ਸਿਆਲਾਂ ਦੀ ਸੀਤ ਹਵਾ ਚੱਲ ਰਹੀ ਹੈ। ਸੜਕ ਦੀ ਧੂੜ ਮੀਂਹ ਨਾਲ਼ ਰਲ਼ ਕੇ ਚਿੱਕੜ ਵਿੱਚ ਤਬਦੀਲ ਹੋ ਗਈ ਹੈ। ਸਿੰਘੂ ਧਰਨਾ-ਸਥਲ ਦੇ ਭੀੜੇ ਰਸਤੇ ਵਿੱਚ ਕਿਤੇ-ਕਿਤੇ ਪਾਣੀ ਜਮ੍ਹਾ ਹੋ ਗਿਆ ਹੈ। ਲੋਕਾਂ ਦੇ ਸਾਹਮਣੇ ਪਾਣੀ ਵਿੱਚ ਤੁਰਨ ਫਿਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ- ਇਸਲਈ ਉਨ੍ਹਾਂ ਦੀਆਂ ਜੁੱਤੀਆਂ ਚਿੱਕੜ ਨਾਲ਼ ਲਿਬੜੀਆਂ ਹੋਈਆਂ ਹਨ।
ਹਰਿਆਣਾ-ਦਿੱਲੀ ਸੀਮਾ 'ਤੇ ਸਿੰਘੂ ਧਰਨਾ-ਸਥਲ ਵਿਖੇ ਵੱਖੋ-ਵੱਖ ਕਿਸਾਨ ਜੱਥੇਬੰਦੀਆਂ ਦੇ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਮੰਚ ਨੂੰ ਪਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਮਿਲੀ ਹੈ। ਕਿਉਂਕਿ ਉੱਥੋਂ ਕਰੀਬ 100 ਮੀਟਰ ਦੀ ਦੂਰੀ 'ਤੇ ਜਸਵਿੰਦਰ ਸਿੰਘ ਸੈਣੀ ਅਤੇ ਪ੍ਰਕਾਸ਼ ਕੌਰ ਉਨ੍ਹਾਂ ਦੀਆਂ ਜੁੱਤੀਆਂ ਸਾਫ਼ ਕਰਨ ਅਤੇ ਪਾਲਸ਼ ਕਰਨ ਦੀ ਸੇਵਾ ਵਿੱਚ ਹਾਜ਼ਰ ਹਨ।
"1986 ਵਿੱਚ ਜਿਸ ਦਿਨ ਪਰਮਾਤਮਾ ਨੇ ਸਾਨੂੰ ਇੱਕ ਬਾਲ ਦੀ ਬਖਸ਼ਿਸ਼ ਕੀਤੀ, ਉਸੇ ਦਿਨ ਮੈਂ ਆਪਣਾ ਜੀਵਨ ਮਨੁੱਖੀ ਕਾਰਜਾਂ ਲਈ ਸਮਰਪਤ ਕਰਨਾ ਦਾ ਫੈਸਲਾ ਕੀਤਾ," ਦਸਤਕਾਰੀ ਵਸਤਾਂ ਦਾ ਨਿਰਯਾਤ ਕਰਨ ਵਾਲੇ 62 ਸਾਲਾ ਜਸਵਿੰਦਰ ਸਿੰਘ ਕਹਿੰਦੇ ਹਨ।
ਸੋ ਪਿਛਲੇ ਕਰੀਬ 35 ਸਾਲਾਂ ਤੋਂ, ਇਹ ਪਤੀ-ਪਤਨੀ ਗੁਰਦੁਆਰਿਆਂ ਵਿੱਚ, ਮੱਥਾ ਟੇਕਣ ਆਈਆਂ ਸੰਗਤਾਂ ਦੇ ਜੋੜੇ (ਜੁੱਤੀਆਂ) ਸਾਫ਼ ਕਰਨ ਦੀ ਸੇਵਾ ਲਈ ਜਾਂਦੇ ਰਹੇ ਹਨ। ਉਨ੍ਹਾਂ ਦਾ ਚਾਰ ਮੈਂਬਰੀ ਪਰਿਵਾਰ, ਜੋ ਹੁਣ ਦਿੱਲੀ ਵਿੱਚ ਰਹਿੰਦਾ ਹੈ, ਹਰਿਆਣਾ ਦੇ ਅੰਬਾਲਾ ਜਿਲ੍ਹੇ ਦੇ ਨਰਾਇਣਗੜ੍ਹ ਵਿੱਚ 20 ਏਕੜ ਜ਼ਮੀਨ ਦਾ ਮਾਲਕ ਹੈ।
ਬਤੌਰ ਸੇਵਾਦਾਰ ( ਗੁਰਦੁਆਰਿਆਂ ਜਾਂ ਭਾਈਚਾਰਕ ਸਮਾਗਮਾਂ ਵਿੱਚ ਸਵੈ-ਇਛੱਤ ਸੇਵਾ ਕਰਨ ਵਾਲੇ) ਆਪਣੀ ਦਹਾਕਿਆਂ ਦੀ ਸੇਵਾ ਬਾਰੇ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ,"ਮੇਰੀ ਪਤਨੀ, ਮੇਰੀ ਜੀਵਨ-ਸਾਥਣ, ਨੇ ਇੰਨੀ ਸੇਵਾ ਕੀਤੀ ਹੈ ਕਿ ਕੋਈ ਕਲਪਨਾ ਵੀ ਨਹੀਂ ਕਰ ਸਕਦਾ।" ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਪ੍ਰਕਾਸ਼ ਕੌਰ, ਜਿਨ੍ਹਾਂ ਦੀ ਉਮਰ 50 ਸਾਲ ਹੈ, ਸਾਲਾਂ ਤੋਂ ਜੋੜੇ ਪਾਲਸ਼ ਕਰਨ ਦੀ ਸੇਵਾ ਕਰਦੀ ਰਹੀ ਹੈ।
ਮੁਫ਼ਤ ਸੇਵਾ ਦੇ ਰੂਪਾਂ ਵਿੱਚ ਮਾਨਵਤਾ ਦੀ ਸੇਵਾ ਕਰਨ ਵਾਲੇ ਉਨ੍ਹਾਂ ਦੇ ਮਦਦਗਾਰ ਹੱਥ, ਉਨ੍ਹਾਂ ਅਣਗਿਣਤ ਸੇਵਾਵਾਂ ਵਿੱਚੋਂ ਇੱਕ ਹਨ- ਜੋ ਦਿੱਲੀ ਦੀਆਂ ਸਰਹੱਦਾਂ 'ਤੇ ਬਤੌਰ ਸੇਵਾ ਪੇਸ਼ ਹੋ ਰਹੇ ਹਨ। ਇਹ ਸੇਵਾਵਾਂ ਹੁਣ ਆਪਣੀ ਇਕਜੁਟਤਾ ਦੇ ਪ੍ਰਗਟਾਵੇ ਦਾ ਚਿੰਨ੍ਹ ਵੀ ਹਨ, ਜੋ ਕਿ ਖੁਦ ਕਿਸਾਨਾਂ ਅਤੇ ਹੋਰਨਾਂ ਸੇਵਾਦਾਰਾਂ, ਜਿਵੇਂ ਕਿ ਸੈਣੀ ਪਤੀ-ਪਤਨੀ ਵੱਲੋਂ ਨਿਭਾਈਆਂ ਜਾਂਦੀਆਂ ਹਨ।
ਦਿੱਲੀ ਦੇ ਚੁਫੇਰੇ ਸਿੰਘੂ ਅਤੇ ਹੋਰਨਾਂ ਧਰਨਾ-ਸਥਲਾਂ ਵਿਖੇ, ਲੱਖਾਂ-ਲੱਖ ਕਿਸਾਨਾਂ ਜਿਨ੍ਹਾਂ ਕਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਕਨੂੰਨਾਂ ਨੂੰ ਕੇਂਦਰ ਸਰਕਾਰ ਨੇ ਪਹਿਲੀ ਦਫਾ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ। ਤਿੰਨੋਂ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਰਾਜਧਾਨੀ ਸ਼ਹਿਰ ਦੀਆਂ ਬਰੂਹਾਂ 'ਤੇ ਨਰਾਜ਼ ਕਿਸਾਨਾਂ ਨੂੰ ਇਨ੍ਹਾਂ ਕਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰਦਿਆਂ ਦੋ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ। ਅਤੇ ਇਨ੍ਹਾਂ ਮਹੀਨਿਆਂ ਅੰਦਰ ਉਨ੍ਹਾਂ ਵੱਲੋਂ ਬੀਤੇ ਕਈ ਸਾਲਾਂ ਨਾਲੋਂ ਵੱਧ ਯੱਖ ਕਰ ਸੁੱਟਣ ਵਾਲੀ ਠੰਡ ਦਾ ਸਾਹਮਣਾ ਕਰਨ ਅਤੇ ਆਪਣਾ ਸਵੈ-ਨਿਯੰਤਰਣ ਬਣਾਈ ਰੱਖਣ ਦੇ ਨਾਲ਼-ਨਾਲ਼ ਸੂਬਾ ਸਰਕਾਰ ਵੱਲੋਂ ਮਿਲ਼ਦੀ ਸਹਾਇਤਾ ਤੋਂ ਇਨਕਾਰ ਕਰਦਿਆਂ, ਆਪਣੇ-ਆਪ ਨੂੰ ਖੁਆਉਣ-ਪਿਆਉਣ ਦੀ ਉਨ੍ਹਾਂ ਦੀ (ਕਿਸਾਨਾਂ ਦੀ) ਹੈਰਾਨੀਜਨਕ ਸਮਰੱਥਾ ਸਾਹਮਣੇ ਆਈ ਹੈ। ਅਜਿਹੇ ਸਮੇਂ, ਇੱਥੇ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਨਮੋਲ ਹਨ।
"ਹਰ ਕੋਈ ਲੋਕਾਂ ਲਈ ਆਪਣੀ ਕੋਈ ਨਾ ਕੋਈ ਸੇਵਾਵਾਂ - ਲੰਗਰ ਲਾਉਣ, ਮੈਡੀਕਲ ਸਹਾਇਤਾ, ਤੰਬੂ ਲਾਉਣ, ਬਰਸਾਤੀ ਬੰਨ੍ਹਣ ਅਤੇ ਹੋਰ ਵੀ ਸੇਵਾਵਾਂ ਨਿਭਾ ਰਿਹਾ ਹੈ। ਅਸੀਂ ਤਿੰਨ ਦਹਾਕਿਆਂ ਤੋਂ ਆਪਣੇ ਹੀ ਤਰੀਕੇ ਨਾਲ਼ ਉਨ੍ਹਾਂ ਦੀ ਸੇਵਾ ਕਰਦੇ ਆਏ ਹਾਂ ਅਤੇ ਇਹ ਗੱਲ ਉਹ ਚੰਗੀ ਤਰ੍ਹਾਂ ਜਾਣਦੇ ਹਨ," ਜਸਵਿੰਦਰ ਕਹਿੰਦੇ ਹਨ।
"ਮੈਂ ਕਿਸਾਨਾਂ ਦੀ ਧੀ ਹਾਂ। ਮੈਂ ਉਨ੍ਹਾਂ ਨੂੰ ਤਕਲੀਫ਼ ਵਿੱਚ ਨਹੀਂ ਦੇਖ ਸਕਦੀ," ਪ੍ਰਕਾਸ਼ ਕਹਿੰਦੀ ਹਨ, ਜਿਨ੍ਹਾਂ ਦੇ ਮਾਪੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਹਨ। "ਮੈਂ ਉਨ੍ਹਾਂ ਦੀਆਂ ਜੁੱਤੀਆਂ ਪਾਲਸ਼ ਕਰਦੀ ਹਾਂ।"
"ਮੈਂ ਅਕਸਰ ਇੱਕ ਘੰਟਾ ਵੀ ਸਿੱਧਿਆਂ ਨਹੀਂ ਬਹਿ ਸਕਦਾ," ਜਸਵਿੰਦਰ ਕਹਿੰਦੇ ਹਨ, ਜੋ ਪਿੱਠ ਦੀ ਪੁਰਾਣੀ ਪੀੜ੍ਹ ਤੋਂ ਪੀੜਤ ਹਨ। "ਪਰ ਜਦੋਂ ਤੋਂ ਅਸੀਂ ਇੱਥੇ ਆਏ ਹਾਂ, ਮੈਂ ਛੇ ਘੰਟਿਆਂ ਤੱਕ ਨਿਰੰਤਰ ਜੋੜੇ ਸਾਫ਼ ਕਰਦਾ ਰਿਹਾ ਹਾਂ ਅਤੇ ਇੰਝ ਕਰਦਿਆਂ ਮੈਨੂੰ ਕੋਈ ਪੀੜ੍ਹ ਮਹਿਸੂਸ ਨਹੀਂ ਹੁੰਦੀ।"
ਜਸਵਿੰਦਰ ਨੇੜਿਓਂ ਲੰਘਣ ਵਾਲੇ ਲੋਕਾਂ ਅੱਗੇ ਉਨ੍ਹਾਂ ਦੀਆਂ ਜੁੱਤੀਆਂ ਸਾਫ਼ ਕਰਨ ਦੀ ਮੰਗ ਕਰਦੇ ਰਹਿੰਦੇ ਹਨ, ਉਨ੍ਹਾਂ ਵਿੱਚੋਂ ਕੁਝ ਕੁ ਲੋਕ ਸ਼ੁਰੂ ਵਿੱਚ ਝਿਜਕਦੇ ਅਤੇ ਸੰਗਦੇ ਹਨ- "ਸੰਗਤੋ ਆਓ, ਆਪਣੇ ਜੋੜੇ ਇੱਥੇ ਫੜ੍ਹਾਓ। ਦੇਖਿਓ ਉਹ ਲਿਸ਼ਕਾਂ ਮਾਰਨਗੇ। ਸੰਗਤੋ ਆਓ ਆਪਣੇ ਜੋੜੇ ਮੈਨੂੰ ਦਿਓ!"
ਉਹ ਭੰਬਲਭੂਸੇ ਵਿੱਚ ਪਏ ਬਜੁਰਗ ਕਿਸਾਨਾਂ ਨੂੰ ਕਹਿੰਦੇ ਹਨ: " ਬਾਬਾਜੀ, ਲਿਆਓ ਜੀ ਲਿਆਓ, ਕੋਈ ਗੱਲ ਨਹੀਂ ਜੀ । " ਬਜ਼ੁਗਰ ਕਿਸਾਨ ਆਪਣੇ ਲਿਸ਼ਕਾਂ ਮਾਰਦੇ ਬੂਟਾਂ ਨਾਲ਼ ਵਾਪਸ ਮੁੜਦਾ ਹੈ।
"ਤੁਸੀਂ ਵੀ ਮਨੁੱਖ ਹੋ, ਮੈਂ ਵੀ ਮਨੁੱਖ ਹਾਂ। ਭਲਾ ਅਸੀਂ ਗੰਦੇ ਬੂਟ ਕਿਉਂ ਪਾਈਏ?" ਜਸਵਿੰਦਰ ਨੇੜਿਓਂ ਲੰਘਣ ਵਾਲਿਆਂ ਨੂੰ ਪੁੱਛਦੇ ਹਨ। ਜਦੋਂ, ਉਹ ਮੰਨ ਜਾਂਦੇ ਹਨ ਤਾਂ ਉਹ ਆਪਣੇ ਬੂਟ ਲਾਹੁੰਦੇ, ਜਸਵਿੰਦਰ ਅਤੇ ਪ੍ਰਕਾਸ਼ ਨੂੰ ਫੜ੍ਹਾਉਂਦਿਆਂ ਮੁਸਕਰਾਹਟਾਂ ਦਾ ਅਦਾਨ-ਪ੍ਰਦਾਨ ਕਰਦੇ ਹਨ।
ਕੁਝ ਕਿਸਾਨ ਆਪਣੀ ਸੇਵਾ ਦੀ ਪੇਸ਼ਕਸ਼ ਕਰਦਿਆਂ ਉਨ੍ਹਾਂ ਨਾਲ਼ ਆ ਰਲਦੇ ਹਨ। ਪੰਜਾਬ ਤੋਂ ਆਏ ਦੋ ਨੌਜਵਾਨ ਅਤੇ ਬਜੁਰਗ ਸਿੰਘੂ ਵਿਖੇ ਆਪਣੀ ਇਕਜੁਟਤਾ ਦੇ ਪ੍ਰਗਟਾਵੇ ਦੇ ਪ੍ਰਤੀਕ ਵਜੋਂ ਬੂਟ ਸਾਫ਼ ਕਰਦੇ ਹਨ।
ਜਸਵਿੰਦਰ, ਜੋ ਖੁਦ ਨੂੰ ਇੱਕ ਕਾਰੋਬਾਰੀ ਅਤੇ ਕਿਸਾਨ ਦੇ ਰੂਪ ਵਿੱਚ ਦੇਖਦੇ ਹਨ, ਕਹਿੰਦੇ ਹਨ,"ਨੋਟਬੰਦੀ, ਜੀਐੱਸਟੀ ਅਤੇ ਵੱਡੇ ਵਪਾਰਾਂ ਨੂੰ ਕੀਤੀ ਸਪੁਰਦਗੀ ਨਾਲ਼, ਇਸ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹਨੂੰ ਸਿਰਫ਼ ਤੇ ਸਿਰਫ਼ ਧਨਾਢ ਕਾਰਪੋਰੇਟਾਂ ਦੀ ਹੀ ਪਰਵਾਹ ਹੈ।"
"ਪਹਿਲਾਂ, ਵਿਜੈ ਮਾਲੀਆ, ਨੀਰਵ ਮੋਦੀ ਅਤੇ ਹੋਰ ਕਈ ਲੋਕਾਂ (ਭ੍ਰਿਸ਼ਟ) ਵੱਲੋਂ ਦੇਸ਼ ਛੱਡ ਕੇ ਭੱਜਣਾ ਅਤੇ ਹੁਣ ਅੰਬਾਨੀਆਂ ਅਤੇ ਅਡਾਨੀਆਂ ਹੱਥੋਂ ਸਾਡੀ ਰੋਜ਼ੀਰੋਟੀ ਖੋਹਣ ਖਾਤਰ ਇਹ ਨਵੇਂ ਕਨੂੰਨ ਘੜ੍ਹੇ ਗਏ ਹਨ," ਉਹ ਅੱਗੇ ਕਹਿੰਦੇ ਹਨ। "ਸਰਕਾਰ ਨੂੰ ਮਨੁੱਖਤਾ ਦੀ ਪਰਵਾਹ ਨਹੀਂ। ਪਰ ਅਸੀਂ ਕਿਸਾਨਾਂ ਹਾਂ, ਸਾਨੂੰ ਪਰਵਾਹ ਹੈ।"
"ਸਾਡੇ ਮਰਨ ਤੋਂ ਬਾਅਦ, ਕੀ ਸਾਡਾ ਪੈਸਾ ਸਾਡੇ ਨਾਲ਼ ਜਾਵੇਗਾ? ਨਹੀਂ। ਸਿਰਫ਼ ਸਾਡਾ ਕੀਤਾ ਹੀ ਸਾਡੇ ਨਾਲ਼ ਜਾਂਦਾ ਹੈ। ਲਿਹਾਜਾ ਸੇਵਾ ਕਰੋ , " ਪ੍ਰਕਾਸ਼ ਕਹਿੰਦੀ ਹਨ।
"ਅਤੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿਖਾਇਆ ਹੈ ਕਿ ਜੇਕਰ ਕਿਸੇ 'ਤੇ ਜੁਲਮ ਢਾਹਿਆ ਜਾ ਰਿਹਾ ਹੈ ਤਾਂ ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ। ਜੇਕਰ ਸਾਡੇ ਨਾਲ਼ ਗ਼ਲਤ ਹੁੰਦਾ ਹੈ ਤਾਂ ਸਾਨੂੰ ਇਹਦੇ ਖਿਲਾਫ ਲੜਨਾ ਚਾਹੀਦਾ ਹੈ। ਕਿਸਾਨੀ ਦਾ ਇਹ ਪ੍ਰਦਰਸ਼ਨ ਜੁਲਮ ਵਿਰੁੱਧ ਲੜਾਈ ਹੀ ਤਾਂ ਹੈ।"
ਜਦੋਂ ਬੂਟ ਸਾਫ਼ ਕੀਤੇ ਜਾ ਰਹੇ ਹੁੰਦੇ ਹਨ ਅਤੇ ਜਿਨ੍ਹਾਂ ਦੇ ਬੂਟ ਜਮ੍ਹਾਂ ਹੁੰਦੇ ਹਨ ਉਹ ਆਪਣੇ ਨੰਗੇ ਪੈਰਾਂ ਨੂੰ ਚਿੱਕੜ ਨਾਲ਼ ਲਿਬੜਨ ਤੋਂ ਬਚਾਉਣ ਲਈ ਉਹ ਗੱਤਿਆਂ 'ਤੇ ਖੜ੍ਹੇ ਹੋ ਜਾਂਦੇ ਹਨ। ਪਾਲਸ਼ ਕੀਤੇ ਬੂਟਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰਦਿਆਂ, ਜਸਵਿੰਦਰ ਅਤੇ ਪ੍ਰਕਾਸ਼ ਆਦਰ ਵਿੱਚ ਆਪਣੇ ਸਿਰ ਝੁਕਾਉਂਦੇ ਹਨ।
ਤਰਜਮਾ - ਕਮਲਜੀਤ ਕੌਰ