"ਇਸ ਵਰ੍ਹੇ, ਇਨ੍ਹਾਂ ਕਿਸਾਨ-ਵਿਰੋਧੀ ਬਿੱਲਾਂ ਦੇ ਪੰਨਿਆਂ ਨੂੰ ਭਾਂਬੜ ਵਿੱਚ ਸਾੜ ਕੇ ਸੁਆਹ ਕਰਨਾ ਹੀ ਸਾਡੇ ਲਈ ਲੋਹੜੀ ਦਾ ਤਿਓਹਾਰ ਰਿਹਾ," ਸੁਖਦੇਵ ਸਿੰਘ ਕਹਿੰਦਾ ਹੈ, ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਆਏ ਹਨ। ਸਿੰਘ ਆਪਣੀ ਅੱਧ 60 ਸਾਲ ਦੀ ਉਮਰ ਤੋਂ ਬਹੁਤੀ ਉਮਰ ਕਿਾਸਨੀ ਹੀ ਕੀਤੀ ਹੈ। ਮੌਜੂਦਾ ਸਮੇਂ, ਦਿੱਲੀ-ਹਰਿਆਣਾ ਵਿਖੇ ਸਿੰਘੂ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਹਨ।
"ਇਸ ਲੋਹੜੀ, ਬੇਸ਼ੱਕ, ਵੱਖਰੀ ਰਹੀ," ਉਹ ਕਹਿੰਦੇ ਹਨ। "ਆਮ ਕਰਕੇ, ਇਹ ਤਿਓਹਾਰ ਅਸੀਂ ਘਰਾਂ ਵਿੱਚ ਆਪਣੇ ਰਿਸ਼ਤੇਦਾਰਾਂ, ਦੋਸਤਾਂ ਦੇ ਨਾਲ਼ ਮਨਾਉਂਦੇ ਹਨ, ਇੰਨਾ ਹੀ ਨਹੀਂ ਇਹ ਤਿਓਹਾਰ ਖ਼ੁਸ਼ੀ-ਖੇੜੇ ਦਾ ਸਮਾਂ ਹੁੰਦਾ ਹੈ। ਇਸ ਵਾਰ, ਅਸੀਂ ਆਪਣੇ ਖੇਤਾਂ ਅਤੇ ਘਰਾਂ ਤੋਂ ਦੂਰ ਹਾਂ। ਪਰ ਬਾਵਜੂਦ ਇਹਦੇ ਅਸੀਂ ਇਕੱਠੇ ਹਾਂ। ਜਦੋਂ ਤੱਕ ਇਹ ਕਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਆਪਣੇ ਘਰਾਂ ਨੂੰ ਮੁੜਾਂਗੇ ਨਹੀਂ, ਭਾਵੇਂ ਸਾਨੂੰ ਮੌਜੂਦਾ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੱਕ ਇੱਥੇ ਹੀ ਕਿਉਂ ਨਾ ਰੁਕਣਾ ਪਵੇ।"
ਲੋਹੜੀ ਦਾ ਪ੍ਰਸਿੱਧ ਤਿਓਹਾਰ ਮੁੱਢਲੇ ਤੌਰ 'ਤੇ ਪੰਜਾਬ ਅਤੇ ਉੱਤਰ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਇਹ ਤਿਓਹਾਰ ਮਾਘੀ (ਚੰਦਰ ਪੰਚਾਂਗ ਦੇ ਸਰਦੀਆਂ ਲੰਘਦੇ ਮਹੀਨੇ ਦਾ ਆਖ਼ਰੀ ਦਿਨ) ਤੋਂ ਇੱਕ ਰਾਤ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਹਨੂੰ ਬਸੰਤ ਅਤੇ ਲੰਬੇ ਦਿਨਾਂ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਲੋਕ ਭਾਂਬੜ ਬਾਲ਼ਦੇ ਹਨ ਅਤੇ ਗੁੜ, ਮੂੰਗਫਲੀ, ਤਿੱਲ ਅਤੇ ਖਾਣਯੋਗ ਹੋਰ ਪਰੰਪਰਾਗਤ ਵਸਤਾਂ ਨੂੰ ਸੂਰਜ ਅੱਗੇ ਪੇਸ਼ ਕੀਤਾ ਜਾਂਦਾ ਹੈ, ਜਿਸ ਦੌਰਾਨ ਖ਼ੁਸ਼ੀ, ਖ਼ੁਸ਼ਹਾਲੀ ਅਤੇ ਚੰਗੀ ਫ਼ਸਲ ਦੀ ਅਰਦਾਸ ਕੀਤੀ ਜਾਂਦੀ ਹੈ।
ਇਸ ਸਾਲ ਸਿੰਘੂ ਬਾਰਡਰ ਵਿਖੇ, 13 ਜਨਵਰੀ ਨੂੰ ਧਰਨੇ ਦੇ ਰੂਟਾਂ ਦੀਆਂ ਵੱਖੋ-ਵੱਖ ਥਾਵਾਂ 'ਤੇ ਧੂਣੀ ਬਾਲ਼ ਕੇ ਲੋਹੜੀ ਦਾ ਜਸ਼ਨ ਮਨਾਇਆ ਗਿਆ, ਇਸ ਧੂਣੀ ਵਿੱਚ ਤਿੰਨੋਂ ਬਿੱਲਾਂ ਦੇ ਪੰਨਿਆਂ ਨੂੰ ਸਾੜਿਆ ਗਿਆ। ਕਿਸਾਨਾਂ ਨੇ ਇਕਜੁਟਤਾ ਦੇ ਨਾਅਰੇ ਲਾਏ ਅਤੇ ਟਰੈਕਟਰਾਂ ਦੇ ਨਾਲ਼ ਕਰਕੇ ਬਾਲ਼ੀ ਇਸ ਪਵਿੱਤਰ ਅੱਗ ਵਿੱਚ ਜਿਓਂ ਹੀ ਬਿੱਲ ਸੜ ਕੇ ਸੁਆਹ ਹੋਏ ਕਿਸਾਨਾਂ ਨੇ ਗੀਤ ਗਾਏ ਅਤੇ ਨੱਚ ਕੀਤਾ।
ਜਿਨ੍ਹਾਂ ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।ਤਰਜਮਾ: ਕਮਲਜੀਤ ਕੌਰ