ਦੋ ਹਫ਼ਤਿਆਂ ਤੱਕ ਪਿਆ ਇਹ ਬੱਝਵਾਂ ਮੀਂਹ, ਓਸਮਾਨਾਬਾਦ ਜ਼ਿਲ੍ਹੇ ਦੇ ਖ਼ੇਤਾਂ ਵਿੱਚ ਉਨ੍ਹਾਂ ਦੀ ਚਾਰ ਮਹੀਨਿਆਂ ਦੀ ਮਿਹਨਤ 'ਤੇ ਵੀ ਪਾਣੀ ਫੇਰਨ ਲਈ ਕਾਫ਼ੀ ਸੀ। ਅਕਤੂਬਰ ਦੇ ਮਹੀਨੇ ਵਿੱਚ ਬੱਦਲਾਂ ਦੀ ਗੜਗੜ ਦੇ ਨਾਲ਼ ਤੂਫ਼ਾਨੀ ਮੀਂਹ ਪਿਆ ਅਤੇ ਤੇਜ਼ ਹਨ੍ਹੇਰੀਆਂ ਕਾਰਨ ਘਰਾਂ ਦੀਆਂ ਛੱਤਾਂ ਵੀ ਉੱਡ ਗਈਆਂ, ਮਵੇਸ਼ੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਮੀਲਾਂ ਤੱਕ ਫ਼ਸਲਾਂ ਵਿੱਛ ਗਈਆਂ।

ਮਹਾਰਾਸ਼ਟਰ ਦੇ ਓਸਮਾਨਾਬਾਦ ਜ਼ਿਲ੍ਹੇ ਵਿੱਚ ਸਥਿਤ ਮਹਾਲਿੰਗੀ ਪਿੰਡ ਦੀ ਨਿਵਾਸੀ ਕਿਸਾਨ ਸ਼ਾਰਦਾ ਅਤੇ ਪਾਂਡੂਰੰਗ ਗੁੰਡ ਦੀ ਖੇਤੀ ਵੀ ਉਸੇ ਸਮੇਂ ਤਬਾਹ ਹੋਈ ਸੀ। 45 ਸਾਲਾ ਸ਼ਾਰਦਾ ਕਹਿੰਦੀ ਹਨ,''ਸਾਡੀ ਲਗਭਗ 50 ਕੁਇੰਟਲ ਸੋਇਆਬੀਨ (ਕਾਸ਼ਤ) ਦਾ ਨੁਕਸਾਨ ਹੋਇਆ। ਸਾਡੇ ਖੇਤਾਂ ਵਿੱਚ ਗੋਡਿਆਂ ਤੀਕਰ ਪਾਣੀ ਭਰਿਆ ਹੋਇਆ ਸੀ। ਇਸ ਪਾਣੀ ਨੇ ਸਾਰਾ ਕੁਝ ਬਰਬਾਦ ਕਰ ਸੁੱਟਿਆ।''

ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਅਕਤੂਬਰ 2020 ਵਿੱਚ ਓਸਮਾਨਾਬਾਦ ਜ਼ਿਲ੍ਹੇ ਵਿੱਚ 230.4 ਮਿਲੀਮੀਟਰ ਮੀਂਹ ਪਿਆ। ਜ਼ਿਲ੍ਹੇ ਦੀ ਮਹੀਨੇ ਦੇ ਔਸਤ ਨਾਲ਼ੋਂ 180 ਫ਼ੀਸਦੀ ਵੱਧ ਮੀਂਹ ਪੈਣ ਦੀ ਇਸ ਘਟਨਾ ਨੇ ਸਾਰਿਆਂ ਨੂੰ ਹੱਕਾ-ਬੱਕਾ ਕਰ ਸੁੱਟਿਆ।

ਅਜਿਹੇ ਹਾਲਾਤਾਂ ਦੀ ਸਭ ਤੋਂ ਵੱਧ ਮਾਰ ਵੀ ਪਾਂਡੁਰੰਗ ਅਤੇ ਸ਼ਾਰਦਾ ਜਿਹੇ ਕਿਸਾਨਾਂ ਨੂੰ ਹੀ ਵੱਜਦੀ ਹੈ।

ਜਿਸ ਸਮੇਂ ਮੌਸਮ ਦੀ ਇਸ ਮਾਰ ਨਾਲ਼ 50 ਸਾਲਾ ਪਾਂਡੁਰੰਗ ਦੀਆਂ ਅੱਖਾਂ ਮੂਹਰੇ ਉਨ੍ਹਾਂ ਦੀ ਫ਼ਸਲ ਤਬਾਹ ਹੋ ਰਹੀ ਸੀ ਤੇ ਲਾਚਾਰ ਖੜ੍ਹੇ ਸਨ ਤਾਂ ਦੂਜੇ ਪਾਸੇ ਖੇਤੀ ਮੰਡੀ ਵਿੱਚ ਸੋਇਆਬੀਨ 3,880 ਰੁਪਏ ਪ੍ਰਤੀ ਕੁਵਿੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚੀ ਜਾ ਰਹੀ ਸੀ। ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ ਉਨ੍ਹਾਂ ਨੂੰ ਅਤੇ ਸ਼ਾਰਦਾ ਦੀ ਤਬਾਹ ਹੋਈ ਸੋਇਆਬੀਨ ਕਰੀਬ ਕਰੀਬ 194,000 ਰੁਪਏ ਦੀ ਸੀ। ਸ਼ਾਰਦਾ ਦੱਸਦੀ ਹਨ,''ਇੱਕ ਗੱਲ਼ ਹੋਰ, ਅਸੀਂ ਖੇਤੀ ਵਾਸਤੇ 80,000 ਰੁਪਏ ਨਿਵੇਸ਼ ਵੀ ਕੀਤੇ ਸਨ ਭਾਵ ਬੀਜ, ਖਾਦ, ਕੀਟਨਾਸ਼ਕ ਅਤੇ ਹੋਰ ਕਾਫ਼ੀ ਚੀਜ਼ਾਂ ਖਰੀਦਣੀਆਂ ਪੈਂਦੀਆਂ ਹਨ। ਹਾਲਾਂਕਿ ਮੈਂ ਇਸ ਹੋਏ ਨੁਕਸਾਨ ਵਿੱਚ ਆਪਣੀ ਚਾਰ ਮਹੀਨਿਆਂ ਦੀ ਹੱਡ-ਭੰਨ੍ਹਵੀਂ ਮਿਹਨਤ ਨਹੀਂ ਜੋੜੀ। ਪਰ ਅਸੀਂ ਇੰਨੇ ਖ਼ਤਰਨਾਕ ਮੀਂਹ ਬਾਰੇ ਤਾਂ ਸੋਚਿਆ ਹੀ ਨਹੀਂ ਸੀ ਜੋ ਹੋਇਆ ਉਸ ਅੱਗੇ ਅਸੀਂ ਬੇਵੱਸ ਖੜ੍ਹੇ ਦੇਖਦੇ ਰਹੇ।''

Left: Sharda Gund lost 50 quintals of soybean in the torrential rains of October 2020 in Osmanabad. Right: File photo of some farmers saving what was left of their crop
PHOTO • Parth M.N.
Left: Sharda Gund lost 50 quintals of soybean in the torrential rains of October 2020 in Osmanabad. Right: File photo of some farmers saving what was left of their crop
PHOTO • Parth M.N.

ਖੱਬੇ: ਓਸਮਾਨਾਬਾਦ ਜ਼ਿਲ੍ਹੇ ਵਿੱਚ ਰਹਿਣ ਵਾਲ਼ੀ ਸਾਰਦਾ ਗੁੰਡ ਨੂੰ ਅਕਤੂਬਰ 2020 ਵਿੱਚ ਹੋਈ ਮੋਹਲੇਦਾਰ ਬਾਰਸ਼ ਕਾਰਨ ਸੋਇਆਬੀਨ ਦੀ 50 ਕੁਇੰਟਲ ਦੇ ਆਸਪਾਸ ਦੀ ਪੈਦਾਵਾਰ ਦਾ ਨੁਕਸਾਨ ਹੋਇਆ। ਸੱਜੇ: ਫ਼ਸਲ ਦੀ ਬਚੀ-ਖੁਚੀ ਪੈਦਾਵਾਰ ਨੂੰ ਸਾਂਭਦੇ ਹੋਏ

ਇਸ ਤਰੀਕੇ ਦੀ ਅਣਕਿਆਸੀ ਬਿਪਤਾ ਤੋਂ ਖ਼ੁਦ ਨੂੰ ਬਚਾਉਣ ਵਾਸਤੇ ਇਸ ਕਿਸਾਨ ਪਤੀ-ਪਤਨੀ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਤਹਿਤ ਸੋਇਆਬੀਨ ਦੀ ਫ਼ਸਲ ਦਾ ਬੀਮਾ ਕਰਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2016 ਵਿੱਚ ਇਸ ਬੀਮਾ ਯੋਜਨਾ ਦੀ ਸ਼ੁਰੂਆਤ ਇਸ ਮਕਸਦ ਨਾਲ਼ ਕੀਤੀ ਗਈ ਸੀ ਕਿ ''ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਅਤੇ ਫ਼ਸਲ ਤਿਆਰ ਹੋਣ ਤੋਂ ਬਾਅਦ ਆਉਣ ਵਾਲ਼ੀਆਂ ਅਣਕਿਆਸੀਆਂ ਆਫ਼ਤਾਂ ਤੋਂ ਹੋਏ ਨੁਕਸਾਨ ਦੀ ਵੱਡੇ ਪੱਧਰ 'ਤੇ ਭਰਪਾਈ ਕੀਤੀ ਜਾ ਸਕੇ।''

ਪਾਂਡੁਰੰਗ ਨੇ 1980 ਰੁਪਏ ਪ੍ਰੀਮੀਅਮ ਵੀ ਭਰਿਆ ਜੋ ਕਿ ਕੁੱਲ ਰਾਸ਼ੀ (ਲਾਗਤ) 99,000 ਰੁਪਏ ਦਾ 2 ਫ਼ੀਸਦ ਸੀ। ਇਹ ਲਾਗਤ ਉਨ੍ਹਾਂ 2.2 ਹੈਕਟੇਅਰ ਦੀ ਜ਼ਮੀਨ (5 ਏਕੜ ਤੋਂ ਬੱਸ ਕੁਝ ਜ਼ਿਆਦਾ) 'ਤੇ ਫ਼ਸਲ ਬੀਜੀ ਗਈ ਸੀ। ਯੋਜਨਾ ਇਹ ਨਿਰਧਾਰਤ ਕਰਦੀ ਹੈ ਕਿ ਖਰੀਫ਼ ਦੀਆਂ ਫ਼ਸਲਾਂ ਜਿਵੇਂ ਸੋਇਆਬੀਨ, ਬਾਜਰਾ, ਅਰਹਰ, ਨਰਮਾ ਅਤੇ ਹੋਰ ਫ਼ਸਲਾਂ ਜਿਨ੍ਹਾਂ ਦੀ ਖੇਤੀ ਜੁਲਾਈ-ਅਕਤੂਬਰ ਦੇ ਸੀਜ਼ਨ ਵਿੱਚ ਕੀਤੀ ਜਾਂਦੀ ਹੈ, ਦੀ ਕੁੱਲ ਲਾਗਤ ਦੀ ਵੱਧ ਤੋਂ ਵੱਧ 2 ਫ਼ੀਸਦ ਰਾਸ਼ੀ ਕਿਸਾਨਾਂ ਦੁਆਰਾ ਪ੍ਰੀਮੀਅਮ ਦੇ ਰੂਪ ਵਿੱਚ ਅਦਾ ਕਰਨੀ ਹੁੰਦੀ ਹੈ। ਇਸ ਸਬੰਧ ਵਿੱਚ ਬਜਾਜ ਅਲਾਇੰਜ਼ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਅਦਾਇਗੀ-ਯੋਗ ਰਾਸ਼ੀ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਅਦਾ ਕੀਤੀ ਜਾਣੀ ਹੈ।

ਹਾਲਾਂਕਿ, ਗੁੰਡ ਪਰਿਵਾਰ ਨੂੰ ਹੋਏ ਨੁਕਸਾਨ ਦੀ ਕੀਮਤ 2.5 ਲੱਖ ਰੁਪਏ ਤੋਂ ਵੀ ਵੱਧ ਹੈ ਅਤੇ ਜਦੋਂ ਪਾੰਡੁਰੰਗ ਇੰਸ਼ੋਰੈਂਸ ਕਲੇਮ ਕਰਨ ਗਏ ਤਾਂ ਉਨ੍ਹਾਂ ਨੂੰ ਕੰਪਨੀ ਵੱਲੋਂ ਨੁਕਸਾਨ-ਭਰਪਾਈ ਵਜੋਂ ਮਹਿਜ਼ 8000 ਰੁਪਏ ਦਿੱਤੇ ਗਏ।

ਪਾਂਡੁਰੰਗ ਅਤੇ ਸ਼ਾਰਦਾ ਨੂੰ ਇੰਸ਼ੋਰੈਂਸ ਦੇ ਪੈਸਿਆਂ ਦੀ ਬੇਹੱਦ ਲੋੜ ਹੈ। ਮਾਰਚ 2020 ਵਿੱਚ ਕੋਵਿਡ-19 ਦੇ ਆਊਟਬ੍ਰੇਕ ਦੇ ਬਾਅਦ ਪੂਰੇ ਮਰਾਠਵਾੜਾ ਇਲਾਕੇ ਵਿੱਚ, ਜਿਹਦੇ ਘੇਰੇ ਵਿੱਚ ਓਸਮਾਨਾਬਾਦ ਵੀ ਆਉਂਦਾ ਹੈ, ਕਿਸਾਨਾਂ ਨੂੰ ਲਗਾਤਾਰ ਨੁਕਸਾਨ ਝੱਲਣਾ ਪਿਆ। ਖੇਤੀ-ਅਰਥਚਾਰੇ ਦੀ ਗਤੀ ਮੱਠੀ ਪੈ ਗਈ ਸੀ ਅਤੇ ਹੜ੍ਹ ਕਾਰਨ ਹੋਈਆਂ ਫ਼ਸਲਾਂ ਦੀ ਬਰਬਾਦੀ ਨੇ ਪੈਸੇ-ਧੇਲੇ ਨੂੰ ਲੇ ਕੇ ਪਰਿਵਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ।

ਓਸਮਾਨਾਬਾਦ ਦੇ ਖੇਤੀ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2020-21 ਵਿੱਚ ਜ਼ਿਲ੍ਹੇ ਦੇ 948, 990 ਕਿਸਾਨਾਂ ਨੇ ਖ਼ਰੀਫ਼ ਦੇ ਸੀਜ਼ਨ ਵਿੱਚ ਫ਼ਸਲ-ਬੀਮਾ ਕਰਵਾਇਆ ਸੀ। ਸ਼ਰਤ ਮੁਤਾਬਕ ਕਿਸਾਨ ਨੇ 41.85 ਕਰੋੜ ਦੀ ਰਾਸ਼ੀ ਦਾ ਪ੍ਰੀਮੀਅਮ ਵੀ ਭਰਿਆ ਸੀ। ਰਾਜ ਦੁਆਰਾ 322.95 ਕਰੋੜ ਅਤੇ ਕੇਂਦਰ ਸਰਕਾਰ ਦੁਆਰਾ 274.21 ਕਰੋੜ ਅਦਾਇਗੀ ਯੋਗ ਰਾਸ਼ੀ ਸੀ। ਬਜਾਜ ਅਲਾਇੰਜ ਨੂੰ ਕਿਸਾਨਾਂ ਅਤੇ ਸਰਕਾਰਾਂ ਪਾਸੋਂ ਕੁੱਲ ਮਿਲ਼ਾ ਕੇ 639.02 ਕਰੋੜ ਰੁਪਏ ਪ੍ਰਾਪਤ ਹੋਏ ਸਨ।

ਪਰ, ਜਦੋਂ ਪਿਛਲੇ ਸਾਲ ਅਕਤੂਬਰ ਵਿੱਚ ਪਏ ਅਸਧਾਰਣ ਮੀਂਹ ਕਾਰਨ ਫ਼ਸਲਾਂ ਬਰਬਾਦ ਹੋ ਗਈਆਂ, ਉਦੋਂ ਬਜਾਜ ਅਲਾਇੰਜ ਨੇ ਫ਼ਸਲ-ਬੀਮਾ ਯੋਜਨਾ ਤਹਿਤ ਸਿਰਫ਼ 79,121 ਕਿਸਾਨਾਂ ਦੀ ਨੁਕਸਾਨ-ਪੂਰਤੀ ਕਰਦੇ ਹੋਏ ਉਨ੍ਹਾਂ ਵਿੱਚ 86.96 ਕਰੋੜ ਰੁਪਏ ਵੰਡੇ ਅਤੇ ਇਸ ਤਰ੍ਹਾਂ ਇੰਸ਼ੋਰੈਂਸ ਕੰਪਨੀ ਨੇ ਬਾਕੀ 552.06 ਕਰੋੜ ਦੀ ਰਾਸ਼ੀ ਨੂੰ ਆਪਣੀ ਕੋਲ਼ ਹੀ ਸਾਂਭੀ ਰੱਖਿਆ।

Bibhishan Wadkar in his farm in Wadgaon village. Crops insurance rules must favour the farmers, he says
PHOTO • Parth M.N.

ਬਿਭੀਸ਼ਣ ਵਾਡਕਰ ਵਡਗਾਓਂ ਆਪਣੇ ਖੇਤ ਵਿੱਚ। ਫ਼ਸਲ-ਬੀਮਾ ਦੇ ਨਿਯਮ ਜ਼ਰੂਰ ਹੀ ਕਿਸਾਨਾਂ ਦੇ ਹੱਕ ਵਿੱਚ ਹੋਣ, ਉਹ ਕਹਿੰਦੇ ਹਨ

20 ਅਗਸਤ ਨੂੰ ਇੰਸ਼ੋਰੈਂਸ ਕੰਪਨੀ ਦੀ ਵੈੱਬਸਾਈਟ 'ਤੇ ਦਰਜ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੀ ਸ਼ਿਕਾਇਤ ਨਿਵਾਰਣ ਅਧਿਕਾਰੀ ਨੂੰ ਪਾਰੀ ( PARI ) ਵੱਲੋਂ ਭੇਜੀ ਗਈ ਈਮੇਲ ਸਵਾਲਨਾਮਾ 'ਤੇ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ਼ੀ। ਉਹੀ ਸਵਾਲਨਾਮਾ 30 ਅਗਸਤ ਨੂੰ ਕੰਪਨੀ ਦੇ ਬੁਲਾਰੇ ਨੂੰ ਭੇਜਿਆ ਗਿਆ, ਉਨ੍ਹਾਂ ਨੇ ਇਸ ਰਿਪੋਰਟਰ ਨੂੰ ਦੱਸਿਆ ਕਿ ਬਜਾਜ ਅਲਾਇੰਜ਼ ਵੱਲੋਂ ਇਨ੍ਹਾਂ ਸਵਾਲਾਂ 'ਤੇ ਨਾ ਤਾਂ ਕੋਈ ਟਿੱਪਣੀ ਕੀਤੀ ਜਾਵੇਗੀ ਨਾ ਹੀ ਕੋਈ ਪ੍ਰਤੀਕਿਰਿਆ ਦਿੱਤੀ ਜਾਵੇਗੀ।

ਹੋਰਨਾਂ ਕਿਸਾਨਾਂ ਦੇ ਬੀਮਾ ਦਾਅਵਿਆਂ ਨੂੰ ਅਪ੍ਰਵਾਨ ਕਿਉਂ ਕੀਤਾ ਗਿਆ ਇੱਥੋਂ ਤੱਕ ਕਿ ਜਵਾਬ ਵੀ ਨਹੀਂ ਦਿੱਤਾ ਗਿਆ। ਕਿਸਾਨਾਂ ਨੂੰ ਜਾਪਦਾ ਹੈ ਕਿ ਨੁਕਸਾਨ ਹੋਣ ਦੇ 72 ਘੰਟਿਆਂ ਦੇ ਅੰਦਰ ਅੰਦਰ ਕੰਪਨੀ ਨੂੰ ਸੂਚਿਤ ਨਾ ਕੀਤੇ ਜਾਣ ਜਿਹੀ ਤਕਨੀਕੀ ਗ਼ਲਤੀ ਨੂੰ ਕੰਪਨੀ ਦੁਆਰਾ ਹੁਣ ਇੱਕ ਸੰਦ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਮੁਆਵਜ਼ਾ ਪਾਉਣ ਦੀ ਉਨ੍ਹਾਂ ਦੀ ਹੱਕਦਾਰੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਓਸਮਾਨਾਬਾਦ ਸ਼ਹਿਰ ਦੇ ਕਰੀਬ 25 ਕਿਲੋਮੀਟਰ ਦੂਰ ਸਥਿਤ ਵਡਗਾਓਂ ਨਿਵਾਸੀ 55 ਸਾਲਾ ਵਿਭੀਸ਼ਣ ਵਾਡਕਰ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਨਿਯਮਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਇੰਸ਼ੋਰੈਂਸ ਕੰਪਨੀਆਂ ਦੇ। ''ਮੁਆਵਜ਼ੇ ਦੀ ਮੰਗ ਕਰਦਿਆਂ, ਜਿਸ 'ਤੇ ਸਾਡਾ ਹੱਕ ਹੈ, ਲੱਗਦਾ ਹੈ ਜਿਵੇਂ ਅਸੀਂ ਭਿਖਾਰੀ ਹੋ ਗਏ ਹਾਂ। ਅਸੀਂ ਇੰਸ਼ੋਰੈਂਸ ਪ੍ਰੀਮੀਅਮ ਵੀ ਜਮ੍ਹਾ ਕੀਤਾ ਹੈ ਅਤੇ ਅਸੀਂ ਫ਼ਸਲ-ਬੀਮਾ ਤਹਿਤ ਮਿਲ਼ਣ ਵਾਲ਼ੇ ਬੀਮਾ-ਦਾਅਵੇ ਦੀ ਰਾਸ਼ੀ ਦੇ ਹੱਕਦਾਰ ਹਾਂ।''

ਬਿਭੀਸ਼ਣ ਨੂੰ ਅਕਤੂਬਰ 2020 ਵਿੱਚ ਸੋਇਆਬੀਨ ਦੀ ਲਗਭਗ 60-70 ਕੁਵਿੰਟਲ ਪੈਦਾਵਾਰ ਦਾ ਨੁਕਸਾਨ ਹੋਇਆ। ਉਹ ਕਹਿੰਦੇ ਹਨ,''ਮੈਂ ਇਹਨੂੰ ਆਪਣੇ ਖੇਤ ਵਿੱਚ ਹੀ ਇਕੱਠਿਆਂ ਕਰ ਕੇ ਰੱਖਿਆ ਸੀ ਅਤੇ ਮੀਂਹ ਤੋਂ ਬਚਾਅ ਵਾਸਤੇ ਇਹਨੂੰ ਤਰਪਾਲ ਨਾਲ ਢੱਕ ਵੀ ਦਿੱਤਾ ਸੀ।'' ਪਰ, ਤੇਜ਼ ਹਵਾਵਾਂ ਅਤੇ ਮੋਹਲੇਦਾਰ ਮੀਂਹ ਅੱਗੇ ਤਰਪਾਲ ਵੀ ਕੰਮ ਨਾ ਆਈ। ਮੀਂਹ ਇੰਨਾ ਤੇਜ਼ ਸੀ ਕਿ ਉਨ੍ਹਾਂ ਦੇ ਖੇਤ ਦੀ ਮਿੱਟੀ ਵੀ ਖੁਰ-ਖੁਰ ਕੇ ਵਹਿਣ ਲੱਗੀ। ਉਨ੍ਹਾਂ ਦਾ ਕਹਿਣਾ ਹੈ,''ਪੂਰੀ ਫ਼ਸਲ ਬਰਬਾਦ ਹੋ ਗਈ, ਬੱਸ 2-3 ਕੁਵਿੰਟਲ ਹੀ ਬਚੀ ਰਹੀ। ਓਨੀ ਕੁ ਫ਼ਸਲ ਦਾ ਮੈਂ ਕੀ ਕਰਨਾ?''

ਉਨ੍ਹਾਂ ਦੀ 6 ਏਕੜ ਜ਼ਮੀਨ 'ਤੇ ਉਗਾਈ ਜਾਣ ਵਾਲ਼ੀ ਫ਼ਸਲ ਦਾ 113,400 ਰੁਪਏ ਦਾ ਬੀਮਾ ਕੀਤਾ ਗਿਆ ਸੀ, ਜਿਹਦੇ ਬਦਲੇ ਵਿੱਚ ਉਨ੍ਹਾਂ ਨੇ 2,268 ਰੁਪਏ ਦਾ ਪ੍ਰੀਮੀਅਮ ਭਰਿਆ ਸੀ ਅਤੇ ਕਿਉਂਕਿ  ਉਹ ਕਿਸੇ ਵੀ ਤਰ੍ਹਾਂ 72 ਘੰਟਿਆਂ ਦੇ ਅੰਦਰ ਅੰਦਰ ਕੰਪਨੀ ਦੀ ਵੈਬਸਾਈਟ 'ਤੇ ਆਨਲਾਈ ਜਾ ਕੇ ਜਾਂ ਕੰਪਨੀ ਦੇ ਟੋਲ ਫ੍ਰੀ ਨੰਬਰ 'ਤੇ ਕਾਲ ਕਰਕੇ ਕੰਪਨੀ ਨੂੰ ਹੋਏ ਨੁਕਸਾਨ ਬਾਰੇ ਸੂਚਿਤ ਨਹੀਂ ਕਰ ਪਾਏ ਸਨ, ਇਸਲਈ ਉਨ੍ਹਾਂ ਦੀ ਅਰਜ਼ੀ ਅਪ੍ਰਵਾਨ ਕਰ ਦਿੱਤੀ ਗਈ। ਉਹ ਕਹਿੰਦੇ ਹਨ,''ਅਸੀਂ ਆਪਣੀ ਫ਼ਸਲ ਬਚਾਉਣ ਦੀ ਚਿੰਤਾ ਕਰਦੇ ਜਾਂ ਖੇਤਾਂ ਵਿੱਚੋਂ ਪਾਣੀ ਬਾਹਰ ਕੱਢਣ ਦੀ ਬੰਦੋਬਸਤ ਕਰਦੇ ਜਾਂ ਫਿਰ ਇਹ ਫ਼ਿਕਰ ਕਰਦੇ ਕਿ ਕੰਪਨੀ ਨੂੰ ਸੂਚਿਤ ਕਿਵੇਂ ਕਰਨਾ ਹੈ?  ਸਾਡੇ ਕੋਲ਼ੋਂ ਇਹ ਉਮੀਦ ਵੀ ਕਿਵੇਂ ਕੀਤੀ ਜਾ ਸਕਦੀ ਹੈ ਕਿ ਅਸੀਂ 72 ਘੰਟਿਆਂ ਦੇ ਅੰਦਰ ਅੰਦਰ ਬੀਮਾ ਕੰਪਨੀ ਨੂੰ ਸੂਚਿਤ ਕਰੀਏ ਜਦੋਂਕਿ ਮੀਂਹ ਦਾ ਕਹਿਰ ਦੋ ਹਫ਼ਤਿਆਂ ਤੀਕਰ ਜਾਰੀ ਰਿਹਾ?''

Left: Bibhishan's soybean fields inundated with rainwater in October last year. Right: Another devastated farm in Wadgaon (file photo)
PHOTO • Parth M.N.
Left: Bibhishan's soybean fields inundated with rainwater in October last year. Right: Another devastated farm in Wadgaon (file photo)
PHOTO • Parth M.N.

ਖੱਬੇ : ਪਿਛਲੇ ਸਾਲ ਅਕਤੂਬਰ ਵਿੱਚ ਪਏ ਮੀਂਹ ਤੋਂ ਬਾਅਦ ਪਾਣੀ ਵਿੱਚ ਡੁੱਬੀ ਸੋਇਆਬੀਨ ਦੀ ਫ਼ਸਲ। ਸੱਜੇ : ਇੱਕ ਹੋਰ ਤਹਿਸ-ਨਹਿਸ ਹੋ ਚੁੱਕੇ ਖੇਤ ਦੀ ਫ਼ੋਟੋ (ਫ਼ਾਈਲ ਫੋਟੋ)

ਬੱਦਲ ਫਟਣ ਕਾਰਨ ਕਰਕੇ ਰੁੱਖ ਤਬਾਹ ਹੋ ਗਏ ਅਤੇ ਬਿਜਲੀ ਦੇ ਖੰਭੇ ਵੀ ਢਹਿ ਗਏ। ਬਿਭੀਸ਼ਣ ਕਹਿੰਦੇ ਹਨ,''ਸਾਡੇ ਘਰਾਂ ਵਿੱਚ ਕਈ ਦਿਨਾਂ ਤੱਕ ਬਿਜਲੀ ਨਹੀਂ ਸੀ। ਅਸੀਂ ਆਪਣਾ ਫ਼ੋਨ ਤੱਕ ਚਾਰਜ ਨਾ ਕਰ ਸਕੇ ਅਤੇ ਕੰਪਨੀ ਦੀ ਹੈਲਪਲਾਈ ਸਵੇਰੇ 9 ਵਜੇ ਤੋਂ ਰਾਤੀਂ 9 ਵਜੇ ਵਿਚਕਾਰ ਹੀ ਕੰਮ ਕਰਦੀ ਹੈ। ਇਹਦਾ ਮਤਲਬ ਹੋਇਆ ਤੁਹਾਡੇ ਕੋਲ਼ ਸ਼ਿਕਾਇਤ ਕਰਨ ਦਾ ਸਿਰਫ਼ 36 ਘੰਟੇ ਦਾ ਹੀ ਸਮਾਂ ਹੋਇਆ 72 ਘੰਟਿਆਂ ਦਾ ਨਹੀਂ। ਅਜਿਹੀ ਹਾਲਤ ਵਿੱਚ ਤੁਹਾਡੀ ਮੱਤ ਹੀ ਮਾਰੀ ਜਾਂਦੀ ਹੈ। ਇਹ ਨਿਯਮ ਸਾਡੇ ਲਈ ਅਨਿਆਪੂਰਨ ਹਨ।''

ਦਸੰਬਰੀ 2020 ਵਿੱਚ ਹੋਈ ਇੱਕ ਮੀਟਿੰਗ ਵਿੱਚ ਓਸਮਾਨਾਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੌਸਤੁਭ ਦਿਵੇਂਗਾਓਂਕਾਰ ਨੇ ਕਿਸਾਨਾਂ ਅਤੇ ਕੰਪਨੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਨਿਯਮਾਂ ਦੀ ਸਮੀਖਿਆ ਕਰਦੇ ਹੋਏ ਬਜਾਜ ਅਲਾਇੰਜ਼ ਨੂੰ 72 ਘੰਟਿਆਂ ਦੇ ਅੰਦਰ ਸੂਚਿਤ ਕਰਨ ਦੇ ਨਿਯਮ ਵਿੱਚ ਢਿੱਲ ਦੇਣ ਦਾ ਨਿਰਦੇਸ਼ ਦਿੱਤਾ ਸੀ। ਪਰ, ਅਜਿਹਾ ਕੁਝ ਹੋਇਆ ਹੀ ਨਹੀਂ।

ਬੀਮਾ ਕੰਪਨੀ ਦੁਆਰਾ ਦਮਨਕਾਰੀ ਵਤੀਰਾ ਅਪਣਾਉਂਦੇ ਹੋਏ ਕਿਸਾਨਾਂ ਦੀ ਅਰਜ਼ੀ ਨੂੰ ਰੱਦ ਕੀਤੇ ਜਾਣ ਖ਼ਿਲਾਫ਼ 15 ਕਿਸਾਨਾਂ ਦੇ ਇੱਕ ਸਮੂਹ ਨੇ 7 ਜੂਨ 2021 ਨੂੰ ਮੁੰਬਈ ਹਾਈਕੋਰਟ ਵਿੱਚ ਇੱਕ ਰਿਟ ਦਾਇਰ ਕੀਤੀ। ਅਪੀਲ ਵਿੱਚ ਬਜਾਜ ਅਲਾਇੰਜ਼ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਖੇਤੀ ਵਿਭਾਗ ਅਤੇ ਓਸਮਾਨਾਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਇਸ ਮਾਮਲੇ ਵਿੱਚ ਜਵਾਬਦਾਤਾ ਹਨ। ਅਪੀਲ ਨੂੰ ਵਿਧਾਇਕ ਕੈਲਾਸ ਪਾਟਿਲ ਅਤੇ ਸਾਂਸਦ ਰਾਜੇ ਨਿੰਬਾਲਕਰ ਦੀ ਹਿਮਾਇਤ ਪ੍ਰਾਪਤ ਸੀ। ਦੋਵੇਂ ਨੇਤਾ ਓਸਮਾਨਾਬਾਦ ਜ਼ਿਲ੍ਹੇ ਤੋਂ ਹੀ ਹਨ ਅਤੇ ਦੋਵੇਂ ਮਹਾਰਾਸ਼ਟਰ ਦੀ ਗਠਜੋੜ ਸਰਕਾਰ ਵਿੱਚ ਸੱਤਾਸੀਨ ਦਲ ਸਿਵਸੈਨਾ ਦੇ ਲੀਡਰ ਹਨ।

ਕੈਲਾਸ ਪਾਟਿਲ ਅਤੇ ਉਨ੍ਹਾਂ ਦੁਆਰਾ ਅਪੀਲ ਦੀ ਹਮਾਇਤ ਦੀ ਗੱਲ ਨੂੰ ਸਪੱਸ਼ਟ ਕਰਦਿਆਂ ਨਿੰਬਾਲਕਰ ਕਹਿੰਦੇ ਹਨ,''ਮੀਂਹ ਕਾਰਨ ਫ਼ਸਲਾਂ ਦੀ ਪੈਦਾਵਾਰ ਬਰਬਾਦ ਹੋ ਜਾਣ ਬਾਅਦ, ਕੇਂਦਰ ਅਤੇ ਰਾਜ ਸਰਕਾਰਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ। ਹੁਣ ਜਦੋਂ ਕਿ ਇਨ੍ਹਾਂ ਸਰਕਾਰਾਂ ਨੂੰ ਕਿਸਾਨਾਂ ਦੇ ਨੁਕਸਾਨ ਹੋਣ ਦਾ ਅਹਿਸਾਸ ਹੈ ਤਾਂ ਫਿਰ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਬੀਮਾ ਕੰਪਨੀਆਂ ਇੰਨੀਆਂ ਮੀਨ-ਮੇਖਾਂ ਕਿਉਂ ਭਾਲ਼ ਰਹੀਆਂ ਹਨ? ਇਸੇ ਕਾਰਨ ਕਰਕੇ ਕੈਲਾਸ ਪਾਟਿਲ ਦੇ ਨਾਲ਼ ਨਾਲ਼ ਮੈਂ ਵੀ ਅਪੀਲ ਦੀ ਹਮਾਇਤ ਕੀਤੀ ਹੈ।''

Left: Wadgaon's fields overflowing with rainwater. Right: In Osmanabad district, 6.5 lakh acres of farmland was affected in October 2020 (file photos)
PHOTO • Parth M.N.
Left: Wadgaon's fields overflowing with rainwater. Right: In Osmanabad district, 6.5 lakh acres of farmland was affected in October 2020 (file photos)
PHOTO • Parth M.N.

ਖੱਬੇ : ਮੀਂਹ ਤੋਂ ਬਾਅਦ ਵਡਗਾਓਂ ਤਰ-ਬ-ਤਰ ਹੋਏ ਖੇਤ। ਸੱਜੇ : ਅਕਤੂਬਰ 2020 ਵਿੱਚ ਓਸਮਾਨਾਬਾਦ ਜ਼ਿਲ੍ਹੇ ਵਿੱਚ ਮੀਂਹ ਕਾਰਨ 6.5 ਲੱਖ ਏਕੜ ਵਾਹੀਯੋਗ ਜ਼ਮੀਨ ਪ੍ਰਭਾਵਤ ਹੋਈ (ਫ਼ਾਈਲ ਫ਼ੋਟੋਆਂ)

ਕੋਰਟ ਵੱਲੋਂ ਜੋ ਵੀ ਨਤੀਜਾ ਨਿਕਲ਼ੇ, ਪਰ ਅਜੇ ਆਲਮ ਇਹ ਹੈ ਕਿ ਓਸਮਾਨਾਬਾਦ ਦੇ ਕਿਸਾਨਾਂ ਦਾ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤੋਂ ਭਰੋਸਾ ਖੁੱਸਦਾ ਜਾਂਦਾ ਜਾਪਦਾ ਹੈ, ਕਿਉਂਕਿ ਭਰੋਸਾ ਕਰੀ ਰੱਖਣ ਦੇ ਹਾਲਾਤ ਵੀ ਤਾਂ ਨਹੀਂ ਰਹੇ। ਮਰਾਠੀ ਅਖ਼ਬਾਰ 'ਸਕਾਲ' ਵਿੱਚ 3 ਅਗਸਤ 2021 ਨੂੰ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ ਓਸਮਾਨਾਬਾਦ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਵਾਸਤੇ ਬਿਨੈ ਕਰਨ ਵਾਲ਼ੇ ਕਿਸਾਨਾਂ ਦੀ ਗਿਣਤੀ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਗਿਰਾਵਟ ਦਰਜ ਕੀਤਾ ਜਾ ਰਹੀ ਹੈ। 2019 ਵਿੱਚ ਜ਼ਿਲ੍ਹੇ ਦੇ 11.88 ਲੱਖ ਕਿਸਾਨਾਂ ਨੇ ਪ੍ਰੀਮੀਅਮ ਜਮ੍ਹਾ ਕੀਤਾ ਸੀ, ਜਦੋਂਕਿ 2020 ਵਿੱਚ ਸਿਰਫ਼ 9.48 ਲੱਖ ਕਿਸਾਨਾਂ ਨੇ ਹੀ ਇੰਝ ਕੀਤਾ। ਇਸ ਸਾਲ ਇਹ ਗਿਣਤੀ ਹੇਠਾਂ ਖਿਸਕਦੇ ਖਿਸਕਦੇ 6.67 ਰਹਿ ਗਈ, ਜੋ ਕਿ ਬੀਤੇ ਵਰ੍ਹੇ ਦੇ ਮੁਕਾਬਲੇ ਕਰੀਬ ਇੱਕ ਤਿਹਾਈ ਘੱਟ ਹੈ।

ਫ਼ਸਲ ਬੀਮਾ ਦਾ ਮਕਸਦ ਕਿਸਾਨਾਂ ਨੂੰ ਅਣਕਿਆਸੇ ਹਾਲਾਤਾਂ ਤੋਂ ਬਚਾਉਣਾ ਹੈ। ਬਿਭੀਸ਼ਣ ਕਹਿੰਦੇ ਹਨ,''ਪਰ ਅਜਿਹੇ ਮੌਕੇ ਬੀਮਾ ਯੋਜਨਾ ਖ਼ੁਦ ਕਿਆਸੋਂ ਬਾਹਰ ਹੋ ਗਈ ਹੈ। ਇਹ ਸਾਨੂੰ ਉਸ ਤਰ੍ਹਾਂ ਦਾ ਭਰੋਸਾ ਦਵਾ ਹੀ ਨਹੀਂ ਪਾ ਰਹੀ ਜਿਹੋ ਜਿਹਾ ਦਵਾਉਣਾ ਚਾਹੀਦਾ ਹੈ। ਇੱਕ ਤਾਂ ਮੌਸਮ ਦਾ ਮਿਜਾਜ਼ ਬੇਹੱਦ ਅਣਕਿਆਸਾ ਉੱਤੋਂ ਭਰੋਸੇਮੰਦ ਫ਼ਸਲ ਬੀਮਾ ਦਾ ਹੋਣਾ ਵੀ ਇੱਕ ਸਵਾਲ ਹੈ।''

ਬਿਭੀਸ਼ਣ ਨੇ ਪਿਛਲੇ ਦੋ ਦਹਾਕਿਆਂ ਵਿੱਚ ਮੀਂਹ ਦੇ ਪੈਟਰਨ ਵਿੱਚ ਆਏ ਜ਼ਿਕਰਯੋਗ ਬਦਲਾਵਾਂ 'ਤੇ ਗ਼ੌਰ ਕੀਤਾ ਹੈ। ਉਹ ਕਹਿੰਦੇ ਹਨ,''ਮਾਨਸੂਨ ਦੇ ਚਾਰ ਮਹੀਨਿਆਂ ਵਿੱਚ ਬਗ਼ੈਰ ਮੀਂਹ ਵਾਲ਼ੇ ਦਿਨਾਂ ਦੀ ਗਿਣਤੀ ਬੇਹੱਦ ਘੱਟ ਗਈ ਹੈ। ਪਰ ਜਦੋਂ ਮੀੰਹ ਪੈਂਦਾ ਹੈ ਤਾਂ ਮੋਹਲੇਦਾਰ ਪੈਂਦਾ ਹੈ। ਇਹ ਮੀਂਹ ਫ਼ਸਲਾਂ ਲਈ ਸਿੱਧੀ ਤਬਾਹੀ ਸਾਬਤ ਹੁੰਦਾ ਹੈ। ਪਹਿਲਾਂ ਮਾਨਸੂਨ ਦੇ ਸੀਜ਼ਨ ਵਿੱਚ ਨਿਯਮਿਤ ਮੀਂਹ ਪਿਆ ਕਰਦਾ ਸੀ। ਹੁਣ ਜਾਂ ਤਾਂ ਸੋਕਾ ਜਾਂ ਫਿਰ ਹੜ੍ਹ।''

ਮਰਾਠਵਾੜੀ ਦੇ ਕਿਸਾਨਾਂ ਨੇ ਲਗਭਗ ਦੋ ਦਹਾਕੇ ਪਹਿਲਾਂ ਸੋਇਆਬੀਨ ਦੀ ਖੇਤੀ ਸ਼ੁਰੂ ਕੀਤੀ, ਕਿਉਂਕਿ ਇਹਦੀ ਫ਼ਸਲ ਮੌਸਮ ਦੀ ਅਨਿਯਮਤਤਾ ਦਾ ਸਾਹਮਣਾ ਬੇਹਤਰ ਤਰੀਕੇ ਨਾਲ਼ ਕਰ ਸਕਦੀ ਹੈ। ਬਿਭੀਸ਼ਣ ਕਹਿੰਦੇ ਹਨ,''ਪਰ ਹੁਣ ਦੇ ਮੌਸਮ ਵਿਚਲੀਆਂ ਅਨਿਯਮਤਤਾਂ ਤਾਂ ਸੋਇਆਬੀਨ ਲਈ ਵੀ ਕੁਝ ਜ਼ਿਆਦਾ ਮਾਰੂ ਹੀ ਹਨ। ਅਕਤੂਬਰ 2020 ਵਿੱਚ ਪਿਆ ਮੀਂਹ ਚੇਤੇ ਆਉਂਦਿਆਂ ਹੀ ਅਸੀਂ ਘਬਰਾ ਜਾਂਦੇ ਹਾਂ।''

ਓਸਮਾਨਾਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਰਿਪੋਰਟ ਨਾਲ਼ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕੁੱਲ 6.5 ਲੱਖ ਏਕੜ ਵਾਹੀਯੋਗ ਜ਼ਮੀਨਾਂ, ਕੁੱਲ ਘੇਰਾ 5 ਲੱਖ ਫੁਟਬਾਲ ਮੈਦਾਨਾਂ ਦੇ ਤੁੱਲ ਹੈ, ਪਰ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹਨ। 4.16 ਲੱਖ ਕਿਸਾਨਾਂ ਦੇ ਮਾਲਿਕਾਨੇ ਵਾਲ਼ੀਆਂ ਕਰੀਬ ਇੱਕ ਤਿਹਾਈ ਵਾਹੀਯੋਗ ਜ਼ਮੀਨਾਂ ਤਹਿਸ-ਨਹਿਸ ਹੋ ਗਈਆਂ। ਇਸ ਤੋਂ ਇਲਾਵਾ, ਭਿਅੰਕਰ ਹੜ੍ਹ ਵਿੱਚ ਚਾਰ ਲੋਕਾਂ ਅਤੇ 162 ਦੁਧਾਰੂ ਡੰਗਰਾਂ ਦੀ ਮੌਤ ਹੋਈ। 7 ਘਰ ਪੂਰੀ ਤਰ੍ਹਾਂ ਤਬਾਹ ਹੋਏ, ਉੱਥੇ ਹੀ 2,277 ਘਰਾਂ ਨੂੰ ਕੁਝ ਕੁਝ ਨੁਕਸਾਨ ਹੋਇਆ।

Left: Gopal Shinde with his daughters. Right: Gopal's friend standing in his water-filled farm last October
PHOTO • Parth M.N.
Left: Gopal Shinde with his daughters. Right: Gopal's friend standing in his water-filled farm last October
PHOTO • Parth M.N.

ਖੱਬੇ : ਆਪਣੀਆਂ ਧੀਆਂ ਦੇ ਨਾਲ਼ ਗੋਪਾਲ ਸ਼ਿੰਦੇ। ਸੱਜੇ : ਗੋਪਾਲ ਦੇ ਦੋਸਤ ਪਿਛਲੇ ਸਾਲ ਅਕਤੂਬਰ ਵਿੱਚ ਪਾਣੀ ਨਾਲ਼ ਡੁੱਬੇ ਆਪਣੇ ਖੇਤ ਵਿੱਚ

34 ਸਾਲਾ ਗੋਪਾਲ ਸ਼ਿੰਦੇ ਅਕਤੂਬਰ 2020 ਵਿੱਚ ਜਿਨ੍ਹਾਂ ਦੀ 6 ਏਕੜ ਦੀ ਜ਼ਮੀਨ ਹੜ੍ਹ ਤੋਂ ਪ੍ਰਭਾਵਤ ਹੋਈ ਸੀ ਕਹਿੰਦੇ ਹਨ ਕਿ ਜੇ ਕਦੇ ਕਿਸਾਨਾਂ ਨੂੰ ਬੀਮੇ ਦੀ ਸ਼ਿੱਦਤ ਨਾਲ਼ ਲੋੜ ਸੀ ਤਾਂ ਇਸੇ ਸਾਲ ਸੀ। ਉਹ ਕਹਿੰਦੇ ਹਨ,''ਕੋਵਿਡ-19 ਦੀ ਲਹਿਰ ਦੇ ਬਾਅਦ ਸਾਨੂੰ ਇਸਲਈ ਵੀ ਨੁਕਸਾਨ ਝੱਲਣਾ ਪਿਆ ਕਿਉਂਕਿ ਮਹੀਨਿਆਂ ਬੱਧੀ ਬਜ਼ਾਰ ਬੰਦ ਸਨ। ਅਹਿਮ ਫ਼ਸਲਾਂ ਦੀ ਕੀਮਤ ਬੇਹੱਦ ਘੱਟ ਗਈ। ਬਹੁਤ ਸਾਰੇ ਕਿਸਾਨ ਤਾਂ ਤਾਲਾਬੰਦੀ ਕਾਰਨ ਆਪਣੀਆਂ ਫ਼ਸਲਾਂ ਦਾ ਸਟਾਕ ਮੰਡੀ ਤੱਕ ਨਾ ਲਿਜਾ ਸਕੇ। ਉਨ੍ਹੀਂ ਦਿਨੀਂ ਸਾਡੇ ਕੋਲ਼ ਸਾਡੇ ਕੋਲ਼ ਖਾਣ ਨੂੰ ਵੀ ਕੁਝ ਨਹੀਂ ਸੀ ਹੁੰਦਾ। ਇੱਥੋਂ ਤੱਕ ਕਿ ਇੰਨੇ ਮਾੜੇ ਦਿਨੀਂ ਵੀ ਇਨ੍ਹਾਂ ਬੀਮਾ ਕੰਪਨੀਆਂ ਨੇ ਸਾਡੇ ਖ਼ਰਚਿਆਂ 'ਤੇ ਮੁਨਾਫ਼ਾ ਵੱਢਿਆ।'' ਗੋਪਾਲ ਨੂੰ ਮੀਂਹ ਕਾਰਨ ਸੋਇਆਬੀਨ ਦੀ 20 ਕੁਵਿੰਟਲ ਦੀ ਪੈਦਾਵਾਰ ਦਾ ਨੁਕਸਾਨ ਝੱਲਣਾ ਪਿਆ ਅਤੇ ਬੀਮਾ ਦੀ ਰਾਸ਼ੀ ਤੌਰ 'ਤੇ ਉਨ੍ਹਾਂ ਨੂੰ ਸਿਰਫ਼ 15,000 ਰੁਪਏ ਮਿਲ਼ੇ।

ਕਾਫ਼ੀ ਸਾਰੇ ਕਿਸਾਨਾਂ ਨੇ ਖੇਤੀ ਤੋਂ ਹੋਣ ਵਾਲ਼ੀ ਕਮਾਈ ਦੀ ਨੁਕਸਾਨ-ਪੂਰਤੀ ਵਾਸਤੇ ਨਿਰਮਾਣ-ਥਾਵਾਂ 'ਤੇ ਮਜ਼ਦੂਰੀ ਕੀਤੀ, ਸਿਕਓਰਿਟੀ ਗਾਰਡ ਦਾ ਕੰਮ ਕੀਤਾ ਜਾਂ ਕਈ ਥਾਵੀਂ ਕੰਮ ਕੀਤੇ ਅਤੇ ਫਿਰ ਮਹਾਂਮਾਰੀ ਦੇ ਦੌਰ ਨੇ ਇਹ ਮੌਕੇ ਵੀ ਖੋਹ ਲਏ। ਪਾਂਡੁਰੰਗ ਗੁੰਡ ਨੇ ਟਰੱਕ ਡਰਾਈਵਰ ਦਾ ਕੰਮ ਕੀਤਾ ਜਿਸ ਤੋਂ ਕੋਵਿਡ-19 ਦੇ ਆਊਟਬ੍ਰੇਕ ਦੇ ਪਹਿਲੇ ਮਹੀਨੇ ਉਹ 10,000 ਰੁਪਏ ਤੱਕ ਕਮਾ ਲੈਂਦੇ ਸਨ। ਸ਼ਾਰਦਾ ਕਹਿੰਦੀ ਹਨ,''ਆਮਦਨੀ ਦਾ ਉਹ ਅਹਿਮ ਵਸੀਲਾ ਸਾਡੇ ਹੱਥੋਂ ਖੁੱਸ ਗਿਆ ਜਿਹਦੇ ਕਾਰਨ ਸਾਡੇ ਪਰਿਵਾਰ ਦੀ ਗੱਡੀ ਤੁਰ ਰਹੀ ਸੀ।''

ਉਹ ਹੁਣ ਵੀ ਦੋ ਸਾਲ ਪਹਿਲਾਂ ਆਪਣੀ 22 ਸਾਲਾ ਬੇਟੀ ਸੋਨਾਲੀ ਦੇ ਵਿਆਹ ਵਾਸਤੇ ਫੜ੍ਹਿਆ ਕਰਜ਼ਾ ਅਦਾ ਕਰ ਰਹੇ ਹਨ। ਸ਼ਾਰਦਾ ਕਹਿੰਦੀ ਹਨ,''ਅਸੀਂ ਉਹਦੇ ਵਿਆਹ ਵਾਸਤੇ ਲਗਭਗ ਦੋ ਲੱਖ ਰੁਪਏ ਉਧਾਰ ਫੜ੍ਹੇ ਸਨ।'' ਕੰਮ ਖੁੱਸ ਜਾਣ ਕਾਰਨ ਕਰਕੇ ਪਾਂਡੁਰੰਗ ਥੋੜ੍ਹਾ ਚਿੰਤਤ ਵੀ ਸਨ ਕਿ ਓਨੀ ਦੇਰ ਨੂੰ ਉਨ੍ਹਾਂ ਦੀ ਆਮਦਨੀ ਦਾ ਬਾਕੀ ਬਚਿਆ ਵਸੀਲਾ ਭਾਵ ਸੋਇਆਬੀਨ ਦਾ ਫਸਲ ਵੀ ਹੱਥੋਂ ਚਲੀ ਗਈ।

ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਆਪਣੀ ਹੀ ਜ਼ਮੀਨ 'ਤੇ ਸਥਿਤ ਰੁੱਖ ਨਾਲ਼ ਲਟਕ ਕੇ ਆਤਮਹੱਤਿਆ ਕਰ ਲਈ।

ਹੁਣ ਖੇਤੀ ਦੀ ਪੂਰੀ ਜ਼ਿੰਮੇਦਾਰੀ ਸ਼ਾਰਦਾ ਦੇ ਮੋਢਿਆਂ 'ਤੇ ਆਣ ਪਈ ਹੈ ਪਰ ਇਹ ਪਰਿਵਾਰ ਚਲਾਉਣ ਲਈ ਕਾਫ਼ੀ ਨਹੀਂ। ਉਨ੍ਹਾਂ ਦਾ 17 ਸਾਲਾ ਬੇਟੇ ਸਾਗਰ ਨੇ ਓਸਮਾਨਾਬਾਦ ਵਿੱਚ ਦਿਹਾੜੀ ਮਜ਼ਦੂਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਉਨ੍ਹਾਂ ਦਾ ਛੋਟਾ ਬੇਟਾ 15 ਸਾਲਾ ਅਕਸ਼ੈ ਮੋਬਾਇਲ ਦੀ ਇੱਕ ਦੁਕਾਨ 'ਤੇ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ। ਦੋਵਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਹੈ। ਪਾਂਡੁਰੰਗ ਨੇ ਤਾਂ ਆਤਮਹੱਤਿਆ ਕਰ ਲਈ ਪਰ ਬਾਕੀ ਪਰਿਵਾਰ ਦੇ ਲੋਕਾਂ ਦੀ ਜ਼ਿੰਦਗੀ ਅੱਧਵਾਟੇ ਲਮਕ ਗਈ ਹੈ।

ਇਹ ਸਟੋਰੀ ਪੁਲਿਤਜ਼ਰ ਸੈਂਟਰ ਦੁਆਰਾ ਸਮਰਥਨ ਪ੍ਰਾਪਤ ਸਟੋਰੀ-ਸੀਰੀਜ਼ ਦਾ ਹਿੱਸਾ ਹੈ ਜਿਹਦੇ ਤਹਿਤ ਰਿਪੋਰਟਰ ਨੂੰ ਸੁਤੰਤਰ ਪੱਤਰਕਾਰਤਾ ਗ੍ਰਾਂਟ ਮਿਲ਼ੀ ਹੋਈ ਹੈ।

ਤਰਜਮਾ: ਕਮਲਜੀਤ ਕੌਰ

Parth M.N.

২০১৭ সালের পারি ফেলো পার্থ এম. এন. বর্তমানে স্বতন্ত্র সাংবাদিক হিসেবে ভারতের বিভিন্ন অনলাইন সংবাদ পোর্টালের জন্য প্রতিবেদন লেখেন। ক্রিকেট এবং ভ্রমণ - এই দুটো তাঁর খুব পছন্দের বিষয়।

Other stories by Parth M.N.
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur