ਕੋਈ ਦੂਰੋਂ ਚੀਕਦਾ ਹੈ-ਬ੍ਰੇਕ ਮੁੱਕ ਗਈ ਹੈ। ਇੱਕ ਨਿਗਰਾਨ ਕੰਮ ਸ਼ੁਰੂ ਕਰਦਾ ਹੈ, ਉਹ ਅਵਧੀ ਭਾਸ਼ਾ ਵਿੱਚ ਬੋਲਦਾ ਹੈ ਅਤੇ ਕੰਮ ਦੋਬਾਰਾ ਸ਼ੁਰੂ ਹੋ ਜਾਂਦਾ ਹੈ। ਰਾਮ ਮੋਹਨ ਨੂੰ ਇੱਕ ਛੋਟੇ ਜਿਹੇ ਤੰਬੂ ਦੀ ਬੁਨਿਆਦ ਵਾਸਤੇ ਕੰਮ ਕਰਨ ਲਈ ਮੈਦਾਨ ਦੇ ਸ਼ਾਂਤ ਕੋਨੇ ਵੱਲ ਭੇਜਿਆ ਗਿਆ ਹੈ।
23 ਜਨਵਰੀ ਦਿਨ ਸ਼ਨੀਵਾਰ ਹੈ, ਅਤੇ ਰਾਮ ਮੋਹਨ 10 ਘੰਟੇ ਦੀ ਸ਼ਿਫ਼ਟ ਵਿੱਚ ਕੰਮ ਕਰਨ ਵਾਲੇ ਉਨ੍ਹਾਂ 50 ਲੋਕਾਂ ਵਿੱਚੋਂ ਇੱਕ ਹਨ, ਜੋ ਉਨ੍ਹਾਂ ਹਜਾਰਾਂ ਕਿਸਾਨਾਂ ਲਈ ਪੰਡਾਲ (ਤੰਬੂ) ਤਿਆਰ ਕਰ ਰਹੇ ਹਨ ਜੋ ਤਿੰਨੋਂ ਖੇਤੀ ਕਨੂੰਨਾਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਦੀਆਂ ਆਪਣੀਆਂ ਮੰਗਾਂ ਨੂੰ ਬਾਰੰਬਾਰ ਦਹੁਰਾਉਣ ਲਈ 24 ਜਨਵਰੀ ਦੀ ਸਵੇਰ ਤੋਂ ਹੀ ਇੱਥੇ ਆਉਣ ਲੱਗਣਗੇ। ਰੈਲੀ 26 ਜਨਵਰੀ, ਗਣਤੰਤਰ ਦਿਵਸ ਮੌਕੇ 'ਤੇ ਖ਼ਤਮ ਹੋਵੇਗੀ।
ਉਹ ਅੰਦੋਲਨਕਾਰੀ ਕਿਸਾਨਾਂ ਵਿੱਚ ਸ਼ਾਮਲ ਹੋਣ ਲਈ ਦੱਖਣ ਮੁੰਬਈ ਦੇ ਅਜਾਦ ਮੈਦਾਨ ਵਿੱਚ ਰੁੱਕਣ ਦੀ ਯੋਜਨਾ ਬਣਾਉਂਦੇ ਹਨ। "ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਹੋ ਕੀ ਰਿਹਾ ਹੈ ਅਤੇ ਮੈਂ ਸੁਣਨਾ ਚਾਹੁੰਦਾ ਹਾਂ ਕਿ ਹੋਰ ਕਿਸਾਨ ਕੀ ਕਹਿ ਰਹੇ ਹਨ- ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਸ ਸਭ ਨਾਲ਼ (ਉਨ੍ਹਾਂ ਦੀਆਂ ਮੰਗਾਂ ਨਾਲ਼) ਸਾਨੂੰ ਕੀ ਲਾਭ ਹੋਵੇਗਾ," ਉਹ ਕਹਿੰਦੇ ਹਨ।
ਉਨ੍ਹਾਂ ਦਾ (ਰਾਮ ਦਾ) ਪਰਿਵਾਰ ਉੱਤਰ ਪ੍ਰਦੇਸ਼ ਦੇ ਗੋਂਡਾ ਜਿਲ੍ਹੇ ਦੇ ਉਮਰੀ ਬਡਗਾਮਗੰਜ ਪਿੰਡ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦਾ ਹੈ। "6-7 ਵਿਘੇ (ਇੱਕ ਏਕੜ ਤੋਂ ਥੋੜ੍ਹੀ ਵੱਧ) ਨਾਲ਼ ਅਸੀਂ ਕੀ ਕਰ ਸਕਦੇ ਹਾਂ? ਤੁਸੀਂ ਬਾਮੁਸ਼ਕਲ ਡੰਗ ਟਪਾ ਸਕਦੇ ਹੋ, ਪਰ ਇਸ ਤੋਂ ਵੱਧ ਕੁਝ ਨਹੀਂ। ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਰੈਲੀ ਲਈ ਉਹ ਤੰਬੂ ਗੱਡਣ ਵਿੱਚ ਮਸ਼ਰੂਫ਼ ਹਨ, ਉਹ ਉਨ੍ਹਾਂ ਦੇ ਅਤੇ ਹੋਰ ਕਿਸਾਨ ਪਰਿਵਾਰਾਂ ਦੀ ਉਪਜ ਲਈ ਬੇਹਤਰ ਭਾਅ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।"
43 ਸਾਲਾ ਰਾਮ ਮੋਹਨ 23 ਸਾਲ ਤੋਂ ਮੁੰਬਈ ਵਿੱਚ ਬਤੌਰ ਦਿਹਾੜੀ ਮਜ਼ਦੂਰ ਕੰਮ ਕਰ ਰਹੇ ਹਨ। ਉਹ ਉੱਤਰੀ ਮੁੰਬਈ ਵਿੱਚ ਮਲਾੜ ਰੇਲਵੇ ਸਟੇਸ਼ਨ ਦੇ ਕੋਲ਼ ਲੇਬਰ ਨਾਕਾ 'ਤੇ ਖੜ੍ਹੇ ਹੋ ਕੇ ਦਿਹਾੜੀ ਲੱਗਣ ਦੀ ਉਡੀਕ ਕਰਦੇ ਹਨ- ਅਤੇ ਦਿਹਾੜੀ ਮਿਲ਼ਣ 'ਤੇ ਰੋਜ਼ਾਨਾ 700 ਰੁਪਏ ਤੱਕ ਕਮਾਉਂਦੇ ਹਨ।


















