਰਾਹਤ ਪੈਕੇਜ ਦਾ ਐਲਾਨ ਹਾਲੇ ਤੱਕ ਨਹੀਂ ਹੋਇਆ ਹੈ।
ਆਪਣੇ ਖੇਤਾਂ ਵਿੱਚ ਜਮ੍ਹਾ ਚਿੱਕੜ ਅਤੇ ਮਲਬੇ ਵੱਲ ਇਸ਼ਾਰਾ ਕਰਦਿਆਂ 25 ਸਾਲਾ ਗਣੇਸ਼ ਸ਼ੇਲਰ ਦੱਸਦੇ ਹਨ,''ਮਾਲੀਆ ਵਿਭਾਗ ਨੇ ਸਾਡੇ ਤੋਂ ਇੱਕ ਫ਼ਾਰਮ (2 ਅਗਸਤ ਨੂੰ, ਮੁਆਵਜ਼ੇ ਵਾਸਤੇ) ਭਰਵਾਇਆ ਤਾਂ ਸੀ, ਪਰ ਹਾਲੇ ਤੀਕਰ ਕਿਸੇ ਪਾਸਿਓਂ ਕੋਈ ਐਲਾਨ ਤਾਂ ਨਹੀਂ ਹੋਇਆ।'' ਕੋਵਿਡ-19 ਮਹਾਂਮਾਰੀ ਕਾਰਨ ਨਵੀਂ ਮੁੰਬਈ ਵਿੱਚ ਮਕੈਨਿਕਲ ਇੰਜੀਨੀਅਰ ਦੀ ਆਪਣੀ ਨੌਕਰੀ ਛੱਡਣ ਤੋਂ ਬਾਅਦ ਗਣੇਸ਼ ਝੋਨੇ ਦੀ ਖੇਤੀ ਵਿੱਚ ਪਰਿਵਾਰ ਦੀ ਮਦਦ ਆਪਣੇ ਘਰ ਵਾਪਸ ਆ ਗਏ। ਉਹ ਗੱਲ ਕਰਦੇ ਕਰਦੇ ਕੁਝ ਠਹਿਰਾਅ ਲੈਂਦੇ ਹਨ ਅਤੇ ਹੰਝੂ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦਿਆਂ ਕਹਿੰਦੇ ਹਨ,''ਸਾਡੀ 10 ਏਕੜ ਦੀ ਪੂਰੀ ਦੀ ਪੂਰੀ ਖੇਤੀ ਯੋਗ ਜ਼ਮੀਨ ਬਰਬਾਤ ਹੋ ਗਈ। ਪੂਰੀ ਫ਼ਸਲ ਤਬਾਹ ਹੋ ਗਈ। ਮੈਨੂੰ ਨਹੀਂ ਜਾਪਦਾ ਕਿ ਅਜਿਹੀ ਹਾਲਤ ਵਿੱਚ ਸਾਨੂੰ ਸਰਕਾਰ ਪਾਸੋਂ ਕੋਈ ਵੀ ਮਦਦ ਮਿਲ਼ੂਗੀ।''
ਖ਼ੈਰ, ਭੂ-ਫਿਸਲਣ ਦੇ ਹਫ਼ਤਿਆਂ ਬਾਅਦ ਮੀਰਗਾਓਂ ਹਾਦਸੇ ਵਿੱਚੋਂ ਬਚੇ ਨਿਵਾਸੀ ਅਜੇ ਵੀ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਹੀ ਰਹਿ ਰਹੇ ਹਨ ਅਤੇ ਸਰਕਾਰ ਜਾਂ ਕੁਝ ਗੈਰ-ਸਰਕਾਰੀ ਸੰਗਠਨਾਂ ਵੱਲੋਂ ਮੁਹੱਈਆ ਰਾਸ਼ਨ ਅਤੇ ਬਾਕੀ ਚੀਜ਼ਾਂ ਦੇ ਸਹਾਰੇ ਜਿਊਂ ਰਹੇ ਹਨ। ਸਾਰੇ ਜਣੇ ਢੁੱਕਵੇਂ ਅਤੇ ਸਥਾਈ ਨਿਵਾਸ ਲਈ ਬੇਚੈਨ ਹੋਏ ਪਏ ਹਨ। ''ਸਾਡੇ ਪਿੰਡ ਦਾ ਨਿਸ਼ਾਨ ਤੱਕ ਬਾਕੀ ਨਹੀਂ ਰਿਹਾ। ਸਾਡੀ ਸਿਰਫ਼ ਇੱਕੋ ਮੰਗ ਹੈ ਕਿ ਸਾਨੂੰ ਸੁਰੱਖਿਅਤ ਥਾਵੇਂ ਵਸਾਇਆ ਜਾਵੇ,'' ਪੁਲਿਸ ਪਾਟਿਲ ( ਕਾਂਸਟੇਬਲ) ਸੁਨੀਲ ਸ਼ੇਲਰ ਕਹਿੰਦੇ ਹਨ।
''ਕੋਈ ਵੀ ਘਰ (ਮੀਰਗਾਓਂ) ਵਾਪਸ ਨਹੀਂ ਮੁੜਨਾ ਚਾਹੁੰਦਾ। ਹੁਣ ਅਸੀਂ ਇਸ ਇਲਾਕੇ ਵਿੱਚ ਹੋਰ ਰਹਿਣਾ ਵੀ ਨਹੀਂ ਚਾਹੁੰਦੇ, ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਥਾਵੇਂ ਵਸੇਬਾ ਚਾਹੁੰਦੇ ਹਾਂ,'' ਉੱਤਮ ਗੱਲ ਪੂਰੀ ਕਰਦਿਆਂ ਕਹਿੰਦੇ ਹਨ।
ਭੂ-ਫਿਸਲਣ ਦੌਰਾਨ ਸਹੀ ਸਲਾਮਤ ਬਚ ਗਏ ਅਨੀਤਾ ਦੇ ਮੌਸੇਰੇ ਭਰਾਈ ਸੰਜੈ ਬਾਕੜੇ ਕਹਿੰਦੇ ਹਨ,''ਸਰਕਾਰ ਵੱਲੋਂ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਅਸਥਾਈ ਮਕਾਨ ਦੇਣ ਦੀ ਗੱਲ ਕੀਤੀ ਗਈ ਸੀ, ਪਰ ਅਜੇ ਤੱਕ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਆਖ਼ਿਰ ਕਦੋਂ ਤੱਕ ਅਸੀਂ ਇੰਝ ਹੀ ਸਕੂਲ ਵਿੱਚ ਰਹਾਂਗੇ? ਸਕੂਲ ਵਿੱਚ ਔਰਤਾਂ ਵਾਸਤੇ ਢੁੱਕਵੇਂ ਗੁਸਲਾਂ ਦਾ ਪ੍ਰਬੰਧ ਨਹੀਂ ਹੈ ਅਤੇ ਪੀਣ ਵਾਲ਼ੇ ਪਾਣੀ ਦੀ ਉਪਲਬਧਤਾ ਵੀ ਇੱਕ ਵੱਡੀ ਸਮੱਸਿਆ ਹੈ। ਅਸੀਂ ਤਾਂ ਵਿਸਥਾਪਤ ਹੋ ਕੇ ਦੂਸਰੇ ਜ਼ਿਲ੍ਹਿਆਂ ਵਿੱਚ ਵੀ ਜਾਣ ਨੂੰ ਰਾਜ਼ੀ ਹਾਂ। ਪਰ, ਇਸ ਵਾਰ ਸਾਨੂੰ ਮੁਨਾਸਬ ਅਤੇ ਪੱਕੀ ਰਿਹਾਇਸ਼ ਚਾਹੀਦੀ ਹੈ।''
14 ਅਗਸਤ ਨੂੰ ਸ਼ਾਮੀਂ 4 ਵਜੇ ਦੇ ਕਰੀਬ ਸਕੂਲ ਵਿੱਚ ਰਹਿ ਰਹੇ ਲੋਕ, ਮੀਰਗਾਓਂ ਵਿੱਚ ਭੂ-ਫਿਸਲਣ ਦੌਰਾਨ ਜਾਨ ਗੁਆ ਚੁੱਕੇ 11 ਲੋਕਾਂ ਦੇ ਨਾਮ 'ਤੇ ਥੋੜ੍ਹੀ ਦੇਰ ਮੌਨ ਧਾਰਣ ਲਈ ਇਕੱਠਿਆਂ ਹੋਏ। ਹਰ ਕਿਸੇ ਦੀਆਂ ਅੱਖਾਂ ਬੰਦ ਸਨ। ਸਿਰਫ਼ ਅਨੀਤਾ ਦੀਆਂ ਅੱਖਾਂ ਹੀ ਖੁੱਲ੍ਹੀਆਂ ਸਨ। ਸ਼ਾਇਦ ਉਹ ਪਰਿਵਾਰ ਦੇ 11 ਜੀਆਂ ਦੀ ਮੌਤ ਤੋਂ ਬਾਅਦ ਅਜੇ ਵੀ ਸਦਮੇ ਵਿੱਚ ਹੀ ਹਨ।
ਬਾਕੀਆਂ ਵਾਂਗਰ ਉਹ ਵੀ ਆਪਣੇ ਪਤੀ ਅਤੇ ਬੇਟੇ (ਦੋਵੇਂ ਕਿਸਾਨ) ਦੇ ਨਾਲ਼ ਸਕੂਲ ਵਿੱਚ ਹੀ ਰਹਿ ਰਹੀ ਹਨ। ਹਾਲ ਦੇ ਇੱਕ ਖੂੰਜੇ ਵਿੱਚ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ਼ ਭੁੰਜੇ ਬੈਠਿਆਂ ਉਹ ਕਹਿੰਦੀ ਹਨ,''ਅਸੀਂ ਆਪਣਾ ਪਰਿਵਾਰ ਗੁਆਇਆ ਹੈ, ਸਾਡੇ ਘਰ ਢੱਠ ਗਏ ਅਤੇ ਉਨ੍ਹਾਂ ਦੇ ਨਾਲ਼ ਨਾਲ਼ ਸਾਡਾ ਸਾਰਾ ਕੁਝ ਢੱਠ ਗਿਆ। ਹੁਣ ਅਸੀਂ ਆਪਣੇ ਪਿੰਡ ਵਾਪਸ ਨਹੀਂ ਜਾਵਾਂਗੇ।'' ਇਹ ਕਹਿੰਦਿਆਂ ਹੀ ਉਨ੍ਹਾਂ ਦਾ ਗੱਚ ਭਰ ਜਾਂਦਾ ਹੈ ਅਤੇ ਬੋਲ਼ ਨਹੀਂ ਪਾਉਂਦੀ।
ਕਵਰ ਫ਼ੋਟੋ: ਗਣੇਸ਼ ਸ਼ੇਲਰ
ਤਰਜਮਾ: ਕਮਲਜੀਤ ਕੌਰ