ਜਿਓਂ ਹੀ ਸੂਰਜ ਪੂਰਬੀ ਘਾਟ ਦੀਆਂ ਟੇਢੀਆਂ-ਮੇਢੀਆਂ ਪਹਾੜੀਆਂ ਮਗਰ ਛਿਪਣ ਲੱਗਦਾ ਹੈ, ਨਾਲ਼ ਲੱਗਦੇ ਜੰਗਲ ਵਿੱਚ ਪਹਾੜੀ ਮੈਨਾ ਦੀਆਂ ਉੱਚੀਆਂ ਕੂਕਾਂ ਅਰਧ ਸੈਨਿਕ ਬਲਾਂ ਦੇ ਬੂਟਾਂ ਦੀਆਂ ਭਾਰੀ ਅਵਾਜ਼ਾਂ ਹੇਠ ਦੱਬ ਕੇ ਰਹਿ ਜਾਂਦੀਆਂ ਹਨ। ਉਹ ਇੱਕ ਵਾਰ ਫਿਰ ਪਿੰਡ ਦੀ ਗਸ਼ਤ ਲਾ ਰਹੇ ਹਨ। ਇਹੀ ਉਹ ਸ਼ਾਮ ਹੈ ਜਿਸ ਤੋਂ ਉਹ ਬੜਾ ਡਰਦੀ ਹੈ।
ਉਹ ਨਹੀਂ ਜਾਣਦੀ ਕਿ ਉਨ੍ਹਾਂ ਦਾ ਨਾਮ ਦੇਮਥੀ ਕਿਉਂ ਰੱਖਿਆ ਗਿਆ। ''ਉਹ ਸਾਡੇ ਪਿੰਡ ਦੀ ਇੱਕ ਨਿਡਰ ਔਰਤ ਸੀ, ਜਿਹਨੇ ਇਕੱਲਿਆਂ ਹੀ ਅੰਗਰੇਜ਼ੀ ਸੈਨਿਕਾਂ ਨੂੰ ਮਾਰ ਮਾਰ ਭਜਾਇਆ ਸੀ,'' ਮਾਂ ਉਤਸਾਹ ਨਾਲ਼ ਕਹਾਣੀ ਸੁਣਾਉਂਦੀ। ਪਰ ਉਹ ਦੇਮਾਥੀ ਜਿਹੀ ਨਿਡਰ ਨਹੀਂ- ਸਗੋਂ ਡਰਪੋਕ ਸਨ।
ਉਹਨੇ ਢਿੱਡ-ਪੀੜ੍ਹ, ਭੁੱਖ, ਬਿਨਾਂ ਪਾਣੀ, ਬਿਨਾ ਪੈਸੇ ਘਰ ਵਿੱਚ ਰਹਿਣਾ ਸਿੱਖ ਲਿਆ ਸੀ ਇੰਨਾ ਹੀ ਨਹੀਂ ਉਹਨੇ ਸ਼ੱਕੀ ਨਜ਼ਰਾਂ, ਧਮਕੀ ਦਿੰਦੀਆਂ ਅੱਖਾਂ, ਬੇਰੋਕ ਗ੍ਰਿਫ਼ਤਾਰੀਆਂ, ਤਸ਼ੱਦਦ, ਮਰਦੇ ਲੋਕਾਂ ਦਰਮਿਆਨ ਰਹਿਣਾ ਵੀ ਸਿੱਖ ਲਿਆ ਸੀ। ਪਰ ਇਸ ਸਭ ਦੇ ਨਾਲ਼, ਉਹਦੇ ਕੋਲ਼ ਜੰਗਲ, ਰੁੱਖ ਅਤੇ ਝਰਨਾ ਸੀ। ਉਹ ਆਪਣੀ ਮਾਂ ਨੂੰ ' ਸਾਲ ' ਦੇ ਫੁੱਲਾਂ ਵਿੱਚ ਸੁੰਘ ਸਕਦੀ ਸੀ, ਜੰਗਲਾਂ ਵਿੱਚ ਆਪਣੀ ਦਾਦੀ ਦੇ ਗਾਣਿਆਂ ਨੂੰ ਸੁਣ ਸਕਦੀ ਸੀ। ਜਦੋਂ ਤੱਕ ਇਹ ਸਾਰੀਆਂ ਚੀਜਾਂ ਉਹਦੇ ਕੋਲ਼਼ ਸਨ, ਉਹ ਜਾਣਦੀ ਸੀ ਕਿ ਆਪਣੀਆਂ ਪਰੇਸ਼ਾਨੀਆਂ ਝੱਲ ਲਵੇਗੀ।
ਪਰ, ਹੁਣ ਉਹ ਉਹਨੂੰ ਬਾਹਰ ਕੱਢਣਾ ਚਾਹੁੰਦੇ ਸਨ, ਉਹਦੀ ਝੌਂਪੜੀ ਉਹਦੇ ਪਿੰਡ ਵਿੱਚੋਂ, ਉਹਦੀ ਜ਼ਮੀਨ ਤੋਂ ਖਦੇੜਣਾ ਚਾਹੁੰਦੇ ਸਨ -ਜਦੋਂ ਤੱਕ ਕਿ ਉਹ ਕੋਈ ਅਜਿਹਾ ਕਾਗ਼ਜ਼ ਨਾ ਦਿਖਾ ਦੇਵੇ, ਜੋ ਇਹ ਸਾਬਤ ਕਰਦਾ ਹੋਵੇ ਕਿ ਉਹ ਇਹ ਸਭ ਜਾਣਦੀ ਹੈ। ਉਨ੍ਹਾਂ ਲਈ ਇਹ ਕਾਫੀ ਨਹੀਂ ਸੀ ਕਿ ਉਹਦੇ ਪਿਤਾ ਨੇ ਉਹਨੂੰ ਅੱਡ-ਅੱਡ ਰੁੱਖਾਂ ਅਤੇ ਝਾੜੀਆਂ, ਛਿੱਲਾਂ ਅਤੇ ਪੱਤਿਆਂ ਦੇ ਨਾਮ ਸਿਖਾਏ ਸਨ, ਜਿਨ੍ਹਾਂ ਵਿੱਚ ਇਲਾਜ ਕਰਨ ਦੀ ਤਾਕਤ ਸੀ। ਉਹ ਜਿੰਨੀ ਵਾਰ ਆਪਣੀ ਮਾਂ ਦੇ ਨਾਲ਼ ਫਲ, ਅਖ਼ਰੋਟ ਅਤੇ ਬਾਲਣ ਇਕੱਠਾ ਕਰਨ ਜਾਂਦੀ, ਉਹਦੀ ਮਾਂ ਉਹਨੂੰ ਉਹ ਰੁੱਖ ਦਿਖਾਉਂਦੀ, ਜਿਹਦੇ ਹੇਠਾਂ ਉਹ ਪੈਦਾ ਹੋਈ ਸੀ। ਉਹਦੀ ਦਾਦੀ ਨੇ ਉਹਨੂੰ ਜੰਗਲਾਂ ਬਾਰੇ ਗਾਣਾ ਸਿਖਾਇਆ ਸੀ। ਉਹ ਆਪਣੇ ਭਰਾ ਦੇ ਨਾਲ਼ ਪੰਛੀਆਂ ਨੂੰ ਦੇਖਦਿਆਂ ਹੋਇਆਂ, ਉਨ੍ਹਾਂ ਦੀਆਂ ਅਵਾਜਾਂ ਦੀ ਨਕਲ਼ ਕਰਦਿਆਂ ਇਨ੍ਹਾਂ ਥਾਵਾਂ 'ਤੇ ਦੌੜਾਂ ਲਾ ਚੁੱਕੀ ਸੀ।
ਪਰ ਅਜਿਹਾ ਗਿਆਨ, ਇਹ ਕਹਾਣੀਆਂ, ਗੀਤ ਅਤੇ ਬਚਪਨ ਦੀਆਂ ਖੇਡਾਂ, ਕਿਸੇ ਵੀ ਚੀਜ਼ ਦੇ ਪ੍ਰਮਾਣ ਹੋ ਸਕਦੇ ਹਨ? ਉਹ ਉੱਥੇ ਬਹਿ ਕੇ ਆਪਣੇ ਨਾਮ ਦਾ ਅਰਥ ਅਤੇ ਉਸ ਔਰਤ ਬਾਰੇ ਸੋਚਣ ਲੱਗੀ, ਜਿਹਦੇ ਨਾਮ 'ਤੇ ਉਹਦਾ ਨਾਮ ਰੱਖਿਆ ਗਿਆ ਸੀ। ਦੇਮਾਥੀ ਨੇ ਕਿਵੇਂ ਸਾਬਤ ਕੀਤਾ ਹੋਵੇਗਾ ਕਿ ਉਹਦਾ ਸਬੰਧ ਜੰਗਲ ਨਾਲ਼ ਹੈ?
ਵਿਸ਼ਵਰੂਪ ਦਰਸ਼ਨ *
ਉਹ ਉੱਥੇ ਬੈਠੀ ਹੈ, ਹੱਸਦੀ ਹੋਈ,
ਤਸਵੀਰ ਵਿੱਚ
ਆਪਣੇ ਕੱਚੇ ਕੋਠੇ ਹੇਠਾਂ
ਝੌਂਪੜੀ ਅੰਦਰ।
ਇਹ ਉਹਦਾ ਹਾਸਾ ਹੀ ਸੀ
ਜਿਹਨੇ ਰੰਗਿਆ
ਬੇਪਰਵਾਹੀ ਨਾਲ਼ ਵਲ੍ਹੇਟੀ
ਕੁਮ-ਕੁਮ ਰੰਗੀ ਸਾੜੀ ਨੂੰ
ਗੂੜ੍ਹੇ ਰੰਗ ਵਿੱਚ।
ਇਹ ਉਹਦਾ ਹਾਸਾ ਹੀ ਸੀ
ਜਿਹਨੇ ਬਣਾ ਦਿੱਤਾ
ਉਹਦੇ ਨੰਗੇ ਮੋਢਿਆਂ
ਦੀ ਬੁੱਢੀ ਚਮੜੀ
ਅਤੇ ਗਲ਼ੇ ਦੀ ਹੱਡੀ ਨੂੰ
ਚਾਂਦੀ ਵਾਂਗਰ ਲਿਸ਼ਕਣਾ।
ਇਹ ਉਹਦਾ ਹਾਸਾ ਹੀ ਸੀ
ਜਿਹਨੇ ਉਹਦੇ ਹੱਥਾਂ 'ਤੇ
ਝਰੀਟ ਦਿੱਤੀਆਂ
ਟੈਟੂ ਦੀਆਂ
ਹਰੀਆਂ ਲਕੀਰਾਂ।
ਇਹ ਉਹਦਾ ਹਾਸਾ ਹੀ ਤਾਂ ਸੀ
ਜਿਸ 'ਚ ਲਹਿਰਾਈਆਂ
ਉਹਦੇ ਕੱਕੇ ਅਣਵਾਹੇ
ਵਾਲ਼ਾਂ ਦੀਆਂ ਲਟਾਂ
ਸਮੁੰਦਰ ਦੀਆਂ ਲਹਿਰਾਂ ਵਾਂਗਰ।
ਇਹ ਉਹਦਾ ਹਾਸਾ ਸੀ
ਜਿਹਨੇ ਚਮਕਾ ਦਿੱਤੀਆਂ ਅੱਖਾਂ
ਉਨ੍ਹਾਂ ਯਾਦਾਂ ਨਾਲ਼
ਜੋ ਮੋਤੀਆਬਿੰਦ ਮਗਰ ਕਿਤੇ ਦਫ਼ਨ ਹਨ।
ਦੇਰ ਤੱਕ
ਮੈਂ ਉਹਨੂੰ ਘੂਰਦਾ ਰਿਹਾ
ਬੁੱਢੀ ਦੇਮਾਥੀ ਨੂੰ ਹੱਸਦਿਆਂ
ਕਮਜ਼ੋਰ ਲਮਕਦੇ ਦੰਦਾਂ ਨਾਲ਼।
ਮੂੰਹ ਖੁੱਲ੍ਹਦਿਆਂ ਹੀ
ਸਾਹਮਣੇ ਵਾਲ਼ੇ ਦੋ ਵੱਡੇ ਦੰਦਾਂ ਦਰਮਿਆਨ
ਇੱਕ ਵਿੱਥ ਰਾਹੀਂ
ਉਹਨੇ ਮੈਨੂੰ ਅੰਦਰ ਖਿੱਚ ਲਿਆ
ਆਪਣੇ ਭੁੱਖੇ ਢਿੱਡ
ਦੀ ਖਾਈ ਦੇ ਅੰਦਰ ਤੀਕਰ।
ਇੱਕ ਦਮਘੋਟੂ ਹਨ੍ਹੇਰਾ ਹੈ
ਦਿਸਹੱਦਿਆਂ ਤੀਕਰ
ਅਤੇ ਉਸ ਤੋਂ ਪਾਰ ਵੀ।
ਨਾ ਕੋਈ ਦੈਵੀ ਮੁਕਟ
ਨਾ ਕੋਈ ਰਾਜਚਿਨ੍ਹ
ਨਾ ਕੋਈ ਗਦਾ
ਨਾ ਕੋਈ ਚੱਕਰ
ਸਿਰਫ਼ ਇੱਕ ਡੰਡੇ ਨਾਲ਼
ਲੱਖਾਂ ਚਮਕਦੇ ਸੂਰਜਾਂ ਨਾਲ਼ ਰੌਸ਼ਨ
ਅੱਖਾਂ ਨੂੰ ਚੁੰਧਿਆਉਂਦਾ ਹੋਇਆ
ਦੇਮਾਥੀ ਦਾ ਢੱਗਾ ਖੜ੍ਹਾ ਹੈ
ਅਤੇ ਉਹਦੇ ਅੰਦਰੋਂ ਨਿਕਲ਼ਦੇ
ਅਤੇ ਉਹਦੇ ਅੰਦਰ ਹੀ ਗਾਇਬ ਹੋ ਰਹੇ
ਗਿਆਰ੍ਹਾਂ ਰੂਦਰ
ਬਾਰ੍ਹਾਂ ਆਦਿਤਯ
ਵਾਸੂ ਦੇ ਅੱਠ ਬੇਟੇ
ਦੋ ਅਸ਼ਵਨੀ ਕੁਮਾਰ
ਉਨਿੰਜਾ ਮਾਰੂਤ
ਗੰਧਰਵ ਗਣ
ਯਸ਼ ਗਣ
ਰਾਖਸ਼
ਅਤੇ ਸਾਰੇ ਸੰਪੰਨ ਰਿਸ਼ੀ।
ਉਹਦੀ ਜਾਈਆਂ
ਚਾਲ੍ਹੀ ਸਾਲਿਹਾ ਕੁੜੀਆਂ
ਅੱਸੀ ਲੱਖ ਚਾਰ ਸੌ ਹਜਾਰ ਚਾਰਣ ਕੰਨਿਆਵਾਂ
**
ਸਾਰੇ ਵਿਦਰੋਹੀ
ਸਾਰੇ ਇਨਕਲਾਬੀ
ਸਾਰੇ ਸੁਪਨਸਾਜ਼
ਸਾਰੀਆਂ ਕ੍ਰੋਧ ਅਤੇ ਵਿਦਰੋਹ ਦੀਆਂ ਅਵਾਜ਼ਾਂ
ਸਾਰੇ ਹਠੀਲੇ ਪਹਾੜ
ਅਰਾਵਲੀ
ਗਿਰਨਾਰ ਪਰਬਤ।
ਉਹਦੀ ਕੁੱਖੋਂ ਜਾਏ
ਉਹਦੇ ਵਿੱਚ ਜਾ ਰਲ਼ਦੇ
ਸਾਰੇ ਮਾਤਾ, ਪਿਤਾ
ਮੇਰਾ ਸੰਪੂਰਣ ਬ੍ਰਹਿਮੰਡ ਵੀ!
ਲੇਖਿਕਾ ਦੁਆਰਾ ਆਪਣੀ ਅਸਲ ਕਵਿਤਾ ਨੂੰ ਗੁਜਰਾਤੀ ਵਿੱਚ ਅਨੁਵਾਦ ਕੀਤਾ ਗਿਆ।
ਤੁਸੀਂ ਦੇਮਾਥੀ ਦੇਇ ਦੀ ਮੂਲ਼ ਸਟੋਰੀ ਇੱਥੇ ਪੜ੍ਹ ਸਕਦੇ ਹੋ।
ਆਡਿਓ : ਸੁਧਨਵਾ ਦੇਸ਼ਪਾਂਡੇ, ਜਨ ਨਾਟਯ ਮੰਚ ਨਾਲ਼ ਜੁੜੇ ਅਭਿਨੇਤਾ ਅਤੇ ਨਿਰਦੇਸ਼ਕ ਅਤੇ ਲੈਫਟਵਰਡ ਬੁਕਸ ਦੇ ਸੰਪਾਦਕ ਵੀ ਹਨ।
ਕਵਰ ਚਿਤਰਣ : ਲਾਬਨੀ ਜੰਗੀ ਮੂਲ਼ ਰੂਪ ਨਾਲ਼ ਪੱਛਮ ਬੰਗਾਲ ਦੇ ਨਾਦਿਆ ਜਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਦੀ ਰਹਿਣ ਵਾਲ਼ੀ ਹਨ ਅਤੇ ਮੌਜੂਦਾ ਸਮੇਂ ਕੋਲਕਾਤਾ ਵਿੱਚ ' ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸੇਜ ' ਤੋਂ ਬੰਗਾਲੀ ਮਜ਼ਦੂਰਾਂ ਦੇ ਪ੍ਰਵਾਸ ' ਤੇ ਪੀਐੱਚਡੀ ਦੇ ਥੀਸਸ ਲਿਖ ਰਹੀ ਹਨ। ਉਹ ਸਵੈ-ਸਿੱਖਿਅਤ ਪੇਂਟਰ ਹਨ ਅਤੇ ਉਨ੍ਹਾਂ ਨੂੰ ਘੁੰਮਣਾ-ਫਿਰਨਾ ਪਸੰਦ ਹੈ।
* ਵਿਸ਼ਵਰੂਪ ਦਰਸ਼ਨ ਗੀਤਾ ਦੇ 11ਵੇਂ ਅਧਿਆਇ ਵਿੱਚ ਅਰਜਨ ਦੇ ਲਈ ਕ੍ਰਿਸ਼ਨ ਦੇ ਅਸਲੀ, ਸਦੀਵੀ ਰੂਪ ਦਾ ਇਲਹਾਮ ਹੈ। ਇਹ ਅਧਿਆਇ ਇਸ ਰੂਪ ਦਾ ਇੱਕ ਲੱਖ ਅੱਖਾਂ, ਮੂੰਹ, ਕਈ ਹਥਿਆਰ ਫੜ੍ਹੀ ਹੱਥਾਂ ਦਾ
ਵਰਣਨ ਕਰਦਾ ਹੈ ਜਿਸ ਵਿੱਚ ਹਰ ਪ੍ਰਕਾਰ ਦੇ ਦੇਵੀ-ਦੇਵਤਾਵਾਂ, ਸਭ ਪ੍ਰਕਾਰ ਦੇ ਸਜੀਵ ਅਤੇ ਨਿਰਜੀਵ ਚੀਜਾਂ ਸਣੇ ਅਨੰਤ ਬ੍ਰਹਿਮੰਡ ਸ਼ਾਮਲ ਹੈ।
* * ਚਾਰਣ ਕੰਨਿਆ, ਜ਼ਵੇਰਚੰਦ ਮੇਘਾਨੀ ਦੀ ਸਭ ਤੋਂ ਮਕਬੂਲ ਗੁਜਰਾਤੀ ਕਵਿਤਾਵਾਂ ਵਿੱਚੋਂ ਇੱਕ ਦਾ ਸਿਰਲੇਖ ਹੈ। ਇਸ ਕਵਿਤਾ ਵਿੱਚ ਗੁਜਰਾਤ ਦੇ ਚਾਰਣ ਕਬੀਲੇ ਦੀ ਇੱਕ 14 ਸਾਲਾ ਲੜਕੀ ਦੀ ਵੀਰਤਾ ਦਾ ਵਰਣਨ ਹੈ, ਜੋ ਆਪਣੀ ਬਸਤੀ ' ਤੇ ਹਮਲਾ ਕਰਨ ਆਏ ਇੱਕ ਸ਼ੇਰ ਨੂੰ ਡੰਡੇ ਨਾਲ਼ ਮਾਰ ਕੇ ਭਜਾ ਦਿੰਦੀ ਹੈ।
ਤਰਜਮਾ: ਕਮਲਜੀਤ ਕੌਰ