"ਜਦੋਂ ਸਾਡੇ ਜਿਹੀਆਂ ਔਰਤਾਂ ਆਪਣੇ ਘਰਾਂ ਅਤੇ ਖੇਤਾਂ ਨੂੰ ਛੱਡ ਕੇ ਸ਼ਹਿਰ ਵਿੱਚ ਵਿਰੋਧ ਕਰਨ ਲਈ ਆਉਂਦੀਆਂ ਹਨ, ਤਾਂ ਇਹਦਾ ਮਤਲਬ ਹੈ ਕਿ ਉਹ ਆਪਣੇ ਪੈਰਾਂ ਹੇਠਲੀ ਮਾਟੀ (ਭੋਇੰ) ਗੁਆ ਰਹੀਆਂ ਹਨ," ਅਰੁਣਾ ਮੰਨਾ ਨੇ ਕਿਹਾ। "ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੇ ਦਿਨ ਵੀ ਲੰਘੇ ਜਦੋਂ ਸਾਡੇ ਕੋਲ਼ ਖਾਣ ਲਈ ਕੁਝ ਵੀ ਨਹੀਂ ਸੀ। ਹੋਰਨੀਂ ਦਿਨੀਂ ਅਸੀਂ ਬਾਮੁਸ਼ਕਲ ਇੱਕ ਡੰਗ ਹੀ ਰੋਟੀ ਖਾ ਸਕੇ। ਕੀ ਇਨ੍ਹਾਂ ਕਨੂੰਨਾਂ ਨੂੰ ਪਾਸ ਕਰਨ ਦਾ ਇਹੀ ਸਮਾਂ ਸਹੀ ਲੱਗਿਆ? ਮੰਨੋ ਇਹ ਮਹਾਂਮਾਰੀ (ਕੋਵਿਡ-19) ਸਾਨੂੰ ਮਾਰਨ ਲਈ ਕਾਫ਼ੀ ਨਾ ਰਹੀ ਹੋਵੇ!"
ਅਰੁਣਾ ਉਮਰ 42 ਸਾਲ, ਮੱਧ ਕੋਲਕਾਤਾ ਦੇ ਇੱਕ ਧਰਨਾ-ਸਥਲ, ਏਸਪਲੇਨੇਡ ਵਾਈ-ਚੈਨਲ 'ਤੇ ਬੋਲ ਰਹੇ ਸਨ, ਜਿੱਥੇ ਕਿਸਾਨ ਅਤੇ ਖੇਤ-ਮਜ਼ਦੂਰ 9 ਜਨਵਰੀ ਤੋਂ 22 ਜਨਵਰੀ ਤੱਕ ਕੁੱਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (AIKSCC/ਏਆਈਕੇਐੱਸਸੀਸੀ) ਦੇ ਬੈਨਰ ਹੇਠ ਲਾਮਬੰਦ ਹੋਏ ਸਨ। ਇਸ ਵਿੱਚ ਵਿਦਿਆਰਥੀ, ਨਾਗਰਿਕ, ਕਾਰਕੁੰਨ, ਸੱਭਿਆਚਾਰਕ ਜੱਥੇਬੰਦੀਆਂ ਸਾਰੇ ਸ਼ਾਮਲ ਸਨ-ਜੋ ਸਤੰਬਰ 2020 ਵਿੱਚ ਸੰਸਦ ਵਿੱਚ ਪਾਸ ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ਼ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਲਾਮਬੰਦ ਹੋਏ ਸਨ।
ਅਰੁਣਾ ਰਾਜੂਆਖਾਕੀ ਪਿੰਡੋਂ ਆਏ ਸਨ। ਉਨ੍ਹਾਂ ਦੇ ਨਾਲ਼ ਕਰੀਬ 1500 ਹੋਰ ਔਰਤਾਂ ਵੀ ਆਈਆਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣ ਦੇ 24 ਪਰਗਨਾ ਜ਼ਿਲ੍ਹੇ ਤੋਂ ਸਨ। ਉਹ 18 ਜਨਵਰੀ ਨੂੰ ਰਾਸ਼ਟਰ-ਵਿਆਪੀ ਮਹਿਲਾ ਕਿਸਾਨ ਦਿਵਸ ਮਨਾਉਣ ਅਤੇ ਆਪਣੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਟ੍ਰੇਨਾਂ, ਬੱਸਾਂ ਅਤੇ ਟੈਂਪੂਆਂ 'ਤੇ ਸਵਾਰ ਹੋ ਕੇ ਕੋਲਕਾਤਾ ਅੱਪੜੀਆਂ। ਪੱਛਮੀ ਬੰਗਾਲ ਵਿੱਚ ਇਸ ਦਿਵਸ ਦਾ ਅਯੋਜਨ ਔਰਤ ਕਿਸਾਨ ਅਤੇ ਖੇਤ ਮਜ਼ਦੂਰਾਂ, ਔਰਤਾਂ ਦੀਆਂ ਜੱਥੇਬੰਦੀਆਂ ਦੀਆਂ 40 ਤੋਂ ਵੱਧ ਯੂਨੀਅਨਾਂ ਅਤੇ ਏਆਈਕੇਐੱਸਸੀਸੀ ਦੁਆਰਾ ਕੀਤਾ ਗਿਆ ਸੀ।
ਹਾਲਾਂਕਿ ਆਪਣੀ ਅਵਾਜ਼ ਚੁੱਕਣ ਵਾਸਤੇ ਕੋਲਕਾਤਾ ਤੱਕ ਦੀ ਲੰਬੀ ਯਾਤਰਾ ਕਰਨ ਤੋਂ ਬਾਅਦ ਉਹ ਥੱਕ ਚੁੱਕੀਆਂ ਸਨ, ਪਰ ਉਨ੍ਹਾਂ ਦਾ ਗੁੱਸਾ ਘੱਟ ਨਾ ਹੋਇਆ। "ਤਾਂ ਸਾਡੇ ਲਈ ਵਿਰੋਧ ਪ੍ਰਦਰਸ਼ਨ ਕੌਣ ਕਰੇਗਾ? ਕੋਰਟ ਬਾਬੂ (ਜੱਜ)? ਸਾਨੂੰ ਜਦੋਂ ਤੱਕ ਆਪਣਾ ਹੱਕ ਨਹੀਂ ਮਿਲ਼ ਜਾਂਦਾ ਅਸੀਂ ਵਿਰੋਧ ਕਰਦੀਆਂ ਰਹਾਂਗੀਆਂ!" ਸ਼੍ਰਮਜੀਵੀ ਮਹਿਲਾ ਸਮਿਤੀ ਦੀ 38 ਸਾਲਾ ਮੈਂਬਰ, ਸੁਪਰਣਾ ਹਲਧਰ ਨੇ ਭਾਰਤ ਦੇ ਮੁੱਖ ਜੱਜ ਦੁਆਰਾ ਹਾਲੀਆ ਕੀਤੀ ਗਈ ਟਿੱਪਣੀ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਔਰਤਾਂ ਅਤੇ ਬਜ਼ੁਰਗ ਪ੍ਰਦਰਸ਼ਨਕਾਰੀਆਂ ਨੂੰ ਖੇਤੀ ਕਨੂੰਨਾਂ ਖ਼ਿਲਾਫ਼ ਹੋ ਰਹੇ ਇਸ ਵਿਰੋਧ ਪ੍ਰਦਰਸ਼ਨ ਵਿੱਚੋਂ ਵਾਪਸ ਘਰੀਂ ਮੁੜਨ ਲਈ 'ਰਾਜ਼ੀ' ਕੀਤਾ ਜਾਣਾ ਚਾਹੀਦਾ ਹੈ।
ਸੁਪਰਣਾ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਦੇ ਹਿੱਸੇ ਦੇ ਰੂਪ ਵਿੱਚ ਕੋਲਕਾਤਾ ਦੇ ਧਰਨੇ 'ਤੇ ਸਵੇਰੇ 11:30 ਵਜੇ ਤੋਂ ਸ਼ਾਮ 4 ਵਜੇ ਤੱਕ ਅਯੋਜਿਤ ਮਹਿਲਾ ਕਿਸਾਨ ਮਜੂਰ ਵਿਧਾਨ ਸਭਾ ਸੈਸ਼ਨ ਵਿੱਚ ਬੋਲ ਰਹੀ ਸਨ। ਸੈਸ਼ਨ ਵਿੱਚ ਖੇਤੀ ਅੰਦਰ ਔਰਤਾਂ ਦੀਆਂ ਪੇਚੀਦਾ ਚਿੰਤਾਵਾਂ, ਉਨ੍ਹਾਂ ਦੀ ਕਿਰਤ, ਭੂਮੀ ਦੇ ਮਾਲਿਕਾਨੇ ਵਾਸਤੇ ਉਨ੍ਹਾਂ ਦੇ ਲੰਬੇ ਸੰਘਰਸ਼ ਅਤੇ ਹੋਰ ਅਧਿਕਾਰਾਂ ਅਤੇ ਉਨ੍ਹਾਂ ਦੇ ਜੀਵਨ 'ਤੇ ਨਵੇਂ ਖੇਤੀ ਕਨੂੰਨਾਂ ਦੇ ਸੰਭਾਵਤ ਪ੍ਰਭਾਵ ਵੱਲ ਧਿਆਨ ਕੇਂਦਰਤ ਕੀਤਾ ਗਿਆ।











