ਜਦੋਂ ਉਹ ਗੱਲ ਕਰਦੀ ਹਨ ਤਾਂ ਉਨ੍ਹਾਂ ਦੇ ਮੱਥੇ ਦੇ ਵੱਟ ਹੋਰ ਡੂੰਘੇ ਦਿੱਸਣ ਲੱਗਦੇ ਹਨ, ਇਹ ਲੀਕਾਂ ਬੀਮਾਰੀ ਕਾਰਨ ਪੀਲ਼ੇ-ਭੂਕ ਹੋਏ ਚਿਹਰੇ ਨੂੰ ਹੋਰ ਵੱਧ ਉਭਾਰਦੇ ਹਨ। ਉਹ ਝੁਕ ਕੇ ਅਤੇ ਲੜਖੜਾ ਕੇ ਤੁਰਦੀ ਹਨ ਅਤੇ ਕੁਝ ਸੌ ਕਦਮ ਤੁਰਨ ਤੋਂ ਬਾਅਹ ਦੀ ਰੁੱਕ ਕੇ ਹੰਭਣ ਲੱਗਦੀ ਹਨ। ਫਿਰ ਜਿਵੇਂ ਕਿਵੇਂ ਸਾਹ ਲੈ ਕੇ ਖ਼ੁਦ ਨੂੰ ਸੰਭਾਲ਼ਣ ਦੀ ਕੋਸ਼ਿਸ਼ ਕਰਦੀ ਹਨ। ਉਨ੍ਹਾਂ ਦੇ ਚਿਹਰੇ 'ਤੇ ਆਣ ਡਿੱਗੇ ਚਿੱਟੇ ਵਾਲ਼ ਹਵਾ ਦੇ ਬੁੱਲ੍ਹੇ ਨਾਲ਼ ਉੱਡ ਰਹੇ ਹਨ।
ਇਹ ਗੱਲ ਯਕੀਨੋ ਬਾਹਰੀ ਲੱਗਦੀ ਹੈ ਕਿ ਇੰਦਰਾਵਤੀ ਜਾਧਵ ਅਜੇ ਮਹਿਜ਼ 31 ਸਾਲਾਂ ਦੀ ਹਨ।
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵੱਸੀ ਇੱਕ ਝੁੱਗੀ ਬਸਤੀ ਵਿੱਚ ਰਹਿਣ ਵਾਲ਼ੀ ਜਾਧਵ ਕ੍ਰੋਨਿਕ ਆਬਸਟ੍ਰਿਕਟਵ ਪਲਮੋਨਰੀ ਡਿਜ਼ੀਜ਼ (ਸੀਓਪੀਡੀ) ਦੇ ਰੋਗੀ ਹਨ ਤੇ ਆਪਣੇ ਇਸ ਰੋਗ ਦੀ ਮਾਰੂ ਅਵਸਥਾ ਵਿੱਚ ਜਾ ਪੁੱਜੀ ਹਨ। ਇਸ ਬੀਮਾਰੀ ਵਿੱਚ ਫੇਫੜਿਆਂ ਵਿੱਚ ਹਵਾ ਦਾ ਵਹਾਓ ਘੱਟ ਜਾਂਦਾ ਹੈ, ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਤੇ ਰੋਗੀ ਨੂੰ ਨਿਰੰਤਰ ਖੰਘ ਦੇ ਦੌਰੇ ਜਿਹੇ ਪੈਂਦੇ ਹਨ। ਛਾਤੀ ਵਿੱਚ ਪੁਰਾਣਾ ਬਲਗ਼ਮ ਇਕੱਠਾ ਹੋ ਹੋ ਕੇ ਅਖ਼ੀਰ ਫੇਫੜਿਆਂ ਨੂੰ ਤਬਾਹ ਕਰ ਸੁੱਟਦਾ ਹੈ। ਇਹਨੂੰ ਸਧਾਰਣ ਤੌਰ 'ਤੇ 'ਸਿਗਰੇਟ ਪੀਣ ਵਾਲ਼ਿਆਂ' ਦਾ ਰੋਗ ਵੀ ਮੰਨਿਆ ਜਾਂਦਾ ਹੈ ਕਿਉਂਕਿ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ ਨਿਮਨ ਤੇ ਦਰਮਿਆਨੀ ਆਮਦਨੀ ਵਾਲ਼ੇ ਦੇਸ਼ਾਂ ਵਿੱਚ ਸੀਓਪੀਡੀ ਦੇ 30 ਤੋਂ 40 ਫ਼ੀਸਦ ਮਾਮਲੇ ਤੰਬਾਕੂਨੋਸ਼ੀ ਨਾਲ਼ ਸਬੰਧਤ ਹੁੰਦੇ ਹਨ।
ਜਾਧਵ ਨੇ ਅੱਜ ਤੱਕ ਕਦੇ ਸਿਗਰੇਟ ਜਾਂ ਬੀੜੀ ਨੂੰ ਹੱਥ ਤੱਕ ਨਹੀਂ ਲਾਇਆ ਹੋਣਾ, ਪਰ ਉਨ੍ਹਾਂ ਦਾ ਖੱਬਾ ਫੇਫੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਡਬਲਿਊਐੱਚਓ ਦਾ ਕਹਿਣਾ ਹੈ ਕਿ ਘਰੇਲੂ ਵਾਯੂ ਪ੍ਰਦੂਸ਼ਣ ਦਾ ਸਿੱਧਾ ਕਾਰਨ ਲੱਕੜੀ ਜਾਂ ਕੋਲ਼ੇ ਨਾਲ਼ ਬਲ਼ਣ ਵਾਲ਼ੇ ਚੁੱਲ੍ਹਿਆਂ 'ਤੇ ਭੋਜਨ ਰਿੰਨ੍ਹਣਾ ਹੁੰਦਾ ਹੈ।
ਜਾਧਵ ਕੋਲ਼ ਖਾਣਾ ਪਕਾਉਣ ਲਈ ਸਾਫ਼ ਸੁੱਧਰਾ ਬਾਲ਼ਣ ਕਦੇ ਨਸੀਬ ਨਹੀਂ ਹੋਇਆ। ਉਹ ਕਹਿੰਦੀ ਹਨ,''ਖਾਣਾ ਪਕਾਉਣਾ ਹੋਵੇ ਜਾਂ ਪਾਣੀ ਗਰਮ ਕਰਨਾ ਹੋਵੇ, ਅਸੀਂ ਹਮੇਸ਼ਾ ਚੁੱਲ੍ਹੇ ਦਾ ਹੀ ਇਸਤੇਮਾਲ ਕਰਦੇ ਹਾਂ।'' ਚੁਲੀਵਰ ਜੇਵਣ ਬਨਵੁਨ ਮਾਝੀ ਫੁੱਪਸਾ ਨੀਕਾਮੀ ਝਾਲੀ ਆਹੇਤ (ਖੁੱਲ੍ਹੇ ਚੁੱਲ੍ਹੇ 'ਤੇ ਖਾਣਾ ਪਕਾਉਣ ਨਾਲ਼ ਮੇਰੇ ਫੇਫੜੇ ਖ਼ਰਾਬ ਹੋ ਚੁੱਕੇ ਹਨ),'' ਡਾਕਟਰ ਦੇ ਕਹੇ ਅਲਫ਼ਾਜ਼ ਦਹੁਰਾਉਂਦਿਆਂ ਉਹ ਕਹਿੰਦੀ ਹਨ। ਬਾਇਓਮਾਸ (ਜੈਵ ਬਾਲ਼ਣ) ਨਾਲ਼ ਬਲ਼ਣ ਵਾਲ਼ੇ ਚੁੱਲ੍ਹੇ 'ਚੋਂ ਨਿਕਲ਼ਣ ਵਾਲ਼ੇ ਧੂੰਏਂ ਨੇ ਉਨ੍ਹਾਂ ਦੇ ਫੇਫੜਿਆਂ ਨੂੰ ਖ਼ਰਾਬ ਕਰ ਸੁੱਟਿਆ ਹੈ।
ਸਾਲ 2019 ਵਿੱਚ ਲੈਂਸੇਟ ਦੇ ਇੱਕ ਅਧਿਐਨ ਦੇ ਅਨੁਮਾਨ ਮੁਤਾਬਕ, ਹਰ ਸਾਲ ਤਕਰੀਬਨ ਛੇ ਲੱਖ ਭਾਰਤੀ ਵਾਯੂ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ ਅਤੇ ਘਰੇਲੂ ਵਾਯੂ ਪ੍ਰਦੂਸ਼ਣ ਪੂਰੇ ਚੁਗਿਰਦੇ ਦੀ ਹਵਾ ਨੂੰ ਵੀ ਪ੍ਰਦੂਸ਼ਿਤ ਕਰਨ ਦਾ ਸਭ ਤੋਂ ਮੁੱਖ ਕਾਰਕ ਬਣਦਾ ਹੈ।










