ਰੇਖਾ ਨੂੰ 10 ਦਿਨ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਕੋਲ਼ ਵਿਆਹ ਤੋਂ ਬਚਣ ਦਾ ਕੋਈ ਵਿਕਲਪ ਨਹੀਂ ਹੈ। 15 ਸਾਲ ਦਾ ਕੋਈ ਬੱਚਾ ਆਪਣੇ ਹੱਕ ਲਈ ਜਿੰਨਾ ਕੁ ਲੜ ਸਕਦਾ ਹੁੰਦਾ ਹੈ ਓਨਾ ਵਿਰੋਧ ਉਨ੍ਹਾਂ ਨੇ ਆਪਣੇ ਮਾਂ-ਬਾਪ ਦੀ ਇੱਛਾ ਦਾ ਕੀਤਾ ਵੀ ਸੀ। ਪਰ ਉਨ੍ਹਾਂ ਦੇ ਮਾਪਿਆਂ ਨੇ ਇਸ ਵਿਰੋਧ ਨੂੰ ਕੋਈ ਤਵੱਜੋ ਨਹੀਂ ਦਿੱਤੀ। ਉਨ੍ਹਾਂ ਦੀ ਮਾਂ, ਭਾਗਿਆਸ਼੍ਰੀ ਕਹਿੰਦੀ ਹਨ,''ਉਹ ਹਾੜੇ ਕੱਢਦਿਆਂ ਕਹਿੰਦੀ ਰਹੀ ਕਿ ਉਹਨੇ ਹਾਲੇ ਹੋਰ ਪੜ੍ਹਨਾ ਹੈ।''
ਭਾਗਿਆਸ਼੍ਰੀ ਅਤੇ ਉਨ੍ਹਾਂ ਦੇ ਪਤੀ, ਅਮਰ, ਦੋਵੇਂ 40 ਸਾਲ ਦੇ ਹੋਣ ਵਾਲ਼ੇ ਹਨ। ਉਹ ਆਪਣੇ ਬੱਚਿਆਂ ਦੇ ਨਾਲ਼ ਮਹਾਂਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਇੱਕ ਬੇਹੱਦ ਪਿਛੜੇ ਅਤੇ ਕੰਗਾਲ਼ ਪਿੰਡ ਵਿੱਚ ਰਹਿੰਦੇ ਹਨ। ਹਰ ਸਾਲ ਨਵੰਬਰ ਦੇ ਨੇੜੇ ਤੇੜੇ ਉਹ ਪ੍ਰਵਾਸੀ ਮਜ਼ਦੂਰ ਦੇ ਤੌਰ 'ਤੇ ਗੰਨੇ ਦੀ ਵਾਢੀ ਦੇ ਕੰਮ ਲਈ ਪੱਛਮੀ ਮਹਾਰਾਸ਼ਟਰ ਜਾਂ ਕਰਨਾਟਕ ਜਾਂਦੇ ਹਨ। 6 ਮਹੀਨੇ ਤੱਕ ਹੱਢ-ਭੰਨਵੀਂ ਮੁਸ਼ੱਕਤ ਕਰਨ ਬਾਅਦ ਦੋਵੇਂ ਬਤੌਰ ਮਜ਼ਦੂਰ ਕੁੱਲ ਮਿਲ਼ਾ ਕੇ 80,000 ਰੁਪਏ ਤੱਕ ਕਮਾ ਲੈਂਦੇ ਹਨ। ਇੱਕ ਇੰਚ ਜ਼ਮੀਨ 'ਤੇ ਵੀ ਮਾਲਿਕਾਨਾ ਹੱਕ ਨਾ ਹੋਣ ਦੇ ਕਾਰਨ ਗੰਨੇ ਦੀ ਕਟਾਈ ਦਾ ਦਾ ਕੰਮ ਹੀ ਪਰਿਵਾਰ ਦੀ ਕਮਾਈ ਦਾ ਇਕਲੌਤਾ ਜ਼ਰੀਆ ਹੈ। ਪਰਿਵਾਰ ਦਾ ਸਬੰਧ ਮਤੰਗ ਜਾਤੀ ਨਾਲ਼ ਹੈ ਜੋ ਇੱਕ ਦਲਿਤ ਭਾਈਚਾਰਾ ਹੈ।
ਜਿੰਨੀ ਵਾਰ ਵੀ ਰੇਖਾ ਦੇ ਮਾਪੇ ਕੰਮ ਖਾਤਰ ਬਾਹਰ ਜਾਂਦੇ ਓਨੀ ਵਾਰ ਰੇਖਾ ਅਤੇ ਉਨ੍ਹਾਂ ਦੇ ਭਰਾ (ਉਮਰ 12 ਅਤੇ 8 ਸਾਲ) ਨੂੰ ਉਨ੍ਹਾਂ ਦੀ ਦਾਦੀ (ਜਿੰਨ੍ਹਾਂ ਦੀ ਪਿਛਲੇ ਸਾਲ ਮਈ ਵਿੱਚ ਮੌਤ ਹੋ ਗਈ) ਦੀ ਦੇਖਰੇਖ ਵਿੱਚ ਰਹਿਣਾ ਪਿਆ। ਉਨ੍ਹਾਂ ਦੀ ਪੜ੍ਹਾਈ ਪਿੰਡ ਦੀ ਫਿਰਨੀ 'ਤੇ ਸਥਿਤ ਸਰਕਾਰੀ ਸਕੂਲ ਵਿੱਚ ਹੋਈ। ਪਰ ਜਦੋਂ 2020 ਵਿੱਚ ਮਾਰਚ ਮਹੀਨੇ ਵਿੱਚ ਮਹਾਂਮਾਰੀ ਕਾਰਨ ਸਕੂਲਾਂ ਨੂੰ ਬੰਦ ਕਰਨਾ ਪਿਆ ਤਾਂ 9ਵੀਂ ਦੀ ਵਿਦਿਆਰਥਣ ਰੇਖਾ ਦਾ ਸਾਹਮਣੇ ਘਰੇ ਰਹਿਣ ਤੋਂ ਇਲਾਵਾ ਕੋਈ ਵਿਕਲਪ ਨਾ ਬਚਿਆ। ਬੀਡ ਜ਼ਿਲ੍ਹੇ ਵਿੱਚ ਸਕੂਲਾਂ ਦੇ ਬੰਦ ਹੋਇਆਂ 500 ਦਿਨ ਤੋਂ ਵੀ ਵੱਧ ਸਮਾਂ ਲੰਘ ਚੁੱਕਿਆ ਹੈ।
ਭਾਗਿਆਸ਼੍ਰੀ ਕਹਿੰਦੀ ਹਨ,''ਸਾਨੂੰ ਲੱਗਿਆ ਕਿ ਸਕੂਲ ਇੰਨੀ ਛੇਤੀ ਤਾਂ ਖੁੱਲ੍ਹਣ ਨਹੀਂ ਵਾਲ਼ੇ ਅਤੇ ਜਦੋਂ ਸਕੂਲ ਖੁੱਲ੍ਹਿਆ ਸੀ ਤਾਂ ਆਸ ਪਾਸ ਅਧਿਆਪਕ ਅਤੇ ਬੱਚੇ ਹੋਇਆ ਕਰਦੇ ਸਨ। ਪਿੰਡ ਵਿੱਚ ਥੋੜ੍ਹੀ ਚਹਿਲਕਦਮੀ ਹੋਇਆ ਕਰਦੀ ਸੀ। ਸਕੂਲ ਬੰਦ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਉਹਨੂੰ ਘਰੇ ਇਕੱਲੇ ਨਹੀਂ ਛੱਡ ਸਕਦੇ ਸਾਂ।''
ਇਸਲਈ ਭਾਗਿਆਸ਼੍ਰੀ ਅਤੇ ਅਮਰ ਨੇ ਪਿਛਲੇ ਸਾਲ ਜੂਨ ਵਿੱਚ 22 ਸਾਲਾ ਅਦਿਤਯ ਦੇ ਨਾਲ ਰੇਖਾ ਦਾ ਵਿਆਹ ਕਰਵਾ ਦਿੱਤਾ। ਉਨ੍ਹਾਂ ਦਾ ਪਰਿਵਾਰ ਰੇਖਾ ਦੇ ਪਿੰਡੋਂ 30 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਦਾ ਰਹਿਣ ਵਾਲ਼ਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਸੀਜ਼ਨਲ ਪ੍ਰਵਾਸੀ ਮਜ਼ਦੂਰ ਹਨ। 2020 ਵਿੱਚ ਨਵੰਬਰ ਦੇ ਮਹੀਨੇ ਵਿੱਚ ਜਦੋਂ ਕਮਾਦ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲ਼ਾ ਸੀ ਤਾਂ ਰੇਖਾ ਅਤੇ ਅਦਿਤਯ ਵੀ ਕੰਮ ਦੇ ਸਿਲਸਿਲੇ ਵਿੱਚ ਪੱਛਮੀ ਮਹਾਰਾਸ਼ਟਰ ਗਏ ਅਤੇ ਸਕੂਲ ਦੇ ਰਜਿਸਟਰ ਵਿੱਚ ਉਹਦਾ ਨਾਮ ਬੋਲਦਾ ਰਹਿ ਗਿਆ।
ਰੇਖਾ ਜਿਹੀਆਂ ਕੁੜੀਆਂ ਅਤੇ ਉਨ੍ਹਾਂ ਤੋਂ ਵੀ ਛੋਟੀਆਂ ਕੁੜੀਆਂ ਮਹਾਂਮਾਰੀ ਦੇ ਦਬਾਅ ਕਾਰਨ ਵਿਆਹ ਕਰਨ ਲਈ ਮਜ਼ਬੂਰ ਹਨ। ਮਾਰਚ 2021 ਵਿੱਚ ਯੂਨੀਸੈਫ ਦੁਆਰਾ COVID-19: A threat to progress against child marriage ਸਿਰਲੇਖ ਹੇਠ ਰਿਲੀਜ਼ ਕੀਤੀ ਗਈ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗੀ ਹੈ ਕਿ ਇਸ ਦਹਾਕੇ ਦੇ ਅੰਤ ਤੀਕਰ ਸੰਸਾਰ ਪੱਧਰ 'ਤੇ 10 ਮਿਲੀਅਨ ਤੋਂ ਵੱਧ ਗਿਣਤੀ ਵਿੱਚ ਕੁੜੀਆਂ 'ਤੇ ਘੱਟ ਉਮਰ ਵਿੱਚ ਵਿਆਹ ਯਾਨਿ ਬਾਲ-ਵਿਆਹ ਦਾ ਖਤਰਾ ਹੋਵੇਗਾ। ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸਕੂਲਾਂ ਦਾ ਬੰਦ ਹੋਣਾ, ਵੱਧਦੀ ਗ਼ਰੀਬੀ, ਮਾਂ-ਬਾਪ ਦੀ ਮੌਤ ਅਤੇ ਕੋਵਿਡ-19 ਮਹਾਂਮਾਰੀ ਦੇ ਫਲਸਰੂਪ ਪੈਦਾ ਕੁਝ ਹੋਰ ਕਾਰਨਾਂ ਕਰਕੇ ਲੱਖਾਂ ਕੁੜੀਆਂ ਜਿਲ੍ਹਣਨੁਮਾ ਜ਼ਿੰਦਗੀ ਹੋਰ ਨਰਕ ਵਿੱਚ ਲੱਥ ਗਈ।
ਪਿਛਲੇ 10 ਸਾਲਾਂ ਵਿੱਚ ਬੱਚੀਆਂ ਦੇ ਰੂਪ ਵਿੱਚ ਵਿਆਹੀਆਂ ਕੁੜੀਆਂ ਦੇ ਅਨੁਪਾਤ ਵਿੱਚ 15 ਫੀਸਦੀ ਦੀ ਕਮੀ ਆਈ ਹੈ ਅਤੇ ਰਿਪੋਰਟ ਮੁਤਾਬਕ ਹੀ ਦੁਨੀਆ ਭਰ ਵਿੱਚ ਕਰੀਬ 25 ਮਿਲੀਅਨ ਮਾਮਲਿਆਂ ਵਿੱਚ ਬਾਲ-ਵਿਆਹ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਹੋਈ ਸੀ। ਪਰ ਹਾਲੀਆ ਕੁਝ ਸਾਲਾਂ ਵਿੱਚ ਜੇ ਹਾਲਤ ਮਾਸਾ ਬੇਹਤਰ ਹੋਈ ਵੀ ਹੈ ਤਾਂ ਮਹਾਂਮਾਰੀ ਕਾਰਨ ਉਹਦੀ ਹਾਲਤ ਬਦ ਤੋਂ ਬਦਤਰ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ, ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਮਾਮਲੇ ਵਿੱਚ ਵੀ ਹਾਲਤ ਇਹੀ ਹੈ।








