''ਲੋਕੀਂ ਮੇਰੇ ਸਹੁਰਾ-ਸਾਹਬ ਨੂੰ ਪੁੱਛਦੇ,'ਤੇਰੇ ਘਰ ਦੀ ਇੱਕ ਔਰਤ ਬਾਹਰ ਜਾਵੇ ਅਤੇ ਪੈਸੇ ਕਮਾਵੇ?' ਮੈਂ ਇਸ ਕਸਬੇ ਦੀ ਧੀ ਨਹੀਂ ਹਾਂ ਨਾ ਇਸ ਕਰਕੇ ਮੇਰੇ ਲਈ ਨਿਯਮ ਬਹੁਤੇ ਸਖ਼ਤ ਨੇ,'' ਫ਼ਾਤਿਮਾ ਬਾਬੀ ਕਹਿੰਦੀ ਹਨ।

ਫ਼ਾਤਿਮਾ, ਫ਼ੁਰਤੀ ਨਾਲ਼ ਆਪਣੇ ਕਾਲ਼ੇ ਨਿਕਾਬ ਨੂੰ ਲਾਹ ਕੇ ਮੂਹਰਲੇ ਦਰਵਾਜ਼ੇ ਦੇ ਨੇੜੇ ਲੱਗੀ ਕਿੱਲੀ ਨਾਲ਼ ਟੰਗ ਦਿੰਦੀ ਹੈ ਅਤੇ ਗੱਲਾਂ ਕਰਦੀ ਕਰਦੀ ਘਰ ਅੰਦਰ ਦਾਖ਼ਲ ਹੁੰਦੀ ਹੈ। ''ਜਦੋਂ ਮੈਂ ਜੁਆਨ ਕੁੜੀ ਸਾਂ, ਮੈਂ ਸੋਚਿਆ ਮੇਰੀ ਪਹੁੰਚ ਸਿਰਫ਼ ਰਸੋਈ ਅਤੇ ਘਰ ਦੇ ਕੰਮ ਨਬੜੇਨ ਤੱਕ ਹੀ ਹੋਣੀ ਹੈ,'' ਪੁਰਾਣੀ ਯਾਦ 'ਤੇ ਹੱਸਦਿਆਂ ਉਹ ਕਹਿੰਦੀ ਹਨ। ''ਜਦੋਂ ਮੈਂ ਕੁਝ ਕਰਨ ਦਾ ਫ਼ੈਸਲਾ ਕੀਤਾ ਤਾਂ ਮੇਰੇ ਪਰਿਵਾਰ ਨੇ ਮੈਨੂੰ ਘਰੋਂ ਬਾਹਰ ਜਾਣ ਦੀ ਅਤੇ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦੀ ਹਰੇਕ ਖੁੱਲ੍ਹ ਦਿੱਤੀ। ਮੈਂ ਇੱਕ ਸਧਾਰਣ ਮੁਸਲਿਮ ਔਰਤ ਬਣ ਕੇ ਵੀ ਰਹਿ ਸਕਦੀ ਸਾਂ ਪਰ ਹੁਣ ਮੈਨੂੰ ਜਾਪਦਾ ਹੈ ਕਿ ਕੋਈ ਕੰਮ ਅਜਿਹਾ ਨਹੀਂ ਜੋ ਮੈਂ ਕਰ ਨਹੀਂ ਸਕਦੀ,'' 28 ਸਾਲਾ ਮੁਟਿਆਰ ਬੜੀ ਦ੍ਰਿੜਤਾ ਨਾਲ਼ ਗੱਲ ਪੂਰੀ ਕਰਦੀ ਹਨ, ਸਿਖ਼ਰ ਦੁਪਹਿਰੇ ਉਹਦੇ (ਉਨ੍ਹਾਂ ਦੇ) ਚਿੱਟੇ ਦੁਪੱਟੇ 'ਤੇ ਲੱਗੇ ਟਿਮਕਣੇ ਉਹਦੇ ਚਿਹਰੇ ਵਾਂਗ ਜਗਮਗ ਕਰ ਉੱਠਦੇ ਹਨ।

ਫ਼ਾਤਿਮਾ, ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (ਪੁਰਾਣਾ ਨਾਮ ਇਲਾਹਾਬਾਦ) ਜ਼ਿਲ੍ਹੇ ਦੇ ਮਹੇਵਾ ਕਸਬੇ ਵਿਖੇ ਰਹਿੰਦੀ ਹਨ, ਜਿੱਥੋਂ ਦੀ ਜੀਵਨ-ਜਾਂਚ ਨੇੜੇ ਵਹਿੰਦੀ ਯਮੁਨਾ ਦੇ ਮੱਠੇ-ਮੱਠੇ ਵਹਿਣ ਦਾ ਝਲਕਾਰਾ ਮਾਤਰ ਹੈ। ਇੱਕ ਪਾਸੇ ਜਿੱਥੇ ਸਮਾਜ ਇੱਕ ਔਰਤ ਨੂੰ ਘਰ ਦੀ ਚਾਰ-ਦਵਾਰੀ ਅੰਦਰ ਡੱਕੀ ਰੱਖਣਾ ਲੋਚਦਾ ਹੈ ਉੱਥੇ ਹੀ ਅੱਜ ਉਹ ਨਾ ਸਿਰਫ਼ ਬਿਹਤਰੀਨ ਫ਼ਨਕਾਰ ਅਤੇ ਸ਼ਿਲਪ ਉੱਦਮੀ ਹਨ, ਸਗੋਂ ਮੂੰਜ ਤੋਂ ਕਈ ਤਰ੍ਹਾਂ ਦੇ ਸਜਾਵਟੀ ਘਰੇਲੂ ਉਤਪਾਦ ਤਿਆਰ ਕਰਕੇ ਵੇਚਦੀ ਵੀ ਹਨ। ਮੂੰਜ ਇੱਕ ਤਰ੍ਹਾਂ ਦੇ ਲੰਬੇ ਅਤੇ ਪਤਲੇ ਸਰਕੰਡੇ ਹੁੰਦੇ ਹਨ ਜਿਨ੍ਹਾਂ ਨੂੰ ਸਰਪਟ ਕਿਹਾ ਜਾਂਦਾ ਹੈ ਜਿਹਦੇ ਬਾਹਰੀ ਤਿੱਖੇ ਛਿਲ਼ਕਿਆਂ ਨੂੰ ਤਿੜਾ ਕਿਹਾ ਜਾਂਦਾ ਹੈ ਅਤੇ ਇਸ ਤੋਂ ਬਣੀਆਂ ਚੀਜ਼ਾਂ ਵਾਣ ਤੋਂ ਬਣੇ ਉਤਪਾਦ ਕਹਾਉਂਦੇ ਹਨ।

ਆਪਣੇ ਜੁਆਨੀ ਦੇ ਦਿਨਾਂ ਵਿੱਚ ਫ਼ਾਤਿਮਾ ਆਪਣੇ ਜੀਵਨ ਦੇ ਮਕਸਦ ਬਾਰੇ ਨਹੀਂ ਜਾਣਦੀ ਸੀ, ਪਰ ਮੁਹੰਮਦ ਸ਼ਕੀਲ ਨਾਲ਼ ਵਿਆਹ ਕਰਾ ਕੇ ਉਹ ਮਹੇਵਾ ਰਹਿਣ ਆਈ, ਇੱਕ ਅਜਿਹੇ ਘਰ ਵਿੱਚ ਉਨ੍ਹਾਂ ਨੇ ਆਪਣਾ ਪੈਰ ਪਾਇਆ ਜਿੱਥੇ ਫ਼ਾਤਿਮਾ ਦਾ ਆਪਣੀ ਦੀ ਸੱਸ, ਆਇਸ਼ਾ ਬੇਗਮ ਮੂੰਜ ਦੀ ਇੱਕ ਬਿਹਤਰੀਨ ਕਲਾਕਾਰ ਨਾਲ਼ ਮਿਲਾਪ ਹੋਇਆ।

PHOTO • Priti David
PHOTO • Priti David

ਖੱਬੇ : ਆਇਸ਼ਾ ਬੇਗਮ ਮੂੰਜ ਟੋਕਰੀ ਦਾ ਢੱਕਣ ਉਣਦੀ ਹੋਈ। ਉਹ ਇਸ ਸੁੱਕੇ ਘਾਹ ਦੀਆਂ ਤਿੜਾਂ ਨੂੰ ਹੱਥੀਂ ਵਲ਼ੇਵੇਂ ਪਾ ਪਾ ਕੇ ਵੰਨ-ਸੁਵੰਨੇ ਉਤਪਾਦ ਬਣਾਉਂਦੀ ਹਨ, ਜਿਵੇਂ ਟੋਕਰੀ, ਡੱਬੇ, ਛਿੱਕੂ, ਗਹਿਣੇ ਅਤੇ ਸਾਜ ਸਜਾਵਟ ਰੱਖਣ ਦੀਆਂ ਟੋਕਰੀਆਂ ਆਦਿ। ਸੱਜੇ : ਫ਼ਾਤਿਮਾ ਬੀਬੀ, ਆਇਸ਼ਾ ਦੀ ਨੂੰਹ, ਹੱਥੀਂ ਤਿਆਰ ਟੋਕਰੀਆਂ ਦੇ ਨਾਲ਼, ਜਿਨ੍ਹਾਂ ਦੀ ਵਿਕਰੀ ਅਤੇ ਕਲਾ ਪ੍ਰਦਰਸ਼ਨੀ ਇਸੇ ਸਟੋਰੀ ਵਿੱਚ ਹੋਵੇਗੀ

ਇਹ ਸੱਜ-ਵਿਆਹੀ ਟਿਕਟਿਕੀ ਲਾ ਕੇ ਆਇਸ਼ਾ ਦੇ ਗੁਣੀ ਹੱਥਾਂ ਨੂੰ ਵਲ਼ੇਵੇਂ ਖਾਂਦਿਆਂ ਵੇਖਦੀ ਰਹਿੰਦੀ। ਮੂੰਜ ਨੂੰ ਪਹਿਲਾਂ ਛਿੱਲਿਆ ਜਾਂਦਾ ਅਤੇ ਫਿਰ ਉਹਦੀ ਵਾਣ ਨਾਲ਼ ਚੀਜ਼ਾਂ ਨੂੰ ਅਕਾਰ ਦਿੱਤਾ ਜਾਂਦਾ ਹੈ: ਹਰੇਕ ਅਕਾਰ ਦੀਆਂ ਟੋਕਰੀਆਂ; ਛਿੱਕੂ; ਟਰੇਆਂ; ਪੈਨ-ਸਟੈਂਡ; ਬੈਗ; ਕੂੜਾ ਦਾਨ ਅਤੇ ਕਈ ਸਜਾਵਟੀ ਚੀਜ਼ਾਂ ਜਿਵੇਂ ਛੋਟਾ ਝੂਲ਼ਾ, ਟਰੈਕਟਰ ਅਤੇ ਹੋਰ ਵੀ ਬੜਾ ਕੁਝ ਬਣਾਇਆ ਜਾਂਦਾ ਹੈ। ਇਨ੍ਹਾਂ ਵਸਤਾਂ ਦੀ ਵਿਕਰੀ ਤੋਂ ਸਥਿਰ ਆਮਦਨੀ ਹੁੰਦੀ ਹੈ ਅਤੇ ਔਰਤਾਂ ਆਪਣੀ ਮਰਜ਼ੀ ਮੁਤਾਬਕ ਘਰੇ ਬੈਠ ਕੇ ਪੈਸਾ ਕਮਾ ਲੈਂਦੀਆਂ ਹਨ।

''ਮੈਂ ਬਚਪਨ ਵਿੱਚ ਆਪਣੇ ਘਰ (ਪਿਪੀਰਾਸਾ ਵਿਖੇ) ਆਪਣੀ ਮਾਂ ਨੂੰ ਵੀ ਇਹੀ ਕੰਮ (ਮੂੰਜ ਤੋਂ ਵਸਤਾਂ ਬਣਾਉਣ) ਕਰਦਿਆਂ ਵੇਖਿਆ,'' ਉਹ ਕਹਿੰਦੀ ਹਨ। ਬਗ਼ੈਰ ਸਮਾਂ ਖੁੰਝਾਏ, ਫ਼ਾਤਿਮਾ ਨੇ ਵੀ ਕਲਾ 'ਤੇ ਹੱਥ ਅਜਮਾਇਆ। ''ਮੈਂ ਘਰ ਰਹਿ ਕੇ ਕੰਮ ਕਰਨ ਵਾਲ਼ੀ ਘਰੇਲੂ ਔਰਤ ਸਾਂ, ਪਰ ਮੇਰੇ ਅੰਦਰ ਹੋਰ ਹੋਰ ਨਵਾਂ ਕੁਝ ਕਰਨ ਦੀ ਅੱਗ ਸੀ। ਹੁਣ ਇਸ ਕੰਮ ਸਹਾਰੇ ਮੈਂ ਮਹੀਨੇ ਦਾ 7,000 ਰੁਪਿਆ ਕਮਾ ਸਕਦੀ ਹਾਂ,'' ਨੌਂ ਸਾਲਾ ਆਫਿਆ ਅਤੇ ਪੰਜ ਸਾਲਾ ਆਲਿਅਨ ਦੀ ਮਾਂ ਕਹਿੰਦੀ ਹੈ।

ਜਦੋਂ ਉਹ ਮੂੰਜ ਦੀਆਂ ਕਲਾਕ੍ਰਿਤੀਆਂ ਨਹੀਂ ਬਣਾ ਰਹੀ ਹੁੰਦੀ, ਉਦੋਂ ਫ਼ਾਤਿਮਾ ਇਸ ਕਲਾ ਨੂੰ ਕਈ ਤਰੀਕਿਆਂ ਨਾਲ਼ ਉਤਸਾਹਤ ਕਰਨ ਵਿੱਚ ਮਸ਼ਰੂਫ਼ ਹੁੰਦੀ ਹਨ ਜਿਵੇਂ ਮੂੰਜ ਦੀ ਉਤਪਾਦਾਂ ਨੂੰ ਇਕੱਠਿਆਂ ਕਰਨਾ ਅਤੇ ਮਾਰਕੀਟਿੰਗ ਕਰਨੀ, ਨਵੇਂ ਨਵੇਂ ਖ਼ਰੀਦਦਾਰ ਲੱਭਣੇ, ਸਿਖਲਾਈ ਕਾਰਜਸ਼ਾਲਾਵਾਂ ਅਯੋਜਿਤ ਕਰਨੀਆਂ ਅਤੇ ਕਲਾ ਨਾਲ਼ ਜੁੜੀਆਂ ਨੀਤੀਆਂ ਨੂੰ ਘੜਨ ਦੀ ਕੋਸ਼ਿਸ਼ ਕਰਨਾ। ਉਹ ਆਪਣੇ ਸੈਲਫ਼-ਹੈਲਪ ਗਰੁੱਪ ਨੂੰ ਬੜੇ ਸਫ਼ਲਤਾਪੂਰਵਕ ਚਲਾਉਂਦੀ ਹਨ, ਜਿਸ ਗਰੁੱਪ ਨੂੰ ਉਨ੍ਹਾਂ ਨੇ 'ਏਂਜਲ' (Angel) ਨਾਮ ਦਿੱਤਾ- ਜੋ ਸ਼ਾਇਦ ਮਜ਼ਬੂਤ, ਦਿਆਲੂ ਔਰਤਾਂ ਦੀ ਕਹਾਣੀਆਂ ਤੋਂ ਪ੍ਰੇਰਿਤ ਹੈ ਜੋ ਆਪਣੇ ਨਾਲ਼ ਨਾਲ਼ ਹੋਰਨਾਂ ਔਰਤਾਂ ਨੂੰ ਵੀ ਆਪਣੇ ਨਾਲ਼ ਤੋਰਦੀਆਂ ਹਨ। ''ਮੈਂ ਅਜਿਹੀਆਂ ਕਹਾਣੀਆਂ ਅਤੇ ਫ਼ਿਲਮਾਂ ਦਾ ਮਜ਼ਾ ਲੈਂਦੀ ਹਾਂ ਜਿਨ੍ਹਾਂ ਵਿੱਚ ਔਰਤਾਂ ਹੋਰ ਔਰਤਾਂ ਦੇ ਨਾਲ਼ ਮੁਕਾਬਲਾ ਕੀਤੇ ਬਗ਼ੈਰ ਖੁਸ਼ ਰਹਿੰਦੀਆੰ ਹਨ,'' ਉਹ ਦੱਸਦੀ ਹਨ।

ਜਿਹੜੀ ਪਛਾਣ ਅਤੇ ਮਾਨ-ਸਨਮਾਨ ਉਨ੍ਹਾਂ ਨੂੰ ਮਿਲ਼ਦਾ ਹੈ, ਜਿਸ ਵਿੱਚ ਰਾਜ ਦੇ ਮੁੱਖ ਮੰਤਰੀ ਨਾਲ਼ ਮੁਲਾਕਾਤ ਵੀ ਸ਼ਾਮਲ ਹੈ, ਉਨ੍ਹਾਂ ਵਾਸਤੇ ਕਿਸੇ ਰੋਮਾਂਚ ਤੋਂ ਘੱਟ ਨਹੀਂ। ''ਪਹਿਲਾਂ ਮੇਰੇ ਪਤੀ (ਮੋਟਰ ਮਕੈਨਿਕ) ਮੇਰੀ ਆਉਣੀ-ਜਾਣੀ 'ਤੇ ਹੈਰਾਨ ਹੁੰਦੇ ਸਨ, ਪਰ ਹੁਣ ਜਦੋਂ ਮੈਨੂੰ ਪਛਾਣ ਮਿਲ਼ ਗਈ ਹੈ ਉਨ੍ਹਾਂ ਨੂੰ ਵੀ ਮੇਰੇ 'ਤੇ ਫ਼ਖਰ ਹੈ। ਬੀਤੇ ਦੇ ਸਾਲਾਂ ਤੋਂ ਮੈਂ ਹਫ਼ਤੇ ਵਿੱਚ ਬਾਮੁਸ਼ਕਲ ਹੀ ਦੋ ਦਿਨ ਘਰੇ ਰਹਿੰਦੀ ਰਹੀ ਹਾਂ,'' ਆਪਣੀ ਅਜ਼ਾਦੀ ਦੇ ਅਹਿਸਾਸ ਨੂੰ ਸਾਂਝਿਆ ਕਰਦਿਆਂ ਉਹ ਕਹਿੰਦੀ ਹਨ। ਐੱਸਐੱਚਜੀ ਦੇ ਮੈਂਬਰਾਂ ਅਤੇ ਖਰੀਦਦਾਰਾਂ ਨਾਲ਼ ਮੀਟਿੰਗ ਕਰਨ, ਹੋਰਨਾਂ ਔਰਤਾਂ ਨੂੰ ਸਿਖਲਾਈ ਦੇਣ ਅਤੇ ਆਪਣੇ ਬੱਚਿਆਂ ਦੀ ਦੇਖਭਾਲ਼ ਕਰਨ ਵਿੱਚ ਹੀ ਪੂਰਾ ਸਮਾਂ ਖੱਪ ਜਾਂਦਾ ਹੈ।

ਮਹੇਵਾ ਦੀਆਂ ਉੱਦਮੀ ਔਰਤਾਂ ਨੇ ਮੂੰਜ ਦੀ ਹੋਈ ਤਰੱਕੀ ਦਾ ਤਨਦੇਹੀ ਨਾਲ਼ ਸੁਆਗਤ ਕੀਤਾ ਅਤੇ ਆਪਣੀ ਵਾਧੂ ਆਮਦਨੀ ਦੇ ਇਸ ਮੌਕੇ ਦਾ ਲਾਹਾ ਲਿਆ

ਵੀਡਿਓ ਦੇਖੋ : ਪ੍ਰਯਾਗਰਾਜ ਦਾ ਘਾਹ ਸਿਰਫ਼ ਹਰਾ ਨਹੀਂ

ਲੋਕਾਂ ਦਾ ਮੂੰਹ ਜੋੜ ਜੋੜ ਗੱਲਾਂ ਕਰਨ ਦੀ ਫ਼ਿਤਰਤ ਨਹੀਂ ਜਾਂਦੀ। ''ਜਦੋਂ ਮੈਂ ਸਿਖਲਾਈ ਮੀਟਿੰਗ ਵਿੱਚ ਜਾਂਦੀ ਜਿੱਥੇ ਪੁਰਸ਼ ਵੀ ਮੌਜੂਦ ਹੁੰਦੇ ਹਨ ਅਤੇ ਜਦੋਂ ਸਾਡੀ ਸਾਰਿਆਂ ਦੀ ਗਰੁੱਪ ਫ਼ੋਟੋ ਲਾਈ ਜਾਂਦੀ ਹੁੰਦੀ, ਤਾਂ ਲੋਕ ਆਉਂਦੇ ਅਤੇ ਮੇਰੀ ਸੱਸ ਦੇ ਕੰਨ ਭਰਨ ਦੀ ਕੋਸ਼ਿਸ਼ ਕਰਦਿਆਂ ਕਹਿੰਦੇ,''ਦੇਖ ਤਾਂ ਇਹਦੇ ਵੱਲ, ਕਿਵੇਂ ਬੰਦਿਆਂ ਨਾਲ਼ ਫ਼ੋਟੋਆਂ ਖਿਚਾਉਂਦੀ ਹੈ!' ਪਰ ਮੈਂ ਲੋਕਾਂ ਦਾ ਮੂੰਹ ਨਹੀਂ ਫੜ੍ਹਨ ਲੱਗੀ,'' ਉਹ ਕਹਿੰਦੀ ਹਨ। ਉਹ ਉੱਤਰ ਪ੍ਰਦੇਸ਼ ਦੇ ਇਸ ਛੋਟੇ ਕਸਬੇ ਦੇ ਲੋਕਾਂ ਦੇ ਮੂੰਹੋਂ ਨਿਕਲ਼ਦੇ ਤਾਹਨਿਆਂ-ਮਿਹਨਿਆਂ ਦੇ ਤੀਰਾਂ ਦਾ ਨਿਸ਼ਾਨਾ ਬਣ ਕੇ ਆਪਣੇ ਪੈਰ ਪਿਛਾਂਹ ਨਹੀਂ ਪੁੱਟਣਾ ਚਾਹੁੰਦੀ।

ਯੂਪੀ ਵਿਖੇ ਮਹੇਵਾ ਪੱਟੀ ਪੱਛਮੀ ਉਪਰਹਾਰ ਨੂੰ 6,408 ਦੀ ਵਸੋਂ ਵਾਲ਼ੇ ਇਸ ਪਿੰਡ ਨੂੰ ਸ਼ਹਿਰ (2011 ਮਰਦਮਸ਼ੁਮਾਰੀ) ਦੇ ਰੂਪ ਵਿੱਚ ਥਾਂ ਦਿੱਤੀ ਗਈ, ਪਰ ਸਥਾਨਕ ਲੋਕੀਂ ਅਜੇ ਵੀ 'ਮਹੇਵਾ ਪਿੰਡ' ਹੀ ਕਹਿੰਦੇ ਹਨ। ਕਰਛਨਾ ਤਹਿਸੀਲ ਵਿੱਚ ਪੈਂਦੀ ਇਹ ਥਾਂ ਸੰਗਮ ਤੋਂ ਕੁਝ ਕੁ ਕਿਲੋਮੀਟਰ ਦੂਰ ਹੈ, ਜਿੱਥੇ ਯਮੁਨਾ ਅਤੇ ਗੰਗਾ ਨਦੀਆਂ ਦਾ ਮੇਲ਼ ਹੁੰਦਾ ਹੈ ਅਤੇ ਜੋ ਹਿੰਦੂਆਂ ਦਾ ਤੀਰਥ ਸਥਲ ਹੈ।

ਯਮੁਨਾ ਨਦੀ ਦਾ ਵਹਾਅ ਮਹੇਵਾ ਦੇ ਲੋਕਾਂ ਦੇ ਜੀਵਨ ਅਤੇ ਰੋਜ਼ੀਰੋਟੀ ਦੀ ਅਹਿਮ ਕੜੀ ਹੈ। ਇੱਥੋਂ ਦੇ ਸ਼ਿਲਪਕਾਰ ਸੰਗਮ ਵਿਖੇ ਤੀਰਥ ਯਾਤਰੀਆਂ ਵੱਲੋਂ ਫੁੱਲ ਪ੍ਰਵਾਹ ਕੀਤੇ ਜਾਣ ਅਤੇ ਪ੍ਰਸਾਦ ਵਾਸਤੇ ਖਜ਼ੂਰ ਦੇ ਪੱਤਿਆਂ ਦੀਆਂ ਬੁਣੀਆਂ ਹੋਈਆਂ ਛੋਟੀਆਂ ਜਿਹੀਆਂ ਟੋਕਰੀਆਂ ਬਣਾ ਕੇ ਸਪਲਾਈ ਕਰਦੇ ਹਨ। ਪ੍ਰਯਾਗਰਾਜ ਦੇ ਪੁਰਸ਼ ਜਾਂ ਤਾਂ ਮੈਕੇਨਿਕ ਅਤੇ ਡਰਾਈਵਰ ਵਜੋਂ ਕੰਮ ਕਰਨ ਜਾਂਦੇ ਹਨ, ਛੋਟੀਆਂ ਦੁਕਾਨਾਂ ਚਲਾਉਂਦੇ ਹਨ ਜਾਂ ਹੋਟਲਾਂ ਵਿੱਚ ਕੰਮ ਕਰਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਪ੍ਰਯਾਗਰਾਜ ਜ਼ਿਲ੍ਹੇ (ਮਰਦਮਸ਼ੁਮਾਰੀ 2011 ਮੁਤਾਬਕ) ਵਿੱਚ ਜਿੱਥੇ ਮੁਸਲਿਮ ਭਾਈਚਾਰਾ ਵਸੋਂ ਦਾ 13 ਫ਼ੀਸਦ ਹੈ, ਜਦੋਂਕਿ ਕਿ ਮਹੇਵਾ ਮੁਸਲਿਮ ਅਬਾਦੀ ਦਾ ਸਿਰਫ਼ ਇੱਕ ਫ਼ੀਸਦ ਤੋਂ ਥੋੜ੍ਹਾ ਕੁ ਹੀ ਵੱਧ ਹਨ। ਫਿਰ ਵੀ ਮੁਸਲਮਾਨ ਔਰਤਾਂ ਫ਼ਾਤਿਮਾ ਅਤੇ ਆਇਸ਼ਾ, ਨਾ ਸਿਰਫ਼ ਮੁੱਖ ਰੂਪ ਵਿੱਚ ਔਰਤਾਂ ਦੀ ਤਰਜ਼ਮਾਨੀ ਕਰਨ ਵਾਲ਼ੀਆਂ ਸ਼ਿਲਪਕਾਰ ਹਨ ਸਗੋਂ ਇਸ ਕਲਾ ਨੂੰ ਅੱਗੇ ਲਿਜਾ ਰਹੀਆਂ ਹਨ। ''ਵੈਸੇ ਤਾਂ ਅਸੀਂ ਸਾਰੀਆਂ ਔਰਤਾਂ ਨੂੰ ਸਿਖਲਾਈ ਦਿੰਦੀਆਂ ਹਾਂ, ਪਰ ਫਿਰ ਵੀ ਸ਼ਿਲਪ ਦਾ ਅਭਿਆਸ ਕਰਨ ਵਾਲ਼ੀਆਂ ਸਾਰੀਆਂ ਔਰਤਾਂ ਇੱਕੋ ਭਾਈਚਾਰੇ ਨਾਲ਼ ਸਬੰਧ ਰੱਖਦੀਆਂ ਹਨ,'' ਫ਼ਾਤਿਮਾ ਕਹਿੰਦੀ ਹਨ।

*****

PHOTO • Priti David
PHOTO • Priti David

ਖੱਬੇ : ਕਮਰੇ ਦੇ ਬਾਹਰ ਛੱਤ ' ਤੇ ਖੜ੍ਹੀਆਂ ਫ਼ਾਤਿਮਾ ਅਤੇ ਆਇਸ਼ਾ, ਜਿੱਥੇ ਉਹ ਇਸ ਸੁੱਕੇ ਘਾਹ ਨੂੰ ਸਾਂਭ ਕੇ ਰੱਖਦੀਆਂ ਹਨ। ਸੱਜੇ : ਤਾਜ਼ੀ ਵੱਢੀ ਮੂੰਜ ਨੂੰ ਇੱਕ ਹਫ਼ਤੇ ਤੱਕ ਧੁੱਪੇ ਸੁਕਾਇਆ ਜਾਂਦਾ ਹੈ ਜਦੋਂ ਤੱਕ ਕਿ ਇਹਦਾ ਰੰਗ ਬੱਗਾ ਨਹੀਂ ਹੋ ਜਾਂਦਾ। ਫਿਰ ਇਨ੍ਹਾਂ ਦੀ ਭਰੀ ਬਣਾ ਕੇ ਸੁੱਕੇ ਕਾਸਾ ਨਾਲ਼ ਬੰਨ੍ਹਿਆ ਜਾਂਦਾ ਹੈ, ਜੋ ਮੂੰਜ ਨੂੰ ਬੰਨ੍ਹਣ ਲਈ ਵਰਤਿਆ ਜਾਣ ਵਾਲ਼ਾ ਪਤਲਾ ਘਾਹ ਹੁੰਦਾ ਹੈ

ਮਹੇਵਾ ਦੇ ਆਪਣੇ ਘਰ ਦੀ ਛੱਤ 'ਤੇ ਫ਼ਾਤਿਮਾ ਇੱਕ ਸਟੋਰਰੂਮ ਦਾ ਦਰਵਾਜ਼ਾ ਖੋਲ੍ਹਦੀ ਹਨ, ਜੋ ਸੁੱਕੇ ਹੋਏ ਮੂੰਜ ਦੀਆਂ ਬੇਸ਼ਕੀਮਤੀ ਗੰਢਾਂ ਨਾਲ਼ ਭਰਿਆ ਹੋਇਆ ਹੈ। ਇਹ ਗੰਢਾਂ ਘਰ ਦੇ ਕਬਾੜ ਵਸਤਾਂ ਦੇ ਐਨ ਉੱਪਰ ਟਿਕਾਈਆਂ ਹੋਈਆਂ ਹਨ। ਉਹ ਦੱਸਦੀ ਹਨ,''ਸਾਨੂੰ ਮੂੰਜ ਸਿਰਫ਼ ਸਰਦੀਆਂ ਦੇ ਮੌਸਮ ਵਿੱਚ (ਨਵੰਬਰ ਤੋਂ ਫਰਵਰੀ ਦੇ ਮਹੀਨਿਆਂ ਵਿਚਕਾਰ) ਮਿਲ਼ਦਾ ਹੈ। ਅਸੀਂ ਹਰੇ ਘਾਹ ਦੀਆਂ ਪੱਟੀਆਂ ਕੱਟਦੇ ਹਾਂ ਫਿਰ ਉਹਨੂੰ ਸੁਕਾਉਣ ਬਾਅਦ ਸਾਂਭ ਕੇ ਰੱਖ ਲੈਂਦੇ ਹਾਂ। ਇਹ ਘਰ ਦੀ ਸਭ ਤੋਂ ਸੁੱਕੀ ਥਾਂ ਹੈ ਅਤੇ ਇੱਥੇ ਥੋੜ੍ਹੀ ਜਿਹੀ ਵੀ ਹਵਾ ਨਹੀਂ ਆਉਂਦੀ। ਮੀਂਹ ਅਤੇ ਸਿਆਲ ਰੁੱਤੇ ਘਾਹ ਦੇ ਰੰਗ ਬਦਲ ਕੇ ਪੀਲ਼ੇ ਫਿਰ ਜਾਂਦੇ ਹਨ।''

ਪੀਲ਼ਾ ਘਾਹ ਕੁਝ ਬਣਾਉਣ ਲਈ ਢੁੱਕਵਾਂ ਨਹੀਂ ਹੁੰਦਾ, ਕਿਉਂਕਿ ਇਸ ਤੋਂ ਪਤਾ ਚੱਲਦਾ ਹੈ ਕਿ ਘਾਹ ਬਹੁਤ ਮਲ਼ੂਕ ਅਤੇ ਕਮਜ਼ੋਰ ਹੋ ਗਿਆ ਹੈ ਅਤੇ ਇਸ 'ਤੇ ਰੰਗ ਵੀ ਨਹੀਂ ਚੜ੍ਹਾਇਆ ਜਾ ਸਕਦਾ।  ਸਭ ਤੋਂ ਵਧੀਆ ਘਾਹ ਹਲਕੇ ਬੱਗੇ ਰੰਗ ਦਾ ਹੁੰਦਾ ਹੈ ਜਿਨ੍ਹਾਂ ਮਨ ਮਰਜੀ ਮੁਤਾਬਕ ਰੰਗਿਆ ਜਾ ਸਕਦਾ ਹੁੰਦਾ ਹੈ। ਅਜਿਹਾ ਘਾਹ ਹਾਸਲ ਕਰਨ ਲਈ ਤਾਜ਼ਾ ਵੱਡੇ ਮੂੰਜ ਨੂੰ ਬੜੇ ਮਲ੍ਹਕੜੇ ਜਿਹੇ ਬੰਡਲਾਂ ਵਿੱਚ ਬੰਨ੍ਹ ਕੇ ਖੁੱਲ੍ਹੀ ਅਤੇ ਤੇਜ਼ ਧੁੱਪੇ ਹਫ਼ਤੇ ਭਰ ਲਈ ਸੁਕਾਇਆ ਜਾਂਦਾ ਹੈ ਉਹ ਵੀ ਬਗ਼ੈਰ ਹਵਾ ਲੱਗਣ ਦਿੱਤਿਆਂ ਤਾਂ ਕਿ ਘਾਹ ਨਮੀ ਰਹਿਤ ਰਹਿ ਸਕੇ।

ਇਸ ਵਿਚਾਲੇ ਘਾਹ ਦੇ ਭੰਡਾਰ ਨੂੰ ਦੇਖਣ ਦੇ ਇਰਾਦੇ ਨਾਲ਼ ਫ਼ਾਤਿਮਾ ਦੀ ਸੱਸ ਆਇਸ਼ਾ ਬੇਗਮ ਵੀ ਛੱਤ 'ਤੇ ਆ ਜਾਂਦੀ ਹਨ। ਉਹ 50 ਸਾਲ ਪਾਰ ਕਰ ਚੁੱਕੀ ਹਨ ਅਤੇ ਹੁਣ ਇੱਕ ਹੁਨਰਮੰਦ ਕਾਰੀਗਰ ਹਨ। ਗੱਲਬਾਤ ਵਿੱਚ ਉਹ ਉਸ ਸਮੇਂ ਨੂੰ ਚੇਤਿਆਂ ਕਰਦੀ ਹਨ ਜਦੋਂ ਕੋਈ ਵੀ ਯਮੁਨਾ ਕੰਢੇ ਲੱਗੇ ਇਸ ਮੂੰਜ ਨੂੰ ਤੋੜ ਸਕਦਾ ਹੁੰਦਾ ਸੀ। ਪਿਛਲੇ ਕੁਝ ਦਹਾਕਿਆਂ ਵਿੱਚ ਅੰਨ੍ਹੇਵਾਹ ਹੋਏ ਵਿਕਾਸ ਨੇ ਨਦੀ ਦਾ ਉਹ ਕੰਢਾ ਕਾਫ਼ੀ ਭੀੜਾ ਹੋ ਕੇ ਰਹਿ ਗਿਆ ਹੈ, ਜਿੱਥੇ ਕਦੇ ਇਸ ਘਾਹ ਦੇ ਸਰਕੰਡੇ ਹਵਾ ਵਿੱਚ ਲਹਿਰਾਇਆ ਕਰਦੇ ਸਨ।

''ਹੁਣ ਯਮੁਨਾ ਪਾਰੋਂ ਆਉਣ ਵਾਲ਼ੇ ਮੱਲਾਹ ਆਪਣੇ ਨਾਲ਼ ਮੂੰਜ ਲੈ ਕੇ ਆਉਂਦੇ ਹਨ ਅਤੇ ਸਾਨੂੰ 300 ਤੋਂ 400 ਰੁਪਏ ਵਿੱਚ ਇੱਕ ਗੱਟਾ (ਇੱਕ ਗੱਟੇ ਵਿੱਚ 2-3 ਕਿਲੋ ਘਾਹ ਹੁੰਦਾ ਹੈ) ਵੇਚਦੇ ਹਨ,'' ਆਇਸ਼ਾ ਕਹਿੰਦੀ ਹਨ ਅਤੇ ਅਸੀਂ ਇਸ ਗੁਫ਼ਤਗੂ ਦੌਰਾਨ ਛੱਤ ਤੋਂ ਉੱਤਰ ਕੇ ਘਰ ਦੇ ਵਿਹੜੇ ਵਿੱਚ ਅੱਪੜ ਗਏ ਜਿੱਥੇ ਉਹ ਆਪਣਾ ਕੰਮ ਕਰਦੀ ਹਨ। ਮੂੰਜ ਦੇ ਇੱਕ ਗੱਟੇ ਨਾਲ਼ ਕਾਰੀਗਰ ਆਮ ਕਰਕੇ 12X12 ਇੰਚ ਦੀਆਂ ਦੋ ਟੋਕਰੀਆਂ ਬਣਾ ਸਕਦਾ ਹੁੰਦਾ ਹੈ, ਜੋ ਕਿ 1,500 ਰੁਪਏ ਤੱਕ ਵਿਕ ਸਕਦੀਆਂ ਹਨ। ਇਸ ਅਕਾਰ ਦੀਆਂ ਟੋਕਰੀਆਂ ਆਮ ਕਰਕੇ ਪੌਦੇ ਲਾਉਣ ਅਤੇ ਕੱਪੜੇ ਵਗੈਰਾ ਰੱਖਣ ਲਈ ਵਰਤੀਆਂ ਜਾਂਦੀਆਂ ਹਨ।

ਸਰਪਤ ਘਾਹ ਜੋ ਕਿ 7 ਅਤੇ 12 ਫੁੱਟ ਲੰਬਾ ਹੁੰਦਾ ਹੈ, ਮੂੰਜ ਦੀ ਕਲਾ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇੰਨੀ ਅਹਿਮ ਭੂਮਿਕਾ ਦੇ ਰੂਪ ਵਿੱਚ ਮਦਦਗਾਰ ਬਣ ਕੇ ਸਾਹਮਣੇ ਆਉਂਦਾ ਹੈ ਕਾਸਾ ਘਾਹ ਜੋ ਮੁਕਾਬਲਤਨ ਕਾਫ਼ੀ ਪਤਲਾ ਅਤੇ ਸਰਕੰਡੇਨੁਮਾ ਹੁੰਦਾ ਹੈ। ਕਾਸੇ ਦੀਆਂ ਤਿੜਾਂ ਨਾਲ਼ ਮੂੰਜ ਦੀ ਪਕੜ ਹੋਰ ਮਜ਼ਬੂਤ ਹੁੰਦੀ ਹੈ ਚੀਜ਼ ਦੇ ਤਿਆਰ ਹੋ ਜਾਣ ਬਾਅਦ ਇਹ ਬੱਝੀ ਹੋਈ ਦਿੱਸਦੀ ਵੀ ਨਹੀਂ। ਕੱਸ ਕੇ ਬੱਝ ਗੱਠਰ ਦੇ ਰੂਪ ਵਿੱਚ ਵਿਕਣ ਵਾਲ਼ੀ ਇਹ ਘਾਹ ਨਦੀ ਦੇ ਕੰਢਿਆਂ 'ਤੇ ਉੱਗਦੀ ਹੈ ਤੇ ਇੱਕ ਗੁੱਛਾ 5-10 ਰੁਪਏ ਦਾ ਹੁੰਦਾ ਹੈ।

PHOTO • Priti David
PHOTO • Priti David

ਖੱਬੇ : ਆਇਸ਼ਾ ਬੇਗਮ, ਸਿਰਾਹੀ (ਇੱਕ ਤੇਜ ਸੁਈ) ਦੇ ਨਾਲ਼ ਇੱਕ ਮੁੱਠੀ (ਘੁੰਡੀ) ਜਿਹੀ ਬੁਣ ਰਹੀ ਹਨ। ਸੱਜੇ : ਅਕਾਰ ਦੇਣ ਵਾਸਤੇ ਕਾਸੇ ਦੇ ਚੁਫ਼ੇਰੇ ਮੂੰਜ ਦੀਆਂ ਮੋਟੀਆਂ ਪੱਟੀਆਂ ਬੰਨ੍ਹਦੀ ਹਨ

ਆਪਣੇ ਘਰ ਦੇ ਵਿਹੜੇ ਵਿੱਚ ਆਇਸ਼ਾ ਕੰਮ ਕਰਨ ਦੀ ਆਪਣੀ ਥਾਂ ਬੈਠ ਗਈ। ਉਹ ਟੋਕਰੀ ਦੇ ਢੱਕਣਾਂ ਨੂੰ ਖੋਲ੍ਹਣ ਵਾਸਤੇ ਮੁੱਠੀਆਂ ਜਿਹੀਆਂ ਬਣਾ ਰਹੀ ਹਨ। ਇੱਕ ਕੈਂਚੀ ਅਤੇ ਤਿੱਖੇ ਚਾਕੂ ਸਹਾਰੇ ਉਹ ਘਾਹ ਦੀਆਂ ਤਿੜਾਂ ਨੂੰ ਇੱਕ ਦੂਜੇ ਵਿੱਚ ਗੁੰਦਦੀ ਹੋਈ ਉਨ੍ਹਾਂ ਨੂੰ ਇੱਕ ਮਜ਼ਬੂਤ ਅਧਾਰ ਦੇ ਰਹੀ ਹਨ। ਘਾਹ ਥੋੜ੍ਹੀਆਂ ਸਖ਼ਤ ਤਿੜਾਂ ਨੂੰ ਲਚੀਲਾ ਬਣਾਉਣ ਲਈ ਉਹ ਪਾਣੀ ਦੀ ਇੱਕ ਬਾਲਟੀ ਵਿੱਚ ਥੋੜ੍ਹੀ ਦੇਰ ਡੁਬੋਈ ਰੱਖਦੀ ਹਨ।

''ਮੈਂ ਇਹ ਕੰਮ ਆਪਣੀ ਸੱਸ ਨੂੰ ਦੇਖ ਦੇਖ ਕੇ ਸਿੱਖਿਆ। ਅੱਜ ਤੋਂ 30 ਸਾਲ ਪਹਿਲਾਂ ਮੈਂ ਜਿਹੜੀ ਚੀਜ਼ ਸਭ ਤੋਂ ਪਹਿਲਾਂ ਬਣਾਈ ਉਹ ਸੀ ਰੋਟੀ ਕਾ ਡੱਬਾ (ਛਿੱਕੂ)। ਉਸ ਸਮੇਂ ਮੈਂ ਸੱਜ-ਵਿਆਹੀ ਸਾਂ,'' ਆਇਸ਼ਾ ਦੱਸਦੀ ਹਨ। ਇੱਕ ਵਾਰ ਉਨ੍ਹਾਂ ਨੇ ਕ੍ਰਿਸ਼ਨ ਅਸ਼ਟਮੀ ਮੌਕੇ ਭਗਵਾਨ ਦੀ ਮੂਰਤੀ ਨੂੰ ਝੁਲਾਉਣ ਵਾਸਤੇ ਇੱਕ ਝੂਲ਼ਾ ਵੀ ਬਣਾਇਆ ਸੀ।

ਜ਼ਖ਼ਮ ਦੇ ਨਿਸ਼ਾਨਾਂ ਨਾਲ਼ ਭਰੇ ਆਪਣੇ ਹੱਥਾਂ ਨੂੰ ਦਿਖਾਉਂਦੀ ਹੋਈ ਉਹ ਕਹਿੰਦੀ ਹਨ,''ਕੰਮ ਕਰਦੇ ਹੋਏ ਸਾਡੇ ਹੱਥ ਇਨ੍ਹਾਂ ਮਜ਼ਬੂਤਾਂ ਤਿੜਾਂ ਨਾਲ਼ ਕੱਟੇ ਜਾਂਦੇ ਹਨ।'' ਪੁਰਾਣੇ ਦਿਨਾਂ ਨੂੰ ਚੇਤਿਆਂ ਕਰਦੀਆਂ ਉਹ ਅੱਗੇ ਕਹਿੰਦੀ ਹਨ,''ਉਨ੍ਹੀਂ ਦਿਨੀਂ ਇਸ ਕੰਮ ਨੂੰ ਕਰਨ ਲਈ ਪੂਰਾ ਪਰਿਵਾਰ ਲੱਗ ਜਾਂਦਾ ਸੀ-ਔਰਤਾਂ ਅਤੇ ਬੱਚੇ ਮੂੰਜ ਦੀਆਂ ਵੰਨ-ਸੁਵੰਨੇ ਚੀਜ਼ਾਂ ਬਣਾਉਂਦੇ ਰਹਿੰਦੇ ਅਤੇ ਮਰਦ ਉਨ੍ਹਾਂ ਨੂੰ ਲਿਜਾ ਕੇ ਵੇਚਿਆ ਕਰਦੇ। ਜੇ ਇੱਕ ਘਰ ਦੀਆਂ ਦੋ ਜਾਂ ਤਿੰਨ ਔਰਤਾਂ ਇਕੱਠਿਆਂ ਮਿਲ਼ ਇਹ ਕੰਮ ਕਰਦੀਆਂ ਤਾਂ ਉਹ 30 ਰੁਪਏ ਦਿਹਾੜੀ ਬਣਾ ਲੈਂਦੀਆਂ। ਉਨ੍ਹਾਂ ਦੀ ਕਮਾਈ ਨੂੰ ਰਲ਼ਾ ਕੇ ਘਰ ਦਾ ਗੁਜ਼ਾਰਾ ਚੱਲ ਜਾਇਆ ਕਰਦਾ।''

ਕੋਈ ਦਸ ਸਾਲ ਪਹਿਲਾਂ ਮੂੰਜ ਦੀ ਮੰਗ ਵਿੱਚ ਅਚਾਨਕ ਗਿਰਾਵਟ ਆ ਗਈ ਅਤੇ ਇਸ ਕੰਮੇ ਲੱਗੀਆਂ ਔਰਤਾਂ ਵੀ ਇਸ ਕੰਮ ਤੋਂ ਹਟਣ ਲੱਗੀਆਂ। ਬਜ਼ਾਰ ਵਿੱਚ ਵੀ ਮੂੰਜ ਤੋਂ ਬਣੇ ਉਤਪਾਦ ਘੱਟ ਹੀ ਵਿਕਦੇ। ਫਿਰ ਬੜੇ ਅਣਕਿਆਸੇ ਰੂਪ ਵਿੱਚ ਮਦਦ ਮਿਲ਼ੀ ਅਤੇ ਇਸ ਕੰਮ ਨੂੰ ਦੋਬਾਰਾ ਸਾਹ ਮਿਲ਼ਿਆ। ਇਹਦਾ ਪੂਰਾ ਯਸ਼ ਉੱਤਰ ਪ੍ਰਦੇਸ਼ ਸਰਕਾਰ ਦੇ 'ਵਨ ਡਿਸਟ੍ਰਿਕਟ ਵਨ ਪ੍ਰੋਡੈਕਟ ' (ਓਡੀਓਪੀ) ਯੋਜਨਾ ਨੂੰ ਜਾਂਦਾ ਹੈ, ਜਿਹਦੀ ਸ਼ੁਰੂਆਤ 2013 ਵਿੱਚ ਹੋਈ ਸੀ। ਪ੍ਰਯਾਗਰਾਜ ਜ਼ਿਲੇ ਵਿਖੇ ਮੂੰਜ ਵਿਸ਼ੇਸ਼ ਉਤਪਾਦ ਵਜੋਂ ਚੁਣਿਆ ਗਿਆ, ਜਿਸ ਨਾਲ਼ ਜੁੜੀ ਸ਼ਿਲਪਕਲਾ ਦਾ ਇਤਿਹਾਸ ਘੱਟ ਤੋਂ ਘੱਟ ਸੱਤ ਦਹਾਕੇ ਪੁਰਾਣਾ ਸੀ।

PHOTO • Priti David
PHOTO • Priti David

ਖੱਬੇ : ਆਇਸ਼ਾ ਬੇਗਮ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੀ ਵੱਧ ਹੈ, ਮੂੰਜ ਸ਼ਿਲਪ ਦੀ ਇੱਕ ਹੁਨਰਮੰਦ ਕਾਰੀਗਰ ਹਨ। ' ਮੈਂ ਇਹ ਕੰਮ ਆਪਣੀ ਸੱਸ ਨੂੰ ਦੇਖ ਦੇਖ ਕੇ ਸਿੱਖਿਆ। 30 ਸਾਲ ਪਹਿਲਾਂ ਮੈਂ ਜਿਹੜੀ ਚੀਜ਼ ਬਣਾਈ ਉਹ ਸੀ ਰੋਟੀ ਦਾ ਡੱਬਾ। ' ਸੱਜੇ : ਆਇਸ਼ਾ ਦੁਆਰਾ ਹਾਲੀਆ ਸਮੇਂ ਬਣਾਏ ਗਏ ਕੁਝ ਡੱਬੇ ਅਤੇ ਟੋਕਰੀਆਂ

''ਓਡੀਓਪੀ ਯੋਜਨਾ ਨੇ ਮੂੰਜ ਤੋਂ ਬਣੇ ਸਮਾਨਾਂ ਦੀ ਮੰਗ ਅਤੇ ਵਿਕਰੀ ਦੋਵਾਂ ਵਿੱਚ ਵਾਧਾ ਕੀਤਾ ਹੈ ਅਤੇ ਇਸਲਈ ਕਾਫ਼ੀ ਸਾਰੇ ਕਾਰੀਗ਼ਰ ਇਸ ਹਸਤਕਲਾ ਵੱਲ ਦੋਬਾਰਾ ਤਾਂ ਮੁੜ ਹੀ ਰਹੇ ਹਨ ਸਗੋਂ ਨਵੇਂ ਲੋਕ ਵੀ ਜੁੜ ਰਹੇ ਹਨ,'' ਪ੍ਰਯਾਗਰਾਜ ਜ਼ਿਲ੍ਹੇ ਦੇ ਉਦਯੋਗ ਦੇ ਡਿਪਟੀ ਕਮਿਸ਼ਨਰ ਅਜੈ ਚੌਰਸੀਆ ਕਹਿੰਦੇ ਹਨ। ਚੌਰਸੀਆ ਜ਼ਿਲ੍ਹੇ ਉਦਯੋਗ ਕੇਂਦਰ ਦੇ ਪ੍ਰਧਾਨ ਵੀ ਹਨ। ਓਡੀਓਪੀ ਯੋਜਨਾ ਜ਼ਰੀਏ ਮਹਿਲਾ ਕਾਰੀਗਰਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਵਾਲ਼ੀਆਂ ਰਾਜ ਸਰਕਾਰ ਦਾ ਤੰਤਰ ਜ਼ਿਲ੍ਹਾ ਉਦਯੋਗ ਕੇਂਦਰ ਹੀ ਹੈ। ਉਹ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ,''ਅਸੀਂ ਇਛੁੱਕ ਔਰਤਾਂ ਨੂੰ ਸਿਖਲਾਈ ਦੇਣ ਦੇ ਨਾਲ਼ ਨਾਲ਼ ਉਨ੍ਹਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਾਉਂਦੇ ਹਾਂ। ਸਾਡਾ ਮਕਸਦ 400 ਔਰਤਾਂ ਨੂੰ ਹਰ ਸਾਲ ਸਿਖਲਾਈ ਦੇਣਾ ਹੈ।'' ਉਦਯੋਗ ਕੇਂਦਰ, ਰਾਜਕੀ ਅਤੇ ਰਾਸ਼ਟਰੀ ਦੋਵਾਂ ਪੱਧਰਾਂ 'ਤੇ ਨਿਯਮਿਤ ਮੇਲਿਆਂ ਅਤੇ ਤਿਓਹਾਰਾਂ ਦੇ ਅਯੋਜਨ ਜ਼ਰੀਏ ਵੀ ਇਸ ਕਲਾ ਨੂੰ ਹੱਲ੍ਹਾਸ਼ੇਰੀ ਦੇਣ ਦਾ ਕੰਮ ਕਰਦਾ ਹੈ।

ਮਹੇਵਾ ਦੀਆਂ ਉੱਦਮੀ ਔਰਤਾਂ ਨੇ ਮੂੰਜ ਕਲਾ ਨੂੰ ਹੱਲ੍ਹਾਸ਼ੇਰੀ ਦੇਣ ਦੀ ਇਸ ਪਹਿਲ ਦਾ ਤਨਦੇਹੀ ਨਾਲ਼  ਸੁਆਗਤ ਕੀਤਾ ਅਤੇ ਆਪਣੀ ਵਾਧੂ ਆਮਦਨੀ ਦੇ ਇਸ ਮੌਕੇ ਦਾ ਲਾਹਾ ਲਿਆ। ਫ਼ਾਤਿਮਾ ਦੱਸਦੀ ਹਨ ਕਿ ਹੁਣ ਉਨ੍ਹਾਂ ਔਰਤ ਕਾਰੀਗਰਾਂ ਨੂੰ ਵੈਟਸਅਪ 'ਤੇ ਵੀ ਆਰਡਰ ਮਿਲ਼ਦੇ ਹਨ। ਕੰਮ ਅਤੇ ਵਿਕਰੀ ਤੋਂ ਹੋਣ ਵਾਲ਼ੇ ਮੁਨਾਫ਼ੇ ਨੂੰ ਔਰਤਾਂ ਵਿੱਚ ਬਰਾਬਰ ਵੰਡ ਦਿੱਤਾ ਜਾਂਦਾ ਹੈ।

ਓਡੀਓਪੀ ਯੋਜਨਾ ਨੇ ਮਹਿਲਾ ਉੱਦਮੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੰਮ ਵੀ ਬੜਾ ਸੁਖ਼ਾਲਾ ਕਰ ਦਿੱਤਾ ਹੈ। ਫ਼ਾਤਿਮਾ ਦੱਸਦੀ ਹਨ,''ਇਸ ਯੋਜਨਾ ਨੇ ਸਾਡੇ ਲਈ ਕਰਜ਼ਾ ਲੈਣ ਸੁਖ਼ਾਲਾ ਕਰ ਦਿੱਤਾ ਹੈ। ਮੇਰੇ ਸਵੈ-ਸਹਾਇਤਾ ਗਰੁੱਪ ਵਿੱਚ ਕੰਮ ਸ਼ੁਰੂ ਕਰਨ ਲਈ ਕਾਫ਼ੀ ਸਾਰੀਆਂ ਔਰਤਾਂ ਨੇ 10,000 ਰੁਪਏ ਤੋਂ 40,000 ਰੁਪਏ ਤੱਕ ਦਾ ਕਰਜ਼ਾ ਲਿਆ ਹੈ।'' ਇਹ ਯੋਜਨਾ ਕੁੱਲ ਕਰਜ਼ਾ ਰਾਸ਼ੀ ਦਾ 25 ਫ਼ੀਸਦ ਗ੍ਰਾਂਟ ਦੇ ਰੂਪ ਵਿੱਚ ਦਿੰਦੀ ਹੈ- ਜਿਹਦਾ ਸਿੱਧਾ ਅਰਥ ਹੋਇਆ ਕਿ ਕਰਜ਼ੇ ਦਾ ਸਿਰਫ਼ 75 ਫ਼ੀਸਦ ਹੀ ਵਾਪਸ ਮੋੜਨਾ ਹੁੰਦਾ ਹੈ। ਬਾਕੀ ਰਾਸ਼ੀ ਜੇਕਰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੋੜ ਦਿੱਤਾ ਜਾਂਦੀ ਹੈ ਤਾਂ ਉਕਤ ਔਰਤ ਨੂੰ ਕਰਜ਼ੇ 'ਤੇ ਕਿਸੇ ਵੀ ਕਿਸਮ ਦਾ ਵਿਆਜ਼ ਨਹੀਂ ਦੇਣਾ ਪੈਂਦਾ। ਮਿਆਦ ਪੁੱਗਣ ਬਾਅਦ ਵੀ ਕਰਜ਼ੇ 'ਤੇ ਪੰਜ ਫ਼ੀਸਦ ਦਾ ਮਾਮੂਲੀ ਜਿਹਾ ਸਲਾਨਾ ਵਿਆਜ ਹੀ ਦੇਣਾ ਪੈਂਦਾ ਹੈ।

ਇਸ ਯੋਜਨਾ ਤੋਂ ਇਸ ਗੱਲ ਦੀ ਉਮੀਦ ਹੈ ਕਿ ਇਹ ਦੂਸਰੀਆਂ ਥਾਵਾਂ ਦੀਆਂ ਔਰਤਾਂ ਦਾ ਧਿਆਨ ਵੀ ਖਿੱਚੇਗੀ। ਆਇਸ਼ਾ ਦੀ ਵਿਆਹੁਤਾ ਧੀ ਨਸਰੀਨ ਫੁਲਪੁਰ ਤਹਿਸੀਲ ਦੇ ਅੰਦਾਵਾ ਪਿੰਡ ਵਿਖੇ ਰਹਿੰਦੀ ਹਨ, ਜੋ ਮਹੇਵਾ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ''ਅੰਦਾਵਾ ਵਿਖੇ ਇਹ ਘਾਹ ਘਰਾਂ ਦੀਆਂ ਛੱਤਾਂ ਬਣਾਉਣ ਦੇ ਕੰਮ ਲਿਆਂਦਾ ਜਾਂਦਾ ਹੈ, ਜਿਹਨੂੰ ਟਾਈਲਾਂ ਦੇ ਹੇਠਾਂ ਵਿਛਾਇਆ ਜਾਂਦਾ ਹੈ ਤਾਂਕਿ ਮੀਂਹ ਦੇ ਪਾਣੀ ਨਾਲ਼ ਛੱਤ ਚੋਅ ਨਾ ਸਕੇ,'' 26 ਨਸਰੀਨ ਕਹਿੰਦੀ ਹਨ, ਜਿਨ੍ਹਾਂ ਨੇ ਸਿੱਖਿਆ ਅਤੇ ਮਨੋਵਿਗਿਆਨ ਵਿੱਚ ਬੀ.ਏ. ਕੀਤੀ ਹੋਈ ਹੈ। ਆਪਣੀ ਮਾਂ ਦੇ ਘਰ ਮੂੰਜਕਲਾ ਤੋਂ ਉਪਜੀਆਂ ਆਰਥਿਕ ਸੰਭਾਵਨਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਵੀ ਇਸ ਕੰਮ ਨੂੰ ਆਪਣੇ ਘਰ (ਅੰਦਾਵਾ) ਸ਼ੁਰੂ ਕਰਨ ਦਾ ਫ਼ੈਸਲਾ ਕੀਤੀ ਹੈ।

PHOTO • Priti David
PHOTO • Priti David

ਆਇਸ਼ਾ ਬੇਗਮ ਅਤੇ ਫ਼ਾਤਿਮਾ ਬੀਬੀ ਦੀ ਗੁਆਂਢਣ, ਜਿਨ੍ਹਾਂ ਦਾ ਨਾਮ ਵੀ ਆਇਸ਼ਾ ਬੇਗ਼ਮ ਹੀ ਹੈ, ਆਪਣੇ ਹੱਥੀਂ ਬਣਾਏ ਮੂੰਜ ਦੇ ਹਰੇਕ ਉਤਪਾਦ ਲਈ 150-200 ਰੁਪਏ ਕਮਾ ਲੈਂਦੀ ਹਨ। ' ਆਪਣਾ ਸਮਾਂ ਫ਼ਾਲਤੂ ਕੰਮਾਂ ਵਿੱਚ ਗੁਆਉਣ ਨਾਲ਼ੋਂ ਚੰਗਾ ਹੈ ਪੈਸੇ ਕਮਾ ਲਓ ਅਤੇ ਇੰਝ ਮੇਰਾ ਸਮਾਂ ਵੀ ਨਿਕਲ਼ ਜਾਂਦਾ ਹੈ '

ਵੀਹ ਸਾਲ ਪਹਿਲਾਂ ਰੋਟੀ ਰੱਖਣ ਲਈ ਮੂੰਜ ਦਾ ਇੱਕ ਛਿੱਕੂ (ਟੋਕਰੀ) 20 ਰੁਪਏ ਵਿੱ ਮਿਲ਼ਦੀ ਸੀ। ਅੱਜ ਉਸੇ ਟੋਕਰੀ ਦੀ ਕੀਮਤ 150 ਰੁਪਏ ਜਾਂ ਵੱਧ ਹੈ। ਪੈਸੇ ਦੇ ਡਿੱਗੇ ਮੁੱਲ ਕਾਰਨ ਵੀ ਇਹ ਠੀਕ-ਠਾਕ ਰਕਮ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਫ਼ਾਤਿਮਾ ਦੀ 60 ਸਾਲਾ ਗੁਆਂਢਣ, ਜਿਨ੍ਹਾਂ ਦਾ ਨਾਮ ਵੀ ਆਇਸ਼ਾ ਬੇਗ਼ਮ ਹੀ ਹੈ, ਦੇ ਮਨ ਵਿੱਚ ਇਸ ਕਲਾ ਨੂੰ ਲੈ ਕੇ ਡੂੰਘੀ ਰੁਚੀ ਜਾਗੀ ਹੈ। ਘੰਟਿਆਂ-ਬੱਧੀ ਕੰਮੇ ਲੱਗੇ ਰਹਿਣ ਕਾਰਨ ਭਾਵੇਂ ਉਨ੍ਹਾਂ ਦੀ ਨਜ਼ਰ ਘੱਟ ਗਈ ਹੋਵੇ ਪਰ ਉਨ੍ਹਾਂ ਦੀ ਮਿਹਨਤ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਦਿਖਾਈ ਨਹੀਂ ਦਿੰਦੀ। ਉਹ ਦੱਸਦੀ ਹਨ,''ਮੈਂ ਆਪਣੇ ਬਣਾਏ ਹਰੇਕ ਸਮਾਨ ਬਦਲੇ ਤਕਰੀਬਨ 150-200 ਰੁਪਏ ਕਮਾ ਲੈਂਦੀ ਹਾਂ। ਆਪਣਾ ਸਮਾਂ ਫ਼ਾਲਤੂ ਕੰਮਾਂ ਵਿੱਚ ਗੁਆਉਣ ਨਾਲ਼ੋਂ ਚੰਗਾ ਪੈਸਾ ਕਮਾ ਲਓ। ਇੰਝ ਮੇਰਾ ਸਮਾਂ ਵੀ ਲੰਘ ਜਾਂਦਾ ਹੈ।'' ਉਹ ਆਪਣੇ ਘਰ ਦੇ ਬਾਹਰ ਬਣੇ ਇੱਕ ਚਬੂਤਰੇ 'ਤੇ ਚਟਾਈ ਵਿਛਾਈ ਬੈਠੀ ਆਪਣਾ ਕੰਮ ਕਰ ਰਹੀ ਹਨ। ਉਨ੍ਹਾਂ ਨੇ ਮਗਰਲੀ ਕੰਧ ਦੇ ਨਾਲ਼ ਢੋਅ ਲਾਈ ਹੋਈ ਹੈ ਅਤੇ ਉਂਗਲਾਂ ਮੂੰਜ ਦੀਆਂ ਵਲ਼ੇਵੇਂ ਖਾਂਦੀਆਂ ਤਿੜਾਂ ਨੂੰ ਬੰਨ੍ਹਣ ਵਿੱਚ ਰੁਝੀਆਂ ਹਨ। ਉਹ ਟੋਕਰੀ ਦਾ ਢੱਕਣ ਬਣਾਉਣ ਵਿੱਚ ਪੂਰੀ ਤਰ੍ਹਾਂ ਮਸ਼ਰੂਫ਼ ਹਨ।

''ਇਹ ਕੰਮ ਕਰਕੇ ਉਹ ਪਿੱਠ ਪੀੜ੍ਹ ਦੀ ਸ਼ਿਕਾਇਤ ਜ਼ਰੂਰ ਕਰੇਗੀ,'' ਉਨ੍ਹਾਂ ਦੇ ਸ਼ੌਹਰ ਮੁਹੰਮਦ ਮਤੀਨ ਇਸ਼ਾਰਾ ਕਰਦਿਆਂ ਕਹਿੰਦੇ ਹਨ ਜੋ ਉਨ੍ਹਾਂ (ਪਤਨੀ) ਦੀਆਂ ਗੱਲਾਂ ਧਿਆਨ ਨਾਲ਼ ਸੁਣ ਰਹੇ ਹਨ। ਚਾਹ ਦੀ ਦੁਕਾਨ ਦੇ ਕੰਮ ਤੋਂ ਸੇਵਾ-ਮੁਕਤ ਹੋਏ ਮੁਹੰਮਦ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਪੁਰਸ਼ ਇਹ ਕੰਮ ਕਰਦੇ ਹਨ। ''ਕੁਝ ਪੁਰਸ਼ ਕਰ ਸਕਦੇ ਹਨ, ਪਰ ਮੈਂ ਨਹੀਂ ਕਰ ਸਕਦਾ,'' ਉਹ ਜਵਾਬ ਦਿੰਦੇ ਹਨ।

ਦੁਪਹਿਰ ਨੂੰ ਢਲ਼ਣ ਨੂੰ ਤਿਆਰ ਹੈ ਅਤੇ ਫ਼ਾਤਿਮਾ ਦੀ ਅੰਮੀ ਆਸਮਾ ਬੇਗ਼ਮ ਤਿਆਰ ਹੋ ਚੁੱਕੇ ਸਮਾਨ ਦੇ ਨਾਲ਼ ਆਪਣੀ ਧੀ ਦੇ ਘਰ ਆ ਚੁੱਕੀ ਹਨ। ਫ਼ਾਤਿਮਾ, ਹਸਤਕਲਾ ਦੇ ਇਨ੍ਹਾਂ ਨਮੂਨਿਆਂ ਨੂੰ ਅਗਲੇ ਦਿਨ ਪ੍ਰਯਾਗਰਾਜ ਦੇ ਸਰਕਟ ਹਾਊਸ ਵਿਖੇ ਅਯੋਜਿਤ ਇੱਕ ਛੋਟੀ ਜਿਹੀ ਪ੍ਰਦਰਸ਼ਨ ਵਿੱਚ ਨੁਮਾਇਸ਼ ਲਾਉਣ ਅਤੇ ਉਨ੍ਹਾਂ ਨੂੰ ਵੇਚਣ ਲਈ ਲਿਜਾਵੇਗੀ। ਆਪਣਾ ਕੰਮ ਦਿਖਾਉਣ ਦੇ ਮਕਸਦ ਨਾਲ਼ ਆਸਮਾ ਇੱਕ ਟੋਕਰੀ ਚੁੱਕਦੀ ਹਨ ਜਿਹਦੇ ਢੱਕਣ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ਼ ਡਿਜ਼ਾਇਨ ਕੀਤਾ ਗਿਆ ਹੈ। ''ਇੱਕ ਸੁੰਦਰ ਕੋਸਟਰ ਜਿਹਨੂੰ ਬਣਾਉਣ ਵਿੱਚ ਤਿੰਨ ਤੋਂ ਚਾਰ ਦਿਨ ਲੱਗਦੇ ਹਨ। ਤੁਹਾਨੂੰ ਬੜੇ ਧਿਆਨ ਨਾਲ਼ ਮਲ਼੍ਹਕੜੇ ਜਿਹੇ ਇਸਨੂੰ ਬਣਾਉਣਾ ਪੈਂਦਾ ਹੈ, ਨਹੀਂ ਘਾਹ ਦੀਆਂ ਤਿੜਾਂ ਨਾਲ਼ ਉਂਗਲਾਂ ਛਿੱਲੇ ਜਾਣ ਦਾ ਡਰ ਰਹਿੰਦਾ ਹੈ,'' ਉਹ ਦੱਸਦੀ ਹਨ। ਜ਼ਿਆਦਾ ਬਰੀਕੀ ਵਿੱਚ ਕੰਮ ਕਰਨ ਲਈ ਬਹੁਤੀ ਪਤਲੀਆਂ ਤਿੜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੀਆਂ ਚੀਜ਼ਾਂ ਦੇ ਮੁਕਾਬਲਤਨ ਕੀਮਤ ਵੀ ਵੱਧ ਹੁੰਦੀ ਹੈ।

ਆਪਣੀ ਉਮਰ ਦੇ 50ਵਿਆਂ ਵਿੱਚ ਅਸਮਾ ਇੱਕ ਮੰਨੀ-ਪ੍ਰਮੰਨੀ ਸ਼ਿਲਪਕਾਰ ਮੰਨੀ ਜਾਂਦੀ ਹਨ ਜਿਨ੍ਹਾਂ ਨੇ ਹਾਲੀਆ ਸਮੇਂ ਪਿਪੀਰਾਸਾ ਵਿਖੇ (ਮਹੇਵਾ ਤੋਂ 25 ਕਿਲੋਮੀਟਰ) ਆਪਣੇ ਘਰੇ ਰਹਿੰਦਿਆਂ ਕਰੀਬ 90 ਔਰਤਾਂ ਨੂੰ ਮੂੰਜ ਦੀ ਕਲਾ ਵਿੱਚ ਸਿਖਲਾਈ ਦਿੱਤੀ। ''ਇਹ ਇੱਕ ਵਧੀਆ ਕੰਮ ਹੈ। ਹਰ ਕੋਈ ਇਹਨੂੰ ਸਿੱਖ ਸਕਦਾ ਹੈ, ਕਮਾਈ ਕਰ ਸਕਦਾ ਹੈ ਅਤੇ ਆਪਣੇ ਭਵਿੱਖ ਵਜੋਂ ਵੀ ਚੁਣ ਸਕਦਾ ਹੈ,'' ਉਹ ਕਹਿੰਦੀ ਹਨ ਅਤੇ ਅੱਗੇ ਗੱਲ ਜਾਰੀ ਰੱਖਦੀ ਹੋਈ ਕਹਿੰਦੀ ਹਨ,''ਜਿੰਨਾ ਚਿਰ ਸੰਭਵ ਹੋ ਸਕਿਆ ਮੈਂ ਇਹ ਕੰਮ ਕਰਦੀ ਰਹਾਂਗੀ। ਮੈਂ ਆਪਣੀ ਧੀ, ਫ਼ਾਤਿਮਾ ਦੇ ਇਸ ਕੰਮ ਕਰਨ ਦੇ ਤਰੀਕੇ ਤੋਂ ਬੜੀ ਖ਼ੁਸ਼ ਹਾਂ।''

PHOTO • Priti David
PHOTO • Priti David

ਖੱਬੇ : ਫ਼ਾਤਿਮਾ ਦੀ ਮਾਂ, ਅਸਮਾ ਬੇਗਮ (ਖੱਬੇ, ਹਰੇ ਦੁਪੱਟੇ ਵਿੱਚ) ਇੱਕ ਕੁਸ਼ਲ ਸ਼ਿਲਪਕਾਰ ਹਨ ਜੋ ਮੂੰਜ ਕਲਾ ਵਿੱਚ ਔਰਤਾਂ ਨੂੰ ਟ੍ਰੇਂਡ ਕਰਦੀ ਹਨ। '' ਇਹ ਇੱਕ ਵਧੀਆ ਕੰਮ ਹੈ। ਹਰ ਕੋਈ ਇਹਨੂੰ ਸਿੱਖ ਸਕਦਾ ਹੈ, ਕਮਾਈ ਕਰ ਸਕਦਾ ਹੈ ਅਤੇ ਆਪਣੇ ਭਵਿੱਖ ਵਜੋਂ ਵੀ ਚੁਣ ਸਕਦਾ ਹੈ। '' ਸੱਜੇ : ਆਪਣੀ ਇੱਕ ਬਿਹਤਰੀਨ ਕਲਾਕ੍ਰਿਤੀ ਦਿਖਾਉਂਦੀ ਹੋਈ ਅਸਮਾ, ਜੋ ਇੱਕ ਰੰਗਦਾਰ ਟੋਕਰੀ ਹੈ ਜਿਸਦਾ ਢੱਕਣ ਵੀ ਨਾਲ਼ ਹੈ

ਅਸਮਾ ਨੇ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ ਅਤੇ 18 ਵਰ੍ਹਿਆਂ ਦੀ ਉਮਰੇ ਫ਼ਾਤਿਮਾ ਦੇ ਪਿਤਾ ਨਾਲ਼ ਵਿਆਹੀ ਗਈ, ਜੋ ਇੱਕ ਕਿਸਾਨ ਸਨ ਅਤੇ ਉਨ੍ਹਾਂ ਕੋਲ਼ ਕਰੀਬ ਦੋ ਏਕੜ ਜ਼ਮੀਨ ਸੀ। ਜ਼ਿਲ੍ਹਾ ਉਦਯੋਗ ਕੇਂਦਰ ਵਿਖੇ, ਬਤੌਰ ਇੱਕ ਸਿਖਲਾਇਕ ਅਸਮਾ ਨੂੰ ਮਹੀਨੇ ਦੇ 5,000 ਰੁਪਏ ਦਿੱਤੇ ਜਾਂਦੇ ਅਤੇ ਛੇ ਮਹੀਨਾ ਇਹ ਕੋਰਸ ਕਰਨ ਵਾਸਤੇ ਕੁੜੀਆਂ ਨੂੰ ਮਹੀਨੇ ਦੇ 3,000 ਰੁਪਏ ਦਿੱਤੇ ਜਾਂਦੇ ਹਨ। ''ਇਹ ਕੁੜੀਆਂ ਘਰੇ ਵਹਿਲੀਆਂ (ਉਂਝ) ਹੀ ਰਹਿੰਦੀਆਂ, ਜੋ ਹੁਣ ਕੁਝ ਨਵਾਂ ਤਾਂ ਸਿਖ ਹੀ ਰਹੀਆਂ ਹਨ ਅਤੇ ਘਰੇ ਬੈਠੇ ਬੈਠੇ ਪੈਸਾ ਵੀ ਕਮਾ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁੜੀਆਂ ਇਸੇ ਪੈਸੇ ਨਾਲ਼ ਆਪਣੀ ਪੜ੍ਹਾਈ ਜਾਰੀ ਰੱਖਣਗੀਆਂ,'' ਉਹ ਕਹਿੰਦੀ ਹਨ।

ਮੂੰਜ ਦੇ ਇਨ੍ਹਾਂ ਕਾਰੀਗਰਾਂ ਵਾਸਤੇ, ਅਗਲਾ ਪ੍ਰੋਜੈਕਟ ਹੈ ਇੱਕ ਮਿਊਜ਼ਿਅਮ ਅਤੇ ਕਾਰਜਸ਼ਾਲਾ ਦਾ ਨਿਰਮਾਣ ਕਰਨਾ। ''ਅਸੀਂ ਮਿਊਜ਼ਿਅਮ ਲਈ ਅੱਖਾਂ ਵਿਛਾ ਕੇ ਉਡੀਕ ਕਰ ਰਹੇ ਹਾਂ ਤਾਂ ਕਿ ਸੈਲਾਨੀ ਆਉਣ ਅਤੇ ਸਾਡੇ ਕੀਤੇ ਕੰਮਾਂ ਨੂੰ ਦੇਖਣ ਅਤੇ ਉਨ੍ਹਾਂ ਦੀ ਤਾਰੀਫ਼ ਕਰਨ। ਦਰਸਾਵੇ ਵਾਸਤੇ ਬਹੁਤ ਹੀ ਬਿਹਤਰੀਨ ਕਲਾਕ੍ਰਿਤੀਂ ਨੂੰ ਰੱਖਿਆ ਜਾਵੇਗਾ ਅਤੇ ਤੁਸੀਂ ਨਾ ਸਿਰਫ਼ ਵਸਤਾਂ ਨੂੰ ਹੀ ਸਗੋਂ ਉਨ੍ਹਾਂ ਦੇ ਬਣਨ ਪ੍ਰਕਿਰਿਆ ਨੂੰ ਵੀ ਦੇਖ ਸਕੋਗੇ,'' ਫ਼ਾਤਿਮਾ ਕਹਿੰਦੀ ਹਨ। ਮਿਊਜ਼ਿਅਮ ਨਾਲ਼ ਜੁੜੀ ਕਾਰਜਸ਼ਾਲਾ ਹੋਰ ਵੀ ਔਰਤਾਂ ਨੂੰ ਅਗਾਂਹ ਪੈਰ ਪੁੱਟਣ ਲਈ ਉਤਸਾਹਤ ਕਰੇਗੀ। ਚੌਰਸਿਆ ਮੁਤਾਬਕ, ਪਿਛਲੇ ਸਾਲ ਕੇਂਦਰ ਸਰਕਾਰ ਨੇ ਇਸ ਪੇਂਡੂ ਸ਼ਿਲਪ ਅਤੇ ਮਿਊਜ਼ਿਅਮ ਉਸਾਰੀ ਦੇ ਮੱਦੇਨਜ਼ਰ 3 ਕਰੋੜ ਰੁਪਏ ਦਿੱਤੇ ਸਨ। ''ਕੰਮ ਅਜੇ ਸ਼ੁਰੂ ਹੋ ਰਿਹਾ ਹੈ ਪਰ ਇਹਨੂੰ ਪੂਰਾ ਹੁੰਦੇ ਹੁੰਦੇ ਸਮਾਂ ਲੱਗੇਗਾ,'' ਉਹ ਕਹਿੰਦੀ ਹਨ।

''ਕਾਰਜਸ਼ਾਲਾ ਵਿੱਚ, ਕੁਝ ਲੋਕ ਤਾਂ ਸਿਰਫ਼ ਬੁਣਾਈ ਦਾ ਕੰਮ ਕਰਦੇ ਹਨ, ਕੁਝ ਰੰਗ-ਰੋਗਣ ਦਾ ਕੰਮ ਕਰਦੇ ਹਨ- ਕੰਮਾਂ ਨੂੰ ਆਪਸ ਵਿੱਚ ਵੰਡਿਆ ਜਾਂਦਾ ਹੈ। ਮੂੰਜ ਦੇ ਕਾਰੀਗਰਾਂ ਦਾ ਇੰਝ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠਿਆਂ ਰਲ਼ ਕੇ ਬੈਠਣਾ ਅਤੇ ਕੰਮ ਕਰਦੇ ਰਹਿਣਾ ਚੰਗਾ ਲੱਗਦਾ ਹੈ,'' ਫ਼ਾਤਿਮਾ ਕਹਿੰਦੀ ਹਨ, ਜਿਨ੍ਹਾਂ ਦੀ ਭਵਿੱਖੀ-ਨਜ਼ਰ ਇਸ ਮਜ਼ਬੂਤ ਘਾਹ ਵਾਂਗਰ ਕੱਸ ਕੇ ਉਣੀ ਹੋਈ ਹੈ।

ਰਿਪੋਰਟਰ ਪ੍ਰਯਾਗਰਾਜ ਦੇ ਸੈਮ ਹਿਗਿਨਬਾਥੋਮ ਖੇਤੀ ਅਤੇ ਤਕਨੀਕੀ ਅਤੇ ਵਿਗਿਆਨ ਯੂਨੀਵਰਸਿਟੀ ( SHUATS ) ਵਿਖੇ ਪ੍ਰੋਫ਼ੈਸਰ ਹਨ। ਰਿਪੋਰਟਰ ਇਸ ਰਿਪੋਰਟ ਵਿੱਚ ਆਪਣੀ ਮਦਦ ਦੇਣ ਵਾਸਤੇ ਪ੍ਰੋ . ਜਹਾਂਆਰਾ ਅਤੇ ਪ੍ਰੋ . ਆਰਿਫ਼ ਬ੍ਰੋਡਵੇਅ ਨੂੰ ਧੰਨਵਾਦ ਦੇਣਾ ਚਾਹੁੰਦੇ ਹਨ।

ਤਰਜਮਾ: ਕਮਲਜੀਤ ਕੌਰ

Reporter : Priti David

প্রীতি ডেভিড পারি-র কার্যনির্বাহী সম্পাদক। তিনি জঙ্গল, আদিবাসী জীবন, এবং জীবিকাসন্ধান বিষয়ে লেখেন। প্রীতি পারি-র শিক্ষা বিভাগের পুরোভাগে আছেন, এবং নানা স্কুল-কলেজের সঙ্গে যৌথ উদ্যোগে শ্রেণিকক্ষ ও পাঠক্রমে গ্রামীণ জীবন ও সমস্যা তুলে আনার কাজ করেন।

Other stories by Priti David
Editor : Sangeeta Menon

মুম্বই-নিবাসী সংগীতা মেনন একজন লেখক, সম্পাদক ও জনসংযোগ বিষয়ে পরামর্শদাতা।

Other stories by Sangeeta Menon
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur