ਸਭ ਤੋਂ ਪਹਿਲਾਂ ਸ਼ਾਨੂ ਨੂੰ ਉਸਦੇ ਚਚੇਰੇ ਭਰਾ, ਬਿਸਵਨਾਥ ਸੇਨ ਨੇ ਸੰਖ (ਘੋਗੇ ਦਾ ਖੋਲ) ਤੋਂ ਚੂੜੀਆਂ ਘੜ੍ਹਨੀਆਂ ਤੇ ਵੇਲ਼-ਬੂਟੇ ਉਕੇਰਨੇ ਸਿਖਾਏ।
“ਮੈਂ ਚੂੜੀਆਂ ’ਤੇ ਡਿਜ਼ਾਈਨ ਬਣਾਉਂਦਾ ਹਾਂ ਅਤੇ ਮਹਾਜਨਾਂ (ਠੇਕੇਦਾਰਾਂ) ਕੋਲ ਭੇਜ ਦਿੰਦਾ ਹਾਂ ਜੋ ਇਹਨਾਂ ਨੂੰ ਵੇਚਦੇ ਹਨ। ਮੈਂ ਸਿਰਫ਼ ਆਮ ਸਿੱਪ ਵਾਲੀਆਂ ਚੂੜੀਆਂ ਬਣਾਉਂਦਾ ਹਾਂ। ਦੂਜੇ ਕਾਰੀਗਰ ਡਿਜ਼ਾਈਨ ਉਕਰੀਆਂ ਚੂੜੀਆਂ ਤੇ ਸੰਖਾਂ ਨੂੰ ਸੋਨੇ ਦਾ ਪਾਣੀ ਚੜ੍ਹਾਉਣ ਲਈ ਭੇਜਦੇ ਹਨ,” 31 ਸਾਲਾ ਸ਼ਾਨੂ ਘੋਸ਼ ਨੇ ਦੱਸਿਆ ਜਿਹਦੇ ਮੁਤਾਬਕ ਉਹਦੀ ਅੱਧੀ ਉਮਰ ਇਸੇ ਕੰਮ ਨੂੰ ਕਰਦਿਆਂ ਨਿਕਲ਼ ਗਈ ਹੈ।
ਸੰਖ ਕਾਰੀਗਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪੈਂਦੇ ਬੈਰਕਪੁਰ ਦੀ ਸੰਖਬਾਣਿਕ ਕਲੋਨੀ ਦੀ ਵਰਕਸ਼ਾਪ ਵਿੱਚ ਬੈਠਾ ਹੈ। ਇਸ ਪੂਰੇ ਇਲਾਕੇ ਦੇ ਆਲ਼ੇ-ਦੁਆਲ਼ੇ ਸੰਖ ਦੇ ਕੰਮ ਵਾਲੀਆਂ ਛੋਟੀਆਂ-ਛੋਟੀਆਂ ਕਈ ਵਰਕਸ਼ਾਪਾਂ ਹਨ। ਉਸਨੇ ਦੱਸਿਆ, “ਲਾਲਕੂਠੀ ਤੋਂ ਲੈ ਕੇ ਘੋਸ਼ਪਾੜਾ ਤੱਕ ਬਹੁਤ ਸਾਰੇ ਸੰਖ ਕਾਰੀਗਰ ਚੂੜੀਆਂ ਬਣਾਉਣ ਦਾ ਕੰਮ ਕਰਦੇ ਹਨ।”
ਮਹਾਜਨ ਅੰਡੇਮਾਨ ਤੇ ਚੇਨੱਈ ਤੋਂ ਸੰਖ ਮੰਗਵਾਉਂਦੇ ਹਨ। ਸੰਖ ਸਮੁੰਦਰੀ ਘੋਗੇ ਦਾ ਖੋਲ ਹੁੰਦਾ ਹੈ। ਖੋਲ ਦੇ ਆਕਾਰ ਦੇ ਮੁਤਾਬਕ ਜਾਂ ਤਾਂ ਇਸ ਤੋਂ ਵਜਾਇਆ ਜਾਣ ਵਾਲਾ ਸੰਖ ਬਣ ਸਕਦਾ ਹੁੰਦਾ ਹੈ ਜਾਂ ਫਿਰ ਚੂੜੀਆਂ ਬਣਾਉਣ ਲਈ ਭੇਜ ਦਿੱਤਾ ਜਾਂਦਾ ਹੈ। ਮੋਟੀ ਪਰਤ ਵਾਲੇ ਤੇ ਭਾਰੇ ਖੋਲ ਤੋਂ ਚੂੜੀਆਂ ਬਣਾਉਣੀਆਂ ਸੌਖੀਆਂ ਹਨ ਕਿਉਂਕਿ ਪਤਲਾ ਤੇ ਹਲਕਾ ਖੋਲ ਡਰਿੱਲ ਮਾਰਿਆਂ ਸੌਖਿਆਂ ਹੀ ਟੁੱਟ ਜਾਵੇਗਾ। ਇਸ ਲਈ ਹਲਕੇ ਖੋਲ ਤੋਂ ਸੰਖ ਬਣਾਏ ਜਾਂਦੇ ਹਨ ਜਦ ਕਿ ਭਾਰੇ ਖੋਲ ਚੂੜੀਆਂ ਬਣਾਉਣ ਲਈ ਵਰਤੇ ਜਾਂਦੇ ਹਨ।










