ਤੀਰਾ ਅਤੇ ਅਨੀਤਾ ਭੁਇਆ ਸਾਉਣੀ ਦੇ ਇਸ ਸੀਜ਼ਨ ਵਿੱਚ ਚੰਗੇ ਝਾੜ ਦੇ ਮਿਲ਼ਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਝੋਨਾ ਅਤੇ ਥੋੜ੍ਹੀ ਬਹੁਤ ਮੱਕੀ ਬੀਜੀ ਹੈ ਅਤੇ ਹੁਣ ਫ਼ਸਲਾਂ ਵੱਢਣ ਦਾ ਸਮਾਂ ਨੇੜੇ ਆਉਂਦਾ ਜਾਂਦਾ ਹੈ।
ਇਸ ਵਾਰ ਚੰਗਾ ਝਾੜ ਮਿਲ਼ਣਾ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਪਹਿਲਾਂ ਉਹ ਅੱਧੇ ਸਾਲ ਤੱਕ ਇੱਟ-ਭੱਠੇ ਦਾ ਕੰਮ ਕਰਦੇ ਹੁੰਦੇ ਸਨ, ਉਹ ਵੀ ਤਾਲਾਬੰਦੀ ਕਾਰਨ ਮਾਰਚ ਤੋਂ ਹੀ ਬੰਦ ਪਿਆ ਹੈ।
''ਮੈਂ ਪਿਛਲੇ ਸਾਲ ਵੀ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੀਂਹ ਦੀ ਕਿੱਲਤ ਅਤੇ ਕੀਟਾਂ ਕਾਰਨ ਫ਼ਸਲਾਂ ਖ਼ਰਾਬ ਹੋ ਗਈਆਂ,'' ਤੀਰਾ ਦੱਸਦੇ ਹਨ। ''ਅਸੀਂ ਕਰੀਬ ਛੇ ਮਹੀਨੇ ਖੇਤੀ ਕਰਦੇ ਤਾਂ ਹਾਂ ਹੀ, ਪਰ ਬਾਵਜੂਦ ਇਹਦੇ ਹੱਥ ਵਿੱਚ ਕਦੇ ਕੋਈ ਪੈਸਾ ਨਹੀਂ ਲੱਗਦਾ,'' ਅਨੀਤਾ ਕਹਿੰਦੀ ਹਨ।
45 ਸਾਲਾ ਤੀਰਾ ਅਤੇ 40 ਸਾਲਾ ਅਨੀਤਾ, ਭੁਇਆ ਤਾੜੀ ਵਿਖੇ ਰਹਿੰਦੇ ਹਨ, ਜੋ ਮਹੁਗਾਵਾਂ ਦੇ ਦੱਖਣੀ ਹਿੱਸੇ ਦੀ ਭੁਇਆ ਭਾਈਚਾਰੇ ਦੀ ਇੱਕ ਢਾਣੀ ਹੈ ਜਿੱਥੋਂ ਦੇ ਵਾਸੀ ਪਿਛੜੀ ਜਾਤੀ ਨਾਲ਼ ਤਾਅਲੁੱਕ ਰੱਖਦੇ ਹਨ।
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਚੈਨਪੁਰ ਬਲਾਕ ਦੇ ਇਸ ਪਿੰਡ ਵਿੱਚ, ਇਹ ਪਰਿਵਾਰ 2018 ਤੋਂ ਹਰ ਸਾਉਣੀ ਵਿੱਚ ਬਟਿਆ (ਠੇਕੇ) 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਇਸ ਜ਼ੁਬਾਨੀ ਕਲਾਮੀ ਦੇ ਇਕਰਾਰਨਾਮੇ ਵਿੱਚ, ਕਾਸ਼ਤਕਾਰ ਅਤੇ ਭੂ-ਮਾਲਕ ਵਿੱਚੋਂ ਹਰੇਕ ਪੈਦਾਵਾਰ ਦੀ ਲਾਗਤ ਦਾ ਅੱਧਾ ਨਿਵੇਸ਼ ਕਰਦੇ ਹਨ ਅਤੇ ਫ਼ਸਲ ਦਾ ਅੱਧਾ ਹਿੱਸਾ ਹੀ ਪ੍ਰਾਪਤ ਕਰਦੇ ਹਨ। ਕਾਸ਼ਤਕਾਰ ਆਮ ਤੌਰ 'ਤੇ ਆਪਣੇ ਹਿੱਸੇ ਆਏ ਅਨਾਜ ਦਾ ਬਹੁਤਾ ਹਿੱਸਾ ਆਪਣੀ ਵਰਤੋਂ ਲਈ ਰੱਖਦੇ ਲੈਂਦੇ ਹਨ ਅਤੇ ਕਦੇ-ਕਦਾਈਂ ਉਸ ਵਿੱਚੋਂ ਕੁਝ ਕੁ ਹਿੱਸਾ ਬਜ਼ਾਰ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ ਹਨ।
ਕਰੀਬ ਪੰਜ ਸਾਲ ਪਹਿਲਾਂ ਤੱਕ, ਇਹ ਪਰਿਵਾਰ ਖੇਤ ਮਜ਼ਦੂਰੀ ਕਰਦਾ ਸੀ- ਬਿਜਾਈ ਦੇ ਦੋਵਾਂ ਸੀਜ਼ਨਾਂ (ਸਾਉਣੀ/ਹਾੜੀ) ਵਿੱਚ 30 ਦਿਨ ਕੰਮ ਮਿਲ਼ਦਾ ਅਤੇ ਦਿਹਾੜੀ 250-300 ਰੁਪਏ ਮਿਲ਼ਦੀ, ਕਈ ਵਾਰੀ ਪੈਸਿਆਂ ਦੀ ਬਜਾਇ ਅਨਾਜ ਮਿਲ਼ਦਾ। ਬਾਕੀ ਸਮੇਂ ਵਿੱਚ, ਉਹ ਸਬਜ਼ੀ ਦੇ ਖੇਤਾਂ ਵਿਖੇ ਜਾਂ ਆਸਪਾਸ ਦੇ ਪਿੰਡਾਂ ਅਤੇ ਮਹੁਗਾਵਾਂ ਤੋਂ ਕਰੀਬ 10 ਕਿਲੋਮੀਟਰ ਦੂਰ, ਡਾਲਟਨਗੰਜ ਸ਼ਹਿਰ ਵਿਖੇ ਦਿਹਾੜੀ-ਦੱਪਾ ਲੱਗਣ ਦੀ ਉਮੀਦ ਲਾਈ ਬੈਠੇ ਰਹਿੰਦੇ।
ਪਰ ਖੇਤਾਂ ਵਿੱਚ ਲੱਗਣ ਵਾਲ਼ੀਆਂ ਦਿਹਾੜੀਆਂ ਦੀ ਗਿਣਤੀ ਘੱਟ ਹੋਣ ਲੱਗੀ, ਜਿਸ ਕਾਰਨ 2018 ਵਿੱਚ ਉਨ੍ਹਾਂ ਨੇ ਖੇਤੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਅਤੇ ਇੱਕ ਜਿਮੀਂਦਾਰ ਨਾਲ਼ ਬਟਿਆ ਦਾ ਇਕਰਾਰਨਾਮਾ ਕੀਤਾ। ''ਇਸ ਤੋਂ ਪਹਿਲਾਂ ਮੈਂ ਜਿਮੀਂਦਾਰਾਂ ਦੇ ਖੇਤਾਂ ਵਿੱਚ ਬਲਦਾਂ ਸਹਾਰੇ ਹਰਵਾਹੀ (ਹਲ਼ ਵਾਹੁੰਦਾ) ਕਰਦਾ ਜਾਂ ਖੇਤੀ ਦੇ ਬਾਕੀ ਦੇ ਕਈ ਕੰਮ ਕਰਦਾ। ਪਰ ਇਸ ਤੋਂ ਬਾਅਦ, ਵਾਹੀ ਤੋਂ ਲੈ ਕੇ ਵਾਢੀ ਤੀਕਰ, ਹਰ ਕੰਮ ਟਰੈਕਟਰ ਰਾਹੀਂ ਹੋਣ ਲੱਗਿਆ। ਪਿੰਡ ਵਿੱਚ ਹੁਣ ਸਿਰਫ਼ ਬਲਦ ਰਹਿ ਗਿਆ ਹੈ,'' ਤੀਰਾ ਦੱਸਦੇ ਹਨ।
2018 ਵਿੱਚ ਤੀਰਾ ਅਤੇ ਅਨੀਤਾ ਆਪਣੀ ਬਟਿਆ ਖੇਤੀ ਦੇ ਨਾਲ਼ ਨਾਲ਼ ਉਹ ਅੱਧਾ ਸਾਲ ਇੱਟ-ਭੱਠੇ 'ਤੇ ਲਾਉਣ ਲੱਗੇ, ਜਿੱਥੇ ਪਿੰਡ ਦੇ ਬਾਕੀ ਲੋਕ ਨਵੰਬਰ-ਦਸੰਬਰ ਦੇ ਸ਼ੁਰੂ ਤੋਂ ਲੈ ਕੇ ਮਈ-ਜੂਨ ਦੇ ਅੱਧ ਤੱਕ ਕੰਮ ਕਰਨ ਜਾਂਦੇ ਹਨ। ''ਪਿਛਲੇ ਸਾਲ ਅਸੀਂ ਆਪਣੀ ਧੀ ਦਾ ਵਿਆਹ ਕਰ ਦਿੱਤਾ,'' ਅਨੀਤਾ ਦੱਸਦੀ ਹਨ। ਉਨ੍ਹਾਂ ਦੀਆਂ ਦੋ ਧੀਆਂ ਹਨ ਜਿਨ੍ਹਾਂ ਵਿੱਚੋਂ ਛੋਟੀ ਵਾਲ਼ੀ ਧੀ ਉਨ੍ਹਾਂ ਦੇ ਨਾਲ਼ ਹੀ ਰਹਿੰਦੀ ਹੈ। ਵਿਆਹ ਤੋਂ ਤਿੰਨ ਦਿਨਾਂ ਬਾਅਦ, 5 ਦਸੰਬਰ 2019 ਨੂੰ ਪਰਿਵਾਰ ਨੇ ਭੱਠੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ''ਆਪਣਾ ਕਰਜ਼ਾ (ਵਿਆਹ ਲਈ ਚੁੱਕਿਆ) ਲਾਹੁਣ ਬਾਅਦ, ਅਸੀਂ ਬਾਕੀ ਦੇ ਸਾਲ ਖੇਤੀ ਦਾ ਕੰਮ ਦੋਬਾਰਾ ਸ਼ੁਰੂ ਕਰਾਂਗੇ,'' ਉਹ ਅੱਗੇ ਕਹਿੰਦੀ ਹਨ।
ਮਾਰਚ ਵਿੱਚ ਲੱਗੀ ਤਾਲਾਬੰਦੀ ਤੋਂ ਪਹਿਲਾਂ, ਤੀਰਾ ਅਤੇ ਅਨੀਤਾ ਆਪਣੇ ਬੇਟਿਆਂ ਸਿਤੇਂਦਰ (ਉਮਰ 24 ਸਾਲ) ਅਤੇ ਉਪੇਂਦਰ (ਉਮਰ 22 ਸਾਲ) ਅਤੇ ਭੁਇਆ ਤਾੜੀ ਦੇ ਹੋਰਨਾਂ ਲੋਕਾਂ ਦੇ ਨਾਲ਼ ਹਰ ਸਵੇਰ ਟਰੈਕਟਰ 'ਤੇ ਸਵਾਰ ਹੋ ਅੱਠ ਕਿਲੋਮੀਟਰ ਦੂਰ, ਬੂੜੀਬੀਰ ਪਿੰਡ ਜਾਂਦੇ ਸਨ। ਉੱਥੇ, ਉਹ ਸਰਦੀਆਂ ਦੇ ਮਹੀਨਿਆਂ ਵਿੱਚ ਫਰਵਰੀ ਤੱਕ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਅਤੇ ਮਾਰਚ ਤੋਂ ਬਾਅਦ ਰਾਤ ਦੇ 3 ਵਜੇ ਤੋਂ ਸਵੇਰ ਦੇ 11 ਵਜੇ ਤੀਕਰ ਕੰਮ ਕਰਦੇ ਸਨ। ''ਇਸ ਕੰਮ (ਭੱਠੇ ਦੇ) ਬਾਰੇ ਸਿਰਫ਼ ਇੱਕੋ ਗੱਲ ਚੰਗੀ ਹੈ ਕਿ ਪੂਰਾ ਪਰਿਵਾਰ ਇੱਕੋ ਥਾਵੇਂ ਕਰਦਾ ਹੈ,'' ਅਨੀਤਾ ਕਹਿੰਦੀ ਹਨ।
ਇੱਟ ਭੱਠੇ 'ਤੇ, ਉਨ੍ਹਾਂ ਨੂੰ ਹਰ 1,000 ਇੱਟਾਂ ਥੱਪਣ/ਬਣਾਉਣ ਬਦਲੇ 500 ਰੁਪਏ ਮਿਲ਼ਦੇ ਹਨ। ਭੱਠੇ ਦੇ ਇਸ ਸੀਜ਼ਨ ਵਿੱਚ, ਉਨ੍ਹਾਂ ਨੇ 30,000 ਰੁਪਏ ਦੀ ਪੇਸ਼ਗੀ ਰਾਸ਼ੀ 'ਤੇ ਕੰਮ ਕਰਨਾ ਸੀ, ਜੋ ਉਨ੍ਹਾਂ ਨੇ ਅਕਤੂਬਰ 2019 ਦੇ ਆਸਪਾਸ ਆਪਣੇ ਪਿੰਡ ਦੇ ਠੇਕੇਦਾਰ ਤੋਂ ਉਧਾਰ ਫੜ੍ਹੇ ਸਨ। ਆਪਣੀ ਧੀ ਦੇ ਵਿਆਹ ਲਈ ਉਨ੍ਹਾਂ ਨੇ ਉਸੇ ਠੇਕੇਦਾਰ ਤੋਂ ਬਗ਼ੈਰ ਵਿਆਜ ਦੀ ਪੇਸ਼ਗੀ ਰਾਸ਼ੀ ਵਜੋਂ 75,000 ਰੁਪਏ ਦਾ ਇੱਕ ਹੋਰ ਕਰਜ਼ਾ ਚੁੱਕਿਆ ਸੀ, ਉਹਦੇ ਲਈ ਉਨ੍ਹਾਂ ਨੇ ਨਵੰਬਰ 2020 ਤੋਂ ਦੋਬਾਰਾ ਸ਼ੁਰੂ ਹੋਣ ਵਾਲ਼ੇ ਭੱਠਾ ਸੀਜ਼ਨ 'ਤੇ ਮਜ਼ਦੂਰੀ ਕਰਨੀ ਹੈ।
ਭੱਠੇ 'ਤੇ ਤੀਰਾ, ਅਨੀਤਾ ਅਤੇ ਉਨ੍ਹਾਂ ਦੇ ਬੇਟਿਆਂ ਨੂੰ 1,000 ਰੁਪਏ ਦਾ ਹਫ਼ਤਾਵਰੀ ਭੱਤਾ ਮਿਲ਼ਦਾ ਹੈ ''ਜਿਸ ਨਾਲ਼ ਅਸੀਂ ਚੌਲ਼, ਤੇਲ, ਲੂਣ ਅਤੇ ਸਬਜ਼ੀਆਂ ਖ਼ਰੀਦਦੇ ਹਾਂ,'' ਤੀਰਾ ਦੱਸਦੇ ਹਨ। ''ਜੇ ਸਾਨੂੰ ਬਹੁਤੇ ਪੈਸੇ ਦੀ ਲੋੜ ਹੋਵੇ ਤਾਂ ਅਸੀਂ ਠੇਕੇਦਾਰ ਨੂੰ ਕਹਿ ਦਿੰਦੇ ਹਾਂ ਉਹ ਸਾਨੂੰ ਦੇ ਦਿੰਦਾ ਹੈ।'' ਇਹ ਹਫ਼ਤਾਵਰੀ ਭੱਤਾ, ਛੋਟਾ ਉਧਾਰ ਅਤੇ ਵੱਡੀ ਪੇਸ਼ਗੀ ਰਾਸ਼ੀ ਉਸ ਅੰਤਮ ਪੈਸੇ ਵਿੱਚੋਂ ਕੱਟ ਲਈ ਜਾਂਦੀ ਹੈ- ਜਿਵੇਂ ਕਿ ਭੱਠੇ 'ਤੇ ਮਜ਼ਦੂਰੀ ਪ੍ਰਣਾਲੀ ਹੈ- ਜਿਹਦਾ ਭੁਗਤਾਨ ਮਜ਼ਦੂਰਾਂ ਨੂੰ ਭੱਠੇ 'ਤੇ ਰਹਿਣ ਦੇ ਮਹੀਨਿਆਂ ਦੌਰਾਨ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਇੱਟਾਂ ਦੀ ਕੁੱਲ ਸੰਖਿਆ ਲਈ ਕੀਤਾ ਜਾਂਦਾ ਹੈ।
ਪਿਛਲੇ ਸਾਲ, ਜਦੋਂ ਉਹ ਜੂਨ 2019 ਦੀ ਸ਼ੁਰੂਆਤ ਵਿੱਚ ਵਾਪਸ ਮੁੜੇ ਤਾਂ ਉਨ੍ਹਾਂ ਦੇ ਹੱਥ ਵਿੱਚ 50,000 ਰੁਪਏ ਸਨ, ਜਿਸ ਨਾਲ਼ ਕੁਝ ਮਹੀਨਿਆਂ ਦਾ ਡੰਗ ਸਰ ਗਿਆ। ਪਰ ਇਸ ਵਾਰ, ਭੁਇਆ ਪਰਿਵਾਰ ਦਾ ਇੱਟ-ਭੱਠੇ ਦਾ ਕੰਮ ਤਾਲਾਬੰਦੀ ਕਾਰਨ ਬੰਦ ਹੋ ਗਿਆ ਸੀ ਅਤੇ ਮਾਰਚ ਦੇ ਅੰਤ ਵਿੱਚ, ਠੇਕੇਦਾਰ ਤੋਂ ਉਨ੍ਹਾਂ ਨੂੰ ਸਿਰਫ਼ 2,000 ਰੁਪਏ ਹੀ ਮਿਲ਼ੇ।
ਉਦੋਂ ਤੋਂ, ਭੁਇਆ ਪਰਿਵਾਰ, ਆਪਣੇ ਭਾਈਚਾਰੇ ਦੇ ਹੋਰਨਾਂ ਲੋਕਾਂ ਵਾਂਗਰ, ਆਮਦਨੀ ਦਾ ਸ੍ਰੋਤ ਤਲਾਸ਼ ਰਿਹਾ ਹੈ। ਪ੍ਰਧਾਨਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਅਪ੍ਰੈਲ, ਮਈ ਅਤੇ ਜੂਨ ਵਿੱਚ ਪਰਿਵਾਰ ਦੇ ਹਰੇਕ ਬਾਲਗ਼ ਮੈਂਬਰ ਵਾਸਤੇ ਕਰੀਬ ਪੰਜ ਕਿਲੋ ਚੌਲ਼ ਅਤੇ ਇੱਕ ਕਿਲੋ ਦਾਲ ਦੇ ਰੂਪ ਵਿੱਚ ਕੁਝ ਰਾਹਤ ਮਿਲ਼ੀ ਸੀ ਅਤੇ ਉਨ੍ਹਾਂ ਦੇ ਅੰਤਯੋਦਿਆ ਅੰਨ ਯੋਜਨਾ ਰਾਸ਼ਨ ਕਾਰਡ (ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਵਰਗੀਕਰਣ ਵਿੱਚ ''ਗ਼ਰੀਬਾਂ ਵਿੱਚ ਸਭ ਤੋਂ ਗ਼ਰੀਬ'' ਦੇ ਲਈ), ਪਰਿਵਾਰ ਨੂੰ ਹਰ ਮਹੀਨੇ ਰਿਆਇਤੀ ਦਰਾਂ 'ਤੇ 35 ਕਿਲੋ ਅਨਾਜ ਮਿਲ਼ਦਾ ਹੈ। ''ਇਹ ਮੇਰੇ ਪਰਿਵਾਰ ਲਈ 10 ਦਿਨਾਂ ਲਈ ਵੀ ਕਾਫ਼ੀ ਨਹੀਂ ਹੈ,'' ਤੀਰਾ ਕਹਿੰਦੇ ਹਨ। ਉਨ੍ਹਾਂ ਦੇ ਅਤੇ ਅਨੀਤਾ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਅਤੇ ਇੱਕ ਬੇਟੀ ਦੇ ਇਲਾਵਾ, ਘਰ ਵਿੱਚ ਉਨ੍ਹਾਂ ਦੀਆਂ ਦੋ ਨੂੰਹਾਂ ਅਤੇ ਤਿੰਨ ਪੋਤੇ-ਪੋਤੀਆਂ ਵੀ ਹਨ।
ਉਨ੍ਹਾਂ ਦਾ ਰਾਸ਼ਨ ਖ਼ਤਮ ਹੋਣ ਲੱਗਿਆ ਹੈ, ਇਸਲਈ ਉਹ ਮਹੁਗਾਵਾਂ ਅਤੇ ਨੇੜਲੇ ਪਿੰਡ ਵਿੱਚ ਛੋਟੇ-ਮੋਟੇ ਕੰਮ ਕਰਕੇ ਅਤੇ ਪੈਸੇ ਉਧਾਰ ਲੈ ਕੇ ਡੰਗ ਸਾਰ ਰਹੇ ਹਨ।
ਇਸ ਸਾਲ ਸਾਉਣੀ ਦੀ ਬਿਜਾਈ ਵਾਸਤੇ, ਤੀਰਾ ਅਤੇ ਅਨੀਤਾ ਦਾ ਅਨੁਮਾਨ ਹੈ ਕਿ ਉਨ੍ਹਾਂ ਨੇ ਬਟਾਈ 'ਤੇ ਲਏ ਗਏ ਦੋ ਏਕੜ ਖੇਤ 'ਤੇ ਚੌਲ਼ ਅਤੇ ਥੋੜ੍ਹੀ ਮੱਕੀ ਉਗਾਉਣ ਲਈ ਬੀਜ, ਖਾਦ ਅਤੇ ਕੀਟਨਾਸ਼ਕਾਂ 'ਤੇ 5,000 ਰੁਪਏ ਖਰਚ ਕੀਤੇ। ''ਮੇਰੇ ਕੋਲ਼ ਪੈਸੇ ਨਹੀਂ ਸਨ,'' ਤੀਰਾ ਦੱਸਦੇ ਹਨ। ''ਮੈਂ ਇੱਕ ਰਿਸ਼ਤੇਦਾਰ ਤੋਂ ਉਧਾਰ ਲਿਆ ਹੈ ਅਤੇ ਹੁਣ ਮੇਰੇ ਸਿਰ 'ਤੇ ਬੜਾ ਕਰਜ਼ਾ ਹੈ।''
ਜਿਹੜੀ ਜ਼ਮੀਨ 'ਤੇ ਉਹ ਖੇਤੀ ਕਰ ਰਹੇ ਹਨ, ਉਹ ਅਸ਼ੋਕ ਸ਼ੁਕਲਾ ਦੀ ਹੈ, ਜਿਨ੍ਹਾਂ ਕੋਲ਼ 10 ਏਕੜ ਜ਼ਮੀਨ ਹੈ ਅਤੇ ਉਹ ਵੀ ਚੰਜ ਨਾਲ਼ ਮੀਂਹ ਨਾ ਪਏ ਹੋਣ ਦਾ ਸੰਤਾਪ ਪੰਜ ਸਾਲ ਤੋਂ ਬੜੇ ਪੱਧਰ 'ਤੇ ਝੱਲ ਰਹੇ ਹਨ। ''ਅਸੀਂ 18 ਤੋਂ 24 ਮਹੀਨਿਆਂ ਤੱਕ ਲਈ ਲੋੜੀਂਦਾ ਅਨਾਜ ਉਗਾ ਲੈਂਦੇ ਹੁੰਦੇ ਸਾਂ,'' ਅਸ਼ੋਕ ਚੇਤੇ ਕਰਦੇ ਹਨ। ''ਅੱਜਕੱਲ੍ਹ, ਸਾਡੀ ਕੋਠੀ (ਭੜੋਲੇ) ਵਿੱਚ ਛੇ ਮਹੀਨਿਆਂ ਅੰਦਰ ਅੰਦਰ ਖਾਲੀ ਹੋ ਜਾਂਦੀ ਹੈ। ਮੈਂ ਲਗਭਗ 50 ਸਾਲਾਂ ਤੱਕ ਖੇਤੀ ਕੀਤੀ ਹੈ। ਪਰ ਪਿਛਲੇ 5-6 ਸਾਲਾਂ ਨੇ ਮੈਨੂੰ ਮਹਿਸੂਸ ਕਰਾਇਆ ਕਿ ਖੇਤੀ ਵਿੱਚ ਕੋਈ ਭਵਿੱਖ ਨਹੀਂ ਹੈ- ਸਿਰਫ਼ ਨੁਕਸਾਨ ਹੈ।''
ਸ਼ੁਕਲਾ ਦਾ ਕਹਿਣਾ ਹੈ ਕਿ ਪਿੰਡ ਦੇ ਜਿਮੀਂਦਾਰ ਵੀ- ਉਨ੍ਹਾਂ ਵਿੱਚੋਂ ਬਹੁਤੇਰੇ ਉੱਚ ਜਾਤੀ ਦੇ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੇ ਹਨ- ਤੇਜ਼ੀ ਨਾਲ਼ ਹੋਰਨਾਂ ਨੌਕਰੀਆਂ ਦੀ ਭਾਲ਼ ਵਿੱਚ ਕਸਬਿਆਂ ਅਤੇ ਸ਼ਹਿਰਾਂ ਵੱਲ ਪਲਾਇਨ ਕਰ ਰਹੇ ਹਨ। ਘੱਟਦੀ ਪੈਦਾਵਾਰ ਕਾਰਨ, ਉਹ 300 ਰੁਪਏ ਦਿਹਾੜੀ 'ਤੇ ਮਜ਼ਦੂਰਾਂ ਨੂੰ ਕੰਮ 'ਤੇ ਰੱਖਣ ਦੀ ਬਜਾਇ ਆਪਣੀ ਜ਼ਮੀਨ ਨੂੰ ਬਟਿਆ ਦੇਣਾ ਪਸੰਦ ਕਰਦੇ ਹਨ। ''ਪੂਰੇ ਪਿੰਡ ਵਿੱਚ, ਹੁਣ ਤੁਸੀਂ ਸ਼ਾਇਦ ਹੀ ਉਨ੍ਹਾਂ ਨੂੰ (ਉੱਚ ਜਾਤੀ ਦੇ ਜਿਮੀਂਦਾਰਾਂ ਨੂੰ) ਖ਼ੁਦ ਤੋਂ ਖੇਤੀ ਕਰਦੇ ਹੋਏ ਪਾਉਣਗੇ,'' ਸ਼ੁਕਲਾ ਕਹਿੰਦੇ ਹਨ। ''ਉਹ ਸਾਰੇ ਆਪਣੀ ਜ਼ਮੀਨ ਭੁਇਆ ਜਾਂ ਹੋਰ ਦਲਿਤਾਂ ਨੂੰ ਦੇ ਚੁੱਕੇ ਹਨ।'' (ਮਰਦਮਸ਼ੁਮਾਰੀ 2011 ਦੇ ਅਨੁਸਾਰ, ਮਹੁਗਾਵਾਂ ਦੀ 2,698 ਦੀ ਅਬਾਦੀ ਵਿੱਚੋਂ 21 ਤੋਂ 30 ਪ੍ਰਤੀਸ਼ਤ ਲੋਕ ਪਿਛੜੀ ਜਾਤੀ ਦੇ ਹਨ।)
ਇਸ ਸਾਲ
ਹਾਲਾਂਕਿ ਮੀਂਹ ਰੱਜ ਕੇ ਪਿਆ। ਇਸਲਈ ਤੀਰਾ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫ਼ਸਲ ਵੀ ਚੰਗੀ
ਹੋਵੇਗੀ। ਚੰਗੀ ਫ਼ਸਲ ਦਾ ਮਤਲਬ ਹੈ ਉਨ੍ਹਾਂ ਦੀ ਦੋ ਏਕੜ ਜ਼ਮੀਨ 'ਤੇ ਕੁੱਲ 20 ਕਵਿੰਟਲ ਝੋਨਾ,
ਉਹ ਅਨੁਮਾਨ ਲਾਉਂਦੇ ਹਨ। ਅਨਾਜ ਤੋਂ ਫੱਕ (ਕੱਖ) ਅੱਡ ਕਰਨ ਅਤੇ ਪੈਦਾਵਾਰ ਵਿੱਚੋਂ ਅਸ਼ੋਕ ਸ਼ੁਕਲਾ
ਦਾ ਅੱਧਾ ਹਿੱਸਾ ਕੱਢਣ ਤੋਂ ਬਾਅਦ, ਉਨ੍ਹਾਂ ਕੋਲ਼ ਕਰੀਬ 800 ਕਿਲੋ ਚੌਲ ਬਚਣਗੇ- ਅਤੇ ਇਹ ਤੀਰਾ ਦੇ
10 ਮੈਂਬਰ ਪਰਿਵਾਰ ਵਾਸਤੇ ਪੂਰੇ ਭੋਜਨ ਦਾ ਮੁੱਖ ਅਧਾਰ ਹੋਵੇਗਾ, ਜਿਨ੍ਹਾਂ ਕੋਲ਼ ਅਨਾਜ ਦਾ ਹੋਰ ਕੋਈ
ਨਿਯਮਿਤ ਸ੍ਰੋਤ ਨਹੀਂ ਹੈ। ''ਕਾਸ਼, ਮੈਂ ਇਹਨੂੰ ਮੈਂ ਬਜ਼ਾਰ ਵਿੱਚ ਵੇਚ ਪਾਉਂਦਾ,'' ਤੀਰਾ
ਕਹਿੰਦੇ ਹਨ,''ਪਰ
ਝੋਨਾ (ਅਨਾਜ) ਸਾਡੇ ਲਈ ਛੇ ਮਹੀਨਿਆਂ ਲਈ ਵੀ ਕਾਫ਼ੀ ਨਹੀਂ ਹੋਵੇਗਾ।''
ਤੀਰਾ ਕਹਿੰਦੇ ਹਨ ਕਿ ਉਹ ਕਿਸੇ ਹੋਰ ਦੇ ਮੁਕਾਬਲੇ ਵਿੱਚ ਖੇਤੀ ਕਾਰਜਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਕਿਉਂਕਿ ਕਈ ਹੋਰ ਜਿਮੀਂਦਾਰ ਵੀ ਉਨ੍ਹਾਂ ਨੂੰ ਆਪਣੀ ਜ਼ਮੀਨ ਬਟਿਆ ਦੇਣ ਲਈ ਤਿਆਰ ਹਨ, ਇਸਲਈ ਉਹ ਆਉਣ ਵਾਲ਼ੇ ਦਿਨਾਂ ਵਿੱਚ ਵੱਡੀਆਂ ਜੋਤਾਂ ਵਿੱਚ ਵੰਨ-ਸੁਵੰਨੀਆਂ ਫ਼ਸਲਾਂ ਉਗਾਉਣ ਦੀ ਉਮੀਦ ਕਰ ਰਹੇ ਹਨ।
ਫਿਲਹਾਲ, ਉਹ ਅਤੇ ਅਨੀਤਾ ਕੁਝ ਹਫ਼ਤਿਆਂ ਵਿੱਚ ਭਾਰੀ ਮਾਤਰਾ ਵਿੱਚ ਫ਼ਸਲ ਕੱਟਣ ਦੀ ਉਮੀਦ ਪਾਲ਼ੀ ਬੈਠੇ ਹਨ।
ਤਰਜਮਾ: ਕਮਲਜੀਤ ਕੌਰ