''ਇਸ ਕੰਮ ਵਿੱਚ ਨਾ ਤਾਂ ਕੋਈ ਛੁੱਟੀ ਮਿਲ਼ਦੀ ਹੈ, ਨਾ ਹੀ ਕੋਈ ਬ੍ਰੇਕ ਤੇ ਨਾ ਹੀ ਕੰਮ ਦੇ ਘੰਟੇ ਹੀ ਤੈਅ ਹੁੰਦੇ ਹਨ।''
37 ਸਾਲਾ ਸ਼ੇਖ ਸਲਾਊਦੀਨ, ਹੈਦਰਾਬਾਦ ਦੀ ਇੱਕ ਕੈਬ (ਟੈਕਸੀ) ਕੰਪਨੀ ਵਿੱਚ ਡਰਾਈਵਰ ਹਨ। ਉਨ੍ਹਾਂ ਗ੍ਰੈਜੁਏਸ਼ਨ ਕੀਤੀ ਹੋਈ ਪਰ ਕਹਿੰਦੇ ਹਨ ਕਿ ਉਨ੍ਹਾਂ ਨੇ ਕੰਪਨੀ ਦੇ ਇਕਰਾਰਨਾਮੇ ਨੂੰ ਕਦੇ ਪੜ੍ਹਿਆ ਹੀ ਨਹੀਂ ਜੋ ਉਨ੍ਹਾਂ ਕੰਪਨੀ ਨਾਲ਼ ਕੀਤਾ ਹੈ। ''ਇਸ ਅੰਦਰ ਬਹੁਤ ਸਾਰੀਆਂ ਕਨੂੰਨੀ ਸ਼ਰਤਾਂ ਭਰੀਆਂ ਪਈਆਂ ਹਨ।'' ਇਕਰਾਰਨਾਮਾ ਸਿਰਫ਼ ਐਪ 'ਤੇ ਮੌਜੂਦ ਹੈ ਜੋ ਉਨ੍ਹਾਂ ਡਾਊਨਲੋਡ ਕੀਤੀ ਹੈ ਪਰ ਹੱਥ ਵਿੱਚ ਕੋਈ ਲਿਖਤੀ ਸਬੂਤ ਨਹੀਂ।
ਡਿਲੀਵਰੀ ਏਜੰਟ ਰਮੇਸ਼ ਦਾਸ ਕਹਿੰਦੇ ਹਨ,''ਕਿਸੇ ਇਕਰਾਰਨਾਮੇ 'ਤੇ ਹਸਤਾਖ਼ਰ ਨਹੀਂ ਕੀਤਾ ਗਿਆ।'' ਉਹ ਕੰਮ ਦੀ ਤਲਾਸ਼ ਵਿੱਚ ਕੋਲ਼ਕਾਤਾ ਤੋਂ ਇੱਥੇ ਆਏ ਸਨ। ਉਹ ਕਿਸੇ ਕਨੂੰਨੀ ਗਰੰਟੀ ਦੀ ਭਾਲ਼ ਵਿੱਚ ਤਾਂ ਨਹੀਂ ਸਨ ਪਰ ਪੱਛਮੀ ਬੰਗਾਲ ਦੇ ਪੱਛਮ ਮੇਦਨੀਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਬਾਹਾ ਰੂਨਾ ਤੋਂ ਇੱਥੇ ਪਹੁੰਚਦਿਆਂ ਹੀ ਉਹ ਛੇਤੀ ਤੋਂ ਛੇਤੀ ਨੌਕਰੀ ਫੜ੍ਹਨਾ ਚਾਹੁੰਦੇ ਸਨ। ''ਕੋਈ ਕਾਗ਼ਜ਼ੀ ਕਾਰਵਾਈ ਨਹੀਂ ਹੋਈ। ਸਾਡਾ ਪਛਾਣ ਪੱਤਰ ਵੀ ਐਪ 'ਤੇ ਹੀ ਮੌਜੂਦ ਹੈ ਜੋ ਸਾਡੀ ਇੱਕੋ-ਇੱਕ ਪਛਾਣ ਹੈ। ਸਾਨੂੰ ਵੈਂਡਰਾਂ (ਤੀਜੀ ਪਾਰਟੀ ਦੇ ਮਾਧਿਆਮ ਰਾਹੀਂ) ਵੱਲੋਂ ਕੰਮ 'ਤੇ ਰੱਖਿਆ ਜਾਂਦਾ ਹੈ,'' ਉਹ ਖੁੱਲ੍ਹ ਦੇ ਸਮਝਾਉਂਦਿਆਂ ਕਹਿੰਦੇ ਹਨ।
ਹਰੇਕ ਪਾਰਸਲ ਮਗਰ ਰਮੇਸ਼ ਨੂੰ ਸਿਰਫ਼ 12 ਤੋਂ 14 ਰੁਪਏ ਹੀ ਕਮਿਸ਼ਨ ਮਿਲ਼ਦਾ ਹੈ ਤੇ ਜੇਕਰ ਉਹ ਦਿਹਾੜੀ ਦੇ 40-45 ਪਾਰਸਲ ਡਿਲੀਵਰ ਕਰਨ ਤਾਂ ਹੀ ਉਹ ਕਰੀਬ 600 ਰੁਪਏ ਦਿਹਾੜੀ ਕਮਾ ਸਕਦੇ ਹਨ। ਧਿਆਨ ਰਹੇ ''ਤੇਲ ਪੱਲਿਓਂ ਫੂਕਣਾ ਪੈਂਦਾ ਹੈ, ਕੋਈ ਬੀਮਾ ਨਹੀਂ ਹੁੰਦਾ, ਕੋਈ ਮੈਡੀਕਲ ਲਾਭ ਵੀ ਨਹੀਂ ਮਿਲ਼ਦੇ ਤੇ ਨਾ ਹੀ ਕੋਈ ਭੱਤਾ ਹੀ ਮਿਲ਼ਦਾ ਹੈ,'' ਉਹ ਕਹਿੰਦੇ ਹਨ।















