"ਕਿਸੇ ਵੀ ਮਾਂ-ਬਾਪ ਨੂੰ ਆਪਣੇ ਬੱਚੇ ਨੂੰ ਗੁਆਉਣ ਦਾ ਦੁੱਖ ਨਾ ਝੱਲਣਾ ਪਵੇ," ਸਰਵਿਕਰਮਜੀਤ ਸਿੰਗ ਹੁੰਦਲ ਕਹਿੰਦੇ ਹਨ, ਜਿਨ੍ਹਾਂ ਦੇ ਪੁੱਤਰ ਨਵਰੀਤ ਸਿੰਘ ਦੀ ਮੌਤ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋ ਗਈ ਸੀ।
ਉੱਤਰ ਪ੍ਰਦੇਸ਼ ਦੇ ਡਿਬਡਿਬਾ ਪਿੰਡ ਵਿੱਚ ਉਨ੍ਹਾਂ ਦੇ ਘਰੇ, ਨਵਰੀਤ ਦੀ ਤਸਵੀਰ ਕਮਰੇ ਦੀ ਇੱਕ ਕੰਧ 'ਤੇ ਟੰਗੀ ਹੋਈ ਹੈ, ਜਿੱਥੇ 45 ਸਾਲਾ ਸਰਵਿਕਰਮਜੀਤ ਅਤੇ ਉਨ੍ਹਾਂ ਦੀ ਪਤਨੀ, 42 ਸਾਲਾ ਪਰਮਜੀਤ ਕੌਰ ਸੰਵੇਦਨ ਪ੍ਰਗਟ ਕਰਨ ਲਈ ਆਉਣ ਵਾਲ਼ਿਆਂ ਨੂੰ ਬੈਠਾਉਂਦੇ ਹਨ। ਉਨ੍ਹਾਂ ਦੇ ਬੇਟੇ ਦੀ ਮੌਤ ਤੋਂ ਮਾਤਾ-ਪਿਤਾ ਦੇ ਜੀਵਨ ਵਿੱਚ ਇੱਕ ਕਦੇ ਨਾ ਭਰਿਆ ਜਾਣ ਵਾਲ਼ਾ ਖਲਾਅ ਪੈਦਾ ਹੋ ਗਿਆ ਹੈ। "ਉਹ ਖੇਤੀ ਵਿੱਚ ਮੇਰੀ ਮਦਦ ਕਰਦਾ ਸੀ। ਉਹ ਸਾਡੀ ਦੇਖਭਾਲ਼ ਕਰਦਾ ਸੀ। ਉਹ ਇੱਕ ਜ਼ਿੰਮੇਦਾਰ ਬੱਚਾ ਸੀ," ਸਰਵਿਕਰਮਜੀਤ ਕਹਿੰਦੇ ਹਨ।
25 ਸਾਲਾ ਨਵਰੀਤ, ਦਿੱਲੀ ਵਿੱਚ ਗਣਤੰਤਰ ਦਿਵਸ ਦੀ ਰੈਲੀ ਵਿੱਚ ਹਿੱਸਾ ਲੈਣ ਦਿੱਲੀ-ਯੂਪੀ ਸਰਹੱਦ 'ਤੇ ਸਥਿਤ ਗਾਜ਼ੀਪੁਰ ਗਏ ਸਨ। ਉਨ੍ਹਾਂ ਦੇ ਦਾਦਾ, 65 ਸਾਲਾ ਹਰਦੀਪ ਸਿੰਘ ਡਿਬਡਿਬਾ, 26 ਨਵੰਬਰ 2020 ਨੂੰ ਦਿੱਲੀ ਦੀਆਂ ਸੀਮਾਵਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਉੱਥੇ ਹੀ ਡੇਰਾ ਜਮਾਈ ਬੈਠੇ ਸਨ। ਨਵਰੀਤ ਟਰੈਕਟਰ ਚਲਾ ਰਹੇ ਸਨ, ਜੋ ਦੀਨ ਦਿੱਲ ਉਪਾਧਾਏ ਮਾਰਗ 'ਤੇ ਪੁਲਿਸ ਦੁਆਰਾ ਲਗਾਏ ਗਏ ਸੁਰੱਖਿਆ ਬੈਰੀਕੇਡ ਦੇ ਕੋਲ਼ ਪਲਟ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਨਵਰੀਤ ਦੀ ਮੌਤ ਟਰੈਕਟਰ ਪਲਟਣ ਦੌਰਾਨ ਉਨ੍ਹਾਂ ਨੂੰ ਲੱਗੀ ਸੱਟ ਕਾਰਨ ਹੋਈ ਸੀ, ਪਰ ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਦੁਰਘਟਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਗੋਲ਼ੀ ਮਾਰੀ ਗਈ ਸੀ। "ਅਸੀਂ ਇਹਨੂੰ ਅਦਾਲਤ ਵਿੱਚ ਸਾਬਤ ਕਰਾਂਗੇ," ਸਰਵਿਕਰਮਜੀਤ ਦਿੱਲੀ ਹਾਈਕੋਰਟ ਵਿੱਚ ਹਰਦੀਪ ਸਿੰਘ ਦੁਆਰਾ ਦਾਇਰ ਅਪੀਲ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ, ਜਿਸ ਵਿੱਚ ਉਨ੍ਹਾਂ ਨੇ ਨਵਰੀਤ ਦੀ ਮੌਤ ਦੀ ਅਧਿਕਾਰਕ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਇਸ ਦੁਖਦ ਘਟਨਾ ਤੋਂ ਬਾਅਦ, ਉੱਤਰ ਪੱਛਮੀ ਯੂਪੀ ਦੀਆਂ ਸਰਹੱਦੀ ਜਿਲ੍ਹੇ ਰਾਮਪੁਰ-ਜਿੱਥੇ ਡਿਬਡਿਬਾ ਸਥਿਤ ਹੈ- ਦੇ ਕਿਸਾਨ ਸਤੰਬਰ 2020 ਵਿੱਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਹੋਰ ਵੀ ਦ੍ਰਿੜਤਾ ਕਰਾਉਣ ਲੱਗੇ ਹਨ। ਰਾਮਪੁਰ ਦੀ ਸੀਮਾ ਦੇ ਉਸ ਪਾਰ, ਉੱਤਰਾਖੰਡ ਦੇ ਊਧਮ ਸਿੰਘ ਨਗਰ ਅਤੇ ਕਾਸ਼ੀਪੁਰ ਜਿਲ੍ਹਿਆਂ ਵਿੱਚ, ਕੁਮਾਊ ਖੇਤਰ ਵਿੱਚ, ਕਿਸਾਨਾਂ ਦਾ ਸੰਕਲਪ ਓਨਾ ਹੀ ਮਜ਼ਬੂਤ ਹੈ।







