चाण्डालश्च वराहश्च कुक्कुटः श्वा तथैव च ।
रजस्वला च षण्ढश्च नैक्षेरन्नश्नतो द्विजान् ॥
ਇੱਕ ਚੰਡਾਲ, ਸੂਰ, ਕੁੱਕੜ, ਕੁੱਤੇ, ਮਾਹਵਾਰੀ ਨਾਲ਼ ਜੂਝਦੀ ਔਰਤ ਅਤੇ ਹਿਜੜਿਆਂ ਲਈ ਲਾਜ਼ਮੀ ਹੈ ਕਿ ਉਹ ਖਾਣਾ ਖਾਂਦੇ ਬ੍ਰਹਮਣਾਂ ਵੱਲ ਦੇਖਣ ਦੀ ਜ਼ੁਰੱਅਤ ਨਾ ਕਰਨ।
— ਮਨੂਸਮ੍ਰਿਤੀ 3.239
ਨੌਂ ਸਾਲਾ ਇੰਦਰ ਕੁਮਾਰ ਮੇਘਵਾਲ਼ ਦਾ ਜ਼ੁਰਮ ਸਿਰਫ਼ ਇੰਨਾ ਕੁ ਸੀ ਕਿ ਉਹਨੇ ਚੋਰੀ-ਚੋਰੀ ਅਧਿਆਪਕ ਦੇ ਰਾਖਵੇਂ ਘੜੇ ਵੱਲ ਦੇਖਿਆ। ਪਰ ਉਹਨੂੰ ਕੀ ਪਤਾ ਸੀ ਕਿ ਉਹਨੇ ਬਹੁਤ ਵੱਡਾ ਅਪਰਾਧ ਕਰ ਲਿਆ ਹੈ। ਤੀਜੀ ਜਮਾਤ ਦਾ ਇਹ ਮਾਸੂਮ ਪਿਆਸ ਬਰਦਾਸ਼ਤ ਨਾ ਕਰ ਸਕਿਆ। ਇਸ ਦਲਿਤ ਮੁੰਡੇ ਨੇ 'ਉੱਚੀ ਜਾਤ' ਦੇ ਮਾਸਟਰਾਂ ਲਈ ਇੱਕ ਪਾਸੇ ਰੱਖੇ ਇਸ ਘੜੇ ਵਿੱਚੋਂ ਪਾਣੀ ਪੀ ਲਿਆ।
ਉਹਨੇ 'ਅਪਰਾਧ' ਕੀਤਾ ਸੀ ਸੋ ਸਜਾ ਤਾਂ ਮਿਲ਼ਣੀ ਹੀ ਸੀ। ਰਾਜਸਥਾਨ ਦੇ ਸੁਰਾਣਾ ਪਿੰਡ ਵਿਖੇ ਸਥਿਤ ਸਰਸਵਤੀ ਵਿਦਯਾ ਮੰਦਰ ਦੇ ਉਹਦੇ 40 ਸਾਲਾ ਅਧਿਆਪਕ ਛੈਲ ਸਿੰਘ ਨੇ ਉਸ ਮਾਸੂਮ ਨੂੰ ਜਾਨਵਰਾਂ ਵਾਂਗ ਕੁੱਟਿਆ-ਮਾਰਿਆ।
ਇਸ ਘਟਨਾ ਦੇ 25 ਦਿਨਾਂ ਬਾਅਦ ਅਤੇ ਇਲਾਜ ਲਈ 7 ਹਸਪਤਾਲਾਂ ਦੇ ਚੱਕਰ ਲਾਉਣ ਤੋਂ ਬਾਅਦ, ਭਾਰਤ ਦੇ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਨੂੰ, ਜਾਲੋਰ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਮਾਸੂਮ ਨੇ ਅਹਿਮਦਾਬਾਦ ਸ਼ਹਿਰ ਵਿਖੇ ਅਖ਼ੀਰਲਾ ਸਾਹ ਲਿਆ।


