ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
''ਦਜ਼ੋਮੋ ਹੁਣ ਸਾਡੇ ਵਿਚਾਲੇ ਕਾਫ਼ੀ ਹਰਮਨ ਪਿਆਰਾ ਹੈ,'' 35 ਸਾਲਾ ਪੇਂਪਾ ਸ਼ੇਰਿੰਗ ਕਹਿੰਦੇ ਹਨ ਜੋ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਲਾਗਮ ਪਿੰਡ ਦੇ ਖ਼ਾਨਾਬਦੋਸ਼ ਆਜੜੀ ਹਨ।
ਦਜ਼ੋਮੋ? ਇਹ ਕੀ ਹੋਇਆ ਭਲ਼ਾ? ਅਤੇ ਕਿਹੜੀ ਗੱਲ ਹੈ ਜੋ ਅਰੁਣਾਚਲ ਪ੍ਰਦੇਸ਼ ਦੀ 9,000 ਫੁੱਟ ਤੋਂ ਵੀ ਉੱਚੇ ਪਹਾੜਾਂ ਵਿੱਚ ਵੀ ਉਨ੍ਹਾਂ ਨੂੰ ਹਰਮਨ-ਪਿਆਰਾ ਬਣਾਉਂਦੀ ਹੈ?
ਦਜ਼ੋਮੋ, ਯਾਕ ਅਤੇ ਕੋਟ ਨਸਲਾਂ ਦਾ ਮਿਸ਼ਰਣ (ਰਲ਼ੇਵਾਂ) ਹੈ, ਭਾਵ ਉੱਚੇ ਇਲਾਕਿਆਂ ਦੇ ਡੰਗਰਾਂ ਦੀ ਇੱਕ ਵੱਖਰੀ ਨਸਲ। ਇਸ ਨਸਲ ਦਾ ਨਰ ਬਾਂਝ ਹੁੰਦਾ ਹੈ, ਜਿਹਨੂੰ ਦਜ਼ੋ ਕਿਹਾ ਜਾਂਦਾ ਹੈ। ਇਸੇ ਲਈ ਤਾਂ ਆਜੜੀ ਮਾਦਾ ਦਜ਼ੋਮੋ ਨੂੰ ਪਸੰਦ ਕਰਦੇ ਹਨ। ਹਾਲਾਂਕਿ, ਇਹ ਕੋਈ ਨਵੀਂ ਨਸਲ ਨਹੀਂ ਹੈ ਪਰ ਬੀਤੇ ਕੁਝ ਸਮੇਂ ਤੋਂ ਇਹ ਅਰਧ-ਖ਼ਾਨਾਬਦੋਸ਼ ਆਜੜੀ ਭਾਈਚਾਰਾ, ਬ੍ਰੋਕਪਾ, ਇਨ੍ਹਾਂ ਜਾਨਵਰਾਂ ਨੂੰ ਆਪਣੇ ਝੁੰਡ ਵਿੱਚ ਵੱਧ ਸ਼ਾਮਲ ਕਰਨ ਲੱਗ ਪਿਆ ਹੈ ਤਾਂਕਿ ਖ਼ੁਦ ਨੂੰ ਪੂਰਬੀ ਹਿਮਾਲਿਆ ਦੀ ਬਦਲਦੀ ਜਲਵਾਯੂ ਦੇ ਅਨੁਕੂਲ ਢਾਲ਼ਿਆ ਜਾ ਸਕੇ।
ਪੇਂਪਾ, ਜਿਨ੍ਹਾਂ ਦੇ 45 ਡੰਗਰਾਂ ਦੇ ਝੁੰਡ ਵਿੱਚ ਯਾਕ ਅਤੇ ਦਜ਼ੋਮੋ ਦੋਵੇਂ ਹੀ ਸ਼ਾਮਲ ਹਨ, ਦਾ ਕਹਿਣਾ ਹੈ ਕਿ ਇਹ ਯਾਕ ਦੀ ਇਹ (ਹਾਈਬ੍ਰਿਡ) ਨਸਲ ''ਵੱਧ ਤਾਪ-ਰੋਧਕ ਹੈ ਅਤੇ ਘੱਟ ਉੱਚਾਈ ਵਾਲ਼ੇ ਇਲਾਕਿਆਂ ਅਤੇ ਵੱਧਦੇ ਤਾਪਮਾਨ ਪ੍ਰਤੀ ਖ਼ੁਦ ਨੂੰ ਬਿਹਤਰ ਢੰਗ ਨਾਲ਼ ਢਾਲ਼ ਸਕਦੀ ਹੈ।''
ਇੰਨੀ ਉੱਚਾਈ 'ਤੇ ਸਥਿਤ ਇਨ੍ਹਾਂ ਚਰਾਂਦਾਂ ਵਿੱਚ, ਗਰਮੀ ਜਾਂ 'ਤਪਸ਼' ਦੋਵੇਂ ਹੀ ਅਸਲ ਅਤੇ ਸਾਪੇਖਕ ਰੂਪ ਵਿੱਚ ਮੌਜੂਦ ਹਨ। ਇੱਥੇ ਸਾਲ ਵਿੱਚ 32 ਡਿਗਰੀ ਸੈਲਸੀਅਸ ਤਾਪਮਾਨ ਵਾਲ਼ੇ ਦਿਨ ਨਹੀਂ ਹੁੰਦੇ। ਯਾਕ ਮਨਫ਼ੀ 35 ਡਿਗਰੀ ਨੂੰ ਸੌਖ਼ਿਆਂ ਝੱਲ ਸਕਦੇ ਹਨ ਪਰ ਜੇ ਤਾਪਮਾਨ 12 ਡਿਗਰੀ ਜਾਂ 13 ਡਿਗਰੀ ਤੋਂ ਵੱਧ ਜਾਵੇ ਤਾਂ ਕਾਹਲੇ ਪੈਣ ਲੱਗਦੇ ਹਨ। ਦਰਅਸਲ, ਇਨ੍ਹਾਂ ਤਬਦੀਲੀਆਂ ਕਾਰਨ ਪੂਰਾ ਵਾਤਾਵਰਣਕ ਢਾਂਚਾ ਹੀ ਸੰਘਰਸ਼ ਕਰਨ ਲੱਗਦਾ ਹੈ ਜਿਵੇਂ ਕਿ ਇਨ੍ਹਾਂ ਪਹਾੜੀ ਇਲਾਕਿਆਂ ਵਿੱਚ ਹਾਲ ਦੇ ਸਾਲੀਂ ਹੋਇਆ ਹੈ।
ਮਨੋਪਾ ਕਬੀਲਾ (2011 ਮਰਦਮਸ਼ੁਮਾਰੀ ਮੁਤਾਬਕ ਪੂਰੇ ਅਰੁਣਾਚਲ ਪ੍ਰਦੇਸ਼ ਵਿੱਚ ਇਨ੍ਹਾਂ ਦੀ ਗਿਣਤੀ ਕਰੀਬ 60,000 ਹੈ) ਹੇਠ ਆਉਂਦੇ ਖ਼ਾਨਾਬਦੋਸ਼ ਆਜੜੀ ਬ੍ਰੋਕਪਾ, ਸਦੀਆਂ ਤੋਂ ਯਾਕ ਨੂੰ ਪਾਲ਼ਦੇ ਆਏ ਹਨ ਅਤੇ ਉਨ੍ਹਾਂ ਨੂੰ ਪਹਾੜੀ ਚਰਾਂਦਾਂ ਵਿੱਚ ਲੈ ਜਾਂਦੇ ਹਨ। ਸਖ਼ਤ ਪਾਲ਼ੇ ਦੌਰਾਨ, ਉਹ ਹੇਠਲੇ ਇਲਾਕਿਆਂ ਵਿੱਚ ਰਹਿਣ ਲੱਗਦੇ ਹਨ ਅਤੇ ਗਰਮੀਆਂ ਵਿੱਚ ਉਹ ਉੱਚੇ ਪਹਾੜੀਂ ਜਾ ਚੜ੍ਹਦੇ ਹਨ। ਉਨ੍ਹਾਂ ਦੇ ਇਹ ਚੱਕਰ 9,000 ਅਤੇ 15,000 ਫੁੱਟ ਦੀ ਉਚਾਈ ਵਿਚਾਲੇ ਹੀ ਲੱਗਦੇ ਹਨ।
ਪਰ ਲੱਦਾਖ ਦੇ ਚਾਂਗਥੰਗ ਇਲਾਕੇ ਦੇ ਚਾਂਗਪਾ ਵਾਂਗਰ, ਬ੍ਰੋਕਪਾ ਵੀ ਹੁਣ ਜ਼ਿਆਦਾ ਗੰਭੀਰ ਜਲਵਾਯੂ ਤਬਦੀਲੀ ਦੀ ਚਪੇਟ ਵਿੱਚ ਆ ਚੁੱਕੇ ਹਨ। ਸਦੀਆਂ ਤੋਂ ਉਨ੍ਹਾਂ ਦੀ ਰੋਜ਼ੀਰੋਟੀ, ਉਨ੍ਹਾਂ ਦੇ ਆਪਣੇ ਸਮਾਜ (ਭਾਈਚਾਰੇ) ਯਾਕਾਂ, ਬੱਕਰੀਆਂ ਅਤੇ ਭੇਡਾਂ ਦੇ ਝੁੰਡਾਂ ਨੂੰ ਚਰਾਉਣ 'ਤੇ ਅਧਾਰਤ ਰਹੇ ਹਨ। ਇਨ੍ਹਾਂ ਡੰਗਰਾਂ ਵਿੱਚ ਉਹ ਯਾਕ 'ਤੇ ਪੂਰੀ ਤਰ੍ਹਾਂ ਨਿਰਭਰ ਹਨ, ਉਨ੍ਹਾਂ ਦੀ ਇਹ ਨਿਰਭਰਤਾ ਸਮਾਜਿਕ, ਆਰਥਿਕ ਅਤੇ ਇੱਥੋਂ ਤੱਕ ਕਿ ਅਧਿਆਤਮਕ ਪੱਧਰਾਂ 'ਤੇ ਵੀ ਹੈ। ਪਰ ਉਨ੍ਹਾਂ ਦੇ ਬੰਧਨਾਂ ਦੇ ਤੰਦ ਹੁਣ ਕਮਜ਼ੋਰ ਪੈਣ ਲੱਗੇ ਹਨ।
''ਯਾਕ ਗਰਮੀ ਦੇ ਕਾਰਨ ਫਰਵਰੀ ਦੇ ਸ਼ੁਰੂ ਵਿੱਚ ਹੀ ਥਕਾਵਟ ਮਹਿਸੂਸ ਕਰਨ ਲੱਗਦੇ ਹਨ,'' ਚੰਦਰ ਪਿੰਡ ਦੀ ਇੱਕ ਖ਼ਾਨਾਬਦੋਸ਼ ਔਰਤ ਲੇਕੀ ਸੁਜ਼ੂਕ ਨੇ ਮੈਨੂੰ ਦੱਸਿਆ। ਮਈ ਮਹੀਨੇ ਜਦੋਂ ਮੈਂ ਆਪਣੀ ਪੱਛਮੀ ਕਾਮੇਂਗ ਦਿਰਾਂਗ ਬਲਾਕ ਦੀ ਆਪਣੀ ਫ਼ੇਰੀ 'ਤੇ ਸਾਂ ਤਾਂ ਉਨ੍ਹਾਂ ਦੇ ਪਰਿਵਾਰ ਨਾਲ਼ ਹੀ ਰੁਕਿਆ ਸਾਂ। 40 ਸਾਲਾ ਲੇਕੀ ਕਹਿੰਦੀ ਹਨ,''ਬੀਤੇ ਕਈ ਸਾਲਾਂ ਤੋਂ ਗਰਮੀ ਵਾਲ਼ੇ ਦਿਨਾਂ ਦੀ ਗਿਣਤੀ ਵੱਧ ਗਈ ਹੈ, ਤਾਪਮਾਨ ਵੱਧ ਗਿਆ ਹੈ। ਇਹ ਯਾਕ ਵੀ ਕਮਜ਼ੋਰ ਹੋ ਗਏ ਹਨ।''
ਅਰੁਣਾਚਲ ਪ੍ਰਦੇਸ਼ ਦੇ ਜਿਨ੍ਹਾਂ ਪਹਾੜਾਂ ਦੀ ਸੀਮਾ ਚੀਨ ਦੇ ਖ਼ੁਦਮੁਖਤਿਆਰ ਇਲਾਕੇ ਤਿੱਬਤ, ਭੂਟਾਨ ਅਤੇ ਮਿਆਂਮਾਰ ਨਾਲ਼ ਲੱਗਦੀ ਹੈ ਉਨ੍ਹਾਂ ਬਾਰੇ ਬ੍ਰੋਕਪਾ ਦਾ ਕਹਿਣਾ ਹੈ ਕਿ ਤਾਪਮਾਨ ਦੇ ਨਾਲ਼ ਨਾਲ਼ ਇਨ੍ਹੀਂ ਥਾਵੀਂ ਪਿਛਲੇ ਦੋ ਦਹਾਕਿਆਂ ਵਿੱਚ ਮੌਸਮ ਦਾ ਪੂਰਾ ਸਰੂਪ ਹੀ ਬੜਾ ਅਣਕਿਆਸਿਆ ਹੋ ਗਿਆ ਹੈ।
ਪੇਮਾ ਵਾਂਗੇ ਕਹਿੰਦੇ ਹਨ,''ਹਰ ਚੀਜ਼ ਵਿੱਚ ਦੇਰੀ ਹੋਣ ਲੱਗੀ ਹੈ। ਗਰਮੀਆਂ ਸ਼ੁਰੂ ਹੋਣ ਵਿੱਚ ਦੇਰੀ ਹੋ ਰਹੀ ਹੈ। ਬਰਫ਼ਬਾਰੀ ਹੋਣ ਵਿੱਚ ਦੇਰੀ ਹੋਣ ਲੱਗੀ ਹੈ। ਮੌਸਮੀ ਪ੍ਰਵਾਸ ਵਿੱਚ ਦੇਰੀ ਹੋਣ ਲੱਗੀ ਹੈ। ਉੱਚੇ ਪਹਾੜੀਂ ਸਥਿਤ ਆਪਣੀਆਂ ਚਰਾਂਦਾਂ ਵੱਲ ਜਾਂਦੇ ਹੋਏ ਬ੍ਰੋਕਪਾ ਨੂੰ ਉੱਥੇ ਬਰਫ਼ ਦੀ ਚਾਦਰ ਮਿਲ਼ਦੀ ਹੈ। ਇਹਦਾ ਮਤਲਬ ਹੈ ਕਿ ਬਰਫ਼ ਦੇ ਪਿਘਲਣ ਵਿੱਚ ਵੀ ਦੇਰੀ ਹੋ ਰਹੀ ਹੈ।'' ਆਪਣੀ ਉਮਰ ਦੇ ਚਾਲ੍ਹੀਵੇਂ ਨੂੰ ਜਾ ਅੱਪੜੇ ਪੇਮਾ ਬ੍ਰੋਕਪਾ ਭਾਈਚਾਰੇ ਤੋਂ ਨਹੀਂ ਹਨ, ਸਗੋਂ ਥੇਮਬਾਂਗ ਪਿੰਡ ਦੇ ਇੱਕ ਸੰਭਾਲ਼ਕਰਤਾ ਹਨ, ਜਿਨ੍ਹਾਂ ਦਾ ਤਾਅਲੁੱਕ ਮੋਨਪਾ ਆਦਿਵਾਸੀ ਭਾਈਚਾਰੇ ਨਾਲ਼ ਹੈ ਅਤੇ ਉਹ ਵਰਲਡ ਵਾਈਡਲਾਈਫ਼ ਫ਼ੰਡ ਵਾਸਤੇ ਕੰਮ ਕਰਦੇ ਹਨ।
ਇਸ ਵਾਰੀਂ ਮੈਂ ਉਨ੍ਹਾਂ ਨਾਲ਼ ਫ਼ੋਨ 'ਤੇ ਹੀ ਗੱਲ ਕਰ ਰਿਹਾ ਹਾਂ ਕਿਉਂਕਿ ਸਧਾਰਣ ਤੌਰ 'ਤੇ ਮੈਂ ਜਿਹੜੇ ਇਲਾਕੇ ਵਿੱਚ ਜਾਂਦਾ ਹਾਂ, ਉੱਥੇ ਤੇਜ਼ ਮੀਂਹ ਕਾਰਨ ਪਹੁੰਚਣਾ ਮੁਸ਼ਕਲ ਹੈ। ਪਰ, ਮੈਂ ਇਸ ਸਾਲ ਜਦੋਂ ਮਈ ਵਿੱਚ ਉੱਥੇ ਗਿਆ ਤਾਂ ਚੰਦਰ ਪਿੰਡ ਦੇ ਇੱਕ ਬ੍ਰੋਕਪਾ ਯਾਕ ਆਜੜੀ, ਨਾਗੁਲੀ ਸੋਪਾ ਨਾਲ਼ ਇੱਕ ਚੱਟਾਨ 'ਤੇ ਖੜ੍ਹਾ ਹੋ, ਪੱਛਮੀ ਕਾਮੇਂਗ ਜ਼ਿਲ੍ਹੇ ਦੇ ਲਹਿਲਹਾਉਂਦੇ ਜੰਗਲਾਂ ਨੂੰ ਤੱਕਦਾ ਹੀ ਰਹਿ ਗਿਆ ਸਾਂ। ਉਨ੍ਹਾਂ ਦੇ ਭਾਈਚਾਰੇ ਦੇ ਬਹੁਤੇਰੇ ਲੋਕ ਇੱਥੇ ਅਤੇ ਤਵਾਂਗ ਜ਼ਿਲ੍ਹੇ ਵਿੱਚ ਵੱਸੇ ਹੋਏ ਹਨ।
''ਇੱਥੋਂ ਮਾਗੋ ਕਾਫ਼ੀ ਦੂਰ ਹੈ, ਜੋ ਕਿ ਸਾਡੀਆਂ ਗਰਮੀਆਂ ਦੀਆਂ ਚਰਾਂਦਾਂ ਹਨ,'' 45 ਸਾਲਾ ਨਾਗੁਲੀ ਨੇ ਕਿਹਾ। ''ਸਾਨੂੰ ਉੱਥੋਂ ਤੀਕਰ ਅਪੜਨ ਵਾਸਤੇ 3-4 ਰਾਤਾਂ ਤੱਕ ਜੰਗਲਾਂ ਵਿੱਚੋਂ ਦੀ ਹੋ ਕੇ ਤੁਰਦੇ ਰਹਿਣਾ ਪੈਂਦਾ ਹੈ। ਬੀਤੇ ਵੇਲ਼ੇ (10-15 ਸਾਲ ਪਹਿਲਾਂ) ਅਸੀਂ ਮਈ ਜਾਂ ਜੂਨ ਵਿੱਚ (ਉਤਾਂਹ ਵੱਲ ਪ੍ਰਵਾਸ ਵਾਸਤੇ) ਇੱਥੋਂ ਕੂਚ ਕਰਿਆ ਕਰਦੇ। ਪਰ ਹੁਣ ਸਾਨੂੰ ਪਹਿਲਾਂ ਹੀ ਫਰਵਰੀ ਜਾਂ ਮਾਰਚ ਵਿੱਚ ਨਿਕਲ਼ਣਾ ਹੀ ਪੈਂਦਾ ਹੈ ਅਤੇ ਵਾਪਸੀ 2-3 ਮਹੀਨੇ ਦੀ ਦੇਰੀ ਨਾਲ਼ ਹੁੰਦੀ ਹੈ।''
ਨਾਗੁਲੀ ਨੇ ਉਸ ਵੇਲ਼ੇ ਕਈ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ ਜਦੋਂ ਮੈਂ ਉਨ੍ਹਾਂ ਦੇ ਨਾਲ਼ ਇਸ ਇਲਾਕੇ ਵਿੱਚ ਵਧੀਆ ਕਵਾਲਿਟੀ ਦੇ ਬਾਂਸ ਇਕੱਠੇ ਕਰਨ ਗਿਆ ਸਾਂ ਅਤੇ ਅਸੀਂ ਸੰਘਣੀ ਧੁੰਦ ਵਿੱਚੋਂ ਦੀ ਹੁੰਦੇ ਹੋਏ ਲੰਘੇ। ਉਨ੍ਹਾਂ ਨੇ ਕਿਹਾ: ''ਗਰਮੀਆਂ ਦੇ ਦਿਨਾਂ ਵਿੱਚ ਹੋਏ ਵਾਧੇ ਦਾ ਇੱਕ ਅਸਰ ਉਨ੍ਹਾਂ ਜੜ੍ਹੀ-ਬੂਟੀਆਂ ਦੇ ਰੁੱਕੇ ਵਾਧੇ ਵਿੱਚ ਦੇਖਣ ਨੂੰ ਮਿਲ਼ ਰਿਹਾ ਹੈ ਜਿਨ੍ਹਾਂ ਦੀ ਵਰਤੋਂ ਅਸੀਂ ਯਾਕਾਂ ਦੇ ਇਲਾਜ ਵਾਸਤੇ ਕਰਦੇ ਰਹੇ ਹਾਂ। ਹੁਣ ਅਸੀਂ ਉਨ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕਿਵੇਂ ਕਰਾਂਗੇ?''
ਅਰੁਣਾਚਲ ਪ੍ਰਦੇਸ਼ ਸਧਾਰਣ ਰੂਪ ਵਿੱਚ ਮੀਂਹ ਨੂੰ ਲੈ ਕੇ ਇੱਕ ਖ਼ੁਸ਼ਹਾਲ ਸੂਬਾ ਹੈ, ਜਿੱਥੇ ਸਲਾਨਾ ਔਸਤਨ 3,000 ਮਿਮੀ ਤੋਂ ਵੱਧ ਮੀਂਹ ਪੈਂਦਾ ਹੈ। ਪਰ, ਭਾਰਤ ਦੇ ਮੌਸਮ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਇਸ ਸੂਬੇ ਨੂੰ ਪਿਛਲੇ ਦਹਾਕੇ ਵਿੱਚ ਕਈ ਸਾਲਾਂ ਤੀਕਰ ਮੀਂਹ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਸ ਵਿੱਚੋਂ ਘੱਟ ਤੋਂ ਘੱਟ ਚਾਰ ਸਾਲ ਵਿੱਚ ਇਹ ਘਾਟ 25 ਤੋਂ 30 ਫ਼ੀਸਦ ਵਿਚਾਲੇ ਰਹੀ। ਹਾਲਾਂਕਿ, ਇਸ ਸਾਲ ਜੁਲਾਈ ਵਿੱਚ ਸੂਬੇ ਅੰਦਰ ਪੈਣ ਵਾਲ਼ੇ ਮੋਹਲੇਦਾਰ ਮੀਂਹ ਕਾਰਨ ਕੁਝ ਸੜਕਾਂ ਜਾਂ ਤਾਂ ਵਹਿ ਗਈਆਂ ਜਾਂ ਪਾਣੀ ਵਿੱਚ ਸਮਾਂ ਗਈਆਂ।
ਮੌਸਮ ਦੇ ਇਨ੍ਹਾਂ ਉਤਰਾਵਾਂ-ਚੜ੍ਹਾਵਾਂ ਵਿਚਾਲੇ, ਪਹਾੜਾਂ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ।
2014 ਵਿੱਚ, ਵਿਸਕੌਂਸਿਨ-ਮੈਡੀਸਨ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਵੀ ਪੂਰਬੀ ਤਿੱਬਤੀ ਪਠਾਰ (ਵੱਡਾ ਭੂਗੋਲਿਕ ਇਲਾਕਾ ਜਿਸ ਅੰਦਰ ਅਰੁਣਾਚਲ ਪ੍ਰਦੇਸ਼ ਸਥਿਤ ਹੈ) ਦੇ ਤਾਪਮਾਨ ਵਿੱਚ ਬਦਲਾਅ ਨੂੰ ਦਰਜ ਕੀਤਾ ਗਿਆ ਹੈ। ਰੋਜ਼ਾਨਾ ਦਾ ਘੱਟੋਘੱਟ ਰਹਿਣ ਵਾਲ਼ਾ ਤਾਪਮਾਨ ਵੀ ''ਪਿਛਲੇ 24 ਸਾਲਾਂ ਵਿੱਚ ਕਾਫ਼ੀ ਵੱਧ ਗਿਆ'' (1984 ਤੋਂ 2008 ਵਿਚਾਲੇ)। 100 ਸਾਲਾਂ ਵਿੱਚ ਰੋਜ਼ਾਨਾ ਦਾ ਵੱਧ ਤੋਂ ਵੱਧ ਰਹਿਣ ਵਾਲ਼ਾ ਤਾਪਮਾਨ 5 ਡਿਗਰੀ ਸੈਲਸੀਅਸ ਦੀ ਦਰ ਨਾਲ਼ ਵਧਿਆ।
''ਅਸੀਂ ਅਨਿਸ਼ਚਿਤ ਮੌਸਮ ਦੇ ਮੁੱਦਿਆਂ ਨਾਲ਼ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ,'' ਕਰੀਬ 25 ਸਾਲਾ ਸ਼ੇਰਿੰਗ ਡੋਂਡੁਪ ਕਹਿੰਦੇ ਹਨ ਜੋ ਸਾਨੂੰ ਰਾਹ ਵਿੱਚ ਮਿਲ਼ੇ ਸਨ। ''ਅਸੀਂ ਆਪਣੇ ਪ੍ਰਵਾਸ ਕਰਨ ਦਾ ਸਮਾਂ ਦੋ ਜਾਂ ਤਿੰਨ ਮਹੀਨੇ ਅੱਗੇ ਪਾ ਦਿੱਤਾ ਹੈ। ਅਸੀਂ ਚਰਾਂਦਾਂ ਦੀ ਵਰਤੋਂ ਵੱਧ ਵਿਗਿਆਨਕ ਰੂਪ ਨਾਲ਼ ਕਰ ਰਹੇ ਹਾਂ (ਬੇਤਰਤੀਬੇ ਢੰਗ ਨਾਲ਼ ਚਰਾਈ ਦੀ ਬਜਾਇ ਵੱਧ ਪੈਟਰਨ ਵਾਲ਼ੇ ਤਰੀਕੇ ਨਾਲ਼)।''
ਉਨ੍ਹਾਂ ਵਾਂਗਰ, ਬ੍ਰੋਕਪਾ ਦੇ ਬਹੁਤੇਰੇ ਲੋਕ ਜਲਵਾਯੂ ਤਬਦੀਲੀ ਬਾਰੇ ਜਾਣਦੇ ਹਨ। ਇੰਝ ਕਿਉਂ ਹੋ ਰਿਹਾ ਹੈ, ਇਹਦੇ ਬਾਰੇ ਉਹ ਬਹੁਤਾ ਕੁਝ ਨਹੀਂ ਬੋਲਦੇ, ਪਰ ਇਸ ਨਾਲ਼ ਹੋਣ ਵਾਲ਼ੇ ਨੁਕਸਾਨ ਨੂੰ ਸਮਝਦੇ ਹਨ ਅਤੇ ਇੱਥੇ ਕੁਝ ਉਤਸਾਹ ਵਧਾਉਣ ਵਾਲ਼ਾ ਕੰਮ ਵੀ ਹੋ ਰਿਹਾ ਹੈ: ਕਈ ਖ਼ੋਜਕਰਤਾ ਕਹਿੰਦੇ ਹਨ ਕਿ ਵੱਖ-ਵੱਖ ਮੇਲ਼ ਖਾਂਦੀਆਂ ਵਿਧੀਆਂ/ਦਾਅਪੇਚਾਂ ਦਾ ਪਤਾ ਲਾ ਰਹੇ ਹਨ। ਭਾਈਚਾਰੇ ਦਾ ਸਰਵੇਖਣ ਕਰਨ ਵਾਲ਼ੇ ਇੱਕ ਸਮੂਹ ਨੇ 2014 ਵਿੱਚ ਇੰਡੀਅਨ ਜਰਨਲ ਆਫ਼ ਟ੍ਰੈਡਿਸ਼ਨ ਨਾਲੇਜ ਵਿੱਚ ਇਸ ਪਾਸੇ ਇਸ਼ਾਰਾ ਕੀਤਾ ਸੀ। ਉਨ੍ਹਾਂ ਦੀ ਖ਼ੋਜ ਨੇ ਸਿੱਟਾ ਕੱਢਿਆ ਕਿ ਪੱਛਮੀ ਕਾਮੇਂਗ ਦੇ 78.3 ਫ਼ੀਸਦ ਅਤੇ ਤਵਾਂਗ ਦੇ 85 ਫ਼ੀਸਦ ਬ੍ਰੋਕਪਾ, ਅਰੁਣਾਚਲ ਦੇ ਖ਼ਾਨਾਬਦੋਸ਼ ਭਾਈਚਾਰੇ ਦੀ ਵਸੋਂ ਦਾ ਕੁੱਲ 81.6 ਫ਼ੀਸਦੀ ''ਇਸ ਬਦਲਦੀ ਜਲਵਾਯੂ ਦ੍ਰਿਸ਼ ਬਾਰੇ ਸੁਚੇਤ ਸਨ।'' ਇਨ੍ਹਾਂ ਵਿੱਚੋਂ 75 ਫ਼ੀਸਦ ਨੇ ਕਿਹਾ ਕਿ ''ਉਨ੍ਹਾਂ ਨੇ ਇਸ ਜਲਵਾਯੂ ਤਬਦੀਲੀ ਨਾਲ਼ ਨਜਿੱਠਣ ਵਾਸਤੇ ਘੱਟੋ-ਘੱਟ ਇੱਕ ਮੇਲ਼ ਖਾਂਦੀ ਵਿਧੀ/ਦਾਅਪੇਚ ਅਮਲ ਵਿੱਚ ਲਿਆਂਦਾ ਹੈ।''
ਖ਼ੋਜਕਰਤਾ ਹੋਰਨਾਂ ਦਾਅਪੇਚਾਂ ਦਾ ਵੀ ਜ਼ਿਕਰ ਕਰਦੇ ਹਨ ਜਿਵੇਂ 'ਝੁੰਡਾਂ ਦਾ ਫ਼ੇਰ-ਬਦਲ', ਕਾਫ਼ੀ ਉੱਚੇ ਇਲਾਕਿਆਂ ਵਿੱਚ ਪ੍ਰਵਾਸਨ, ਪ੍ਰਵਾਸਨ ਕੈਲੰਡਰ ਵਿੱਚ ਤਬਦੀਲੀ ਕੀਤਾ ਜਾਣਾ ਆਦਿ। ਉਨ੍ਹਾਂ ਦਾ ਪੇਪਰ ''ਜਲਵਾਯੂ ਤਬਦੀਲੀ ਦੇ ਨਾਂਹ-ਪੱਖੀ ਪ੍ਰਭਾਵਾਂ'' ਦਾ ਮੁਕਾਬਲਾ ਕਰਨ ਲਈ ''ਨਜਿੱਠਣ ਦੀਆਂ 10 ਵਿਧੀਆਂ'' ਦੀ ਗੱਲ ਕਰਦਾ ਹੈ। ਹੋਰ ਦਾਅਪੇਚਾਂ ਵਿੱਚ ਚਰਾਂਦਾਂ ਦੀ ਵਰਤੋਂ ਵਿੱਚ ਤਬਦੀਲੀ, ਬੇਹੱਦ ਉੱਚਾਈ 'ਤੇ ਸਥਿਤ ਤਬਾਹ ਹੋ ਚੁੱਕੀਆਂ ਚਰਾਂਦਾਂ ਨੂੰ ਨਵਿਆਉਣਾ, ਡੰਗਰ ਪਾਲ਼ਣ ਦੇ ਸੋਧੇ ਤਰੀਕੇ ਅਤੇ ਯਾਕਾਂ ਦੀ ਨਸਲ। ਇਸ ਤੋਂ ਇਲਾਵਾ, ਜਿੱਥੇ ਘਾਹ ਘੱਟ ਹੈ ਉੱਥੇ ਹੋਰਨਾਂ ਵਸਤਾਂ ਦੀ ਵਰਤੋਂ ਕਰਕੇ ਚਾਰੇ ਦੀ ਕਿੱਲਤ ਨੂੰ ਪੂਰਿਆਂ ਕਰਨਾ, ਪਸ਼ੂਧਨ ਸਿਹਤ ਸਬੰਧੀ ਨਿਵੇਕਲੇ ਤਰੀਕਿਆਂ ਨੂੰ ਅਪਣਾਉਣਾ ਅਤੇ ਰੋਜ਼ੀਰੋਟੀ ਵਾਸਤੇ ਸੜਕ ਨਿਰਮਾਣ ਮਜ਼ਦੂਰ, ਛੋਟੇ ਕਾਰੋਬਾਰੀਆਂ ਅਤੇ ਫ਼ਲਾਂ ਨੂੰ ਭੰਡਾਰ ਕਰਨਾ ਆਦਿ ਇਹੋ ਜਿਹੇ ਵਾਧੂ ਵਸੀਲਿਆਂ ਦੀ ਭਾਲ਼ ਕਰਨਾ।
ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਕੀ ਇਸ ਵਿੱਚੋਂ ਕੋਈ ਜਾਂ ਸਾਰੇ ਉਪਾਅ ਕੰਮ ਕਰਨਗੇ ਅਤੇ ਵੱਡੀਆਂ ਪ੍ਰਕਿਰਿਆਵਾਂ ਦੇ ਬੋਝ ਹੇਠ ਦੱਬ ਨਹੀਂ ਜਾਣਗੇ। ਪਰ ਉਹ ਕੁਝ ਤਾਂ ਕਰ ਹੀ ਰਹੇ ਹਨ ਅਤੇ ਕਰਨਾ ਵੀ ਚਾਹੀਦਾ ਹੈ। ਆਜੜੀਆਂ ਨੇ ਮੈਨੂੰ ਦੱਸਿਆ ਕਿ ਯਾਕ ਨਾਲ਼ ਜੁੜੇ ਅਰਥਚਾਰੇ ਵਿੱਚ ਆਈ ਗਿਰਾਵਟ ਕਾਰਨ ਕਰਕੇ ਇੱਕ ਔਸਤ ਪਰਿਵਾਰ ਆਪਣੀ ਸਲਾਨਾ ਆਮਦਨੀ ਦਾ 20-30 ਪ੍ਰਤੀਸ਼ਤ ਹਿੱਸਾ ਗੁਆ ਚੁੱਕਿਆ ਹੈ। ਦੁੱਧ ਦੀ ਪੈਦਾਵਰ ਵਿੱਚ ਗਿਰਾਵਟ ਦਾ ਮਤਲਬ, ਘਰ ਵਿੱਚ ਬਣਾਏ ਜਾਣ ਵਾਲ਼ੇ ਘਿਓ ਅਤੇ ਛੁਰਪੀ (ਯਾਕ ਦੇ ਖ਼ਮੀਰੇ ਦੁੱਧ ਤੋਂ ਬਣਾਇਆ ਗਿਆ ਪਨੀਰ) ਦੀ ਮਾਤਰਾ ਵਿੱਚ ਵੀ ਘਾਟ ਹੈ। ਦਜ਼ੋਮੋ ਲੱਖ ਮਜ਼ਬੂਤ ਹੋਵੇ ਪਰ ਦੁੱਧ ਅਤੇ ਪਨੀਰ ਦੀ ਗੁਣਵੱਤਾ ਵਿੱਚ ਜਾਂ ਧਾਰਮਿਕ ਮਹੱਤਵ ਵਿੱਚ ਵੀ ਯਾਕ ਨਾਲ਼ ਮੇਲ਼ ਨਹੀਂ ਖਾਂਦਾ।
ਪੇਮਾ ਵਾਂਗੇ ਨੇ ਉਸ ਮਈ ਦੀ ਯਾਤਰਾ ਦੌਰਾਨ ਮੈਨੂੰ ਕਿਹਾ,''ਜਿਸ ਤਰ੍ਹਾਂ ਨਾਲ਼ ਯਾਕ ਦੇ ਝੁੰਡ ਘੱਟ ਹੁੰਦੇ ਜਾ ਰਹੇ ਹਨ ਜਾਂ ਉਨ੍ਹਾਂ ਵਿੱਚ ਘਾਟ ਆ ਰਹੀ ਹੈ, ਉਸੇ ਤਰ੍ਹਾਂ ਨਾਲ਼ ਬ੍ਰੋਕਪਾ ਦੀ ਆਮਦਨੀ ਵੀ ਘੱਟ ਰਹੀ ਹੈ। ਹੁਣ (ਵਪਾਰਕ ਤੌਰ 'ਤੇ ਰਸਾਇਣੀਕ੍ਰਿਤ) ਪੈਕ ਕੀਤਾ ਹੋਇਆ ਪਨੀਰ ਸਥਾਨਕ ਬਜ਼ਾਰ ਵਿੱਚ ਸੌਖਿਆਂ ਉਪਲਬਧ ਹੈ। ਇਸੇ ਲਈ ਛੁਰਪੀ ਦੀ ਵਿਕਰੀ ਘੱਟ ਰਹੀ ਹੈ। ਬ੍ਰੋਕਪਾ ਦੋ-ਪਾਸਿਓਂ ਮਾਰ ਖਾਂਦੇ ਹਨ।''
ਉਸ ਵਾਰ ਮੇਰੇ ਘਰ ਮੁੜਨ ਤੋਂ ਕੁਝ ਸਮਾਂ ਪਹਿਲਾਂ, ਮੇਰੀ ਮੁਲਾਕਾਤ 11 ਸਾਲਾ ਨੋਰਬੂ ਥੁਪਟੇਨ ਨਾਲ਼ ਹੋਈ। ਉਹ ਬ੍ਰੋਕਪਾ ਦੁਆਰਾ ਆਪਣੇ ਪ੍ਰਵਾਸ ਦੌਰਾਨ ਇਸਤੇਮਾਲ ਕੀਤੇ ਜਾਣ ਵਾਲ਼ੇ ਰਸਤੇ ਵਿੱਚ ਪੈਣ ਵਾਲ਼ੀ ਥੁਮਰੀ ਨਾਂਅ ਦੀ ਅਲੱਗ-ਥਲੱਗ ਪਈ ਬਸਤੀ ਵਿੱਚ ਆਪਣੇ ਝੁੰਡ ਦੇ ਨਾਲ਼ ਸੀ। ਉਨ੍ਹਾਂ ਨੇ ਸਵੈ-ਵਿਸ਼ਵਾਸ ਨਾਲ਼ ਕਿਹਾ,''ਮੇਰੇ ਦਾਦਾ ਜੀ ਦਾ ਵੇਲਾ ਚੰਗਾ ਸੀ ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਆਪਣੇ ਬਜ਼ੁਰਗਾਂ ਵੱਲੋਂ ਦੱਸੀਆਂ ਗੱਲਾਂ ਦਾ ਝਲਕਾਰਾ ਸੀ: ''ਆਜੜੀ ਵੱਧ ਅਤੇ ਲੋਕ ਘੱਟ। ਬਜ਼ੁਰਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੇਲ਼ੇ ਨਾ ਤਾਂ ਹੱਦਾਂ 'ਤੇ ਕੋਈ ਪਾਬੰਦੀ ਹੁੰਦੀ ਸੀ ਅਤੇ ਨਾ ਹੀ ਜਲਵਾਯੂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ। ਖ਼ੁਸ਼ੀਆਂ ਵਾਲ਼ੇ ਦਿਨ ਤਾਂ ਹੁਣ ਬੀਤੇ ਦੀਆਂ ਗੱਲਾਂ ਨੇ।''
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ , ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP - ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ