ਸ਼ਕੀਲਾ ਨਿਜ਼ਾਮੂਦੀਨ ਕਹਿੰਦੀ ਹਨ, “ਮੇਰੀ ਪੰਜ ਸਾਲ ਦੀ ਧੀ ਨੂੰ ਬਹੁਤ ਜ਼ਿਆਦਾ ਤਾਪ ਚੜ੍ਹਿਆ ਹੋਇਆ ਹੈ, ਪਰ ਪੁਲਿਸ ਨੇ ਮੇਰੇ ਪਤੀ ਨੂੰ (ਮੇਰੀ ਧੀ ਨੂੰ ਡਾਕਟਰ ਕੋਲ ਲਿਜਾਣ ਤੋਂ) ਰੋਕ ਦਿੱਤਾ। ਉਹ ਡਰ ਗਿਆ ਅਤੇ ਵਾਪਸ ਆ ਗਿਆ। ਸਾਨੂੰ ਆਪਣੀ ਕਾਲੋਨੀ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੈ, ਇੱਥੋਂ ਤੱਕ ਕਿ ਹਸਪਤਾਲ ਵੀ ਨਹੀਂ ਜਾਣ ਦਿੱਤਾ ਜਾਂਦਾ।”
30 ਸਾਲਾ ਸ਼ਕੀਲਾ ਅਹਿਮਦਾਬਾਦ ਸ਼ਹਿਰ ਦੀ ਸਿਟੀਜ਼ਨ ਨਗਰ ਰਾਹਤ ਕਾਲੋਨੀ ਵਿਚ ਰਹਿੰਦੀ ਹਨ। ਉਹ ਘਰ ਵਿਚ ਪਤੰਗ ਬਣਾ ਕੇ ਰੋਜ਼ੀ-ਰੋਟੀ ਕਮਾਉਂਦੀ ਹਨ। ਉਹ ਅਤੇ ਉਨ੍ਹਾਂ ਦੇ ਪਤੀ, ਜੋ ਇਕ ਦਿਹਾੜੀਦਾਰ ਮਜ਼ਦੂਰ ਹਨ, ਤਾਲਾਬੰਦੀ ਵਿਚ ਆਪਣੀ ਆਮਦਨੀ ਦੇ ਨਾਲ-ਨਾਲ ਆਪਣੀਆਂ ਉਮੀਦਾਂ ਨੂੰ ਵੀ ਢਹਿ-ਢੇਰੀ ਹੁੰਦੇ ਦੇਖ ਰਹੇ ਹਨ। ਉਨ੍ਹਾਂ ਨੇ ਮੈਨੂੰ ਵੀਡਿਓ ਕਾੱਲ ’ਤੇ ਦੱਸਿਆ, “ਕਲੀਨਿਕ ਬੰਦ ਹੈ। ਉਹ ਸਾਨੂੰ ਕਹਿੰਦੇ ਹਨ ਕਿ ‘ਘਰ ਜਾਓ, ਕੁਝ ਘਰੇਲੂ ਨੁਸਖ਼ੇ ਅਪਣਾਓ।’ ਜੇਕਰ ਹਸਪਤਾਲ ਜਾਣਾ ਹੈ, ਤਾਂ ਪੁਲਿਸ ਫਾਈਲਾਂ ਅਤੇ ਦਸਤਾਵੇਜ਼ ਮੰਗਦੀ ਹੈ। ਇਹ ਸਭ ਅਸੀਂ ਕਿੱਥੋਂ ਲਿਆਈਏ।”
2004 ਵਿਚ ਦਾਨੀ ਸੰਗਠਨਾਂ ਦੁਆਰਾ ਗੁਜਰਾਤ ਵਿਚ 2002 ਦੀ ਵਿਨਾਸ਼ਕਾਰੀ ਫਿਰਕੂ ਹਿੰਸਾ ਦੁਆਰਾ ਉਜਾੜੇ ਗਏ 50,000 ਤੋਂ ਵੱਧ ਲੋਕਾਂ ਦੇ ਵਸੇਬੇ ਲਈ ਸਥਾਪਤ ਕੀਤੀਆਂ ਗਈਆਂ 81 ਕਲੋਨੀਆਂ ਵਿਚੋਂ ਇਕ ਇਸ ਕਾਲੋਨੀ ਦੇ ਲੋਕ ਤਾਲਾਬੰਦੀ ਵਿਚ ਭਿਆਨਕ ਸਮਾਂ ਬਤੀਤ ਕਰ ਰਹੇ ਹਨ।
ਜਿਵੇਂ ਕਿ ਉਨ੍ਹਾਂ ਵਿਚੋਂ ਇਕ ਨੇ ਮੈਨੂੰ ਦੱਸਿਆ, ਇਹ ਲੋਕ ਆਪਣੇ ਟੈਲੀਵਿਜ਼ਨ ਉੱਤੇ ਅਮਿਤਾਭ ਬੱਚਨ ਨੂੰ ਵੀ ਦੇਖ ਰਹੇ ਹਨ ਜੋ ਸਾਰਿਆਂ ਨੂੰ ਇਕੱਠੇ ਹੋਣ ਅਤੇ ਕੋਰੋਨਾ ਵਾਇਰਸ ਨੂੰ ਪੂਰੇ ਭਾਰਤ ਵਿਚ ਫੈਲਣ ਤੋਂ ਰੋਕਣ ਦੀ ਅਪੀਲ ਕਰ ਰਹੇ ਹਨ।
ਸਿਟੀਜ਼ਨ ਨਗਰ ਵਿਚ ਰਹਿਣ ਵਾਲੀ ਬਰਾਦਰੀ ਦੀ ਇਕ ਆਗੂ ਰੇਸ਼ਮਾ ਸਾਈਦ, ਜਿਨ੍ਹਾਂ ਨੂੰ ਪਿਆਰ ਨਾਲ ਰੇਸ਼ਮਾ ਆਪਾ ਕਿਹਾ ਜਾਂਦਾ ਹੈ, ਕਹਿੰਦੀ ਹਨ, “ਜੇ ਅਸੀਂ ਸਿਰਫ਼ ਹੱਥ ’ਤੇ ਹੱਥ ਧਰ ਕੇ ਆਪਣੇ ਘਰਾਂ ਦੇ ਅੰਦਰ ਬੈਠਣਾ ਹੈ, ਤਾਂ ਸਾਨੂੰ ਆਪਣੇ ਹੱਥ ਕਾਹਦੇ ਲਈ ਧੋਣੇ ਚਾਹੀਦੇ ਹਨ?” ਇਹ 2002 ਦੇ ਨਰੋਦਾ ਪਾਟੀਆ ਦੇ ਦੰਗਾ ਪੀੜਤਾਂ ਲਈ ਵਸਾਈਆਂ ਗਈਆਂ ਅਹਿਮਦਾਬਾਦ ਦੀਆਂ 15 ਮੁੜ-ਵਸੇਬਾ ਕਾਲੋਨੀਆਂ ਵਿਚੋਂ ਇਕ ਹੈ। ਕਾਲੋਨੀ ਦੇ ਗੇਟ 'ਤੇ ਲੱਗੀ ਪੱਥਰ ਦੀ ਸਿਲ ਉੱਤੇ ਲਿਖਿਆ ਹੈ ਕਿ ਇਹ ਕਾਲੋਨੀ ਕੇਰਲ ਰਾਜ ਮੁਸਲਿਮ ਰਾਹਤ ਕਮੇਟੀ ਦੀ ਮਦਦ ਨਾਲ 2004 ਵਿੱਚ ਬਣਾਈ ਗਈ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਇੱਥੇ ਸਭ ਤੋਂ ਪਹਿਲਾਂ 40 ਪਰਿਵਾਰ ਆਏ ਸਨ, ਉਹ ਦੰਗਾ ਪੀੜਤ ਪਰਿਵਾਰ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਆਪਣਾ ਸਾਰਾ ਸਮਾਨ ਸੜ ਕੇ ਸੁਆਹ ਹੁੰਦਾ ਦੇਖਿਆ ਸੀ।
ਹੁਣ ਇੱਥੇ ਲਗਭਗ 120 ਮੁਸਲਿਮ ਪਰਿਵਾਰ ਰਹਿੰਦੇ ਹਨ। ਅਤੇ ਇਸ ਦੇ ਬਿਲਕੁਲ ਨਾਲ ਲੱਗਦੇ ਮੁਬਾਰਕ ਨਗਰ ਅਤੇ ਘਾਸ਼ੀਆ ਮਸਜਿਦ ਇਲਾਕੇ ਵਿਚ ਸੈਂਕੜੇ ਹੋਰ ਲੋਕ ਰਹਿੰਦੇ ਹਨ। ਇਹ ਸਾਰੇ ਇਲਾਕੇ ਇਕ ਵੱਡੀ ਬਸਤੀ ਦਾ ਹਿੱਸਾ ਸਨ ਜੋ 2002 ਤੋਂ ਪਹਿਲਾਂ ਮੌਜੂਦ ਸੀ। ਜਿਸ ਸਮੇਂ ਸਿਟੀਜ਼ਨ ਨਗਰ ਹੋਂਦ ਵਿੱਚ ਆਇਆ, ਉਸੇ ਸਮੇਂ ਇਨ੍ਹਾਂ ਕਾਲੋਨੀਆਂ ਵਿਚ ਦੰਗਾ ਸ਼ਰਨਾਰਥੀਆਂ ਦੀ ਗਿਣਤੀ ਹੋਰ ਵੀ ਵਧ ਗਈ।
ਸਿਟੀਜ਼ਨ ਨਗਰ ਬਦਨਾਮ ਪਿਰਾਨਾ 'ਕੂੜਾ-ਕਰਕਟ ਪਹਾੜੀ ਲੜੀ' ਦੇ ਬਿਲਕੁਲ ਪੈਰਾਂ ਵਿਚ ਸਥਿਤ ਹੈ। ਇਸ ਜਗ੍ਹਾ ’ਤੇ 1982 ਤੋਂ ਅਹਿਮਦਾਬਾਦ ਦਾ ਵੱਡਾ ਕੂੜੇ ਦਾ ਢੇਰ ਲੱਗਿਆ ਹੋਇਆ ਹੈ। ਇਹ 84 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਹੈ, ਇਹ ਕੂੜੇ ਦੇ ਕਈ ਵੱਡੇ-ਵੱਡੇ ਢੇਰਾਂ ਵਿਚ ਸਭ ਤੋਂ ਵੱਡਾ ਹੈ, ਇਨ੍ਹਾਂ ਵਿਚੋਂ ਕੁਝ ਢੇਰ ਤਾਂ 75 ਮੀਟਰ ਤੋਂ ਵੀ ਵੱਧ ਉੱਚੇ ਹਨ। ਪਿਰਾਨਾ ਵਿੱਚ 85 ਲੱਖ ਮੀਟ੍ਰਿਕ ਟਨ ਕੂੜਾ-ਕਰਕਟ ਹੋਣ ਦਾ ਅਨੁਮਾਨ ਹੈ – ਅਤੇ ਇਹ ਸ਼ਹਿਰ ਵਿੱਚ ਅਕਸਰ ਛਾਏ ਰਹਿੰਦੇ ਜ਼ਹਿਰੀਲੇ ਧੂੰਏਂ ਲਈ ਜਾਣਿਆ ਜਾਂਦਾ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਅਹਿਮਦਾਬਾਦ ਨਗਰ ਨਿਗਮ (ਏ.ਐਮ.ਸੀ.) ਨੂੰ ਕੂੜੇ ਨੂੰ ਸਾਫ਼ ਕਰਨ ਲਈ ਦਿੱਤੀ ਇੱਕ ਸਾਲ ਦੀ ਸਮਾਂ-ਸੀਮਾ ਨੂੰ ਵੀ ਸੱਤ ਮਹੀਨੇ ਹੋ ਗਏ ਹਨ। ਮਸਾਂ ਹੀ 150 ਦਿਨ ਬਾਕੀ ਹਨ, ਪਰ ਕੂੜੇ ਦੇ ਢੇਰ ਵਿੱਚ ਇੱਕ ਹੀ ਟਰੈਮਲ ਮਸ਼ੀਨ ਕੰਮ ਕਰ ਰਹੀ ਹੈ – ਜਦੋਂ ਕਿ ਇੱਥੇ 30 ਮਸ਼ੀਨਾਂ ਹੋਣੀਆਂ ਚਾਹੀਦੀਆਂ ਸਨ।
ਇਸ ਦੌਰਾਨ, ਮਿੰਨੀ-ਜਵਾਲਾਮੁਖੀ ਫਟਣ ਨਾਲ ਹਰ ਵਾਰ ਅੱਗ ਲੱਗ ਜਾਂਦੀ ਹੈ, ਜਿਸ ਨਾਲ ਵੱਡੇ ਧੂੰਏਂ ਦੇ ਬੱਦਲ ਛਾਏ ਰਹਿੰਦੇ ਹਨ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਕਾਲੋਨੀ ਮੀਡੀਆ ਵਿੱਚ ਆ ਜਾਂਦੀ ਹੈ, ਜਿੱਥੇ ‘ਮੁੜ ਵਸਾਏ’ ਗਏ ਲੋਕਾਂ ਦੀਆਂ ਹਾਲਤਾਂ ਬਾਰੇ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਵਿਚ ਉਹ ਏਨੇ ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਘਰਾਂ ਦੇ ਉਨ੍ਹਾਂ ਕੋਲ ਕੋਈ ਕਾਗਜ਼ਾਤ ਨਹੀਂ ਹਨ। ਇਸ ਨਗਰ ਦੇ ਨਾਗਰਿਕ 15 ਸਾਲਾਂ ਤੋਂ ਵੱਧ ਸਮੇਂ ਤੋਂ ਜ਼ਹਿਰੀਲੀ ਆਬੋ-ਹਵਾ ਵਿੱਚ ਸਾਹ ਲੈ ਰਹੇ ਹਨ।
ਇਸ ਭਾਈਚਾਰੇ ਲਈ ਦਾਨੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਦੁਆਰਾ ਚਲਾਏ ਜਾਂਦੇ ਰਾਹਤ ਸਿਟੀਜ਼ਨ ਕਲੀਨਿਕ ਨਾਲ ਜੁੜੇ ਹੋਏ ਡਾ. ਫਰਹੀਨ ਸਈਅਦ ਕਹਿੰਦੇ ਹਨ, “ਬਹੁਤ ਸਾਰੇ ਮਰੀਜ਼ ਹਨ ਜੋ ਸੁੱਕੀ ਖੰਘ ਅਤੇ ਜ਼ੁਕਾਮ ਦੀਆਂ ਸ਼ਿਕਾਇਤਾਂ ਨਾਲ ਆਉਂਦੇ ਹਨ। ਹਵਾ ਪ੍ਰਦੂਸ਼ਣ ਅਤੇ ਖ਼ਤਰਨਾਕ ਗੈਸਾਂ ਦੀ ਲਗਾਤਾਰ ਮੌਜੂਦਗੀ ਦੇ ਕਾਰਨ ਇਸ ਖੇਤਰ ਵਿੱਚ ਸਾਹ ਲੈਣ ਦੀਆਂ ਸਮੱਸਿਆਵਾਂ ਅਤੇ ਫੇਫੜਿਆਂ ਦੀ ਲਾਗ (ਇਨਫੈਕਸ਼ਨ) ਆਮ ਗੱਲ ਹੈ। ਕਾਲੋਨੀ ਵਿੱਚ ਤਪਦਿਕ ਦੇ ਮਰੀਜ਼ਾਂ ਦੀ ਵੀ ਵੱਡੀ ਗਿਣਤੀ ਹੈ।” ਜਦੋਂ ਤਾਲਾਬੰਦੀ ਸ਼ੁਰੂ ਹੋਈ ਤਾਂ ਕਲੀਨਿਕ ਨੂੰ ਬੰਦ ਕਰਨਾ ਪਿਆ।
ਰੇਸ਼ਮਾ ਆਪਾ ਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਕੋਵਿਡ-19 ਦੇ ਸਫ਼ਾਈ ਸੰਬੰਧੀ ਦਿਸ਼ਾ-ਨਿਰਦੇਸ਼ ਜੋ ਉਨ੍ਹਾਂ ਨੂੰ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੰਦੇ ਹਨ, ਸਿਟੀਜ਼ਨ ਨਗਰ ਵਿੱਚ ਲੋਕਾਂ ਦੀ ਬੇਵੱਸੀ ਦਾ ਮਜ਼ਾਕ ਉਡਾਉਂਦੇ ਹਨ, ਜਿੱਥੇ ਸਾਫ਼ ਪਾਣੀ ਹੀ ਮੌਜੂਦ ਨਹੀਂ ਹੈ।
ਕੋਰੋਨਾ ਵਾਇਰਸ ਇਸ ਕਲੋਨੀ ਵਿੱਚ ਜੋ ਖ਼ਤਰਾ ਲਿਆਇਆ ਹੈ, ਉਹ ਨਾ ਕੇਵਲ ਮੌਤ ਜਾਂ ਲਾਗ ਜਾਂ ਬਿਮਾਰੀ ਦਾ ਹੈ – ਜੋ ਇੱਥੇ ਪਹਿਲਾਂ ਹੀ ਮੌਜੂਦ ਹਨ – ਸਗੋਂ ਪੂਰੀ ਤਰ੍ਹਾਂ ਤਾਲਾਬੰਦੀ ਦੇ ਮੱਦੇਨਜ਼ਰ ਵਧੀ ਹੋਈ ਭੁੱਖਮਰੀ ਅਤੇ ਡਾਕਟਰੀ ਮਦਦ ਤੱਕ ਪਹੁੰਚ ਦੀ ਕਮੀ ਵੀ ਹੈ।
45 ਸਾਲਾ ਰੇਹਾਨਾ ਮਿਰਜ਼ਾ ਕਹਿੰਦੀ ਹਨ, “ਸਾਡੇ ਵਿੱਚੋਂ ਜ਼ਿਆਦਾਤਰ ਔਰਤਾਂ ਇੱਥੇ ਛੋਟੀਆਂ-ਛੋਟੀਆਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਹਨ – ਜਿਵੇਂ ਪਲਾਸਟਿਕ, ਸੂਤੀ ਕੱਪੜਾ, ਤੰਬਾਕੂ ਆਦਿ ਦੀਆਂ ਫੈਕਟਰੀਆਂ। ਤੇ ਫੈਕਟਰੀਆਂ ਵਿਚ ਪੱਕੇ ਤੌਰ ’ਤੇ ਕੰਮ ਨਹੀਂ ਮਿਲਦਾ। ਜੇ ਕੋਈ ਕੰਮ ਹੈ ਤਾਂ ਉਹ ਤੁਹਾਨੂੰ ਬੁਲਾ ਲੈਂਦੇ ਹਨ ਅਤੇ ਜੇ ਕੋਈ ਕੰਮ ਨਹੀਂ ਹੈ ਤਾਂ ਉਹ ਬੁਲਾਉਂਦੇ ਨਹੀਂ।” ਰੇਹਾਨਾ, ਜੋ ਕਿ ਇਕ ਵਿਧਵਾ ਹਨ, ਨੇੜੇ ਹੀ ਇਕ ਤੰਬਾਕੂ ਫੈਕਟਰੀ ਵਿਚ ਕੰਮ ਕਰਦੀ ਸਨ ਅਤੇ 8 ਤੋਂ 10 ਘੰਟੇ ਕੰਮ ਕਰਨ ਤੋਂ ਬਾਅਦ ਇਕ ਦਿਨ ਵਿਚ ਲਗਭਗ 200 ਰੁਪਏ ਕਮਾ ਲੈਂਦੀ ਸਨ। ਤਾਲਾਬੰਦੀ ਤੋਂ ਦੋ ਹਫ਼ਤੇ ਪਹਿਲਾਂ ਇਹ ਕੰਮ ਬੰਦ ਹੋ ਗਿਆ ਸੀ, ਅਤੇ ਹੁਣ ਜਦੋਂ ਤੱਕ ਇਸ ਤਾਲਾਬੰਦੀ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਕੋਈ ਵੀ ਕੰਮ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕੋਲ ਭੋਜਨ ਖਰੀਦਣ ਲਈ ਵੀ ਪੈਸੇ ਨਹੀਂ ਹਨ।
ਰੇਸ਼ਮਾ ਆਪਾ ਕਹਿੰਦੀ ਹਨ, “ਇੱਥੇ ਨਾ ਸਬਜ਼ੀਆਂ ਹਨ, ਨਾ ਦੁੱਧ ਹੈ, ਨਾ ਹੀ ਚਾਹ ਪੱਤੀ ਹੈ ਅਤੇ ਬਹੁਤ ਸਾਰੇ ਲੋਕ ਇੱਕ ਹਫ਼ਤੇ ਤੋਂ ਭੋਜਨ ਤੋਂ ਵਾਂਝੇ ਹਨ। ਉਹ (ਅਧਿਕਾਰੀ) ਸਬਜ਼ੀਆਂ ਦੀਆਂ ਲਾਰੀਆਂ ਨੂੰ ਵੀ ਬਾਹਰੋਂ ਆਉਣ ਨਹੀਂ ਦਿੰਦੇ। ਉਹ ਇਲਾਕੇ ਦੀਆਂ ਨੇੜਲੀਆਂ ਕਰਿਆਨੇ ਦੀਆਂ ਦੁਕਾਨਾਂ ਨੂੰ ਖੁੱਲ੍ਹਣ ਨਹੀਂ ਦਿੰਦੇ। ਇੱਥੇ ਬਹੁਤ ਸਾਰੇ ਛੋਟੇ ਵਿਕਰੇਤਾ, ਆਟੋ ਚਾਲਕ, ਤਰਖਾਣ, ਦਿਹਾੜੀਦਾਰ ਮਜ਼ਦੂਰ ਹਨ। ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ। ਕੋਈ ਪੈਸਾ ਨਹੀਂ ਆ ਰਿਹਾ। ਅਸੀਂ ਕੀ ਖਾਵਾਂਗੇ? ਅਸੀਂ ਕੀ ਕਰੀਏ?”
ਕਲੋਨੀ ਦੇ ਬਹੁਤ ਸਾਰੇ ਆਟੋਰਿਕਸ਼ਾ ਚਾਲਕਾਂ ਵਿਚੋਂ ਇਕ ਫਾਰੂਖ਼ ਸ਼ੇਖ ਕਹਿੰਦੇ ਹਨ, “ਮੈਨੂੰ ਆਟੋ 300 ਰੁਪਏ ਪ੍ਰਤੀ ਦਿਨ ਦੇ ਕਿਰਾਏ ’ਤੇ ਮਿਲਦਾ ਹੈ। ਪਰ ਮੇਰੀ ਕੋਈ ਪੱਕੀ ਆਮਦਨ ਨਹੀਂ ਹੈ। ਏਥੋਂ ਤੱਕ ਕਿ ਜਿਸ ਦਿਨ ਮੇਰਾ ਕੰਮ ਵਧੀਆ ਵੀ ਨਹੀਂ ਚੱਲਦਾ, ਮੈਨੂੰ ਕਿਰਾਇਆ ਦੇਣਾ ਪੈਂਦਾ ਹੈ। ਕਈ ਵਾਰ ਮੈਂ ਫੈਕਟਰੀਆਂ ਵਿਚ ਵੀ ਪੈਸਿਆਂ ਲਈ ਕੁਝ ਕੰਮ ਕਰ ਲੈਂਦਾ ਹਾਂ।” ਉਹ ਆਪਣੇ ਆਟੋ ਨਾਲ 15 ਘੰਟੇ ਕੰਮ ਕਰਨ ਤੋਂ ਬਾਅਦ ਔਸਤਨ 600-700 ਰੁਪਏ ਪ੍ਰਤੀ ਦਿਨ ਕਮਾ ਲੈਂਦੇ ਸਨ, ਪਰ ਉਨ੍ਹਾਂ ਨੂੰ ਇਸ ਵਿਚੋਂ ਸਿਰਫ਼ 50 ਫ਼ੀਸਦੀ ਜਾਂ ਇਸ ਤੋਂ ਘੱਟ ਹੀ ਮਿਲਦਾ ਸੀ।
ਛੇ ਲੋਕਾਂ ਦੇ ਪਰਿਵਾਰ ਵਿੱਚ ਇੱਕੋ-ਇੱਕ ਕਮਾਊ ਮੈਂਬਰ, ਫ਼ਾਰੂਖ਼ ਨੂੰ ਤਾਲਾਬੰਦੀ ਅਤੇ ਹੁਣ ਆਪਣੇ ਇਲਾਕੇ ਵਿੱਚ ਲੱਗੇ ਕਰਫ਼ਿਊ ਦੀ ਤੋਂ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਹ ਕਹਿੰਦੇ ਹਨ, “ਅਸੀਂ ਰੋਜ਼ ਕਮਾਉਣ ਅਤੇ ਖਾਣ ਵਾਲੇ ਲੋਕ ਹਾਂ। ਹੁਣ ਅਸੀਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ। ਬਾਹਰ ਜਾਂਦੇ ਹਾਂ ਤਾਂ ਪੁਲਿਸ ਸਾਨੂੰ ਕੁੱਟਦੀ ਹੈ। ਕੁਝ ਲੋਕਾਂ ਦੇ ਘਰ ਵਿੱਚ ਪਾਣੀ ਵੀ ਨਹੀਂ ਹੈ। ਕਿਹੜੇ ਸੈਨੀਟਾਈਜ਼ਰ? ਕਿਹੜੇ ਮਾਸਕ? ਅਸੀਂ ਗਰੀਬ ਲੋਕ ਹਾਂ। ਸਾਡੇ ਕੋਲ ਅਜਿਹੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹਨ। ਪ੍ਰਦੂਸ਼ਣ ਵੈਸੇ ਵੀ ਹਰ ਰੋਜ਼ ਹੁੰਦਾ ਹੈ। ਇੱਥੇ ਉਂਜ ਵੀ ਬਿਮਾਰੀਆਂ ਆਮ ਹੀ ਫੈਲੀਆਂ ਹੋਈਆਂ ਹਨ।”
ਅਜਿਹੀਆਂ ਭਿਆਨਕ ਰਹਿਣ-ਸਹਿਣ ਦੀਆਂ ਹਾਲਤਾਂ ਅਤੇ ਖ਼ਤਰਿਆਂ ਨਾਲ ਭਰੇ ਇਸ ਇਲਾਕੇ ਨੂੰ, ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਹੁਣ ਤੱਕ ਇੱਕ ਮੁੱਢਲਾ ਸਿਹਤ ਕੇਂਦਰ ਤੱਕ ਨਹੀਂ ਦਿੱਤਾ ਗਿਆ। ਫਿਰ ਕਿਤੇ ਸਾਲ 2017 ਵਿੱਚ ਇੱਥੇ ਰਾਹਤ ਸਿਟੀਜ਼ਨ ਕਲੀਨਿਕ ਖੋਲ੍ਹਿਆ ਗਿਆ, ਜਿਸ ਨੂੰ ਪੂਰੀ ਤਰ੍ਹਾਂ ਨਿੱਜੀ ਦਾਨ ਅਤੇ ਬਰਾਦਰੀ ਲਈ ਸਿਹਤ ਤੇ ਸਿੱਖਿਆ ਦੇ ਮੁੱਦਿਆਂ 'ਤੇ ਕੰਮ ਕਰਨ ਵਾਲੇ ਅਹਿਮਦਾਬਾਦ ਯੂਨੀਵਰਸਿਟੀ ਦੇ ਇੱਕ ਨੌਜਵਾਨ ਪ੍ਰੋਫੈਸਰ ਅਬਰਾਰ ਅਲੀ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਰਾਹੀਂ ਵਿੱਤੀ ਮਦਦ ਮੁਹੱਈਆ ਕਰਵਾਈ ਗਈ। ਪਰ ਕਲੀਨਿਕ ਨੂੰ ਚਲਾਉਣਾ ਸੌਖਾ ਨਹੀਂ ਰਿਹਾ। ਅਲੀ ਨੂੰ ਸਹੀ ਡਾਕਟਰਾਂ, ਇੱਛੁਕ ਦਾਨੀਆਂ ਅਤੇ ਉਦਾਰ ਜ਼ਿਮੀਂਦਾਰਾਂ ਨੂੰ ਲੱਭਣ ਲਈ ਸੰਘਰਸ਼ ਕਰਨਾ ਪਿਆ ਹੈ। ਸਿੱਟੇ ਵਜੋਂ, ਢਾਈ ਸਾਲਾਂ ਵਿੱਚ, ਕਲੀਨਿਕ ਦੇ ਤਿੰਨ ਟਿਕਾਣੇ ਅਤੇ ਚਾਰ ਡਾਕਟਰ ਬਦਲ ਗਏ ਹਨ। ਅਤੇ ਹੁਣ ਇਹ ਕਲੀਨਿਕ ਵੀ ਸ਼ਹਿਰ ਵਿਆਪੀ ਤਾਲਾਬੰਦੀ ਕਾਰਨ ਬੰਦ ਹੈ।
ਸਿਟੀਜ਼ਨ ਨਗਰ ਏ.ਐਮ.ਸੀ. ਦੀਆਂ ਸੀਮਾਵਾਂ ਦੇ ਅੰਦਰ ਸਥਿਤ ਹੈ ਪਰ ਫਿਰ ਵੀ ਇਸਨੂੰ ਨਗਰਪਾਲਿਕਾ ਦੀ ਪਾਣੀ ਦੀ ਸਪਲਾਈ ਨਹੀਂ ਮਿਲਦੀ। 2009 ਵਿਚ ਇਕ ਬੋਰਵੈੱਲ ਲੱਗਣ ਤੋਂ ਪਹਿਲਾਂ ਇੱਥੋਂ ਦੇ ਲੋਕ ਨਿੱਜੀ ਟੈਂਕਰਾਂ 'ਤੇ ਨਿਰਭਰ ਕਰਦੇ ਸਨ। ਪਰ ਬੋਰਵੈੱਲ ਦਾ ਪਾਣੀ ਕਦੇ ਵੀ ਪੀਣ ਯੋਗ ਨਹੀਂ ਰਿਹਾ। ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਤਾ ਲੱਗਾ ਕਿ ਇਸ ਪਾਣੀ ਵਿਚ ਲੂਣ, ਧਾਤਾਂ, ਕਲੋਰਾਈਡ, ਸਲਫੇਟ ਅਤੇ ਮੈਗਨੀਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ। ਇਸ ਸਮੇਂ, ਇੱਕ ਹੋਰ ਬੋਰਵੈੱਲ, ਜੋ ਲਗਭਗ ਛੇ ਮਹੀਨੇ ਪਹਿਲਾਂ ਖੋਦਿਆ ਗਿਆ ਸੀ, ਕਾਲੋਨੀ ਦੀ ਲੋੜ ਕੁਝ ਹੱਦ ਤੱਕ ਹੀ ਪੂਰਾ ਕਰਦਾ ਹੈ। ਪਰ ਇੱਥੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਪੇਟ ਦੀਆਂ ਲਾਗਾਂ ਦਾ ਕਹਿਰ ਜਾਰੀ ਹੈ। ਦੂਸ਼ਿਤ ਪਾਣੀ ਨਾਲ ਕੰਮ ਕਰਨ, ਅਤੇ ਪੀਣ ਦੇ ਨਤੀਜੇ ਵਜੋਂ ਔਰਤਾਂ ਅਤੇ ਬੱਚਿਆਂ ਵਿੱਚ ਚਮੜੀ ਦੀਆਂ ਅਨੇਕ ਬਿਮਾਰੀਆਂ ਅਤੇ ਉੱਲੀ ਦੀਆਂ ਲਾਗਾਂ ਫੈਲ ਰਹੀਆਂ ਹਨ।
ਸਿਟੀਜ਼ਨ ਨਗਰ ਦੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਹੀ ਆਪਣੇ-ਆਪ ਨੂੰ ਉਨ੍ਹਾਂ ਤੋਂ ਸਮਾਜਿਕ ਤੌਰ ’ਤੇ ਦੂਰ ਕਰ ਲਿਆ ਸੀ। ਕੋਵਿਡ-19 ਮਹਾਂਮਾਰੀ ਅਤੇ ਤਾਲਾਬੰਦੀ ਪਹਿਲਾਂ ਤੋਂ ਹੀ ਪੀੜਤ ਭਾਈਚਾਰਿਆਂ ਉੱਤੇ ਇਕ ਹੋਰ ਪਹਾੜ ਟੁੱਟਣ ਵਾਂਗ ਹੈ। ਇੱਥੇ ਰਹਿਣ ਵਾਲੇ ਇੱਕ ਪਲੰਬਰ ਮੁਸ਼ਤਾਕ ਅਲੀ (ਬਦਲਿਆ ਹੋਇਆ ਨਾਮ) ਕਹਿੰਦੇ ਹਨ, “ਸਰਕਾਰਾਂ ਸਿਰਫ ਸ਼ਬਦ ਪਰੋਸਦੀਆਂ ਹਨ ਅਤੇ ਵੋਟਾਂ ਚਾਹੁੰਦੀਆਂ ਹਨ। ਕਿਸੇ ਵੀ ਨੇਤਾ ਨੇ ਸਾਡੇ ਖੇਤਰਾਂ ਦਾ ਦੌਰਾ ਕਰਨ, ਇਹ ਦੇਖਣ ਲਈ ਕਿ ਅਸੀਂ ਹੁਣ ਤੱਕ ਕਿਵੇਂ ਰਹਿ ਰਹੇ ਹਾਂ, ਕੋਈ ਜ਼ਹਿਮਤ ਨਹੀਂ ਉਠਾਈ। ਅਜਿਹੀ ਸਰਕਾਰ ਦਾ ਕੀ ਫਾਇਦਾ ਹੈ? [ਇੱਥੇ] ਲੋਕ ਵੀ ਇਨ੍ਹਾਂ ਦੀਆਂ ਖੇਡਾਂ ਨੂੰ ਸਮਝਦੇ ਹਨ।”
ਮੁਸ਼ਤਾਕ ਦੇ ਇਕ ਕਮਰੇ ਵਾਲੇ ਘਰ ਵਿਚ ਅਤੇ ਇਸ ਭੀੜ-ਭੜੱਕੇ ਵਾਲੀ ਕਾਲੋਨੀ ਦੇ ਹੋਰ ਲੋਕਾਂ ਦੇ ਟੈਲੀਵਿਜ਼ਨ 'ਤੇ ਅਮਿਤਾਭ ਬੱਚਨ ਦੀ ਜਾਣੀ-ਪਛਾਣੀ ਆਵਾਜ਼ ਉਨ੍ਹਾਂ ਨੂੰ ਸਲਾਹ ਦਿੰਦੇ ਹੋਏ ਸੁਣਾਈ ਦਿੰਦੀ ਹੈ: “...ਬਿਨਾਂ ਕਾਰਨ ਆਪਣੀਆਂ ਅੱਖਾਂ, ਨੱਕ, ਮੂੰਹ ਨੂੰ ਨਾ ਛੂਹੋ... ਜੇ ਤੁਹਾਡੇ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਨਜ਼ਰ ਆਉਂਦਾ ਹੈ ਤਾਂ ਆਪਣੀ ਨੇੜਲੇ ਸਿਹਤ ਸੁਵਿਧਾ ਕੇਂਦਰ ਜਾਂ ਆਪਣੇ ਡਾਕਟਰ ਤੱਕ ਤੁਰੰਤ ਪਹੁੰਚ ਕਰੋ...”
ਤਰਜਮਾ : ਹਰਜੋਤ ਸਿੰਘ