ਭਾਰਤੀ ਡਾਲਰ ਅਰਬਪਤੀਆਂ ਦੀ ਸੂਚੀ 12 ਮਹੀਨਿਆਂ ਵਿੱਚ 102 ਤੋਂ 140 ਹੋ ਗਈ, ਜੇਕਰ ਫੋਰਬਸ 2021 ਦੀ ਸੂਚੀ 'ਤੇ ਭਰੋਸਾ ਕੀਤਾ ਜਾਵੇ (ਅਤੇ ਜਦੋਂ ਗੱਲ ਅਰਬਪਤੀਆਂ ਅਤੇ ਉਨ੍ਹਾਂ ਦੀ ਸੰਪੱਤੀ ਦੀ ਆਉਂਦੀ ਹੈ, ਫੋਰਬਸ 'ਤੇ ਸਭ ਤੋਂ ਵੱਧ ਭਰੋਸਾ ਕੀਤਾ ਜਾਂਦਾ ਹੈ)। ਇਹ ਦੱਸਦਾ ਹੈ ਕਿ ਉਨ੍ਹਾਂ ਦੀ ਸਾਂਝੀ ਸੰਪੱਤੀ, ਪਿਛਲੇ ਇੱਕ ਸਾਲ ਵਿੱਚ "ਦੋਗੁਣੀ ਹੋ ਕੇ $ 596 ਬਿਲੀਅਨ" ਹੋ ਗਈ ਹੈ।
ਇਹਦਾ ਮਤਲਬ ਹੈ ਕਿ 140 ਵਿਅਕਤੀਆਂ ਜਾਂ ਕੁੱਲ ਅਬਾਦੀ ਦਾ 0.000014 ਫੀਸਦ, ਜਿਹਦੇ ਕੋਲ਼ ਕੁੱਲ ਸੰਪੱਤੀ ਦਾ $ 2.62 ਟ੍ਰਿਲੀਅਨ ਦੀ ਸਾਡੀ ਕੁੱਲ ਘਰੇਲੂ ਉਤਪਾਦ ਦਾ 22.7 ਫੀਸਦ (ਜਾਂ ਪੰਜਵੇਂ ਨਾਲ਼ੋਂ ਵੀ ਵੱਧ) ਜਾਂ $ 2.62 ਟ੍ਰਿਲੀਅਨ ਹੈ, ਉਹ ਹਮੇਸ਼ਾਂ ਵਾਂਗ, 'ਕੁੱਲ' (Gross) ਦਾ ਦੂਸਰਾ ਅਰਥ ਬਣਦੇ ਜਾ ਰਹੇ ਹਨ।
ਦੇਸ਼ ਦੀਆਂ ਪ੍ਰਮੁੱਖ ਬਹੁਤੇਰੇ ਅਖ਼ਬਾਰਾਂ ਵਿੱਚੋਂ ਬਹੁਤੇਰੀਆਂ ਨੇ ਫੋਰਬਸ ਦੇ ਐਲਾਨ ਨੂੰ ਆਪਣੇ ਪ੍ਰਵਾਨਗੀ ਵਜੋਂ ਛਾਪਿਆ ਕੇ ਮੁਹਰ ਲਾਈ ਹੈ- ਓਰੇਕਲ ਆਫ਼ ਪੇਲਫ ਜੋ ਜ਼ਿਆਦਾ ਸਪੱਸ਼ਟ ਅਤੇ ਈਮਾਨਦਾਰ ਤਰੀਕੇ ਨਾਲ਼ ਕਹਿੰਦਾ ਹੈ, ਉਹਦਾ ਜ਼ਿਕਰ ਕਰਨਾ ਹੀ ਛੱਡ ਦਿੱਤਾ ਹੈ।
ਇਸ ਦੇਸ਼ ਬਾਰੇ ਆਪਣੀ ਰਿਪੋਰਟ ਕਰਦਿਆਂ ਆਪਣੇ ਪਹਿਲੇ ਪੈਰ੍ਹੇ ਵਿੱਚ ਫੋਰਬਸ ਕਹਿੰਦਾ ਹੈ,"ਕੋਵਿਡ-19 ਦੀ ਦੂਸਰੀ ਲਹਿਰ ਹੈ ਅਤੇ ਰੋਗੀਆਂ ਦੀ ਕੁ੍ੱਲ ਗਿਣਤੀ ਹੁਣ 12 ਮਿਲੀਅਨ ਤੋਂ ਪਾਰ ਕਰ ਗਈ ਹੈ। ਪਰ ਦੇਸ ਦੇ ਸ਼ੇਅਰ ਬਜ਼ਾਰ ਨੇ ਮਹਾਂਮਾਰੀ ਦੇ ਡਰ ਦੀ ਪਰਵਾਹ ਨਾ ਕਰਦਿਆਂ, ਨਵੀਂ ਸਿਖਰਾਂ ਨੂੰ ਹੱਥ ਲਾਉਣਾ ਸ਼ੁਰੂ ਕਰ ਦਿੱਤਾ ਹੈ; ਭਾਵ ਪਿਛਲੇ ਸਾਲ ਦੇ ਮੁਕਾਬਲੇ ਸੈਂਸੈਕਸ 75% ਵਧਿਆ ਹੈ। ਬੀਤੇ ਵਰ੍ਹੇ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ 102 ਤੋਂ 140 ਹੋ ਗਈ; ਉਨ੍ਹਾਂ ਦੀ ਸਾਂਝੀ ਸੰਪੱਤੀ ਦੋਗੁਣੀ ਹੋ ਕੇ $ 596 ਬਿਲੀਅਨ ਹੋ ਗਈ ਹੈ।"
ਇਹ ਸੱਚ ਹੈ ਕਿ ਇਨ੍ਹਾਂ 140 ਧਨਾਢਾਂ ਦੀ ਸਾਂਝੀ ਸੰਪੱਤੀ 90.4 ਫੀਸਦੀ ਵੱਧੀ ਹੈ- ਜਦੋਂ ਕਿ ਇੱਕ ਸਾਲ ਵਿੱਚ ਜੀਡੀਪੀ 7.7 ਫੀਸਦੀ ਤੱਕ ਸੁੰਗੜ ਗਈ । ਮਾਰੀਆਂ ਮੱਲ੍ਹਾਂ ਦੀਆਂ ਇਹ ਖ਼ਬਰਾਂ ਉਸ ਸਮੇਂ ਆਈਆਂ ਹਨ ਜਦੋਂ ਅਸੀਂ ਪ੍ਰਵਾਸੀ ਮਜ਼ਦੂਰ ਦੀ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਵੱਲ ਵਾਪਸੀ ਦੀ ਦੂਜੀ ਲਹਿਰ ਦੇਖ ਰਹੇ ਹਾਂ- ਇੱਕ ਵਾਰ ਫਿਰ ਤੋਂ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਜਾਣ ਵਾਲ਼ਿਆਂ ਦੀ ਗਿਣਤੀ ਅਣਗਿਣਤ ਅਤੇ ਖਿੰਡੀ-ਪੁੰਡੀ ਹੈ। ਜੀਡੀਪੀ ਨੂੰ ਇਸ ਤੋਂ ਕੋਈ ਫ਼ਾਇਦਾ ਨਹੀਂ ਹੋਣ ਵਾਲ਼ਾ। ਪਰ ਰੱਬ ਦਾ ਵਾਸਤਾ ਹੈ, ਸਾਡੇ ਅਰਬਪਤੀਆਂ ਨੂੰ ਇਸ ਤੋਂ ਬਹੁਤ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਇਸ ਬਾਰੇ ਸਾਡੀ ਲਈ ਫੋਰਬਸ ਦੀ ਮੁਹਰ ਲੱਗੀ ਹੈ।
ਇਸ ਤੋਂ ਛੁੱਟ, ਅਰਬਪਤੀਆਂ ਦੀ ਸੰਪੱਤੀ ਅਤੇ ਕੋਵਿਡ-19 ਦਾ ਅਨੁਪਾਤ ਉਲਟਾ ਜਾਪਦਾ ਹੈ। ਸੰਪੱਤੀ ਜਿੰਨੀ ਜ਼ਿਆਦਾ ਇਕੱਠੀ ਹੁੰਦੀ ਹੈ, ਓਹਦੇ ਫੈਲਾਅ ਦੀ ਸੰਭਾਵਨਾ ਓਨੀ ਹੀ ਘੱਟ ਹੁੰਦੀ ਜਾਂਦੀ ਹੈ।
"ਖ਼ੁਸ਼ਹਾਲੀ ਸਭ ਤੋਂ ਉਤਾਂਹ ਰਾਜ ਕਰਦੀ ਹੈ,' ਫੋਰਬਸ ਦਾ ਕਹਿਣਾ ਹੈ। "ਇਕੱਲੇ ਤਿੰਨਾਂ ਸਭ ਤੋਂ ਅਮੀਰ ਭਾਰਤੀਆਂ ਨੇ ਉਨ੍ਹਾਂ ਦਰਮਿਆਨ 100 ਬਿਲੀਅਨ ਡਾਲਰ ਜੋੜੇ ਹਨ।" ਉਨ੍ਹਾਂ ਤਿੰਨਾਂ ਦੀ ਕੁੱਲ ਸੰਪੱਤੀ-153.5 ਬਿਲੀਅਨ ਡਾਲਰ-140 ਅਰਬਪਤੀਆਂ ਦੀ ਸਾਂਝੀ ਸੰਪੱਤੀ ਦਾ 25 ਪ੍ਰਤੀਸ਼ਤ ਤੋਂ ਵੱਧ ਹੈ। ਸਿਖਰ ਦੇ ਸਿਰਫ਼ ਦੋ ਅਰਬਪਤੀਆਂ, ਅੰਬਾਨੀ (84.5 ਬਿਲੀਅਨ ਡਾਲਰ) ਅਤੇ ਅਡਾਨੀ (50.5 ਬਿਲੀਅਨ ਡਾਲਰ) ਦੇ ਕੁੱਲ ਰਾਜ ਘਰੇਲੂ ਉਤਪਾਦ (ਜੀਐੱਸਡੀਪੀ) ਦੀ ਤੁਲਨਾ ਵਿੱਚ ਕਿਤੇ ਵੱਧ ਹੈ।
ਮਹਾਂਮਾਰੀ ਸਾਲ ਵਿੱਚ, ਅੰਬਾਨੀ ਨੇ ਆਪਣੇ ਧਨ ਵਿੱਚ 47.7 ਬਿਲੀਅਨ ਡਾਲਰ (3.57 ਟ੍ਰਿਲੀਅਨ ਰੁਪਏ) ਜੋੜੇ-ਭਾਵ ਕਿ, ਔਸਤ 1.13 ਲੱਖ ਰੁਪਏ ਹਰ ਇੱਕ ਸੈਕੰਡ ਵਿੱਚ - ਜੋ ਕਿ ਪੰਜਾਬ ਦੇ 6 ਖੇਤੀ ਪਰਿਵਾਰਾਂ (ਔਸਤ ਅਕਾਰ 5.24 ਵਿਅਕਤੀ) ਦੀ ਕੁੱਲ ਔਸਤ ਮਹੀਨੇਵਾਰ ਆਮਦਨੀ (18,059 ਰੁਪਏ) ਤੋਂ ਵੱਧ ਹੈ।
ਇਕੱਲੇ ਅੰਬਾਨੀ ਦੀ ਕੁੱਲ ਸੰਪੱਤੀ ਪੰਜਾਬ ਰਾਜ ਦੇ ਜੀਐੱਸਡੀਪੀ ਦੇ ਕਰੀਬ ਬਰਾਬਰ ਹੀ ਹੈ। ਅਤੇ ਉਹ ਵੀ ਨਵੇਂ ਖੇਤੀ ਕਨੂੰਨਾਂ ਦੇ ਪੂਰੀ ਤਰ੍ਹਾਂ ਨਾਲ਼ ਪ੍ਰਭਾਵੀ ਹੋਣ ਤੋਂ ਪਹਿਲਾਂ। ਇਹ ਜਦੋਂ ਲਾਗੂ ਹੋ ਜਾਣਗੇ, ਤਾਂ ਉਸ ਵਿੱਚ ਹੋਰ ਵੀ ਵਾਧਾ ਹੋਵੇਗਾ। ਇਸ ਦਰਮਿਆਨ, ਯਾਦ ਰੱਖੋ ਕਿ ਪੰਜਾਬ ਦੇ ਕਿਸਾਨ ਪ੍ਰਤੀ ਪ੍ਰਗਟ ਔਸਤ ਆਮਦਨ ਲਗਭਗ 3,450 ਰੁਪਏ ਹੈ (ਐੱਨਐੱਸਐੱਸ ਦਾ 70ਵਾਂ ਦੌਰ)।
ਕਈ ਅਖ਼ਬਾਰਾਂ ਨੇ ਪ੍ਰੈੱਸ ਟ੍ਰਸਟ ਆਫ਼ ਇੰਡੀਆ ਦੀ ਰਿਪੋਰਟ (ਜਾਂ ਸੋਧ ਕੀਤਾ) ਪ੍ਰਕਾਸ਼ਤ ਕੀਤੀ, ਜੋ ਕਿਤੇ ਵੀ ਇਹਦੇ ਸੰਦਰਭ ਜਾਂ ਸ੍ਰੋਤਾਂ ਦਾ ਹਵਾਲਾ ਨਹੀਂ ਦਿੰਦੀ ਜਿਵੇਂ ਕਿ ਫੋਰਬਸ ਕਹਾਣੀ ਦਿੰਦੀ ਹੈ। ਪੀਟੀਆਈ ਸਮਾਚਾਰ ਵਿੱਚ ਕੋਵਿਡ ਜਾਂ ਕਰੋਨਾ ਵਾਇਰਸ ਸ਼ਬਦ ਗਾਇਬ ਹਨ। ਨਾ ਹੀ ਇਹ ਇੱਥੇ ਹੈ, ਜਿਵੇਂ ਕਿ ਫੋਰਬਸ ਦੀ ਰਿਪੋਰਟ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ "ਭਾਰਤ ਦੇ ਦਸ ਸਭ ਤੋਂ ਅਮੀਰ ਲੋਕਾਂ ਵਿੱਚੋਂ ਦੋ ਨੇ ਸਿਹਤ ਸੇਵਾ ਖੇਤਰ ਦੇ ਜ਼ਰੀਏ ਧਨ ਇਕੱਠਾ ਕੀਤਾ ਹੈ ਅਤੇ ਇਹ ਉਦਯੋਗ ਅਜੇ ਪੂਰੀ ਦੁਨੀਆ ਵਿੱਚ ਵੱਧ-ਫੁੱਲ ਰਿਹਾ ਹੈ।" 'ਹੈਲਥਕੇਅਰ' ਸ਼ਬਦ ਪੀਟੀਆਈ ਅਤੇ ਬਹੁਤੇਰੀਆਂ ਖ਼ਬਰਾਂ ਵਿੱਚੋਂ ਗਾਇਬ ਹੈ। ਫੋਰਬਸ ਨੇ ਸਿਹਤ ਉਦਯੋਗ ਵਿੱਚ 140 ਭਾਰਤੀ ਅਰਬਪਤੀਆਂ ਵਿੱਚੋਂ 24 ਨੂੰ ਸੂਚੀਬੱਧ ਕੀਤਾ ਹੈ।
ਫੋਰਬਸ ਦੀ ਸੂਚੀ ਵਿੱਚ ਉਨ੍ਹਾਂ 24 ਭਾਰਤੀ ਹੈਲਥ-ਕੇਅਰ ਅਰਬਪਤੀਆਂ ਦੇ ਅੰਦਰ, ਸਿਖਰ ਦੇ 10 ਨੇ ਮਿਲ਼ ਕੇ ਮਹਾਂਮਾਰੀ ਵਰ੍ਹੇ ਵਿੱਚ (ਔਸਤਨ ਹਰ ਰੋਜ਼ 5 ਬਿਲੀਅਨ ਰੁਪਏ) ਆਪਣੀ ਸੰਪੱਤੀ ਵਿੱਚ $ 24.9 ਬਿਲੀਅਨ ਜੋੜਿਆ, ਜਿਹਨੇ ਉਨ੍ਹਾਂ ਦੀ ਸਾਂਝੀ ਸੰਪੱਤੀ ਨੂੰ 75 ਪ੍ਰਤੀਸ਼ਤ ਵਧਾ ਕੇ $ 58.3 ਬਿਲੀਅਨ (4.3 ਟ੍ਰਿਲੀਅਨ ਰੁਪਏ) ਕਰ ਦਿੱਤਾ। ਕੋਵਿਡ-19 ਬਾਰੇ ਉਹ ਚੀਜ਼ ਯਾਦ ਹੈ ਜਦੋਂ ਇਹਨੂੰ ਊਚ-ਨੀਚ ਨੂੰ ਖ਼ਤਮ ਕਰਨ ਵਾਲ਼ਾ ਦੱਸਿਆ ਗਿਆ ਸੀ?
ਸਾਡੇ ਮੇਕ-ਇਨ-ਇੰਡੀਆ ਦੁਆਰਾ ਕਮਾ ਕੇ ਕਿਤੇ ਵੀ ਰੱਖੇ ਗਏ ਮਨੀਬੈਗ ਫੋਰਬਸ ਦੀ ਟੀਸੀ 'ਤੇ ਮੌਜੂਦ ਹਨ। ਸਭ ਤੋਂ ਟੀਸੀ ਤੋਂ ਬੱਸ ਦੋ ਕਦਮ ਦੂਰ ਹਨ। 140 'ਤੇ ਨਾਟ-ਆਊਟ ਬੱਲੇਬਾਜੀ ਕਰਦਿਆਂ, ਭਾਰਤ ਹੁਣ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਦੇ ਬਾਅਦ ਦੁਨੀਆ ਵਿੱਚ ਅਰਬਪਤੀਆਂ ਦੀ ਤੀਸਰੀ ਸਭ ਤੋਂ ਵੱਡੀ ਗਿਣਤੀ ਹੈ। ਇੱਕ ਸਮਾਂ ਸੀ ਜਦੋਂ ਜਰਮਨੀ ਅਤੇ ਰੂਸ ਜਿਹੇ ਪਾਖੰਡੀਆਂ ਨੇ ਸਾਨੂੰ ਉਨ੍ਹਾਂ ਸੂਚੀਆਂ ਵਿੱਚ ਹੀ ਰੋਕ ਛੱਡਿਆ ਸੀ। ਪਰ ਉਨ੍ਹਾਂ ਨੂੰ ਇਸ ਸਾਲ ਉਨ੍ਹਾਂ ਦੀ ਔਕਾਤ ਦਿਖਾ ਦਿੱਤੀ ਗਈ ਹੈ।
ਭਾਰਤੀ ਮਨੀਬੈਗ ਦੀ ਭਾਵੇਂ $ 596 ਬਿਲੀਅਨ ਦੀ ਸਾਂਝੀ ਸੰਪੱਤੀ, ਕਰੀਬ 44.5 ਟ੍ਰਿਲੀਅਨ ਰੁਪਏ ਹੈ। ਜੋ ਕਿ 75 ਤੋਂ ਵੱਧ ਰਫੇਲ ਸੌਦਿਆਂ ਦੇ ਬਰਾਬਰ ਹੈ। ਭਾਰਤ ਵਿੱਚ ਧਨ 'ਤੇ ਕੋਈ ਕਰ ਨਹੀਂ ਟੈਕਸ ਨਹੀਂ ਲੱਗਦਾ। ਪਰ ਜੇਕਰ ਅਸੀਂ ਲਾਇਆ ਹੁੰਦਾ ਅਤੇ ਅਸੀਂ ਮਾਮੂਲੀ 10 ਫੀਸਦੀ ਵੀ ਲਗਾਇਆ ਹੁੰਦਾ ਤਾਂ ਉਸ ਨਾਲ਼ 4.45 ਟ੍ਰਿਲੀਅਨ ਰੁਪਏ ਕਮਾਏ ਗਏ ਹੁੰਦੇ- ਜਿਸ 'ਤੇ ਅਸੀਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਯੋਜਨਾ ਛੇ ਸਾਲਾਂ ਤੱਕ ਚਲਾ ਸਕਦੇ ਸਾਂ, 73,000 ਕਰੋੜ ਰੁਪਏ (2021-22 ਲਈ) ਦੇ ਮੌਜੂਦ ਸਲਾਨਾ ਵੰਡ ਨੂੰ ਬਰਕਰਾਰ ਰੱਖਦਿਆਂ। ਇਹ ਅਗਲੇ ਛੇ ਸਾਲਾਂ ਵਿੱਚ ਗ੍ਰਾਮੀਣ ਭਾਰਤ ਵਿੱਚ ਕਰੀਬ 16.8 ਬਿਲੀਅਨ ਲੋਕਾਂ ਲਈ ਕਾਰਜਦਿਵਸ ਦਾ ਸਿਰਜਣ ਕਰ ਸਕਦਾ ਹੈ।
ਕਿਉਂਕਿ ਸ਼ਹਿਰਾਂ ਅਤੇ ਕਸਬਿਆਂ ਤੋਂ ਪ੍ਰਵਾਸੀਆਂ ਦੇ ਕੂਚ ਕਰਨ ਦੀ ਦੂਸਰੀ ਲਹਿਰ ਸ਼ੁਰੂ ਹੋ ਚੁੱਕੀ ਹੈ- ਉਨ੍ਹਾਂ ਦੇ ਦੁਖਦ ਪਰ ਇੱਕ ਸਮਾਜ ਦੇ ਰੂਪ ਵਿੱਚ ਸਾਡੇ ਉੱਪਰ ਪੂਰੀ ਤਰ੍ਹਾਂ ਨਾਲ਼ ਵਾਜਬ ਅਵਿਸ਼ਵਾਸ ਪ੍ਰਸਤਾਵ ਦਾ ਮਤ-ਸਾਨੂੰ ਮਨਰੇਗਾ ਦੇ ਉਨ੍ਹਾਂ ਕਾਰਜ-ਦਿਵਸਾਂ ਦੀ ਲੋੜ ਪਹਿਲਾਂ ਨਾਲ਼ੋਂ ਕਿਤੇ ਵੱਧ ਹੋ ਸਕਦੀ ਹੈ।
ਹੈਰਾਨੀਜਨਕ 140 (ਵਿਅਕਤੀਆਂ) ਨੂੰ ਆਪਣੇ ਦੋਸਤਾਂ ਤੋਂ ਵੀ ਥੋੜ੍ਹੀ ਮਦਦ ਮਿਲ਼ੀ। ਕਾਰਪੋਰੇਟਾਂ ਲਈ ਵੱਡੇ ਪੱਧਰ 'ਤੇ ਟੈਕਸ ਵਿੱਚ ਕੈਂਚੀ ਚਲਾਉਣੀ, ਜੋ ਕਿ ਦੋ ਦਹਾਕਿਆਂ ਤੋਂ ਤੇਜ਼ ਗਤੀ ਨਾਲ਼ ਜਾਰੀ ਸੀ-ਉਸ ਵਿੱਚ ਅਗਸਤ 2019 ਤੋਂ ਹੋਰ ਵੀ ਤੇਜ਼ੀ ਆਈ ਹੈ।
ਮੰਨ ਲਓ ਕਿ ਮਹਾਂਮਾਰੀ ਸਾਲ ਵਿੱਚ, ਗਰੰਟੀਸ਼ੁਦਾ ਐੱਮਐੱਸਪੀ ਦੇ ਜ਼ਰੀਏ ਕਿਸਾਨਾਂ ਨੂੰ ਇੱਕ ਵੀ ਪੈਸੇ ਦੀ ਛੂਟ ਨਹੀਂ ਦਿੱਤੀ ਗਈ; ਆਰਡੀਨੈਂਸ ਪਾਸ ਕਰਕੇ ਕਿਰਤੀਆਂ (ਮਜ਼ਦੂਰਾਂ) ਨੂੰ ਰੋਜ਼ਾਨਾ 12 ਘੰਟੇ ਕੰਮ ਕਰਨ 'ਤੇ ਮਜ਼ਬੂਰ ਕੀਤਾ ਗਿਆ (ਕੁਝ ਰਾਜਾਂ ਵਿੱਚ ਵਾਧੂ ਚਾਰ ਘੰਟੇ ਲਈ ਕੋਈ ਵਾਧੂ ਭੁਗਤਾਨ ਨਹੀਂ); ਅਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਕੁਦਰਤੀ ਵਸੀਲਿਆਂ ਅਤੇ ਜਨਤਕ ਧਨ ਨੂੰ ਕਾਰਪੋਰੇਟ ਸੂਪਰ ਅਮੀਰਾਂ ਨੂੰ ਸੌਂਪ ਦਿੱਤਾ ਗਿਆ। ਮਹਾਂਮਾਰੀ ਦਾ ਸਾਲ ਜਿਹਦੇ ਦੌਰਾਨ ਇੱਕ ਸਮੇਂ ਅਨਾਜ ਦਾ 'ਬਫ਼ਰ-ਸਟੌਕ' 104 ਮਿਲੀਅਨ ਟਨ ਤੱਕ ਪਹੁੰਚ ਗਿਆ ਸੀ। ਪਰ ਲੋਕਾਂ ਨੂੰ ਜੋ ਕੁਝ 'ਦਿੱਤਾ ਗਿਆ' ਉਹ, ਸਿਰਫ਼ 5 ਕਿਲੋਗ੍ਰਾਮ ਕਣਕ ਜਾਂ ਚੌਲ਼ ਅਤੇ 1 ਕਿਲੋਗ੍ਰਾਮ ਦਾਲ ਛੇ ਮਹੀਨੇ ਲਈ ਮੁਫ਼ਤ ਮਿਲ਼ਣਾ ਸੀ। ਉਹ ਵੀ, ਸਿਰਫ਼ ਰਾਸ਼ਟਰੀ ਅਨਾਜ ਸੁਰੱਖਿਆ ਐਕਟ ਦੁਆਰਾ ਕਵਰ ਕੀਤੇ ਗਏ ਲੋਕਾਂ ਨੂੰ, ਜਿਸ ਵਿੱਚ ਲੋੜਵੰਦਾਂ ਦੀ ਇੱਕ ਵੱਡੀ ਗਿਣਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ, ਅਜਿਹੇ ਸਾਲ ਵਿੱਚ ਜਦੋਂ ਲੱਖਾਂ-ਕਰੋੜਾਂ ਭਾਰਤੀ ਕਈ ਦਹਾਕਿਆਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਭੁੱਖੇ ਸਨ।
ਫੋਰਬਸ ਨੇ ਇਹਨੂੰ "ਧਨ" ਵਾਧਾ ਕਿਹਾ ਹੈ, ਜੋ ਪੂਰੀ ਦੁਨੀਆ ਵਿੱਚ ਹੋ ਰਹੀ ਹੈ। "ਪਿਛਲੇ ਇੱਕ ਸਾਲ ਵਿੱਚ ਔਸਤਨ ਹਰ 17 ਘੰਟੇ ਵਿੱਚ ਇੱਕ ਨਵਾਂ ਅਰਬਪਤੀ ਪੈਦਾ ਹੋ ਰਿਹਾ ਸੀ। ਕੁੱਲ ਮਿਲ਼ਾ ਕੇ, ਦੁਨੀਆ ਦੇ ਸਭ ਤੋਂ ਧਨਾਢ ਇੱਕ ਸਾਲ ਪਹਿਲਾਂ ਦੀ ਤੁਲਨਾ ਵਿੱਚ $ 5 ਟ੍ਰਿਲੀਅਨ ਜ਼ਿਆਦਾ ਅਮੀਰ ਹਨ।" ਉਸ ਨਵੇਂ $5 ਟ੍ਰਿਲੀਅਨ ਵਾਲ਼ਿਆਂ ਵਿੱਚੋਂ ਲਗਭਗ 12 ਫੀਸਦੀ ਭਾਰਤ ਦੇ ਸਭ ਤੋਂ ਅਮੀਰ ਹਨ। ਇਹਦਾ ਮਤਲਬ ਇਹ ਵੀ ਹੈ ਕਿ ਸਾਰੇ ਖੇਤਰਾਂ ਵਿੱਚ, ਅਸਮਾਨਤਾ ਸਭ ਤੋਂ ਤੇਜ਼ੀ ਨਾਲ਼ ਵੱਧ ਰਹੀ ਹੈ ਅਤੇ ਇਹਨੂੰ ਅਜੇ ਤੱਕ ਚੁਣੌਤੀ ਨਹੀਂ ਦਿੱਤੀ ਜਾ ਸਕੀ ਹੈ।
ਇਸ ਤਰ੍ਹਾਂ ਦਾ ਸੰਪੱਤੀ "ਉਛਾਲ" ਆਮ ਤੌਰ 'ਤੇ ਦੁੱਖ ਵਿੱਚ ਵੀ ਵਾਧਾ ਕਰਦਾ ਹੈ। ਅਤੇ ਇਹ ਸਿਰਫ਼ ਮਹਾਂਮਾਰੀ ਬਾਰੇ ਨਹੀਂ ਹੈ। ਬਿਪਤਾਵਾਂ ਇੱਕ ਸ਼ਾਨਦਾਰ ਕਾਰੋਬਾਰ ਹਨ। ਬਹੁਤੇਰਿਆਂ ਨੂੰ ਦੁੱਖ ਦੇ ਸਮੇਂ ਵਿੱਚ ਪੈਸਾ ਆਉਂਦਾ ਹੈ। ਫੋਰਬਸ ਦੀ ਸੋਚ ਦੇ ਉਲਟ, ਸਾਡੇ ਲੋਕਾਂ ਨੇ "ਮਹਾਂਮਾਰੀ ਦੇ ਨੁਕਸਾਨ ਨੂੰ ਅਜਾਈਂ ਨਹੀਂ ਜਾਣ ਦਿੱਤਾ"- ਉਨ੍ਹਾਂ ਨੇ ਇਹਦੇ ਉਛਾਲ ਦੀ ਲਹਿਰ 'ਤੇ ਸ਼ਾਨਦਾਰ ਤਰੀਕੇ ਨਾਲ਼ ਸਵਾਰੀ ਕੀਤੀ। ਫੋਰਬਸ ਦੀ ਇਹ ਗੱਲ ਸਹੀ ਹੈ ਕਿ ਸਿਹਤ ਸੇਵਾ "ਪੂਰੀ ਦੁਨੀਆ ਵਿੱਚ ਮਹਾਂਮਾਰੀ ਦੇ ਕਾਰਨ ਨੂੰ ਵਧਾਉਣ" ਦਾ ਅਨੰਦ ਲੈ ਰਹੀ ਹੈ। ਪਰ ਇਹ ਵਾਧਾ ਅਤੇ ਉਛਾਲ ਹੋਰਨਾਂ ਖੇਤਰਾਂ ਦੇ ਨਾਲ਼ ਹੀ ਹੋ ਸਕਦਾ ਹੈ, ਜੋ ਇਸ ਵਿੱਚ ਸ਼ਾਮਲ ਤਬਾਹੀ 'ਤੇ ਨਿਰਭਰ ਕਰਦਾ ਹੈ।
ਦਸੰਬਰ 2004 ਵਿੱਚ ਸੁਨਾਮੀ ਆਉਣ ਦੇ ਇੱਕ ਹਫ਼ਤੇ ਬਾਅਦ ਹੀ, ਚਾਰੇ ਪਾਸੇ ਸ਼ੇਅਰ ਬਜ਼ਾਰ ਵਿੱਚ ਜ਼ਬਰਦਸਤ ਉਛਾਲ਼ ਦੇਖਿਆ ਗਿਆ-ਜਿਸ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਤ ਦੇਸ ਵੀ ਸ਼ਾਮਲ ਸਨ। ਲੱਖਾਂ ਘਰ, ਬੇੜੀਆਂ ਅਤੇ ਗ਼ਰੀਬਾਂ ਦੀ ਹਰ ਤਰ੍ਹਾਂ ਦੀ ਸੰਪੱਤੀ ਨਸ਼ਟ ਹੋ ਗਈ ਸੀ। ਇੰਡੋਨੇਸ਼ੀਆ, ਜਿਹਨੇ ਸੁਨਾਮੀ ਵਿੱਚ 100,000 ਤੋਂ ਵੱਧ ਜੀਵਨ ਗੁਆ ਦਿੱਤੇ, ਵਿੱਚ ਜਕਾਰਤਾ ਕੰਪੋਜਿਟ ਇੰਡੈਕਸ਼ ਨੇ ਪਹਿਲਾਂ ਦੇ ਹਰ ਰਿਕਾਰਡ ਨੂੰ ਤੋੜ ਦਿੱਤਾ ਅਤੇ ਇੱਕ ਸਰਵਕਾਲਕ ਉੱਚ 'ਤੇ ਪਹੁੰਚ ਗਿਆ। ਬਿਲਕੁਲ ਇਹੀ ਹਾਲ ਸਾਡੇ ਆਪਣੇ ਸੈਂਸੈਕਸ ਦਾ ਹੋਇਆ। ਉਸ ਸਮੇਂ, ਨਿਰਮਾਣ ਅਤੇ ਸਬੰਧਤ ਖੇਤਰਾਂ ਵਿੱਚ ਡਾਲਰ ਅਤੇ ਰੁਪਇਆਂ ਵਿੱਚ ਵੱਡਾ ਉਛਾਲ਼ ਦੇਖਣ ਨੂੰ ਮਿਲ਼ ਰਿਹਾ ਸੀ।
ਇਸ ਵਾਰ, 'ਹੈਲਥਕੇਅਰ' ਅਤੇ ਹੋਰਨਾਂ ਖ਼ੇਤਰਾਂ ਵਿੱਚੋਂ ਟੇਕ (ਵਿਸ਼ੇਸ਼ ਕਰਕੇ ਸਾਫ਼ਟਵੇਅਰ ਸੇਵਾਵਾਂ) ਨੇ ਆਪਣੇ ਲਈ ਚੰਗਾ ਪ੍ਰਦਰਸ਼ਨ ਕੀਤਾ। ਸੂਚੀ ਵਿੱਚ ਭਾਰਤ ਦੇ ਸਿਖਰਲੇ 10 ਟੈਕ ਟਾਇਕੂਨ ਨੇ $ 52.4 ਬਿਲੀਅਨ ਡਾਲਰ (3.9 ਟ੍ਰਿਲੀਅਨ ਰੁਪਏ) ਦੀ ਸਾਂਝੀ ਸੰਪੱਤੀ ਤੱਕ ਪਹੁੰਚਣ ਲਈ, 12 ਮਹੀਨਿਆਂ ਵਿੱਚ $ 22.8 ਬਿਲੀਅਨ (ਜਾਂ ਹਰ ਦਿਨ ਔਸਤਨ 4.6 ਬਿਲੀਅਨ ਰੁਪਏ) ਜੋੜੇ। ਇਹ 77 ਪ੍ਰਤੀਸ਼ਤ ਦਾ ਵਾਧਾ ਹੈ। ਅਤੇ ਹਾਂ, ਆਨਲਾਈਨ ਸਿੱਖਿਆ- ਜਦੋਂ ਕਿ ਮੁੱਖ ਰੂਪ ਨਾਲ਼ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲ਼ੇ ਲੱਖਾਂ ਗ਼ਰੀਬ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਤੋਂ ਬਾਹਰ ਰੱਖਿਆ ਗਿਆ ਹੈ- ਕੁਝ ਲੋਕਾਂ ਲਈ ਲਾਭ ਲੈ ਕੇ ਆਇਆ। ਬਾਇਜੂ ਰਵਿੰਦਰ ਨੇ $ 2.5 ਬਿਲੀਅਨ (187 ਬਿਲੀਅਨ ਰੁਪਏ) ਦੀ ਸ਼ੁੱਧ ਸੰਪੱਤੀ ਤੱਕ ਪਹੁੰਚਣ ਲਈ ਆਪਣੀ ਖ਼ੁਦ ਦੀ ਸੰਪੱਤੀ ਵਿੱਚ 39 ਪ੍ਰਤੀਸ਼ਤ ਜੋੜਿਆ।
ਮੈਨੂੰ ਜਾਪਦਾ ਹੈ ਕਿ ਇਹ ਕਹਿਣਾ ਢੁੱਕਵਾਂ ਹੈ ਕਿ ਅਸੀਂ ਬਾਕੀ ਦੁਨੀਆ ਨੂੰ ਉਹਦੀ ਔਕਾਤ ਦਿਖਾ ਦਿੱਤੀ ਹੈ। ਪਰ... ਸਾਨੂੰ ਵੀ ਸਾਡੀ ਔਕਾਤ ਦਿਖਾ ਹੀ ਦਿੱਤੀ ਗਈ, ਸੰਯੁਕਤ ਰਾਸ਼ਟਰ ਨੇ ਮਾਨਵ ਵਿਕਾਸ ਸੂਚਕਾਂਕ ਵਿੱਚ-189 ਦੇਸ਼ਾਂ ਵਿੱਚ 131ਵੀਂ ਥਾਂ। ਅਲ ਸਲਵਾਡੋਰ, ਤਜਾਕਿਸਤਾਨ, ਕਾਰਬੋ ਵਰਡ, ਗਵਾਟੇਮਾਲਾ, ਨਿਕਾਰਾਗੁਆ, ਭੂਟਾਨ ਅਤੇ ਨਾਮੀਬਿਆ ਸਾਰੇ ਸਾਡੇ ਨਾਲ਼ੋਂ ਅੱਗੇ ਹਨ। ਮੈਨੂੰ ਜਾਪਦਾ ਹੈ ਕਿ ਅਸੀਂ ਪਿਛਲੇ ਵਰ੍ਹੇ ਦੇ ਮੁਕਾਬਲੇ ਹੋਰ ਹੇਠਾਂ ਧੱਕੇ ਜਾਣ ਲਈ ਸਪੱਸ਼ਟ ਸੰਸਾਰ-ਵਿਆਪੀ ਸਾਜ਼ਸ਼ ਦੀ ਉੱਚ ਪੱਧਰੀ ਜਾਂਚ ਦੇ ਸਿੱਟਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਥਾਂ ਨੂੰ ਦੇਖਦੇ ਰਹੋ।
ਇਹ ਲੇਖ ਪਹਿਲੀ ਦਫ਼ਾ ਦਿ ਵਾਇਰ ਵਿੱਚ ਪ੍ਰਕਾਸ਼ਥ ਹੋਇਆ ਸੀ।
ਤਰਜਮਾ : ਕਮਲਜੀਤ ਕੌਰ