"ਜਬ ਪਿਆਰ ਕਿਆ ਤੋ ਡਰਨਾ ਕਯਾ... ਪਿਆਰ ਕਿਆ ਕੋਈ ਚੋਰੀ ਨਹੀਂ ਕੀ... ਘੁਟ-ਘੁਟ ਕੇ ਯੂੰ ਮਰਨਾ ਕਯਾ..."
ਜੋ ਕੋਈ ਵੀ ਪਿਆਰ ਕਰਦਾ ਹੈ ਉਹਨੂੰ ਡਰਨ ਦੀ ਲੋੜ ਨਹੀਂ... ਪਿਆਰ ਕੋਈ ਅਪਰਾਧ ਨਹੀਂ... ਇੰਝ ਘੁਟ-ਘੁਟ ਕੇ ਕਿਉਂ ਮਰਨਾ..."
ਵਿਧੀ ਕਾਫ਼ੀ ਦੇਰ ਤੋਂ 60ਵਿਆਂ ਦੀ ਕਲਾਸਿਕ ਫ਼ਿਲਮ ਮੁਗ਼ਲ-ਏ-ਆਜ਼ਮ ਦਾ ਇਹ ਗੀਤ ਗੁਣਗੁਣਾ ਰਹੀ ਹੈ। ਉਹ ਸੈਂਟਰਲ ਮੁੰਬਈ ਵਿਖੇ ਸਥਿਤ ਕਿਰਾਏ ਦੇ ਆਪਣੇ ਨਵੇਂ ਕਮਰੇ ਵਿੱਚ ਮੌਜੂਦ ਹੈ। ਉਹ ਗੀਤ ਗਾਉਂਦਿਆਂ ਯਕਦਮ ਰੁਕਦੀ ਹੈ ਤੇ ਪੁੱਛਦੀ ਹੈ,"ਅਸੀਂ ਦੋਵਾਂ ਨੇ ਵੀ ਕੋਈ ਗੁਨਾਹ ਨਹੀਂ ਕੀਤਾ। ਅਸੀਂ ਡਰ ਕੇ ਕਿਉਂ ਰਹੀਏ?"
ਉਹਦਾ ਸਵਾਲ ਕੋਈ ਅਲੋਕਾਰੀ ਤਾਂ ਨਹੀਂ ਹਾਂ ਪਰ ਪਰੇਸ਼ਾਨ ਕਰਨ ਵਾਲ਼ਾ ਜ਼ਰੂਰ ਹੈ। ਉਹਦੇ ਲਈ ਮਾਰੇ ਜਾਣ ਦਾ ਡਰ ਹਕੀਕਤ ਹੈ। ਉਹ ਇਸ ਸਹਿਮ ਨਾਲ਼ ਉਦੋਂ ਤੋਂ ਜੀ ਰਹੀ ਹੈ ਜਦੋਂ ਉਹਨੇ ਆਪਣੇ ਪਰਿਵਾਰ ਦਾ ਵਿਰੋਧ ਕੀਤਾ ਤੇ ਆਪਣੇ ਪ੍ਰੇਮੀ ਨਾਲ਼ ਘਰੋਂ ਚਲੀ ਗਈ। ਉਹਦੇ ਪ੍ਰੇਮੀ ਦਾ ਨਾਮ ਅਰੂਸ਼ੀ ਹੈ ਜੋ ਉਨ੍ਹਾਂ ਦੀ ਸਹਿਪਾਠਣ ਰਹੀ ਹੈ। ਦੋਵਾਂ ਨੂੰ ਆਪਸ ਵਿੱਚ ਪਿਆਰ ਹੈ ਤੇ ਦੋਵੇਂ ਵਿਆਹ ਕਰਨਾ ਚਾਹੁੰਦੀਆਂ ਹਨ। ਪਰ ਉਨ੍ਹਾਂ ਦੇ ਇਸ ਰਿਸ਼ਤੇ ਨੂੰ ਕਨੂੰਨੀ ਮਾਨਤਾ ਮਿਲ਼ਣ ਦਾ ਰਾਹ ਬਹੁਤ ਲੰਬੇਰਾ, ਅਕਾਊ ਤੇ ਸਖ਼ਤ ਚੁਣੌਤੀਆਂ ਨਾਲ਼ ਭਰਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਨੂੰ ਕਬੂਲ ਨਹੀਂ ਕਰਨਗੇ ਅਤੇ ਨਾ ਹੀ ਉਹਦੀ ਪ੍ਰੇਮੀ ਅਰੂਸ਼ੀ ਦੇ ਜੀਵਨ ਸੰਘਰਸ਼ ਨੂੰ ਹੀ ਸਮਝਣਗੇ। ਅਰੂਸ਼ੀ ਇੱਕ ਟ੍ਰਾਂਸਮੈਨ ਵਜੋਂ ਜਾਣੀ ਜਾਂਦੀ ਹੈ ਤੇ ਹੁਣ ਆਪਣਾ ਨਾਮ ਆਰੂਸ਼ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਨੂੰ ਜਾਪਿਆ ਜਿਵੇਂ ਘਰ ਛੱਡ ਕੇ ਮਹਾਨਗਰ ਵੱਸਣ ਨਾਲ਼ ਉਹ ਆਪੋ-ਆਪਣੇ ਪਰਿਵਾਰਾਂ ਤੋਂ ਅਜ਼ਾਦ ਹੋ ਗਏ ਹਨ। ਵਿਧੀ ਦਾ ਪਰਿਵਾਰ ਠਾਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਆਰੂਸ਼ ਦਾ ਪਰਿਵਾਰ ਪਾਲਘਰ ਜ਼ਿਲ੍ਹੇ ਦੇ ਗੁਆਂਢ ਵਿੱਚ ਪੈਂਦੇ ਪਿੰਡ ਵਿੱਚ, ਦੋਵਾਂ ਪਿੰਡਾਂ ਵਿੱਚ ਮਹਿਜ 20 ਕਿਲੋਮੀਟਰ ਦੀ ਦੂਰੀ ਹੈ। 22 ਸਾਲਾ ਵਿਧੀ ਅਗਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ ਜੋ ਮਹਾਰਾਸ਼ਟਰ ਅੰਦਰ ਹੋਰ ਪਿਛੜੇ ਵਰਗ (ਓਬੀਸੀ) ਵਜੋਂ ਸੂਚੀਬੱਧ ਹੈ। 23 ਸਾਲਾ ਆਰੂਸ਼ ਕੁਨਬੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਭਾਈਚਾਰਾ ਵੀ ਵੀ ਓਬੀਸੀ ਸ਼੍ਰੇਣੀ ਹੇਠ ਆਉਂਦਾ ਹੈ ਪਰ ਉਨ੍ਹਾਂ ਦੇ ਪਿੰਡ ਅੰਦਰ ਮੌਜੂਦ ਕੱਟੜ ਜਾਤੀ ਦਰਜੇਬੰਦੀ ਤਹਿਤ ਇਸ ਭਾਈਚਾਰੇ ਨੂੰ ਅਗਰੀ ਭਾਈਚਾਰੇ ਨਾਲ਼ੋਂ 'ਨਿਮਨ' ਗਰਦਾਨਿਆ ਗਿਆ ਹੈ।
ਮੁੰਬਈ ਆਉਣ ਲਈ ਦੋਵਾਂ ਨੂੰ ਆਪੋ-ਆਪਣੇ ਘਰ ਛੱਡਿਆਂ ਇੱਕ ਸਾਲ ਬੀਤ ਚੁੱਕਿਆ ਹੈ; ਵਾਪਸ ਮੁੜਨ ਦਾ ਉਨ੍ਹਾਂ ਦਾ ਕੋਈ ਵਿਚਾਰ ਵੀ ਨਹੀਂ ਹੈ। ਪਿੰਡ ਰਹਿੰਦੇ ਆਪਣੇ ਪਰਿਵਾਰ ਬਾਰੇ ਆਰੂਸ਼ ਮਸਾਂ ਹੀ ਕੁਝ ਬੋਲਦਾ ਹੈ, ਪਰ ਇੰਨਾ ਜ਼ਰੂਰ ਕਹਿੰਦਾ ਹੈ,"ਮੈਂ ਕੱਚੇ ਘਰ ਵਿੱਚ ਰਹਿੰਦਾ ਤੇ ਇਸ ਗੱਲ ਦਾ ਮੈਨੂੰ ਸਦਾ ਮਲਾਲ ਹੀ ਰਿਹਾ। ਮੈਂ ਇਸ ਸਭ ਕਾਸੇ ਕਾਰਨ ਆਪਣੀ ਆਈ (ਮਾਂ) ਨਾਲ਼ ਲੜਦਾ ਰਹਿੰਦਾ," ਉਹ ਕਹਿੰਦਾ ਹੈ।












