ਮਨਜੀਤ ਕੌਰ ਨੂੰ ਡੰਗਰਾਂ ਦੇ ਵਾੜੇ ਦੇ ਇੱਟਾਂ ਦੇ ਫ਼ਰਸ਼ ਤੋਂ ਗੋਹਾ ਚੁੱਕਣ ਲਈ ਆਪਣੇ ਦੋਵਾਂ ਹੱਥਾਂ ਦੀ ਬੁੱਕ ਜਿਹੀ ਬਣਾਉਣੀ ਪੈਂਦੀ ਹੈ। ਪੈਰਾਂ ਭਾਰ ਬੈਠੀ, 48 ਸਾਲਾ ਮਨਜੀਤ ਹੱਥਾਂ ਦੇ ਸਹਾਰੇ ਗੋਹੇ ਨੂੰ ਖੁਰਚਦੀ ਹੋਈ ਇੱਕ ਬੱਠਲ ਭਰ ਲੈਂਦੀ ਹਨ, ਫਿਰ ਬੱਠਲ ਨੂੰ ਸਿਰ ‘ਤੇ ਚੁੱਕੀ ਰੂੜੀ ਤੱਕ ਜਾਂਦੀ ਹਨ। ਬੜੀ ਸਾਵਧਾਨੀ ਨਾਲ਼ ਸੰਤੁਲਨ ਬਣਾਈ ਤੇ ਬੱਠਲ ਨੂੰ ਸਿਰ ‘ਤੇ ਟਿਕਾਈ ਉਹ ਲੱਕੜ ਦਾ ਫਾਟਕ ਲੰਘ ਕੇ ਬਾਹਰ 50 ਮੀਟਰ ਦੂਰ ਰੂੜੀ ਤੱਕ ਜਾਂਦੀ ਹਨ। ਰੂੜੀ ਦਾ ਢੇਰ ਉਨ੍ਹਾਂ ਦੀ ਹਿੱਕ ਜਿੰਨਾ ਉੱਚਾ ਹੋ ਚੁੱਕਿਆ ਹੈ ਜੋ ਉਨ੍ਹਾਂ ਦੀ ਮਹੀਨਿਆਂ-ਬੱਧੀ ਮਿਹਨਤ ਦਾ ਸਬੂਤ ਹੈ।
ਅਪ੍ਰੈਲ ਦੀ ਲੂੰਹਦੀ ਦੁਪਹਿਰ ਦਾ ਵੇਲ਼ਾ ਹੈ। ਅਗਲੇ ਅੱਧੇ ਘੰਟੇ ਵਿੱਚ ਮਨਜੀਤ ਗੋਹਾ ਚੁੱਕੀ ਅਜਿਹੀਆਂ ਅੱਠ ਗੇੜੀਆਂ ਲਾਉਣ ਵਾਲ਼ੀ ਹਨ। ਕੰਮ ਮੁੱਕਣ ‘ਤੇ ਉਹ ਆਪਣੇ ਹੱਥਾਂ ਨਾਲ਼ ਮਲ਼-ਮਲ਼ ਕੇ ਬੱਠਲ ਸਾਫ਼ ਕਰਦੀ ਹਨ। ਦਿਹਾੜੀ ਮੁੱਕਣ ਤੋਂ ਪਹਿਲਾਂ ਉਹ ਆਪਣੇ ਛੋਟੂ ਪੋਤੇ ਲਈ ਸਟੀਲ ਦੇ ਡੋਲੂ ਵਿੱਚ ਮੱਝ ਦਾ ਅੱਧਾ ਲੀਟਰ ਦੁੱਧ ਪਵਾਉਂਦੀ ਹਨ।
ਸਵੇਰ ਦੇ 7 ਵਜੇ ਤੋਂ ਹੁਣ ਤੱਕ ਉਹ ਛੇ ਘਰਾਂ ਦਾ ਗੋਹਾ ਚੁੱਕ ਚੁੱਕੀ ਹਨ ਤੇ ਇਹ ਸਾਰੇ ਦੇ ਸਾਰੇ ਘਰ ਜੱਟ ਸਿੱਖਾਂ ਦੇ ਹਨ ਅਤੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਹਵੇਲੀਆਂ ਦੇ ਸਾਰੇ ਜਿਮੀਂਦਾਰ ਜੱਟ ਹੀ ਹਨ। “ਮਜ਼ਬੂਰੀ ਹੈ,” ਬੜੇ ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ। ਇਹ ਮਨਜੀਤ ਦੀ ਮਜ਼ਬੂਰੀ ਹੀ ਤਾਂ ਹੈ ਜੋ ਉਹ ਡੰਗਰਾਂ ਦੇ ਗੋਹੇ ਵਿੱਚੋਂ ਰੋਟੀ ਲੱਭਦੀ ਹੈ। ਉਨ੍ਹਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਉਹ ਦਿਹਾੜੀ ਦੇ ਕਿੰਨੇ ਬੱਠਲ ਸਿਰ ‘ਤੇ ਚੁੱਕਦੀ ਹਨ ਪਰ ਇੰਨਾ ਜ਼ਰੂਰ ਕਹਿੰਦੀ ਹਨ,“ਸਿਰ ਬੜਾ ਦੁੱਖਦਾ ਹੈ, ਭਾਰ ਚੁੱਕ ਚੁੱਕ ਕੇ। ”
ਦਿਹਾੜੀ ਮੁੱਕਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਮੁੜਦੀ ਹੈ ਤਾਂ ਸੁਨਿਹਰੇ ਖੇਤ ਦੁਮੇਲ ਤੱਕ ਖਿਲਰੇ ਦਿਖਾਈ ਪੈਂਦੇ ਹਨ। ਵਾਢੀ ਛੇਤੀ ਹੀ ਹੋਵੇਗੀ, ਵਿਸਾਖੀ ਦੇ ਤਿਓਹਾਰ ਤੋਂ ਐਨ ਬਾਅਦ, ਜੋ ਕਿ ਪੰਜਾਬ ਵਿੱਚ ਵਾਢੀ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਹਵੇਲੀਆਂ ਦੇ ਜੱਟਾਂ ਦੀ ਬਹੁਤੇਰੀਆਂ ਜ਼ਮੀਨਾਂ ਗੰਡੀਵਿੰਡ ਬਲਾਕ ਵਿਖੇ ਪੈਂਦੀਆਂ ਹਨ ਜਿੱਥੇ ਉਹ ਚੌਲ਼ ਤੇ ਕਣਕ ਬੀਜਦੇ ਹਨ।















