''ਮੇਰੇ ਪਿਤਾ ਨੇ ਮੇਰੀਆਂ ਉਂਗਲਾਂ ਵਿੱਚ ਧਾਗੇ ਬੰਨ੍ਹੇ ਅਤੇ ਕਠਪੁਤਲੀਆਂ ਨੂੰ ਨਚਾਉਣ ਦਾ ਹੁਨਰ ਸਿਖਾਇਆ ਸੀ,'' ਕਰੀਬ ਛੇ ਦਹਾਕੇ ਪਹਿਲਾਂ ਦਾ ਦੌਰ ਚੇਤੇ ਕਰਦਿਆਂ 74 ਸਾਲਾ ਪ੍ਰੇਮਰਾਮ ਭਾਟ ਕਹਿੰਦੇ ਹਨ।
ਉਹ ਕਹਿੰਦੇ ਹਨ, ''ਜਦੋਂ ਮੈਂ ਨੌਂ ਸਾਲ ਦਾ ਸਾਂ ਉਦੋਂ ਤੋਂ ਮੇਰੇ ਪਿਤਾ ਵੱਖੋ-ਵੱਖ ਪਿੰਡਾਂ ਵਿੱਚ ਕਠਪੁਤਲੀ ਸ਼ੋਅ ਵਿੱਚ ਮੈਨੂੰ ਆਪਣੇ ਨਾਲ਼ ਲਿਜਾਂਦੇ ਸਨ। ਮੈਂ ਢੋਲ਼ ਵਜਾਉਂਦਾ ਸਾਂ। ਹੌਲ਼ੀ-ਹੌਲ਼ੀ ਕਠਪੁਤਲੀ ਦੇ ਖੇਡ ਵਿੱਚ ਮੇਰੀ ਰੁਚੀ ਵਧਣ ਲੱਗੀ। ਮੇਰੇ ਪਿਤਾ ਲਾਲੂਰਾਮ ਭਾਟ ਨੇ ਮੈਨੂੰ ਕਠਪੁਤਲੀਆਂ ਨੂੰ ਹਿਲਾਉਣਾ-ਡੁਲਾਉਣਾ ਸਿਖਾਇਆ ਅਤੇ ਮੈਂ ਵੀ ਕਠਪੁਤਲੀਆਂ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ।''
ਪ੍ਰੇਮਰਾਮ ਪੱਛਮੀ ਜੋਧਪੁਰ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਫੁਟਪਾਥ 'ਤੇ ਬਣੀ ਝੁੱਗੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਜੁਗਨੀਬਾਈ (70), ਉਨ੍ਹਾਂ ਦੇ ਬੇਟੇ ਸੁਰੇਸ਼, ਨੂੰਹ ਸੁਨੀਤਾ ਅਤੇ ਉਨ੍ਹਾਂ ਦੇ ਚਾਰ ਬੱਚੇ, ਜਿਨ੍ਹਾਂ ਦੀ ਉਮਰ 3 ਤੋਂ 12 ਸਾਲ ਦੇ ਵਿਚਕਾਰ ਹੈ, ਸਾਰਿਆਂ ਦੇ ਨਾਲ਼ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਭਾਟ ਭਾਈਚਾਰੇ (ਰਾਜਸਥਾਨ ਵਿੱਚ ਓਬੀਸੀ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ। ਭਾਈਚਾਰੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਕਈ ਭਾਟ ਪਰਿਵਾਰ ਕਰੀਬ 100 ਸਾਲ ਪਹਿਲਾਂ, ਰਾਜ ਦੇ ਨਾਗੌਰ ਜ਼ਿਲ੍ਹੇ ਤੋਂ ਚਲੇ ਗਏ ਅਤੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ, ਜਿਵੇਂ ਜੋਧਪੁਰ, ਜੈਪੁਰ, ਜੈਸਲਮੇਰ ਅਤੇ ਬੀਕਾਨੇਰ ਵਿੱਚ ਜਾ ਵੱਸੇ।
39 ਸਾਲਾ ਸੁਰੇਸ਼ ਕਹਿੰਦੇ ਹਨ,''ਮੈਂ ਕਠਪੁਤਲੀ ਬਣਾਉਣ ਜਾਂ ਕਠਪੁਤਲੀ ਦੇ ਖੇਡ ਦੀ ਕੋਈ ਸਿਖਲਾਈ ਨਹੀਂ ਲਈ। ਮੈਂ ਉਹ ਕਲਾ ਆਪਣੇ ਪਿਤਾ ਦੀ ਪੇਸ਼ਕਾਰੀ ਨੂੰ ਦੇਖ ਦੇਖ ਕੇ ਸਿੱਖੀ ਹੈ।'' ਉਹ ਵੀ ਪ੍ਰੇਮਰਾਮ ਦੇ ਨਾਲ਼ ਪਿੰਡਾਂ ਵਿੱਚ ਜਾਂਦੇ ਸਨ ਅਤੇ ਤਕਰੀਬਨ 10 ਸਾਲ ਦੀ ਉਮਰ ਤੋਂ ਸ਼ੋਅ ਵਿੱਚ ਸ਼ਾਮਲ ਹੋਣ ਲੱਗੇ। ਘਰੇ ਉਹ ਕਠਪੁਤਲੀ ਬਣਾਉਣ ਵਿੱਚ ਮਦਦ ਕਰਦੇ ਸਨ। ਉਹ ਅੱਗੇ ਕਹਿੰਦੇ ਹਨ,''ਅਤੇ ਜਦੋਂ ਤੱਕ ਮੈਂ 15 ਸਾਲ ਦਾ ਹੋਇਆ, ਉਦੋਂ ਤੱਕ ਮੈਂ ਕਠਪੁਤਲੀ ਨੂੰ ਚੰਗੀ ਤਰ੍ਹਾਂ ਨਾਲ਼ ਨਚਾਉਣਾ ਸਿੱਖ ਲਿਆ ਸੀ। ਮੈਂ ਖੁਦ ਪਿੰਡਾਂ ਵਿੱਚ ਜਾਂਦਾ ਸਾਂ ਅਤੇ ਸ਼ੋਅ ਕਰਦਾ ਸਾਂ।''




