“ਮੀਂਹ ਫਿਰ ਰੁੱਕ ਗਿਆ ਹੈ,'' ਧਰਮਾ ਗੈਰੇਲ ਨੇ ਬਾਂਸ ਦੀ ਛੜੀ ਦੇ ਸਹਾਰੇ ਨਾਲ਼ ਆਪਣੇ ਖੇਤ ਵੱਲ ਜਾਂਦਿਆਂ ਕਿਹਾ। ''ਜੂਨ ਦਾ ਮਹੀਨਾ ਵੀ ਅਜੀਬ ਹੋ ਗਿਆ ਹੈ। 2-3 ਘੰਟੇ ਲਈ ਮੀਂਹ ਪਵੇਗਾ। ਕਦੇ ਹਲਕਾ, ਕਦੇ ਤੇਜ਼, ਪਰ ਅਗਲੇ ਕੁਝ ਘੰਟਿਆਂ ਵਿੱਚ ਗਰਮੀ ਅਸਹਿ ਹੋ ਜਾਵੇਗੀ। ਇਹ ਗਰਮੀ ਜ਼ਮੀਨ ਦੀ ਸਾਰੀ ਨਮੀ ਜਜ਼ਬ ਕਰ ਲਵੇਗੀ ਅਤੇ ਮਿੱਟੀ ਦੁਬਾਰਾ ਖ਼ੁਸ਼ਕ ਜਾਵੇਗੀ। ਦੱਸੋ, ਬੂਟੇ ਕਿਵੇਂ ਉੱਗਣਗੇ?”

ਅੱਸੀ ਸਾਲਾ ਗੈਰੇਲ ਅਤੇ ਉਨ੍ਹਾਂ ਦਾ ਪਰਿਵਾਰ ਠਾਣੇ ਜ਼ਿਲ੍ਹੇ ਦੇ ਸ਼ਹਾਪੁਰ ਤਾਲੁਕਾ ਵਿੱਚ 15 ਵਾਰਲੀ ਪਰਿਵਾਰਾਂ ਦੀ ਇੱਕ ਆਦਿਵਾਸੀ ਬਸਤੀ ਗਾਰੇਲਪਾਡਾ ਵਿੱਚ ਆਪਣੇ ਇੱਕ ਏਕੜ ਖੇਤ ਵਿੱਚ ਝੋਨੇ ਦੀ ਖੇਤੀ ਕਰਦਾ ਹੈ। ਜੂਨ 2019 ਵਿੱਚ ਉਨ੍ਹਾਂ ਵੱਲੋਂ ਬੀਜੀ ਗਈ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਸੁੱਕ ਗਈ। ਉਸ ਮਹੀਨੇ, 11 ਦਿਨਾਂ ਵਿੱਚ ਸਿਰਫ 393 ਮਿਲੀਮੀਟਰ (421.9 ਮਿਲੀਮੀਟਰ ਦੀ ਔਸਤ ਤੋਂ ਵੀ ਘੱਟ) ਮੀਂਹ ਪਿਆ।

ਉਨ੍ਹਾਂ ਨੇ ਜਿਹੜਾ ਝੋਨਾ ਲਾਇਆ ਸੀ, ਉਹ ਪੁੰਗਰ ਵੀ ਨਾ ਸਕਿਆ ਅਤੇ ਇੰਝ ਉਨ੍ਹਾਂ ਦਾ ਬੀਜ, ਖਾਦ, ਕਿਰਾਏ ਦੇ ਟਰੈਕਟਰ 'ਤੇ ਅਤੇ ਹੋਰ ਖੇਤੀ ਲਾਗਤਾਂ 'ਤੇ ਲਗਭਗ 10,000 ਰੁਪਏ ਦਾ ਨੁਕਸਾਨ ਹੋਇਆ।

ਧਰਮੇ ਦੇ 38 ਸਾਲਾ ਪੁੱਤਰ ਰਾਜੂ ਨੇ ਕਿਹਾ, “ਸਿਰਫ਼ ਅਗਸਤ ਹੀ ਅਜਿਹਾ ਮਹੀਨਾ ਸੀ ਜਦੋਂ ਨਿਯਮਤ ਮੀਂਹ ਪੈਂਦਾ ਸੀ ਅਤੇ ਜ਼ਮੀਨ ਠੰਢੀ ਹੋਣ ਲੱਗਦੀ। ਮੈਨੂੰ ਯਕੀਨ ਸੀ ਕਿ ਜੇ ਅਸੀਂ ਦੂਜੀ ਬਿਜਾਈ ਦਾ ਜੋਖਮ ਲੈ ਵੀ ਲਿਆ ਹੁੰਦਾ ਤਾਂ ਸਾਡੇ ਹੱਥ ਝਾੜ ਤਾਂ ਜ਼ਰੂਰ ਲੱਗਦਾ ਅਤੇ ਕੁਝ ਲਾਭ ਹੁੰਦਾ।”

ਜੂਨ ਦੇ ਉਸ ਦੁਰਲਭ ਮੀਂਹ ਤੋਂ ਬਾਅਦ, ਜੁਲਾਈ ਮਹੀਨੇ ਤਾਲੁਕਾ ਵਿੱਚ ਆਮ ਮੀਂਹ 947.3 ਮਿਲੀਮੀਟਰ ਦੇ ਮੁਕਾਬਲੇ, ਭਾਰੀ ਮੀਂਹ-1586.8 ਮਿਲੀਮੀਟਰ ਪਿਆ। ਇਸ ਲਈ ਗੈਰੇਲ ਪਰਿਵਾਰ ਉਸ ਦੂਜੀ ਬਿਜਾਈ 'ਤੇ ਟੇਕ ਲਗਾਈ ਬੈਠਾ ਰਿਹਾ। ਪਰ ਅਗਸਤ ਤੱਕ ਮੀਂਹ ਬਹੁਤ ਜ਼ਿਆਦਾ ਪੈ ਗਿਆ ਅਤੇ ਇਹ ਅਕਤੂਬਰ ਤੱਕ ਜਾਰੀ ਰਿਹਾ। ਠਾਣੇ ਜ਼ਿਲ੍ਹੇ ਦੇ ਸਾਰੀਆਂ 7 ਤਾਲੁਕਾ  ਵਿੱਚ 116 ਦਿਨਾਂ ਵਿੱਚ ਲਗਭਗ 1,200 ਮਿਲੀਮੀਟਰ ਮੀਂਹ ਪਿਆ।

“ਪੌਦਿਆਂ ਦੇ ਵਾਧੇ ਦੀ ਗੱਲ ਕਰੀਏ ਤਾਂ ਸਤੰਬਰ ਮਹੀਨੇ ਤੱਕ ਬਹੁਤ ਜ਼ਿਆਦਾ ਮੀਂਹ ਪੈ ਗਿਆ। ਅਸੀਂ ਵੀ ਤਾਂ ਓਨਾ ਹੀ ਖਾਂਦੇ ਕਿ ਸਾਡਾ ਢਿੱਡ ਨਾ ਫੱਟ ਜਾਵੇ ਫਿਰ ਇੱਕ ਛੋਟਾ ਜਿਹਾ ਪੌਦਾ ਇਹ ਸਭ ਕਿਵੇਂ ਸਹਿ ਸਕਦਾ ਸੀ?” ਰਾਜੂ ਪੁੱਛਦੇ ਹਨ। ਅਕਤੂਬਰ ਦੇ ਮੀਂਹ ਨੇ ਗੈਰੇਲ ਪਰਿਵਾਰ ਦੇ ਖੇਤ ਵਿੱਚ ਹੜ੍ਹ ਲਿਆ ਦਿੱਤਾ। ਰਾਜੂ ਦੀ 35 ਸਾਲਾ ਪਤਨੀ ਅਤੇ ਕਿਸਾਨ ਸਵਿਤਾ ਯਾਦ ਕਰਦੀ ਹਨ, “ਅਸੀਂ ਸਤੰਬਰ ਦੇ ਆਖਰੀ ਹਫ਼ਤੇ ਝੋਨਾ ਵੱਢਣਾ ਅਤੇ ਭਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। “ਅਸੀਂ ਅਜੇ ਬਾਕੀ ਦੀ ਫ਼ਸਲ ਵੀ ਵੱਢਣੀ ਸੀ। 5 ਅਕਤੂਬਰ ਤੋਂ ਬਾਅਦ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ। ਅਸੀਂ ਜਿੰਨਾ ਸੰਭਵ ਹੋ ਸਕਿਆ, ਫ਼ਸਲ ਦੀਆਂ ਭਰੀਆਂ ਨੂੰ ਘਰ ਦੇ ਅੰਦਰ ਲਿਜਾਣ ਦਾ ਯਤਨ ਕੀਤਾ। ਪਰ ਕੁਝ ਹੀ ਮਿੰਟਾਂ ਵਿੱਚ, ਸਾਡੇ ਖੇਤ ਵਿੱਚ ਹੜ੍ਹ ਆ ਗਿਆ ..."

ਅਗਸਤ ਦੀ ਉਸ ਦੂਜੀ ਬਿਜਾਈ ਤੋਂ ਜਿਵੇਂ-ਕਿਵੇਂ ਗੈਰੇਲ ਪਰਿਵਾਰ ਦੇ ਹੱਥ 3 ਕੁਇੰਟਲ ਝਾੜ ਲੱਗਾ - ਪਹਿਲੇ ਸਮੇਂ ਦੀ ਵਾਢੀ ਦੀ ਗੱਲ ਕਰੀਏ ਤਾਂ ਇੱਕ ਬਿਜਾਈ ਤੋਂ, ਉਨ੍ਹਾਂ ਹੱਥ ਲਗਭਗ 8-9 ਕੁਇੰਟਲ ਦਾ ਝਾੜ ਮਿਲ਼ ਜਾਂਦਾ ਹੁੰਦਾ ਸੀ।

Paddy farmers Dharma Garel (left) and his son Raju: 'The rain has not increased or decreased, it is more uneven – and the heat has increased a lot'
PHOTO • Jyoti
Paddy farmers Dharma Garel (left) and his son Raju: 'The rain has not increased or decreased, it is more uneven – and the heat has increased a lot'
PHOTO • Jyoti

ਝੋਨਾ ਲਗਾਉਣ ਵਾਲ਼ੇ ਕਿਸਾਨ ਧਰਮਾ ਗਰੇਲ (ਖੱਬੇ) ਅਤੇ ਉਸ ਦਾ ਪੁੱਤਰ ਰਾਜੂ: ‘ਬਾਰਿਸ਼ ਨਾ ਵਧੀ ਹੈ ਨਾ ਘਟੀ ਹੈ, ਇਹ ਅਨਿਯਮਿਤ ਹੋ ਗਈ ਅਤੇ ਗਰਮੀ ਬਹੁਤ ਵੱਧ ਗਈ ਹੈ `

ਧਰਮ ਕਹਿੰਦੇ ਹਨ, “ਇੱਕ ਦਹਾਕੇ ਤੋਂ ਇਸੇ ਤਰ੍ਹਾਂ ਹੀ ਹੁੰਦਾ ਆਇਆ ਹੈ। “‘ਬਾਰਿਸ਼ ਨਾ ਵਧੀ ਹੈ ਨਾ ਘਟੀ ਹੈ, ਇਹ ਅਨਿਯਮਿਤ ਹੋ ਗਈ ਹੈ ਅਤੇ ਗਰਮੀ ਬਹੁਤ ਵੱਧ ਗਈ ਹੈ।” 2018 ਵਿੱਚ ਵੀ, ਔਸਤ ਤੋਂ ਘੱਟ ਰਹੇ ਮਾਨਸੂਨ ਕਾਰਨ ਪਰਿਵਾਰ ਨੇ ਸਿਰਫ਼ ਚਾਰ ਕੁਇੰਟਲ ਹੀ ਫ਼ਸਲ ਦੀ ਵਾਢੀ ਕੀਤੀ। 2017, ਅਕਤੂਬਰ ਵਿੱਚ ਇੱਕ ਹੋਰ ਬੇਮੌਸਮੀ ਮੀਂਹ ਨੇ ਉਨ੍ਹਾਂ ਦੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਸੀ।

ਜਿਵੇਂ ਕਿ ਧਰਮ ਦੇਖਦੇ ਹਨ, ਗਰਮੀ ਲਗਾਤਾਰ ਵੱਧਦੀ ਜਾਂਦੀ ਮਹਿਸੂਸ ਹੁੰਦੀ ਹੈ ਅਤੇ "ਅਸਹਿਣਯੋਗ" ਬਣਦੀ ਜਾਂਦੀ ਹੈ। ਨਿਊਯਾਰਕ ਟਾਈਮਜ਼ ਦੇ ਜਲਵਾਯੂ ਅਤੇ ਗਲੋਬਲ ਵਾਰਮਿੰਗ 'ਤੇ ਇੱਕ ਇੰਟਰਐਕਟਿਵ ਪੋਰਟਲ ਤੋਂ ਪ੍ਰਾਪਤ ਡਾਟਾ ਦਰਸਾਉਂਦਾ ਹੈ ਕਿ 1960 ਵਿੱਚ, ਜਦੋਂ ਧਰਮ 20 ਸਾਲਾਂ ਦੇ ਸਨ, ਠਾਣੇ ਵਿੱਚ 175 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਰਹਿੰਦਾ। ਅੱਜ ਇਨ੍ਹਾਂ ਦਿਨਾਂ ਦੀ ਗਿਣਤੀ ਵੱਧ ਕੇ 237 ਹੋ ਗਈ ਹੈ ਜਿਨ੍ਹਾਂ ਵਿੱਚ ਤਾਪਮਾਨ 32 ਡਿਗਰੀ ਤੱਕ ਪਹੁੰਚ ਜਾਂਦਾ ਹੈ।

ਸ਼ਹਾਪੁਰ ਤਾਲੁਕਾ ਦੇ ਪਿੰਡਾਂ ਦੇ ਪਾਰ ਦੇ ਆਦਿਵਾਸੀ, ਕਈ ਹੋਰ ਪਰਿਵਾਰ ਝੋਨੇ ਦੀ ਪੈਦਾਵਾਰ ਵਿੱਚ ਗਿਰਾਵਟ ਬਾਰੇ ਗੱਲ ਕਰਦੇ ਹਨ। ਇਹ ਜ਼ਿਲ੍ਹਾ ਕਟਕਾਰੀ, ਮਲਹਾਰ ਕੋਲੀ, ਮਾ ਠਾਕੁਰ, ਵਾਰਲੀ ਅਤੇ ਹੋਰ ਆਦਿਵਾਸੀ ਭਾਈਚਾਰਿਆਂ ਦਾ ਘਰ ਹੈ - ਠਾਣੇ ਵਿੱਚ ਪਿਛੜੇ ਕਬੀਲਿਆਂ ਦੀ ਆਬਾਦੀ ਲਗਭਗ 1.15 ਮਿਲੀਅਨ (ਜਨਗਣਨਾ 2011), ਕੁੱਲ ਵਸੋਂ ਦਾ ਲਗਭਗ 14 ਪ੍ਰਤੀਸ਼ਤ ਹੈ।

ਸੋਮਨਾਥ ਚੌਧਰੀ, ਇੰਸਟੀਚਿਊਟ ਫਾਰ ਸਸਟੇਨੇਬਲ ਲਿਵਲੀਹੁੱਡਜ਼ ਐਂਡ ਡਿਵੈਲਪਮੈਂਟ, ਪੂਨੇ ਦੇ ਪ੍ਰੋਗਰਾਮ ਮੈਨੇਜਰ ਕਹਿੰਦੇ ਹਨ, “ਮੀਂਹ ਸਿਰ ਪਲ਼ਣ ਵਾਲ਼ੇ ਝੋਨੇ ਨੂੰ ਨਿਯਮਤ ਅੰਤਰਾਲਾਂ `ਤੇ ਪਾਣੀ ਦੀ ਲੋੜ ਹੁੰਦੀ ਹੈ, ਜਿਸ ਲਈ ਬਾਰਸ਼ ਦੀ ਸਹੀ ਵੰਡ ਲੋੜੀਂਦੀ ਹੁੰਦੀ ਹੈ। ਫ਼ਸਲੀ ਚੱਕਰ ਦੇ ਕਿਸੇ ਵੀ ਪੜਾਅ `ਤੇ ਪਾਣੀ ਦਾ ਪ੍ਰਭਾਵ ਪੈਦਾਵਾਰ ਨੂੰ ਘਟਾਉਂਦਾ ਹੈ।”

ਬਹੁਤ ਸਾਰੇ ਆਦਿਵਾਸੀ ਪਰਿਵਾਰ ਕੰਮ ਮੁਤਾਬਕ ਸਾਲ ਨੂੰ ਦੋ ਹਿੱਸਿਆਂ ਵਿੱਚ ਵੰਡ ਲੈਂਦੇ ਹਨ, ਅੱਧ ਸਾਲ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ 'ਤੇ ਝੋਨਾ (ਸਾਉਣੀ/ਖ਼ਰੀਫ ਦੀ ਫ਼ਸਲ) ਉਗਾਉਂਦੇ ਹਨ ਅਤੇ ਰਹਿੰਦੇ ਅੱਧੇ ਸਾਲ ਇੱਟ ਭੱਠਿਆਂ, ਗੰਨੇ ਦੇ ਖੇਤਾਂ ਅਤੇ ਹੋਰ ਕੰਮਾਂ ਲਈ ਪਰਵਾਸ ਕਰਦੇ ਹਨ। ਪਰ ਹੁਣ ਉਨ੍ਹਾਂ ਦੇ ਕੰਮ ਦਾ ਅੱਧ ਸਾਲ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ ਕਿਉਂਕਿ ਡਾਵਾਂਡੋਲ ਮਾਨਸੂਨ ਕਾਰਨ ਉਨ੍ਹਾਂ ਦੇ ਝੋਨੇ ਦੀ ਪੈਦਾਵਾਰ ਵਾਰ-ਵਾਰ ਘੱਟ ਰਹੀ ਹੈ।

ਜ਼ਿਲ੍ਹੇ ਵਿੱਚ ਸਾਉਣੀ ਦੇ ਮੌਸਮ ਵਿੱਚ 136,000 ਹੈਕਟੇਅਰ ਵਿੱਚ ਅਤੇ ਹਾੜ੍ਹੀ ਮੌਸਮ ਵਿੱਚ ਕਰੀਬ 3,000 ਹੈਕਟੇਅਰ ਸਿੰਜਾਈ ਵਾਲ਼ੀ ਜ਼ਮੀਨ (ਮੁੱਖ ਤੌਰ 'ਤੇ ਖੁੱਲ੍ਹੇ ਖੂਹ ਅਤੇ  ਬੋਰਵੈੱਲਾਂ) 'ਤੇ ਬਰਸਾਤੀ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ (ਸੈਂਟਰਲ ਰਿਸਰਚ ਇੰਸਟੀਚਿਊਟ ਫਾਰ ਡਰਾਈਲੈਂਡ ਐਗਰੀਕਲਚਰ ਦੇ 2009-10 ਦੇ ਅੰਕੜਿਆਂ ਅਨੁਸਾਰ)। ਇੱਥੇ ਉਗਾਈਆਂ ਜਾਣ ਵਾਲੀਆਂ ਕੁਝ ਹੋਰ ਮੁੱਖ ਫਸਲਾਂ ਬਾਜਰਾ, ਦਾਲਾਂ ਅਤੇ ਮੂੰਗਫਲੀ ਹਨ।

Savita Garel and Raju migrate every year to work in sufarcane fields: We don’t get water even to drink, how are we going to give life to our crops?'
PHOTO • Jyoti

ਸਵਿਤਾ ਗੈਰੇਲ ਅਤੇ ਰਾਜੂ ਹਰ ਸਾਲ ਗੰਨੇ ਦੇ ਖੇਤਾਂ ਵਿਚ ਕੰਮ ਕਰਨ ਲਈ ਪਰਵਾਸ ਕਰਦੇ ਹਨ: 'ਸਾਨੂੰ ਪੀਣ ਲਈ ਪਾਣੀ ਤਾਂ ਮਿਲ਼ਦਾ ਨਹੀਂ ਮਿਲਦਾ ਦੱਸੋ ਅਸੀਂ ਆਪਣੀਆਂ ਫ਼ਸਲਾਂ ਨੂੰ ਕਿਵੇਂ ਜਿਊਂਦਾ ਰੱਖਾਂਗੇ '

ਹਾਲਾਂਕਿ ਠਾਣੇ ਜ਼ਿਲ੍ਹੇ ਵਿੱਚ ਦੋ ਵੱਡੀਆਂ ਨਦੀਆਂ ਹਨ, ਉਲਹਾਸ ਅਤੇ ਵੈਤਰਨਾ, ਹਰੇਕ ਨਦੀ ਦੀਆਂ ਕਈ ਸਹਾਇਕ ਨਦੀਆਂ ਹਨ ਅਤੇ ਸ਼ਹਾਪੁਰ ਤਾਲੁਕਾ ਵਿੱਚ ਚਾਰ ਵੱਡੇ ਡੈਮ ਹਨ - ਭਾਤਸਾ, ਮੋਦਕ ਸਾਗਰ, ਤਾਨਸਾ ਅਤੇ ਅੱਪਰ ਵੈਤਰਨਾ- ਇੱਥੋਂ ਦੀਆਂ ਆਦਿਵਾਸੀ ਬਸਤੀਆਂ ਦੀ ਖੇਤੀ ਜ਼ਿਆਦਾਤਰ ਮੀਂਹ 'ਤੇ ਨਿਰਭਰ ਰਹਿੰਦੀ ਹੈ।

ਸ਼ਹਾਪੁਰ-ਅਧਾਰਤ ਸਮਾਜਿਕ ਕਾਰਕੁਨ ਅਤੇ ਭਾਟਸਾ ਸਿੰਚਾਈ ਪ੍ਰੋਜੈਕਟ ਪੁਨਰਵਾਸ ਕਮੇਟੀ ਦੇ ਸੰਯੋਜਕ ਬਾਬਨ ਹਰਾਨੇ ਦਾ ਕਹਿਣਾ ਹੈ, “ਚਾਰੋ ਡੈਮਾਂ ਦਾ ਪਾਣੀ ਮੁੰਬਈ ਨੂੰ ਸਪਲਾਈ ਕੀਤਾ ਜਾਂਦਾ ਹੈ। ਇੱਥੇ ਲੋਕਾਂ ਨੂੰ ਦਸੰਬਰ ਤੋਂ ਮਈ ਤੱਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੱਕ ਕਿ ਮਾਨਸੂਨ ਨਹੀਂ ਆਉਂਦਾ। ਇਸ ਲਈ ਗਰਮੀਆਂ ਦੌਰਾਨ ਟੈਂਕਰ ਹੀ ਪਾਣੀ ਦਾ ਵੱਡਾ ਸਰੋਤ ਹੁੰਦੇ ਹਨ।”

ਉਹ ਅੱਗੇ ਕਹਿੰਦੇ ਹਨ ਕਿ, “ਸ਼ਹਾਪੁਰ ਵਿੱਚ ਬੋਰਵੈੱਲਾਂ ਦੀ ਮੰਗ ਵੱਧ ਰਹੀ ਹੈ। ਜਲ ਵਿਭਾਗ ਦੁਆਰਾ ਖੁਦਾਈ ਕੀਤੇ ਜਾਣ ਤੋਂ ਇਲਾਵਾ, ਪ੍ਰਾਈਵੇਟ ਠੇਕੇਦਾਰ 700 ਮੀਟਰ ਤੋਂ ਵੱਧ ਗੈਰ-ਕਾਨੂੰਨੀ ਤੌਰ `ਤੇ ਖੁਦਾਈ ਕਰਦੇ ਹਨ।" ਭੂਮੀ ਹੇਠਲਾ ਪਾਣੀ ਸਰਵੇਖਣ ਅਤੇ ਵਿਕਾਸ ਏਜੰਸੀ ਦੀ ਸੰਭਾਵਤ ਪਾਣੀ ਸੰਕਟ ਰਿਪੋਰਟ, 2018, ਦਰਸਾਉਂਦੀ ਹੈ ਕਿ ਸ਼ਹਾਪੁਰ ਸਮੇਤ ਠਾਣੇ ਦੇ ਤਿੰਨ ਤਾਲੁਕਾਂ ਦੇ 41 ਪਿੰਡਾਂ ਵਿੱਚ ਭੂਮੀ ਹੇਠਲਾ ਪਾਣੀ ਖਤਮ ਹੋ ਗਿਆ ਹੈ।

ਰਾਜੂ ਕਹਿੰਦੇ ਹਨ ਕਿ, “ਸਾਨੂੰ ਪੀਣ ਲਈ ਵੀ ਪਾਣੀ ਨਹੀਂ ਮਿਲਦਾ, ਦੱਸੋ ਅਸੀਂ ਆਪਣੀਆਂ ਫਸਲਾਂ ਨੂੰ ਜਿਊਂਦਾ ਕਿਵੇਂ ਰੱਖਾਂਗੇ? ਵੱਡੇ ਕਿਸਾਨ ਜਿਵੇਂ-ਕਿਵੇਂ ਕੰਮ ਸਾਰ ਲੈਂਦੇ ਹਨ ਕਿਉਂਕਿ ਉਹ ਡੈਮ ਤੋਂ ਪਾਣੀ ਲੈਣ ਲਈ ਭੁਗਤਾਨ ਕਰ ਸਕਦੇ ਹਨ, ਉਨ੍ਹਾਂ ਕੋਲ਼ ਖੂਹ ਅਤੇ ਪੰਪ ਹਨ।”

ਪਾਣੀ ਦੀ ਕਮੀ ਇੱਕ ਕਾਰਨ ਹੈ ਕਿ ਸ਼ਹਾਪੁਰ ਦੀਆਂ ਆਦਿਵਾਸੀ ਬਸਤੀਆਂ ਦੇ ਬਹੁਤ ਸਾਰੇ ਲੋਕ ਹਰ ਸਾਲ ਨਵੰਬਰ ਤੋਂ ਮਈ ਤੱਕ ਕੰਮ ਲਈ ਪਲਾਇਨ ਕਰਦੇ ਹਨ। ਅਕਤੂਬਰ ਵਿੱਚ ਸਾਉਣੀ ਦੀ ਵਾਢੀ ਤੋਂ ਬਾਅਦ, ਉਹ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਇੱਟ ਭੱਠਿਆਂ ਜਾਂ ਗੰਨੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂਦੇ ਹਨ। ਉਹ ਸਾਉਣੀ ਦੀ ਫ਼ਸਲ ਦੀ ਬਿਜਾਈ ਵੇਲ਼ੇ ਹੀ ਵਾਪਸ ਮੁੜਦੇ ਹਨ ਪਰ ਆਪਣੇ ਨਾਲ਼ ਬਾਮੁਸ਼ਕਲ ਇੰਨੇ ਕੁ ਪੈਸੇ ਲਿਆ ਪਾਉਂਦੇ ਹਨ ਕਿ ਮਸਾਂ ਹੀ ਕੁਝ ਕੁ ਮਹੀਨਿਆਂ ਦਾ ਗੁਜ਼ਾਰਾ ਚੱਲ ਸਕੇ।

ਰਾਜੂ ਅਤੇ ਸਵਿਤਾ ਗੈਰੇਲ ਵੀ ਗੰਨੇ ਦੇ ਖੇਤ 'ਤੇ ਕੰਮ ਕਰਨ ਲਈ ਲਗਭਗ 500 ਕਿਲੋਮੀਟਰ ਦੂਰ ਨੰਦੁਰਬਾਰ ਜ਼ਿਲ੍ਹੇ ਦੀ ਸ਼ਹਾਦੇ ਤਾਲੁਕਾ ਦੇ ਪ੍ਰਕਾਸ਼ਾ ਪਿੰਡ ਵੱਲ ਪਰਵਾਸ ਕਰਦੇ ਹਨ। 2019 ਦਸੰਬਰ ਵਿੱਚ ਉਨ੍ਹਾਂ ਨੇ ਧਰਮਾ ਅਤੇ ਆਪਣੇ 12 ਸਾਲ ਦੇ ਬੇਟੇ ਅਜੈ ਨੂੰ ਪਿਛਾਂਹ ਗਰੇਲਪਾੜਾ ਹੀ ਛੱਡਿਆ ਅਤੇ ਕੁਝ ਦੇਰੀ ਨਾਲ਼ ਹੀ ਸਹੀ ਪਰ ਕੰਮ ਲਈ ਨਿਕਲ਼ ਪਏ। ਚਾਰ ਜੀਆਂ ਦੇ ਇਸ ਪਰਿਵਾਰ ਕੋਲ਼ ਜੂਨ ਤੱਕ ਗੁਜ਼ਾਰਾ ਚਲਾਉਣ ਲਈ ਸਿਰਫ਼ ਤਿੰਨ ਕੁਇੰਟਲ ਚੌਲ਼ ਹੀ ਸਨ। ਰਾਜੂ ਨੇ ਮਾੜੀ ਫ਼ਸਲ ਦਾ ਹਵਾਲ਼ਾ ਦਿੰਦੇ ਹੋਏ ਮੈਨੂੰ ਦੱਸਿਆ ਸੀ, “ਅਸੀਂ (ਨੇੜਲੇ) ਅਘਾਈ ਪਿੰਡ ਦੇ ਕਿਸਾਨਾਂ ਨਾਲ਼ ਅਨਾਜ ਆਦਾਨ-ਪ੍ਰਦਾਨ ਕਰ ਲੈਂਦੇ ਹੁੰਦੇ ਸਾਂ ਜਿਹੜੇ ਕਿ ਮਾਂਹ ਦੀ ਦਾਲ ਦੀ ਖੇਤੀ ਕਰਦੇ ਹਨ। ਇਸ ਵਾਰ, ਇਹ ਸੰਭਵ ਨਹੀਂ ਹੋਵੇਗਾ..."

Many in Shahapur speak of falling paddy yields. Right: '...the rain is not trustworthy,' says Malu Wagh, with his wife Nakula (left), daughter-in-law Lata and her nieces
PHOTO • Jyoti
Many in Shahapur speak of falling paddy yields. Right: '...the rain is not trustworthy,' says Malu Wagh, with his wife Nakula (left), daughter-in-law Lata and her nieces
PHOTO • Jyoti

ਸ਼ਹਾਪੁਰ ਵਿਖੇ ਕਈ ਲੋਕ ਝੋਨੇ ਦੇ ਝਾੜ ਵਿੱਚ ਆਈ ਗਿਰਾਵਟ ਦੀ ਗੱਲ ਕਰਦੇ ਹਨ। ਸੱਜੇ: 'ਮੀਂਹ ਹੁਣ ਭਰੋਸੇ ਦੇ ਕਾਬਲ ਨਹੀਂ ਰਿਹਾ,' ਮਾਲੂ ਵਾਘ ਕਹਿੰਦੇ ਹਨ, ਤਸਵੀਰ ਵਿੱਚ ਉਨ੍ਹਾਂ ਦੀ ਪਤਨੀ ਨਕੁਲਾ (ਖੱਬੇ), ਨੂੰਹ ਲਤਾ ਅਤੇ ਭਤੀਜੀਆਂ ਨਜ਼ਰ ਆ ਰਹੀਆਂ ਹਨ

ਉਹ ਅਤੇ ਸਵਿਤਾ ਰਲ਼ ਕੇ ਤਕਰੀਬਨ 70,000 ਰੁਪਏ ਕਮਾਉਂਦੇ ਹਨ ਜੋ ਪੈਸਾ ਉਨ੍ਹਾਂ ਨੂੰ ਗੰਨੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਬਦਲੇ ਮਿਲ਼ਿਆ ਹੈ। ਰਾਜੂ, ਸ਼ਹਾਪੁਰ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਭਿਵੰਡੀ ਤਾਲੁਕਾ ਵਿਖੇ ਇੱਕ ਆਨਲਾਈਨ ਖਰੀਦਦਾਰੀ ਵੇਅਰਹਾਊਸ ਵਿੱਚ ਬਤੌਰ ਲੋਡਰ (ਭਾਰ ਲੱਦਣ/ਲਾਹੁਣ ਵਾਲ਼ਾ) ਕੰਮ ਕਰਦੇ ਹਨ, ਇਹ ਕੰਮ ਜੂਨ ਅਤੇ ਸਤੰਬਰ ਵਿਚਕਾਰ ਮਿਲ਼ਦਾ ਹੈ ਅਤੇ ਉਹ 50 ਦਿਨਾਂ ਦੇ ਕੰਮ ਵਿੱਚ 300 ਰੁਪਏ ਦਿਹਾੜੀ ਕਮਾਉਂਦੇ ਹਨ।

ਗਰੇਲਪਾਡਾ ਤੋਂ ਲਗਭਗ 40 ਕਿਲੋਮੀਟਰ ਦੂਰ, ਬਰਸ਼ਿੰਗੀਪਾੜਾ ਪਿੰਡ ਵਿੱਚ, ਮਾਲੂ ਵਾਘ ਦਾ ਪਰਿਵਾਰ ਵੀ ਝੋਨੇ ਦੀ ਘੱਟ ਰਹੀ ਪੈਦਾਵਾਰ ਨਾਲ਼ ਜੂਝ ਰਿਹਾ ਹੈ। ਉਨ੍ਹਾਂ ਦੀ ਇਸ ਕੱਚੇ ਢਾਰੇਨੁਮਾ ਝੌਂਪੜੀ ਦੇ ਇੱਕ ਕੋਨੇ ਵਿੱਚ, ਇੱਕ ਕਣਗੀ ਪਈ ਹੈ ਜੋ ਕਿ ਬਾਂਸ ਦਾ ਇੱਕ ਭਾਂਡਾ ਹੈ ਜਿਹਨੂੰ ਗਾਂ ਦੇ ਗੋਬਰ ਨਾਲ਼ ਲਿਪਿਆ ਹੁੰਦਾ ਹੈ, ਉਸ ਵਿੱਚ ਦੋ ਕੁਇੰਟਲ ਝੋਨਾ ਸਾਂਭਿਆ ਪਿਆ ਹੈ ਜਿਹਦੇ ਵਿੱਚ ਨਿੰਮ ਦੇ ਸੁੱਕੇ ਪੱਤੇ ਸੁੱਟੇ ਗਏ ਹਨ ਤਾਂ ਅਨਾਜ ਨੂੰ ਸੁਸਰੀ ਅਤੇ ਕੀੜਿਆਂ ਤੋਂ ਬਚਾਇਆ ਜਾਵੇ।  ਮਾਲੂ ਨੇ ਮੈਨੂੰ ਪਿਛਲੇ ਨਵੰਬਰ ਵਿੱਚ ਕਿਹਾ, “ਇਹੀ ਉਨ੍ਹਾਂ ਦੇ ਘਰ ਦੀ ਸਭ ਤੋਂ ਕੀਮਤੀ ਚੀਜ਼ ਹੈ। ਮੀਂਹ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਸਾਨੂੰ ਆਪਣੀ ਉਪਜ ਨੂੰ ਧਿਆਨ ਨਾਲ਼ ਵਰਤਣਾ ਚਾਹੀਦਾ ਹੈ। ਇਹ (ਮੀਂਹ) ਤਾਂ ਆਪਣੀ ਮਰਜ਼ੀ ਦਾ ਮਾਲਕ ਹੈ, ਸਾਡੀ ਗੱਲ ਕਿੱਥੇ ਸੁਣਦਾ!”

ਅਧਿਐਨਾਂ ਤੋਂ ਵੀ ਪਤਾ ਚੱਲਦਾ ਹੈ ਕਿ ਇਹ ਸੱਚ ਹੈ- ਮੀਂਹ ਚਲਾਕ ਹੋ ਗਿਆ ਹੈ। ''ਅਸੀਂ ਮਹਾਂਰਾਸ਼ਟਰ ਦੇ 100 ਤੋਂ ਵੱਧ ਮੀਂਹ ਦੇ ਸਾਲਾਂ ਦਾ ਵਿਸ਼ਲੇਸ਼ਣ ਕੀਤਾ,'' ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੁਆਰਾ 2013 ਵਿੱਚ ਕੀਤੇ ਗਏ ਇੱਕ ਅਧਿਐਨ ਦੇ ਪ੍ਰਮੁੱਖ ਲੇਖਕ, ਡਾ. ਪੁਲਕ ਗੁਹਾਠਾਕੁਰਤਾ ਕਹਿੰਦੇ ਹਨ। ਸਿਰਲੇਖ: Detecting changes in rainfall pattern and seasonality index vis-à-vis increasing water scarcity in Maharashtra (ਮਹਾਰਾਸ਼ਟਰ ਵਿੱਚ ਮੀਂਹ ਦੇ ਪੈਟਰਨ ਅਤੇ ਮੌਸਮ-ਤੱਤ ਸੂਚਕਾਂਕ ਵਿੱਚ ਬਦਲਾਓ ਦੇ ਨਾਲ਼ ਪਾਣੀ ਦੀ ਲਗਾਤਾਰ ਕਿੱਲਤ ਦਾ ਪਤਾ ਲਾਉਣਾ), ਇਸ ਅਧਿਆਇ ਵਿੱਚ ਰਾਜ ਦੇ ਸਾਰੇ 35 ਜ਼ਿਲ੍ਹਿਆਂ ਵਿੱਚ 1901-2006 ਵਿਚਾਲੇ ਮੀਂਹ ਦੇ ਮਹੀਨੇਵਾਰ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ''ਇਸ ਵਿਸ਼ਲੇਸ਼ਣ ਵਿੱਚ ਇੱਕ ਗੱਲ ਸਪੱਸ਼ਟ ਹੈ ਕਿ ਜਲਵਾਯੂ ਤਬਦੀਲੀ, ਛੋਟੇ ਇਲਾਕੇ ਦੀ ਭੂਗੋਲਿਕ ਅਤੇ ਕਾਲ਼-ਚੱਕਰ ਪੈਟਰਨ ਨੂੰ ਵੀ ਪ੍ਰਭਾਵਤ ਕਰ ਰਹੀ ਹੈ... ਇਹ ਬਦਲਦੇ ਪੈਟਰਨ ਖੇਤੀ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹਨ, ਖ਼ਾਸ ਕਰਕੇ ਮੀਂਹ 'ਤੇ ਨਿਰਭਰ ਖੇਤੀ ਇਲਾਕਿਆਂ ਵਿੱਚ,'' ਡਾ. ਗੁਹਾਠਾਕੁਰਤਾ ਕਹਿੰਦੇ ਹਨ, ਜੋ ਜਲਵਾਯੂ ਖ਼ੋਜ ਅਤੇ ਸੇਵਾ ਦਫ਼ਤਰ, ਆਈਐੱਮਡੀ, ਪੂਨੇ ਦੇ ਵਿਗਿਆਨਕ ਹਨ।

ਇਹ ਬਦਲਦੇ ਪੈਟਰਨ ਜ਼ਮੀਨ 'ਤੇ ਬਹੁਤ ਹੀ ਡੂੰਘਾ ਪ੍ਰਭਾਵ ਪਾ ਰਹੇ ਹਨ। ਇਸ ਲਈ ਜਦੋਂ 56 ਸਾਲਾ ਮਾਲੂ ਵਾਘ ਅਤੇ ਉਨ੍ਹਾਂ ਦਾ ਪਰਿਵਾਰ ਨੇ, ਜੋ ਕਿ ਕਟਕਾਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ, ਨਵੰਬਰ 2019 ਵਿੱਚ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਵਾਪੀ ਕਸਬੇ ਵਿਖੇ ਇੱਟ ਭੱਠੇ 'ਤੇ ਕੰਮ ਕਰਨ ਲਈ ਰਵਾਨਾ ਹੋਇਆ, ਪਿੰਡ ਦੇ 27 ਆਦਿਵਾਸੀ ਪਰਿਵਾਰਾਂ ਨੇ ਵੀ ਇੰਝ ਹੀ ਕੀਤਾ ਸੀ। ਉਨ੍ਹਾਂ ਨੇ ਆਪਣੇ ਨਾਲ਼ 50 ਕਿਲੋ ਚੌਲ਼ ਲੈ ਲਏ ਜਦੋਂਕਿ ਪਿਛਾਂਹ ਆਪਣੀ ਬੰਦ ਝੌਂਪੜੀ ਵਿੱਚ ਸਿਰਫ ਦੋ ਕੁਇੰਟਲ ਚੌਲ਼ ਹੀ ਛੱਡੇ ਤਾਂਕਿ ਜਦੋਂ ਉਹ ਵਾਪਸ ਮੁੜਨ ਅਤੇ ਮਈ-ਜੂਨ ਤੋਂ ਅਕਤੂਬਰ ਤੱਕ ਬੇਰਸ਼ਿੰਗੀਪਾੜਾ ਵਿੱਚ ਹੀ ਰੁੱਕਣ ਤਾਂ ਇਹੀ ਉਨ੍ਹਾਂ ਦਾ ਭੋਜਨ ਬਣਨ।

ਤਕਰੀਬਨ 5 ਤੋਂ 10 ਸਾਲ ਪਹਿਲਾਂ, ਅਸੀਂ 8-10 ਕੁਇੰਟਲ ਦੀ ਵਾਢੀ ਕਰਦੇ ਅਤੇ 4 ਤੋਂ 5 ਕੁਇੰਟਲ ਚੌਲ਼ ਮੇਰੇ ਘਰ ਵਿੱਚ ਹੀ ਪਏ ਰਹਿੰਦੇ ਸਨ। 50 ਸਾਲਾ ਨਕੁਲਾ, ਮਾਲੂ ਦੀ ਪਤਨੀ ਕਹਿੰਦੀ ਹਨ, "ਜਦੋਂ ਵੀ ਲੋੜ ਹੁੰਦੀ, ਅਸੀਂ ਇਨ੍ਹਾਂ ਚੌਲ਼ਾਂ ਵਿੱਚੋਂ ਕੁਝ ਅਨਾਜ ਨੂੰ ਹੋਰਨਾਂ ਅਨਾਜਾਂ ਜਿਵੇਂ ਮਾਂਹ ਦੀ ਦਾਲ, ਨਾਗਲੀ (ਰਾਗੀ), ਵੜਾਈ (ਬਾਜਰਾ) ਅਤੇ ਹਰਭਰਾ (ਚੋਨਾ) ਨਾਲ਼ ਵਟਾ ਲਿਆ ਕਰਦੇ, ਜੋ ਕਿ ਉੱਥੋਂ ਦੇ ਹੋਰ ਕਿਸਾਨ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਸਨ।"। ਇਸ ਅਨਾਜ ਨਾਲ਼ ਸਾਡੇ ਪੰਜ ਜੀਆਂ ਦੇ ਪਰਿਵਾਰ ਦਾ ਸਾਲ ਕੁ ਲੰਘ ਹੀ ਜਾਂਦਾ। “ਪਿਛਲੇ ਪੰਜ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਅਸੀਂ 6 ਤੋਂ 7 ਕੁਇੰਟਲ ਤੋਂ ਵੱਧ ਝੋਨੇ ਦੀ ਵਾਢੀ ਨਹੀਂ ਕੀਤੀ।”

ਮਾਲੂ ਅੱਗੇ ਕਹਿੰਦੇ ਹਨ, “ਸਾਲ ਦਰ ਸਾਲ ਝਾੜ ਘੱਟ ਰਿਹਾ ਹੈ।

In one corner of Malu Wagh's hut, paddy is stored amid neem leaves in a kanagi: 'That’s the most precious thing in the house now'
PHOTO • Jyoti
In one corner of Malu Wagh's hut, paddy is stored amid neem leaves in a kanagi: 'That’s the most precious thing in the house now'
PHOTO • Jyoti

ਮਾਲੂ ਵਾਘ ਦੀ ਝੌਂਪੜੀ ਦੇ ਇੱਕ ਕੋਨੇ, ਝੋਨੇ ਨੂੰ ਇਕ ਕਣਗੀ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਅਨਾਜ ਵਿੱਚ ਨਿੰਮ ਦੇ ਪੱਤੇ ਸੁੱਟੇ ਗਏ ਹਨ: 'ਹੁਣ ਇਹ ਅਨਾਜ ਹੀ ਘਰ ਦੀ ਸਭ ਤੋਂ ਕੀਮਤੀ ਵਸਤੂ ਹੈ '

ਪਿਛਲੇ ਸਾਲ ਅਗਸਤ ਵਿੱਚ ਜਦੋਂ ਮੀਂਹ ਨੇ ਜ਼ੋਰ ਫੜ੍ਹਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਪਰ ਅਕਤੂਬਰ ਦੇ 11 ਦਿਨਾਂ ਵਿੱਚ 102 ਮਿਲੀਮੀਟਰ ਦੀ ਬੇਮੌਸਮੀ ਅਤੇ ਭਾਰੀ ਮੀਂਹ ਨੇ ਪਰਿਵਾਰ ਦੇ ਇੱਕ ਏਕੜ ਖੇਤ ਵਿੱਚ ਪਾਣੀ ਭਰ ਦਿੱਤਾ। ਇਸ ਮੀਂਹ ਕਾਰਨ ਝੋਨੇ ਦੀ ਵੱਢੀ ਫ਼ਸਲ ਗੜੁੱਚ ਹੋ ਗਈ ਉਸ ਵਿੱਚੋਂ ਸਿਰਫ਼ ਤਿੰਨ ਕੁਇੰਟਲ ਹੀ ਬਚਾਈ ਜਾ ਸਕੀ। ਮਾਲੂ ਦਾ ਕਹਿਣਾ ਹੈ, “ਜਿਹੜੇ 10,000 ਰੁਪਏ ਅਸੀਂ ਬੀਜਾਂ, ਖਾਦ ਅਤੇ ਬਲਦਾਂ ਨੂੰ ਕਿਰਾਏ 'ਤੇ ਲੈਣ ਬਦਲੇ ਖਰਚ ਕੀਤੇ ਉਹ ਵੀ ਬਰਬਾਦ ਹੋ ਗਏ।

ਠਾਣੇ ਜ਼ਿਲ੍ਹੇ ਦੇ ਸ਼ਹਾਪੁਰ ਤਾਲੁਕਾ ਦੇ ਇਸ ਪਿੰਡ ਦੇ ਜ਼ਿਆਦਾਤਰ 12 ਕਾਤਕਰੀ ਅਤੇ 15 ਮਲਹਾਰ ਕੋਲੀ ਪਰਿਵਾਰਾਂ ਨੂੰ ਇਹ ਨੁਕਸਾਨ ਝੱਲਣਾ ਪਿਆ।

''ਮਾਨਸੂਨ ਪਹਿਲਾਂ ਤੋਂ ਹੀ ਵਿਤੋਂਵੱਧ ਡਾਵਾਂਡੋਲ ਹੈ। ਜਲਵਾਯੂ ਤਬਦੀਲੀ ਕਾਰਨ ਇਹ ਡਾਵਾਂਡੋਲਤਾ ਹੋਰ ਵੱਧ ਜਾਂਦੀ ਹੈ, ਜਿਹਦੇ ਕਾਰਨ ਕਿਸਾਨ ਆਪਣੇ ਫ਼ਸਲੀ ਚੱਕਰ ਅਤੇ ਪਸੰਦੀਦਾ ਫ਼ਸਲ ਪੈਟਰਨ ਦਾ ਪਾਲਣ ਕਰਨ ਵਿੱਚ ਅਸਮਰੱਥ ਰਹਿੰਦੇ ਹਨ,'' ਭਾਰਤੀ ਤਕਨੀਕੀ ਸੰਸਥਾ, ਬੰਬੇ ਵਿੱਚ ਜਲਵਾਯੂ ਅਧਿਐਨ ਇੰਟਰਡਿਸਿਪਲੀਨਰੀ ਪ੍ਰੋਗਰਾਮ ਦੇ ਸੰਯੋਜਕ, ਪ੍ਰੋ. ਪਾਰਥਸਾਰਥੀ ਕਹਿੰਦੇ ਹਨ। ਉਨ੍ਹਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮਹਾਰਾਸ਼ਟਰ ਦੇ ਨਾਸਿਕ ਅਤੇ ਕੋਂਕਣ ਜ਼ਿਲ੍ਹੇ ਵਿੱਚ ਮੀਂਹ ਦੀ ਤੀਬਰਤਾ ਵਾਲ਼ੇ ਦਿਨਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲ਼ ਰਿਹਾ ਹੈ, ਜਦੋਂਕਿ ਠਾਣੇ ਜ਼ਿਲ੍ਹੇ ਵਿੱਚ 1976-77 ਤੋਂ ਬਾਅਦ ਵਿਤੋਂਵੱਧ ਮੀਂਹ ਦੇ ਦਿਨਾਂ ਦੀ ਗਿਣਤੀ ਵਿੱਚ ਭੇਦ ਹੈ।

ਇਸ ਅਧਿਐਨ ਨੂੰ ਖੇਤੀਬਾੜੀ `ਤੇ ਹੋ ਰਹੇ ਜਲਵਾਯੂ ਤਬਦੀਲੀ ਦੇ ਪ੍ਰਭਾਵ 'ਤੇ ਕੇਂਦਰਤ ਕੀਤਾ ਗਿਆ ਅਤੇ ਇਸ ਵਿੱਚ 1951 ਤੋਂ 2013 ਦੇ ਵਿਚਾਲੇ 62 ਸਾਲਾਂ ਲਈ ਮਹਾਰਾਸ਼ਟਰ ਦੇ 34 ਜ਼ਿਲ੍ਹਿਆਂ ਤੋਂ ਇੱਕਠੇ ਕੀਤੇ ਗਏ ਰੋਜ਼ਾਨਾ ਮੀਂਹ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਪ੍ਰੋ. ਪਾਰਥਾਸਾਰਥੀ ਕਹਿੰਦੇ ਹਨ, “ਜਲਵਾਯੂ ਤਬਦੀਲੀ ਕੁਝ ਹੱਦ ਤੱਕ (ਵਰਖਾ) ਦੇ ਪੈਟਰਨ ਨੂੰ ਪ੍ਰਭਾਵਿਤ ਕਰਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਬਰਸਾਤੀ ਮੌਸਮ ਦੀ ਸ਼ੁਰੂਆਤ ਅਤੇ ਮਾਨਸੂਨ ਦੀ ਵਾਪਸੀ, ਨਮੀ ਵਾਲ਼ੇ ਅਤੇ ਸੁੱਕੇ ਦਿਨ ਅਤੇ ਮੀਂਹ ਦੀ ਕੁੱਲ ਮਾਤਰਾ ਸਾਰਾ ਕੁਝ ਹੀ ਬਦਲ ਰਿਹਾ ਹੈ, ਜਿਸ ਕਰਕੇ ਬਿਜਾਈ ਦਾ ਸਮਾਂ, ਫੁਟਾਲ਼ੇ ਦੀ ਦਰ ਅਤੇ ਕੁੱਲ ਝਾੜ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਕਦੇ ਕਦੇ ਵੱਡੇ ਪੱਧਰ 'ਤੇ ਫ਼ਸਲ ਤਬਾਹ ਹੋ ਰਹੀ ਹੈ।''

ਬੇਰਸਿੰਘੀਪਾੜਾ ਤੋਂ 124 ਕਿਲੋਮੀਟਰ ਦੂਰ ਨੇਹਰੋਲੀ ਪਿੰਡ ਵਿੱਚ, 60 ਸਾਲਾ ਇੰਦੂ ਅਗੀਵਾਲ਼ੇ, ਜੋ ਕਿ ਮਾਂ ਠਾਕੁਰ ਭਾਈਚਾਰੇ ਨਾਲ਼ ਸਬੰਧਤ ਹੈ, ਵੀ ਇਨ੍ਹਾਂ ਬਦਲਦੇ ਪੈਟਰਨਾਂ ਦੀ ਗੱਲ ਕਰਦੀ ਹਨ। ਉਨ੍ਹਾਂ ਨੇ ਕਿਹਾ, “ਅਸੀਂ ਬੀਜ ਰੋਹਿਣੀ ਨਕਸ਼ਤਰ (25 ਮਈ ਤੋਂ 7 ਜੂਨ) ਵਿੱਚ ਬੀਜਾ ਦਿੰਦੇ। ਪੁਸ਼ਯ (20 ਜੁਲਾਈ ਤੋਂ 2 ਅਗਸਤ) ਆਉਣ ਤੱਕ, ਸਾਡੀਆਂ ਫਸਲਾਂ ਲਵਾਈ ਕਰਨ ਲਈ ਤਿਆਰ ਹੋ ਜਾਂਦੀਆਂ। ਚਿਤਰਾ ਨਕਸ਼ਤਰ (10 ਅਕਤੂਬਰ ਤੋਂ 23 ਅਕਤੂਬਰ) ਤੱਕ ਅਸੀਂ ਕਟਾਈ ਅਤੇ ਪਿੜਾਈ ਸ਼ੁਰੂ ਕਰ ਦਿੰਦੇ। ਹੁਣ ਇਸ ਸਭ (ਝੋਨੇ ਦੀ ਕਾਸ਼ਤ ਪ੍ਰਕਿਰਿਆ) ਵਿੱਚ ਦੇਰੀ ਹੋ ਰਹੀ ਹੈ। ਲੰਬੇ ਸਮੇਂ ਤੋਂ, ਵਰਖਾ ਨਕਸ਼ਤਰਾਂ ਦੇ ਅਨੁਸਾਰ ਨਹੀਂ ਹੋ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ।”

ਇੰਦੂ ਵਧਦੀ ਗਰਮੀ ਦੀ ਗੱਲ ਕਰਦੀ ਹੈ। “ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹੀ ਗਰਮੀ ਕਦੇ ਨਹੀਂ ਦੇਖੀ। ਜਦੋਂ ਮੈਂ ਬੱਚੀ ਸੀ, ਤਾਂ ਰੋਹਿਣੀ ਨਕਸ਼ਤਰ ਵਿੱਚ ਹੀ ਮੀਂਹ ਸ਼ੁਰੂ ਹੋ ਜਾਂਦਾ ਸੀ। ਇਹ ਮੀਂਹ ਲਗਾਤਾਰ ਵਰ੍ਹਦਾ ਰਹਿੰਦਾ ਜੋ ਕਿ ਗਰਮੀ ਤੋਂ ਬਾਅਦ ਦੀ ਗਰਮ ਜ਼ਮੀਨ ਨੂੰ ਠੰਡਾ ਕਰ ਦਿੰਦਾ। ਗਿੱਲੀ ਮਿੱਟੀ ਦੀ ਖੁਸ਼ਬੂ ਹਵਾ ਵਿੱਚ ਤੈਰ ਰਹਿੰਦੀ। ਹੁਣ ਉਹ ਖ਼ੁਸ਼ਬੂ ਦੁਰਲੱਭ ਹੋ ਗਈ ਹੈ..." ਉਹ ਆਪਣੇ ਦੋ ਏਕੜ ਖੇਤ ਵਿੱਚ ਵਾੜ ਲਾਉਣ ਲਈ ਇੱਕ ਸਿਰੇ 'ਤੇ ਟੋਆ ਪੁੱਟਦਿਆਂ ਕਹਿੰਦੀ ਹਨ।

Top row: 'For a long time now, the rainfall is not according to the nakshatras,' says Indu Agiwale. Botttom row: Kisan Hilam blames hybrid seeds for the decreasing soil fertility
PHOTO • Jyoti

ਉੱਪਰਲੀ ਕਤਾਰ: 'ਹੁਣ ਲੰਬੇ ਸਮੇਂ ਤੋਂ ਮੀਂਹ ਨਕਸ਼ਤਰਾਂ ਦੇ ਅਨੁਸਾਰ ਨਹੀਂ ਪੈ ਰਿਹਾ', ਇੰਦੂ ਆਗਿਵਲੇ ਕਹਿੰਦੇ ਹਨ। ਹੇਠਲੀ ਕਤਾਰ: ਕਿਸਨ ਹਿਲਮ ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਲਈ ਹਾਈਬ੍ਰਿਡ ਬੀਜਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ

ਇੱਥੋਂ ਦੇ ਕਿਸਾਨ ਕਹਿੰਦੇ ਹਨ ਕਿ ਅਸਮਾਨ ਮੀਂਹ, ਘੱਟਦੇ ਝਾੜ ਅਤੇ ਵੱਧਦੇ ਤਾਪਮਾਨ ਦੇ ਨਾਲ਼ ਨਾਲ਼ ਸ਼ਹਾਪੁਰ ਵਿੱਚ ਮਿੱਟੀ ਦੀ ਜਰਖ਼ੇਜਤਾ ਵੀ ਘੱਟ ਹੋ ਰਹੀ ਹੈ ਅਤੇ ਨੇਹਰੋਲੀ ਪਿੰਡ ਦੇ 68 ਸਾਲਾ ਕਿਸਨ ਹਿਲਮ ਇਹਦੇ ਲਈ ਹਾਈਬ੍ਰਿਡ ਬੀਜ ਅਤੇ ਰਸਾਇਣਿਕ ਖਾਦਾਂ ਨੂੰ ਹੀ ਦੋਸ਼ ਦਿੰਦੇ ਹਨ। ''ਮਸੂਰੀ, ਚਿਕੰਦਰ, ਪੋਸ਼ੀ, ਡਾਂਗੇ... ਕੌਣ ਹੈ ਜਿਹਦੇ ਕੋਲ਼ ਇਹ ਰਵਾਇਤੀ ਬੀਜ਼ ਹੋਣ? ਕਿਸੇ ਕੋਲ਼ ਵੀ ਨਹੀਂ। ਸਾਰੇ ਲੋਕ ਪਰੰਪਰਾ ਨੂੰ ਛੱਡ ਕੇ ਔਸ਼ਧੀ ਵਾਲ਼ੇ (ਹਾਈਬ੍ਰਿਡ) ਬੀਜਾਂ ਨੂੰ ਅਪਣਾਉਣ ਲੱਗੇ ਹਨ। ਹੁਣ ਕੋਈ ਵੀ ਬੀਜ਼ ਦਾ ਸੰਰਖਣ ਨਹੀਂ ਕਰਦਾ...'' ਉਹ ਕਹਿੰਦੇ ਹਨ।

ਜਦੋਂ ਅਸੀਂ ਮਿਲੇ, ਤਾਂ ਉਹ ਕੰਢੇਦਾਰ ਪੰਜੇਨੁਮਾ ਔਜਾਰ ਦੇ ਨਾਲ਼ ਮਿੱਟੀ ਵਿੱਚ ਹਾਈਬ੍ਰਿਡ ਬੀਜਾਂ ਨੂੰ ਰਲ਼ਾ ਰਹੇ ਸਨ। ''ਮੈਂ ਇਨ੍ਹਾਂ ਦਾ ਇਸਤੇਮਾਲ ਕਰਨ ਦੇ ਖ਼ਿਲਾਫ਼ ਸਾਂ। ਰਵਾਇਤੀ ਬੀਜ ਘੱਟ ਝਾੜ ਦਿੰਦੇ ਹਨ, ਪਰ ਉਹ ਵਾਤਾਵਰਣ ਦੇ ਨਾਲ਼ ਤਾਲਮੇਲ਼ ਬਿਠਾਈ ਰੱਖਦੇ ਹਨ। ਇਹ ਨਵੇਂ ਬੀਜ ਔਸ਼ਧ (ਖਾਦਾਂ) ਦੇ ਬਗ਼ੈਰ ਉੱਗ ਵੀ ਨਹੀਂ ਸਕਦੇ। ਇਹ ਮਿੱਟੀ ਦੀ ਜਰਖ਼ੇਜਤਾ ਨੂੰ ਘੱਟ ਕਰ ਦਿੰਦੇ ਹਨ ਫਿਰ ਭਾਵੇਂ ਮੀਂਹ ਖੁੱਲ੍ਹ ਕੇ ਪਵੇ ਜਾਂ ਨਾ।

“ਕਿਸਾਨ ਆਪਣੇ ਰਵਾਇਤੀ ਬੀਜਾਂ ਦੇ ਸਟਾਕ ਨੂੰ ਸੁਰੱਖਿਅਤ ਰੱਖਣ ਦੀ ਬਜਾਏ ਬੀਜ ਕੰਪਨੀਆਂ `ਤੇ ਨਿਰਭਰ ਹੁੰਦੇ ਜਾ ਰਹੇ ਹਨ। ਪਰ ਇਹਨਾਂ ਹਾਈਬ੍ਰਿਡ ਬੀਜਾਂ ਨੂੰ, ਸਮੇਂ ਦੇ ਨਾਲ਼, ਖਾਦਾਂ, ਕੀਟਨਾਸ਼ਕਾਂ ਅਤੇ ਪਾਣੀ ਦੀ ਜ਼ਿਆਦਾ ਮਾਤਰਾ ਦੀ ਲੋੜ ਹੁੰਦੀ ਹੈ। ਜੇ ਇਹ ਸਾਰਾ ਕੁਝ ਨਾ ਮਿਲ਼ੇ ਤਾਂ ਉਹ ਗਾਰੰਟੀਸ਼ੁਦਾ ਉਪਜ ਵੀ ਨਹੀਂ ਦੇ ਸਕਦੇ। ਇਸ ਦਾ ਮਤਲਬ ਹੈ ਕਿ ਬਦਲਦੀਆਂ ਜਲਵਾਯੂ ਹਾਲਤਾਂ ਵਿੱਚ, ਹਾਈਬ੍ਰਿਡ ਟਿਕਾਊ ਨਹੀਂ ਹੁੰਦੇ,'' ਸੰਜੇ ਪਾਟਿਲ, BAIF, ਇੰਸਟੀਚਿਊਟ ਫਾਰ ਸਸਟੇਨੇਬਲ ਆਜੀਵਿਕਾ ਅਤੇ ਵਿਕਾਸ, ਪੂਨੇ ਦੇ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਦੱਸਦੇ ਹਨ। ''ਹੁਣ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਦੇ ਕਾਰਨ ਸਮੇਂ ਸਿਰ ਅਤੇ ਅਨੁਮਾਨ ਮੁਤਾਬਕ ਮੀਂਹ ਦੁਰਲੱਭ ਹੈ, ਇਸ ਲਈ ਇੱਕ ਪ੍ਰਧਾਨ ਫ਼ਸਲ ਦਾ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਜੋ ਬਦਲਦੀਆਂ ਹਾਲਾਤਾਂ ਦੇ ਅਨੁਕੂਲ/ਉੱਗ ਸਕੇ।"

“ਉਨ੍ਹਾਂ ਸਥਾਨਾਂ ਲਈ ਵਰਤੇ ਜਾਣ ਵਾਲ਼ੇ ਚੌਲ਼ਾਂ ਦੇ ਰਵਾਇਤੀ ਬੀਜ, ਮੌਸਮੀ ਹਾਲਤਾਂ ਵਿੱਚ ਤਬਦੀਲੀਆਂ ਦੇ ਬਾਵਜੂਦ ਕੁਝ ਝਾੜ/ਪੈਦਾਵਾਰ ਦੇਣ ਲਈ ਕਾਫ਼ੀ ਹਨ,'' ਬੀਆਈਏਐੱਫ਼ ਦੇ ਸੋਮਨਾਥ ਚੌਧਰੀ ਕਹਿੰਦੇ ਹਨ।

ਹਾਈਬ੍ਰਿਡ ਬੀਜਾਂ ਨੂੰ ਵੀ ਆਮ ਤੌਰ 'ਤੇ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ਅਤੇ ਮੀਂਹ 'ਤੇ ਨਿਰਭਰ ਰਹਿਣ ਵਾਲ਼ੇ ਪਿੰਡਾਂ ਵਿੱਚ, ਜੇਕਰ ਮੀਂਹ ਅਸਮਾਨ ਪੈਂਦਾ ਹੈ, ਤਾਂ ਫਸਲਾਂ ਨੂੰ ਨੁਕਸਾਨ ਹੁੰਦਾ ਹੈ।

ਇਸ ਦੌਰਾਨ, ਇਸ ਸਾਲ ਦੇ ਸ਼ੁਰੂ ਵਿੱਚ, ਵਾਪੀ ਵਿੱਚ ਇੱਟ ਭੱਠੇ ਵਿਖੇ ਆਪਣੀ ਅਸਥਾਈ ਝੌਂਪੜੀ ਵਿੱਚ, ਮਾਲੂ, ਨਕੁਲਾ, ਉਨ੍ਹਾਂ ਦਾ ਪੁੱਤਰ ਰਾਜੇਸ਼, ਨੂੰਹ ਲਤਾ ਅਤੇ 10 ਸਾਲਾ ਪੋਤੀ ਸੁਵਿਧਾ ਖਾਣਾ ਖਾ ਰਹੇ ਸਨ ਜਦੋਂ ਸਾਡੀ ਫੋਨ `ਤੇ ਗੱਲ ਹੋਈ। ਉਨ੍ਹਾਂ ਨੇ ਆਪਣੇ ਖਾਣੇ ਵਿੱਚ ਕੁਝ ਕਟੌਤੀ ਕੀਤੀ ਹੈ ਹੁਣ ਉਹ ਦਿਨ ਵਿੱਚ ਇੱਕ ਬੈਂਗਣ, ਆਲੂ ਜਾਂ ਕਦੇ-ਕਦੇ ਟਮਾਟਰ ਸ਼ੋਰਬੇ (ਰਸੇ) ਦੇ ਨਾਲ਼ ਚੌਲ਼ ਖਾਂਦੇ ਹਨ।

Along with uneven rainfall, falling yields and rising temperatures, the fertility of the soil is also decreasing, farmers in Shahapur taluka say
PHOTO • Jyoti
Along with uneven rainfall, falling yields and rising temperatures, the fertility of the soil is also decreasing, farmers in Shahapur taluka say
PHOTO • Jyoti

ਸ਼ਹਾਪੁਰ ਤਾਲੁਕਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ, ਘੱਟ ਝਾੜ ਅਤੇ ਵੱਧ ਰਹੇ ਤਾਪਮਾਨ ਦੇ ਨਾਲ਼, ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ

ਮਾਲੂ ਨੇ ਕਿਹਾ, “ਇੱਟਾਂ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ, ਸਾਡਾ ਮੁੜ੍ਹਕਾ ਵੀ ਮਿੱਟੀ ਵਿੱਚ ਰਲ਼ ਰਲ਼ ਕੇ ਚਿੱਕੜ ਹੋਈ ਜਾਂਦਾ ਰਹਿੰਦਾ। ਇਸ ਲਈ ਸਾਨੂੰ ਕੰਮ ਜਾਰੀ ਰੱਖਣ ਲਈ ਢੁੱਕਵਾਂ ਖਾਣਾ ਖਾਣ ਦੀ ਲੋੜ ਹੈ। ਇਸ ਵਾਰ ਝਾੜ ਘੱਟ ਹੋਣ ਕਰਕੇ ਅਸੀਂ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਖਾ ਰਹੇ ਹਾਂ। ਅਸੀਂ ਜੂਨ ਦੀ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਆਪਣਾ (ਚੌਲ਼) ਪੂਰਾ ਸਟਾਕ ਖ਼ਤਮ ਨਹੀਂ ਕਰ ਸਕਦੇ ਹਾਂ।''

ਇੱਟਾਂ ਬਣਾਉਣ ਦੇ ਸੀਜ਼ਨ ਦੇ ਅੰਤ ਵਿੱਚ ਯਾਨਿ ਕਿ ਮਈ ਵਿੱਚ, ਉਹ ਆਮ ਤੌਰ 'ਤੇ ਚਾਰ ਬਾਲਗ ਮਜ਼ਦੂਰਾਂ ਦੀ ਮਜਦੂਰੀ, ਲਗਭਗ 80,000-90,000 ਰੁਪਏ ਲੈ ਕੇ ਬੇਰਸ਼ਿੰਗੀਪਾੜਾ ਵਾਪਸ ਆਉਂਦੇ ਹਨ। ਇਸ ਪੈਸੇ ਨਾਲ਼ ਉਨ੍ਹਾਂ ਨੂੰ ਬਾਕੀ ਬਚੇ ਸਾਲ ਵਾਸਤੇ ਖੇਤੀ ਲਾਗਤਾਂ, ਬਿਜਲੀ ਦੇ ਬਿੱਲ, ਦਵਾਈਆਂ ਅਤੇ ਰਾਸ਼ਨ ਜਿਵੇਂ, ਲੂਣ, ਮਿਰਚ, ਸਬਜ਼ੀਆਂ ਅਤੇ ਬਾਕੀ ਦੇ ਖਰਚੇ ਪੂਰੇ ਕਰਨੇ ਪੈਂਦੇ ਹਨ।

ਸ਼ਹਾਪੁਰ ਦੀਆਂ ਆਦਿਵਾਸੀ ਬਸਤੀਆਂ ਵਿੱਚ ਮਾਲੂ ਵਾਘ, ਧਰਮਾ ਗੈਰੇਲ ਅਤੇ ਹੋਰ ਲੋਕ ਭਾਵੇਂ ‘ਜਲਵਾਯੂ ਤਬਦੀਲੀ` ਸ਼ਬਦ ਦੇ ਨਾ ਜਾਣਦੇ ਹੋਣ, ਪਰ ਉਹ ਇਸ ਤਬਦੀਲੀ ਬਾਰੇ ਜ਼ਰੂਰ ਜਾਣਦੇ ਹਨ ਅਤੇ ਰੋਜ਼ਾਨਾ ਇਸ ਦੇ ਪ੍ਰਭਾਵਾਂ ਦਾ ਸਿੱਧਾ ਸਾਹਮਣਾ ਵੀ ਕਰਦੇ ਹਨ। ਉਹ ਜਲਵਾਯੂ ਤਬਦੀਲੀਆਂ ਦੇ ਕਈ ਅਯਾਮਾਂ ਬਾਰੇ ਸਪਸ਼ਟ ਤੌਰ 'ਤੇ ਬੋਲਦੇ ਹਨ: ਅਨਿਯਮਿਤ ਮੀਂਹ ਅਤੇ ਇਸਦੀ ਅਸਮਾਨ ਵੰਡ; ਗਰਮੀ ਵਿੱਚ ਭਿਆਨਕ ਵਾਧਾ; ਬੋਰਵੈੱਲਾਂ ਲਵਾਉਣ ਦੀ ਦੌੜ ਅਤੇ ਪਾਣੀ ਦੇ ਸਰੋਤਾਂ 'ਤੇ ਇਸ ਦਾ ਪ੍ਰਭਾਵ ਸੋ ਫ਼ਲਸਰੂਪ ਜ਼ਮੀਨ, ਫ਼ਸਲਾਂ ਅਤੇ ਖੇਤੀ 'ਤੇ ਇਹਦਾ ਅਸਰ; ਬੀਜ ਵਿੱਚ ਤਬਦੀਲੀਆਂ ਅਤੇ ਪੈਦਾਵਾਰ 'ਤੇ ਉਹਨਾਂ ਦਾ ਪ੍ਰਭਾਵ; ਵਿਗੜਦੀ ਖੁਰਾਕ ਸੁਰੱਖਿਆ ਜਿਸ ਬਾਰੇ ਜਲਵਾਯੂ ਵਿਗਿਆਨੀਆਂ ਨੇ ਜ਼ੋਰਦਾਰ ਚੇਤਾਵਨੀ ਦਿੱਤੀ ਸੀ।

ਉਨ੍ਹਾਂ ਲਈ, ਇਹ ਸਭ ਜੀਵਤ ਅਨੁਭਵ ਹਨ। ਦਰਅਸਲ ਉਨ੍ਹਾਂ ਦੇ ਅਵਲੋਕਨ ਕਿੰਨੇ ਜ਼ਿਕਰਯੋਗ ਹਨ ਉਹ (ਲੋਕ) ਵਿਗਿਆਨਕਾਂ ਦੁਆਰਾ ਕਹੀਆਂ ਗੱਲਾਂ ਦੇ ਕਿੰਨੀ ਨੇੜੇ ਹਨ... ਉਹ ਵੀ ਤਾਂ ਇਹੀ ਸਭ ਕਹਿੰਦੇ ਹਨ... ਹਾਂ ਭਾਸ਼ਾ ਜ਼ਰੂਰ ਅੱਡ ਅਤੇ ਸੁਖ਼ਾਲੀ ਹੈ। ਬਾਕੀ ਇਹਨਾਂ ਬਸਤੀ ਦੇ ਲੋਕਾਂ ਦੀ ਮੌਸਮ ਦੇ ਨਾਲ਼ ਤਾਂ ਇੱਕ ਲੜਾਈ ਚੱਲਦੀ ਹੀ ਹੈ ਪਰ ਇੱਕ ਲੜਾਈ ਜੰਗਲ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ਨਾਲ਼ ਵੀ ਰਹਿੰਦੀ ਹੈ।

ਜਿਵੇਂ ਕਿ ਮਾਲੂ ਕਹਿੰਦੇ ਹਨ: “ਇਹ ਲੜਾਈ ਸਿਰਫ਼ ਮੀਂਹ ਨਾਲ਼ ਹੀ ਨਹੀਂ ਹੈ। ਅਸੀਂ ਬਹੁਤ ਸਾਰੀਆਂ ਲੜਾਈਆਂ ਲੜਨੀਆਂ ਹਨ। ਜੰਗਲਾਤ ਅਫਸਰਾਂ ਨਾਲ਼ (ਜ਼ਮੀਨ ਦੇ ਮਾਲਿਕਾਨੇ ਹੱਕ ਲਈ), ਰਾਸ਼ਨ ਅਫਸਰਾਂ ਨਾਲ਼। ਜਦੋਂ ਇੰਨੀਆਂ ਲੜਾਈਆਂ ਲੜਨੀਆਂ ਬਾਕੀ ਹੋਣ ਤਾਂ ਫਿਰ ਮੀਂਹ ਸਾਨੂੰ ਕਿਉਂ ਬਖ਼ਸ਼ੇਗਾ?”

ਗਰੇਲਪਾੜਾ ਵਿਖੇ ਖੇਤ ਵਿੱਚ ਖੜ੍ਹੇ ਹੋ ਕੇ 80 ਸਾਲਾ ਧਰਮਾ ਕਹਿੰਦੇ ਹਨ,''ਮੌਸਮ ਬਦਲ ਗਿਆ ਹੈ। ਗਰਮੀ ਬਹੁਤ ਵੱਧ ਗਈ ਹੈ। ਮੀਂਹ ਵੀ ਪਹਿਲਾਂ ਵਾਂਗ ਸਮੇਂ ਸਿਰ ਨਹੀਂ ਪੈਂਦਾ। ਜੇ ਪ੍ਰਜਾ (ਲੋਕ) ਹੀ ਪਹਿਲਾਂ ਵਾਂਗ ਚੰਗੀ ਨਹੀਂ ਰਹੀ ਤਾਂ ਨਿਸਰਗ (ਕੁਦਰਤ) ਵੀ ਆਪਣੇ ਪਹਿਲੇ ਰੂਪ ਵਿੱਚ ਕਿਵੇਂ ਰਹਿ ਸਕਦੀ ਹੈ? ਇਹ ਵੀ ਬਦਲ ਰਹੀ ਹੈ...''

ਜਲਵਾਯੂ ਤਬਦੀਲੀ `ਤੇ PARI ਦਾ ਦੇਸ਼ ਵਿਆਪੀ ਰਿਪੋਰਟਿੰਗ ਪ੍ਰੋਜੈਕਟ ਆਮ ਲੋਕਾਂ ਦੀਆਂ ਆਵਾਜ਼ਾਂ ਅਤੇ ਜੀਵਨ ਅਨੁਭਵ ਦੁਆਰਾ ਉਸ ਵਰਤਾਰੇ ਨੂੰ ਹਾਸਲ ਕਰਨ ਲਈ ਸਮਰਥਿਤ ਪਹਿਲਕਦਮੀ ਦਾ ਹਿੱਸਾ ਹੈ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਨਿਰਮਲਜੀਤ ਕੌਰ

Reporter : Jyoti

জ্যোতি পিপলস্‌ আর্কাইভ অফ রুরাল ইন্ডিয়ার বরিষ্ঠ প্রতিবেদক। এর আগে তিনি 'মি মারাঠি' মহারাষ্ট্র ১' ইত্যাদি সংবাদ চ্যানেলে কাজ করেছেন।

Other stories by Jyoti
Editor : Sharmila Joshi

শর্মিলা জোশী পিপলস আর্কাইভ অফ রুরাল ইন্ডিয়ার (পারি) পূর্বতন প্রধান সম্পাদক। তিনি লেখালিখি, গবেষণা এবং শিক্ষকতার সঙ্গে যুক্ত।

Other stories by শর্মিলা জোশী
Series Editors : P. Sainath

পি. সাইনাথ পিপলস আর্কাইভ অফ রুরাল ইন্ডিয়ার প্রতিষ্ঠাতা সম্পাদক। বিগত কয়েক দশক ধরে তিনি গ্রামীণ ভারতবর্ষের অবস্থা নিয়ে সাংবাদিকতা করেছেন। তাঁর লেখা বিখ্যাত দুটি বই ‘এভরিবডি লাভস্ আ গুড ড্রাউট’ এবং 'দ্য লাস্ট হিরোজ: ফুট সোলজার্স অফ ইন্ডিয়ান ফ্রিডম'।

Other stories by পি. সাইনাথ
Series Editors : Sharmila Joshi

শর্মিলা জোশী পিপলস আর্কাইভ অফ রুরাল ইন্ডিয়ার (পারি) পূর্বতন প্রধান সম্পাদক। তিনি লেখালিখি, গবেষণা এবং শিক্ষকতার সঙ্গে যুক্ত।

Other stories by শর্মিলা জোশী
Translator : Nirmaljit Kaur

Nirmaljit Kaur is based in Punjab. She is a teacher and part time translator. She thinks that children are our future so she gives good ideas to children as well as education.

Other stories by Nirmaljit Kaur