ਦਿਲੀਪ ਕੋਲੀ ਵਾਸਤੇ ਬੀਤੇ ਕੁਝ ਸਾਲ ਬਿਪਤਾ ਮਾਰੇ ਰਹੇ, ਜਿਸ ਵਿੱਚ ਚੱਕਰਵਾਤ, ਮੱਛੀਆਂ ਦੀ ਗਿਣਤੀ ਵਿੱਚ ਆਈ ਗਿਰਾਵਟ, ਘੱਟ ਹੁੰਦੀ ਵਿਕਰੀ ਸ਼ਾਮਲ ਹੈ। ਪਰ, ਮਾਰਚ 2020 ਦੀ ਤਾਲਾਬੰਦੀ ਇਨ੍ਹਾਂ ਸਾਰੀਆਂ ਬਿਪਤਾਵਾਂ ਵਿੱਚੋਂ ਸਭ ਤੋਂ ਮੁਸ਼ਕਲ ਦੌਰ ਸਾਬਤ ਹੋਈ।
''ਅਸੀਂ ਅਤੀਤ ਵਿੱਚ ਜੋ ਵੀ ਪਰੇਸ਼ਾਨੀਆਂ ਝੱਲੀਆਂ, ਉਹ ਪਿਛਲੇ ਸਾਲ ਦੀ ਤੁਲਨਾ ਵਿੱਚ ਅੱਧੀਆਂ ਸਨ,'' 50 ਸਾਲਾ ਮਛੇਰੇ ਦਿਲੀਪ ਕਹਿੰਦੇ ਹਨ ਜੋ ਦੱਖਣੀ ਮੁੰਬਈ ਦੇ ਕੋਲਾਬਾ ਇਲਾਕੇ ਸਥਿਤ ਕੋਲੀਵਾੜਾ ਤੋਂ ਹਨ। ''ਲੋਕ ਮੱਛੀ ਫੜ੍ਹਨ ਲਈ ਤਿਆਰ ਸਨ, ਮੱਛੀ ਖਾਣ ਵਾਲ਼ੇ ਲੋਕ ਵੀ ਸਨ, ਪਰ ਮੱਛੀ ਦੀ ਵਿਕਰੀ ਨਹੀਂ ਹੋ ਰਹੀ ਸਨ (ਤਾਲਾਬੰਦੀ ਕਾਰਨ ਕਰਕੇ, ਸਤੰਬਰ 2020 ਤੱਕ)। ਬਜ਼ਾਰ ਬੰਦ ਸਨ ਤੇ ਸਾਨੂੰ ਆਪਣੀਆਂ ਫੜ੍ਹੀਆਂ ਹੋਈਆਂ ਮੱਛੀਆਂ ਵਾਪਸ ਸਮੁੰਦਰ ਵਿੱਚ ਸੁੱਟਣੀਆਂ ਪਈਆਂ।
ਦਿਲੀਪ, ਦੱਖਣੀ ਮੁੰਬਈ ਦੇ ਸੂਸਨ ਡੌਕ 'ਤੇ ਕਰੀਬ 35 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਤਿੰਨ ਬੇੜੀਆਂ ਦੇ ਮਾਲਕ ਹਨ ਤੇ 8-10 ਮਛੇਰਿਆਂ ਨੂੰ ਕੰਮ 'ਤੇ ਰੱਖਿਆ ਹੈ। ਉਹ ਕਹਿੰਦੇ ਹਨ,''ਤਾਲਾਬੰਦੀ ਦੌਰਾਨ ਅਸੀਂ ਕਿਸੇ ਤਰ੍ਹਾਂ ਆਪਣੇ ਰਾਸ਼ਨ ਦਾ ਜੁਗਾੜ ਕਰ ਲਿਆ ਸੀ, ਪਰ ਹੋਰ ਗ਼ਰੀਬ ਕੋਲੀ ਮਛੇਰਿਆਂ ਦੇ ਕੋਲ਼ ਖਾਣਾ ਜਾਂ ਪੈਸੇ ਤੱਕ ਨਹੀਂ ਸਨ।''
ਮਛੇਰੇ ਆਪਣੇ ਕੰਮ ਦੀ ਸ਼ੁਰੂਆਤ ਸਵੇਰੇ 4 ਵਜੇ ਕਰਦੇ ਹਨ, ਜਦੋਂ ਮਾਨਸੂਨ ਹੁੰਦਾ ਹੈ ਤਾਂ ਉਹ ਸਮੁੰਦਰ ਦੇ ਅੰਦਰ ਬਹੁਤੀ ਦੂਰ ਨਹੀਂ ਜਾਂਦੇ ਤੇ ਤਟ ਦੇ ਨੇੜੇ-ਤੇੜੇ ਹੀ 40-40 ਮਿੰਟਾਂ (ਇੱਕ ਚੱਕਰ ਲਾਉਣ ਵਿੱਚ 40 ਮਿੰਟ ਲੱਗਦੇ ਹਨ) ਦੇ ਕਈ ਚੱਕਰ ਲਾਉਂਦੇ ਹਨ। ਜਦੋਂ ਲਹਿਰਾਂ ਦਾ ਵਹਿਣ ਕੁਝ ਘਟਣ ਲੱਗਦਾ ਹੈ ਤਾਂ ਉਹ ਕਰੀਬ ਇੱਕ ਘੰਟੇ ਤੱਕ ਅਰਾਮ ਕਰਦੇ ਹਨ ਤੇ ਫਿਰ ਸਮੁੰਦਰ ਵਿੱਚ ਵਾਪਸ ਮੁੜ ਜਾਂਦੇ ਹਨ। ਦਿਲੀਪ ਕਹਿੰਦੇ ਹਨ,''ਅਸੀਂ ਸਵੇਰੇ ਜਲਦੀ ਕੰਮ ਸ਼ੁਰੂ ਕਰਦੇ ਹਾਂ ਤੇ ਦੁਪਹਿਰ 2 ਜਾਂ 3 ਵਜੇ ਤੱਕ ਖ਼ਤਮ ਕਰ ਦਿੰਦੇ ਹਾਂ। ਅਸੀਂ ਚੰਨ ਨੂੰ ਦੇਖ ਕੇ ਜਵਾਰ ਦੇ ਘਟਣ-ਵਧਣ ਦਾ ਪਤਾ ਲਾਉਂਦੇ ਹਾਂ। ਜਦੋਂ ਲਹਿਰਾਂ ਮੱਠੀਆਂ ਹੋਣ ਜਾਂ ਬਹੁਤ ਤੀਬਰ ਹੋਣ ਤਾਂ ਅਸੀਂ ਮੱਛੀ ਫੜ੍ਹਨ ਨਹੀਂ ਜਾਂਦੇ।''
ਉਨ੍ਹਾਂ ਦੀ ਬੇੜੀ 'ਤੇ ਕੰਮ ਕਰਨ ਵਾਲ਼ੇ ਕੁਝ ਮਛੇਰੇ, ਜੋ ਕੋਲੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਰਾਇਗੜ ਜ਼ਿਲ੍ਹੇ ਦੀ ਤਾਲਾ ਤਾਲੁਕਾ ਦੇ 1,040 ਦੀ ਵਸੋਂ (ਮਰਦਮਸ਼ੁਮਾਰੀ 2011) ਵਾਲ਼ੇ ਪਿੰਡ 'ਵਾਸ਼ੀ ਹਵੇਲੀ' ਤੋਂ ਦੱਖਣ ਮੁੰਬਈ ਵਿਖੇ ਸਥਿਤ ਸਸੂਨ ਡਾਕ ਤੱਕ ਕਰੀਬ 150 ਕਿਲੋਮੀਟਰ ਦਾ ਸਫ਼ਰ ਟ੍ਰੇਨ ਜਾਂ ਸਵਾਰੀ ਗੱਡੀ ਰਾਹੀਂ ਤੈਅ ਕਰਦੇ ਹਨ। ਉਹ ਜੂਨ ਤੋਂ ਅਗਸਤ, ਗਣਪਤੀ ਉਤਸਵ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਕੰਮ ਕਰਦੇ ਹਨ। ਬਾਕੀ ਮਹੀਨੇ ਉਹ ਮਹਾਰਾਸ਼ਟਰ ਦੇ ਹੋਰਨਾਂ ਤਟੀ ਹਿੱਸਿਆਂ ਵਿੱਚ ਘੁੰਮਦੇ ਹਨ- ਖ਼ਾਸ ਕਰਕੇ ਰਤਨਾਗਿਰੀ ਅਤੇ ਰਾਇਗੜ ਜ਼ਿਲ੍ਹਿਆਂ ਵਿੱਚ- ਤੇ ਕਿਸੇ ਹੋਰ ਦੀਆਂ ਬੇੜੀਆਂ 'ਤੇ ਕੰਮ ਕਰਕੇ ਮਹੀਨੇ ਦਾ 10,000-12,000 ਰੁਪਏ ਕਮਾਉਂਦੇ ਹਨ।























