"ਸਾਡੇ ਪੁਰਖਿਆਂ ਦੀਆਂ ਰੂਹਾਂ ਇੱਥੇ ਰਹਿੰਦੀਆਂ ਹਨ," ਮੋਨਜੀਤ ਰਿਸਾਂਗ ਕਹਿੰਦੇ ਹਨ, ਉਹ ਆਪਣੀ ਕੁਜ਼ੀਨ ਦੇ ਐਨ ਵਿਚਕਾਰ ਬਣੇ ਮਿੱਟੀ ਦੇ ਥੜ੍ਹੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ, ਕੁਜ਼ੀਨ ਜਿਹਦੀਆਂ ਕੰਧਾਂ, ਛੱਤ ਤੇ ਫ਼ਰਸ਼ ਬਾਂਸ ਦੇ ਬਣੇ ਹੋਏ ਹਨ।
ਚੁੱਲ੍ਹਾ ਲਗਭਗ ਇੱਕ ਫੁੱਟ ਉੱਚਾ ਹੈ ਜਿਸ ਅੰਦਰ ਲੱਕੜਾਂ ਹੀ ਬਾਲਣ ਹੁੰਦੀਆਂ ਹਨ; ਇਸੇ 'ਤੇ ਹੀ ਖਾਣਾ ਪਕਾਇਆ ਜਾਂਦਾ ਹੈ। "ਇਸ ਨੂੰ ਮਰੋਮ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਦੇਵਤੇ ਦੇ ਕਮਰੇ ਵਰਗਾ ਹੈ। ਇੱਥੇ ਹਰ ਸ਼ੈਅ ਮਿਸਿੰਗ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ," ਉਹ ਕਹਿੰਦੇ ਹਨ।
ਮੋਨਜੀਤ ਅਤੇ ਉਨ੍ਹਾਂ ਦੀ ਪਤਨੀ ਨਯਨਮੋਨੀ ਰਿਸਾਂਗ ਅੱਜ ਰਾਤ ਇੱਕ ਪਾਰਟੀ ਦਾ ਆਯੋਜਨ ਕਰ ਰਹੇ ਹਨ, ਜਿਸ ਵਿੱਚ ਰਵਾਇਤੀ ਮਿਸਿੰਗ (ਭਾਈਚਾਰੇ ਦੇ) ਪਕਵਾਨ ਸ਼ਾਮਲ ਹੋਣ ਵਾਲ਼ੇ ਹਨ। ਇਹ ਜੋੜਾ ਮਿਸਿੰਗ ਭਾਈਚਾਰੇ (ਅਸਾਮ ਵਿੱਚ ਅਨੁਸੂਚਿਤ ਕਬੀਲੇ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ ਅਤੇ ਅਸਾਮ ਦੇ ਮਾਜੁਲੀ ਨਦੀ ਟਾਪੂ 'ਤੇ ਗਮੂਰ ਵਿਖੇ ਆਪਣੇ ਘਰ ਵਿੱਚ ਇਕੱਠਿਆਂ ਰਲ਼ 'ਰੇਸਾਂਗ ਦੀ ਕੁਜ਼ੀਨ' (Risong's Kitchen) ਚਲਾਉਂਦਾ ਹੈ।
ਮਾਜੁਲੀ ਭਾਰਤ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਹੈ ਜਿਸਦਾ ਖੇਤਰਫਲ ਬ੍ਰਹਮਪੁੱਤਰ ਨਦੀ ਦੇ ਪਾਰ ਲਗਭਗ 352 ਵਰਗ ਕਿਲੋਮੀਟਰ ਹੈ। ਇਸ ਖਿੱਤੇ ਵਿੱਚ ਹਰੇ ਚਾਵਲਾਂ ਦੇ ਦੂਰ-ਦੂਰ ਤੱਕ ਫ਼ੈਲੇ ਖੇਤ, ਛੋਟੀਆਂ ਝੀਲਾਂ, ਜੰਗਲੀ ਬਾਂਸ ਅਤੇ ਦਲਦਲੀ ਬਨਸਪਤੀ ਦੀ ਵਿਸ਼ੇਸ਼ਤਾ ਹੈ। ਭਾਰੀ ਮਾਨਸੂਨ ਅਤੇ ਇਸ ਤੋਂ ਬਾਅਦ ਆਉਣ ਵਾਲ਼ੇ ਹੜ੍ਹਾਂ ਦਾ ਸਾਹਮਣਾ ਕਰਨ ਲਈ ਬਾਂਸਾਂ ਦੇ ਅਧਾਰ 'ਤੇ ਘਰ ਖੜ੍ਹੇ ਕੀਤੇ ਜਾਂਦੇ ਹਨ। ਇਹ ਟਾਪੂ ਪਰਵਾਸੀ ਪੰਛੀਆਂ ਜਿਵੇਂ ਕਿ ਸਾਰਸ, ਕਿੰਗਫਿਸ਼ਰ ਅਤੇ ਜਾਮਣੀ ਜਲ-ਕੁਕੜੀਆਂ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਸੁੰਦਰ ਜ਼ਿਲ੍ਹਾ ਹਰ ਸਾਲ ਦੁਨੀਆ ਭਰ ਦੇ ਸੈਲਾਨੀਆਂ ਦੀ ਵੱਡੀ ਗਿਣਤੀ ਨੂੰ ਆਕਰਸ਼ਤ ਕਰਦਾ ਹੈ।
















