''ਉਸ ਦਿਨ ਸ਼ਾਮੀਂ ਜਦੋਂ ਮੇਰੇ ਪਾਣੀ ਦੀ ਥੈਲੀ ਫਟੀ ਤਾਂ ਮੈਨੂੰ ਤੀਬਰ ਜੰਮਣ-ਪੀੜ੍ਹਾਂ ਛੁੱਟ ਗਈਆਂ। ਪਿਛਲੇ ਤਿੰਨ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਸੀ ਤੇ ਜਦੋਂ ਕਦੇ ਅਜਿਹਾ ਮੌਸਮ ਹੁੰਦਾ ਤਾਂ ਕਈ-ਕਈ ਦਿਨ ਸੂਰਜ ਨਾ ਨਿਕਲ਼ਦਾ ਜਿਸ ਕਰਕੇ ਸੋਲਰ ਪੈਨਲ ਚਾਰਜ ਨਾ ਹੋ ਪਾਉਂਦੇ।'' ਜੰਮੂ-ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਵਜ਼ੀਰੀਥਲ ਪਿੰਡ ਦੀ 22 ਸਾਲਾ ਸ਼ਮੀਨਾ ਬੇਗਮ ਆਪਣੇ ਦੂਜੇ ਬੱਚੇ ਦੇ ਜਨਮ ਵੇਲ਼ੇ ਦੀ ਗੱਲ ਕਰ ਰਹੀ ਹਨ। ਇਹ ਇੱਕ ਅਜਿਹਾ ਪਿੰਡ ਹੈ ਜਿੱਥੇ ਬਹੁਤਾ ਕਰਕੇ ਧੁੱਪ ਨਹੀਂ ਨਿਕਲ਼ਦੀ ਜਾਂ ਜੇ ਨਿਕਲ਼ਦੀ ਵੀ ਹੈ ਤਾਂ ਰੋਜ਼ ਨਹੀਂ। ਜਿਸ ਕਰਕੇ ਲੋਕੀਂ ਸੋਲਰ ਪਾਵਰ ਊਰਜਾ 'ਤੇ ਹੀ ਭਰੋਸਾ ਕਰਦੇ ਹਨ।
''ਸਾਡਾ ਘਰ ਹਨ੍ਹੇਰੇ 'ਚ ਹੀ ਡੁੱਬਿਆ ਰਹਿੰਦਾ, ਰੌਸ਼ਨੀ ਦਾ ਸ੍ਰੋਤ ਸਿਰਫ਼ ਮਿੱਟੀ ਦੇ ਤੇਲ ਦਾ ਲਾਲਟੈਨ ਹੀ ਹੁੰਦਾ,'' ਸ਼ਮੀਨਾ ਨੇ ਗੱਲ ਜਾਰੀ ਰੱਖੀ। ''ਇਸਲਈ, ਉਸ ਸ਼ਾਮੀਂ ਮੇਰੀਆਂ ਗੁਆਂਢਣਾਂ ਆਪੋ-ਆਪਣੀਆਂ ਲਾਲਟੈਨਾਂ ਫੜ੍ਹੀ ਸਾਡੇ ਘਰ ਆ ਗਈਆਂ। ਪੰਜ ਲਾਲਟੈਨਾਂ ਦੀਆਂ ਲਾਟਾਂ ਨੇ ਕਮਰਾ ਰੁਸ਼ਨਾ ਦਿੱਤਾ ਜਿੱਥੇ ਮੇਰੀ ਮਾਂ ਰਸ਼ੀਦਾ ਦੇ ਜੰਮਣ 'ਚ ਮੇਰੀ ਮਦਦ ਕਰ ਰਹੀ ਸੀ।'' ਅਪ੍ਰੈਲ 2022 ਦੀ ਉਹ ਰਾਤ ਸੀ।
ਵਜ਼ੀਰੀਥਲ ਬਹੁਤ ਹੀ ਮਨਮੋਹਣੇ ਨਜ਼ਾਰਿਆਂ ਵਾਲ਼ਾ ਪਿੰਡ ਹੈ ਜੋ ਬਡੂਗਾਮ ਗ੍ਰਾਮ ਪੰਚਾਇਤ ਅਧੀਨ ਆਉਂਦਾ ਹੈ। ਸ਼੍ਰੀਨਗਰ ਤੋਂ ਕੁੱਲ 10 ਘੰਟਿਆਂ ਦਾ ਰਾਹ ਹੈ, ਜਿੱਥੇ ਤੁਹਾਡੀ ਗੱਡੀ ਨੂੰ ਗੁਰੇਜ਼ ਘਾਟੀ ਥਾਣੀ ਹੋ ਕੇ ਜਾਣ ਵਾਲ਼ੇ ਰਾਜ਼ਦਾਨ ਦੱਰੇ ਤੋਂ ਸਾਢੇ ਚਾਰ ਘੰਟੇ ਉਬੜ-ਖਾਬੜ ਰਸਤਿਆਂ ਤੇ ਅੱਧੀ ਦਰਜਨ ਚੈੱਕ-ਪੋਸਟਾਂ ਨੂੰ ਪਾਰ ਕਰਨਾ ਪੈਂਦਾ ਹੈ ਤੇ ਅਖ਼ੀਰ 10 ਮਿੰਟ ਪੈਦਲ ਤੁਰਨਾ ਪੈਂਦਾ ਹੈ ਜੋ ਤੁਹਾਨੂੰ ਸ਼ਮੀਨਾ ਦੇ ਘਰ ਪਹੁੰਚਾ ਦਿੰਦਾ ਹੈ। ਇੱਥੇ ਪਹੁੰਚਣ ਦਾ ਬੱਸ ਇਹੀ ਇੱਕੋ-ਇੱਕ ਰਾਹ ਹੈ।
ਗੁਰੇਜ ਘਾਟੀ ਵਿੱਚ ਵੱਸਿਆ 24 ਪਰਿਵਾਰਾਂ ਵਾਲ਼ਾ ਇਹ ਪਿੰਡ ਕੰਟਰੋਲ ਰੇਖਾ ਤੋਂ ਕੁਝ ਕੁ ਹੀ ਮੀਲ਼ ਦੂਰ ਹੈ। ਇੱਥੇ ਘਰ ਦੇਵਦਾਰ ਦੀਆਂ ਲੱਕੜਾਂ ਨਾਲ਼ ਬਣੇ ਹਨ ਜਿਨ੍ਹਾਂ ਨੂੰ ਗਾਰੇ ਨਾਲ਼ ਲਿੰਬਿਆ ਗਿਆ ਹੈ ਤਾਂਕਿ ਅੰਦਰ ਨਿੱਘ ਬਣਿਆ ਰਹੇ। ਇੱਥੋਂ ਦੇ ਘਰਾਂ ਦੀਆਂ ਬਰੂਹਾਂ ਦੇ ਬਾਹਰ ਯਾਕ ਦੇ ਸਿੰਙਾਂ ਨੂੰ ਸਜਾਇਆ ਗਿਆ ਹੈ। ਕਿਤੇ ਕਿਤੇ ਇਹ ਅਸਲੀ ਸਿੰਙ ਹੁੰਦੇ ਹਨ ਤੇ ਕਿਤੇ ਕਿਤੇ ਲੱਕੜ ਦੇ ਬਣੇ ਮਸਨੂਈ ਸਿੰਙਾਂ ਨੂੰ ਹਰਾ ਰੰਗ ਪੋਤਿਆ ਹੁੰਦਾ ਹੈ। ਸਾਰੇ ਘਰਾਂ ਦੀਆਂ ਖਿੜਕੀਆਂ ਥਾਣੀ ਸੀਮਾ ਦੇ ਉਸ ਪਾਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ।
ਸ਼ਮੀਨਾ ਆਪਣੇ ਘਰ ਦੇ ਬਾਹਰ ਪਏ ਲੱਕੜ ਦੇ ਮੋਛਿਆਂ 'ਤੇ ਆਪਣੇ ਦੋ ਬੱਚਿਆਂ, ਦੋ ਸਾਲਾ ਫਰਹਾਜ਼ ਤੇ ਚਾਰ ਮਹੀਨਿਆਂ ਦੀ ਰਸ਼ੀਦਾ (ਬਦਲਿਆ ਨਾਮ) ਨਾਲ਼ ਬੈਠੀ ਸ਼ਾਮ ਦੀ ਅਖ਼ੀਰਲੀ ਧੁੱਪ ਸੇਕ ਰਹੀ ਹਨ। ਮੇਰੀ ਮਾਂ ਕਹਿੰਦੀ ਹੈ ਕਿ ਮੇਰੇ ਜਿਹੀਆਂ ਨਵੀਂ ਬਣੀਆਂ ਮਾਵਾਂ ਨੂੰ ਹਰ ਰੋਜ਼ ਆਪਣੇ ਬੱਚੇ ਦੇ ਨਾਲ਼ ਸਵੇਰ ਤੇ ਸ਼ਾਮ ਦੀ ਧੁੱਪ ਸੇਕਣੀ ਚਾਹੀਦੀ ਹੈ,'' ਉਹ ਕਹਿੰਦੀ ਹਨ। ਹਾਲੇ ਅਗਸਤ ਦਾ ਮਹੀਨਾ ਚੱਲ ਰਿਹਾ ਹੈ। ਬਰਫ਼ ਦੀ ਚਾਦਰ ਹਾਲੇ ਤੀਕਰ ਘਾਟੀ ਨੂੰ ਜੱਫ਼ੀ ਮਾਰੀ ਬੈਠੀ ਹੈ। ਪਰ ਫਿਰ ਵੀ ਬੱਦਲਵਾਈ ਰਹਿੰਦੀ ਹੈ ਤੇ ਕਦੇ-ਕਦਾਈਂ ਮੀਂਹ ਵੀ ਪੈ ਜਾਂਦਾ ਹੈ, ਕਈ-ਕਈ ਦਿਨ ਸੂਰਜ ਨਹੀਂ ਨਿਕਲ਼ਦਾ ਤੇ ਫਿਰ ਬਗ਼ੈਰ ਬਿਜਲੀ ਦੇ ਗੁਜ਼ਾਰਾ ਕਰਨਾ ਪੈਂਦਾ ਹੈ।









