"ਕਿਸੇ ਵੀ ਮਾਂ-ਬਾਪ ਨੂੰ ਆਪਣੇ ਬੱਚੇ ਨੂੰ ਗੁਆਉਣ ਦਾ ਦੁੱਖ ਨਾ ਝੱਲਣਾ ਪਵੇ," ਸਰਵਿਕਰਮਜੀਤ ਸਿੰਗ ਹੁੰਦਲ ਕਹਿੰਦੇ ਹਨ, ਜਿਨ੍ਹਾਂ ਦੇ ਪੁੱਤਰ ਨਵਰੀਤ ਸਿੰਘ ਦੀ ਮੌਤ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋ ਗਈ ਸੀ।
ਉੱਤਰ ਪ੍ਰਦੇਸ਼ ਦੇ ਡਿਬਡਿਬਾ ਪਿੰਡ ਵਿੱਚ ਉਨ੍ਹਾਂ ਦੇ ਘਰੇ, ਨਵਰੀਤ ਦੀ ਤਸਵੀਰ ਕਮਰੇ ਦੀ ਇੱਕ ਕੰਧ 'ਤੇ ਟੰਗੀ ਹੋਈ ਹੈ, ਜਿੱਥੇ 45 ਸਾਲਾ ਸਰਵਿਕਰਮਜੀਤ ਅਤੇ ਉਨ੍ਹਾਂ ਦੀ ਪਤਨੀ, 42 ਸਾਲਾ ਪਰਮਜੀਤ ਕੌਰ ਸੰਵੇਦਨ ਪ੍ਰਗਟ ਕਰਨ ਲਈ ਆਉਣ ਵਾਲ਼ਿਆਂ ਨੂੰ ਬੈਠਾਉਂਦੇ ਹਨ। ਉਨ੍ਹਾਂ ਦੇ ਬੇਟੇ ਦੀ ਮੌਤ ਤੋਂ ਮਾਤਾ-ਪਿਤਾ ਦੇ ਜੀਵਨ ਵਿੱਚ ਇੱਕ ਕਦੇ ਨਾ ਭਰਿਆ ਜਾਣ ਵਾਲ਼ਾ ਖਲਾਅ ਪੈਦਾ ਹੋ ਗਿਆ ਹੈ। "ਉਹ ਖੇਤੀ ਵਿੱਚ ਮੇਰੀ ਮਦਦ ਕਰਦਾ ਸੀ। ਉਹ ਸਾਡੀ ਦੇਖਭਾਲ਼ ਕਰਦਾ ਸੀ। ਉਹ ਇੱਕ ਜ਼ਿੰਮੇਦਾਰ ਬੱਚਾ ਸੀ," ਸਰਵਿਕਰਮਜੀਤ ਕਹਿੰਦੇ ਹਨ।
25 ਸਾਲਾ ਨਵਰੀਤ, ਦਿੱਲੀ ਵਿੱਚ ਗਣਤੰਤਰ ਦਿਵਸ ਦੀ ਰੈਲੀ ਵਿੱਚ ਹਿੱਸਾ ਲੈਣ ਦਿੱਲੀ-ਯੂਪੀ ਸਰਹੱਦ 'ਤੇ ਸਥਿਤ ਗਾਜ਼ੀਪੁਰ ਗਏ ਸਨ। ਉਨ੍ਹਾਂ ਦੇ ਦਾਦਾ, 65 ਸਾਲਾ ਹਰਦੀਪ ਸਿੰਘ ਡਿਬਡਿਬਾ, 26 ਨਵੰਬਰ 2020 ਨੂੰ ਦਿੱਲੀ ਦੀਆਂ ਸੀਮਾਵਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਉੱਥੇ ਹੀ ਡੇਰਾ ਜਮਾਈ ਬੈਠੇ ਸਨ। ਨਵਰੀਤ ਟਰੈਕਟਰ ਚਲਾ ਰਹੇ ਸਨ, ਜੋ ਦੀਨ ਦਿੱਲ ਉਪਾਧਾਏ ਮਾਰਗ 'ਤੇ ਪੁਲਿਸ ਦੁਆਰਾ ਲਗਾਏ ਗਏ ਸੁਰੱਖਿਆ ਬੈਰੀਕੇਡ ਦੇ ਕੋਲ਼ ਪਲਟ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਨਵਰੀਤ ਦੀ ਮੌਤ ਟਰੈਕਟਰ ਪਲਟਣ ਦੌਰਾਨ ਉਨ੍ਹਾਂ ਨੂੰ ਲੱਗੀ ਸੱਟ ਕਾਰਨ ਹੋਈ ਸੀ, ਪਰ ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਦੁਰਘਟਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਗੋਲ਼ੀ ਮਾਰੀ ਗਈ ਸੀ। "ਅਸੀਂ ਇਹਨੂੰ ਅਦਾਲਤ ਵਿੱਚ ਸਾਬਤ ਕਰਾਂਗੇ," ਸਰਵਿਕਰਮਜੀਤ ਦਿੱਲੀ ਹਾਈਕੋਰਟ ਵਿੱਚ ਹਰਦੀਪ ਸਿੰਘ ਦੁਆਰਾ ਦਾਇਰ ਅਪੀਲ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ, ਜਿਸ ਵਿੱਚ ਉਨ੍ਹਾਂ ਨੇ ਨਵਰੀਤ ਦੀ ਮੌਤ ਦੀ ਅਧਿਕਾਰਕ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਇਸ ਦੁਖਦ ਘਟਨਾ ਤੋਂ ਬਾਅਦ, ਉੱਤਰ ਪੱਛਮੀ ਯੂਪੀ ਦੀਆਂ ਸਰਹੱਦੀ ਜਿਲ੍ਹੇ ਰਾਮਪੁਰ-ਜਿੱਥੇ ਡਿਬਡਿਬਾ ਸਥਿਤ ਹੈ- ਦੇ ਕਿਸਾਨ ਸਤੰਬਰ 2020 ਵਿੱਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਹੋਰ ਵੀ ਦ੍ਰਿੜਤਾ ਕਰਾਉਣ ਲੱਗੇ ਹਨ। ਰਾਮਪੁਰ ਦੀ ਸੀਮਾ ਦੇ ਉਸ ਪਾਰ, ਉੱਤਰਾਖੰਡ ਦੇ ਊਧਮ ਸਿੰਘ ਨਗਰ ਅਤੇ ਕਾਸ਼ੀਪੁਰ ਜਿਲ੍ਹਿਆਂ ਵਿੱਚ, ਕੁਮਾਊ ਖੇਤਰ ਵਿੱਚ, ਕਿਸਾਨਾਂ ਦਾ ਸੰਕਲਪ ਓਨਾ ਹੀ ਮਜ਼ਬੂਤ ਹੈ।
ਡਿਬਡਿਬਾ ਤੋਂ ਕਰੀਬ 15 ਕਿਲੋਮਟੀਰ ਦੂਰ, ਊਧਮ ਸਿੰਘ ਨਗਰ ਦੇ ਸੈਜਨੀ ਪਿੰਡ ਵਿੱਚ 42 ਸਾਲਾ ਕਿਸਾਨ ਸੁਖਦੇਵ ਸਿੰਘ ਕਹਿੰਦੇ ਹਨ,"ਮੁੰਡਾ (ਨਵਰੀਤ) ਕੋਲ਼ ਹੀ ਇੱਕ ਪਿੰਡ ਦਾ ਸੀ, ਜੋ ਇੱਥੋਂ ਜ਼ਿਆਦਾ ਦੂਰ ਨਹੀਂ ਹੈ। ਉਹਦੀ ਮੌਤ ਤੋਂ ਬਾਅਦ, ਇੱਥੋਂ ਦੇ ਕਿਸਾਨ (ਵਿਰੋਧ ਕਰਨ ਲਈ) ਹੋਰ ਦ੍ਰਿੜ ਹੋ ਗਏ।"
ਦਿੱਲੀ ਦੀਆਂ ਸੀਮਾਵਾਂ 'ਤੇ ਜਦੋਂ ਪਹਿਲੀ ਦਫ਼ਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ, ਉਦੋਂ ਤੋਂ ਉਤਰਾਖੰਡ ਦੇ ਕਿਸਾਨ ਤਿੰਨ ਨਵੇਂ ਖੇਤੀ ਕਨੂੰਨਾਂ ਦਾ ਵਿਰੋਧ ਕਰਨ ਲਈ ਹੋਰ ਕਿਸਾਨਾਂ ਦੇ ਨਾਲ਼, ਮੁੱਖ ਰੂਪ ਵਿੱਚ ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਦੇ ਨਾਲ਼ ਉੱਥੇ ਮੌਜੂਦ ਹਨ। ਬਾਕੀ ਤਿੰਨਾਂ ਰਾਜਾਂ ਦੀ ਤੁਲਨਾ ਵਿੱਚ ਉੱਤਰਾਖੰਡ ਰਾਸ਼ਟਰੀ ਰਾਜਧਾਨੀ ਤੋਂ ਸਭ ਤੋਂ ਜ਼ਿਆਦਾ ਦੂਰ ਹੈ, ਪਰ ਇਸ ਦੂਰੀ ਨੇ ਰਾਜ ਦੇ ਕਿਸਾਨਾਂ ਨੂੰ ਗਾਜ਼ੀਪੁਰ ਵਿੱਚ ਆਪਣੀ ਅਵਾਜ਼ ਚੁੱਕਣ ਤੋਂ ਨਹੀਂ ਰੋਕਿਆ ਹੈ।
ਊਧਮ ਸਿੰਘ ਨਗਰ ਅਤੇ ਕਾਸ਼ੀਪੁਰ ਦੇ ਲੋਕਾਂ ਨੇ ਨਵੰਬਰ ਵਿੱਚ ਦਿੱਲੀ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ, ਪਰ ਉੱਥੇ ਜਾਣਾ ਅਸਾਨ ਨਹੀਂ ਸੀ, ਸੁਖਦੇ ਕਹਿੰਦੇ ਹਨ। ਯੂਪੀ ਪੁਲਿਸ ਨੇ ਉਨ੍ਹਾਂ ਨੂੰ ਸੀਮਾ, ਰਾਮਪੁਰ-ਨੈਨੀਤਾਲ ਰਾਜਮਾਰਗ (ਐੱਨਐੱਚ 109) 'ਤੇ ਰੋਕ ਦਿੱਤਾ ਸੀ। "ਅਸੀਂ ਤਿੰਨ ਦਿਨ ਅਤੇ ਤਿੰਨ ਰਾਤਾਂ ਰਾਜਮਾਰਗ 'ਤੇ ਲੰਘਾਈਆਂ। ਪੁਲਿਸ ਨੇ ਸਾਨੂੰ ਵਾਪਸ ਭੇਜਣ ਲਈ ਹਰਸੰਭਵ ਕੋਸ਼ਿਸ਼ ਕੀਤੀ। ਆਖ਼ਰਕਾਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਪਿਛਾਂਹ ਹਟਣ ਵਾਲ਼ੇ ਨਹੀਂ ਹਾਂ, ਤਾਂ ਉਨ੍ਹਾਂ ਨੇ ਸਾਨੂੰ ਉੱਥੋਂ ਅੱਗੇ ਜਾਣ ਦੀ ਆਗਿਆ ਦੇ ਦਿੱਤੀ।"
ਕਿਸਾਨ ਆਪਣੇ ਘਰਾਂ ਤੋਂ ਲੰਬੀ ਯਾਤਰਾ ਤੈਅ ਕਰਕੇ ਆ ਰਹੇ ਹਨ ਕਿਉਂਕਿ ਨਵੇਂ ਖੇਤੀ ਕਨੂੰਨ ਉਨ੍ਹਾਂ ਦੀ ਰੋਜ਼ੀਰੋਟੀ ਨੂੰ ਤਬਾਹ ਕਰ ਦੇਣਗੇ, ਸੁਖਦੇਵ ਕਹਿੰਦੇ ਹਨ, ਜਿਨ੍ਹਾਂ ਕੋਲ਼ ਊਧਮ ਸਿੰਘ ਨਗਰੀ ਦੀ ਰੂਦਰਪੁਰ ਤਹਿਸੀਲ ਦੇ ਸੈਜਨੀ ਵਿੱਚ 25 ਏਕੜ ਜ਼ਮੀਨ ਹੈ। ਜਿਨ੍ਹਾਂ ਖੇਤੀ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਹ ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (ਏਪੀਐੱਮਸੀ), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ।
ਸੁਖਦੇਵ ਇਹ ਪ੍ਰਵਾਨ ਕਰਦੇ ਹਨ ਕਿ ਮੌਜੂਦਾ ਏਪੀਐੱਮਸੀ ਮੰਡੀ ਪ੍ਰਣਾਲੀ ਕਿਸਾਨਾਂ ਲਈ ਵਿਕਰੀ ਕਰਨ ਦੀ ਸਭ ਤੋਂ ਚੰਗੀ ਥਾਂ ਨਹੀਂ ਹੈ। "ਅਸੀਂ ਕਦੇ ਨਹੀਂ ਕਿਹਾ ਕਿ ਇਹ ਸਹੀ ਹੈ। ਸਾਨੂੰ ਸੁਧਾਰਾਂ ਦੀ ਲੋੜ ਹੈ।" ਪਰ ਸਵਾਲ ਇਹ ਹੈ ਕਿ ਸੁਧਾਰ ਕਿਹਦੇ ਲਈ-ਕਿਸਾਨਾਂ ਲਈ ਜਾਂ ਕਾਰਪੋਰੇਟ ਜਗਤ ਲਈ?
ਕਈ ਵਾਰ, ਮੰਡੀਆਂ ਫ਼ਸਲਾਂ ਦੀ ਗੁਣਵਤਾ ਵਿੱਚ ਖ਼ਰਾਬੀ ਕੱਢ ਦਿੰਦੀਆਂ ਹਨ ਅਤੇ ਇਹਨੂੰ ਖਰੀਦਣ ਤੋਂ ਮਨ੍ਹਾ ਕਰ ਦਿੰਦੀਆਂ ਹਨ, ਸੁਖਦੇਵ ਕਹਿੰਦੇ ਹਨ। "ਸਾਨੂੰ ਕਈ ਦਿਨਾਂ ਤੱਕ ਮੰਡੀਆਂ ਵਿੱਚ ਰੁਕਣਾ ਪੈਂਦਾ ਹੈ ਫਿਰ ਕਿਤੇ ਜਾ ਕੇ ਉਹ ਸਾਡੇ ਤੋਂ ਖਰੀਦਦੇ ਹਨ। ਅਤੇ ਉਹਦੇ ਬਾਅਦ ਵੀ, ਪੈਸਾ ਸਮੇਂ ਸਿਰ ਨਹੀਂ ਮਿਲ਼ਦਾ," ਸੁਖਦੇਵ ਦੱਸਦੇ ਹਨ। "ਮੈਂ ਅਕਤੂਬਰ 2020 ਵਿੱਚ ਇੱਕ ਮੰਡੀ ਵਿੱਚ ਕਰੀਬ 200 ਕੁਵਿੰਟਲ ਝੋਨਾ ਵੇਚਿਆ ਸੀ। ਪਰ ਉਹਦੇ 4 ਲੱਖ ਰੁਪਏ ਮੈਨੂੰ ਹਾਲੇ ਤੱਕ ਨਹੀਂ ਮਿਲ਼ੇ ਹਨ।"
ਡਿਬਡਿਬਾ ਵਿੱਚ, ਜਿੱਥੇ ਸਰਵਿਕਰਮਜੀਤ ਅਤੇ ਪਰਮਜੀਤ ਦੇ ਕੋਲ਼ ਸੱਤ ਏਕੜ ਖੇਤ ਹੈ, ਹਾਲਤ ਥੋੜ੍ਹੀ ਵੱਖ ਹੈ। "ਸਰਕਾਰੀ ਮੰਡੀ ਨੇੜੇ ਹੈ, ਇਸਲਈ ਮੈਂ ਆਪਣੀਆਂ ਜ਼ਿਆਦਾਤਰ ਫ਼ਸਲਾਂ ਐੱਮਐੱਸਪੀ 'ਤੇ ਵੇਚਦਾ ਹਾਂ। ਇਹ ਸਾਡੇ ਵਜੂਦ ਲਈ ਬਹੁਤ ਜ਼ਰੂਰੀ ਹੈ," ਸਰਵਿਕਰਮਜੀਤ ਕਹਿੰਦੇ ਹਨ,ਜੋ ਖ਼ਰੀਫ ਦੇ ਮੌਸਮ ਵਿੱਚ ਝੋਨਾ ਅਤੇ ਰਬੀ ਦੇ ਮੌਸਮ ਵਿੱਚ ਕਣਕ ਦੀ ਕਾਸ਼ਤ ਕਰਦੇ ਹਨ।
ਸੀਮਾ ਦੇ ਉਸ ਪਾਰ, ਸੈਜਨੀ ਦੇ ਕਿਸਾਨ ਆਪਣੀ ਨਾ ਵਿਕੀ ਫ਼ਸਲ ਨੂੰ ਨਿੱਜੀ ਕਾਰੋਬਾਰੀਆਂ ਹੱਥ ਵੇਚਦੇ ਹਨ। "ਅਸੀਂ ਇਹਨੂੰ ਘੱਟ ਕੀਮਤਾਂ 'ਤੇ ਵੇਚਦੇ ਹਾਂ," ਸੁਖਦੇਵ ਦੱਸਦੇ ਹਨ। ਫਿਰ ਵੀ, ਜਦੋਂ ਮੰਡੀਆਂ ਨਹੀਂ ਖਰੀਦਦੀਆਂ ਤਦ ਵੀ ਐੱਮਐੱਸਪੀ ਕਿਸਾਨਾਂ ਲਈ ਇੱਕ ਬੈਂਚਮਾਰਕ ਹੁੰਦਾ ਹੈ, ਸਰਵਿਕਰਮਜੀਤ ਕਹਿੰਦੇ ਹਨ। "ਜੇਕਰ ਚੌਲ਼ ਲਈ ਐੱਮਐੱਸਪੀ 1,800 ਰੁਪਏ ਪ੍ਰਤੀ ਕੁਵਿੰਟਲ ਹੈ, ਤਾਂ ਨਿੱਜੀ ਕਾਰੋਬਾਰੀ ਇਹਦੀ ਖ਼ਰੀਦਦਾਰੀ ਲਗਭਗ 1,400-1,500 ਰੁਪਏ ਵਿੱਚ ਕਰਦੇ ਹਨ," ਉਹ ਅੱਗੇ ਕਹਿੰਦੀ ਹਨ। "ਜੇਕਰ ਸਰਕਾਰੀ ਮੰਡੀਆਂ ਆਪਣੀ ਉਪਯੋਗਤਾ ਨੂੰ ਗੁਆ ਦਿੱਤੀ, ਤਾਂ ਨਿੱਜੀ ਕਾਰੋਬਾਰੀ ਬੇਕਾਬੂ ਹੋ ਜਾਣਗੇ।"
ਸੁਖਦੇਵ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ 'ਸੁਧਾਰ' ਕੀਤੇ ਹਨ, ਉਹ ਕਿਸਾਨਾਂ ਨੂੰ ਨਹੀਂ ਚਾਹੀਦਾ। "ਮੰਡੀ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲ਼ੇ ਕਨੂੰਨ ਪਾਸ ਕਰਨ ਦੀ ਬਜਾਇ, ਸਰਕਾਰ ਨੂੰ ਇਹਨੂੰ ਵਿਸਤਾਰਤ ਕਰਨ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਦੇ ਕੋਲ਼ ਇੱਕ ਸੁਨਿਸ਼ਚਿਤ ਬਜ਼ਾਰ ਹੋਵੇ।"
ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਅਧਿਕਾਰ ਪ੍ਰਦਾਨ ਕਰਨ ਦੇ ਕਾਰਨ ਨਵੇਂ ਕਨੂੰਨਾਂ ਦੀ ਅਲੋਚਨਾ ਕੀਤੀ ਜਾ ਰਹੀ ਹੈ। "ਨਿੱਜੀ ਖੇਤਰ ਦਾ ਪ੍ਰਵੇਸ਼ ਕਦੇ ਚੰਗੀ ਖ਼ਬਰ ਨਹੀਂ ਹੈ। ਉਨ੍ਹਾਂ ਦਾ ਇੱਕ ਵੀ ਨਿਯਮ ਹੈ: ਕਿਸੇ ਵੀ ਕੀਮਤ 'ਤੇ ਮੁਨਾਫ਼ਾ ਕਮਾਉਣਾ ਹੈ। ਉਹ ਕਿਸਾਨਾਂ ਦਾ ਸ਼ੋਸ਼ਣ ਕਰਨ ਤੋਂ ਪਹਿਲਾਂ ਦੋ ਵਾਰ ਨਹੀਂ ਸੋਚਾਂਗੇ," ਸੁਖਦੇਵ ਕਹਿੰਦੇ ਹਨ।
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਲੀ ਵੱਲ ਆਪਣੇ ਸਿਧਾਂਤਕ ਮਾਰਚ ਤੋਂ ਬਾਅਦ, ਉੱਤਰਾਖੰਡ ਦੇ ਕਿਸਾਨਾਂ ਨੇ ਜ਼ਿਆਦਾ ਰਣਨੀਤਕ ਦ੍ਰਿਸ਼ਟੀਕੋਣ ਅਪਣਾਇਆ ਹੈ। ਜਨਵਰੀ ਦੇ ਅੰਤ ਤੋਂ, ਉਹ ਗਾਜ਼ੀਪੁਰ ਵਿੱਚ ਵਾਰੀ-ਵਾਰੀ ਕੈਂਪ ਕਰਦੇ ਹਨ, ਜਦੋਂ ਹਰੇਕ ਪਿੰਡ ਤੋਂ ਕਰੀਬ 5-10 ਕਿਸਾਨ ਇੱਕਠੇ ਜਾਂਦੇ ਹਨ ਅਤੇ 1-2 ਹਫ਼ਤੇ ਬਾਅਦ ਪਰਤ ਆਉਂਦੇ ਹਨ।
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਲੀ ਵੱਲ ਆਪਣੇ ਸਿਧਾਂਤਕ ਮਾਰਚ ਦੇ ਬਾਅਦ, ਉਤਰਾਖੰਡ ਦੇ ਕਿਸਾਨਾਂ ਨੇ ਜ਼ਿਆਦਾ ਰਣਨੀਤਕ ਦ੍ਰਿਸ਼ਟੀਕੋਣ ਅਪਣਾਇਆ। ਉਹ ਗਾਜ਼ੀਪੁਰ ਵਿੱਚ ਵਾਰੀ-ਵਾਰੀ ਕੈਂਪ ਲਾਉਂਦੇ ਹਨ, ਜਦੋਂ ਹਰੇਕ ਪਿੰਡੋਂ ਕਰੀਬ 5-10 ਕਿਸਾਨ ਇਕੱਠਿਆਂ ਜਾਂਦੇ ਹਨ
"ਅਸੀਂ (ਦਿੱਲੀ) ਸੀਮਾ 'ਤੇ ਹਾਜ਼ਰੀ ਲਾਈ ਰੱਖਦੇ ਹਨ ਅਤੇ ਨਾਲ਼ ਹੀ, ਉੱਧਰ ਘਰੇ ਆਪਣੇ ਖੇਤਾਂ 'ਤੇ ਵੀ ਕੰਮ ਕਰਦੇ ਹਨ। ਅਸੀਂ ਇੱਕ ਵਾਰੀ ਵਿੱਚ ਇੱਕ ਜਾਂ ਦੋ ਹਫ਼ਤੇ ਤੋਂ ਬਹੁਤਾ ਸਮਾਂ ਨਹੀਂ ਬਿਤਾਉਂਦੇ ਹਨ। ਇਸ ਨਾਲ਼ ਹਰ ਕੋਈ ਨਵਾਂ-ਨਰੋਆ ਰਹਿੰਦਾ ਹੈ," 52 ਸਾਲਾ ਕਿਸਾਨ, ਸੁਖਦੇਵ ਚੰਚਲ ਸਿੰਘ ਕਹਿੰਦੇ ਹਨ, ਜਿਨ੍ਹਾਂ ਕੋਲ਼ ਸੈਜਨੀ ਵਿੱਚ 20 ਏਕੜ ਜ਼ਮੀਨ ਹੈ। "ਇਸ ਤਰ੍ਹਾਂ, ਜਦੋਂ ਤੱਕ ਸੰਭਵ ਹੋਇਆ ਅਸੀਂ ਵਿਰੋਧ ਪ੍ਰਦਰਸ਼ਨ ਕਰਦੇ ਰਹਾਂਗੇ।"
ਜਦੋਂ ਪਰਿਵਾਰ ਦਾ ਇੱਕ ਮੈਂਬਰ ਦੂਰ ਚਲਾ ਜਾਂਦਾ ਹੈ, ਤਾਂ ਘਰ ਦਾ ਕੰਮ ਪਰਿਵਾਰ ਦੇ ਬਾਕੀ ਮੈਂਬਰ ਚਲਾਉਂਦੇ ਹਨ, 45 ਸਾਲਾ ਬਲਜੀਤ ਕੌਰ ਕਹਿੰਦੀ ਹਨ। "ਸਾਡੇ ਕੋਲ਼ ਤਿੰਨ ਮੱਝਾਂ ਹਨ, ਜਿਨ੍ਹਾਂ ਨੂੰ ਮੈਂ ਦੇਖਦੀ ਹਾਂ," ਉਹ ਸੈਜਨੀ ਵਿੱਚ, ਆਪਣੇ ਘਰ ਦੇ ਬਰਾਂਡੇ ਵਿੱਚ ਭਾਂਡੇ ਸਾਫ਼ ਕਰਦਿਆਂ ਕਹਿੰਦੀ ਹਨ।
"ਇਹਦੇ ਇਲਾਵਾ, ਘਰ ਦੀ ਦੇਖਭਾਲ਼, ਸਾਫ਼-ਸਫ਼ਾਈ ਅਤੇ ਖਾਣਾ-ਬਣਾਉਣਾ ਸਾਰਾ ਕੁਝ ਮੇਰੇ ਸਿਰ ਹੀ ਹੈ। ਮੇਰਾ 21 ਸਾਲਾ ਬੇਟਾ ਖੇਤ ਦੀ ਦੇਖਭਾਲ਼ ਕਰਦਾ ਹੈ ਜਦੋਂ ਉਹਦੇ ਪਿਤਾ ਦੂਰ ਹੁੰਦੇ ਹਨ। "
ਬਲਜੀਤ ਦੇ ਪਤੀ, 50 ਸਾਲਾ ਜਸਪਾਲ ਦੋ ਵਾਰ -ਪਿਛਲੀ ਵਾਰ ਫਰਵਰੀ ਦੇ ਅੰਤ ਤੋਂ ਮਾਰਚ ਦੇ ਪਹਿਲੇ ਹਫ਼ਤੇ ਤੱਕ ਗਾਜ਼ੀਪੁਰ ਜਾ ਚੁੱਕੇ ਹਨ। ਉਹ ਦੱਸਦੀ ਹਨ ਕਿ ਜਦੋਂ ਉਹ ਦੂਰ ਹੁੰਦੇ ਹਨ, ਤਾਂ ਉਨ੍ਹਾਂ ਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ। "ਚੰਗੀ ਗੱਲ ਇਹ ਹੈ ਕਿ ਪੂਰਾ ਪਿੰਡ ਇੱਕ ਦੂਸਰੇ ਦਾ ਸਮਰਥਨ ਕਰ ਰਿਹਾ ਹੈ। ਜੇਕਰ ਮੇਰੇ ਪਤੀ ਬਾਹਰ ਜਾਂਦੇ ਹਨ ਤਾਂ ਮੇਰਾ ਬੇਟਾ ਫ਼ਸਲ ਦੀ ਸਿੰਚਾਈ ਨਹੀਂ ਕਰ ਸਕਦਾ, ਤਾਂ ਪਾਣੀ ਲਾਉਣ ਦਾ ਕੰਮ ਕੋਈ ਹੋਰ ਕਰੇਗਾ।"
ਇਹੀ ਉਹ ਸਮਰਥਨ ਹੈ ਇੱਕਜੁੱਟਤਾ ਹੈ ਜਿਹਨੇ ਦੁੱਖ ਦੀ ਘੜੀ ਵਿੱਚ ਸਰਵਿਕਰਮਜੀਤ ਅਤੇ ਪਰਮਜੀਤ ਦੀ ਮਦਦ ਕੀਤੀ। "ਅਸੀਂ ਆਪਣੇ ਪੇਸ਼ੇ (ਖੇਤੀ) ਕਰਕੇ ਇਕਜੁੱਟ ਹਨ," ਸਰਵਿਕਰਮਜੀਤ ਕਹਿੰਦੇ ਹਨ। "ਉਤਰਾਖੰਡ, ਪੰਜਾਬ ਅਤੇ ਹਰਿਆਣਾ ਦੇ ਕਿਸਾਨ, ਜਿਨ੍ਹਾਂ ਵਿੱਚੋਂ ਕਈ ਅਜਨਬੀ ਹਨ, ਸਾਨੂੰ ਢਾਰਸ ਬੰਨ੍ਹਾਉਣ ਆਏ ਹਨ।"
"ਸਾਡਾ ਕੰਮ ਇਸਲਈ ਚੱਲ ਰਿਹਾ ਹੈ ਕਿਉਂਕਿ ਸਾਡੇ ਆਸਪਾਸ ਦੇ ਲੋਕ ਸਾਡੀ ਤਾਕਤ ਹਨ," ਸਰਵਿਕਰਮਜੀਤ ਕਹਿੰਦੇ ਹਨ। "ਜੇਕਰ ਇਸ ਸਰਕਾਰ ਨੇ ਕਿਸਾਨੀ-ਭਾਈਚਾਰੇ ਦੁਆਰਾ ਪ੍ਰਗਟਾਈ ਗਈ ਹਮਦਰਦੀ ਵੀ ਦਿਖਾਈ ਹੁੰਦੀ, ਤਾਂ ਉਹ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰ ਦਿੰਦੀ।"
ਤਰਜਮਾ : ਕਮਲਜੀਤ ਕੌਰ