ਹਰੀਆਂ-ਭਰੀਆਂ ਪਹਾੜੀਆਂ, ਛੋਟੇ ਝਰਨਿਆਂ ਦੇ ਮਗਰ ਇੱਕ ਢਲਾਣ ਹੈ ਜਿੱਥੇ ਸਾਫ਼ ਰੁਮਕਦੀ ਹਵਾ ਵਿੱਚ ਖਲ੍ਹੋਤਾ ਨੌਜਵਾਨ ਆਪਣੀਆਂ ਮੱਝਾਂ ਨੂੰ ਚਰਦਿਆਂ ਦੇਖ ਰਿਹਾ ਹੈ।
ਜਦੋਂ ਮੈਂ ਉਸ ਕੋਲ਼ ਗਈ ਤਾਂ ਉਹ ਅੱਗਿਓਂ ਪੁੱਛਦਾ ਹੈ,''ਕੀ ਤੁਸੀਂ ਕਿਸੇ ਤਰ੍ਹਾਂ ਦਾ ਸਰਵੇਖਣ ਕਰ ਰਹੀ ਓ?''
ਮੈਂ ਕਿਹਾ,''ਨਹੀਂ ਤਾਂ'' ਅਤੇ ਨਾਲ਼ ਹੀ ਕਹਿ ਦਿੱਤਾ ਮੈਂ ਤਾਂ ਕੁਪੋਸ਼ਣ ਨਾਲ਼ ਜੁੜੇ ਵਰਤਾਰਿਆਂ ਨੂੰ ਲੈ ਕੇ ਰਿਪੋਰਟਿੰਗ ਕਰ ਰਹੀ ਹਾਂ।
ਅਸੀਂ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਅੰਦਰ ਪੈਂਦੀ ਮੋਖੜਾ ਤਾਲੁਕਾ ਵਿੱਚ ਖੜ੍ਹੇ ਹਾਂ ਜਿੱਥੇ 5,221 ਬੱਚੇ ਅਜਿਹੇ ਹਨ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਘੱਟ ਹੈ। ਇਸ ਰਿਪੋਰਟ ਮੁਤਾਬਕ ਜੋ ਰਾਜ ਦਾ ਦੂਜਾ ਸਭ ਤੋਂ ਉੱਚੀ ਦਰ ਵਾਲ਼ਾ ਇਲਾਕਾ ਹੈ।
ਅਸੀਂ ਰਾਜਧਾਨੀ ਮੁੰਬਈ ਤੋਂ ਮਹਿਜ 157 ਕਿਲੋਮੀਟਰ ਦੂਰੀ 'ਤੇ ਹਾਂ ਪਰ ਇੱਥੋਂ ਦੇ ਹਰੇ-ਭਰੇ ਨਜ਼ਾਰਿਆਂ ਦੀ ਆਪਣੀ ਹੀ ਇੱਕ ਅਲੱਗ ਦੁਨੀਆ ਹੈ।
ਰੋਹੀਦਾਸ ਕਾ ਠਾਕੁਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਮਹਾਰਾਸ਼ਟਰ ਅੰਦਰ ਜੋ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਪਾਲਘਰ ਜ਼ਿਲ੍ਹੇ ਅੰਦਰ 38 ਫ਼ੀਸਦ ਅਬਾਦੀ ਕਬਾਇਲੀ ਹੈ। ਇਹ ਨੌਜਵਾਨ ਆਜੜੀ ਮੈਨੂੰ ਆਪਣੀ ਉਮਰ ਨਹੀਂ ਦੱਸ ਸਕਿਆ ਪਰ ਉਹਦੇ ਚਿਹਰੇ ਦੀ ਨੁਹਾਰ ਦੇਖ ਕੇ ਉਹ 20-22 ਸਾਲ ਦਾ ਲੱਗਦਾ ਹੈ। ਉਹਨੇ ਆਪਣੇ ਮੋਢੇ 'ਤੇ ਪਿਛਾਂਹ ਨੂੰ ਕਰਕੇ ਇਹ ਛੱਤਰੀ ਲਮਕਾਈ ਹੈ ਤੇ ਇੱਕ ਪਰਨਾ ਧੌਣ ਦੁਆਲ਼ੇ ਲਪੇਟਿਆ ਹੋਇਆ ਹੈ। ਆਪਣੇ ਹੱਥ ਵਿੱਚ ਲੱਕੜ ਦੀ ਇੱਕ ਖੂੰਡੀ ਫੜ੍ਹੀ ਹੋਈ ਹੈ। ਉਹ ਘਾਹ ਚਰਦੇ ਆਪਣੇ ਡੰਗਰਾਂ ਨੂੰ ਬੜੇ ਗਹੁ ਨਾਲ਼ ਦੇਖ ਰਿਹਾ ਹੈ। ''ਸਿਰਫ਼ ਬਰਸਾਤ ਦੇ ਦਿਨੀਂ ਹੀ ਡੰਗਰਾਂ ਨੂੰ ਰੱਜਵਾਂ ਘਾਹ ਮਿਲ਼ਦਾ ਹੈ। ਗਰਮੀਆਂ ਵਿੱਚ ਉਨ੍ਹਾਂ ਨੂੰ ਮਾਰੇ-ਮਾਰੇ (ਘਾਹ ਦੀ ਭਾਲ਼ ਵਿੱਚ) ਫਿਰਦੇ ਰਹਿਣਾ ਪੈਂਦਾ ਹੈ,'' ਉਹ ਕਹਿੰਦਾ ਹੈ।
''ਓਹ ਦੇਖੋ ਮੇਰਾ ਘਰ ਰਿਹਾ,'' ਪਹਾੜੀ ਦੇ ਪਾਰ ਇੱਕ ਬਸਤੀ ਵੱਲ ਇਸ਼ਾਰਾ ਕਰਦਿਆਂ ਰੋਹੀਦਾਸ ਕਹਿੰਦੇ ਹਨ,''ਦਾਮਤੇਪਾੜਾ ਵਿੱਚ।'' ਮੈਂ ਓਧਰ ਨਿਗਾਹ ਮਾਰੀ ਤੇ ਮੈਨੂੰ ਰੁੱਖ 'ਤੇ ਕਿਸੇ ਆਲ੍ਹਣੇ ਵਾਂਗਰ 20-25 ਘਰਾਂ ਦਾ ਝੁੰਡ ਦਿਖਾਈ ਦਿੱਤਾ। ਆਪਣੇ ਘਰਾਂ ਤੀਕਰ ਜਾਣ ਵਾਸਤੇ ਵਾਸੀਆਂ ਨੇ ਝਰਨੇ 'ਤੇ ਛੋਟਾ ਜਿਹਾ ਪੁੱਲ ਬਣਾਇਆ ਹੋਇਆ ਹੈ, ਝਰਨਾ ਜੋ ਵਾਘ ਨਦੀ ਵਿੱਚੋਂ ਦੀ ਨਿਕਲ਼ਦਾ ਹੈ। ''ਅਸੀਂ ਇਹੀ ਪਾਣੀ ਪੀਂਦੇ ਹਾਂ ਤੇ ਘਰ ਵਿੱਚ ਵੀ ਇਹੀ ਪਾਣੀ ਵਰਤਦੇ ਹਾਂ ਤੇ ਜਾਨਵਰ ਵੀ ਇਹੀ ਪਾਣੀ ਹੀ ਪੀਂਦੇ ਹਨ,'' ਉਹ ਕਹਿੰਦੇ ਹਨ।
ਗਰਮੀਆਂ ਦੇ ਮਹੀਨਿਆਂ ਵਿੱਚ ਵਾਘ ਨਦੀ ਸੁੱਕਣ ਲੱਗਦੀ ਹੈ ਤੇ ਉਹ ਕਹਿੰਦੇ ਹਨ ਸਾਡੇ ਲੋਕਾਂ ਦਾ ਪੀਣ ਵਾਲ਼ੇ ਪਾਣੀ ਲਈ ਸੰਘਰਸ਼ ਵੀ ਸ਼ੁਰੂ ਹੋ ਜਾਂਦਾ ਹੈ।
''ਇਸ ਮਹੀਨੇ (ਜੁਲਾਈ) ਪੁੱਲ ਪਾਣੀ ਹੇਠ ਡੁੱਬਿਆ ਰਿਹਾ ਸੀ। ਨਾ ਕੋਈ ਸਾਡੇ ਇੱਧਰ ਆ ਸਕਿਆ ਤੇ ਨਾ ਹੀ ਅਸੀਂ ਕਿਸੇ ਹੋਰ ਪਾਸੇ ਜਾ ਸਕੇ,'' ਉਹ ਚੇਤੇ ਕਰਦੇ ਹਨ।
ਰੋਹੀਦਾਸ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਦਾਮਤੇਪਾੜਾ ਬਸਤੀ ਦੇ ਬਾਸ਼ਿੰਦਿਆਂ ਦਾ ਜੀਵਨ ਕਸ਼ਟਾਂ ਭਰਿਆ ਹੈ। ''ਇੱਥੇ ਨਾ ਕੋਈ ਸੜਕ ਹੈ, ਨਾ ਹੀ ਕੋਈ ਗੱਡੀ/ਬੱਸ਼ (ਸਰਕਾਰੀ) ਚੱਲਦੀ ਹੈ ਤੇ ਜੋ ਸਾਂਝੀਆਂ ਸਵਾਰੀ ਜੀਪਾਂ ਨੇ ਉਹ ਵੀ ਟਾਂਵੀਂਆਂ ਹੀ ਚੱਲਦੀਆਂ ਹਨ। ਉਹ ਇਹ ਗੱਲ ਇਸ ਲਈ ਵੀ ਸਪੱਸ਼ਟ ਕਰਦੇ ਹਨ ਕਿਉਂਕਿ ਇੱਥੋਂ ਮੋਖੜਾ ਸਰਕਾਰੀ ਹਸਪਤਾਲ ਕੋਈ ਅੱਠ ਕਿਲੋਮੀਟਰ ਦੂਰ ਹੈ।
ਅਜਿਹੇ ਮੌਕਿਆਂ ਵੇਲ਼ੇ, ਗਰਭਵਤੀ ਔਰਤਾਂ ਤੇ ਹੋਰਨਾਂ ਰੋਗੀਆਂ ਨੂੰ ਹਸਪਤਾਲ ਲਿਜਾਣ ਵਾਸਤੇ ਸਥਾਨਕ ਲੋਕ ਬਾਂਸ ਨਾਲ਼ ਬੱਝੀ ਚਾਦਰ ਭਾਵ ਡੋਲੀ ਦਾ ਇਸਤੇਮਾਲ ਕਰਦੇ ਹਨ। ਇਸ ਅੰਦਰ ਮਰੀਜ ਨੂੰ ਪਾਇਆ ਜਾਂਦਾ ਹੈ। ਇਸ ਇਲਾਕੇ ਵਿੱਚ ਫ਼ੋਨ ਦਾ ਨੈੱਟਵਰਕ ਬਹੁਤ ਹੀ ਖ਼ਰਾਬ ਹੈ ਜੋ ਹਰ ਸਮੱਸਿਆ ਵਿੱਚ ਹੋ ਇਜਾਫ਼ਾ ਕਰਦਾ ਹੈ, ਜਿਹਦੇ ਕਾਰਨ ਕਰਕੇ ਐਂਬੂਲੈਂਸ ਨੂੰ ਫ਼ੋਨ ਕਰਕੇ ਬੁਲਾਉਣਾ ਅਸੰਭਵ ਹੋ ਜਾਂਦਾ ਹੈ।
ਰੋਹੀਦਾਸ ਕਦੇ ਸਕੂਲ ਨਹੀਂ ਗਏ ਤੇ ਨਾ ਹੀ ਉਨ੍ਹਾਂ ਦੇ ਵੱਡੇ ਤਿੰਨ ਭਰਾਵਾਂ ਵਿੱਚੋਂ ਹੀ ਕਦੇ ਕੋਈ ਸਕੂਲ ਗਿਆ। ਇਸ ਰਿਪੋਰਟ ਮੁਤਾਬਕ ਕਾ ਠਾਕੁਰ ਭਾਈਚਾਰੇ ਦੇ ਪੁਰਸ਼ਾਂ ਅੰਦਰ ਸਾਖ਼ਰਤਾ ਦਰ 71.9 ਫ਼ੀਸਦ ਹੈ, ਪਰ ਰੋਹੀਦਾਸ ਦਾ ਕਹਿਣਾ ਹੈ,''ਹਾਂ ਪਰ ਪਾੜਾ ਵਿਖੇ ਕੁਝ ਅਜਿਹੇ ਮੁੰਡੇ ਵੀ ਹੈਗੇ ਨੇ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੈ, ਪਰ ਉਹ ਸਾਰੇ ਵੀ ਮੇਰੇ ਵਾਲ਼ਾ ਕੰਮ ਹੀ ਕਰਦੇ ਹਨ। ਫਿਰ ਕੀ ਫ਼ਰਕ ਹੈ?''
ਰੋਹੀਦਾਸ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੀ ਪਤਨੀ ਬੋਜੀ, ਉਨ੍ਹਾਂ ਦੇ ਮਾਪੇ, ਤਿੰਨ ਭਰਾ ਤੇ ਉਨ੍ਹਾਂ ਦੀਆਂ ਪਤਨੀਆਂ ਤੇ ਬੱਚੇ ਰਲ਼ ਕੇ ਘਰ ਦੇ ਛੇ ਕਿਲੋਮੀਟਰ ਦੂਰ ਪੈਂਦੇ 2 ਏਕੜ ਦੀ ਜੰਗਲ ਭੂਮੀ 'ਤੇ ਝੋਨਾ (ਖ਼ਰੀਫ਼ ਦੀ ਫ਼ਸਲ) ਉਗਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ,''ਇਹ ਜ਼ਮੀਨ ਸਾਡੇ ਨਾਂਅ 'ਤੇ ਨਹੀਂ ਹੈ।''
ਅਕਤੂਬਰ ਤੇ ਨਵੰਬਰ ਦੀ ਵਾਢੀ ਤੋਂ ਬਾਅਦ ਪਰਿਵਾਰ 100 ਕਿਲੋਮੀਟਰ ਦੂਰ ਠਾਣੇ ਜ਼ਿਲ੍ਹੇ ਦੀ ਭਿਵੰਡੀ ਤਾਲੁਕਾ ਦੇ ਇੱਟ-ਭੱਠੇ 'ਤੇ ਕੰਮ ਕਰਨ ਲਈ ਚਲਾ ਜਾਂਦਾ ਹੈ। ਉਹ ਦੱਸਦੇ ਹਨ,''ਅਸੀਂ ਇੱਟ-ਭੱਠੇ 'ਤੇ ਕੰਮ ਕਰਕੇ ਜੋ ਵੀ ਕਮਾਉਂਦੇ ਹਾਂ ਉਹਨੂੰ ਖੇਤੀ ਦੀਆਂ ਲਾਗਤਾਂ 'ਤੇ ਖ਼ਰਚ ਦਿੰਦੇ ਹਾਂ।'' ਉਨ੍ਹਾਂ ਦੇ ਪਰਿਵਾਰ ਵਾਂਗਰ ਹੀ ਪਾਲਘਰ ਦੇ ਹੋਰ ਆਦਿਵਾਸੀ ਪਰਿਵਾਰ ਹਰ ਸਾਲ ਖ਼ਰੀਫ਼ ਦੇ ਸੀਜ਼ਨ ਦੌਰਾਨ ਬਿਜਾਈ, ਵਾਢੀ ਕਰਦੇ ਹਨ ਤੇ ਫਿਰ ਕੰਮ ਦੀ ਭਾਲ਼ ਵਿੱਚ ਪ੍ਰਵਾਸ ਕਰ ਜਾਂਦੇ ਹਨ।
ਦ੍ਰੋਪਦੀ ਮੁਰਮੂ ਨੇ 21 ਜੁਲਾਈ 2022 ਨੂੰ ਭਾਰਤ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣ ਕੇ ਨਵਾਂ ਇਤਿਹਾਸ ਲਿਖ ਦਿੱਤਾ। ਮੁਰਮੂ, ਓੜੀਸਾ ਦੇ ਸੰਥਾਲੀ ਆਦਿਵਾਸੀ ਭਾਈਚਾਰੇ ਤੋਂ ਹਨ ਅਤੇ ਇੰਨੇ ਉੱਚੇ ਅਹੁਦੇ 'ਤੇ ਪਹੁੰਚਣ ਵਾਲ਼ੀ ਦੂਸਰੀ ਔਰਤ ਹਨ।
''ਕੀ ਤੁਸੀਂ ਜਾਣਦੇ ਹੋ ਸਾਡੀ ਰਾਸ਼ਟਰਪਤੀ ਆਦਿਵਾਸੀ ਹਨ?'' ਮੈਂ ਰੋਹੀਦਾਸ ਤੋਂ ਪੁੱਛਦੀ ਹਾਂ ਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਕਰਦੀ ਹਾਂ।
''ਕੌਣ ਜਾਣੇ? ਇਹਦੇ ਨਾਲ਼ ਕੋਈ ਫ਼ਰਕ ਪੈਣਾ ਵੀ ਹੈ ਜਾਂ ਨਹੀਂ?'' ਰੋਹੀਦਾਸ ਅੱਗਿਓਂ ਕਹਿੰਦੇ ਹਨ,''ਮਲਾ ਗੁਰੰਚ ਰਾਖਾਯਚੀਤ (ਮੈਂ ਤਾਂ ਡੰਗਰ ਪਾਲਣ ਦਾ ਆਪਣਾ ਕੰਮ ਜਾਰੀ ਰੱਖਣਾ ਹੀ ਹੈ)।''
ਤਰਜਮਾ: ਕਮਲਜੀਤ ਕੌਰ