ਮਾਰਚ 2019 ਵਿੱਚ ਇਰੱਪਾ ਬਾਵਗੇ ਨੂੰ ਜਦੋਂ ਬੰਗਲੁਰੂ ਵਿਖੇ ਪ੍ਰੋਜੈਕਟ ਮੈਨੇਜਰ ਦੀ ਨੌਕਰੀ ਮਿਲ਼ੀ ਤਾਂ ਉਨ੍ਹਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਸਾਲ ਬਾਅਦ ਅਚਾਨਕ ਤਾਲਾਬੰਦੀ ਲੱਗੇਗੀ ਅਤੇ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ ਅਤੇ ਜੂਨ 2020 ਆਉਂਦੇ-ਆਉਂਦੇ ਅਜਿਹੇ ਹਾਲਾਤ ਪੈਦਾ ਹੋਣਗੇ ਕਿ ਉਹ ਬੀਦਰ ਜ਼ਿਲ੍ਹੇ ਦੇ ਆਪਣੇ ਪਿੰਡ ਕਾਮਥਾਨਾ ਵਿਖੇ ਮਨਰੇਗਾ ਮਜ਼ਦੂਰੀ ਕਰ ਰਹੇ ਹੋਣਗੇ।
“ਇੱਕ ਮਹੀਨਾ ਘਰੇ ਵਿਹਲੇ ਬੈਠੇ ਰਹਿਣ ਤੋਂ ਬਾਅਦ, ਮੈਂ ਅਪ੍ਰੈਲ ਵਿੱਚ ਨਰੇਗਾ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ ਕੀਤੀ,” ਉਹ ਕਹਿੰਦੇ ਹਨ “ਪਰਿਵਾਰ ਨੂੰ ਜਿਊਂਦੇ ਰੱਖਣ ਲਈ ਕਮਾਈ ਕਰਨੀ ਜ਼ਰੂਰੀ ਸੀ। ਜਦੋਂ ਤਾਲਾਬੰਦੀ ਦਾ ਐਲਾਨ ਹੋਇਆ ਤਾਂ ਸਾਡੇ ਕੋਲ਼ ਬਾਮੁਸ਼ਕਲ ਹੀ ਕੋਈ ਪੈਸਾ ਰਿਹਾ ਹੋਣਾ। ਮੇਰੀ ਮਾਂ ਨੂੰ ਵੀ ਕੰਮ ਮਿਲ਼ਣਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਖੇਤਾਂ ਦੇ ਮਾਲਕ ਮਜ਼ਦੂਰਾਂ ਨੂੰ ਬੁਲਾ ਨਹੀਂ ਰਹੇ ਸਨ।”
ਤਾਲਾਬੰਦੀ ਨੇ ਉਨ੍ਹਾਂ ਦੀ ਜਿਹੜੀ ਨੌਕਰੀ ਨਿਗਲ਼ੀ ਸੀ ਉਹ ਦਰਅਸਲ ਪਰਿਵਾਰ ਦੀ ਹੱਡ-ਭੰਨ੍ਹਵੀਂ ਮਿਹਨਤ, ਵੱਧਦੇ ਕਰਜ਼ੇ ਤੇ ਪਰਿਵਾਰ ਦੀ ਹਮਾਇਤ ਅਤੇ ਸੰਕਲਪ ਤੋਂ ਬਾਅਦ ਕਿਤੇ ਜਾ ਕੇ ਮਿਲ਼ੀ ਸੀ। ਉਦੋਂ ਇੰਝ ਲੱਗਾ ਸੀ ਕਿ ਸਿੱਖਿਆ ਨਾਲ਼ ਉਨ੍ਹਾਂ ਦੇ ਜੀਵਨ ਦਾ ਪੱਧਰ ਅਤੇ ਆਮਦਨੀ ਵਿੱਚ ਵਾਧਾ ਹੋਵੇਗਾ।
ਇਰੱਪਾ ਨੇ ਅਗਸਤ 2017 ਵਿੱਚ ਬੀਦਰ ਦੇ ਇੱਕ ਨਿੱਜੀ ਕਾਲਜ ਤੋਂ ਬੀਟੈਕ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਸ ਤੋਂ ਪਹਿਲਾਂ, 2013 ਵਿੱਚ, ਉਸੇ ਸ਼ਹਿਰ ਦੇ ਇੱਕ ਸਰਕਾਰੀ ਪੋਲੀਟੈਕਨਿਕ ਤੋਂ ਆਟੋਮੋਬਾਇਲ ਇੰਜੀਨਅਰਿੰਗ ਵਿੱਚ ਡਿਪਲੋਮਾ ਕੀਤਾ ਸੀ। ਡਿਗਰੀ ਕੋਰਸ ਦੇ ਲਈ ਦਾਖ਼ਲਾ ਕਰਾਉਣ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ ਅੱਠ ਮਹੀਨਿਆਂ ਤੱਕ ਪੂਨੇ ਵਿਖੇ ਖੇਤੀ ਮਸ਼ੀਨਰੀ ਬਣਾਉਣ ਵਾਲ਼ੀ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ 12,000 ਰੁਪਏ ਦੀ ਤਨਖ਼ਾਹ ‘ਤੇ ਤਕਨੀਕੀ-ਸਿਖਲਾਇਕ ਵਜੋਂ ਨੌਕਰੀ ਕੀਤੀ।“ਮੈਂ ਹੋਣਹਾਰ ਵਿਦਿਆਰਥੀ ਸਾਂ, ਇਸਲਈ ਮੈਨੂੰ ਲੱਗਿਆ ਕਿ ਮੈਂ ਵੱਡੀਆਂ ਜ਼ਿੰਮੇਦਾਰੀਆਂ ਚੁੱਕ ਸਕਦਾ ਹਾਂ ਅਤੇ ਹੋਰ ਪੈਸੇ ਕਮਾ ਸਕਦਾ ਹਾਂ। ਮੈਂ ਸੋਚਿਆ ਇੱਕ ਦਿਨ ਲੋਕ ਮੈਨੂੰ ਇੰਜੀਨਅਰ ਕਹਿਣਗੇ,” 27 ਸਾਲਾ ਇਰੱਪਾ ਕਹਿੰਦੇ ਹਨ।
ਉਨ੍ਹਾਂ ਦੀ ਪੜ੍ਹਾਈ ਖਾਤਰ ਪਰਿਵਾਰ ਨੇ ਕਈ ਕਰਜ਼ੇ ਚੁੱਕੇ। “ਤਿੰਨ ਸਾਲਾ ਬੀਟੈਕ ਲਈ 1.5 ਲੱਖ ਰੁਪਏ ਦੀ ਲੋੜ ਰਹੀ। ਮੇਰੇ ਮਾਪੇ ਸਵੈ-ਸਹਾਇਤਾ ਸਮੂਹ ਪਾਸੋਂ ਕਦੇ 20,000 ਉਧਾਰ ਚੁੱਕਦੇ ਅਤੇ ਕਦੇ 30,000 ਰੁਪਏ।”ਦਸੰਬਰ 2015 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਸਮੈਸਟਰ ਚੱਲ ਰਿਹਾ ਸੀ ਤਾਂ ਉਨ੍ਹਾਂ ਦੇ 48 ਸਾਲਾ ਮਜ਼ਦੂਰ ਪਿਤਾ ਦੀ ਪੀਲੀਏ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਇਲਾਜ ਵਾਸਤੇ, ਪਰਿਵਾਰ ਨੇ ਖ਼ੁਦ ਸਹਾਇਤਾ ਸਮੂਹ ਅਤੇ ਰਿਸ਼ਤੇਦਾਰਾਂ ਪਾਲੋਂ ਲਗਭਗ 1.5 ਲੱਖ ਰੁਪਏ ਦਾ ਕਰਜਾ ਲਿਆ। “ਡਿਗਰੀ ਪੂਰੀ ਕਰਦਿਆਂ ਹੀ ਮੇਰੇ ਮੋਢਿਆਂ ’ਤੇ ਜ਼ਿੰਮੇਦਾਰੀਆਂ ਆਣ ਪਈਆਂ,” ਇਰੱਪਾ ਕਹਿੰਦੇ ਹਨ।
ਇਸਲਈ ਜਦੋਂ ਉਨ੍ਹਾਂ ਨੂੰ ਬੰਗਲੁਰੂ ਵਿਖੇ 20,000 ਰੁਪਏ ਤਨਖ਼ਾਹ ’ਤੇ ਪਲਾਸਟਿਕ ਮੋਲਡਿੰਗ ਮਸ਼ੀਨ ਬਣਾਉਣ ਦੀ ਛੋਟੀ-ਜਿਹੀ ਯੁਨਿਟ ਵਿੱਚ ਬਤੌਰ ਪ੍ਰੋਜੈਕਟ ਮੈਨੇਜਰ ਨੌਕਰੀ ਮਿਲ਼ੀ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਬੜੀ ਖ਼ੁਸ਼ੀ ਹੋਈ। ਇਹ ਮਾਰਚ 2019 ਦੀ ਗੱਲ ਹੈ। “ਮੈਂ ਹਰ ਮਹੀਨੇ ਆਪਣੀ ਮਾਂ ਨੂੰ 8,000-10,000 ਰੁਪਏ ਭੇਜਦਾ। ਪਰ ਤਾਲਾਬੰਦੀ ਨੇ ਸਾਰਾ ਕੁਝ ਬਰਬਾਦ ਕਰਕੇ ਰੱਖ ਦਿੱਤਾ,” ਉਹ ਕਹਿੰਦੇ ਹਨ।
ਇਰੱਪਾ ਨੂੰ ਆਪਣੀ ਮਾਂ ਲਲਿਤਾ ਦੇ ਫ਼ੋਨ ਤੇ ਫ਼ੋਨ ਆਉਣ ਲੱਗੇ। ਉਨ੍ਹਾਂ ਨੂੰ ਜਾਪਿਆ ਕਿ ਇਰੱਪਾ ਪਿੰਡ ਵਿੱਚ ਵੱਧ ਸੁਰੱਖਿਅਤ ਰਹੇਗਾ। “ਮੈਂ 22 ਮਾਰਚ ਤੱਕ ਕੰਮ ਕੀਤਾ। ਕਿਉਂਕਿ ਮਹੀਨਾ ਖ਼ਤਮ ਹੋਣ ਵਾਲ਼ਾ ਸੀ ਤੇ ਮੈਂ ਜੇਬ੍ਹੋਂ ਖਾਲੀ ਸਾਂ, ਇਸਲਈ ਘਰ ਵਾਪਸ ਮੁੜਨ ਲਈ ਮੈਨੂੰ ਆਪਣੇ ਚਚੇਰੇ ਭਰਾ ਕੋਲ਼ੋਂ 4,000 ਰੁਪਏ ਉਧਾਰ ਲੈਣੇ ਪਏ,” ਉਹ ਦੱਸਦੇ ਹਨ। ਆਖ਼ਰਕਾਰ, ਉਹ ਇੱਕ ਨਿੱਜੀ ਕਾਰ ’ਤੇ ਸਵਾਰ ਹੋਏ ਤੇ ਘਰ ਪਹੁੰਚ ਗਏ।
ਇਰੱਪਾ ਗੋਂਡ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਇੱਕ ਪਿਛੜਾ ਕਬੀਲਾ ਹੈ। ਅਗਲੇ ਇੱਕ ਮਹੀਨੇ ਵਾਸਤੇ ਇਸ ਚਾਰ ਮੈਂਬਰੀ ਪਰਿਵਾਰ ਨੂੰ ਆਪਣੀ ਮਾਂ ਦੀ ਕਮਾਈ ‘ਤੇ ਹੀ ਨਿਰਭਰ ਰਹਿਣਾ ਪਿਆ, ਜੋ ਇੱਕ ਖੇਤ ਮਜ਼ਦੂਰ ਹਨ ਅਤੇ 100-150 ਰੁਪਏ ਦਿਹਾੜੀ ਕਮਾਉਂਦੀ। ਇਰੱਪਾ ਦੱਸਦੇ ਹਨ ਕਿ ਖੇਤਾਂ ਦੇ ਮਾਲਕ ਅਕਸਰ ਇਹ ਕੰਮ ਨੌਜਵਾਨ ਪੁਰਸ਼ਾਂ ਦੀ ਬਜਾਇ ਸਿਆਣੀ ਉਮਰ ਦੀਆਂ (ਤਜ਼ਰਬੇਕਾਰ) ਔਰਤਾਂ ਕੋਲ਼ੋਂ ਕਰਵਾਉਣਾ ਪਸੰਦ ਕਰਦੇ ਹਨ। ਪਰਿਵਾਰ ਨੇ ਬੀਪੀਐੱਲ (ਗ਼ਰੀਬੀ ਰੇਖਾਂ ਤੋਂ ਹੇਠਾਂ) ਕਾਰਡ ’ਤੇ ਪੀਡੀਐੱਸ ਤਹਿਤ ਮਿਲ਼ਣ ਵਾਲ਼ੇ ਰਾਸ਼ਨ ਨਾਲ਼ ਗੁਜ਼ਾਰਾ ਚਲਾਇਆ। ਇਰੱਪਾ ਦੇ ਦੋ ਛੋਟੇ ਭਰਾ ਹਨ-ਇੱਕ ਹੈ ਭਰਾ 23 ਸਾਲਾ ਰਾਹੁਲ, ਕਰਨਾਟਕ ਲੋਕ ਸੇਵਾ ਅਯੋਗ ਲਈ ਨੌਕਰੀਆਂ ਦੀ ਭਰਤੀ ਪ੍ਰੀਖਿਆ ਦੀ ਤਿਆਰ ਕਰ ਰਿਹਾ ਹੈ, ਜਦੋਂਕਿ ਦੂਜਾ ਭਰਾ 19 ਸਾਲਾ ਵਿਲਾਸ, ਬੀਏ (ਡਿਗਰੀ ਕੋਰਸ) ਦੇ ਪਹਿਲੇ ਸਾਲ ਵਿੱਚ ਹੈ ਅਤੇ ਸੈਨਾ ਵਿੱਚ ਭਰਤੀ ਦੀ ਤਿਆਰ ਕਰ ਰਿਹਾ ਹੈ। ਪਰਿਵਾਰ ਕੋਲ਼ ਇੱਕ ਏਕੜ ਜ਼ਮੀਨ ਹੈ ਜਿਸ ‘ਤੇ ਵਰਖਾ ਅਧਾਰਤ ਖੇਤੀ ਕੀਤੀ ਜਾਂਦੀ ਹੈ ਅਤੇ ਉੱਥੇ ਹੁੰਦੀ ਮਸਰ, ਮੂੰਗੀ ਅਤੇ ਜਵਾਰ ਦੀ ਕਾਸ਼ਤ ਦਾ ਵੱਡਾ ਹਿੱਸਾ ਆਪਣੀ ਵਰਤੋਂ ਲਈ ਰੱਖਿਆ ਜਾਂਦਾ ਹੈ। ਪਰਿਵਾਰ ਕੋਲ਼ ਆਪਣੀ ਇੱਕ ਮੱਝ ਹੈ ਜਿਹਦੀ ਦੇਖਭਾਲ਼ ਇਰੱਪਾ ਦੇ ਭਰਾ ਕਰਦੇ ਹਨ ਅਤੇ ਦੁੱਧ ਵੇਚ ਕੇ ਮਹੀਨੇ ਦਾ 5,000 ਰੁਪਿਆ ਕਮਾਉਂਦੇ ਹਨ।
ਇਰੱਪਾ ਨੇ ਮਨਰੇਗਾ ਥਾਵਾਂ ਵਿਖੇ 33 ਦਿਨ ਕੰਮ ਕੀਤਾ ਜਿਸ ਵਿੱਚੋਂ ਬਹੁਤੇਰੀ ਵਾਰੀਂ ਨਹਿਰ ’ਚੋਂ ਗਾਰ ਕੱਢਣ ਦਾ ਕੰਮ ਮਿਲ਼ਿਆ ਅਤੇ ਮਹੀਨੇ ਦੇ 9,000 ਰੁਪਏ ਤੋਂ ਥੋੜ੍ਹੇ ਕੁ ਵੱਧ ਪੈਸੇ ਕਮਾਏ। ਉਨ੍ਹਾਂ ਦੇ ਦੋਵਾਂ ਭਰਾਵਾਂ ਨੇ ਜੁਲਾਈ ਮਹੀਨੇ ਦੇ 14 ਦਿਨ ਅਤੇ ਮਾਂ ਨੇ 35 ਦਿਨ ਮਨਰੇਗਾ ਤਹਿਤ ਕੰਮ ਕੀਤਾ। ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ, 2005 ਦੇ ਤਹਿਤ, ਇੱਕ ਪਰਿਵਾਰ ਇੱਕ ਸਾਲ ਵਿੱਚ ਕੁੱਲ 100 ਦਿਨਾਂ ਦੇ ਕੰਮ ਦਾ ਹੱਕਦਾਰ ਹੈ। ਸਤੰਬਰ ਤੋਂ ਉਨ੍ਹਾਂ ਦੀ ਮਾਂ ਖੇਤਾਂ ਵਿੱਚ ਕੰਮ ਮਿਲ਼ਦਾ ਰਿਹਾ ਹੈ ਜਿੱਥੇ ਵੱਧ ਤੋਂ ਵੱਧ 100-150 ਰੁਪਏ ਦੀ ਨਿਗੂਣੀ ਜਿਹੀ ਦਿਹਾੜੀ ਮਿਲ਼ਦੀ।
ਇਰੱਪਾ ਦੇ ਬੀਦਰ ਪਰਤਣ ਤੋਂ ਕੁਝ ਕੁ ਦਿਨਾਂ ਦੇ ਅੰਦਰ, ਬੰਗਲੁਰੂ ਦੀ ਜਿਹੜੀ ਮੈਨੂਫ਼ੈਕਰਿੰਗ ਯੁਨਿਟ ਵਿੱਚ ਉਹ ਕੰਮ ਕਰਦੇ ਸਨ, ਤਿੰਨ ਮਹੀਨਿਆਂ ਲਈ ਬੰਦ ਹੋ ਗਈ। “ਮੇਰੇ ਬੌਸ ਨੇ ਕਿਹਾ ਕਿ ਸਾਰਿਆਂ ਲਈ ਕੰਮ ਨਹੀਂ ਹੈ,” ਬੜੇ ਹਿਰਖੇ ਮਨ ਨਾਲ਼ ਉਹ ਦੱਸਦੇ ਹਨ। “ਮੈਂ ਆਪਣਾ ਸੀਵੀ (ਬਾਇਓ-ਡਾਟਾ) ਬੰਗਲੁਰੂ, ਪੂਨੇ ਅਤੇ ਬੰਬੇ ਵਿਖੇ ਕੰਮ ਕਰ ਰਹੇ ਤਿੰਨ-ਚਾਰ ਦੋਸਤਾਂ ਨੂੰ ਭੇਜਿਆ ਹੈ,” ਉਹ ਅੱਗੇ ਕਹਿੰਦੇ ਹਨ। “ਮੈਂ ਨੌਕਰੀ ਵੈੱਬਸਾਈਟਾਂ ਨੂੰ ਨਿਯਮਤ ਰੂਪ ਨਾਲ਼ ਚੈੱਕ ਕਰਦਾ ਹਾਂ। ਉਮੀਦ ਹੈ ਕਿਤੇ ਨਾ ਕਿਤੇ ਨੌਕਰੀ ਮਿਲ਼ ਹੀ ਜਾਊਗੀ।”
*****
ਉਸੇ ਪਿੰਡ ਵਿੱਚ, ਇੱਕ ਹੋਰ ਨੌਜਵਾਨ ਦੇ ਸੁਪਨੇ ਚਕਨਾਚੂਰ ਹੋ ਚੁੱਕੇ ਹਨ। ਸਤੰਬਰ 2019 ਵਿੱਚ (ਓਕਸਫੋਰਡ ਕਾਲਜ ਆਫ਼ ਇੰਜੀਨਅਰਿੰਗ, ਬੰਗਲੁਰੂ ਤੋਂ) ਐੱਮਬੀਏ ਦਾ ਕੋਰਸ ਪੂਰਾ ਕਰਨ ਵਾਲ਼ੇ 25 ਸਾਲਾ ਆਤਿਸ਼ ਮੇਤਰੇ ਨੇ ਵੀ ਹਾਲ ਦੇ ਮਹੀਨਿਆਂ ਵਿੱਚ ਕਾਮਥਾਨਾ ਪਿੰਡ ਵਿਖੇ ਇਰੱਪਾ ਦੇ ਨਾਲ਼ ਮਨਰੇਗਾ ਥਾਵਾਂ ’ਤੇ ਕੰਮ ਕੀਤਾ ਹੈ।
ਇਸ ਸਾਲ ਅਪ੍ਰੈਲ ਵਿੱਚ, ਉਨ੍ਹਾਂ ਨੂੰ ਤਾਲਾਬੰਦੀ ਕਾਰਨ ਬੰਗਲੁਰੂ ਵਿਖੇ ਐੱਚਡੀਐੱਫਸੀ ਬੈਂਕ ਦੀ ਸੇਲ ਡਿਵੀਜ਼ਨ ਦੀ ਆਪਣੀ ਨੌਕਰੀ ਛੱਡਣੀ ਪਈ। ''ਸਾਡੀ ਨੌਕਰੀ ਟਾਰਗੇਟ ਪੂਰੇ ਕਰਨ ਦੀ ਸੀ ਅਤੇ ਘਰੋਂ ਬਾਹਰ ਪੁੱਟਣ ਦੀ ਨਾ ਤਾਂ ਇਜਾਜ਼ਤ ਸੀ ਤੇ ਨਾ ਹੀ ਸੁਰੱਖਿਅਤ। ਮੇਰੀ ਟੀਮ ਦੇ ਬਹੁਤੇਰੇ ਲੋਕਾਂ ਨੇ ਨੌਕਰੀ ਛੱਡ ਦਿੱਤੀ ਸੀ। ਮੇਰੇ ਕੋਲ਼ ਹੋਰ ਕੋਈ ਚਾਰਾ ਹੀ ਨਹੀਂ ਸੀ,'' ਉਹ ਦੱਸਦੇ ਹਨ।
ਉਹ ਸੱਜ-ਵਿਆਹੀ ਦੁਲਹਨ, 22 ਸਾਲਾ ਸਤਿਆਵਤੀ ਲਡਗੇਰੀ ਦੇ ਨਾਲ਼ ਕਾਮਥਾਨਾ ਪਰਤ ਆਏ। ਸਤਿਆਵਤੀ ਦੇ ਕੋਲ਼ ਬੀਕਾਮ ਦੀ ਡਿਗਰੀ ਹੈ ਅਤੇ ਉਨ੍ਹਾਂ ਨੇ ਵੀ ਕੁਝ ਦਿਨਾਂ ਤੱਕ ਆਤਿਸ਼ ਦੇ ਨਾਲ਼ ਮਨਰੇਗਾ ਦੀਆਂ ਥਾਵਾਂ 'ਤੇ ਕੰਮ ਕੀਤਾ, ਜਦੋਂ ਤੀਕਰ ਕਿ ਉਹ ਥੱਕ ਕੇ ਚੂਰ ਨਹੀਂ ਹੋ ਗਈ। ਆਤਿਸ਼ ਨੇ ਕੰਮ ਕਰਨਾ ਜਾਰੀ ਰੱਖਿਆ ਅਤੇ 21 ਨਵੰਬਰ ਤੱਕ ਉਹ ਇਨ੍ਹਾਂ ਥਾਵਾਂ 'ਤੇ 100 ਦਿਨ ਦਾ ਕੰਮ ਕਰ ਚੁੱਕੇ ਸਨ-ਜਿਵੇਂ ਕਿ ਟੋਏ ਪੁੱਟਣਾ, ਛੋਟੇ ਬੰਨ੍ਹਾਂ ਦੀ ਸਫ਼ਾਈ ਕਰਨਾ, ਝੀਲ਼ਾਂ ਵਿੱਚੋਂ ਗਾਰ ਕੱਢਣਾ- ਅਤੇ ਕੁੱਲ ਮਿਲ਼ਾ ਕੇ ਕਰੀਬ 27,000 ਰੁਪਏ ਕਮਾਏ ਸਨ।
ਅਪ੍ਰੈਲ ਵਿੱਚ, ਆਤਿਸ਼ ਦੇ ਦੋ ਵੱਡੇ ਭਰਾਵਾਂ (ਪਰਿਵਾਰ ਦਾ ਸਬੰਧ ਹੋਲੇਯਾ/ਪਿਛੜੀ ਜਾਤੀ ਭਾਈਚਾਰੇ ਨਾਲ਼ ਹੈ) ਨੇ ਬਹੁਤ ਹੀ ਸਧਾਰਣ ਤਰੀਕੇ ਨਾਲ਼ ਵਿਆਹ ਕੀਤਾ, ਜਿਹਦੇ ਲਈ ਉਨ੍ਹਾਂ ਦੀ ਮਾਂ ਨੇ ਸਥਾਨਕ ਐੱਸਐੱਚਜੀ ਪਾਸੋਂ 75,000 ਰੁਪਏ ਦਾ ਕਰਜ਼ਾ ਲਿਆ ਸੀ ਜਿਹਦੀ ਅਦਾਇਗੀ ਲਈ ਹਰ ਹਫ਼ਤੇ ਕਿਸ਼ਤ ਦੇਣੀ ਤੈਅ ਸੀ। ਆਤਿਸ਼ ਨੇ ਬਾਈਕ ਖਰੀਦਣ ਲਈ ਨਵੰਬਰ 2019 ਵਿੱਚ 50,000 ਰੁਪਏ ਦਾ ਕਰਜ਼ਾ ਲਿਆ ਸੀ, ਜਿਹਦੇ ਵਾਸਤੇ ਉਨ੍ਹਾਂ ਨੂੰ ਵੀ ਹਰ ਮਹੀਨੇ 3,700 ਰੁਪਏ ਦੀ ਕਿਸ਼ਤ ਦੇਣੀ ਪੈਂਦੀ ਹੈ। ਹਾਲ ਦੇ ਮਹੀਨਿਆਂ ਵਿੱਚ, ਪਰਿਵਾਰ ਪੂਰੀ ਤਰ੍ਹਾਂ ਪ੍ਰਦੀਪ (ਵੱਡਾ ਭਰਾ) ਦੀ ਆਮਦਨੀ 'ਤੇ ਨਿਰਭਰ ਹੈ, ਜੋ ਬੰਗਲੁਰੂ ਦੀ ਇੱਕ ਕੰਪਨੀ ਵਿਖੇ ਏਸੀ ਤਕਨੀਸ਼ੀਅਨ ਹਨ। ਉਨ੍ਹਾਂ ਦੇ ਮਾਪੇ ਮਜ਼ਦੂਰ ਹਨ।
''ਮੇਰਾ ਭਰਾ ਪ੍ਰਦੀਪ ਤਾਲਾਬੰਦੀ ਤੋਂ ਬਾਅਦ, ਅਪ੍ਰੈਲ ਵਿੱਚ ਮੇਰੇ ਨਾਲ਼ ਕਾਮਥਾਨਾ ਮੁੜ ਆਇਆ ਸੀ। ਪਰ ਅਗਸਤ ਵਿੱਚ ਉਹ ਬੰਗਲੁਰੂ ਵਾਪਸ ਮੁੜ ਗਿਆ ਅਤੇ ਆਪਣੀ ਕੰਪਨੀ ਦੋਬਾਰਾ ਜੁਆਇਨ ਕਰ ਲਈ,'' ਆਤਿਸ਼ ਦੱਸਦੇ ਹਨ। ''ਮੈਂ ਵੀ ਸੋਮਵਾਰ (23 ਨਵੰਬਰ) ਨੂੰ ਬੰਗਲੁਰੂ ਜਾ ਰਿਹਾ ਹਾਂ। ਮੈਂ ਇੱਕ ਦੋਸਤ ਦੇ ਨਾਲ਼ ਰਹਾਂਗਾ ਅਤੇ ਨੌਕਰੀ ਵੀ ਲੱਭੂਂਗਾ। ਮੈਂ ਕਿਸੇ ਵੀ ਖੇਤਰ ਵਿੱਚ ਕੰਮ ਕਰਨ ਨੂੰ ਰਾਜ਼ੀ ਹਾਂ।''
*****
ਆਤਿਸ਼ ਅਤੇ ਇਰੱਪਾ ਦੇ ਉਲਟ, ਪ੍ਰੀਤਮ ਕੇਂਪੇ 2017 ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਕਾਮਥਾਨਾ ਵਿਖੇ ਹੀ ਰੁਕ ਗਏ। ਉਨ੍ਹਾਂ ਨੂੰ ਪੀਣ ਵਾਲ਼ੇ ਪਾਣੀ ਦੇ ਇੱਕ ਪਲਾਂਟ ਵਿਖੇ ਗੁਣਵੱਤਾ ਜਾਂਚਣ ਵਜੋਂ ਪਾਰਟ-ਟਾਈਮ ਕੰਮ ਮਿਲ਼ ਗਿਆ ਜਿਸ ਬਦਲੇ ਉਨ੍ਹਾਂ ਨੂੰ 6,000 ਰੁਪਏ ਤਨਖ਼ਾਹ ਮਿਲ਼ਦੀ। ਇਸ ਤੋਂ ਬਾਅਦ ਉਨ੍ਹਾਂ ਨੇ ਦਸੰਬਰ 2019 ਵਿੱਚ ਬੀਐੱਡ ਦਾ ਕੋਰਸ ਪੂਰਾ ਕੀਤਾ। ''ਮੈਨੂੰ ਆਪਣੇ ਪਰਿਵਾਰ ਦੀ ਸਹਾਇਤਾ ਵਾਸਤੇ ਗ੍ਰੈਜੁਏਟ ਹੁੰਦਿਆਂ ਹੀ ਕੰਮ ਸ਼ੁਰੂ ਕਰਨਾ ਪਿਆ, ਮੇਰੇ ਲਈ ਸ਼ਹਿਰ ਜਾ ਕੇ ਕੰਮ ਕਰਨ ਦਾ ਕੋਈ ਵਿਕਲਪ ਨਹੀਂ ਸੀ,'' ਉਹ ਕਹਿੰਦੇ ਹਨ। ''ਮੈਨੂੰ ਲੱਗਦਾ ਸੀ ਹੁਣ ਮੈਂ ਕਿਸੇ ਵੀ ਸ਼ਹਿਰ ਨਹੀਂ ਜਾ ਪਾਊਂਗਾ ਕਿਉਂਕਿ ਮੇਰੀ ਮਾਂ ਨੂੰ ਮੇਰੀ ਲੋੜ ਹੈ।''
ਇਹ ਪਰਿਵਾਰ ਵੀ ਹੋਲੇਯਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਅਤੇ ਉਨ੍ਹਾਂ ਦੀ ਮਾਂ ਕੱਪੜੇ ਸਿਊਣ ਦਾ ਕੰਮ ਕਰਦੀ ਹਨ, ਪਰ ਬਹੁਤਾ ਕੰਮ ਕਰਨ ਕਾਰਨ ਉਨ੍ਹਾਂ ਦੀ ਨਜ਼ਰ ਘੱਟ ਗਈ ਹੈ ਅਤੇ ਲੱਤਾਂ ਵਿੱਚ ਬਹੁਤ ਪੀੜ੍ਹ ਰਹਿੰਦੀ ਹੈ। ਉਨ੍ਹਾਂ ਦੀ ਭੈਣ ਬੀਐੱਡ ਕਰ ਰਹੀ ਹੈ, ਦੋ ਵੱਡੇ ਭੈਣ-ਭਰਾ ਵਿਆਹੇ ਹੋਏ ਹਨ ਅਤੇ ਅੱਡ ਰਹਿੰਦੇ ਹਨ, ਉਨ੍ਹਾਂ ਦੇ ਪਿਤਾ ਦੀ 2006 ਵਿੱਚ ਮੌਤ ਹੋ ਗਈ ਸੀ।
ਪ੍ਰੀਤਮ ਨੇ ਆਪਣੀ ਵੱਡੀ ਭੈਣ ਦੇ ਵਿਆਹ ਲਈ ਇੱਕ ਨਿੱਜੀ ਫ਼ਾਇਨਾਂਸ ਫਰਮ ਤੋਂ ਫਰਵਰੀ ਵਿੱਚ 1 ਲੱਖ ਰੁਪਏ ਦਾ ਕਰਜਾ ਲਿਆ ਸੀ। ਕਰਜਾ ਲਾਹੁਣ ਲਈ ਉਨ੍ਹਾਂ ਨੂੰ ਹਰੇਕ ਮਹੀਨੇ 5,500 ਰੁਪਏ ਜਮ੍ਹਾ ਕਰਾਉਣੇ ਸਨ। ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਆਪਣੀ ਮਾਂ ਦੀਆਂ ਟੂੰਬਾਂ ਗਹਿਣੇ ਰੱਖ ਕੇ ਉਧਾਰ ਦੇ ਪੈਸੇ ਚੁਕਾਉਣੇ ਪਏ, ਤਾਂਕਿ ਉਹ ਵਿਆਜ ਦੀ ਰਾਸ਼ੀ ਤਾਂ ਲਾਹ ਸਕਣ।
ਮਈ ਦੇ ਪਹਿਲੇ ਹਫ਼ਤੇ ਵਿੱਚ, ਉਨ੍ਹਾਂ ਨੇ ਵੀ ਇਰੱਪਾ ਅਤੇ ਆਤਿਸ਼ ਦੇ ਨਾਲ਼ ਮਨਰੇਗਾ ਥਾਵਾਂ 'ਤੇ ਦਿਹਾੜੀ ਲਾਉਣੀ ਸ਼ੁਰੂ ਕਰ ਦਿੱਤੀ। ''ਮੇਰੇ ਲਈ ਇੰਝ ਪੈਸਾ ਕਮਾਉਣਾ ਬੜਾ ਔਖਾ ਰਿਹਾ। ਜਦੋਂ ਕਦੇ ਮੀਂਹ ਪੈ ਜਾਂਦਾ ਤਾਂ ਸਾਡੇ ਕੋਲ਼ ਨਰੇਗਾ ਦਾ ਕੰਮ ਵੀ ਨਾ ਰਹਿੰਦਾ,'' ਕੁਝ ਸਮਾਂ ਪਹਿਲਾਂ ਉਨ੍ਹਾਂ ਮੈਨੂੰ ਦੱਸਿਆ। ਪ੍ਰੀਤਮ ਨੇ 21 ਨਵੰਬਰ ਤੱਕ ਵੱਖ-ਵੱਖ ਥਾਵਾਂ 'ਤੇ 96 ਦਿਹਾੜੀਆਂ ਦਾ ਕੰਮ ਕੀਤਾ ਅਤੇ ਕਰੀਬ 26,000 ਰੁਪਏ ਕਮਾਏ।
''ਮੈਂ ਪਾਣੀ ਦੀ ਜਾਂਚ ਕਰਨ ਵਾਲ਼ੇ ਜਿਹੜੇ ਪਲਾਂਟ ਵਿੱਚ ਕੰਮ ਕਰਦਾ ਹਾਂ, ਉੱਥੇ ਵੀ ਕਾਫ਼ੀ ਕੰਮ ਨਹੀਂ ਹੈ,'' ਉਹ ਦੱਸਦੇ ਹਨ। ''ਮੈਂ ਉੱਥੇ ਹਫ਼ਤੇ ਵਿੱਚ ਦੋ-ਤਿੰਨ ਵਾਰੀ ਕੁਝ ਕੁ ਘੰਟਿਆਂ ਲਈ ਜਾਂਦਾ ਹਾਂ। ਮੈਨੂੰ ਅਕਤੂਬਰ ਵਿੱਚ ਹੀ (ਇੱਕੋ ਵਾਰੀ) 5,000 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਮੇਰੀ ਪੁਰਾਣੀ ਤਨਖਾਹ ਅਜੇ ਬਾਕੀ ਹੈ। ਅਜੇ ਵੀ ਤੈਅ ਸਮੇਂ 'ਤੇ ਤਨਖ਼ਾਹ ਮਿਲ਼ਣ ਦੀ ਕੋਈ ਗਰੰਟੀ ਨਹੀਂ ਹੈ। ਇਸਲਈ ਮੈਂ ਬੀਦਰ ਦੇ ਉਦਯੋਗਿਕ ਇਲਾਕੇ ਵਿੱਚ ਨੌਕਰੀ ਭਾਲ਼ ਰਿਹਾ ਹਾਂ।''
*****
ਤਾਲਾਬੰਦੀ ਦੌਰਾਨ 11,179 ਦੀ ਵਸੋਂ ਵਾਲ਼ੇ ਕਾਮਥਾਨ ਪਿੰਡ ਵਿਖੇ ਇਰੱਪਾ, ਆਤਿਸ਼ ਅਤੇ ਪ੍ਰੀਤਮ ਜਿਹੇ ਕਈ ਹੋਰ ਲੋਕ ਨਿਰਾਸ਼ਾ ਵਿੱਚ, ਮਨਰੇਗਾ ਦਾ ਕੰਮ ਕਰਨ ਲਈ ਮਜ਼ਬੂਰ ਹੋਏ ਹਨ।
''ਸ਼ੁਰੂਆਤ ਵਿੱਚ, ਜਦੋਂ ਤਾਲਾਬੰਦੀ ਲਾਈ ਗਈ ਸੀ ਤਾਂ ਬਹੁਤ ਸਾਰੇ ਲੋਕਾਂ ਦਾ ਕੰਮ ਬੰਦ ਹੋ ਗਿਆ ਅਤੇ ਤੇ ਉਹ ਭੋਜਨ ਵਾਸਤੇ ਸੰਘਰਸ਼ ਕਰ ਰਹੇ ਸਨ,'' ਲਕਸ਼ਣੀ ਬਾਵਗੇ ਕਹਿੰਦੀ ਹਨ, ਜਿਨ੍ਹਾਂ ਨੇ ਮਾਰਚ 2020 ਵਿੱਚ ਬੁੱਧਾ ਬਸਾਵਾ ਅੰਬੇਦਕਰ ਯੂਥ ਟੀਮ ਬਣਾਉਣ ਵਿੱਚ ਮਦਦ ਕੀਤੀ। ਇਸ ਸਮੂਹ ਨੇ, ਜਿਹਦੇ ਇਸ ਸਮੇਂ 600 ਮੈਂਬਰ ਹਨ ਅਤੇ ਹਰ ਉਮਰ ਦੇ ਮੈਂਬਰ ਹਨ, ਤਾਲਾਬੰਦੀ ਦੇ ਸ਼ੁਰੂਆਤੀ ਹਫ਼ਤੇ ਵਿੱਚ ਬੀਦਰ ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ਼ ਰਲ਼ ਕੇ ਕਾਮਥਾਨਾ ਵਿਖੇ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ਜਿਨ੍ਹਾਂ ਕੋਲ਼ ਜਾਂ ਤਾਂ ਰਾਸ਼ਨ ਕਾਰਡ ਨਹੀਂ ਸੀ ਜਾਂ ਪੀਡੀਐੱਸ ਦੀਆਂ ਦੁਕਾਨਾਂ ਤੱਕ ਪਹੁੰਚਣ ਵਿੱਚ ਸਮਰੱਥ ਨਹੀਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਆਂਗਣਵਾੜੀਆਂ ਤੋਂ ਭੋਜਨ ਦੀ ਸਪਲਾਈ ਕੀਤੀ ਅਤੇ ਹੋਰ ਤਰੀਕਿਆਂ ਨਾਲ਼ ਮਦਦ ਕਰਨ ਦੀ ਕੋਸ਼ਿਸ਼ ਕੀਤੀ।
ਕੁੱਲ ਭਾਰਤੀ ਲੋਕਤਾਂਤਰਿਕ ਮਹਿਲਾ ਸੰਘ ਦੀ ਮੈਂਬਰ, 28 ਸਾਲਾ ਲਕਸ਼ਮੀ ਨੇ ਮਨਰੇਗਾ ਦੇ ਕੰਮ ਲਈ ਪੰਜੀਕਰਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਗੁਆਂਢੀ ਗੁਲਬਰਗ ਜ਼ਿਲ੍ਹੇ ਦੇ ਸੀਨੀਅਰ ਕਾਰਕੁੰਨਾਂ ਨਾਲ਼ ਗੱਲ ਕੀਤੀ। ''ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਲਈ ਜਾਬ ਕਾਰਡ ਹਾਸਲ ਕਰਨਾ ਸੁਖਾਲਾ ਕੰਮ ਨਹੀਂ ਸੀ,'' ਉਹ ਕਹਿੰਦੀ ਹਨ, ਕਿਉਂਕਿ ਪੰਚਾਇਤ ਪੱਧਰ 'ਤੇ ਇਸ ਪ੍ਰਕਿਰਿਆ ਵਿੱਚ ਬੇਨਿਯਮੀਆਂ ਹਨ। ''ਹਾਲਾਂਕਿ, ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੇ ਮਦਦ ਕੀਤੀ ਤੇ ਯਕੀਨੀ ਬਣਾਇਆ ਕਿ ਉਹ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ।''
ਬੀਦਰ ਤਾਲੁਕਾ ਪੰਚਾਇਤ ਦੇ ਸਹਾਇਕ ਨਿਰਦੇਸ਼ਕ, ਸਰਥ ਕੁਮਾਰ ਅਭਿਮਾਨ ਦੱਸਦੇ ਹਨ ਕਿ ਅਪ੍ਰੈਲ ਤੋਂ ਸਤੰਬਰ, 2020 ਤੱਕ ਕਾਮਥਾਨਾ ਵਿਖੇ ਕੁੱਲ 494 ਮਨਰੇਗਾ ਜਾਬ ਕਾਰਡ ਜਾਰੀ ਕੀਤੇ ਗਏ। ''ਜ਼ਿਲ੍ਹਾ ਪ੍ਰਸ਼ਾਸਨ ਨੇ ਮਹਿਸੂਸ ਕੀਤਾ ਕਿ ਪ੍ਰਵਾਸੀ ਕਿਰਤੀਆਂ ਦਾ ਇੱਕ ਵਿਸ਼ਾਲ ਸਮੂਹ ਵੱਡੇ ਸ਼ਹਿਰਾਂ ਅਤੇ ਕਸਬਿਆਂ ਤੋਂ ਬੀਦਰ ਪਰਤ ਰਿਹਾ ਹੈ। ਇਸਲਈ ਅਸੀਂ ਉਨ੍ਹਾਂ ਵਾਸਤੇ ਜੋਬ ਕਾਰਡ ਜਾਰੀ ਕਰਨਾ ਸ਼ੁਰੂ ਕੀਤਾ ਅਤੇ ਨਰੇਗਾ ਤਹਿਤ ਛੋਟੇ ਸਮੂਹ ਬਣਾਏ ਅਤੇ ਕੰਮ ਵੰਡਿਆ,'' ਅਭਿਮਾਨ ਨੇ ਮੈਨੂੰ ਫ਼ੋਨ 'ਤੇ ਦੱਸਿਆ।
*****
ਕਾਮਥਾਨਾ ਤੋਂ ਕਰੀਬ 100 ਕਿਲੋਮੀਟਰ ਦੂਰ, ਗੁਲਬਰਗ ਜ਼ਿਲ੍ਹੇ ਦੇ ਤਾਜ ਸੁਲਤਾਨਪੁਰ ਪਿੰਡ ਵਿਖੇ 28 ਸਾਲਾ ਮੱਲੰਮਾ ਮਦਨਕਰ 2017 ਤੋਂ ਹੀ, ਜਦੋਂ ਉਹ ਇੱਕ ਵਿਦਿਆਰਥਣ ਸਨ, ਮਨਰੇਗਾ ਵਿਖੇ ਕੰਮ ਕਰਨ ਲੱਗੀ ਸਨ ਜਿਵੇਂ ਝੀਲ਼ਾਂ ਵਿੱਚ ਗਾਰ ਕੱਢਣਾ, ਖੇਤੀ ਲਈ ਤਲਾਬਾਂ, ਨਾਲ਼ਿਆਂ ਅਤੇ ਸੜਕਾਂ ਦਾ ਨਿਰਮਾਣ ਕਰਨਾ। ''ਮੈਂ ਛੇਤੀ ਘਰੋਂ ਨਿਕਲ਼ ਜਾਂਦੀ ਸਾਂ, ਸਵੇਰੇ 9 ਵਜੇ ਤੱਕ ਕੰਮ ਕਰਦੀ ਤੇ ਫਿਰ ਕਾਲਜ ਜਾਣ ਲਈ ਬੱਸ ਫੜ੍ਹਦੀ ਸਾਂ,'' ਉਹ ਦੱਸਦੀ ਹਨ।
ਮਾਰਚ 2018 ਵਿੱਚ, ਉਹ ਗੁਲਬਰਗਾ ਦੇ ਡਾਕਟਰ ਬੀਆਰ ਅੰਬੇਦਕਰ ਕਾਲਜ ਤੋਂ ਆਪਣੀ ਕਨੂੰਨ ਦੀ ਡਿਗਰੀ ਪੂਰੀ ਕਰਨ ਵਿੱਚ ਕਾਮਯਾਬ ਰਹੀ ਅਤੇ 6,000 ਰੁਪਏ ਮਹੀਨਾ ਤਨਖ਼ਾਹ 'ਤੇ ਨੌ ਮਹੀਨੇ ਤੱਕ ਸਟੇਟ ਬੈਂਕ ਆਫ਼ ਇੰਡੀਆ ਵਿਖੇ ਬਤੌਰ ਕਲਰਕ ਠੇਕੇ 'ਤੇ ਨੌਕਰੀ ਕੀਤੀ। ''ਮੈਂ ਗੁਲਬਰਗਾ ਦੀ ਜ਼ਿਲ੍ਹਾ ਅਦਾਲਤ ਵਿੱਚ ਕਿਸੇ ਸੀਨੀਅਰ ਵਕੀਲ ਦੀ ਨਿਗਰਾਨੀ ਹੇਠ ਆਪਣੀ ਵਕਾਲਤ ਸ਼ੁਰੂ ਕਰਨਾ ਚਾਹੁੰਦੀ ਸਾਂ, ਅਤੇ ਇੱਕ ਵਕੀਲ ਨਾਲ਼ ਗੱਲ ਵੀ ਕਰ ਲਈ ਸੀ ਜਿਨ੍ਹਾਂ ਨੇ ਮੇਰੀ ਕਾਲਜ ਪ੍ਰਾਜੈਕਟ ਵਿੱਚ ਮਦਦ ਕੀਤੀ ਸੀ। ਮੇਰੀ ਯੋਜਨਾ ਇਸ ਸਾਲ ਅਦਾਲਤਾਂ ਵਿੱਚ ਕੰਮ ਸ਼ੁਰੂ ਕਰਨ ਦੀ ਸੀ, ਪਰ ਮੈਂ (ਕੋਵਿਡ ਕਾਰਨ) ਸ਼ੁਰੂ ਨਹੀਂ ਕਰ ਸਕੀ।''
ਇਸਲਈ ਮੱਲੰਮਾ (ਹੋਲੇਯਾ ਭਾਈਚਾਰੇ ਨਾਲ਼ ਸਬੰਧਤ) ਅਪ੍ਰੈਲ ਦੇ ਅੰਤ ਅਤੇ ਮਈ ਵਿੱਚ ਕੁਝ ਸਮੇਂ ਲਈ ਮਨਰੇਗਾ ਥਾਵਾਂ 'ਤੇ ਵਾਪਸ ਚਲੀ ਗਈ। ''ਪਰ ਮੀਂਹ ਅਤੇ ਸਮਾਜਿਕ ਦੂਰੀ ਦੇ ਕਾਰਨ, ਸਾਡੇ ਪਿੰਡ ਦੇ ਅਧਿਕਾਰੀਆਂ ਨੇ ਸਾਨੂੰ ਇਸ ਸਾਲ ਨਰੇਗਾ ਤਹਿਤ ਬਹੁਤਾ ਕੰਮ ਕਰਨ ਦੀ ਆਗਿਆ ਦਿੱਤੀ ਹੀ ਨਹੀਂ। ਮੈਂ ਸਿਰਫ਼ 14 ਦਿਹਾੜੀਆਂ ਹੀ ਲਾ ਪਾਈ,'' ਉਹ ਦੱਸਦੀ ਹਨ। ''ਜੇ ਕੋਵਿਡ ਨਾ ਹੁੰਦਾ ਤਾਂ ਮੈਂ ਅਦਾਲਤ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ।''
ਮੱਲੰਮਾ ਦੇ ਸੱਤ ਮੈਂਬਰੀ ਪਰਿਵਾਰ ਨੇ ਸਿੱਖਿਆ ਦੇ ਪੱਧਰ 'ਤੇ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕੀਤੀ ਹੈ; ਇੱਕ ਭੈਣ ਦੇ ਕੋਲ਼ ਐੱਮਏ- ਬੀਐੱਡ ਦੀ ਡਿਗਰੀ ਹੈ (ਜਿਹਨੇ ਬੰਗਲੁਰੂ ਵਿਖੇ ਇੱਕ ਐੱਨਜੀਓ ਦੇ ਨਾਲ਼ ਬਤੌਰ ਸਰਵੇਖਣਕਰਤਾ ਕੰਮ ਕੀਤਾ), ਦੂਸਰੀ ਦੇ ਕੋਲ਼ ਸੋਸ਼ਲ ਵਰਕ ਵਿੱਚ ਮਾਸਟਰ ਦੀ ਡਿਗਰੀ ਹੈ (ਜੋ ਬੀਦਰ ਵਿਖੇ ਇੱਕ ਐੱਨਜੀਓ ਕੋਲ਼ ਨੌਕਰੀ ਕਰਦੀ ਸਨ); ਭਰਾ ਦੇ ਕੋਲ਼ ਐੱਮਕਾਮ ਦੀ ਡਿਗਰੀ ਹੈ।
ਉਨ੍ਹਾਂ ਦੀ ਮਾਂ, 62 ਸਾਲਾ ਭੀਮਬਾਈ ਆਪਣੀ ਤਿੰਨ ਏਕੜ ਜ਼ਮੀਨ ਦੀ ਦੇਖਭਾਲ਼ ਕਰਦੀ ਹਨ, ਜਿੱਥੇ ਉਹ ਜਵਾਰ, ਬਾਜਰਾ ਅਤੇ ਹੋਰ ਫ਼ਸਲਾਂ ਉਗਾਉਂਦੇ ਹਨ ਅਤੇ ਉਪਜ ਦੀ ਵਰਤੋਂ ਮੁੱਖ ਰੂਪ ਨਾਲ਼ ਆਪਣੇ ਖ਼ੁਦ ਦੀ ਵਰਤੋਂ ਲਈ ਕਰਦੇ ਹਨ। ਉਨ੍ਹਾਂ ਦੇ ਪਿਤਾ ਗੁਲਬਰਗਾ ਜ਼ਿਲ੍ਹੇ ਦੇ ਜੇਵਰਗੀ ਤਾਲੁਕਾ ਵਿਖੇ ਹਾਈ ਸਕੂਲ ਦੇ ਇੱਕ ਅਧਿਆਪਕ ਸਨ। 2002 ਵਿੱਚ ਸੇਵਾ-ਮੁਕਤ ਹੋਣ ਬਾਅਦ ਉਨ੍ਹਾਂ ਦੀ ਮੌਤ ਹੋ ਗਈ, ਅਤੇ ਪਰਿਵਾਰ ਨੂੰ ਉਨ੍ਹਾਂ ਦੀ ਪੈਨਸ਼ਨ ਵਜੋਂ 9,000 ਰੁਪਏ ਪ੍ਰਤੀ ਮਹੀਨਾ ਮਿਲ਼ਦੇ ਹਨ।
''ਮੇਰੀ ਭੈਣਾਂ ਤਾਲਾਬੰਦੀ ਕਾਰਨ ਘਰ ਮੁੜ ਆਈਆਂ,'' ਮੱਲੰਮਾ ਕਹਿੰਦੀ ਹਨ। ''ਇਸ ਸਮੇਂ ਅਸੀਂ ਸਾਰੇ ਹੀ ਬੇਰੁਜ਼ਗਾਰ ਹਾਂ।''
ਉਹ ਅਤੇ ਕਾਮਥਾਨਾ ਪਿੰਡ ਦੇ ਨੌਜਵਾਨ ਕੋਈ ਅਜਿਹਾ ਕੰਮ ਮਿਲ਼ਣ ਲਈ ਬੇਤਾਬ ਹਨ ਜਿੱਥੇ ਉਨ੍ਹਾਂ ਦੀ ਪੜ੍ਹਾਈ ਕੰਮ ਆ ਸਕੇ। ''ਮੈਂ ਕੁਝ ਅਜਿਹਾ ਚਾਹੁੰਦਾ ਹਾਂ ਜਿੱਥੇ ਮੈਨੂੰ ਜ਼ਿੰਮੇਦਾਰੀਆਂ ਦਿੱਤੀਆਂ ਜਾਣ,'' ਇਯਰੱਪਾ ਕਹਿੰਦੇ ਹਨ। ''ਮੈਂ ਚਾਹੁੰਦਾ ਹਾਂ ਕਿ ਮੇਰੀ ਸਿੱਖਿਆ ਮੇਰੇ ਕੰਮ ਆਵੇ। ਮੈਂ ਇੱਕ ਇੰਜੀਨੀਅਰ ਹਾਂ ਅਤੇ ਅਜਿਹੀ ਥਾਵੇਂ ਕੰਮ ਚਾਹੁੰਦਾ ਹਾਂ ਜਿੱਥੇ ਮੇਰੀ ਡਿਗਰੀ ਦੀ ਘੱਟੋ-ਘੱਟ ਕੁਝ ਤਾਂ ਕਦਰ ਪਾਈ ਜਾਵੇ।''
ਇਸ ਲੇਖ ਦੀਆਂ ਸਾਰੀਆਂ ਇੰਟਰਵਿਊ 27 ਅਗਸਤ ਤੋਂ 21 ਨਵੰਬਰ ਦੇ ਦਰਮਿਆਨ ਫ਼ੋਨ ' ਤੇ ਹੀ ਲਈਆਂ ਗਈਆਂ ਸਨ।
ਤਰਜਮਾ: ਕਮਲਜੀਤ ਕੌਰ