''ਕਈ ਵਾਰੀ ਕੰਡੋਮਾਂ ਦਾ ਪੈਕਟ ਲੈਣ ਵਾਸਤੇ ਕੋਈ ਔਰਤ ਰਾਤੀਂ ਮੈਨੂੰ ਫ਼ੋਨ ਕਰਦੀ ਹੈ ਜਾਂ ਆਪਣੇ ਕਿਸੇ ਪੁਰਸ਼ ਰਿਸ਼ਤੇਦਾਰ ਨੂੰ ਮੇਰੇ ਘਰ ਭੇਜ ਦਿੰਦੀ ਹੈ,'' ਕਲਾਵਤੀ ਸੋਨੀ ਕਹਿੰਦੀ ਹਨ। ਉਨ੍ਹਾਂ ਨੂੰ ਕਿਸੇ ਵੇਲ਼ੇ ਵੀ ਫ਼ੋਨ ਕਰੋ ਜਾਂ ਉਨ੍ਹਾਂ ਦੇ ਘਰ ਚਲੇ ਜਾਓ, ਉਹ ਗੁੱਸਾ ਨਹੀਂ ਕਰਦੀ, ਇਸ 54 ਸਾਲਾ ਔਰਤ ਨੂੰ ਟੀਕਰੀ ਪਿੰਡ ਦੀਆਂ ਔਰਤਾਂ 'ਡਿਪੂ ਦੀਦੀ' ਕਹਿੰਦੀਆਂ ਹਨ, ਜੋ ਉਨ੍ਹਾਂ ਨੂੰ ਲੋੜੀਂਦੀ ਸਮੱਗਰੀ ਸਪਲਾਈ ਕਰਦੀ ਹਨ। ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਪਿੰਡ ਵਿਖੇ ਆਪਣੇ ਛੋਟੇ ਜਿਹੇ ਘਰ ਦੇ ਬਾਹਰ ਬਰਾਂਡੇ ਵਿਚਾਲੇ ਡੱਠੇ ਮੰਜੇ 'ਤੇ ਬੈਠਿਆਂ ਮਜ਼ਾਕੀਆ ਲਹਿਜੇ ਵਿੱਚ ਹੱਸਦਿਆਂ ਉਹ ਕਹਿੰਦੀ ਹਨ,'' ਮੇਰਾ ਝੋਲ਼ਾ ਰਾਤੀਂ ਵੀ ਕੰਮ ਕਰਦਾ ਹੈ।'' ਬੇਮੌਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਲ਼ੀ ਕਲਾਵਤੀ ਕਹਿੰਦੀ ਹਨ, ''ਇਤਨੀ ਕੋਈ ਬੜੀ ਬਾਤ ਨਹੀਂ ਹੈ।''
ਪਿੰਡ ਵਿੱਚ ਕੰਮ ਕਰਦੀ ਇੱਕ ਗ਼ੈਰ-ਸਰਕਾਰੀ ਸੰਸਥਾ ਕੋਲ਼ੋਂ ਜਦੋਂ ਅਸੀਂ 'ਡਿਪੂ ਦੀਦੀ' ਬਾਰੇ ਸੁਣਿਆ ਤਾਂ ਅਸੀਂ ਉਤਸ਼ਾਹ ਨਾਲ਼ ਲਬਰੇਜ਼ ਹੋ ਉੱਠੇ ਅਤੇ ਉਨ੍ਹਾਂ ਨੂੰ ਮਿਲ਼ਣ ਉਨ੍ਹਾਂ ਦੇ ਘਰ ਗਏ। ''ਓਏ, ਲਿਆ ਮੇਰਾ ਝੋਲ਼ਾ ਤਾਂ ਫੜ੍ਹਾ,'' ਕਲਾਵਤੀ ਆਪਣੇ ਪੋਤੇ ਨੂੰ ਅਵਾਜ਼ ਮਾਰ ਕਹਿੰਦੀ ਹਨ। ਪਲਾਂ-ਛਿਣਾਂ ਵਿੱਚ ਉਨ੍ਹਾਂ ਦਾ ਛੋਟਾ ਜਿਹਾ ਸਾਥੀ ਦੋ ਮੰਜ਼ਲਾਂ ਪੱਕੇ ਘਰ ਅੰਦਰ ਗਿਆ ਅਤੇ ਪਲਾਸਿਟਕ ਦਾ ਝੋਲ਼ਾ ਚੁੱਕੀ ਛੂਟਾਂ ਵੱਟੀ ਵਾਪਸ ਮੁੜ ਆਇਆ। ਜਿਓਂ ਹੀ ਉਨ੍ਹਾਂ ਝੋਲ਼ੇ ਨੂੰ ਉਲਟਾਇਆ ਤਾਂ ਉਸ ਵਿੱਚੋਂ ਕੰਡੋਮ, ਸੈਨੇਟਰੀ ਨੈਪਕਿਨ, ਗਰਭ ਨਿਰੋਧਕ ਗੋਲ਼ੀਆਂ, ਓਰਲ ਰਿਹਾਈਡ੍ਰੇਸ਼ਨ ਪੈਕਟਾਂ ਦੀ ਢੇਰੀ ਲੱਗ ਜਾਂਦੀ ਹੈ। ਫਿਰ ਉਹ ਉਨ੍ਹਾਂ ਨੂੰ ਬੜੇ ਕਰੀਨੇ ਨਾਲ਼ ਮੰਜੇ 'ਤੇ ਟਿਕਾ ਦਿੰਦੀ ਹਨ।
''ਇਤਨੀ ਕੋਈ ਬੜੀ ਬਾਤ ਨਹੀਂ ਹੈ,'' ਆਪਣੀ ਗੱਲ ਨੂੰ ਦਹੁਰਾਉਂਦਿਆਂ ਕਹਿੰਦੀ ਹਨ। ''ਪਹਿਲਾਂ- ਪਹਿਲ ਮੈਂ ਐਵੇਂ ਹੀ ਪਰਿਵਾਰਾਂ ਦੇ ਛੋਟੇ-ਮੋਟੇ ਮਸਲਿਆਂ ਬਾਰੇ ਗੱਲ ਕਰਿਆ ਕਰਦੀ। ਅਸੀਂ ਉਨ੍ਹਾਂ ਦੇ ਘਰਾਂ ਦੇ ਹਾਲਾਤਾਂ ਬਾਬਤ ਗੱਲ ਕਰਦੇ, ਸੱਸ ਬਾਬਤ ਅਤੇ ਥੋੜ੍ਹੀ-ਬਹੁਤ ਨਿਆਣਿਆਂ ਪ੍ਰਤੀ ਸ਼ਿਕਵਿਆਂ ਰਾਹੀਂ ਦਿਲ ਹੌਲ਼ੇ ਕਰਨ ਦੀ ਕੋਸ਼ਿਸ਼ ਕਰਦੇ। ਮੈਂ ਬੜੇ ਠਰ੍ਹਮੇ ਨਾਲ਼ ਸਭ ਸੁਣਿਆ ਕਰਦੀ। ਤੁਸੀਂ ਦੇਖ ਹੀ ਲਿਆ ਮੈਂ ਕਿੰਨੀ ਗਾਲੜੀ ਹਾਂ, ਇੰਝ ਹੀ ਫਿਰ ਹੌਲ਼ੀ-ਹੌਲ਼ੀ ਇਨ੍ਹਾਂ ਚਰਚਾਵਾਂ ਜ਼ਰੀਏ ਮੈਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਸਾਰੀਆਂ ਹੀ ਔਰਤਾਂ ਇੱਕੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ। ਕਿਉਂ ਨਾ ਇਨ੍ਹਾਂ ਦੀ ਮਦਦ ਹੀ ਕੀਤੀ ਜਾਵੇ? ਬੱਸ ਇੰਝ ਹੀ ਸ਼ੁਰੂਆਤ ਹੋਣ ਲੱਗੀ,'' ਉਹ ਕਹਿੰਦੀ ਹਨ, ਗੱਲਬਾਤ ਰਾਹੀਂ ਉਨ੍ਹਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਟੀਕਰੀ ਵਿਖੇ ਉਨ੍ਹਾਂ ਨੂੰ 'ਡਿਪੂ ਦੀਦੀ' ਕਿਹਾ ਜਾਣ ਲੱਗਿਆ।
ਉਨ੍ਹਾਂ ਦਾ ਇਹ ਨਾਮ 'ਡਿਪੂ ਹੋਲਡਰ' ਸ਼ਬਦ ਤੋਂ ਹੀ ਨਿਕਲ਼ਦਾ ਹੈ, ਸਿਹਤ ਮਹਿਕਮੇ ਦਾ ਅਜਿਹਾ ਸ਼ਬਦ ਜੋ ਔਰਤਾਂ ਦੇ ਇੱਕ ਅਜਿਹੇ ਸਮੁਦਾਏ ਨੂੰ ਦਰਸਾਉਂਦਾ ਹੈ ਜੋ ਔਰਤਾਂ ਦੀ ਸਿਹਤ ਸਬੰਧੀ ਲੋੜੀਂਦੀ ਸਮੱਗਰੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਦਾ ਕੰਮ ਕਰਦਾ ਹੈ। ਪਰ ਕਲਾਵਤੀ ਨਾ ਹੀ ਆਂਗਨਵਾੜੀ ਵਰਕਰ ਹਨ ਅਤੇ ਨਾ ਹੀ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਕਾਰਕੁੰਨ) ਵਰਕਰ, ਜੋ ਰਸਮੀ ਤੌਰ 'ਤੇ ਪਿੰਡਾਂ ਵਿਖੇ ਡਿਪੂ ਹੋਲਡਰਾਂ ਵਾਂਗਰ ਕੰਮ ਕਰਦੀਆਂ ਹਨ। ਉਹ ਝੋਲ਼ਾ-ਛਾਪ ਡਾਕਟਰ ਵੀ ਨਹੀਂ ਹਨ। ਹਾਂ ਪਰ ਉਨ੍ਹਾਂ ਕੋਲ਼ ਉਹ ਹਰ ਚੀਜ਼ ਹੈ ਜੋ ਇੱਕ ਔਰਤ ਦੀ ਪ੍ਰਜਨਨ ਸਿਹਤ ਸਬੰਧੀ ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਦੀ ਹੈ। ਇੰਨਾ ਹੀ ਨਹੀਂ ਉਹ (ਕਲਾਵਤੀ) ਔਰਤਾਂ ਨਾਲ਼ ਜਿਸਮਾਨੀ ਸਬੰਧਾਂ (ਸੈਕਸ) ਅਤੇ ਪ੍ਰਜਣਨ ਸਬੰਧੀ ਗੱਲਬਾਤ ਵੀ ਕਰਦੀ ਹਨ।







