ਚਿਤਰਗੁਪਤ ਸਾਰੇ ਪ੍ਰਾਇਮਰੀ ਅਤੇ ਉੱਚ-ਪ੍ਰਾਇਮਰੀ ਸਕੂਲਾਂ ਦੇ ਮਾਰੇ ਗਏ ਅਧਿਆਪਕਾਂ ਅਤੇ ਸਹਾਇਕ ਕਰਮਚਾਰੀਆਂ ਦੇ ਨਾਵਾਂ ਦੀ ਗਿਣਤੀ ਕਰ ਰਹੇ ਸਨ, ਬਿਲਕੁਲ ਉਵੇਂ ਹੀ ਜਿਵੇਂ ਕੁਝ ਹਫ਼ਤੇ ਪਹਿਲਾਂ ਚੋਣਾਂ ਦੀ ਗਿਣਤੀ ਸਮੇਂ ਕੀਤਾ ਗਿਆ ਸੀ। ਇਸ ਕੰਮ ਲਈ ਉਨ੍ਹਾਂ ਨੂੰ ਮਸ਼ੀਨਾਂ 'ਤੇ ਭਰੋਸਾ ਨਹੀਂ ਸੀ। ਮੁੱਖ ਸਕੱਤਰ ਤੇ ਮੰਤਰੀਆਂ ਨੂੰ ਭੇਜੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਹ ਯਕੀਨੀ ਬਣਾਉਣਾ ਸੀ ਕਿ ਰਿਕਾਰਡ ਸਹੀ ਹੋਵੇ ਅਤੇ ਕੋਈ ਚੂਕ ਨਾ ਹੋਈ ਹੋਵੇ।
ਮਾਰੇ ਗਏ ਲੋਕ ਆਪਣੇ ਫਲ ਦੀ ਉਡੀਕ ਕਰ ਰਹੇ ਸਨ, ਪਰ ਚਿਤਰਗੁਪਤ ਗਿਣਤੀ ਵਿੱਚ ਗ਼ਲਤੀ ਹੋਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ ਸਨ। ਉਨ੍ਹਾਂ ਨੂੰ ਨਵੀਂ ਸੀਟ ਦਿੱਤੇ ਜਾਣ ਤੋਂ ਪਹਿਲਾਂ, ਧਰਤੀ 'ਤੇ ਰਹਿੰਦਿਆਂ ਉਨ੍ਹਾਂ ਦੇ ਪਿਛਲੇ ਕੰਮਾਂ ਦਾ ਪੂਰਾ ਲੇਖਾ-ਜੋਖਾ ਜਾਂਚਣਾ ਜ਼ਰੂਰੀ ਸੀ। ਹਰ ਗ਼ਲਤੀ ਦੀ ਕੀਮਤ ਕਾਫ਼ੀ ਭਾਰੀ ਹੋਣ ਵਾਲ਼ੀ ਸੀ, ਇਸਲਈ ਉਹ ਬਾਰ-ਬਾਰ ਗਿਣੀ ਜਾ ਰਹੇ ਸਨ। ਹਰ ਵਾਰੀ ਜਦੋਂ ਉਹ ਗਿਣਤੀ ਦਹੁਰਾਉਂਦੇ ਤਾਂ ਇਨ੍ਹਾਂ ਗੁਆਚੀਆਂ ਰੂਹਾਂ ਦੀ ਸੂਚੀ ਵਿੱਚ ਨਵੇਂ ਤੋਂ ਨਵੇਂ ਨਾਮ ਜੁੜਦੇ ਜਾਂਦੇ। ਉਨ੍ਹਾਂ ਸੋਚਿਆ ਜੇਕਰ ਉਹ ਇਨ੍ਹਾਂ ਭਟਕਦੀਆਂ ਰੂਹਾਂ ਨੂੰ ਪਤਾਲ-ਲੋਕ ਵਿਖੇ ਆਪਣੇ ਦਫ਼ਤਰ ਦੇ ਬਾਹਰ ਲਾਈਨ ਬਣਾ ਕੇ ਖੜ੍ਹਾ ਕਰ ਦੇਵੇ ਤਾਂ ਇਹ ਲਾਈਨ ਸਿੱਧੀ ਪ੍ਰਯਾਗਰਾਜ ਤੱਕ ਪਹੁੰਚ ਹੀ ਜਾਣੀ ਹੈ।



