ਉਹ ਲੈਅ ਅਤੇ ਫੁਰਤੀ ਨਾਲ਼ ਅੱਗੇ ਵਧੀਆਂ-"ਰੇ ਰੇਲਾ ਰੇ ਰੇਲਾ ਰੇ ਰੇਲਾ ਰੇ"- ਨੌਜਵਾਨ ਔਰਤਾਂ ਦਾ ਇੱਕ ਸਮੂਹ ਗੋਡਿਆਂ ਤੀਕਰ ਚਿੱਟੀਆਂ ਸਾੜੀਆਂ ਅਤੇ ਸਿਰ 'ਤੇ ਲਿਸ਼ਕਣੀ ਫੁੰਮ੍ਹਣ-ਨੁਮਾ ਟੋਪੀ ਪਾਈ, ਇੱਕ ਵਾਰ ਵਿੱਚ ਤਿੰਨੋਂ ਘੁੰਮਦੀਆਂ ਹੋਈਆਂ, ਬਾਹਾਂ ਦੀ ਕੜਿੰਗੜੀ ਪਾਈ, ਰੇਲਾ ਗੀ ਗਾ ਰਹੀਆਂ ਹਨ ਜੋ ਕਿ ਗੋਂਡ ਭਾਈਚਾਰਿਆਂ ਦਾ ਲੋਕਪ੍ਰਿਯ ਗੀਤ ਹੈ।
ਥੋੜ੍ਹੀ ਹੀ ਦੇਰ ਵਿੱਚ, ਨੌਜਵਾਨ ਪੁਰਖਾਂ ਦਾ ਇੱਕ ਸਮੂਹ ਵੀ ਉਨ੍ਹਾਂ ਦੇ ਨਾਲ਼ ਆ ਰਲਿਆ, ਇਹ ਵੀ ਚਿੱਟੇ ਪਹਿਰਾਵੇ ਪਾਈ ਅਤੇ ਸਿਰਾਂ 'ਤੇ ਰੰਗੀਨ ਪੰਖਾਂ ਨਾਲ਼ ਪਗੜੀਆਂ ਸਜਾਏ ਹਨ। ਉਨ੍ਹਾਂ ਦੇ ਪੈਰੀਂ ਬੰਨ੍ਹੇ ਘੁੰਗਰੂ ਪੈਰਾਂ ਦੀ ਪੇਚੀਦਾ ਥਾਪ ਨਾਲ਼ ਲੈਅ ਵਿੱਚ ਵੱਜੇ, ਜਦੋਂਕਿ ਉਨ੍ਹਾਂ ਆਪਣੇ ਹੱਥਾਂ ਵਿੱਚ ਫੜ੍ਹੇ ਛੋਟੇ ਢੋਲ (ਮੰਦਰੀ) ਵਜਾਏ ਅਤੇ ਰੇਲਾ ਗੀਤ ਗਾਏ। ਇੱਕ-ਦੂਸਰੇ ਦੇ ਹੱਥਾਂ ਵਿੱਚ ਹੱਥ ਪਾਈ, ਨੌਜਵਾਨ ਔਰਤਾਂ ਨੇ ਪੁਰਖਾਂ ਦੇ ਸਮੂਹ ਨੂੰ ਘੇਰਦਿਆਂ ਇੱਕ ਕੜੀ ਬਣਾ ਲਈ ਹੋਈ ਹੈ। ਉਹ ਸਾਰੇ ਗਾਉਂਦੇ ਅਤੇ ਨੱਚਦੇ ਰਹੇ।
ਗੋਂਡ ਭਾਈਚਾਰੇ ਦੇ 43 ਪੁਰਖਾਂ ਅਤੇ ਔਰਤਾਂ ਦੀ ਮੰਡਲੀ, ਜਿਨ੍ਹਾਂ ਦੀ ਉਮਰ 16 ਤੋਂ 30 ਸਾਲ ਵਿਚਕਾਰ ਸੀ, ਸਾਰੇ ਛੱਤੀਸਗੜ੍ਹ ਦੇ ਕੋਂਡਾਗਾਓਂ ਜਿਲ੍ਹੇ ਦੇ ਕੇਸ਼ਕਾਲ ਬਲਾਕ ਦੇ ਬੇਦਮਾਰੀ ਪਿੰਡੋਂ ਆਏ ਸਨ।
ਉਨ੍ਹਾਂ ਨੇ ਰਾਜ ਦੀ ਰਾਜਧਾਨੀ ਰਾਏਪੁਰ ਤੋਂ ਕਰੀਬ 100 ਕਿਲੋਮੀਟਰ ਦੂਰ ਰਾਏਪੁਰ-ਜਗਦਲਪੁਰ ਰਾਜਮਾਰਗ (ਬਸਤਰ ਇਲਾਕੇ ਵਿੱਚ) ਦੇ ਕਰੀਬ ਇਸ ਥਾਂ ਤੱਕ ਪਹੁੰਚਣ ਲਈ ਇੱਕ ਗੱਡੀ ਵਿੱਚ 300 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ। ਛੱਤੀਸਗੜ੍ਹ ਦੇ ਬਲੌਦਾਬਾਜਾਰ-ਭਾਟਪਾਰਾ ਜਿਲ੍ਹੇ ਵਿੱਚ ਸੋਨਾਖਾਨ ਦੇ ਆਦਿਵਾਸੀ ਰਾਜਾ, ਵੀਰ ਨਰਾਇਣ ਸਿੰਘ ਦੀ ਕੁਰਬਾਨੀ ਦੀ ਯਾਦ ਵਿੱਚ, 2015 ਤੋਂ 10-12 ਦਸੰਬਰ ਤੱਕ ਮਨਾਏ ਜਾਣ ਵਾਲ਼ੇ ਇਸ ਤਿੰਨ ਰੋਜ਼ਾ ਵੀਰ ਮੇਲੇ ਲਈ ਮੱਧ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਅਤੇ ਵਿਸ਼ੇਸ਼ ਰੂਪ ਨਾਲ਼ ਛੱਤੀਸਗੜ੍ਹ ਦੇ ਹੋਰ ਨਾਚੇ ਵੀ ਨਾਲ਼ ਇੱਥੇ ਆਏ ਸਨ। ਬ੍ਰਿਟਿਸ਼ ਸ਼ਾਸਨ ਖਿਲਾਫ਼ ਵਿਦਰੋਹ ਕਰਨ ਵਾਲੇ ਰਾਜਾ ਨੂੰ ਦਸੰਬਰ 1857 ਵਿੱਚ ਬਸਤੀਵਾਦੀ ਸ਼ਾਸ਼ਕਾਂ ਦੁਆਰਾ ਫੜ੍ਹ ਲਿਆ ਗਿਆ ਅਤੇ ਰਾਏਪੁਰ ਜਿਲ੍ਹੇ ਦੇ ਜੈਸਤੰਭ ਚੌਂਕ 'ਤੇ ਫਾਹੇ ਲਾ ਦਿੱਤਾ। ਸਥਾਨਕ ਕਹਾਣੀਆਂ ਅਨੁਸਾਰ, ਅੰਗਰੇਜਾਂ ਨੇ ਉਹਨੂੰ ਫਾਹੇ ਲਾਏ ਜਾਣ ਤੋਂ ਬਾਅਦ ਉਹਦੇ ਸਰੀਰ ਨੂੰ ਤੋਪ ਦੇ ਗੋਲ਼ੇ ਨਾਲ਼ ਉਡਾ ਦਿੱਤਾ ਸੀ।





