ਕਨਕਾ (ਬਦਲਿਆ ਨਾਮ) ਆਪਣੇ ਹੱਥਾਂ ਨੂੰ ਅਕਾਰ ਦੱਸਦੇ ਅੰਦਾਜ਼ੇ ਵਿੱਚ ਖੋਲ੍ਹ ਕੇ ਦੱਸਦੀ ਹਨ,''ਮੇਰੇ ਪਤੀ ਸ਼ਨੀਵਾਰ ਨੂੰ ਸ਼ਰਾਬ ਦੀਆਂ ਐਡੀਆਂ ਵੱਡੀਆਂ ਬੋਤਲਾਂ ਖ਼ਰੀਦਦਾ ਹੈ। ਉਹ ਅਗਲੇ ਦੋ-ਤਿੰਨ ਦਿਨਾਂ ਤੱਕ ਰੱਜ ਕੇ ਪੀਂਦਾ ਹੈ ਅਤੇ ਜਦੋਂ ਬੋਤਲਾਂ ਖਾਲੀ ਹੋ ਜਾਂਦੀਆਂ ਅਤੇ ਉਦੋਂ ਉਹ ਕੰਮ 'ਤੇ ਜਾਂਦਾ ਹੈ। ਖਾਣ ਪੀਣ ਲਈ ਕਦੇ ਵੀ ਪੈਸਾ ਪੂਰਾ ਨਹੀਂ ਪੈਂਦਾ। ਮੈਂ ਖ਼ੁਦ ਨੂੰ ਅਤੇ ਆਪਣੇ ਬੱਚੇ ਨੂੰ ਬਾਮੁਸ਼ਕਲ ਕੁਝ ਨਾ ਕੁਝ ਖੁਆ ਪਾਉਂਦੀ ਹਾਂ, ਅਤੇ ਮੇਰੇ ਪਤੀ ਨੂੰ ਹੁਣ ਦੂਸਰਾ ਬੱਚਾ ਵੀ ਚਾਹੀਦਾ ਹੈ।'' ''ਮੈਨੂੰ ਅਜਿਹੀ ਜ਼ਿੰਦਗੀ ਨਹੀਂ ਚਾਹੀਦੀ!'' ਉਹ ਦੁਖੀ ਹੋ ਕੇ ਕਹਿੰਦੀ ਹਨ।
24 ਸਾਲਾ ਕਨਕਾ ਜਿਨ੍ਹਾਂ ਦਾ ਸਬੰਧ ਬੇਟਾ ਕੁਰੁੰਬਾ ਆਦਿਵਾਸੀ ਭਾਈਚਾਰੇ ਨਾਲ਼ ਹੈ, ਗੁਡਲੁਰ ਦੇ ਆਦਿਵਾਸੀ ਹਸਪਤਾਲ ਵਿੱਚ ਡਾਕਟਰ ਦੇ ਆਉਣ ਦੀ ਉਡੀਕ ਕਰ ਰਹੀ ਹਨ। ਗੁਡਲੁਰ ਸ਼ਹਿਰ ਦਾ ਇਹ 50 ਬੈੱਡਾਂ ਵਾਲ਼ਾ ਇਹ ਹਸਪਤਾਲ, ਉਦਗਮੰਡਲਮ (ਊਟੀ) ਤੋਂ 50 ਕਿਲੋਮੀਟਰ ਦੂਰ, ਤਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਗੁਡਲੁਰ ਅਤੇ ਪੰਥਲੂਰ ਤਾਲੁਕਾਵਾਂ ਦੇ 12,000 ਤੋਂ ਵੱਧ ਆਦਿਵਾਸੀਆਂ ਨੂੰ ਸੇਵਾ ਪ੍ਰਦਾਨ ਕਰਦਾ ਹੈ।
ਮਲ਼ੂਕ ਜਿਹੇ ਕੱਦ-ਕਾਠ ਵਾਲ਼ੀ ਕਨਕਾ ਨੇ ਸਿੰਥੈਟਿਕ ਦੀ ਡੱਬ-ਖੜੱਬੀ ਹੋ ਚੁੱਕੀ ਸਾੜੀ ਵਿੱਚ ਮਲਬੂਸ ਆਪਣੀ ਇਕਲੌਤੀ ਧੀ ਨਾਲ਼ ਇੱਥੇ ਆਈ ਹਨ। ਪਿਛਲੇ ਮਹੀਨੇ ਹਸਪਤਾਲ ਤੋਂ 13 ਕਿਲੋਮੀਟਰ ਦੂਰ, ਉਨ੍ਹਾਂ ਦੀ ਆਪਣੀ ਬਸਤੀ ਵਿੱਚ ਕੀਤੀ ਗਈ ਇੱਕ ਰੁਟੀਨੀ ਜਾਂਚ ਦੌਰਾਨ, ਨੀਲਗਿਰੀ ਵਿੱਚ ਸਿਹਤ ਕਲਿਆਣ ਸੰਘ (ਅਸ਼ਵਿਨੀ) ਦੀ ਇੱਕ ਸਿਹਤ ਕਰਮੀ, ਜੋ ਹਸਪਤਾਲ ਨਾਲ਼ ਜੁੜੀ ਹੋਈ ਹਨ, ਇਹ ਦੇਖ ਕੇ ਫ਼ਿਕਰਮੰਦ ਹੋ ਗਈ ਕਿ ਕਨਕਾ ਦੀ ਦੋ ਸਾਲ ਦੀ ਬੱਚੀ ਦਾ ਭਾਰ ਮਹਿਜ਼ 7.2 ਕਿਲੋਗ੍ਰਾਮ ਹੈ (ਜਦੋਂ ਕਿ 2 ਸਾਲ ਦੀ ਬੱਚੀ ਦਾ ਵਜਨ 10-12 ਕਿਲੋ ਚਾਹੀਦਾ ਹੈ)। ਇਹ ਵਜਨ ਕਰਕੇ ਉਹ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਈ ਹੈ। ਸਿਹਤ ਕਰਮੀ ਨੇ ਕਨਕਾ ਅਤੇ ਉਨ੍ਹਾਂ ਦੀ ਧੀ ਨੂੰ ਫ਼ੌਰਨ ਹਸਪਤਾਲ ਜਾਣ ਦੀ ਗੁਜ਼ਾਰਿਸ਼ ਕੀਤੀ।
ਜਿਸ ਹੱਦ ਤੱਕ ਕਨਕਾ ਨੂੰ ਆਪਣੀ ਪਰਿਵਾਰਕ ਆਮਦਨੀ ਵਾਸਤੇ ਜੱਦੋਜਹਿਦ ਕਰਨੀ ਪੈਂਦੀ ਹੈ, ਉਹਨੂੰ ਦੇਖਦਿਆਂ ਬੱਚਿਆਂ ਦਾ ਕੁਪੋਸ਼ਿਤ ਹੋਣਾ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ। ਉਨ੍ਹਾਂ ਦਾ ਪਤੀ, ਜਿਹਦੀ ਉਮਰ ਵੀ ਕਰੀਬ 20-30 ਸਾਲ ਦੇ ਕਰੀਬ ਹੈ, ਨੇੜੇ-ਤੇੜੇ ਦੇ ਚਾਹ, ਕਾਫ਼ੀ-ਬਗ਼ਾਨਾਂ, ਕੇਲੇ ਦੇ ਬਗੀਚਿਆਂ, ਮਿਰਚ ਦੇ ਬਗ਼ਾਨਾਂ ਵਿੱਚ ਹਫ਼ਤੇ ਦੇ ਕੁਝ ਦਿਨ ਕੰਮ ਕਰਕੇ 300 ਰੁਪਏ ਦਿਹਾੜੀ ਕਮਾ ਲੈਂਦਾ ਹੈ। ਕਨਕਾ ਕਹਿੰਦੀ ਹਨ,''ਉਹ ਖਾਣ-ਪੀਣ ਲਈ ਮੈਨੂੰ ਮਹੀਨੇ ਦਾ ਸਿਰਫ਼ 500 ਰੁਪਿਆ ਹੀ ਖ਼ਰਚੇ ਵਜੋਂ ਦਿੰਦਾ ਹੈ। ਉਨ੍ਹਾਂ ਪੈਸਿਆਂ ਵਿੱਚ ਹੀ ਮੈਨੂੰ ਪੂਰੇ ਪਰਿਵਾਰ ਲਈ ਖਾਣਾ ਬਣਾਉਣਾ ਪੈਂਦਾ ਹੈ।''
ਕਨਕਾ ਅਤੇ ਉਨ੍ਹਾਂ ਦਾ ਪਤੀ, ਪਤੀ ਦੇ ਚਾਚਾ ਅਤੇ ਚਾਚੀ ਦੇ ਨਾਲ਼ ਰਹਿੰਦੇ ਹਨ, ਦੋਵੇਂ ਹੀ ਖ਼ੇਤ ਮਜ਼ਦੂਰ ਹਨ ਅਤੇ ਆਪੋ-ਆਪਣੀ ਉਮਰ ਦੇ 50ਵੇਂ ਸਾਲ ਵਿੱਚ ਹਨ। ਦੋਵੇਂ ਪਰਿਵਾਰਾਂ ਨੂੰ ਮਿਲ਼ਾ ਕੇ ਦੋਵਾਂ ਕੋਲ਼ ਦੋ ਰਾਸ਼ਨ ਕਾਰਡ ਹਨ, ਜਿਹਦੇ ਕਾਰਨ ਉਨ੍ਹਾਂ ਨੂੰ ਹਰ ਮਹੀਨੇ 70 ਕਿਲੋ ਤੱਕ ਮੁਫ਼ਤ ਚੌਲ਼, ਦੋ ਕਿਲੋ ਦਾਲ , ਦੋ ਕਿਲੋ ਸ਼ੱਕਰ ਅਤੇ ਦੋ ਲੀਟਰ ਤੇਲ਼ ਸਬਸਿਡੀ ਦਰਾਂ 'ਤੇ ਮਿਲ਼ ਜਾਂਦੇ ਹਨ। ਕਨਕਾ ਦੱਸਦੀ ਹਨ,''ਕਦੇ-ਕਦੇ ਮੇਰਾ ਪਤੀ ਸਾਡੇ ਰਾਸ਼ਨ ਦੇ ਚੌਲ਼ ਵੀ ਸ਼ਰਾਬ ਪੀਣ ਬਦਲੇ ਵੇਚ ਦਿੰਦਾ ਹੈ। ਕਈ ਵਾਰੀਂ ਸਾਡੇ ਕੋਲ਼ ਖਾਣ ਨੂੰ ਕੁਝ ਵੀ ਨਹੀਂ ਹੁੰਦਾ।''
ਪੋਸ਼ਣ ਸਬੰਧੀ ਰਾਜ ਦਾ ਪ੍ਰੋਗਰਾਮ ਵੀ ਕਨਕਾ ਅਤੇ ਉਨ੍ਹਾਂ ਦੀ ਧੀ ਦੇ ਮਾਮੂਲੀ ਭੋਜਨ ਦੀ ਪੂਰਤੀ ਲਈ ਕਾਫ਼ੀ ਨਹੀਂ ਹੁੰਦਾ। ਗੁਡਲੁਰ ਵਿੱਚ ਉਨ੍ਹਾਂ ਦੇ ਕਸਬੇ ਦੇ ਕੋਲ਼ ਸਮੇਕਿਤ ਬਾਲ਼ ਵਿਕਾਸ ਯੋਜਨਾ (ਆਈਸੀਡੀਐੱਸ) ਬਾਲਵਾੜੀ ਵਿੱਚ ਕਨਕਾ ਅਤੇ ਦੂਸਰੀ ਗਰਭਵਤੀ ਅਤੇ ਦੁੱਧ-ਚੰਘਾਉਣ ਵਾਲ਼ੀਆਂ ਮਾਵਾਂ ਨੂੰ ਹਰ ਹਫ਼ਤੇ ਇੱਕ ਆਂਡਾ ਅਤੇ ਹਰ ਮਹੀਨੇ ਇੱਕ ਦੋ ਕਿਲੋ ਸੁੱਕਾ ਸਾਥੂਮਾਵੂ (ਕਣਕ, ਹਰੀ ਦਾਲ, ਮੂੰਗਫਲੀ, ਛੋਲਿਆਂ ਅਤੇ ਸੋਇਆ ਦਾ ਦਲੀਆ) ਦਾ ਪੈਕੇਟ ਮਿਲ਼ਦਾ ਹੈ। ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਸਾਥੂਮਾਵੂ ਦਾ ਪੈਕਟ ਮਿਲ਼ਦਾ ਹੈ। ਤਿੰਨ ਸਾਲ ਦੀ ਉਮਰ ਤੋਂ ਬਾਅਦ, ਬੱਚਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਸ਼ਾਮ ਨੂੰ ਮਿਲ਼ਦੇ ਮੂੰਗਫ਼ਲੀ ਅਤੇ ਗੁੜ ਦੇ ਨਾਸ਼ਤੇ ਵਾਸਤੇ ਆਪ ਆਈਸੀਡੀਐੱਸ ਕੇਂਦਰ ਜਾਣ। ਗੰਭੀਰ ਰੂਪ ਨਾਲ਼ ਕੁਪੋਸ਼ਿਤ ਬੱਚਿਆਂ ਨੂੰ ਰੋਜ਼ਾਨਾ ਵਾਧੂ ਮੂੰਗਫ਼ਲੀ ਅਤੇ ਗੁੜ ਦਿੱਤਾ ਜਾਂਦਾ ਹੈ।
ਜੁਲਾਈ 2019 ਤੋਂ ਸਰਕਾਰ ਨੇ ਕਈ ਮਾਵਾਂ ਨੂੰ ਅੰਮਾ ਉੱਟਾਚਾਠੂ ਪੇਟਾਗਾਮ ਪੋਸ਼ਣ ਸਮੱਗਰੀ ਕਿਟ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ 250 ਗ੍ਰਾਮ ਘਿਓ ਅਤੇ 200 ਪ੍ਰੋਟੀਨ ਪਾਊਡਰ ਹੁੰਦਾ ਹੈ। ਪਰ ਅਸ਼ਵਿਨੀ ਵਿੱਚ ਕਮਿਊਨਿਟੀ ਹੈਲਥ ਪ੍ਰੋਗਰਾਮ ਕੋਆਰਡੀਨੇਟਰ ਦੇ ਅਹੁਦੇ 'ਤੇ ਕੰਮ ਕਰਦੇ, 32 ਸਾਲਾ ਜੀਜੀ ਏਲਮਨ ਕਹਿੰਦੀ ਹਨ,''ਪੈਕਟ ਬੱਸ ਉਨ੍ਹਾਂ ਦੀ ਘਰ ਦੀ ਅਲਮਾਰੀ ਵਿੱਚ ਹੀ ਪਏ ਰਹਿੰਦੇ ਹਨ। ਹਕੀਕਤ ਇਹ ਹੈ ਕਿ ਕਬੀਲਾਈ ਲੋਕ ਆਪਣੇ ਭੋਜਨ ਵਿੱਚ ਦੁੱਧ ਅਤੇ ਘਿਓ ਦਾ ਇਸਤੇਮਾਲ ਕਰਦੇ ਹੀ ਨਹੀਂ, ਇਸਲਈ ਉਹ ਘਿਓ ਨੂੰ ਛੂੰਹਦੇ ਵੀ ਨਹੀਂ। ਅਤੇ ਉਨ੍ਹਾਂ ਨੂੰ ਪ੍ਰੋਟੀਨ ਪਾਊਡਰ ਅਤੇ ਹਰੇ ਆਯੂਰਵੈਦਿਕ ਪਾਊਡਰ ਦੀ ਵਰਤੋਂ ਕਰਨੀ ਵੀ ਨਹੀਂ ਆਉਂਦੀ, ਇਸਲਈ ਉਹ ਪੂਰਾ ਸਮਾਨ ਇੱਕ ਪਾਸੇ ਕਰਕੇ ਰੱਖ ਦਿੰਦੇ ਹਨ।''
ਇੱਕ ਸਮਾਂ ਸੀ ਜਦੋਂ ਨੀਲਗਿਰੀ ਦੇ ਆਦਿਵਾਸੀ ਭਾਈਚਾਰਾ ਖਾਣ-ਪੀਣ ਦਾ ਸਮਾਨ ਇਕੱਠਾ ਕਰਨ ਲਈ ਅਸਾਨੀ ਨਾਲ਼ ਜੰਗਲ ਜਾ ਸਕਦੇ ਸਨ। ''ਆਦਿਵਾਸੀਆਂ ਨੂੰ ਆਪਣੇ ਦੁਆਰਾ ਇਕੱਠੇ ਕੀਤੇ ਜਾਣ ਵਾਲ਼ੇ ਵੰਨ-ਸੁਵੰਨੇ ਕੰਦ-ਮੂਲ਼, ਬੇਰਾਂ, ਹਰੇ ਪੱਤੇ ਅਤੇ ਮਸ਼ਰੂਮਾਂ ਦੇ ਬਾਰੇ ਕਾਫ਼ੀ ਜਾਣਕਾਰੀ ਹੁੰਦੀ ਹੈ'', 4 ਦਹਾਕਿਆਂ ਤੋਂ ਗੁਡਲੁਰ ਦੇ ਆਦਿਵਾਸੀ ਭਾਈਚਾਰਿਆਂ ਦੇ ਨਾਲ਼ ਕੰਮ ਕਰ ਰਹੀ ਮਾਰੀ ਮਾਰਸਲ ਠੇਕੈਕਾਰਾ ਦੱਸਦੀ ਹਨ। ''ਉਹ ਲੋਕ ਖਾਣ ਲਈ ਪੂਰਾ ਸਾਲ ਮੱਛੀਆਂ ਫੜ੍ਹਦੇ ਜਾਂ ਛੋਟੇ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ। ਮੀਂਹ ਦੇ ਦਿਨਾਂ ਵਾਸਤੇ ਜ਼ਿਆਦਾਤਰ ਘਰਾਂ ਵਿੱਚ ਸੁੱਕਿਆ ਗੋਸ਼ਤ ਹੁੰਦਾ ਜੋ ਅਲਾਵ 'ਤੇ ਰੱਖ ਕੇ ਸੁਕਾਇਆ ਜਾਂਦਾ। ਪਰ ਜੰਗਲਾਤ ਵਿਭਾਗ ਨੇ ਜੰਗਲ ਅੰਦਰ ਉਨ੍ਹਾਂ ਦੇ ਪ੍ਰਵੇਸ਼ ਨੂੰ ਸੀਮਤ ਕਰਦੇ ਕਰਦੇ ਪੂਰੀ ਤਰ੍ਹਾਂ ਨਾਲ਼ ਰੋਕ ਲਾ ਦਿੱਤੀ।''
2006 ਦੇ ਵਣ-ਅਧਿਕਾਰ ਐਕਟ ਤਹਿਤ ਆਮ ਸੰਪੱਤੀ ਵਸੀਲਿਆਂ 'ਤੇ ਭਾਈਚਾਰੇ ਦੇ ਅਧਿਕਾਰਾਂ ਦੀ ਬਹਾਲੀ ਦੇ ਬਾਵਜੂਦ, ਆਦਿਵਾਸੀ ਲੋਕ ਆਪਣੇ ਆਹਾਰ ਦੀ ਪੂਰਤੀ ਲਈ ਪਹਿਲਾਂ ਵਾਂਗਰ ਜੰਗਲਾਂ ਵਿੱਚੋਂ ਲੋੜੀਂਦੇ ਸ੍ਰੋਤ ਇਕੱਠੇ ਨਹੀਂ ਕਰ ਪਾ ਰਹੇ।
ਪਿੰਡ ਦੀ ਆਮਦਨੀ ਵਿੱਚ ਗਿਰਾਵਟ ਵੀ ਵੱਧਦੇ ਕੁਪੋਸ਼ਣ ਦਾ ਇੱਕ ਕਾਰਨ ਹੈ। ਆਦਿਵਾਸੀ ਮੁਨੇਤਰਾ ਸੰਗਮ ਦੇ ਸਕੱਤਰ, ਕੇ.ਟੀ. ਸੁਬਰਮਣੀਅਮ ਕਹਿੰਦੇ ਹਨ ਕਿ ਪਿਛਲੇ 15 ਸਾਲ ਤੋਂ ਆਦਿਵਾਸੀਆਂ ਲਈ ਦਿਹਾੜੀ ਮਜ਼ਦੂਰੀ ਦੇ ਵਿਕਲਪ ਘਟੇ ਹਨ, ਕਿਉਂਕਿ ਇੱਥੋਂ ਦੇ ਜੰਗਲ ਮੁਦੁਮਲਾਈ ਵਣਜੀਵੀ ਸੈਨਚੁਰੀ ਦੀ ਸੁਰੱਖਿਆ ਹੇਠ ਆ ਗਏ ਹਨ। ਇਸ ਸੈਨਚੁਰੀ ਦੇ ਅੰਦਰ ਜਾਣ ਵਾਲ਼ੇ ਬਾਗ਼ਾਨ ਅਤੇ ਸੰਪਦਾ- ਜਿੱਥੇ ਜ਼ਿਆਦਾਤਰ ਆਦਿਵਾਸੀਆਂ ਨੂੰ ਕੰਮ ਮਿਲ਼ਦਾ ਸੀ- ਜਾਂ ਤਾਂ ਵੇਚ ਦਿੱਤੇ ਗਏ ਹਨ ਜਾਂ ਫਿਰ ਤਬਦੀਲ ਕਰ ਦਿੱਤੇ ਗਏ ਹਨ, ਜਿਹਦੇ ਕਾਰਨ ਉਹ ਚਾਹ ਬਾਗ਼ਾਨਾਂ ਜਾਂ ਖ਼ੇਤਾਂ ਵਿੱਚ ਅਸਥਾਈ ਕੰਮ ਲੱਭਣ ਲਈ ਮਜ਼ਬੂਰ ਹਨ।
ਉਸੇ ਹਸਪਤਾਲ ਵਿੱਚ ਜਿੱਥੇ ਕਨਕਾ ਇੰਤਜ਼ਾਰ ਕਰ ਰਹੀ ਹਨ, ਉੱਥੇ ਗੁਡਲੂਰ ਆਦਿਵਾਸੀ ਹਸਪਤਾਲ ਵਿਖੇ 26 ਸਾਲਾ ਸੂਮਾ (ਬਦਲਿਆ ਨਾਮ) ਵਾਰਡ ਵਿੱਚ ਅਰਾਮ ਕਰ ਰਹੀ ਹਨ। ਉਹ ਨੇੜਲੇ ਹੀ ਪੰਥਲੂਰ ਤਾਲੁਕਾ ਦੀ ਪਨਿਯਨ ਆਦਿਵਾਸੀ ਹਨ ਅਤੇ ਉਨ੍ਹਾਂ ਨੇ ਹਾਲੀਆ ਸਮੇਂ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ ਇਸ ਵਾਰ ਵੀ ਧੀ ਹੋਈ ਹੈ ਅਤੇ ਉਨ੍ਹਾਂ ਦੇ ਪਹਿਲੇ ਦੋਵੇਂ ਬੱਚੇ ਵੀ ਧੀਆਂ ਹੀ ਹਨ ਜਿਨ੍ਹਾਂ ਦੀ ਉਮਰ 11 ਸਾਲ ਅਤੇ 2 ਸਾਲ ਹੈ। ਸੂਮਾ ਨੇ ਬੱਚੀ ਨੂੰ ਇਸੇ ਹਸਪਤਾਲ ਵਿੱਚ ਜਨਮ ਨਹੀਂ ਦਿੱਤਾ ਪਰ ਪ੍ਰਸਵ ਤੋਂ ਬਾਅਦ ਦੇਖਭਾਲ਼ ਅਤੇ ਨਸਬੰਦੀ/ਨਲ਼ਬੰਦੀ ਕਰਾਉਣ ਲਈ ਇੱਥੇ ਆਈ ਹਨ।
''ਮੇਰੀ ਡਿਲਵਰੀ ਦਾ ਦਿਨ ਥੋੜ੍ਹਾ ਲੇਟ ਸੀ, ਪਰ ਇੱਥੇ ਡਿਲੀਵਰੀ ਕਰਾਉਣ ਜੋਗੇ ਪੈਸੇ ਨਹੀਂ ਸਨ,'' ਉਨ੍ਹਾਂ ਨੇ ਆਪਣੀ ਬਸਤੀ ਤੋਂ ਇੱਥੋਂ ਤੱਕ ਆਉਣ ਲਈ ਜੀਪ ਰਾਹੀਂ ਲੱਗਣ ਵਾਲ਼ੇ ਇੱਕ ਘੰਟੇ ਦੇ ਸਮੇਂ ਅਤੇ ਪੈਸੇ ਦਾ ਹਵਾਲਾ ਦਿੰਦਿਆਂ ਕਿਹਾ। ''ਗੀਤਾ ਚੇਚੀ (ਦੀਦੀ) ਨੇ ਸਾਨੂੰ ਆਉਣ-ਜਾਣ ਅਤੇ ਖਾਣ ਲਈ 500 ਰੁਪਏ ਦਿੱਤੇ, ਪਰ ਮੇਰੇ ਪਤੀ ਨੇ ਸਾਰਾ ਪੈਸਾ ਸ਼ਰਾਬ ਵਿੱਚ ਉਡਾ ਦਿੱਤਾ। ਇਸਲਈ ਮੈਂ ਘਰੇ ਹੀ ਰਹੀ। ਤਿੰਨ ਦਿਨ ਬਾਅਦ, ਪੀੜ੍ਹ ਹੋਰ ਵੀ ਵੱਧ ਗਈ ਅਤੇ ਸਾਨੂੰ ਘਰੋਂ ਨਿਕਲ਼ਣਾ ਪਿਆ, ਪਰ ਹਸਪਤਾਲ ਜਾਣ ਲਈ ਕਾਫ਼ੀ ਦੇਰ ਹੋ ਚੁੱਕੀ ਸੀ, ਇਸਲਈ ਘਰ ਦੇ ਨੇੜਲੇ ਪੀਐੱਚਸੀ ਵਿੱਚ ਡਿਲੀਵਰੀ ਹੋਈ।'' ਅਗਲੇ ਦਿਨ ਪ੍ਰਾਇਮਰੀ ਹੈਲਥ ਸੈਂਟਰ ਦੀ ਨਰਸ ਨੇ 108 ਨੰਬਰ (ਐਂਬੂਲੈਂਸ ਸੇਵਾ) 'ਤੇ ਫ਼ੋਨ ਕੀਤਾ ਅਤੇ ਸੂਮਾ ਅਤੇ ਉਨ੍ਹਾਂ ਦਾ ਪਰਿਵਾਰ ਆਖ਼ਰਕਾਰ ਜੀਏਐੱਚ ਲਈ ਰਵਾਨਾ ਹੋ ਗਏ।
ਚਾਰ ਸਾਲ ਪਹਿਲਾਂ ਸੂਮਾ ਦਾ ਗਰਭ ਅੰਦਰਲੇ ਬੱਚੇ ਦਾ ਵਿਕਾਸ ਨਾ ਹੋਣ (ਆਈਯੂਜੀਆਰ) ਕਾਰਨ ਸੱਤਵੇਂ ਮਹੀਨੇ ਗਰਭਪਾਤ ਹੋ ਗਿਆ ਸੀ; ਇਸ ਹਾਲਤ ਵਿੱਚ ਗਰਭ ਅੰਦਰਲਾ ਬੱਚਾ (ਭਰੂਣ) ਦਾ ਵਿਕਾਸ ਨਹੀਂ ਹੋ ਪਾਉਂਦਾ ਅਤੇ ਉਹ ਛੋਟਾ ਰਹਿ ਜਾਂਦਾ ਹੈ। ਜ਼ਿਆਦਾਤਰ ਇਹ ਹਾਲਤ ਮਾਂ ਵਿੱਚ ਹੋਣ ਵਾਲ਼ੇ ਪੋਸ਼ਣ ਦੀ ਘਾਟ, ਖ਼ੂਨ ਅਤੇ ਫ਼ੋਲੇਟ ਦੀ ਘਾਟ ਕਾਰਨ ਹੁੰਦਾ ਹੈ। ਸੂਮਾ ਦਾ ਅਗਲਾ ਗਰਭ ਵੀ ਆਈਯੂਜੀਆਰ ਤੋਂ ਪ੍ਰਭਾਵਤ ਹੋਇਆ ਅਤੇ ਉਨ੍ਹਾਂ ਦੀ ਧੀ ਦਾ ਜਨਮ ਸਮੇਂ ਵੀ ਵਜ਼ਨ ਬੇਹੱਦ ਘੱਟ (1.3 ਕਿਲੋਗ੍ਰਾਮ ਜਦੋਂ ਕਿ ਆਦਰਸ਼ ਵਜ਼ਨ 2 ਕਿਲੋਗ੍ਰਾਮ ਹੁੰਦਾ ਹੈ) ਸੀ। ਬੱਚੇ ਦੀ ਉਮਰ ਮੁਤਾਬਕ ਵਜ਼ਨ ਦਾ ਗ੍ਰਾਫ਼ ਸਭ ਤੋਂ ਘੱਟ ਹੇਠਲੀ ਪ੍ਰਤੀਸ਼ਤ ਲਾਈਨ ਨਾਲ਼ੋਂ ਵੀ ਘੱਟ ਹੈ ਅਤੇ ਚਾਰਟ ਵਿੱਚ 'ਗੰਭੀਰ ਰੂਪ ਨਾਲ਼ ਕੁਪੋਸ਼ਿਤ' ਸ਼੍ਰੇਣੀ ਵਜੋਂ ਚਿੰਨ੍ਹਤ ਕੀਤਾ ਗਿਆ।
''ਜੇ ਮਾਂ ਕੁਪੋਸ਼ਿਤ ਹੈ ਤਾਂ ਬੱਚਾ ਵੀ ਕੁਪੋਸ਼ਿਤ ਹੀ ਹੋਵੇਗਾ। ਸੂਮਾ ਦੇ ਬੱਚੇ ਨੂੰ ਦੇਖ ਕੇ ਲੱਗਦਾ ਹੈ ਕਿ ਉਹਨੂੰ ਮਾਂ ਦੇ ਕੁਪੋਸ਼ਣ ਦਾ ਅਸਰ ਝੱਲਣਾ ਪਿਆ ਹੈ; ਉਹਦਾ ਸਰੀਰ, ਮਾਨਸਿਕ ਪੱਧਰ ਅਤੇ ਤੰਤੂ-ਪ੍ਰਣਾਲੀ ਵਿਕਾਸ ਉਹਦੀ ਉਮਰ ਦੇ ਦੂਸਰੇ ਬੱਚਿਆਂ ਦੇ ਮੁਕਾਬਲੇ ਮੱਠਾ ਹੋਵੇਗਾ,'' ਜੀਏਐੱਚ ਵਿੱਚ ਦਵਾ-ਮਾਹਰ ਵਜੋਂ ਤਾਇਨਾਤ 43 ਸਾਲਾ ਡਾਕਟਰ ਮ੍ਰਿਦੂਲਾ ਰਾਓ ਦੱਸਦੀ ਹਨ।
ਸੂਮਾ ਦਾ ਰਿਕਾਰਡ ਦਿਖਾਉਂਦਾ ਹੈ ਕਿ ਤੀਜੇ ਗਰਭ ਦੌਰਾਨ ਉਨ੍ਹਾਂ ਦਾ ਸਿਰਫ਼ ਪੰਜ ਕਿਲੋ ਹੀ ਭਾਰ ਵਧਿਆ ਹੈ। ਇਹ ਭਾਰ ਆਮ ਭਾਰ ਵਾਲ਼ੀਆਂ ਗਰਭਵਤੀ ਔਰਤਾਂ ਦੇ ਨਿਰਧਾਰਤ ਵੱਧਦੇ ਭਾਰ ਦੇ ਮੁਕਾਬਲੇ ਅੱਧ ਤੋਂ ਵੀ ਘੱਟ ਹੈ ਅਤੇ ਸੂਮਾ ਜਿਹੀਆਂ ਘੱਟ ਭਾਰ ਵਾਲ਼ੀਆਂ ਔਰਤਾਂ ਦੇ ਹਿਸਾਬ ਨਾਲ਼ ਵੀ ਕਾਫ਼ੀ ਘੱਟ ਹੈ। ਗਰਭ ਦੇ ਪੂਰੇ ਦਿਨੀਂ ਬੈਠੀ ਹੋਣ 'ਤੇ ਵੀ ਉਹ ਸਿਰਫ਼ 38 ਕਿਲੋ ਦੀ ਹੀ ਹਨ।
2006 ਦੇ ਵਣ-ਅਧਿਕਾਰ ਐਕਟ ਤਹਿਤ ਆਮ ਸੰਪੱਤੀ ਵਸੀਲਿਆਂ 'ਤੇ ਭਾਈਚਾਰੇ ਦੇ ਅਧਿਕਾਰਾਂ ਦੀ ਬਹਾਲੀ ਦੇ ਬਾਵਜੂਦ, ਆਦਿਵਾਸੀ ਲੋਕ ਆਪਣੇ ਆਹਾਰ ਦੀ ਪੂਰਤੀ ਲਈ ਪਹਿਲਾਂ ਵਾਂਗਰ ਜੰਗਲਾਂ ਵਿੱਚੋਂ ਲੋੜੀਂਦੇ ਸ੍ਰੋਤ ਇਕੱਠੇ ਨਹੀਂ ਕਰ ਪਾ ਰਹੇ
ਜੀਏਐੱਚ ਦੀ ਸਿਹਤ ਐਨੀਮੇਟਰ (ਆਊਟਰੀਚ/ਪ੍ਰਸਾਰ ਕਰਮੀ), 40 ਸਾਲਾ ਗੀਤਾ ਕੰਨਨ ਚੇਤੇ ਕਰਦਿਆਂ ਦੱਸਦੀ ਹਨ,''ਮੈਂ ਹਫ਼ਤੇ ਵਿੱਚ ਕਈ ਦਫ਼ਾ ਗਰਭਵਤੀ ਮਾਂ ਅਤੇ ਬੱਚੇ ਨੂੰ ਦੇਖਣ ਜਾਂਦੀ ਸਾਂ। ਮੈਂ ਦੇਖਦੀ ਸਾਂ ਕਿ ਬੱਚਾ ਸਿਰਫ਼ ਅੰਡਰਵਿਅਰ ਪਾਈ ਚੁੱਪਚਾਪ ਆਪਣੀ ਦਾਦੀ ਦੀ ਗੋਦੀ ਵਿੱਚ ਬੈਠਾ ਹੋਇਆ ਹੁੰਦਾ। ਘਰ ਵਿੱਚ ਖਾਣਾ ਨਹੀਂ ਪੱਕਦਾ ਸੀ ਅਤੇ ਗੁਆਂਢੀ ਹੀ ਬੱਚੇ ਨੂੰ ਕੁਝ ਨਾ ਕੁਝ ਖੁਆਇਆ ਕਰਦੇ। ਸੂਮਾ ਲੇਟੀ ਰਹਿੰਦੀ ਸੀ, ਕਮਜ਼ੋਰ ਜਾਪਿਆ ਕਰਦੀ। ਮੈਂ ਸੂਮਾ ਨੂੰ ਸਾਡਾ ਅਸ਼ਵਿਨੀ ਸਥੂਮਾਵੂ (ਰਾਗੀ ਅਤੇ ਦਾਲਾਂ ਦਾ ਪਾਊਡਰ) ਦਿੰਦੀ ਸਾਂ ਅਤੇ ਉਸ ਨੂੰ ਕਹਿੰਦੀ ਕੀ ਆਪਣੀ ਅਤੇ ਆਪਣੇ ਬੱਚੇ ਦੀ ਸਿਹਤ ਲਈ ਚੰਗਾ ਖਾਣਾ ਖਾਇਆ ਕਰੇ, ਕਿਉਂ ਜੋ ਉਹ ਬੱਚੇ ਨੂੰ ਦੁੱਧ ਚੁੰਘਾਉਂਦੀ ਹੈ। ਪਰ, ਸੂਮਾ ਕਹਿੰਦੀ ਸੀ ਕਿ ਹਾਲੀ ਵੀ ਉਹਦਾ ਪਤੀ ਜੋ ਕੁਝ ਕਮਾਉਂਦਾ ਹੈ ਸ਼ਰਾਬ ਵਿੱਚ ਹੀ ਉਡਾ ਰਿਹਾ ਹੈ।'' ਗੀਤਾ ਥੋੜ੍ਹਾ ਰੁਕ ਕੇ ਕਹਿੰਦੀ ਹਨ,''ਸੂਮਾ ਨੇ ਵੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ।''
ਉਂਝ ਤਾਂ ਗੁਡਲੂਰ ਦੇ ਬਹੁਤੇਰੇ ਪਰਿਵਾਰਾਂ ਦੀ ਇਹੀ ਕਹਾਣੀ ਹੈ, ਪਰ ਇਸ ਬਲਾਕ ਦੇ ਸਿਹਤ ਸੰਕੇਤਕਾਂ ਵਿੱਚ ਨਿਯਮਤ ਵਾਧਾ ਹੁੰਦਾ ਨਜ਼ਰੀਂ ਪੈਂਦਾ ਹੈ। ਹਸਪਤਾਲ ਦੇ ਰਿਕਾਰਡ ਦੱਸਦੇ ਹਨ ਕਿ 1999 ਵਿੱਚ 10.7 (ਪ੍ਰਤੀ 100,000 ਜੀਵਤ ਜਨਮ) ਦੀ ਮਾਂ ਦੀ ਮੌਤ ਦਰ (ਐੱਮਐੱਆਰ) ਦਾ ਅਨੁਪਾਤ, ਸਾਲ 2018-19 ਤੱਕ 3.2 ਤੱਕ ਹੇਠਾਂ ਖਿਸਕ ਗਿਆ ਸੀ ਅਤੇ ਉਸੇ ਦੌਰਾਨ ਬਾਲ ਮੌਤ ਦਰ (ਆਈਐੱਮਆਰ) 48 (ਪ੍ਰਤੀ 1,000 ਜੀਵਤ ਜਨਮ) ਤੋਂ ਘੱਟ ਕੇ 20 ਹੋ ਗਈ ਸੀ। ਰਾਜ ਯੋਜਨਾ ਕਮਿਸ਼ਨ ਦੀ ਜ਼ਿਲ੍ਹਾ ਮਾਨਵ ਵਿਕਾਸ ਰਿਪੋਰਟ, 2017 ( ਡੀਐੱਚਡੀਆਰ 2017 ) ਦੇ ਅਨੁਸਾਰ, ਨੀਲ਼ਗਿਰੀ ਜ਼ਿਲ੍ਹੇ ਵਿੱਚ ਆਈਐੱਮਆਰ 10.7 ਹੈ, ਜੋ ਰਾਜ ਦੇ 21 ਦੇ ਔਸਤ ਨਾਲ਼ੋਂ ਵੀ ਘੱਟ ਹੈ ਅਤੇ ਗੁਡਲੂਰ ਤਾਲੁਕਾ ਵਿੱਚ ਤਾਂ 4.0 ਹੈ।
ਪਿਛਲੇ 30 ਸਾਲਾਂ ਤੋਂ ਗੁਡਲੂਰ ਦੀਆਂ ਆਦਿਵਾਸੀ ਔਰਤਾਂ ਦੇ ਨਾਲ਼ ਕੰਮ ਕਰ ਰਹੀ ਡਾਕਟਰ ਪੀ. ਸ਼ੈਲਜਾ ਦੇਵੀ ਸਮਝਾਉਂਦੀ ਹਨ ਕਿ ਇਹ ਸੰਕੇਤਕ ਪੂਰੀ ਕਹਾਣੀ ਨਹੀਂ ਦੱਸਦੇ ਹਨ। ਉਹ ਦੱਸਦੀ ਹਨ,''ਮੌਤ ਸੰਕੇਤਕ ਜਿਹੇ ਐੱਮਐੱਮਆਰ ਅਤੇ ਆਈਐੱਮਆਰ ਜ਼ਰੂਰ ਬੇਹਤਰ ਹੋਏ ਹਨ, ਪਰ ਬੀਮਾਰੀ ਵੱਧ ਗਈ ਹੈ। ਸਾਨੂੰ ਮੌਤ ਅਤੇ ਬੀਮਾਰੀ ਵਿਚਾਲੇ ਫ਼ਰਕ ਕਰਨਾ ਪਵੇਗਾ। ਇੱਕ ਕੁਪੋਸ਼ਿਤ ਮਾਂ ਕੁਪੋਸ਼ਿਤ ਬੱਚਾ ਹੀ ਜੰਮੇਗੀ, ਜਿਹਨੂੰ ਬੀਮਾਰੀਆਂ ਲੱਗਣ ਦਾ ਕਾਫ਼ੀ ਖ਼ਤਰਾ ਹੈ। ਇਸ ਤਰ੍ਹਾਂ ਵਾਧੇ ਪਿਆ ਤਿੰਨ ਸਾਲ ਤੱਕ ਦਾ ਬੱਚਾ ਡਾਇਰੀਆ (ਦਸਤ) ਕਾਰਨ ਜਾਨ ਗਵਾ ਸਕਦਾ ਹੈ ਅਤੇ ਉਹਦਾ ਬੌਧਿਕ ਵਿਕਾਸ ਮੱਠਾ ਹੋ ਸਕਦਾ ਹੈ। ਆਦਿਵਾਸੀਆਂ ਦੀ ਅਗਲੇਰੀ ਪੀੜ੍ਹੀ ਕੁਝ ਅਜਿਹੀ ਹੀ ਹੋਵੇਗੀ।''
ਇਸ ਤੋਂ ਇਲਾਵਾ, ਆਮ ਮੌਤ ਦਰ ਸੰਕੇਤਕਾਂ ਵਿੱਚ ਹੋਏ ਵਾਧੇ ਨੂੰ ਇਸ ਖੇਤ ਦੇ ਪਿਛੜੇ ਭਾਈਚਾਰਿਆਂ ਵਿੱਚ ਵੱਧਦੀ ਸ਼ਰਾਬ ਦੀ ਲਤ ਕਾਰਨ ਘੱਟ ਕਰਕੇ ਦੇਖਿਆ ਜਾ ਰਿਹਾ ਹੈ ਅਤੇ ਇਹ ਵਾਧਾ ਆਦਿਵਾਸੀ ਵਸੋਂ ਵਿੱਚ ਉਚੇਰੀ ਮਾਤਰਾ ਵਿੱਚ ਮੌਜੂਦ ਕੁਪੋਸ਼ਣ 'ਤੇ ਪਰਦਾ ਪਾ ਸਕਦਾ ਹੈ। (ਜੀਏਐੱਚ ਸ਼ਰਾਬ ਦੀ ਆਦਤ ਅਤੇ ਕੁਪੋਸ਼ਣ ਦੇ ਸਹਿ-ਸਬੰਧ 'ਤੇ ਅਧਾਰਤ ਪੇਪਰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹੈ; ਉਹ ਅਜੇ ਜਨਤਕ ਰੂਪ ਨਾਲ਼ ਉਪਲਬਧ ਨਹੀਂ ਹੈ।) ਜਿਵੇਂ ਕਿ ਡੀਐੱਚਡੀਆਰ 2017 ਦੀ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ, ''ਮੌਤ ਦਰ ਦੇ ਨਿਯੰਤਰਣ ਵਿੱਚ ਹੋਣ ਨਾਲ਼ ਵੀ, ਪੋਸ਼ਣ ਪੱਧਰ ਵਿੱਚ ਸ਼ਾਇਦ ਸੁਧਾਰ ਨਾ ਹੋਵੇ।''
''ਭਾਵੇਂ ਕਿ ਅਸੀਂ ਮੌਤ ਦੇ ਦੂਸਰੇ ਕਾਰਨਾਂ ਜਿਵੇਂ ਡਾਇਰੀਆ ਅਤੇ ਡਿਸੈਂਟ੍ਰੀ ਨੂੰ ਕਾਬੂ ਕਰ ਰਹੇ ਸਾਂ ਅਤੇ ਸਾਰੀਆਂ ਡਿਲੀਵਰੀਆਂ ਹਸਪਤਾਲਾਂ ਵਿੱਚ ਹੀ ਕਰਵਾ ਰਹੇ ਸਾਂ, ਪਰ ਸ਼ਰਾਬ ਦੀ ਲਤ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਬਰਬਾਦ ਕਰ ਰਹੀ ਸੀ। ਅਸੀਂ ਨੌਜਵਾਨ ਮਾਵਾਂ ਅਤੇ ਬੱਚਿਆਂ ਅੰਦਰ ਸਬ-ਸਹਾਰਨ ਪੱਧਰੀ ਕੁਪੋਸ਼ਣ ਅਤੇ ਪੋਸ਼ਣ ਦੀ ਖ਼ਸਤਾ ਹਾਲਤ ਦੇਖ ਰਹੇ ਹਨ,'' ਪ੍ਰਸੂਤੀ ਅਤੇ ਜਨਾਨਾ-ਰੋਗ ਮਾਹਰ, 60 ਸਾਲਾ ਡਾਕਟਰ ਸ਼ੈਲਜਾ ਕਹਿੰਦੀ ਹਨ, ਜੋ ਜਨਵਰੀ 2020 ਨੂੰ ਜੀਏਐੱਚ ਤੋਂ ਅਧਿਕਾਰਕ ਤੌਰ 'ਤੇ ਸੇਵਾ-ਮੁਕਤ ਹੋ ਗਈ ਸਨ, ਪਰ ਉਹ ਅਜੇ ਵੀ ਹਰ ਸਵੇਰ ਹਸਪਤਾਲ ਦੇ ਮਰੀਜ਼ਾਂ ਨੂੰ ਦੇਖਦਿਆਂ ਅਤੇ ਸਹਿਕਰਮੀਆਂ ਦੇ ਨਾਲ਼ ਕੇਸਾਂ ਨੂੰ ਲੈ ਕੇ ਚਰਚਾ ਕਰਦਿਆਂ ਬਿਤਾਉਂਦੀ ਹਨ। ਉਹ ਦੱਸਦੀ ਹਨ,''50 ਫੀਸਦ ਬੱਚੇ ਦਰਮਿਆਨੇ ਜਾਂ ਗੰਭੀਰ ਰੂਪ ਨਾਲ਼ ਕੁਪੋਸ਼ਤ ਹਨ। ਦਸ ਸਾਲ ਪਹਿਲਾਂ (2011-12), ਦਰਮਿਆਨਾ ਕੁਪੋਸ਼ਣ 29 ਫੀਸਦ 'ਤੇ ਸੀ ਅਤੇ ਗੰਭੀਰ ਕੁਪੋਸ਼ਣ 6 ਫ਼ੀਸਦ। ਇਸਲਈ ਇਹ ਵਾਧਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰ ਸੁੱਟਣ ਵਾਲ਼ਾ ਹੈ।''
ਕੁਪੋਸ਼ਣ ਦੇ ਸਪੱਸ਼ਟ ਪ੍ਰਭਾਵਾਂ ਬਾਰੇ ਦੱਸਦਿਆਂ, ਡਾਕਟਰ ਰਾਓ ਕਹਿੰਦੀ ਹਨ,''ਪਹਿਲਾਂ, ਜਦੋਂ ਮਾਵਾਂ ਜਾਂਚ ਕਰਵਾਉਣ ਲਈ ਓਪੀਡੀ ਆਉਂਦੀਆਂ ਸਨ ਤਾਂ ਉਹ ਆਪਣੇ ਬੱਚਿਾਂ ਦੇ ਨਾਲ਼ ਖੇਡਦੀਆਂ ਸਨ। ਹੁਣ ਉਹ ਬੱਸ ਚੁੱਪਚਾਪ ਸਿਰ ਸੁੱਟੀ ਬੈਠੀਆਂ ਰਹਿੰਦੀਆਂ ਹਨ ਅਤੇ ਬੱਚੇ ਵੀ ਕਾਫ਼ੀ ਸੁਸਤ ਲੱਗਦੇ ਹਨ। ਇਹ ਉਦਾਸੀਨਤਾ ਬੱਚਿਆਂ ਅਤੇ ਖ਼ੁਦ ਦੇ ਪੋਸ਼ਣ ਸਿਹਤ ਪ੍ਰਤੀ ਦੇਖਭਾਲ਼ ਦੀ ਘਾਟ ਵਿੱਚ ਬਦਲ ਰਹੀ ਹੈ।''
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 ( ਐੱਨਐੱਫ਼ਐੱਚਐੱਸ-4 , 2015-16) ਤੋਂ ਪਤਾ ਚੱਲਦਾ ਹੈ ਕਿ ਨੀਲਗਿਰੀ ਦੇ ਗ੍ਰਾਮੀਣ ਇਲਾਕਿਆਂ ਵਿੱਚ 6 ਤੋਂ 23 ਮਹੀਨਿਆਂ ਦੀ ਉਮਰ ਦੇ 63 ਫ਼ੀਸਦ ਬੱਚਿਆਂ ਨੂੰ ਲੋੜੀਂਦਾ ਆਹਾਰ ਨਹੀਂ ਮਿਲ਼ਦਾ ਹੈ, ਜਦੋਂਕਿ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 50.4 ਫੀਸਦ ਬੱਚਿਆਂ ਅੰਦਰ ਖ਼ੂਨ ਦੀ ਘਾਟ ਹੈ (11 ਗ੍ਰਾਮ ਪ੍ਰਤੀ ਡੇਸੀਲੀਟਰ ਤੋਂ ਹੇਠਾਂ ਦਾ ਹੀਮੋਗਲੋਬਿਨ- ਘੱਟੋਘੱਟ 12 ਸਹੀ ਮੰਨਿਆ ਜਾਂਦਾ ਹੈ)। ਕਰੀਬ ਅੱਧੀਆਂ (45.5 ਫੀਸਦ) ਗ੍ਰਾਮੀਣ ਮਾਵਾਂ ਅੰਦਰ ਖ਼ੂਨ ਦੀ ਘਾਟ ਹੈ, ਜੋ ਉਨ੍ਹਾਂ ਦੇ ਗਰਭ ਲਈ ਹਾਨੀਕਾਰਕ ਸਾਬਤ ਹੁੰਦੀ ਹੈ।
ਡਾਕਟਰ ਸ਼ੈਲਜਾ ਦੱਸਦੀ ਹਨ,''ਸਾਡੇ ਇੱਥੇ ਅਜੇ ਵੀ ਅਜਿਹੀਆਂ ਆਦਿਵਾਸੀ ਔਰਤਾਂ ਆਉਂਦੀਆਂ ਹਨ ਜਿਨ੍ਹਾਂ ਅੰਦਰ ਬਿਲਕੁਲ ਵੀ ਖ਼ੂਨ ਨਹੀਂ ਹੁੰਦਾ- 2 ਗ੍ਰਾਮ ਪ੍ਰਤੀ ਡੈਸੀਲੀਟਰ ਹੀਮੋਗਲੋਬਿਨ! ਜਦੋਂ ਖ਼ੂਨ ਦੀ ਘਾਟ ਦੀ ਜਾਂਚ ਕਰਦੇ ਹਾਂ ਤਦ ਹਾਈਡ੍ਰੋਕਲੋਰਿਕ ਐਸਿਡ ਰੱਖਦੇ ਹਨ ਅਤੇ ਉਸ 'ਤੇ ਖ਼ੂਨ ਪਾਉਂਦੇ ਹਨ, ਤਾਂ ਘੱਟੋਘੱਟ 2 ਗ੍ਰਾਮ ਪ੍ਰਤੀ ਡੈਸੀਲੀਟਰ ਤੱਕ ਦੀ ਰੀਡਿੰਗ ਆਉਂਦੀ ਹੈ। ਇਸ ਤੋਂ ਘੱਟ ਵੀ ਹੋ ਸਕਦਾ ਹੁੰਦਾ ਹੈ, ਪਰ ਅਸੀਂ ਨਾਪ ਨਹੀਂ ਪਾਉਂਦੇ।''
ਖ਼ੂਨ ਦੀ ਕਮੀ ਅਤੇ ਜੱਚਾ-ਮੌਤ ਵਿੱਚ ਇੱਕ ਨੇੜਲਾ ਰਿਸ਼ਤਾ ਹੈ। ਜੀਏਐੱਚ ਦੀ ਪ੍ਰਸੂਤੀ ਅਤੇ ਜਨਾਨਾ-ਰੋਗ ਮਾਹਰ, 31 ਸਾਲਾ ਡਾਕਟਰ ਨਮਰਤਾ ਮੈਰੀ ਜਾਰਜ ਕਹਿੰਦੀ ਹਨ,''ਖ਼ੂਨ ਦੀ ਘਾਟ ਨਾਲ਼ ਪ੍ਰਸੂਤੀ ਦੌਰਾਨ ਕਾਫ਼ੀ ਲਹੂ ਵਹਿ ਸਕਦਾ ਹੈ, ਦਿਲ ਦੀ ਗਤੀ ਰੁੱਕ ਸਕਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ। ਇਸ ਘਾਟ ਕਾਰਨ ਗਰਭ ਅੰਦਰ ਪਲ਼ ਰਹੇ ਭਰੂਣ ਦਾ ਵਾਧਾ ਰੁੱਕ ਸਕਦਾ ਹੈ ਜਾਂ ਘੱਟ ਭਾਰ ਕਾਰਨ ਨਵਜਾਤ ਦੀ ਮੌਤ ਤੱਕ ਹੋ ਸਕਦੀ ਹੈ। ਬੱਚੇ ਦਾ ਵਿਕਾਸ ਨਹੀਂ ਹੋ ਪਾਉਂਦੇ ਅਤੇ ਉਹ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ।''
ਛੋਟੀ ਉਮਰੇ ਵਿਆਹ ਅਤੇ ਗਰਭਧਾਰਨ, ਬੱਚੇ ਦੀ ਸਿਹਤ ਨੂੰ ਹੋਰ ਵੀ ਖ਼ਤਰੇ ਵਿੱਚ ਪਾਉਂਦੇ ਹਨ। ਐੱਨਐੱਫ਼ਐੱਚਐੱਸ-4 ਦੇ ਮੁਤਾਬਕ, ਨੀਲ਼ਗਿਰੀ ਦੇ ਗ੍ਰਾਮੀਣ ਇਲਾਕਿਆਂ ਵਿੱਚ ਸਿਰਫ਼ 21 ਫ਼ੀਸਦ ਕੁੜੀਆਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿੱਚ ਹੁੰਦਾ ਹੈ, ਪਰ ਇੱਥੋਂ ਦੇ ਸਿਹਤ ਕਰਮੀ ਇਸ ਗੱਲ 'ਤੇ ਤਰਕ ਦਿੰਦੇ ਹਨ ਕਿ ਜ਼ਿਆਦਾਤਰ ਆਦਿਵਾਸੀ ਕੁੜੀਆਂ ਦਾ ਵਿਆਹ 15 ਸਾਲ ਦੀ ਉਮਰ ਵਿੱਚ ਜਾਂ ਫਿਰ ਮਾਹਵਾਰੀ ਸ਼ੁਰੂ ਹੁੰਦਿਆਂ ਹੀ ਕਰ ਦਿੱਤਾ ਜਾਂਦਾ ਹੈ। ਡਾਕਟਰ ਸ਼ੈਲਜਾ ਕਹਿੰਦੀ ਹਨ,''ਸਾਨੂੰ ਵਿਆਹ ਅਤੇ ਉਨ੍ਹਾਂ ਦੇ ਪਹਿਲੇ ਗਰਭ ਨੂੰ ਟਾਲਣ ਵਾਸਤੇ ਹੋਰ ਵੀ ਕਈ ਯਤਨ ਕਰਨੇ ਪੈਣਗੇ। ਜਦੋਂ ਪੂਰੀ ਤਰ੍ਹਾਂ ਨਾਲ਼ ਬਾਲਗ਼ ਹੋਣ ਤੋਂ ਪਹਿਲਾਂ ਹੀ, 15 ਜਾਂ 16 ਸਾਲ ਦੀ ਉਮਰੇ ਕੁੜੀਆਂ ਗਰਭਵਤੀ ਹੋ ਜਾਂਦੀਆਂ ਹਨ। ਤਦ ਉਨ੍ਹਾਂ ਦਾ ਖ਼ਰਾਬ ਪੋਸ਼ਣ ਨਵਜਾਤ ਬਾਲਾਂ ਦੀ ਸਿਹਤ 'ਤੇ ਮਾੜਾ ਅਸਰ ਪਾਉਂਦਾ ਹੈ।''
ਸ਼ਾਇਲਾ ਚੇਚੀ, ਜਿਵੇਂ ਕਿ ਮਰੀਜ਼ ਅਤੇ ਸਹਿਕਰਮੀ ਉਨ੍ਹਾਂ ਨਾਲ਼ ਮੁਖ਼ਾਤਬ ਹੁੰਦੇ ਹਨ, ਉਹ ਆਦਿਵਾਸੀ ਔਰਤਾਂ ਦੇ ਮੁੱਦਿਆਂ 'ਤੇ ਸੰਸਾਰ-ਕੋਸ਼ ਜਿਹਾ ਗਿਆਨ ਰੱਖਦੀ ਹਨ। ਉਹ ਦੱਸਦੀ ਹਨ,''ਪਰਿਵਾਰ ਦੀ ਸਿਹਤ, ਪੋਸ਼ਣ ਨਾਲ਼ ਜੁੜਿਆ ਹੋਇਆ ਹੈ ਅਤੇ ਗਰਭਵਤੀ ਅਤੇ ਦੁੱਧ-ਚੁੰਘਾਉਣ ਵਾਲ਼ੀਆਂ ਔਰਤਾਂ ਨੂੰ ਪੌਸ਼ਟਿਕ ਆਹਾਰ ਦੀ ਘਾਟ ਕਾਰਨ ਦੋਗੁਣਾ ਖ਼ਤਰਾ ਹੁੰਦਾ ਹੈ। ਵੇਤਨ ਵਧਿਆ ਹੈ, ਪਰ ਪੈਸਾ ਪਰਿਵਾਰ ਤੱਕ ਨਹੀਂ ਪਹੁੰਚ ਰਿਹਾ ਹੈ। ਅਸੀਂ ਅਜਿਹੇ ਆਦਮੀਆਂ ਬਾਰੇ ਜਾਣਦੇ ਹਾਂ ਜੋ ਆਪਣੇ ਰਾਸ਼ਨ ਦਾ 35 ਕਿਲੋ ਚੌਲ਼ ਲੈਂਦੇ ਹਨ ਅਤੇ ਨਾਲ਼ ਵਾਲ਼ੀ ਦੁਕਾਨ 'ਤੇ ਸ਼ਰਾਬ ਖਰੀਦਣ ਵਾਸਤੇ ਵੇਚ ਦਿੰਦੇ ਹਨ। ਉਨ੍ਹਾਂ ਦੇ ਬੱਚਿਆਂ ਵਿੱਚ ਕੁਪੋਸ਼ਣ ਕਿਵੇਂ ਨਹੀਂ ਵਧੇਗਾ?''
ਅਸ਼ਵਿਨੀ ਵਿੱਚ ਮਾਨਸਿਕ ਸਿਹਤ ਸਲਾਹਕਾਰ, 53 ਸਾਲਾ ਵੀਨਾ ਦੱਸਦੀ ਹਨ,''ਭਾਈਚਾਰੇ ਦੇ ਨਾਲ਼ ਸਾਡੀ ਜੋ ਵੀ ਮੁਲਾਕਾਤ ਹੁੰਦੀ ਹੈ, ਭਾਵੇਂ ਉਹ ਕਿਸੇ ਵੀ ਮੁੱਦੇ ਸਬੰਧੀ ਹੋਵੇ, ਇਸੇ ਸਮੱਸਿਆ ਦੇ ਨਾਲ਼ ਖ਼ਤਮ ਹੋਵੇਗੀ: ਪਰਿਵਾਰਾਂ ਵਿੱਚ ਵੱਧਦੀ ਸ਼ਰਾਬ ਦੀ ਲੱਤ।''
ਇਸ ਇਲਾਕੇ ਵਿੱਚ ਰਹਿਣ ਵਾਲ਼ੇ ਬਹੁਤੇਰੇ ਲੋਕ ਕੱਟੂਨਾਇਕਨ ਅਤੇ ਪਨੀਯਨ ਆਦਿਵਾਸੀ ਭਾਈਚਾਰਿਆਂ ਨਾਲ਼ ਸਬੰਧ ਰੱਖਦੇ ਹਨ, ਜੋ ਵਿਸ਼ੇਸ ਰੂਪ ਨਾਲ਼ ਕਮਜ਼ੋਰ ਆਦਿਵਾਸੀ ਸਮੂਹਾਂ ਦੀ ਸੂਚੀ ਹੇਠ ਆਉਂਦੇ ਹਨ। ਕਬੀਲਾਈ ਖ਼ੋਜ਼ ਕੇਂਦਰ, ਉਦਗਮੰਡਲਮ ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ, ਉਨ੍ਹਾਂ ਵਿੱਚੋਂ 90 ਫ਼ੀਸਦ ਤੋਂ ਵੱਧ ਲੋਕ ਬਗ਼ਾਨਾਂ ਅਤੇ ਖ਼ੇਤਾਂ ਵਿੱਚ ਖੇਤ ਮਜ਼ਦੂਰ ਹਨ। ਇੱਥੇ ਰਹਿਣ ਵਾਲ਼ੇ ਬਾਕੀ ਭਾਈਚਾਰੇ ਮੁੱਖ ਰੂਪ ਨਾਲ਼ ਇਰੂਲਰ, ਬੇਟਾ ਕੁਰੂੰਬਾ ਅਤੇ ਮੁੱਲੂ ਕੁਰੂੰਬਾ ਹਨ ਜੋ ਪਿਛੜੇ ਕਬੀਲਿਆਂ ਵਿੱਚ ਸ਼ਾਮਲ ਹਨ।
ਮਾਰੀ ਠੇਕੈਕਾਰਾ ਦੱਸਦੀ ਹਨ,''ਅਸੀਂ ਜਦੋਂ 80 ਦੇ ਦਹਾਕੇ ਵਿੱਚ ਇੱਥੇ ਆਏ ਸਾਂ, ਤਦ 1976 ਦੇ ਗ਼ੁਲਾਮ ਮਜ਼ਦੂਰ ਪ੍ਰਣਾਲੀ ਐਕਟ ਦੇ ਬਾਵਜੂਦ, ਪਨੀਆ ਭਾਈਚਾਰੇ ਦੇ ਲੋਕ ਚੌਲ਼, ਬਾਜਰਾ, ਕੇਲਾ, ਮਿਰਚ ਅਤੇ ਸਾਬੂਦਾਨੇ ਦੇ ਬਾਗ਼ਾਨਾਂ ਵਿੱਚ ਗ਼ੁਲਾਮ ਮਜ਼ਦੂਰੀ ਕਰਦੇ ਸਨ। ਉਹ ਲੋਕ ਸੰਘਣੇ ਜੰਗਲਾਂ ਦੇ ਐਨ ਵਿਚਕਾਰ ਛੋਟੇ ਬਗ਼ਾਨਾਂ ਵਿਖੇ ਕੰਮ ਕਰਦੇ, ਇਸ ਗੱਲ ਤੋਂ ਬੇਖ਼ਬਰ ਕਿ ਜਿਸ ਜ਼ਮੀਨ 'ਤੇ ਉਹ ਕੰਮ ਕਰ ਰਹੇ ਹਨ ਉਹ ਜ਼ਮੀਨ ਉਨ੍ਹਾਂ ਦੀ ਹੀ ਹੈ।''
ਮਾਰੀ ਅਤੇ ਉਨ੍ਹਾਂ ਦੇ ਪਤੀ ਸਟੈਨ ਠੇਕੈਕਾਰਾ ਨੇ ਆਦਿਵਾਸੀਆਂ ਦੇ ਦਰਪੇਸ ਆਉਣ ਵਾਲ਼ੇ ਮੁੱਦਿਆਂ ਨੂੰ ਸੰਬੋਧਤ ਕਰਨ ਲਈ 1985 ਵਿੱਚ ਆਕਾਰਡ (ਭਾਈਚਾਰਕ ਸੰਗਠਨ, ਮੁੜ-ਵਸੇਬਾ ਅਤੇ ਵਿਕਾਸ ਹੇਠ ਕਾਰਵਾਈ) ਦੀ ਸਥਾਪਨਾ ਕੀਤੀ। ਸਮੇਂ ਦੇ ਨਾਲ਼, ਗਰਾਟਾਂ ਨਾਲ਼ ਚੱਲਣ ਵਾਲ਼ੇ ਐੱਨਜੀਓ ਨੇ ਕਈ ਸੰਗਠਨਾਂ ਦਾ ਇੱਕ ਨੈੱਟਵਰਕ ਜਿਹਾ ਬਣਾ ਲਿਆ ਹੈ- ਸੰਗਮ (ਕਾਊਂਸਲਾਂ) ਸਥਾਪਤ ਕੀਤੇ ਗਏ ਅਤੇ ਉਨ੍ਹਾਂ ਨੂੰ ਆਦਿਵਾਸੀ ਮੁਨੇਤਰ ਸੰਗਮ ਦੀ ਸਰਪ੍ਰਸਤੀ ਹੇਠ ਲਿਆਂਦਾ ਗਿਆ, ਜਿਨ੍ਹਾਂ ਨੂੰ ਆਦਿਵਾਸੀਆਂ ਦੁਆਰਾ ਚਲਾਇਆ ਅਤੇ ਨਿਯੰਤਰਿਤ ਕੀਤਾ ਗਿਆ। ਸੰਗਮ ਨੇ ਆਦਿਵਾਸੀ ਭੂਮੀ ਨੂੰ ਦੋਬਾਰਾ ਪਾਉਣ ਵਿੱਚ ਕਾਮਯਾਬੀ ਹਾਸਲਕ ਕੀਤੀ, ਚਾਹ ਦਾ ਬਾਗ਼ਾਨ ਲਾਇਆ ਗਿਆ ਅਤੇ ਆਦਿਵਾਸੀ ਬੱਚਿਆਂ ਲਈ ਸਕੂਲ ਸਥਾਪਤ ਕੀਤਾ। ਅਕਾਰਡ ਨੇ ਵੀ ਨੀਲਗਿਰੀ ਵਿੱਚ ਸਿਹਤ ਕਲਿਆਣ ਸੰਘ (ਅਸ਼ਵਿਨੀ) ਦੀ ਸ਼ੁਰੂਆਤ ਕੀਤੀ ਅਥੇ 1998 ਵਿੱਚ ਗੁਡਲੂਰ ਆਦਿਵਾਸੀ ਹਸਪਤਾਲ ਸਥਾਪਤ ਹੋਇਆ। ਹੁਣ ਇੱਥੇ ਛੇ ਡਾਕਟਰ ਹਨ, ਇੱਕ ਪ੍ਰਯੋਗਸ਼ਾਲਾ ਹੈ, ਐਕਸ-ਰੇ ਰੂਮ, ਦਵਾਈ ਦੁਕਾਨ ਅਤੇ ਬਲੱਡ ਬੈਂਕ ਵੀ ਹਨ।
ਡਾਕਟਰ ਰੂਪਾ ਦੇਵਦਾਸਨ ਚੇਤੇ ਕਰਦੀ ਹਨ,''80 ਦੇ ਦਹਾਕੇ ਵਿੱਚ, ਸਰਕਾਰੀ ਹਸਪਤਾਲਾਂ ਵਿੱਚ ਆਦਿਵਾਸੀਆਂ ਦੇ ਨਾਲ਼ ਦੂਜੀ ਸ਼੍ਰੇਣੀ ਦੇ ਨਾਗਰਿਕਾਂ ਜਿਹਾ ਸਲੂਕ ਕੀਤਾ ਜਾਂਦਾ ਸੀ ਅਤੇ ਉਹ ਭੱਜ ਜਾਂਦੇ ਸਨ। ਸਿਹਤ ਹਾਲਤ ਦਿਲ-ਦਹਿਲਾ ਦੇਣ ਵਾਲ਼ੀ ਸੀ: ਗਰਭ ਦੌਰਾਨ ਔਰਤਾਂ ਨਿਯਮਤ ਰੂਪ ਵਿੱਚ ਮਰ ਰਹੀਆਂ ਸਨ ਅਤੇ ਬੱਚਿਆਂ ਨੂੰ ਦਸਤ ਹੋ ਰਹੇ ਸਨ ਅਤੇ ਉਨ੍ਹਾਂ ਦੀ ਮੌਤ ਹੋ ਰਹੀ ਸੀ। ''ਸਾਨੂੰ ਬੀਮਾਰ ਜਾਂ ਗਰਭਵਤੀ ਮਰੀਜ਼ਾਂ ਦੇ ਘਰਾਂ ਅੰਦਰ ਜਾਣ ਦੀ ਆਗਿਆ ਨਹੀਂ ਸੀ। ਕਾਫ਼ੀ ਸਾਰੀਆਂ ਗੱਲਾਂ ਅਤੇ ਤਸੱਲੀ ਤੋਂ ਬਾਅਦ ਹੀ ਭਾਈਚਾਰਿਆਂ ਨੇ ਸਾਡੇ 'ਤੇ ਯਕੀਨ ਕਰਨਾ ਸ਼ੁਰੂ ਕੀਤਾ।'' ਰੂਪਾ ਅਤੇ ਉਨ੍ਹਾਂ ਦੇ ਪਤੀ, ਡਾ. ਐੱਨ.ਦੇਵਦਾਸਨ ਅਸ਼ਵਿਨੀ ਦੇ ਉਨ੍ਹਾਂ ਮੋਹਰੀ ਡਾਕਟਰਾਂ ਵਿੱਚੋਂ ਹਨ, ਜੋ ਆਦਿਵਾਸੀ ਇਲਾਕਿਆਂ ਵਿੱਚ ਘਰੋ-ਘਰੀ ਜਾਂਦੇ ਸਨ।
ਕਮਿਊਨਿਟੀ (ਭਾਈਚਾਰੇ ਦਾ) ਇਲਾਜ, ਅਸ਼ਵਿਨੀ ਦਾ ਮੂਲ਼ ਮੰਤਰ ਹੈ; ਜਿਨ੍ਹਾਂ ਕੋਲ਼ 17 ਸਿਹਤ ਐਨੀਮੇਟਰ (ਸਿਹਤ ਕਰਮੀ) ਹਨ ਅਤੇ 312 ਹੈਲਥ ਵਲੰਟੀਅਰ ਹਨ ਅਤੇ ਸਾਰੇ ਦੇ ਸਾਰੇ ਆਦਿਵਾਸੀ ਹਨ। ਇਹ ਸਾਰੇ ਗੁਡਲੂਰ ਅਤੇ ਪੰਥਲੂਰ ਤਾਲੁਕਾਵਾਂ ਵਿੱਚ ਵੱਡੇ ਪੱਧਰ 'ਤੇ ਘੁੰਮਦੇ ਹਨ, ਘਰ-ਘਰ ਜਾ ਕੇ ਸਿਹਤ ਅਤੇ ਪੋਸ਼ਣ ਸਬੰਧੀ ਸਲਾਹ ਦਿੰਦੇ ਹਨ।
50 ਸਾਲਾਂ ਦੇ ਨੇੜੇ ਢੁੱਕ ਚੁੱਕੀ ਟੀ.ਆਰ. ਜਾਨੂ, ਜੋ ਮੁੱਲੂ ਕੁਰੂੰਬਾ ਭਾਈਚਾਰੇ ਤੋਂ ਹਨ, ਅਸ਼ਵਿਨੀ ਵਿੱਚ ਸਿਖਲਾਈ ਲੈਣ ਵਾਲ਼ੀ ਪਹਿਲੀ ਸਿਹਤ ਐਨੀਮੇਟਰ ਸਨ। ਪੰਥਲੂਰ ਤਾਲੁਕਾ ਵਿੱਚ ਚੇਰਨਗੋਡੇ ਪੰਚਾਇਤ ਦੀ ਅਯਿਨਕੋਲੀ ਬਸਤੀ ਵਿੱਚ ਉਨ੍ਹਾਂ ਦਾ ਦਫ਼ਤਰ ਹੈ ਅਤੇ ਆਦਿਵਾਸੀ ਪਰਿਵਾਰਾਂ ਅੰਦਰ ਸ਼ੂਗਰ, ਹਾਈ-ਬਲੱਡ ਪ੍ਰੈਸ਼ਰ ਅਤੇ ਟੀਬੀ ਦੀ ਨਿਯਮਿਤ ਜਾਂਚ ਕਰਦੀ ਹਨ ਅਤੇ ਪ੍ਰਾਇਮਰੀ ਇਲਾਜ ਦੇ ਨਾਲ਼-ਨਾਲ਼ ਸਧਾਰਣ ਸਿਹਤ ਅਤੇ ਪੋਸ਼ਣ 'ਤੇ ਸਲਾਹ ਵੀ ਦਿੰਦੀ ਹਨ। ਉਹ ਗਰਭਵਤੀ ਔਰਤਾਂ ਅਤੇ ਦੁੱਧ-ਚੁੰਘਾਉਣ ਵਾਲ਼ੀਆਂ ਮਾਵਾਂ ਦਾ ਵੀ ਧਿਆਨ ਰੱਖਦੀ ਹਨ। ਉਹ ਕਹਿੰਦੀ ਹਨ,''ਪਿੰਡ ਦੀਆਂ ਕੁੜੀਆਂ ਗਰਭਵਤੀ ਹੋਣ ਦੇ ਕਾਫ਼ੀ ਮਹੀਨੇ ਲੰਘ ਜਾਣ 'ਤੇ ਸਾਡੇ ਕੋਲ਼ ਪ੍ਰਜਨਨ ਸਿਹਤ ਸਬੰਧੀ ਸਲਾ ਲੈਣ ਆਉਂਦੀਆਂ ਹਨ। ਫ਼ੋਲੇਟ ਦੀ ਘਾਟ ਲਈ ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਦਵਾਈ ਦੇਣੀ ਜ਼ਰੂਰੀ ਹੈ, ਤਾਂਕਿ ਗਰਭ ਅੰਦਰਲੇ ਬੱਚੇ ਦਾ ਵਿਕਾਸ ਨਾ ਰੁਕੇ, ਨਹੀਂ ਤਾਂ ਇਹ ਕੰਮ ਨਹੀਂ ਕਰਦੀ।''
ਹਾਲਾਂਕਿ, ਸੂਮਾ ਜਿਹੀਆਂ ਨੌਜਵਾਨ ਔਰਤਾਂ ਲਈ ਆਈਯੂਜੀਆਰ ਤੋਂ ਨਹੀਂ ਬਚਾਇਆ ਜਾ ਸਕਦਾ। ਹਸਪਤਾਲ ਵਿੱਚ ਸਾਡੇ ਮਿਲ਼ਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨਸਬੰਦੀ ਪੂਰੀ ਹੋ ਚੁੱਕੀ ਸੀ ਅਤੇ ਉਹ ਅਤੇ ਉਨ੍ਹਾਂ ਪਰਿਵਾਰ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੂੰ ਨਰਸਾਂ ਅਤੇ ਡਾਕਟਰਾਂ ਤੋਂ ਸਲਾਹ ਮਿਲ਼ੀ ਸੀ। ਉਨ੍ਹਾਂ ਨੂੰ ਸਫ਼ਰ ਲਈ ਅਤੇ ਅਗਲੇ ਹਫ਼ਤੇ ਦੇ ਖਾਣ ਲਈ ਪੈਸੇ ਦਿੱਤੇ ਗਏ ਸਨ। ਉਨ੍ਹਾਂ ਦੇ ਜਾਣ ਵੇਲੇ, ਜੀਜੀ ਐਲਮਾਨਾ ਕਹਿੰਦੀ ਹਨ,''ਇਸ ਵਾਰ ਸਾਨੂੰ ਉਮੀਦ ਹੈ ਕਿ ਇਨ੍ਹਾਂ ਪੈਸਿਆਂ ਨੂੰ ਸਾਡੇ ਦੁਆਰਾ ਦੱਸੀਆਂ ਗਈਆਂ ਚੀਜ਼ਾਂ 'ਤੇ ਖਰਚ ਕੀਤਾ ਜਾਵੇਗਾ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ , ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ